ਤਲਵਾੜਾ ਦੇ ਬੀਬੀਐੱਮਬੀ ਸਕੂਲ ਦਾ ਆਰਐੱਸਐੱਸ ਨਾਲ ਜੁੜਿਆ ਵਿਵਾਦ ਕੀ ਹੈ, ਬੀਬੀਐੱਮਬੀ ਸਕੂਲ ਨੂੰ ਨਿੱਜੀ ਹੱਥਾਂ 'ਚ ਕਿਉਂ ਸੌਂਪਣਾ ਚਾਹੁੰਦਾ ਹੈ

ਬੀਬੀਐੱਮਬੀ ਸਕੂਲ
ਤਸਵੀਰ ਕੈਪਸ਼ਨ, ਬੀਬੀਐੱਮਬੀ ਵੱਲੋਂ ਚਲਾਏ ਜਾਂਦੇ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਬੰਧਨ ਨਿੱਜੀ ਹੱਥਾਂ ਵਿੱਚ ਦੇਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਹੁਸ਼ਿਆਰਪੁਰ ਦੇ ਤਲਵਾੜਾ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਵੱਲੋਂ ਚਲਾਏ ਜਾਂਦੇ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਬੰਧਨ ਨਿੱਜੀ ਹੱਥਾਂ ਵਿੱਚ ਦੇਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅਧਿਆਪਕਾਂ, ਕਰਮਚਾਰੀਆਂ, ਮਾਪਿਆਂ ਅਤੇ ਸਥਾਨਕ ਵਸਨੀਕਾਂ ਵਿਚ ਡੂੰਘੀ ਨਾਰਾਜ਼ਗੀ ਹੈ।

ਇਸ ਮਾਮਲੇ ਨੂੰ ਲੈ ਕੇ ਤਲਵਾੜਾ ਵਿੱਚ ਪ੍ਰਦਰਸ਼ਨ ਵੀ ਹੋਏ ਹਨ। ਵਿਰੋਧ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਇਹ ਫ਼ੈਸਲਾ ਸਾਲਾਂ ਤੋਂ ਚੱਲ ਰਹੀ ਸਿੱਖਿਆ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੀਬੀਐੱਮਬੀ ਵੱਲੋਂ ਚਲਾਇਆ ਜਾਂਦਾ ਇਹ ਸਕੂਲ ਕਰਮਚਾਰੀਆਂ ਦੇ ਬੱਚਿਆਂ ਨਾਲ-ਨਾਲ ਸਥਾਨਕ ਇਲਾਕੇ ਦੇ ਬੱਚਿਆਂ ਨੂੰ ਵੀ ਵਧੀਆ ਅਤੇ ਸਸਤੀ ਸਿੱਖਿਆ ਮੁਹੱਈਆ ਕਰਵਾ ਰਿਹਾ ਹੈ।

ਉਨ੍ਹਾਂ ਦਾ ਖ਼ਦਸ਼ਾ ਹੈ ਕਿ ਸਕੂਲ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿੱਚ ਦੇਣ ਨਾਲ ਨਾ ਸਿਰਫ਼ ਫ਼ੀਸਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ, ਸਗੋਂ ਅਧਿਆਪਕਾਂ ਦੀ ਤਨਖ਼ਾਹ ਅਤੇ ਸੇਵਾ ਸ਼ਰਤਾਂ ਵੀ ਪ੍ਰਭਾਵਿਤ ਹੋਣਗੀਆਂ।

ਬੀਬੀਐੱਮਬੀ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਕੂਲ ਦੇ ਪ੍ਰਬੰਧਨ ਤੋਂ ਹੱਥ ਪਿੱਛੇ ਖਿੱਚਣ ਕਰਨ ਦਾ ਮਕਸਦ ਪ੍ਰਬੰਧਕੀ ਖਰਚੇ ਘਟਾਉਣਾ ਹੈ।

ਇਸ ਸਕੂਲ ਦਾ ਨਾਮ ਬੀਬੀਐੱਮਬੀ ਡੀਏਵੀ ਪਬਲਿਕ ਸਕੂਲ ਹੈ ਅਤੇ ਬੀਬੀਐੱਮਬੀ ਵੱਲੋਂ ਇਹ ਡੀਏਵੀ ਮੈਨੇਜ਼ਮੈਂਟ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਹੈ। ਬੀਬੀਐੱਮਬੀ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜਦਕਿ ਬਾਕੀ ਪ੍ਰਬੰਧਨ ਡੀਏਵੀ ਵੱਲੋਂ ਕੀਤਾ ਜਾਂਦਾ ਹੈ।

ਕੀ ਹੈ ਵਿਵਾਦ

ਅਧਿਆਪਕਾਂ, ਮਾਪਿਆਂ ਅਤੇ ਸਥਾਨਕ ਨਿਵਾਸੀਆਂ ਦੀ ਨਰਾਜ਼ਗੀ ਅਤੇ ਵਿਵਾਦ ਦਾ ਮੁੱਖ ਕਾਰਨ ਸਕੂਲ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿੱਚ ਦੇਣ ਦੇ ਮਾਮਲੇ ਦਾ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਨਾਲ ਜੁੜਨਾ ਹੈ।

ਸਥਾਨਕ ਨਿਵਾਸੀ ਹਰਸ਼ ਮਹਿਤਾ ਵਿਰੋਧ ਕਰਨ ਵਾਲਿਆਂ ਦੀ ਅਗਵਾਈ ਕਰਨ ਵਾਲਿਆਂ ਵਿੱਚੋਂ ਇੱਕ ਹਨ।

ਉਹ ਦੱਸਦੇ ਹਨ ਕਿ ਆਰਐੱਸਐੱਸ ਦੇ ਵਿਦਿਅਕ ਵਿੰਗ ਵਿਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਨੇ ਬੀਬੀਐੱਮਬੀ ਵੱਲੋਂ ਚਲਾਏ ਜਾਂਦੇ ਸਕੂਲ ਦਾ ਪ੍ਰਬੰਧਨ ਆਪਣੇ ਹੱਥਾਂ ਵਿੱਚ ਲੈਣ ਦੀ ਤਜਵੀਜ਼ ਦਿੱਤੀ ਸੀ। ਇਸ ਤਜਵੀਜ਼ ਉੱਤੇ ਆਰਐੱਸਐੱਸ ਦੋ ਵਿਦਿਅਕ ਵਿੰਗ ਅਤੇ ਬੀਬੀਐੱਮਬੀ ਦੇ ਨੁਮਾਇੰਦਿਆਂ ਵਿਚਕਾਰ ਦੋ ਮੀਟਿੰਗਾਂ ਹੋਈਆਂ ਸਨ।

ਮਹਿਤਾ ਦੱਸਦੇ ਹਨ ਕਿ ਇਸਦਾ ਵਿਰੋਧ ਹੋਣ ਮਗਰੋਂ ਹੁਣ ਬੀਬੀਐੱਮਬੀ ਨੇ ਟੈਂਡਰ ਪ੍ਰਕਿਰਿਆ ਦਾ ਰਾਹ ਚੁਣਿਆ ਹੈ ਅਤੇ ਆਰਐੱਸਐੱਸ ਦੇ ਵਿਦਿਅਕ ਵਿੰਗ ਨੇ ਵੀ ਇਸ ਪ੍ਰੀਕਿਰਿਆ ਵਿੱਚ ਹਿੱਸਾ ਲਿਆ ਹੈ।

ਭਾਵੇਂ ਹੁਣ ਬੀਬੀਐੱਮਬੀ ਨੇ ਟੈਂਡਰ ਪ੍ਰੀਕਿਰਿਆ ਦਾ ਰਾਹ ਚੁਣਿਆ ਹੈ ਪਰ ਵਿਦਿਆਰਥੀਆਂ ਦੇ ਮਾਪਿਆਂ, ਸਥਾਨਕ ਨਿਵਾਸੀਆਂ ਨੇ ਬੀਬੀਐੱਮਬੀ ਦੇ ਨੀਤ ਉੱਤੇ ਸਵਾਲ ਖੜ੍ਹੇ ਕੀਤੇ ਹਨ।

ਸਕੂਲ
ਤਸਵੀਰ ਕੈਪਸ਼ਨ, ਬੀਬੀਐੱਮਬੀ ਵੱਲੋਂ ਸਕੂਲ 1985 ਤੋਂ ਚਲਾਇਆ ਜਾ ਰਿਹਾ ਹੈ

ਆਰਐੱਸਐੱਸ ਨਾਲ ਕੀ ਸਬੰਧ ਹੈ

ਅਧਿਆਪਕਾਂ, ਮਾਪਿਆਂ ਅਤੇ ਸਥਾਨਕ ਨਿਵਾਸੀਆਂ ਮੁਤਾਬਕ ਜੁਲਾਈ ਵਿੱਚ ਬੀਬੀਐੱਮਬੀ ਵੱਲੋਂ ਵਿਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਨਾਲ ਮੀਟਿੰਗਾਂ ਕੀਤੀਆਂ ਗਈਆਂ।

ਪਹਿਲੀ ਮੀਟਿੰਗ 2 ਜੁਲਾਈ ਅਤੇ ਦੂਜੀ ਮੀਟਿੰਗ 16 ਜੁਲਾਈ ਨੂੰ ਹੋਈ ਸੀ। ਇਹਨਾਂ ਮੀਟਿੰਗਾਂ ਦਾ ਰਿਕਾਰਡ (ਮਿੰਨਟਸ ਆਫ ਮੀਟਿੰਗ) ਬੀਬੀਸੀ ਪੰਜਾਬੀ ਕੋਲ ਮੌਜੂਦ ਹੈ।

ਸਰਵਹਿੱਤਕਾਰੀ ਐਜੂਕੇਸ਼ਨਲ ਸੁਸਾਇਟੀ ਪੰਜਾਬ, ਆਰਐੱਸਐੱਸ ਦੇ ਵਿਦਿਅਕ ਵਿੰਗ ਵਿਦਿਆ ਭਾਰਤੀ ਦਾ ਸਟੇਟ ਯੂਨਿਟ ਹੈ।

ਸਰਵਹਿੱਤਕਾਰੀ ਐਜੂਕੇਸ਼ਨਲ ਸੁਸਾਇਟੀ ਪੰਜਾਬ ਸਟੇਟ ਵਿੱਚ ਕਈ ਸਕੂਲ ਚਲਾ ਰਹੀ ਹੈ। ਇਹਨਾਂ ਵਿੱਚੋਂ ਇੱਕ ਸਕੂਲ ਸਨਾਤਨ ਧਰਮਸਰਵਹਿਤਕਾਰੀ ਵਿਦਿਆ ਮੰਦਰ ਤਲਵਾੜਾ ਵਿਖੇ ਵੀ ਸਥਿਤ ਹੈ ਅਤੇ ਉਹ ਬਿਲਕੁਲ ਬੀਬੀਐੱਮਬੀ ਦੇ ਸਕੂਲ ਨਾਲ ਹੀ ਸਥਿਤ ਹੈ।

ਰਿਕਾਰਡ ਮੁਤਾਬਕ ਬੀਬੀਐੱਮਬੀ ਅਤੇ ਵਿਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦਰਮਿਆਨ ਹੋਈਆਂ ਮੀਟਿੰਗਾਂ ਦਾ ਏਜੰਡਾ ਸਕੂਲ ਨੂੰ ਆਰਐੱਸਐੱਸ ਦੇ ਵਿੱਦਿਅਕ ਵਿੰਗ ਨੂੰ ਸੌਂਪਣ ਦੀ ਤਜਵੀਜ਼ ਉੱਤੇ ਵਿਚਾਰ ਚਰਚਾ ਕਰਨਾ ਸੀ।

ਬੀਬੀਐੱਮਬੀ ਦੀ 10 ਅਕਤੂਬਰ 2025 ਨੂੰ ਹੋਈ ਬੋਰਡ ਮੀਟਿੰਗ ਵਿੱਚ ਵੀ ਇਸ ਮੁੱਦੇ ਉੱਤੇ ਚਰਚਾ ਹੋਈ ਸੀ। ਇਸ ਮੀਟਿੰਗ ਦੇ ਮਿਨਟਸ ਆਫ ਮੀਟਿੰਗ ਵੀ ਬੀਬੀਸੀ ਪੰਜਾਬੀ ਕੋਲ ਮੌਜੂਦ ਹਨ।

ਇਸ ਮਗਰੋਂ 9 ਅਕਤੂਬਰ ਨੂੰ ਪੰਜਾਬ ਜਲ ਸਰੋਤ ਵਿਭਾਗ ਦੇ ਸਕੱਤਰ, ਜੋ ਕਿ ਬੀਬੀਐੱਮਬੀ ਦੇ ਪੰਜਾਬ ਵੱਲੋਂ ਮੈਂਬਰ ਵੀ ਹਨ, ਨੇ ਤਜਵੀਜ਼ ਉੱਤੇ ਇਤਰਾਜ਼ ਜ਼ਾਹਰ ਕੀਤਾ। ਉਨ੍ਹਾਂ ਦਾ ਇਤਰਾਜ਼ ਸੀ ਕਿ ਕਿਸੇ ਇੱਕ ਧਿਰ ਨੂੰ ਬੁਲਾ ਕੇ ਫ਼ੈਸਲਾ ਨਹੀਂ ਕੀਤਾ ਜਾ ਸਕਦਾ।

ਬੀਬੀਐੱਮਬੀ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਬੀਬੀਐੱਮਬੀ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਕੂਲ ਦੇ ਪ੍ਰਬੰਧਨ ਤੋਂ ਹੱਥ ਪਿੱਛੇ ਖਿੱਚਣ ਕਰਨ ਦਾ ਮਕਸਦ ਪ੍ਰਬੰਧਕੀ ਖਰਚੇ ਘਟਾਉਣਾ ਹੈ

ਬੀਬੀਐੱਮਬੀ ਵੱਲੋਂ ਚਲਾਏ ਜਾਂਦੇ ਸਕੂਲ

ਮੌਜੂਦਾ ਸਮੇਂ ਬੀਬੀਐੱਮਬੀ ਵੱਲੋਂ ਛੇ ਸਕੂਲ ਚਲਾਏ ਜਾ ਰਹੇ ਹਨ। ਇੱਕ ਸਕੂਲ ਤਲਵਾੜਾ, ਇੱਕ ਨੰਗਲ ਅਤੇ ਚਾਰ ਹਿਮਾਚਲ ਪ੍ਰਦੇਸ਼ ਵਿੱਚ ਹਨ। ਇਹਨਾਂ ਸਕੂਲਾਂ ਦੇ ਪ੍ਰਬੰਧਨ ਦਾ ਵਿੱਤੀ ਖਰਚਾ ਬੀਬੀਐੱਮਬੀ ਵੱਲੋਂ ਕੀਤਾ ਜਾਂਦਾ ਹੈ।

ਬੀਬੀਐੱਮਬੀ ਦੇ ਬੋਰਡ ਦੇ ਅਕਤੂਬਰ 2025 ਵਿੱਚ ਹੋਈ ਮੀਟਿੰਗ ਮੁਤਾਬਕ ਤਲਵਾੜਾ ਅਤੇ ਨੰਗਲ ਦੇ ਸਕੂਲ ਡੀਏਵੀ ਸੰਸਥਾ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ। ਇਹ ਦੋਵੇਂ ਸਕੂਲ ਵਿੱਤੀ ਘਾਟੇ ਵਿੱਚ ਹਨ।

ਬੋਰਡ ਦੀ ਮੀਟਿੰਗ ਮੁਤਾਬਕ ਤਲਵਾੜੇ ਵਿੱਚ ਸਥਿਤ ਸੀਨੀਅਰ ਸੈਕੰਡਰੀ ਸਕੂਲ ਦਾ ਵਿੱਤੀ ਘਾਟਾ ਸਾਲ 2016-2017 ਵਿੱਚ 2.1 ਕਰੋੜ ਸੀ ਅਤੇ ਸਾਲ 2024-25 ਵਿੱਚ 5.8 ਕਰੋੜ ਨੂੰ ਪਾਰ ਕਰ ