ਗੁਰੂ ਗੋਬਿੰਦ ਸਿੰਘ ਨੂੰ ਪ੍ਰੇਰਣਾ ਮੰਨਣ ਵਾਲੇ ਪਾਵਰ ਸਲੈਪ ਚੈਂਪੀਅਨ ਜੁਝਾਰ ਸਿੰਘ ਨੇ ਦੱਸਿਆ ਜਿੱਤ ਦਾ ਤਜਰਬਾ

ਜੁਝਾਰ ਸਿੰਘ
ਤਸਵੀਰ ਕੈਪਸ਼ਨ, ਜੁਝਾਰ ਸਿੰਘ 24 ਅਕਤੂਬਰ ਨੂੰ ਆਬੂ ਧਾਬੀ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਵਿੱਚ ਜਿੱਤ ਦਰਜ ਕਰਵਾ ਆਏ ਹਨ।
    • ਲੇਖਕ, ਬਿਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

"ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਪਹਿਲਾ ਭਾਰਤੀ ਅਤੇ ਪਹਿਲਾ ਪੰਜਾਬੀ ਹਾਂ ਜੋ ਪਾਵਰ ਸਲੈਪ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਕੇ ਆਇਆ ਅਤੇ ਜਿੱਤ ਦਰਜ ਕਰ ਕੇ ਆਇਆ ਹਾਂ।"

ਇਹ ਸ਼ਬਦ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਜੁਝਾਰ ਸਿੰਘ ਦੇ ਹਨ, ਜਿਨ੍ਹਾਂ ਦੇ 24 ਅਕਤੂਬਰ ਨੂੰ ਆਬੂ ਧਾਬੀ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਵਿੱਚ ਜਿੱਤ ਦਰਜ ਕਰਵਾਈ।

ਜੁਝਾਰ ਸਿੰਘ ਨੇ ਇਸ ਮੁਕਾਬਲੇ ਵਿੱਚ ਰੂਸ ਖਿਡਾਰੀ ਐਨਾਟਲੀ ਗਲੂਸ਼ਕਾ ਨੂੰ ਹਰਾਇਆ ਸੀ। ਜੁਝਾਰ ਸਿੰਘ ਦੱਸਦੇ ਹਨ ਉਹ ਪਾਵਰ ਸਲੈਪ ਵਿੱਚ ਰੂਸ ਦੇ ਚੈਂਪੀਅਨ ਸਨ ਅਤੇ ਉਨ੍ਹਾਂ ਦਾ ਨੌ ਜ਼ੀਰੋ ਦਾ ਰਿਕਾਰਡ ਸੀ, "ਜਿਸ ਨੂੰ ਹਰਾ ਕੇ ਮੈਂ ਹੀ ਉਸ ਦਾ ਰਿਕਾਰਡ ਤੋੜਿਆ ਹੈ।"

ਮੁਕਾਬਲੇ ਬਾਰੇ ਦੱਸਦਿਆਂ ਜੁਝਾਰ ਸਿੰਘ ਨੇ ਕਿਹਾ ਕਿ ਇਸ ਵਾਰ ਦੇ ਮੁਕਾਬਲੇ ਵਿੱਚ 16 ਫਾਇਟਾਂ ਹੋਈਆਂ, ਜਿਸ ਵਿੱਚ 32 ਖਿਡਾਰੀ ਸ਼ਾਮਲ ਸਨ ਅਤੇ 11 ਦੇਸ਼ਾਂ ਨੇ ਹਿੱਸਾ ਲਿਆ ਸੀ।

ਜਿੱਤ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਕਈ ਕਲਾਕਾਰਾਂ, ਸਿਆਸੀ ਹਸਤੀਆਂ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਸਨਮਾਨਿਤ ਵੀ ਕੀਤਾ।

