ਛੱਕਿਆਂ ਨਾਲ ਸ਼ੀਸ਼ੇ ਭੰਨਣ ਵਾਲੀ ਹਰਮਨ ਕਿਵੇਂ ਬਣੀ ਭਾਰਤੀ ਟੀਮ ਦੀ ਕਪਤਾਨ, ਦਾਰਾਪੁਰ ਦੇ ਮੈਦਾਨ ਤੋਂ ਸ਼ੁਰੂ ਹੋਏ ਸਫ਼ਰ ਦੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਬਰਿੰਦਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਬਲੂ ਜਰਸੀ ਵਿੱਚ ਆਉਣਾ ਮੇਰਾ ਇੱਕ ਸੁਪਨਾ ਸੀ, ਕ੍ਰਿਕਟ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਹੈ, ਕ੍ਰਿਕਟ ਤੋਂ ਬਿਨ੍ਹਾਂ ਨਾ ਮੈਨੂੰ ਕੁਝ ਆਉਂਦਾ ਤੇ ਨਾ ਹੀ ਸ਼ਾਇਦ ਆਏਗਾ।"
ਕਿਸੇ ਸਮੇਂ ਨੀਲੀ ਜਰਸੀ ਵਿੱਚ ਖੇਡਣ ਦਾ ਸੁਪਨਾ ਦੇਖਣ ਵਾਲੀ ਉਹ ਕੁੜੀ ਅੱਜ ਦੇ ਸਮੇਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹੈ ਤੇ ਜਿਸ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਨਵੇਂ ਮੀਲ ਪੱਥਰ ਸਥਾਪਤ ਕੀਤੇ ਹਨ।
ਗੱਲ ਪੰਜਾਬ ਦੇ ਮੋਗੇ ਦੀ ਜੰਮਪਲ ਹਰਮਨਪ੍ਰੀਤ ਕੌਰ ਦੀ ਹੋ ਰਹੀ ਹੈ, ਜਿਸ ਨੇ ਕਿਸੇ ਸਮੇਂ ਹਾਕੀ ਨਾਲ ਕ੍ਰਿਕਟ ਖੇਡੀ ਤੇ ਹੁਣ ਕ੍ਰਿਕਟ ਦੀ ਦੁਨੀਆਂ ਵਿੱਚ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ।
ਆਈਸੀਸੀ ਮਹਿਲਾ ਵਿਸ਼ਵ ਕ੍ਰਿਕਟ ਕੱਪ 2025 ਦੇ ਫਾਇਨਲ ਵਿੱਚ ਭਾਰਤੀ ਕ੍ਰਿਕਟ ਟੀਮ ਹਰਮਨਪ੍ਰੀਤ ਦੀ ਅਗਵਾਈ ਵਿੱਚ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣੀ ਹੈ।
ਇਸ ਰਿਪੋਰਟ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਹੁਣ ਤੱਕ ਦੇ ਸਫ਼ਰ ਤੇ ਉਨ੍ਹਾਂ ਨਾਲ ਜੁੜੀਆਂ ਰੌਚਕ ਗੱਲਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ।
