'ਪੰਜਾਬ ਦੀ ਟੀਮ 'ਚ ਨਾ ਚੁਣੇ ਜਾਣ ਦਾ ਮਲਾਲ ਸੀ', ਹੁਣ ਕੈਨੇਡਾ ਦੀ ਟੀ 20 ਕ੍ਰਿਕਟ ਟੀਮ ਦੇ ਕਪਤਾਨ ਚੁਣੇ ਗਏ ਗੁਰਦਾਸਪੁਰ ਦੇ ਦਿਲਪ੍ਰੀਤ ਸਿੰਘ ਬਾਜਵਾ

ਦਿਲਪ੍ਰੀਤ ਸਿੰਘ ਬਾਜਵਾ ਭਾਰਤੀ ਸਟਾਰ ਖਿਡਾਰੀ ਅਰਸ਼ਦੀਪ ਸਿੰਘ ਦੇ ਨਾਲ

ਤਸਵੀਰ ਸਰੋਤ, Jai shiv

ਤਸਵੀਰ ਕੈਪਸ਼ਨ, ਦਿਲਪ੍ਰੀਤ ਸਿੰਘ ਬਾਜਵਾ ਭਾਰਤੀ ਸਟਾਰ ਖਿਡਾਰੀ ਅਰਸ਼ਦੀਪ ਸਿੰਘ ਦੇ ਨਾਲ
    • ਲੇਖਕ, ਗੁਰਪ੍ਰੀਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਕੈਨੇਡੀਅਨ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਸਿੱਖ ਨੌਜਵਾਨ ਦਿਲਪ੍ਰੀਤ ਸਿੰਘ ਬਾਜਵਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਦਾ ਜੰਮਪਲ ਹੈ ।

ਦਿਲਪ੍ਰੀਤ ਇੱਕ ਹਰਫਨਮੌਲਾ ਖਿਡਾਰੀ ਹਨ ਜੋ ਸੱਜੇ ਹੱਥ ਦੇ ਬੱਲੇਬਾਜ਼ ਹਨ ਅਤੇ ਰਾਈਟ ਆਰਮ ਆਫ-ਬਰੇਕ ਸਟਾਈਲ ਦੀ ਗੇਂਦਬਾਜ਼ੀ ਕਰਦੇ ਹਨ।

ਦਿਲਪ੍ਰੀਤ ਦੇ ਕੌਮਾਂਤਰੀ ਕ੍ਰਿਕਟ ਜੀਵਨ ਦੀ ਸ਼ੁਰੂਆਤ ਕੈਨੇਡਾ ਵਿੱਚ ਹੀ ਹੋਈ ਸੀ।

ਦਿਲਪ੍ਰੀਤ ਨੇ ਆਪਣਾ ਪਹਿਲਾ ਟੀ-20 ਮੈਚ ਕੈਨੇਡਾ ਵੱਲੋਂ ਬਰਮੂਡਾ ਦੇ ਖਿਲਾਫ਼ ਸੈਂਡਸ ਪੈਰਿਸ਼ ਵਿੱਚ ਸਤੰਬਰ 2024 ਵਿੱਚ ਹੀ ਖੇਡਿਆ ਸੀ।

ਦਿਲਪ੍ਰੀਤ ਸਿੰਘ ਬਾਜਵਾ ਸਾਲ 2020 ਚ ਆਪਣੀ ਮਾਂ ਹਰਲੀਨ ਕੌਰ ਨਾਲ ਕੈਨੇਡਾ ਚਲੇ ਗਏ ਸਨ। ਉਨ੍ਹਾਂ ਦੇ ਪਿਤਾ ਹਰਪ੍ਰੀਤ ਸਿੰਘ ਜੋ ਪਹਿਲਾ ਪੰਜਾਬ ਖੇਤੀਬਾੜੀ ਵਿਭਾਗ ਵਿੱਚ ਮੁਲਾਜ਼ਮ ਸਨ, ਉਹ ਵੀ ਸਾਲ 2010 ਵਿੱਚ ਕੈਨੇਡਾ ਚੱਲੇ ਗਏ ਸਨ ।

ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਐਕਸ ਪੋਸਟ ਰਾਹੀਂ ਦਿਲਪ੍ਰੀਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਇਸ ਨੂੰ ਦਿਲਪ੍ਰੀਤ ਦੀ ""ਸਖ਼ਤ ਮਿਹਨਤ, ਦ੍ਰਿੜਤਾ ਅਤੇ ਪ੍ਰਤਿਭਾ" ਦੀ ਜਿੱਤ ਦੱਸਦਿਆਂ, "ਭਵਿੱਖ ਵਿੱਚ ਅਪਾਰ ਸਫਲਤਾ ਲਈ ਸ਼ੁਭਕਾਮਨਾਵਾਂ" ਦਿੱਤੀਆਂ ਹਨ।

ਦਿਲਪ੍ਰੀਤ ਸਿੰਘ ਦੱਸਦੇ ਹਨ ਕਿ ਉਸਦਾ ਜਨਮ ਬਟਾਲਾ ਵਿੱਚ ਹੋਇਆ ਅਤੇ ਉਸਨੇ ਮੁੱਢਲੀ ਸਿੱਖਿਆ ਇੱਥੋਂ ਦੇ ਡੀਏਵੀ ਸੈਂਟੇਨਰੀ ਸਕੂਲ ਤੋਂ ਹਾਸਲ ਕੀਤੀ। ਕ੍ਰਿਕਟ ਦੀ ਸ਼ੁਰੂਆਤ ਵੀ ਸਕੂਲ ਤੋਂ ਹੋਈ ਜਦਕਿ ਜ਼ਿਲ੍ਹਾ ਪੱਧਰੀ ਕੈਂਪ ਵਿੱਚ ਹਿੱਸਾ ਲੈਣ ਤੋਂ ਬਾਅਦ ਉਹ ਗੁਰਦਾਸਪੁਰ ਵਿੱਚ ਕ੍ਰਿਕਟ ਕੋਚ ਰਾਕੇਸ਼ ਮਾਰਸ਼ਲ ਕੋਲ ਉਨ੍ਹਾਂ ਦੀ ਅਕੈਡਮੀ ਵਿੱਚ ਸਿਖਲਾਈ ਲਈ ਚਲੇ ਗਏ।

ਉਨ੍ਹਾਂ ਬਾਰੇ ਹੋਰ ਜਾਣਕਾਰੀ ਲਈ ਬੀਬੀਸੀ ਸਹਿਯੋਗੀ ਨੇ ਬਟਾਲਾ ਵਿੱਚ ਰਹਿੰਦੇ ਉਨ੍ਹਾਂ ਦੇ ਬਚਪਨ ਦੇ ਕੋਚ ਰਾਕੇਸ਼ ਮਾਰਸ਼ਲ ਨਾਲ ਗੱਲਬਾਤ ਕੀਤੀ।

ਦਿਲਪ੍ਰੀਤ

ਤਸਵੀਰ ਸਰੋਤ, Sukhjinderrandhwa/x

ਤਸਵੀਰ ਕੈਪਸ਼ਨ, ਸੁਖਜਿੰਦਰ ਸਿੰਘ ਰੰਧਾਵਾ ਨੇ ਦਿਲਪ੍ਰੀਤ ਸਿੰਘ ਦੀ ਪ੍ਰਾਪਤੀ ਉੱਤੇ ਸ਼ੁਭਕਾਮਨਾਵਾਂ ਦਿੱਤੀਆਂ