ਗੁਰੂ ਗੋਬਿੰਦ ਸਿੰਘ ਜੀ ਨੂੰ ਰੋਲ ਮਾਡਲ ਮੰਨਣ ਵਾਲੇ ਜੁਝਾਰ ਸਿੰਘ ਦੱਸਦੇ ਹਨ ਕਿ ਉਹ 20 ਸਾਲਾਂ ਤੋਂ ਭਲਵਾਨੀ ਕਰਦੇ ਹਨ ਅਤੇ ਫਿਰ ਐੱਮਐੱਮਏ (ਮਿਕਸ ਮਾਰਸ਼ਲ ਆਰਟ) ਫਾਇੰਟਿਗ ਵਿੱਚ ਚਲੇ ਗਏ ਸਨ। ਪਾਵਰ ਸਲੈਪ ਵੀ ਉਸੇ ਦਾ ਇੱਕ ਹਿੱਸਾ ਹੈ।

ਉਨ੍ਹਾਂ ਮੁਤਾਬਕ, ਉਹ ਸਾਲ 2013 ਤੋਂ ਮਾਰਸ਼ਲ ਆਰਟ ਕਰ ਰਹੇ ਅਤੇ ਪਿਛਲੇ ਛੇ ਮਹੀਨਿਆਂ ਤੋਂ ਪਾਵਰ ਸਲੈਪ ਦੀ ਖੇਡ ਵਿੱਚ ਆਏ ਹਨ। ਇਸ ਤੋਂ ਇਲਾਵਾ ਕੁਸ਼ਤੀ ਵਿੱਚ 2005 ਤੋਂ ਹਨ।

ਇਸ ਦੇ ਨਾਲ ਹੀ ਜੁਝਾਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਚਾਰੇ ਸਾਹਿਬਜ਼ਾਦਿਆਂ ਤੋਂ ਪ੍ਰੇਰਨਾ ਮਿਲਦੀ ਹੈ।

ਉਹ ਕਹਿੰਦੇ ਹਨ, "ਮੇਰੀ ਦਿਲੀ ਤਮੰਨਾ ਹੈ ਕਿ ਮੈਂ ਸਾਰੀਆਂ ਮਾਰਸ਼ਲ ਆਰਟਸ ਇੱਕ ਵਾਰ ਜ਼ਰੂਰ ਖੇਡਾਂ।"

ਜੁਝਾਰ ਸਿੰਘ ਪੇਸ਼ੇ ਵਜੋਂ ਸਕੂਲ ਅਧਿਆਪਕ ਹਨ ਅਤੇ ਉਹ ਰੋਪੜ ਨੇੜੇ ਸੋਲਖ਼ੀਆਂ ਦੇ ਇੱਕ ਸਕੂਲ ਵਿੱਚ ਪੜਾਉਂਦੇ ਹਨ। ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ, ਪਤਨੀ, ਇੱਕ ਪੁੱਤਰ, ਇੱਕ ਭਰਾ ਅਤੇ ਇੱਕ ਛੋਟੀ ਭੈਣ ਹੈ।

ਜੁਝਾਰ ਸਿੰਘ

ਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਟਕਰਾਅ

ਜੁਝਾਰ ਸਿੰਘ ਦੱਸਦੇ ਹਨ ਕਿ ਉੱਥੇ ਗੋਰੇ ਉਨ੍ਹਾਂ ਨੂੰ ਬਹੁਤ ਹੀ ਹਲਕੇ ਵਿੱਚ ਲੈ ਰਹੇ ਸਨ ਅਤੇ ਉਨ੍ਹਾਂ ਦੇ ਡੀਲ-ਡੌਲ ਵੀ ਜ਼ਿਆਦਾ ਹੁੰਦੇ ਹਨ।