ਜਦੋਂ ਮੋਗੇ ਦੇ ਮੈਦਾਨ 'ਚ ਕੋਚ ਨੇ ਕੀਤੀ ਅਸਲ ਖਿਡਾਰਨ ਦੀ ਪਛਾਣ

ਤਸਵੀਰ ਸਰੋਤ, hartaj singh sodhi
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੌਜੂਦਾ ਕਪਤਾਨ ਹਰਮਨਪ੍ਰੀਤ ਕੌਰ ਦਾ ਪਿਛੋਕੜ ਮੋਗਾ ਸ਼ਹਿਰ ਨਾਲ ਹੈ। ਇੱਥੋਂ ਦੇ ਹੀ ਇੱਕ ਮੈਦਾਨ ਵਿੱਚ ਹਰਮਨਪ੍ਰੀਤ ਨੂੰ ਖੇਡਦੇ ਹੋਏ ਕੋਚ ਕਮਲਦੀਸ਼ ਸਿੰਘ ਸੋਢੀ ਨੇ ਉਨ੍ਹਾਂ ਦੇ ਹੁਨਰ ਨੂੰ ਪਛਾਣ ਲਿਆ ਸੀ।
ਇਹ ਉਹੀ ਮੁਲਾਕਾਤ ਸੀ ਜਿਸ ਨੇ ਹਰਮਨਪ੍ਰੀਤ ਕੌਰ ਨੂੰ ਉਨ੍ਹਾਂ ਦੇ ਇੱਕ ਖਿਡਾਰਨ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਖੰਭ ਦੇਣੇ ਸਨ।
ਹਰਮਨਪ੍ਰੀਤ ਕੌਰ ਦੇ ਪਹਿਲੇ ਕੋਚ ਕਮਲਦੀਸ਼ ਸਿੰਘ ਨੇ ਬੀਬੀਸੀ ਨਾਲ ਖਾਸ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਇੱਕ ਬੱਚੀ ਨੂੰ ਮੋਗੇ ਦੇ ਮੈਦਾਨ ਵਿੱਚ ਖੇਡਦੇ ਹੋਏ ਦੇਖਿਆ ਤੇ ਖੇਡ ਪ੍ਰਤੀ ਉਸਦੇ ਹੁਨਰ ਨੂੰ ਤਰਾਸ਼ਿਆ।
ਉਹ ਦੱਸਦੇ ਹਨ, "ਮੈਂ ਰੋਜ਼ਾਨਾ ਦੀ ਤਰ੍ਹਾਂ ਮੋਗੇ ਦੇ ਮੈਦਾਨ ਵਿੱਚ ਸੈਰ ਕਰ ਰਿਹਾ ਸੀ, ਮੈਂ ਇੱਕ ਲੜਕੀ ਨੂੰ ਮੁੰਡਿਆਂ ਨਾਲ ਕ੍ਰਿਕਟ ਖੇਡਦੇ ਦੇਖਿਆ ਤਾਂ ਮੈਂ ਪੁੱਛਿਆ ਕਿ ਤੂੰ ਕ੍ਰਿਕਟ ਖੇਡਣਾ ਚਾਹੁੰਦੀ ਹੈ ਤਾਂ ਉਸ ਨੇ ਕਿਹਾ, 'ਜੀ ਹਾਂ'। ਮੈਂ ਫਿਰ ਉਨ੍ਹਾਂ ਦੇ ਪਿਤਾ ਨਾਲ ਗੱਲ ਕੀਤੀ ਕਿ ਇਸਦਾ ਸਾਰਾ ਖਰਚ ਮੈਂ ਕਰਾਂਗਾ ਪੜ੍ਹਾਈ ਤੋਂ ਲੈ ਕੇ ਖੇਡ ਤੱਕ ਦਾ ਅਤੇ ਮੇਰੇ ਸਕੂਲ ਦੀ ਵੈਨ ਹੀ ਇਸ ਨੂੰ ਲੈ ਕੇ ਜਾਵੇਗੀ ਤੇ ਛੱਡ ਕੇ ਜਾਵੇਗੀ।"
ਕਮਲਦੀਸ਼ ਸਿੰਘ ਮੋਗੇ ਤੋਂ ਵੀਹ ਕਿਲੋਮੀਟਰ ਦੂਰ ਇੱਕ ਸਕੂਲ ਗਿਆਨ ਜਯੋਤੀ ਸੀਨੀਅਰ ਸੈਕੰਡਰੀ ਸਕੂਲ ਅਤੇ ਕ੍ਰਿਕਟ ਅਕੈਡਮੀ ਚਲਾਉਂਦੇ ਹਨ।
ਉਹ ਅੱਗੇ ਦੱਸਦੇ ਹਨ ਕਿ ਹਰਮਨ ਦੇ ਪਿਤਾ ਉਨ੍ਹਾਂ ਦੇ ਕਹਿਣ 'ਤੇ ਰਾਜ਼ੀ ਹੋ ਗਏ।
"ਮੈਂ ਹਰਮਨ ਨੂੰ 2007 ਵਿੱਚ ਲੈ ਆਇਆ ਸੀ, ਉਦੋਂ ਤੋਂ ਹੀ ਇਸ ਉਪਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਸੀ।"
ਦਾਰਾਪੁਰ ਤੋਂ ਭਾਰਤੀ ਟੀਮ ਤੱਕ ਦਾ ਸਫ਼ਰ

ਤਸਵੀਰ ਸਰੋਤ, hartaj singh sodhi
ਕਮਲਦੀਸ਼, ਹਰਮਨ ਦੀ ਮੁੱਢਲੀ ਸਿਖਲਾਈ ਬਾਰੇ ਦੱਸਦੇ ਹਨ ਕਿ ਉਹ ਹਰਮਨਪ੍ਰੀਤ ਨੂੰ ਮੁੰਡਿਆਂ ਨਾਲ ਖਿਡਾਉਂਦੇ ਸੀ ਅਤੇ ਅਭਿਆਸ ਕਰਵਾਉਂਦੇ ਸਨ।
"ਹਰਮਨ ਵਿੱਚ ਇੱਕ ਖਿਡਾਰੀ ਬਣਨ ਦਾ ਜਨੂੰਨ ਸੀ ਤੇ ਉਹ ਇਸੇ ਤਰ੍ਹਾਂ ਪ੍ਰੈਕਟਿਸ ਕਰਦੀ ਸੀ। ਮੈਂ ਉਸ ਨੂੰ ਸੌ-ਸੌ ਕੈਚ ਕਰਵਾਉਂਦਾ ਸੀ। ਉਹ ਮੁੰਡਿਆਂ ਨੂੰ ਪਿੱਛੇ ਛੱਡ ਦਿੰਦੀ ਸੀ। ਇੱਥੋਂ ਹੀ ਉਸ ਨੇ ਆਪਣੀ ਪਹਿਲੀ ਸਟੇਟ ਖੇਡੀ ਤੇ ਫਿਰ ਨੈਸ਼ਨਲ ਅਤੇ ਇੱਥੋਂ ਹੀ 2009 ਵਿੱਚ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣੀ।"
ਕਮਲਦੀਸ਼ ਦੱਸਦੇ ਹਨ ਕਿ ਉਨ੍ਹਾਂ ਤੇ ਉਨ੍ਹਾਂ ਦੇ ਪੁੱਤਰ ਯਾਦਵਿੰਦਰ ਸਿੰਘ ਹਰਮਨਪ੍ਰੀਤ ਕੌਰ ਨੂੰ ਕ੍ਰਿਕਟ ਦੀ ਮੁੱਢਲੀ ਸਿਖਲਾਈ ਦਿੰਦੇ ਸਨ।

ਹਰਮਨਪ੍ਰੀਤ ਦੇ ਸੁਭਾਅ ਬਾਰੇ ਗੱਲ ਕਰਦੇ ਹੋਏ ਕਮਲਦੀਸ਼ ਦੱਸਦੇ ਹਨ, "ਮੈਂ ਉਸ ਨੂੰ ਮੁੰਡਿਆਂ ਵਿੱਚ ਹੀ ਖਿਡਾਉਂਦਾ ਸੀ। ਉਸ ਪਿੱਛੇ ਕਾਰਨ ਇਹ ਸੀ ਕਿ ਜਦੋਂ ਤੁਸੀਂ ਆਪਣੇ ਤੋਂ ਤਕੜੇ ਨਾਲ ਖੇਡਦੇ ਹੋ ਤਾਂ ਤੁਹਾਡੀ ਖੇਡ ਵਿੱਚ ਹੋਰ ਜ਼ਿਆਦਾ ਨਿਖਾਰ ਆਉਂਦਾ। ਮੇਰੇ ਕੋਲ ਹਰਮਨ ਸ਼ੁਰੂਆਤ ਵਿੱਚ ਤੇਜ਼ ਗੇਂਦਬਾਜ਼ੀ ਕਰਦੀ ਸੀ, ਫਿਰ ਇਹ ਬੱਲੇਬਾਜ਼ੀ ਵਾਲੇ ਪਾਸੇ ਆਈ। ਪਰ ਜਦੋਂ ਇੰਡੀਆ ਟੀਮ ਵਿੱਚ ਗਈ ਉੱਥੇ ਇਨ੍ਹਾਂ ਤੋਂ ਕੋਚਾਂ ਨੇ ਸਪਿਨ ਵੀ ਸ਼ੁਰੂ ਕਰਵਾ ਦਿੱਤੀ।"
