ਭਾਰਤ ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਡਿਫੈਂਡ ਕਰਨ ਲਈ ਕਿੰਨਾ ਤਿਆਰ? ਅਰਸ਼ ਤੇ ਅਭਿਸ਼ੇਕ ਆਪਣੇ ਦਮ 'ਤੇ ਕਿਵੇਂ ਟੂਰਨਾਮੈਂਟ ਬਦਲ ਸਕਦੇ

ਅਭਿਸ਼ੇਕ ਸ਼ਰਮਾ ਅਤੇ ਅਰਸ਼ਦੀਪ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਨਦੀਪ ਸਿੰਘ ਦਾ ਕਹਿਣਾ ਹੈ ਕਿ ਅਭਿਸ਼ੇਕ ਸ਼ਰਮਾ ਅਤੇ ਅਰਸ਼ਦੀਪ ਸਿੰਘ ਟੂਰਨਾਮੈਂਟ ਵਿੱਚ ਰੀੜ੍ਹ ਦੀ ਹੱਡੀ ਹਨ
    • ਲੇਖਕ, ਹਰਪਿੰਦਰ ਸਿੰਘ ਟੌਹੜਾ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 8 ਮਿੰਟ

"ਦੋ ਪੰਜਾਬੀ ਅਭਿਸ਼ੇਕ ਸ਼ਰਮਾ ਤੇ ਅਰਸ਼ਦੀਪ ਸਿੰਘ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਲਈ ਰੀੜ੍ਹ ਦੀ ਹੱਡੀ ਹਨ", ਇਹ ਕਹਿਣਾ ਹੈ ਸਾਬਕਾ ਭਾਰਤੀ ਕ੍ਰਿਕਟਰ ਸਰਨਦੀਪ ਸਿੰਘ ਦਾ।

10ਵੇਂ ਟੀ-20 ਵਿਸ਼ਵ ਕੱਪ ਦਾ ਆਗਾਜ਼ ਹੋ ਰਿਹਾ। ਇਸ ਵਾਰ ਭਾਰਤ ਦੇ ਨਾਲ ਨਾਲ ਸ਼੍ਰੀਲੰਕਾ ਵੀ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ।

7 ਫਰਵਰੀ ਤੋਂ ਸ਼ੁਰੂ ਹੋ ਕੇ ਟੂਰਨਾਮੈਂਟ ਦਾ ਫਾਈਨਲ 8 ਮਾਰਚ ਨੂੰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਭਾਰਤੀ ਟੀਮ ਡਿਫੈਂਡਿੰਗ ਚੈਂਪੀਅਨ ਹੈ।

2024 ਦਾ ਵਿਸ਼ਵ ਕੱਪ ਭਾਰਤ ਨੇ ਜਿੱਤਿਆ ਸੀ। ਉਸ ਮਗਰੋਂ ਭਾਰਤ ਨੂੰ ਇਸ ਸਾਲ ਵੀ ਟੂਰਨਾਮੈਂਟ ਜਿੱਤਣ ਦੀਆਂ ਦਾਅਵੇਦਾਰ ਟੀਮਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ।

ਹਾਲਾਂਕਿ ਇਸ ਟੀਮ ਵਿੱਚ ਉਹ ਤਿੰਨ ਮੁੱਖ ਖਿਡਾਰੀ ਰੋਹਿਤ ਸ਼ਰਮਾ,ਵਿਰਾਟ ਕੋਹਲੀ ਤੇ ਰਵਿੰਦਰ ਜਡੇਜਾ ਨਹੀਂ ਖੇਡ ਰਹੇ,ਜੋ 2024 ਦੀ ਵਿਸ਼ਵ ਕੱਪ ਟੀਮ ਦਾ ਹਿੱਸਾ ਸਨ।

ਇਸ ਰਿਪੋਰਟ ਵਿੱਚ ਗੱਲ ਕਰਾਂਗੇ ਭਾਰਤ ਨੂੰ ਕਿਉਂ ਸਭ ਤੋਂ ਫੇਵਰੇਟ ਮੰਨਿਆ ਜਾ ਰਿਹਾ, ਟੀਮ ਅੱਗੇ ਕੀ ਕੀ ਚੁਣੌਤੀਆਂ ਰਹਿਣ ਵਾਲੀਆਂ ਹਨ ਅਤੇ ਟੀਮ ਵਿੱਚ ਖੇਡ ਰਹੇ ਦੋ ਪੰਜਾਬੀ ਖਿਡਾਰੀ ਕਿਵੇਂ ਭਾਰਤ ਨੂੰ ਖਿਤਾਬ ਦਵਾਉਣ ਵਿੱਚ ਅਹਿਮ ਯੋਗਦਾਨ ਦੇ ਸਕਦੇ ਹਨ।

ਭਾਰਤੀ ਟੀਮ ਕਿੰਨੀ ਤਿਆਰ?

ਭਾਰਤੀ ਟੀਮ ਇਸ ਵੱਡੇ ਟੂਰਨਾਮੈਂਟ ਲਈ ਕਿੰਨੀ ਤਿਆਰ ਹੈ ਇਹ ਜਾਨਣ ਲਈ ਅਸੀਂ ਭਾਰਤ ਦੇ ਸਾਬਕਾ ਕ੍ਰਿਕਟਰ ਸਰਨਦੀਪ ਸਿੰਘ ਨਾਲ ਗੱਲ ਕੀਤੀ।

ਸਰਨਦੀਪ ਸਿੰਘ ਕਹਿੰਦੇ ਹਨ ਭਾਰਤੀ ਟੀਮ ਜਿਸ ਤਰ੍ਹਾਂ ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਉਸ ਨੂੰ ਦੇਖ ਕੇ ਲੱਗ ਰਿਹਾ ਕਿ ਭਾਰਤੀ ਟੀਮ ਪੂਰੀ ਤਰ੍ਹਾਂ ਤਿਆਰ ਤਾਂ ਹੈ ਪਰ ਇੱਕ ਦੋ ਚੀਜ਼ਾਂ ਨੂੰ ਜੇਕਰ ਛੱਡ ਦਈਏ।

ਸਰਨਦੀਪ ਕਹਿੰਦੇ ਹਨ ਕਿ ਓਪਨਿੰਗ ਵਿੱਚ ਪਹਿਲਾਂ ਭਾਰਤ ਲਈ ਇੱਕ ਚਿੰਤਾ ਸੀ ਸੰਜੂ ਸੈਮਸਨ। ਪਰ ਹੁਣ ਸਾਊਥ ਅਫਰੀਕਾ ਨਾਲ ਵਾਰਮ ਅਪ ਮੈਚ ਵਿੱਚ ਜਿਸ ਤਰ੍ਹਾਂ ਭਾਰਤ ਨੇ ਇਸ਼ਾਨ ਕਿਸ਼ਨ ਤੋਂ ਓਪਨਿੰਗ ਕਰਵਾਈ ਉਸ ਤੋਂ ਲੱਗ ਰਿਹਾ ਕਿ ਹੁਣ ਇਹ ਸਮੱਸਿਆ ਹੱਲ ਹੋ ਗਈ ਹੈ।

ਇਸ਼ਾਨ ਕਿਸ਼ਨ ਪਹਿਲਾਂ ਵੀ ਓਪਨਿੰਗ ਹੀ ਕਰਦੇ ਆ ਰਹੇ ਹਨ। ਅਭਿਸ਼ੇਕ ਤੇ ਇਸ਼ਾਨ ਕਿਸ਼ਨ ਦੋ ਧਮਾਕੇਦਾਰ ਬੱਲੇਬਾਜ਼ ਹਨ ਜੋ ਟੀਮ ਨੂੰ ਚੰਗੀ ਸ਼ੁਰੂਆਤ ਦਵਾ ਸਕਦੇ ਹਨ। ਸਰਨਦੀਪ ਕਹਿੰਦੇ ਹਨ ਕਿ ਵਨ ਡਾਊਨ 'ਤੇ ਤਿਲਕ ਵਰਮਾ ਥੋੜ੍ਹੀ ਜਿਹੀ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਜ਼ਖ਼ਮੀ ਹੋਣ ਕਾਰਨ ਟੀਮ ਤੋਂ ਬਾਹਰ ਰਹੇ ਹਨ।

ਉਹ ਟੂਰਨਾਮੈਂਟ ਵਿੱਚ ਕਿੰਨਾ ਫਿੱਟ ਰਹਿੰਦੇ ਹਨ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਦੱਖਣੀ ਅਫਰੀਕਾ ਨਾਲ ਖੇਡੇ ਗਏ ਵਾਰਮ ਅਪ ਮੈਚ ਵਿੱਚ ਚੰਗਾ ਦਮ ਦਿਖਾਇਆ ਹੈ।

ਸਰਨਦੀਪ ਮੁਤਾਬਕ ਮਿਡਲ ਆਰਡਰ ਵਿੱਚ ਭਾਰਤ ਦੀ ਥੋੜ੍ਹੀ ਜਿਹੀ ਸਮੱਸਿਆ ਹੈ ਕਿਉਂਕਿ ਟੀਮ ਮੈਨੇਜਮੈਂਟ ਮਿਡਲ ਆਰਡਰ ਵਿੱਚ ਬੱਲੇਬਾਜ਼ਾਂ ਦਾ ਕਿਵੇਂ ਇਸਤੇਮਾਲ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੈ।