"ਉਨ੍ਹਾਂ ਨੂੰ ਲੱਗਦਾ ਹੀ ਨਹੀਂ ਸੀ ਕਿ ਮੈਂ ਹੈਵੀ ਵੇਟ ਹਾਂ ਪਰ ਜਦੋਂ ਵੇਟ ਹੋਇਆ ਤਾਂ ਪਤਾ ਲੱਗਾ ਕਿ ਮੈਂ ਵੀ ਹੈਵੀ ਵੇਟ ਹਾਂ। ਉਸ ਤੋਂ ਬਾਅਦ ਉਨ੍ਹਾਂ ਨੇ ਮੇਰਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ, ਜਿਵੇਂ ਕਿਸੇ ਦੀ ਰਣਨੀਤੀ ਹੁੰਦੀ ਹੈ ਕਿ ਬੰਦੇ ਦਾ ਪਹਿਲਾਂ ਹੀ ਮਨੋਬਲ ਤੋੜ ਦਿਓ ਤਾਂ ਜੋ ਉਹ ਮੈਚ ਤੱਕ ਥੋੜ੍ਹਾ ਕਮਜ਼ੋਰ ਪੈ ਜਾਵੇ।"

"ਪਰ ਮੈਂ ਉਸ ਚੀਜ਼ ਨੂੰ ਨਕਾਰਾਤਮਕ ਤੌਰ ਉੱਤੇ ਨਹੀਂ ਲਿਆ ਸਗੋਂ ਮੈਂ ਹੋਰ ਸਕਾਰਾਤਮਕ ਹੋ ਗਿਆ ਸੀ।"

ਜੁਝਾਰ ਸਿੰਘ ਦੱਸਦੇ ਹਨ, "ਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਮੈਂ ਰੂਸ ਦੀ ਸਾਰੀ ਟੀਮ ਨੂੰ ਮਿਲਣ ਗਿਆ ਸੀ ਅਤੇ ਮੈਂ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਗਿਆ ਸੀ। ਪਰ ਉਨ੍ਹਾਂ ਨੇ ਆਪਣੀ ਭਾਸ਼ਾ ਵਿੱਚ ਮੇਰਾ ਮਖੌਲ ਉਡਾਉਣ ਦੀ ਕੋਸ਼ਿਸ਼ ਕੀਤੀ। ਮੈਨੂੰ ਬੁਰਾ ਲੱਗਾ ਪਰ ਮੇਰੇ ਮੈਨੇਜਰ ਨੇ ਮੈਨੂੰ ਸਮਝਾਇਆ। ਫਿਰ ਮੈਂ ਉਨ੍ਹਾਂ ਕਹਿ ਆਇਆ ਕਿ ਮੁਕਾਬਲੇ ਵਿੱਚ ਦੇਖਦੇ ਹਾਂ।"

"ਬੱਸ ਫਿਰ ਸਬੱਬ ਵੀ ਇਸ ਤਰ੍ਹਾਂ ਦਾ ਬਣਿਆ ਕਿ ਅਗਲੇ ਦਿਨ ਮੁਕਾਬਲੇ ਵਿੱਚ ਅਸੀਂ ਆਹਮੋ-ਸਾਹਮਣੇ ਹੋ ਗਏ।

ਜੁਝਾਰ ਸਿੰਘ ਇਸ ਮੁਕਾਬਲੇ ਤੋਂ ਪਹਿਲਾਂ ਦੁਬਈ ਵਿੱਚ ਵੀ ਪਾਵਰ ਸਲੈਪ ਖੇਡ ਕੇ ਆਏ ਸਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉੱਥੇ ਇੰਗਲੈਂਡ ਦੇ ਖਿਡਾਰੀ ਨੂੰ ਹਰਾਇਆ ਸੀ।

ਜੁਝਾਰ ਸਿੰਘ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਜਿੱਤ ਦਰਜ ਕਰਵਾਈ ਤਾਂ "ਮੈਂ ਤੇ ਮੇਰਾ ਮੈਨੇਜਰ ਅਸੀਂ ਨੱਚਣ ਲੱਗ ਪਏ ਅਤੇ ਗਾਣਾ ਵੀ ਲਗਾ ਦਿੱਤਾ ਗਿਆ। ਸਾਡੇ ਨਾਲ ਉਦੋਂ ਗੋਰੇ ਅਤੇ ਸ਼ੇਖ਼ ਵੀ ਨੱਚਣ ਲੱਗ ਪਏ ਸਨ।"

ਵੀਡੀਓ ਕੈਪਸ਼ਨ, ਜੁਝਾਰ ਸਿੰਘ ਨੇ ਕਿਵੇਂ ਜਿੱਤਿਆ ਪਾਵਰ ਸਲੈਪ ਮੁਕਾਬਲਾ, ਕਿਵੇਂ ਭਲਵਾਨੀ ਤੋਂ ਸਲੈਪ ਚੈਂਪੀਅਨ ਬਣੇ ਜੁਝਾਰ ਸਿੰਘ

ਰੋਜ਼ਾਨਾ ਦੀ ਰੂਟੀਨ

ਜੁਝਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਸਾਢੇ ਤਿੰਨ ਵਜੇ ਸ਼ੁਰੂ ਹੋ ਜਾਂਦੀ ਹੈ। "ਪਹਿਲਾਂ ਮੈਂ ਗਰਾਊਂਡ ਵਰਕ ਕਰਦਾ ਹਾਂ ਅਤੇ ਫਿਰ ਮੈਂ ਆਪਣੀ ਨੌਕਰੀ ਉੱਤੇ ਜਾਂਦਾ ਹਾਂ। ਉੱਥੇ ਵੀ ਬੱਚਿਆਂ ਨਾਲ ਸਾਰਾ ਦਿਨ ਖੇਡ ਨਾਲ ਜੁੜੇ ਕੰਮ ਹੁੰਦੇ ਹਨ।"

"ਸ਼ਾਮ ਨੂੰ ਫਿਰ ਖੇਡ ਦਾ ਅਭਿਆਸ ਹੁੰਦਾ ਹੈ ਜੋ ਭਲਵਾਨੀ ਅਤੇ ਮਿੱਟੀ ਦੀ ਕੁਸ਼ਤੀ ਹੈ। ਮਿੱਟੀ ਦੀ ਕੁਸ਼ਤੀ ਵਿੱਚ ਗਰਦਨ ਦੀ ਮਜ਼ਬੂਤੀ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਖੇਡ ਵਿੱਚ ਸਾਰਾ ਦਿਨ ਨਿਕਲ ਜਾਂਦਾ ਹੈ।"

ਜੁਝਾਰ ਸਿੰਘ ਦੱਸਦੇ ਹਨ, "ਅਭਿਆਸ ਵੇਲੇ ਮੈਂ ਵਾਰਾਂ ਅਤੇ ਗੁਰਬਾਣੀ ਜ਼ਿਆਦਾ ਸੁਣਦਾ ਹਾਂ। ਮੈਂ ਜਪੁਜੀ ਸਾਹਿਬ ਦਾ ਪਾਠ ਤਾਂ ਰੋਜ਼ ਕਰਦਾ ਹੀ ਹਾਂ। ਉਸ ਦਿਨ ਮੈਂ ਅਰਦਾਸ ਕਰ ਕੇ ਅੰਦਰ ਗਿਆ ਸੀ।"

ਜੁਝਾਰ ਸਿੰਘ

ਤਸਵੀਰ ਸਰੋਤ, Jujhar Singh Dhillon/FB

ਤਸਵੀਰ ਕੈਪਸ਼ਨ, ਜੁਝਾਰ ਸਿੰਘ ਮਾਰਸ਼ਲ ਆਰਟ ਖੇਡਦੇ ਹਨ

ਉਹ ਕਹਿੰਦੇ ਹਨ ਕਿ ਬਾਕੀ ਇਸ ਖੇਡ ਲਈ ਇੱਕ ਮਹੀਨੇ ਦਾ ਕੋਈ 60-70 ਹਜ਼ਾਰ ਰੁਪਏ ਦਾ ਖ਼ਰਚਾ ਹੈ।

ਨਸ਼ਿਆਂ ਬਾਰੇ ਬੋਲਦਿਆਂ ਜੁਝਾਰ ਸਿੰਘ ਨੇ ਕਿਹਾ ਕਿ ਨਸ਼ੇ ਆਏ ਸਨ ਅਤੇ ਇੱਕ ਪੀੜ੍ਹੀ ਖ਼ਤਮ ਹੋ ਗਈ ਹੈ ਪਰ ਇਹ

ਅਗਲੀ ਪੀੜ੍ਹੀ ਬਿਲਕੁਲ ਠੀਕ ਹੈ। ਬੱਚੇ ਜਿਮ ਜਾਂਦੇ ਹਨ, ਕਬੱਡੀਆਂ ਖੇਡਦੇ ਹਨ, ਸਪੋਰਟ ਨਾਲ ਜੁੜ ਰਹੇ ਹਨ।

"ਮੈਂ ਅਧਿਆਪਕ ਹਾਂ ਅਤੇ ਮੈਂ ਇਸ ਚੀਜ਼ ਨੂੰ ਮਹਿਸੂਸ ਕਰਦਾ ਹਾਂ ਕਿ ਬੱਚੇ ਸਪੋਰਟਸ ਵਿੱਚ ਅੱਗੇ ਆ ਰਹੇ ਹਨ।"

ਜੁਝਾਰ ਸਿੰਘ ਦੱਸਦੇ ਹਨ, "ਪੰਜਾਬ ਉੱਤੇ ਹੀ ਜ਼ਿਆਦਾ ਤੌਹਮਤ ਲੱਗਦੀ ਹੈ। ਜਦੋਂ ਵੀ ਡੋਪ ਟੈਸਟ ਹੁੰਦੇ ਹਨ ਤਾਂ ਸਾਡੇ ਨਾਡਾ (ਨੈਸ਼ਨਲ ਐਂਟੀ ਡੋਪਿੰਗ ਏਜੰਸੀ) ਦੇ ਟੈਸਟ ਹੁੰਦੇ ਹਨ। ਖੇਡ ਦੀ ਜਿੱਤ ਤਾਂ ਇੱਕ ਪਾਸੇ ਰਹਿ ਜਾਂਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਨਾਡਾ ਦੇ ਟੈਸਟ ਪਾਸ ਕਰਦਾ ਹਾਂ ਤਾਂ ਉਹੀ ਮੇਰੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ ਕਿ ਅਸੀਂ ਨਸ਼ੇੜੀ ਨਹੀਂ ਹਾਂ।"

ਜੁਝਾਰ ਸਿੰਘ ਦੱਸਦੇ ਹਨ ਉਨ੍ਹਾਂ ਨੂੰ ਐੱਮਐੱਮਓ ਕੇਜ (ਪਿੰਜਰਾ) ਫਾਇਟਿੰਗ ਵਿੱਚ ਉਨ੍ਹਾਂ ਨੂੰ ਟਾਈਗਰ ਨਾਮ ਵੀ ਮਿਲਿਆ ਸੀ।

ਜੁਝਾਰ ਸਿੰਘ

ਤਸਵੀਰ ਸਰੋਤ, Jujhar Singh Dhillon/FB

ਤਸਵੀਰ ਕੈਪਸ਼ਨ, ਜੁਝਾਰ ਸਿੰਘ ਪੇਸ਼ੇ ਤੋਂ ਅਧਿਆਪਕ ਹਨ
ਇਹ ਵੀ ਪੜ੍ਹੋ-

ਖੇਡ ਦੇ ਜੋਖ਼ਮ

ਖੇਡ ਜੋਖ਼ਮਾਂ ਬਾਰੇ ਗੱਲ ਕਰਦਿਆਂ ਜੁਝਾਰ ਸਿੰਘ ਦੱਸਦੇ ਹਨ ਕਿ ਜੇਕਰ ਇਸ ਨੂੰ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਖੇਡਿਆ ਜਾਵੇ ਤਾਂ ਇਸ ਵਿੱਚ ਕੋਈ ਖ਼ਤਰੇ ਵਾਲੀ ਨਹੀਂ ਹੈ।