ਇੱਕ ਕਿੱਸਾ ਯਾਦ ਕਰਦੇ ਹੋਏ ਕਲਮਦੀਸ਼ ਦੱਸਦੇ ਹਨ, "ਪਟਿਆਲਾ ਵਿੱਚ ਸਾਡੀ ਟੀਮ ਦਾ ਸਟੇਟ ਪੱਧਰੀ ਟੂਰਨਾਮੈਂਟ ਦਾ ਫਾਈਨਲ ਹੋ ਰਿਹਾ ਸੀ, ਉਦੋਂ ਜਦੋਂ ਹਰਮਨ ਨੇ ਛਿੱਕਾ ਮਾਰਿਆ ਤਾਂ ਮੈਦਾਨ ਦੇ ਨੇੜੇ ਕਿਸੇ ਦੇ ਮਕਾਨ ਦਾ ਸ਼ੀਸ਼ਾ ਟੁੱਟ ਗਿਆ। ਉਸ ਮਕਾਨ ਦੇ ਮਾਲਕ ਗਰਮਾ-ਗਰਮੀ ਹੋਏ ਮੈਦਾਨ ਵਿੱਚ ਆਏ ਤੇ ਬੋਲਣ ਲੱਗੇ ਕਿ ਕਿਸ ਨੇ ਇਹ ਕੀਤਾ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁੜੀ ਨੇ ਛਿੱਕਾ ਮਾਰਿਆਂ ਤਾਂ ਉਹ ਵੀ ਫਿਰ ਹਰਮਨ ਨੂੰ ਹੱਲਾਸ਼ੇਰੀ ਦੇ ਕੇ ਗਏ।"
ਦਾਦੀ ਦਾ ਸੁਪਨਾ ਕਿਵੇਂ ਪੂਰਾ ਹੋਇਆ

ਤਸਵੀਰ ਸਰੋਤ, hartaj singh sodhi
ਹਰਮਨਪ੍ਰੀਤ ਕੌਰ ਖੁਦ ਤਾਂ ਕ੍ਰਿਕਟਰ ਬਣਨਾ ਚਾਹੁੰਦੇ ਸੀ ਪਰ ਉਨ੍ਹਾਂ ਦੀ ਦਾਦੀ ਦਾ ਵੀ ਇੱਕ ਸੁਪਨਾ ਸੀ। ਕਲਰਜ਼ ਸਿਨੇਪਲੈਕਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਹਰਮਨ ਨੇ ਦੱਸਿਆ, "ਮੈਂ ਸੁਪਨਾ ਸੀ ਮੈਂ ਬਲੂ ਜਰਸੀ ਪਾਉਣੀ ਹੈ ਤੇ ਮੇਰੀ ਦਾਦੀ ਮੈਨੂੰ ਪੁਲਿਸ ਦੀ ਵਰਦੀ ਵਿੱਚ ਦੇਖਣਾ ਚਾਹੁੰਦੇ ਸੀ।"
2018 ਵਿੱਚ ਜਦੋਂ ਹਰਮਨਪ੍ਰੀਤ ਭਾਰਤੀ ਕ੍ਰਿਕਟ ਟੀਮ ਵੱਲੋਂ ਖੇਡ ਰਹੇ ਸੀ, ਉਸ ਸਮੇਂ ਉਨ੍ਹਾਂ ਦੇ ਖੇਡ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸ ਸਮੇਂ ਦੀ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਅਹੁਦੇ ਨਾਲ ਸਨਮਾਨਿਆ ਗਿਆ।
ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ।
ਕਮਲਦੀਸ਼ ਸਿੰਘ ਦੱਸਦੇ ਹਨ ਕਿ ਇੱਕ ਦਿਨ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪੀਏ ਦਾ ਫੋਨ ਆਇਆ ਕਿ ਕੈਪਟਨ ਸਾਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ।
"ਮੈਂ ਸਮੇਂ ਬਹੁਤ ਹੈਰਾਨ ਸੀ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਦਾ ਫੋਨ ਕਿੱਥੋਂ ਆ ਗਿਆ। ਜਦੋਂ ਮੈਂ ਉਨ੍ਹਾਂ ਨਾਲ ਫੋਨ ਉੱਤੇ ਗੱਲ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਹਰਮਨ ਦੇ ਕੋਚ ਹੋ, ਮੈਂ ਕਿਹਾ ਹਾਂਜੀ ਤਾਂ ਉਹ ਕਹਿੰਦੇ ਤੁਸੀਂ ਆਪਣੀ ਨਾਲ ਹਰਮਨ ਨੂੰ ਤੇ ਉਸ ਦੇ ਪਰਿਵਾਰ ਨੂੰ ਲੈ ਕੇ ਮੇਰੀ ਕੋਠੀ ਆਉਣਾ ਤੇ ਆਪਾਂ ਹਰਮਨਪ੍ਰੀਤ ਨੂੰ ਡੀਐੱਸਪੀ ਦਾ ਤਾਰਾ ਲਗਾਉਣਾ।"
ਕਮਲਦੀਸ਼ ਦੱਸਦੇ ਹਨ ਕਿ ਉਸ ਦਿਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਮਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਵਿੱਚ ਡੀਐੱਸਪੀ ਦਾ ਅਹੁਦਾ ਸੌਂਪਿਆ।
ਮੈਦਾਨ ਵਿੱਚ ਵਿਵਹਾਰ

ਤਸਵੀਰ ਸਰੋਤ, hartaj singh sodhi
ਬੀਬੀਸੀ ਨਾਲ ਗੱਲਬਾਤ ਕਰਦਿਆਂ ਭਾਰਤ ਦੇ ਸਾਬਕਾ ਮੁੱਖ ਕੋਚ ਡਬਲਯੂਵੀ ਰਮਨ ਨੇ ਕਿਹਾ ਸੀ ਕਿ, "ਹਰਮਨ ਦੇ ਨਾਲ ਕੰਮ ਕਰਨ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਜੋ ਮੈਨੂੰ ਯਾਦ ਹੈ ਉਹ ਸੀ ਕਿ ਉਹ ਹਮੇਸ਼ਾ ਟੀਮ ਲਈ ਕੁਝ ਕਰਨ ਦੀ ਕੋਸ਼ਿਸ਼ ਕਰਦੀ ਸੀ।"