ਸਰਨਦੀਪ ਕਹਿੰਦੇ ਹਨ ਕਿ ਭਾਰਤ ਦੀ ਗੇਂਦਬਾਜ਼ੀ ਕਾਫ਼ੀ ਚੰਗੀ ਹੈ। ਪਰ ਦੇਖਣਾ ਹੋਵੇਗਾ ਭਾਰਤੀ ਟੀਮ ਕਿਹੜੇ-ਕਿਹੜੇ ਗੇਂਦਬਾਜ਼ ਨੂੰ ਮੈਦਾਨ 'ਤੇ ਉਤਾਰਦੀ ਹੈ। ਸਪਿਨ ਤੇ ਤੇਜ਼ ਗੇਂਦਬਾਜ਼ਾਂ ਵਿੱਚ ਕਾਮਬੀਨੇਸ਼ਨ ਕਿਵੇਂ ਰਹਿੰਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ।

ਪਰ ਨਿਊਜ਼ੀਲੈਂਡ ਨਾਲ ਹੋਈ ਸੀਰੀਜ਼ ਵਿੱਚ ਕਾਫ਼ੀ ਕੁਝ ਸਾਫ ਹੋ ਗਿਆ ਸੀ ਕਿ ਭਾਰਤੀ ਟੀਮ ਕਿਸ ਸੁਮੇਲ ਨਾਲ ਉਤਰੇਗੀ। ਟੀਮ ਕੋਲ ਚੰਗੇ ਸਪਿਨਰ ਹਨ। ਇਹ ਸਵਾਲ ਵੀ ਅਹਿਮ ਹੈ ਕਿ ਕਿਹੜੇ ਸਪਿਨਰ ਨੂੰ ਪਲੇਇੰਗ ਇਲੈਵਨ ਵਿੱਚ ਜਗ੍ਹਾ ਮਿਲਦੀ ਹੈ।

ਸਰਨਦੀਪ ਕਹਿੰਦੇ ਹਨ ਜੇਕਰ ਇੱਕ ਸਪਿਨਰ ਵੱਧ ਖਿਡਾਇਆ ਗਿਆ ਤਾਂ ਇੱਕ ਬੱਲੇਬਾਜ਼ ਜ਼ਰੂਰ ਘੱਟ ਖਿਡਾਉਣਾ ਪਵੇਗਾ।

ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੀ ਕੋਈ ਵੱਡੀ ਸਮੱਸਿਆ ਨਹੀਂ ਕਿਉਂਕਿ ਰਨ ਤਾਂ ਪਹਿਲੇ 5 ਬੱਲੇਬਾਜ਼ਾਂ ਨੇ ਹੀ ਬਣਾਉਣੇ ਹੁੰਦੇ ਹਨ।

ਇਸ਼ਾਨ ਕਿਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ਼ਾਨ ਕਿਸ਼ਨ ਤੋਂ ਵੀ ਕਾਫੀ ਉਮੀਦਾਂ ਰੱਖੀਆਂ ਜਾ ਰਹੀਆਂ ਹਨ

ਘਰੇਲੂ ਮੈਦਾਨਾਂ ਦਾ ਭਾਰਤ ਨੂੰ ਕਿੰਨਾ ਮਿਲੇਗਾ ਲਾਭ?

ਇਸ ਸਵਾਲ ਦੇ ਜਵਾਬ ਵਿੱਚ ਸਰਨਦੀਪ ਸਿੰਘ ਕਹਿੰਦੇ ਹਨ,ਆਪਣੇ ਘਰ ਵਿੱਚ ਜਦੋਂ ਟੀਮ ਖੇਡਦੀ ਹੈ ਤਾਂ ਉਸ ਨੂੰ ਪੂਰਾ ਭੇਤ ਹੁੰਦਾ ਹੈ, ਹਾਲਾਂਕਿ ਸਰਨਦੀਪ ਕਹਿੰਦੇ ਹਨ ਅੱਜ-ਕੱਲ੍ਹ ਟੀ-20 ਕ੍ਰਿਕਟ ਵਿੱਚ ਜ਼ਿਆਦਾ ਫਰਕ ਨਹੀਂ ਪੈਂਦਾ।