ਕੋਚ ਨੂੰ ਨਹੀਂ ਭੁੱਲਦੀ ਪਟਿਆਲਾ ਖਿਲਾਫ਼ ਖੇਡੀ ਪਾਰੀ

ਰਾਕੇਸ਼ ਮਾਰਸ਼ਲ ਦੱਸਦੇ ਹਨ, "ਕ੍ਰਿਕਟ ਦੀ ਪ੍ਰੈਕਟਿਸ ਦੇ ਨਾਲ ਹੀ ਉਸਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ। ਉਹ ਜ਼ਿਲ੍ਹਾ ਗੁਰਦਾਸਪੁਰ ਦੀ ਜੂਨੀਅਰ ਕ੍ਰਿਕਟ ਟੀਮ ਵੱਲੋਂ ਲਗਾਤਾਰ ਖੇਡਦਾ ਰਿਹਾ ਅਤੇ ਸਟੇਟ ਪੱਧਰ ਅਤੇ ਅੰਤਰ ਜ਼ਿਲ੍ਹਾ ਪੱਧਰ ਉੱਤੇ ਵੀ ਕਈ ਮੈਚ ਖੇਡੇ। ਉਸਦੇ ਨਾਲ ਹੀ ਇੰਟਰ ਡਿਸਟ੍ਰਿਕਟ ਕਟੌਚ ਸ਼ੀਲਡ ਟੂਰਨਾਮੈਂਟ ਵਿੱਚ ਵੀ ਗੁਰਦਾਸਪੁਰ ਦੀ ਟੀਮ ਵਿੱਚ ਸ਼ਾਮਲ ਸੀ।"

ਰਾਕੇਸ਼ ਮਾਰਸ਼ਲ ਨੇ ਦੱਸਿਆ ਕਿ ਇੱਕ ਮੈਚ ਜੋ ਉਨ੍ਹਾਂ ਨੂੰ ਨਹੀਂ ਭੁੱਲਦਾ ਜਿਸ ਵਿੱਚ ਦਿਲਪ੍ਰੀਤ ਸਿੰਘ ਨੇ ਬੇਮਿਸਾਲ ਪਾਰੀ ਖੇਡਦੇ ਹੋਏ ਪਟਿਆਲਾ ਜ਼ਿਲ੍ਹੇ ਦੀ ਟੀਮ ਦੇ ਖਿਲਾਫ] 130 ਦੌੜਾਂ ਬਣਾਈਆਂ ਸਨ ।

ਕੋਚ ਨਾਲ ਦਿਲਪ੍ਰੀਤ ਦੀ ਤਸਵੀਰ

ਤਸਵੀਰ ਸਰੋਤ, BBC/Rakeshmarshal

ਰਾਕੇਸ਼ ਮਾਰਸ਼ਲ ਮੁਤਾਬਕ ਦਿਲਪ੍ਰੀਤ ਸਿੰਘ ਨੂੰ ਪੰਜਾਬ ਦੀ ਟੀਮ ਲਈ ਨਾ ਚੁਣੇ ਜਾਣ ਦਾ ਮਲਾਲ ਜ਼ਰੂਰ ਸੀ ।

ਗੁਰਦਾਸਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਜੈ ਸ਼ਿਵ ਦੱਸਦੇ ਹਨ ਕਿ ਪਿਛਲੇ ਸਾਲ ਦਿਲਪ੍ਰੀਤ ਸਿੰਘ ਪੰਜਾਬ ਆਪਣੇ ਪਰਿਵਾਰ ਨਾਲ ਆਇਆ ਸੀ ਅਤੇ ਹੁਣ ਵੀ ਉਨ੍ਹਾਂ ਦੀ ਗੱਲ ਉਸ ਨਾਲ ਹੋਈ ਹੈ।

ਦਿਲਪ੍ਰੀਤ ਦੀ ਇੱਕ ਪੁਰਾਣੀ ਤਸਵੀਰ

ਤਸਵੀਰ ਸਰੋਤ, Jai Shiv

ਦਿਲਪ੍ਰੀਤ ਦੇ ਇਸ ਮੁਕਾਮ ਉੱਤੇ ਪਹੁੰਚਣ ਕਰਕੇ ਗੁਰਦਾਸਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਵਧਾਈ ਵੀ ਦਿੱਤੀ ਗਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਜੈ ਸ਼ਿਵ ਦਾ ਕਹਿਣਾ ਹੈ ਕਿ ਦਿਲਪ੍ਰੀਤ ਸਿੰਘ ਦੇ ਮਾਤਾ-ਪਿਤਾ ਭਾਵੇਂ ਕੈਨੇਡਾ ਹੀ ਰਹਿੰਦੇ ਹਨ ਪਰ ਇਸ ਪੂਰੇ ਪਰਿਵਾਰ ਦਾ ਬਟਾਲਾ ਪੰਜਾਬ ਨਾਲ ਅੱਜ ਵੀ ਉਵੇਂ ਹੀ ਲਗਾਵ ਹੈ।