ਕਮਲਦੀਸ਼ ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਉਂਦੇ ਹਨ ਕਿ ਹਰਮਨ ਦੀ ਇੱਕ ਗੱਲ ਬਹੁਤ ਖਾਸ ਹੈ ਕੇ ਉਹ ਆਪਣੇ ਲਈ ਨਹੀਂ ਬਲਕਿ ਟੀਮ ਲਈ ਖੇਡਦੀ ਹੈ।
"ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਬਹੁਤ ਖਿਡਾਰੀ ਹੋਏ ਨੇ ਜੋ ਆਪਣੇ ਕਰੀਅਰ ਵਿੱਚ ਖੁਦ ਨੂੰ ਪਹਿਲ ਦੇ ਕੇ ਖੇਡੇ ਪਰ ਇਥੇ ਹਰਮਨ ਦੇ ਮਾਮਲੇ ਵਿੱਚ ਉਲਟ ਹੈ। ਇਹ ਬਹੁਤ ਅਗਰੈਸਿਵ ਸੁਭਾਅ ਦੀ ਹੈ, ਜੋ ਹਮੇਸ਼ਾ ਟੀਮ ਲਈ ਕੁਝ ਕਰਨਾ ਜਾਣਦੀ ਹੈ ਤੇ ਕਰਨਾ ਚਾਹੁੰਦੀ ਹੈ।"
ਬਤੌਰ ਕਪਤਾਨ ਅਤੇ ਬੱਲੇਬਾਜ਼ ਦੀ ਭੂਮਿਕਾ

2017 ਦੇ ਮਹਿਲਾ ਵਿਸ਼ਵ ਕੱਪ ਵਿੱਚ ਜਦੋਂ ਆਸਟ੍ਰੇਲੀਆ ਖ਼ਿਲਾਫ਼ ਹਰਮਨਪ੍ਰੀਤ ਕੌਰ ਨੇ 171 ਦੌੜਾਂ ਦੀ ਪਾਰੀ ਖੇਡੀ ਤਾਂ ਇੱਕ ਵਾਰ ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਹ ਉਹੀ ਮੁਕਾਬਲਾ ਸੀ ਜਿਸ ਨੇ ਇੱਕ ਵਾਰ ਵਿਸ਼ਵ ਭਰ ਵਿੱਚ ਭਾਰਤੀ ਮਹਿਲਾ ਕ੍ਰਿਕਟ ਦੀ ਟੀਮ ਵੱਲ ਸਾਰਿਆਂ ਦਾ ਧਿਆਨ ਖਿੱਚਿਆ।
ਜੇ ਹਰਮਨ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 160 ਵਨਡੇਅ ਮੈਚਾਂ ਵਿੱਚ 4300 ਤੋਂ ਵੱਧ ਦੌੜਾਂ ਬਣਾਈਆਂ ਹਨ ਜਿਸ ਦੇ ਵਿੱਚ 7 ਸੈਂਕੜੇ ਸ਼ਾਮਿਲ ਹਨ । ਇਸ ਦੇ ਨਾਲ ਹੀ ਟੀ20 ਇੰਟਰਨੈਸ਼ਨਲ ਮੈਚਾਂ ਵਿੱਚ 3600 ਤੋਂ ਵੱਧ ਦੌੜਾਂ ਬਣਾਈਆਂ ਹਨ।
ਉਨ੍ਹਾਂ ਦੀ ਇਸ ਯਾਦਗਾਰ ਪਾਰੀ ਤੋਂ ਬਾਅਦ ਬੇਸ਼ੱਕ ਉਹ ਮੁੜ ਉਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਖੇਡ ਪ੍ਰੇਮੀਆਂ ਤੇ ਮਾਹਰ ਇਸ ਉਮੀਦ ਵਿੱਚ ਜ਼ਰੂਰ ਹਨ ਕਿ ਉਹ ਮੁੜ ਇਹ ਕਮਾਲ ਕਰਕੇ ਦਿਖਾਉਣਗੇ।