ਸਰਨਦੀਪ ਸਿੰਘ ਮੁਤਾਬਕ ਟੀ-20 ਵਿੱਚ ਜ਼ਿਆਦਾਤਰ ਬੈਟਿੰਗ ਪਿੱਚਾਂ ਹੀ ਬਣਦੀਆਂ ਹਨ। ਜਿਸ ਦਾ ਫਾਇਦਾ ਦੂਜੀਆਂ ਟੀਮਾਂ ਨੂੰ ਵੀ ਮਿਲੇਗਾ। ਰਾਤ ਦੇ ਮੈਚ ਹੋਣ ਕਾਰਨ ਤ੍ਰੇਲ ਕਾਫੀ ਹੱਦ ਤੱਕ ਫਰਕ ਪਾਉਂਦੀ ਹੈ।

ਸਰਨਦੀਪ ਸਿੰਘ ਕਹਿੰਦੇ ਹਨ ਹਰ ਟੀਮ ਦੇ ਮੁੱਖ ਖਿਡਾਰੀ ਭਾਰਤ ਵਿੱਚ ਆਈਪੀਐੱਲ ਦਾ ਹਿੱਸਾ ਰਹਿੰਦੇ ਹਨ,ਇਸ ਲਈ ਉਨ੍ਹਾਂ ਨੂੰ ਭਾਰਤੀ ਕੰਡੀਸ਼ਨ ਦਾ ਪੂਰੀ ਤਰ੍ਹਾਂ ਅੰਦਾਜ਼ਾ ਹੈ।

ਸਰਨਦੀਪ ਭਾਰਤੀ ਟੀਮ ਨੂੰ ਸਲਾਹ ਵੀ ਦਿੰਦੇ ਹਨ ਕਿ ਸਾਨੂੰ ਹੋਮ ਐਡਵਾਂਟੇਜ ਦੇਖ ਕੇ ਢਿੱਲ ਨਹੀਂ ਵਰਤਣੀ ਚਾਹੀਦੀ, ਬਾਕੀ ਟੀਮਾਂ ਵੀ ਪੂਰੀ ਤਿਆਰੀ ਨਾਲ ਉਤਰਨਗੀਆਂ।

ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਕਿਹੜੀ ਟੀਮ?

ਸਰਨਦੀਪ ਸਿੰਘ ਇਸ ਵਿਸ਼ਵ ਕੱਪ ਵਿੱਚ ਭਾਰਤ ਲਈ ਆਸਟ੍ਰੇਲੀਆ ਤੇ ਇੰਗਲੈਂਡ ਸਭ ਤੋਂ ਵੱਡੀ ਚੁਣੌਤੀ ਮੰਨਦੇ ਹਨ। ਸਰਨਦੀਪ ਕਹਿੰਦੇ ਹਨ ਇਨ੍ਹਾਂ ਟੀਮਾਂ ਦੇ ਬਹੁਤੇ ਖਿਡਾਰੀ ਲੰਬੇ ਸਮੇਂ ਤੋਂ ਆਈਪੀਐੱਲ ਦਾ ਹਿੱਸਾ ਰਹੇ ਹਨ ਇਸ ਲਈ ਉਨ੍ਹਾਂ ਨੂੰ ਇਸਦਾ ਲਾਭ ਮਿਲੇਗਾ।

ਦੂਜਾ ਇਹ ਟੀਮਾਂ ਟੀ-20 ਕ੍ਰਿਕਟ ਕਾਫ਼ੀ ਖੇਡਦੀਆਂ ਹਨ। ਇਸ ਲਈ ਉਨ੍ਹਾਂ ਨੂੰ ਪਤਾ ਹੈ ਵੱਡੇ ਟੂਰਨਾਮੈਂਟ ਵਿੱਚ ਕਿਵੇਂ ਖੇਡਣਾ ਹੈ।

ਇਸ ਲਈ ਗਰੁੱਪ ਗੇੜ੍ਹ ਤਾਂ ਆਸਾਨ ਰਹਿੰਦਾ ਹੈ ਪਰ ਨਾਕ ਆਊਟ ਗੇੜ੍ਹ ਕਾਫੀ ਚੁਣੌਤੀ ਭਰਿਆ ਰਹਿੰਦਾ ਹੈ,ਉੱਥੇ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ।

ਅਰਸ਼ਦੀਪ ਸਿੰਘ

'ਅਭਿਸ਼ੇਕ ਤੇ ਅਰਸ਼ਦੀਪ ਭਾਰਤ ਦੀ ਰੀੜ੍ਹ ਦੀ ਹੱਡੀ'

ਸਰਨਦੀਪ ਸਿੰਘ ਕਹਿੰਦੇ ਹਨ "ਭਾਰਤ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਰੀੜ੍ਹ ਦੀ ਹੱਡੀ ਹਨ।"