ਉਨ੍ਹਾਂ ਨੇ ਦੱਸਿਆ ਕਿ ਜਿਵੇਂ ਪੰਜਾਬ ਰਹਿੰਦੇ ਦਿਲਪ੍ਰੀਤ ਕ੍ਰਿਕਟ ਨਾਲ ਜੁੜਿਆ ਰਿਹਾ ਉਵੇਂ ਹੀ ਉਸਨੇ ਆਪਣੀ ਗੇਮ ਕੈਨੇਡਾ ਜਾਕੇ ਵੀ ਜਾਰੀ ਰੱਖੀ ਅਤੇ ਉੱਥੇ ਕੈਨੇਡਾ ਪਹਿਲਾਂ ਤੋ ਹੀ ਕਲੱਬਾਂ ਲਈ ਖੇਡ ਰਹੇ ਗੁਰਦਾਸਪੁਰ ਦੇ ਹੀ ਰਹਿਣ ਵਾਲੇ ਖਿਡਾਰੀ ਮਨਪ੍ਰੀਤ ਸਿੰਘ ਨੇ ਉਸਦਾ ਸ਼ੁਰੂਆਤੀ ਦੌਰ ਚ ਸਾਥ ਦਿੱਤਾ।

ਦਿਲਪ੍ਰੀਤ ਸਿੰਘ ਨੂੰ ਵੀ ਉੱਥੇ ਮੌਂਟਰੀਅਲ ਟਾਈਗਰਜ਼ ਵੱਲੋਂ ਖੇਡਣ ਦਾ ਮੌਕਾ ਮਿਲਿਆ। ਉਹ ਪਿਛਲੇ ਸਾਲ ਮੌਂਟਰੀਅਲ ਟਾਈਗਰਜ਼ ਲਈ ਗਲੋਬਲ ਟੀ-20 ਕੈਨੇਡਾ ਟੂਰਨਾਮੈਂਟ ਵਿੱਚ ਸੈਂਕੜਾ ਲਗਾਉਣ ਵਾਲਾ ਪਹਿਲਾ ਕੈਨੇਡੀਅਨ ਬਣਿਆ ਸੀ।

ਕੈਨੇਡਾ ਦੀ ਟੀਮ ਵਿੱਚ ਪੰਜਾਬੀ ਮੂਲ ਦੇ ਹੋਰ ਖਿਡਾਰੀ

ਦਿਲਪ੍ਰੀਤ ਤਾਂ ਚਲੋ ਕੈਨੇਡਾ ਦੀ ਪੁਰਸ਼ਾਂ ਦੀ ਕ੍ਰਿਕਿਟ ਟੀਮ ਦੇ ਕਪਤਾਨ ਚੁਣਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਪਰਗਟ ਸਿੰਘ, ਨਵਨੀਤ ਧਾਲੀਵਾਲੀ ਅਤੇ ਰਵਿੰਦਰ ਸਿੰਘ ਵੀ ਪੰਜਾਬੀ ਮੂਲ ਦੇ ਖਿਡਾਰੀ ਹਨ ਅਤੇ ਇਸੇ ਟੀਮ ਦਾ ਹਿੱਸਾ ਹਨ।

ਨਵਨੀਤ ਧਾਲੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵਨੀਤ ਧਾਲੀਵਾਲ ਸੱਜੇ ਹੱਥ ਦੇ ਅਤੇ ਮੱਧ ਕ੍ਰਮ ਦੇ ਬੱਲੇਬਾਜ਼ ਹਨ

ਈਸਪੀਐਨ ਕ੍ਰਿਕਇਨਫੋ ਦੀ ਰਿਪੋਰਟ ਮੁਤਾਬਕ ਨਵਨੀਤ ਧਾਲੀਵਾਲ ਦਾ ਜਨਮ ਚੰਡੀਗੜ੍ਹ ਵਿੱਚ ਸਾਲ 1988 ਵਿੱਚ ਹੋਇਆ। ਉਹ ਸੱਜੇ ਹੱਥ ਦੇ ਅਤੇ ਮੱਧ ਕ੍ਰਮ ਦੇ ਦਰਮਿਆਨੇ ਤੇਜ਼ ਬੱਲੇਬਾਜ਼ ਹਨ।

ਕੈਨੇਡਾ ਲਈ ਆਪਣਾ ਲਿਸਟ-ਏ ਡੈਬਿਊ ਕਰਨ ਦੇ ਲਗਭਗ ਦਸ ਸਾਲਾਂ ਬਾਅਦ, ਨਵਨੀਤ ਧਾਲੀਵਾਲ ਨੇ 2024 ਦੇ ਟੀ-20 ਵਿਸ਼ਵ ਕੱਪ ਵਿੱਚ ਆਪਣੀ ਟੀਮ ਦਾ ਪਹਿਲਾ ਅਰਧ-ਸੈਂਕੜਾ ਬਣਾਉਣ ਵਾਲਾ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ।

ਉਸਨੇ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਅਮਰੀਕਾ ਵਿਰੁੱਧ 44 ਗੇਂਦਾਂ ਵਿੱਚ 61 ਦੌੜਾਂ ਬਣਾਈਆਂ, ਪਰ ਇਹ ਮੈਚ ਜਿੱਤਣ ਲਈ ਕਾਫ਼ੀ ਨਹੀਂ ਸੀ। ਉਸਨੇ ਟੀ-20 ਆਈ (T20I) ਕ੍ਰਿਕਟ ਵਿੱਚ ਕੈਨੇਡਾ ਦੀ ਕਪਤਾਨੀ ਵੀ ਕੀਤੀ ਹੈ।

ਵਿੰਦਰਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਵਿੰਦਰਪਾਲ ਸਿੰਘ (37) ਸੱਜੇ ਹੱਥ ਦੇ ਬੱਲੇਬਾਜ਼ ਅਤੇ ਰਾਈਟ ਆਰਮ ਆਫ-ਬਰੇਕ ਸਟਾਈਲ ਦੇ ਗੇਂਦਬਾਜ਼ੀ ਕਰਦੇ ਹਨ

ਈਸਪੀਐਨ ਕ੍ਰਿਕਇਨਫੋ ਮੁਤਾਬਕ ਸਾਲ 1988 ਵਿੱਚ ਜਨਮੇ, ਰਵਿੰਦਰਪਾਲ ਸਿੰਘ (37) ਸੱਜੇ ਹੱਥ ਦੇ ਬੱਲੇਬਾਜ਼ ਅਤੇ ਰਾਈਟ ਆਰਮ ਆਫ-ਬਰੇਕ ਸਟਾਈਲ ਦੇ ਗੇਂਦਬਾਜ਼ੀ ਕਰਦੇ ਹਨ।

ਜਦੋਂ ਕਿ ਪਰਗਟ ਸਿੰਘ ਦਾ ਜਨਮ ਪੰਜਾਬ ਦੇ ਰੋਪੜ ਵਿੱਚ 1992 ਨੂੰ ਹੋਇਆ ਉਹ ਸੱਜੇ ਹੱਥ ਦੇ ਬੱਲੇਬਾਜ਼ ਅਤੇ ਦਿਲਪ੍ਰੀਤ ਵਾਂਗ ਹੀ ਰਾਈਟ ਆਰਮ ਆਫ-ਬਰੇਕ ਸਟਾਈਲ ਦੇ ਗੇਂਦਬਾਜ਼ੀ ਕਰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)