ਕਮਲਦੀਸ਼ ਸਿੰਘ ਸੋਢੀ ਕਹਿੰਦੇ ਹਨ, "ਜਿਵੇਂ ਵਿਰਾਟ ਕੋਹਲੀ ਨੇ ਆਪਣੀ ਖੇਡ ਵਿੱਚ ਜਾਨ ਪਾਈ ਹੈ, ਉਸ ਤਰ੍ਹਾਂ ਹਰਮਨ ਨੇ ਵੀ ਇਹ ਕਰਕੇ ਦਿਖਾਇਆ। ਜਦੋਂ ਉਸਦਾ ਬੱਲਾ ਚੱਲਦਾ ਫਿਰ ਉਸਦੇ ਸਾਹਮਣੇ ਕੋਈ ਨਹੀਂ ਟਿੱਕਦਾ। ਹਰਮਨ ਆਪਣੀ ਖੇਡ ਨੂੰ ਪੂਰੇ ਜੋਸ਼ੋ-ਖਰੋਸ਼ ਨਾਲ ਖੇਡਦੀ ਹੈ ਤੇ ਉਹ ਤਾਕਤਵਰ ਹੈ ਤੇ ਲੰਬੇ ਸ਼ਾਟ ਲਗਾਉਣ ਦਾ ਵੀ ਦਮ ਰੱਖਦੀ ਹੈ।"
ਉਹ ਦੱਸਦੇ ਹਨ ਕਿ ਸ਼ੁਰੂਆਤ ਸਮੇਂ ਵਿੱਚ ਹਰਮਨ ਨੇ ਥੋੜ੍ਹਾ ਦਬਾਅ ਮਹਿਸੂਸ ਕੀਤਾ ਪਰ ਬਾਅਦ ਵਿੱਚ ਉਸ ਨੇ ਖੁਦ ਨੂੰ ਸੰਭਾਲਿਆ।
"ਹਰਮਨ ਦੀ ਕਪਤਾਨੀ ਵਿੱਚ ਬਾਕੀ ਖਿਡਾਰਨਾਂ ਵੀ ਬਿਨ੍ਹਾਂ ਦਬਾਅ ਤੋਂ ਇਕਜੁੱਟਤਾ ਨਾਲ ਖੇਡਦੀਆਂ ਹਨ। ਹਰਮਨ ਤੋਂ ਉਸ ਨੇ ਪੰਜਾਬ ਦੀਆਂ ਕੁੜੀਆਂ ਨਾਲ ਵੀ ਰਾਹ ਖੋਲ੍ਹਿਆ ਹੈ।"
ਉਹ ਮੰਨਦੇ ਹਨ ਕਿ ਹਰਮਨਪ੍ਰੀਤ ਦੇ ਖੇਡ ਪ੍ਰਦਰਸ਼ਨ ਤੋਂ ਬਾਅਦ ਮਹਿਲਾ ਕ੍ਰਿਕਟ ਵਿੱਚ ਲੋਕਾਂ ਦੀ ਲੋਕਪ੍ਰਿਯਤਾ ਵਧੀ ਹੈ।
ਹਰਤਾਜ ਸਿੰਘ ਕਲਮਦੀਸ਼ ਸਿੰਘ ਦੇ ਪੁੱਤਰ ਹਨ ਅਤੇ ਕੌਮੀ ਪੱਧਰ ਦੇ ਕ੍ਰਿਕਟਰ ਰਹਿ ਚੁੱਕੇ ਹਨ।
ਉਹ ਦੱਸਦੇ ਹਨ ਕਿ ਹੁਣ ਲੜਕੀਆਂ ਦਾ ਦੌਰ ਹੈ।
"ਪਹਿਲਾਂ ਔਰਤਾਂ ਦੀ ਮੈਚ ਫੀਸ ਪੁਰਸ਼ਾਂ ਦੇ ਮੁਕਾਬਲੇ ਬਹੁਤ ਘੱਟ ਸੀ ਅਤੇ ਹੁਣ ਇਹ ਫੀਸ ਬਰਾਬਰ ਹੈ। ਹਰਮਨ ਹੋਰਾਂ ਲੜਕੀਆਂ ਲਈ ਪ੍ਰੇਰਣਾਸਰੋਤ ਵੀ ਬਣ ਰਹੀ ਹੈ। ਉਹ ਆਪਣੀ ਫਿਟਨੈੱਸ ਵੱਲ ਬਹੁਤ ਧਿਆਨ ਰੱਖਦੀ ਹੈ ਤੇ ਅੱਜ ਵੀ ਤੁਸੀਂ ਦੇਖੋਗੇ ਹਰਮਨ ਨਵੀਆਂ ਕੁੜੀਆਂ ਨਾਲੋਂ ਕਿਤੇ ਜ਼ਿਆਦਾ ਫਿੱਟ ਹੈ, ਜੋ ਉਸ ਨੂੰ ਹੋਰਾਂ ਨਾਲੋਂ ਵੱਖਰਾ ਕਰਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