ਸਰਨਦੀਪ ਕਹਿੰਦੇ ਹਨ, "ਅਭਿਸ਼ੇਕ ਸ਼ਰਮਾ ਜਿਸ ਤਰ੍ਹਾਂ ਧਮਾਕੇਦਾਰ ਬੱਲੇਬਾਜ਼ੀ ਕਰਦੇ ਹਨ ਉਹ ਆਪਣੇ ਦਮ 'ਤੇ ਮੈਚ ਦਾ ਪਾਸਾ ਪਲਟ ਸਕਦੇ ਹਨ, ਭਾਵੇਂ ਉਨ੍ਹਾਂ ਅੱਗੇ ਕੋਈ ਵੀ ਟੀਮ ਹੋਵੇ। ਅਭਿਸ਼ੇਕ ਨੇ ਆਪਣੇ ਟੀ-20 ਕਰੀਅਰ ਵਿੱਚ ਸਾਬਤ ਕਰਕੇ ਵੀ ਦਿਖਾਇਆ ਹੈ ਕਿ ਉਹ ਕਿੰਨੇ ਖਤਰਨਾਕ ਹਨ। ਅਭਿਸ਼ੇਕ ਭਾਰਤ ਦੇ ਟਰੰਪ ਕਾਰਡ ਹਨ।"

ਅਰਸ਼ਦੀਪ ਬਾਰੇ ਸਰਨਦੀਪ ਸਿੰਘ ਕਹਿੰਦੇ ਹਨ, "ਉਹ ਵੀ ਭਾਰਤ ਲਈ ਮਹੱਤਵਪੂਰਨ ਗੇਂਦਬਾਜ਼ ਹਨ। ਅਰਸ਼ਦੀਪ ਨੂੰ ਹਰ ਮੈਚ ਖਿਡਾਉਣਾ ਚਾਹੀਦਾ ਹੈ। ਉਸ ਕੋਲ ਪਹਿਲੇ ਓਵਰ ਵਿੱਚ ਵਿਕਟ ਲੈਣ ਦੀ ਕਾਬਲੀਅਤ ਹੈ।"

"ਉਹ ਨਵੀਂ ਗੇਂਦ ਕਰਦੇ ਹਨ ਤੇ ਵਿਕਟਾਂ ਵੀ ਲੈਂਦੇ ਹਨ। ਸਰਨਦੀਪ ਸਿੰਘ ਕਹਿੰਦੇ ਹਨ ਅਰਸ਼ਦੀਪ ਕੋਲ ਅਖੀਰਲੇ ਓਵਰਾਂ ਵਿੱਚ ਵਿਕਟਾਂ ਲੈਣ ਤੇ ਦੌੜਾਂ ਰੋਕਣ ਦੀ ਕਾਬਲੀਅਤ ਵੀ ਹੈ। ਜਿਵੇਂ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਪੰਜ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਮੈਚ ਵਿੱਚ 5 ਵਿਕਟਾਂ ਲੈ ਕੇ ਕਰਕੇ ਦਿਖਾਇਆ। ਅਰਸ਼ਦੀਪ ਕੋਲ ਵੱਡੇ ਟੂਰਨਾਮੈਂਟ ਖੇਡਣ ਦਾ ਤਜ਼ਰਬਾ ਵੀ ਹੈ।

ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਨੇ ਅਭਿਸ਼ੇਕ ਸ਼ਰਮਾ ਦੀ ਤਾਰੀਫ਼ ਕੀਤੀ ਹੈ। ਪੌਂਟਿੰਗ ਨੇ ਆਈਸੀਸੀ ਰਿਵਿਊ ਪ੍ਰੋਗਰਾਮ ਵਿੱਚ ਕਿਹਾ ਕਿ ਅਭਿਸ਼ੇਕ ਆਉਣ ਵਾਲੇ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਅਭਿਸ਼ੇਕ ਅਜਿਹਾ ਕਰਦੇ ਹਨ ਤਾਂ ਭਾਰਤ ਨੂੰ ਹਰਾਉਣਾ ਹੋਰ ਵੀ ਮੁਸ਼ਕਿਲ ਹੋਵੇਗਾ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਭਾਰਤ ਵੀ ਕਿਸੇ ਹੋਰ ਟੀਮ ਦੀ ਤਰ੍ਹਾਂ ਹੀ ਹੋਵੇਗੀ। ਇਸ ਲਈ ਵਿਸ਼ਵ ਕੱਪ ਵਿੱਚ ਭਾਰਤ ਦੇ ਕਈ ਉਹ ਅਹਿਮ ਹਨ

ਅਰਸ਼ਦੀਪ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਸ਼ਦੀਪ ਨੂੰ ਮਹੱਤਵਪੂਰਨ ਗੇਂਦਬਾਜ਼ ਮੰਨਿਆ ਜਾ ਰਿਹਾ ਹੈ

ਅਰਸ਼ਦੀਪ ਸਿੰਘ ਦਾ ਟੀ-20 ਕਰੀਅਰ

ਅਰਸ਼ਦੀਪ ਸਿੰਘ ਭਾਰਤ ਦੇ ਸਭ ਤੋਂ ਸਫ਼ਲ ਗੇਂਦਬਾਜ਼ ਹਨ। ਅਰਸ਼ਦੀਪ ਸਿੰਘ ਨੇ ਆਪਣੇ ਟੀ-20 ਕਰੀਅਰ ਵਿੱਚ ਹੁਣ ਤੱਕ 76 ਮੈਚਾਂ ਵਿੱਚ 118 ਵਿਕਟਾਂ ਹਾਸਲ ਕੀਤੀਆਂ ਹਨ। ਭਾਰਤ ਵੱਲੋਂ ਟੀ-20 ਵਿੱਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਨ।

ਅਰਸ਼ਦੀਪ ਸਿੰਘ ਸ਼ੁਰੂਆਤੀ ਓਵਰਾਂ ਵਿੱਚ ਗੇਂਦ ਨੂੰ ਸਵਿੰਗ ਕਰਵਾਉਣ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਡੈੱਥ ਓਵਰਾਂ ਵਿੱਚ ਘੱਟ ਰਨ ਦੇਣਾ ਵੀ ਉਨ੍ਹਾਂ ਦੀ ਖਾਸੀਅਤ ਹੈ। ਉਹ ਆਈ ਸੀ ਸੀ ਰੈਂਕਿੰਗ ਵਿੱਚ 14ਵੇਂ ਨੰਬਰ 'ਤੇ ਹਨ।

ਅਰਸ਼ਦੀਪ ਸਿੰਘ ਨੇ 2024 ਦੇ ਟੀ-20 ਵਿਸ਼ਵ ਕੱਪ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ ਅਤੇ ਭਾਰਤ ਨੂੰ ਖਿਤਾਬ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅਰਸ਼ਦੀਪ ਸਿੰਘ ਨੇ ਇਸ ਟੂਰਨਾਮੈਂਟ ਵਿੱਚ ਸਾਂਝੇ ਤੌਰ ਤੇ 17 ਵਿਕਟਾਂ ਲਈਆਂ ਸਨ। ਭਾਰਤੀ ਟੀਮ ਨੂੰ ਇਸ ਵਾਰ ਵੀ ਬਹੁਤ ਉਮੀਦਾਂ ਹਨ।

ਅਭਿਸ਼ੇਕ ਸ਼ਰਮਾ
ਤਸਵੀਰ ਕੈਪਸ਼ਨ, ਅਭਿਸ਼ੇਕ ਸ਼ਰਮਾ ਨੂੰ ਧਮਾਕੇਦਾਰ ਸ਼ੁਰੂਆਤ ਦਵਾਉਣ ਲਈ ਜਾਣਿਆ ਜਾਂਦਾ ਹੈ

ਅਭਿਸ਼ੇਕ ਸ਼ਰਮਾ ਦਾ ਟੀ-20 ਕਰੀਅਰ

ਅਭਿਸ਼ੇਕ ਸ਼ਰਮਾ ਨੂੰ ਧਮਾਕੇਦਾਰ ਸ਼ੁਰੂਆਤ ਦਵਾਉਣ ਲਈ ਜਾਣਿਆ ਜਾਂਦਾ ਹੈ। ਅਭਿਸ਼ੇਕ ਸ਼ਰਮਾ ਦੀ ਖਾਸੀਅਤ ਹੈ ਕਿ ਉਹ ਪਹਿਲੀ ਹੀ ਗੇਂਦ 'ਤੇ ਛੱਕਾ ਲਾਉਣ ਦੀ ਕਾਬਲੀਅਤ ਰੱਖਦੇ ਹਨ।

ਅਭਿਸ਼ੇਕ ਸ਼ਰਮਾ ਨੇ ਆਪਣੇ ਟੀ-20 ਕਰੀਅਰ ਵਿੱਚ ਹੁਣ ਤੱਕ 38 ਮੈਚ ਖੇਡੇ ਹਨ ਤੇ 37.05 ਦੀ ਐਵਰੇਜ ਨਾਲ 1297 ਦੌੜਾਂ ਬਣਾਈਆਂ ਹਨ। ਅਭਿਸ਼ੇਕ ਆਪਣੇ ਜੀਵਨ ਵਿੱਚ 8 ਅਰਧ ਸੈਂਕੜੇ ਤੇ 2 ਸੈਂਕੜੇ ਜੜ ਚੁੱਕੇ ਹਨ। ਉਨ੍ਹਾਂ ਦਾ ਟੌਪ ਸਕੋਰ 135 ਦੌੜਾਂ ਦਾ ਹੈ।