ਪਰ ਉਹ ਕਹਿੰਦੇ ਹਨ ਕਿ ਜੇਕਰ ਕੋਈ ਫਾਊਲ ਖੇਡਦਾ ਹੈ ਤਾਂ ਕੰਨ ਦਾ ਪਰਦਾ ਵੀ ਫਟ ਸਕਦਾ, ਅੱਖ ਦੀ ਨਜ਼ਰ ਵੀ ਜਾ ਸਕਦੀ ਹੈ, ਗਰਦਨ ਦਾ ਮਣਕਾ ਵੀ ਟੁੱਟ ਸਕਦਾ ਅਤੇ ਬ੍ਰੇਨ ਹੈਮਰੇਜ ਵੀ ਹੋ ਸਕਦਾ ਹੈ। ਇਸ ਲਈ ਅਭਿਆਸ ਤੋਂ ਲੈ ਕੇ ਮੁਬਾਕਲਿਆਂ ਤੱਕ ਸਭ ਥਾਂ ਉੱਤੇ ਧਿਆਨ ਰੱਖਣ ਦੀ ਲੋੜ ਹੁੰਦੀ ਹੈ।

ਜੁਝਾਰ ਸਿੰਘ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਜਿੰਨੀਆਂ ਵੀ ਮਾਰਸ਼ਲ ਆਰਟਸ ਦੀਆਂ ਖੇਡਾਂ ਹਨ ਉਨ੍ਹਾਂ ਦਾ ਪ੍ਰਚਾਰ ਕੀਤਾ ਜਾਵੇ ਤਾਂ ਜੋ ਬੱਚੇ ਖ਼ਾਸ ਕਰ ਕੇ ਕੁੜੀਆਂ ਆਪਣੀ ਆਤਮ ਰੱਖਿਆ ਆਪ ਕਰਨ ਸਕਣ।

ਉਹ ਨੌਜਵਾਨਾਂ ਨੂੰ ਕਹਿੰਦੇ ਹਨ, "ਸਭ ਤੋਂ ਪਹਿਲਾਂ ਆਪਣਾ ਟੀਚਾ ਮਿਥ ਲਵੋ ਅਤੇ ਉਸ ਨੂੰ ਹਾਸਲ ਕਰਨ ਲਈ ਅਨੁਸ਼ਾਸਨ ਵਿੱਚ ਆ ਜਾਓ। ਸਾਰਾ ਕੁਝ ਡਿਸੀਪਲਿਨ ਵਿੱਚ ਹੀ ਹੈ।"

ਜੁਝਾਰ ਸਿੰਘ
ਤਸਵੀਰ ਕੈਪਸ਼ਨ, ਜੁਝਾਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਪਾਵਰ ਸਲੈਪ ਦੀ ਪ੍ਰੈਕਟਿਸ ਕਰ ਰਹੇ ਹਨ

ਪਾਵਰ ਸਲੈਪ ਦੇ ਨਿਯਮ

  • ਪਾਵਰ ਸਲੈਪ ਦੀ ਵੈਬਸਾਈਟ ਮੁਤਾਬਕ, ਇਸ ਮੁਕਾਬਲੇ ਲਈ ਖਿਡਾਰੀ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ।
  • ਹੋਰਨਾਂ ਖੇਡਾਂ ਜਿਵੇਂ ਬੌਕਸਿੰਗ, ਪਾਵਰ ਲਿਫਟਿੰਗ ਵਿੱਚ ਵੇਟ ਕੈਟੇਗਰੀਜ਼ ਹੁੰਦੀਆਂ ਹਨ, ਓਵੇਂ ਹੀ ਇਸ ਵਿੱਚ ਵੀ ਹੁੰਦੀਆਂ ਹਨ।
  • ਮੁਕਾਬਲੇ ਵਿੱਚ ਸਭ ਤੋਂ ਪਹਿਲਾਂ ਟੌਸ ਕੀਤਾ ਜਾਂਦਾ ਹੈ ਕਿ ਕੌਣ ਪਹਿਲਾਂ ਥੱਪੜ ਮਾਰੇਗਾ।
  • ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਮਾਊਥ ਗਾਰਡ ਅਤੇ ਕੰਨਾਂ ਦੇ ਅੰਦਰੂਨੀ ਰੱਖਿਅਕ (ਇਨਰ ਪ੍ਰੋਟੈਕਟਰ) ਪਹਿਨਣੇ ਲਾਜ਼ਮੀ ਹਰਨ।
  • ਕਿਸੇ ਵੀ ਤਰ੍ਹਾਂ ਦੇ ਸਿਰ, ਚਿਹਰੇ, ਗਰਦਨ, ਬਾਂਹ, ਹੱਥ ਜਾਂ ਉਂਗਲਾਂ ਦੇ ਗਹਿਣਿਆਂ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਹੈੱਡ ਗੀਅਰ ਅਤੇ ਟੋਪੀ ਦੀ ਇਜਾਜ਼ਤ ਨਹੀਂ ਹੁੰਦੀ।

ਜੁਝਾਰ ਸਿੰਘ ਦੱਸਦੇ ਹਨ ਕਿ ਇਸ ਮੁਕਾਬਲੇ ਵਿੱਚ ਟੌਸ ਰੂਸ ਖਿਡਾਰੀ ਨੇ ਜਿੱਤਿਆ ਤੇ ਪਹਿਲਾਂ ਥੁੱਪੜ ਉਸ ਨੇ ਮਾਰਿਆ।

ਜੁਝਾਰ ਸਿੰਘ ਦੱਸਦੇ ਹਨ ਕਿ ਪਾਵਰ ਸਲੈਪ ਮੁਕਾਬਲੇ ਵਿੱਚ ਤਿੰਨ ਰਾਊਂਡ ਹੁੰਦੇ ਹਨ ਅਤੇ ਹਰੇਕ ਰਾਊਂਡ ਵਿੱਚ ਖਿਡਾਰੀਆਂ ਨੂੰ ਇੱਕ-ਇੱਕ ਥੱਪੜ ਮਿਲਦਾ ਹੈ ਭਾਵ ਕੁੱਲ ਤਿੰਨ ਥੱਪੜ ਇੱਕ ਖਿਡਾਰੀ ਨੂੰ ਮਿਲਦੇ ਹਨ।

ਉਹ ਦੱਸਦੇ ਹਨ ਕਿ ਜਾਂ ਤਾਂ ਨੌਕ ਆਊਟ ਕਰਨਾ ਹੁੰਦਾ ਹੈ ਜੇ ਉਹ ਨਾ ਹੋਵੇ ਤਾਂ ਪੁਆਇੰਟ ਸਿਸਟਮ ਹੁੰਦਾ।

ਇਸ ਤੋਂ ਇਲਾਵਾ ਵੈਬਸਾਈਟ ਮੁਤਾਬਕ, ਇਹ ਪ੍ਰਮੋਟਰ ਉੱਤੇ ਵੀ ਨਿਰਭਰ ਕਰਦਾ ਹੈ ਕਿ ਉਹ ਕਿੰਨੇ ਰਾਊਂਡ ਰੱਖਦੇ ਹਨ ਪਰ 10 ਤੋਂ ਵੱਧ ਰਾਊਂਡ ਨਹੀਂ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)