ਅਭਿਸ਼ੇਕ ਸ਼ਰਮਾ ਆਈ ਸੀ ਸੀ ਰੈਂਕਿੰਗ ਵਿੱਚ ਨੰਬਰ ਇੱਕ ਬੱਲੇਬਾਜ਼ ਹਨ। ਅਭਿਸ਼ੇਕ ਸ਼ਰਮਾ ਦਾ ਸਟ੍ਰਾਈਕ ਰੇਟ 194.74 ਦਾ ਹੈ ਜੋ ਵਿਸ਼ਵ ਦੇ ਹੋਰ ਕਿਸੇ ਬੱਲੇਬਾਜ਼ ਦਾ ਨਹੀਂ ਹੈ।

ਟੀ-20 ਵਿਸ਼ਵ ਕੱਪ ਇਤਿਹਾਸ 'ਚ ਕਿਹੜੀ ਟੀਮ ਕਿੰਨੀ ਵਾਰ ਜਿੱਤੀ

ਟੀ-20 ਕ੍ਰਿਕਟ ਦੀ ਸ਼ੁਰੂਆਤ 2007 ਵਿੱਚ ਹੋਈ ਸੀ। ਉਸ ਵੇਲੇ ਭਾਰਤ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣੀ ਸੀ। ਉਸ ਸਮੇਂ ਤੋਂ ਹੁਣ ਤੱਕ 9 ਵਾਰ ਟੀ-20 ਵਿਸ਼ਵ ਕੱਪ ਹੋ ਚੁੱਕਿਆ ਤੇ 2026 ਵਿੱਚ ਇਹ ਹੋਣ ਵਾਲਾ 10ਵਾਂ ਟੂਰਨਾਮੈਂਟ ਹੈ।

2024 ਵਿੱਚ ਪਹਿਲੀ ਵਾਰ 20 ਟੀਮਾਂ ਟੂਰਨਾਮੈਂਟ ਦਾ ਹਿੱਸਾ ਬਣੀਆਂ ਸਨ ਤੇ ਹੁਣ ਤੱਕ ਸਿਰਫ਼ 6 ਟੀਮਾਂ ਹੀ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀਆਂ ਹਨ।

ਭਾਰਤ, ਵੈਸਟਇੰਡੀਜ਼ ਤੇ ਇੰਗਲੈਂਡ ਦੋ-ਦੋ ਵਾਰ ਹੁਣ ਤੱਕ ਚੈਂਪੀਅਨ ਬਣ ਚੁੱਕੀਆਂ ਹਨ, ਜਦਕਿ ਆਸਟ੍ਰੇਲੀਆ, ਪਾਕਿਸਤਾਨ ਤੇ ਸ਼੍ਰੀਲੰਕਾ ਨੇ ਇੱਕ-ਇੱਕ ਵਾਰ ਖਿਤਾਬ ਆਪਣੇ ਨਾਮ ਕੀਤਾ ਹੈ।

ਟੀ-20 ਵਿਸ਼ਵ ਕੱਪ ਬਾਰੇ ਕੁਝ ਦਿਲਚਸਪ ਜਾਣਕਾਰੀ

ਹੁਣ ਤੱਕ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਮੇਜ਼ਬਾਨੀ ਕਰਨ ਵਾਲੀ ਟੀਮ ਚੈਂਪੀਅਨ ਨਹੀਂ ਬਣੀ ਹੈ। ਨਾ ਹੀ ਕਿਸੇ ਟੀਮ ਨੇ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਿਆ ਹੈ। ਮੇਜ਼ਬਾਨ ਦੇ ਰੂਪ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ 2012 ਵਿੱਚ ਸ਼੍ਰੀਲੰਕਾ ਵੱਲੋਂ ਉਪ-ਜੇਤੂ ਵਜੋਂ ਰਿਹਾ ਸੀ।

ਡਿਫੈਂਡਿੰਗ ਚੈਂਪੀਅਨ ਵੱਲੋਂ ਸਭ ਤੋਂ ਵਧੀਆ ਪ੍ਰਦਰਸ਼ਨ 2010, 2014 ਅਤੇ 2024 ਵਿੱਚ ਕ੍ਰਮਵਾਰ ਪਾਕਿਸਤਾਨ, ਵੈਸਟ ਇੰਡੀਜ਼ ਅਤੇ ਇੰਗਲੈਂਡ ਵੱਲੋਂ ਸੈਮੀਫਾਈਨਲ ਤੱਕ ਪਹੁੰਚਣ ਦਾ ਰਿਹਾ। ਸ਼੍ਰੀਲੰਕਾ, ਇੰਗਲੈਂਡ, ਪਾਕਿਸਤਾਨ ਅਤੇ ਭਾਰਤ ਤਿੰਨ-ਤਿੰਨ ਵਾਰ ਫਾਈਨਲ ਵਿੱਚ ਪਹੁੰਚ ਚੁੱਕੇ ਹਨ, ਜਦਕਿ ਪਾਕਿਸਤਾਨ ਛੇ ਵਾਰ ਸੈਮੀਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ ਹੈ।

ਕ੍ਰਿਕਟ ਬਾਰੇ ਜਾਣਕਾਰੀਆਂ ਛਾਪਣ ਵਾਲੀ ਵੈੱਬਸਾਈਟ ਈਐੱਸਪੀਐਨ ਕ੍ਰਿਕਇਨਫੋ ਦੇ ਮੁਤਾਬਕ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਜਿਨ੍ਹਾਂ ਨੇ 35 ਮੈਚਾਂ ਵਿੱਚ 1292 ਦੌੜਾਂ ਬਣਾਈਆਂ ਹਨ।

ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬੰਗਲਾਦੇਸ਼ ਦੇ ਸਾਕਿਬ ਅਲ ਹਸਨ ਦੇ ਨਾਮ ਹੈ ਜਿਨ੍ਹਾਂ ਨੇ 43 ਮੈਚਾਂ ਵਿੱਚ 50 ਵਿਕਟਾਂ ਹਾਸਲ ਕੀਤੀਆਂ ਹਨ।

ਈਐੱਸਪੀਐੱਨ ਕ੍ਰਿਕਇਨਫੋ ਮੁਤਾਬਕ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਇੱਕ ਮੈਚ ਵਿੱਚ ਸਕੋਰ ਬਣਾਉਣ ਦਾ ਰਿਕਾਰਡ ਸ਼੍ਰੀਲੰਕਾ ਦੇ ਨਾਮ ਹੈ, ਜਿਨ੍ਹਾਂ ਨੇ 2007 ਵਿੱਚ ਕੀਨੀਆ ਦੇ ਖ਼ਿਲਾਫ਼ 6 ਵਿਰਟਾਂ ਗਵਾ ਕੇ 260 ਦੌੜਾਂ ਬਣਾਈਆਂ ਸਨ।

ਜੇਕਰ ਸਭ ਤੋਂ ਘੱਟ ਸਕੋਰ ਦੀ ਗੱਲ ਕਰੀਏ ਤਾਂ ਇਹ ਰਿਕਾਰਡ ਯੁਗਾਂਡਾ ਤੇ ਨੀਦਰਲੈਂਡ ਦੇ ਨਾਮ ਹੈ।

ਯੁਗਾਂਡਾ ਦੀ ਪੂਰੀ ਟੀਮ 2024 ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ 39 ਦੇ ਸਕੋਰ 'ਤੇ ਆਲ ਆਊਟ ਹੋ ਗਈ ਸੀ। ਜਦਕਿ 39 ਦੇ ਸਕੋਰ ਤੇ ਹੀ ਨੀਦਰਲੈਂਡ ਦੀ ਟੀਮ 2014 ਵਿੱਚ ਸ਼੍ਰੀਲੰਕਾ ਦੇ ਵਿਰੁੱਧ ਆਲ ਆਊਟ ਹੋ ਗਈ ਸੀ।

ਕਿਹੜੀ ਟੀਮ ਕਿਸ ਗਰੁੱਪ ਵਿੱਚ ਹੈ

ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ 20 ਟੀਮਾਂ ਨੂੰ ਹੇਠ ਲਿਖੇ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ:

  • ਗਰੁੱਪ A: ਭਾਰਤ, ਨਾਮੀਬੀਆ, ਨੀਦਰਲੈਂਡ, ਪਾਕਿਸਤਾਨ, ਅਮਰੀਕਾ
  • ਗਰੁੱਪ B: ਆਸਟ੍ਰੇਲੀਆ, ਆਇਰਲੈਂਡ, ਓਮਾਨ, ਸ਼੍ਰੀਲੰਕਾ, ਜ਼ਿੰਬਾਬਵੇ
  • ਗਰੁੱਪ C: ਇੰਗਲੈਂਡ, ਇਟਲੀ, ਨੇਪਾਲ, ਸਕਾਟਲੈਂਡ, ਵੈਸਟ ਇੰਡੀਜ਼
  • ਗਰੁੱਪ D: ਅਫ਼ਗਾਨਿਸਤਾਨ, ਕੈਨੇਡਾ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਯੂਏਈ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)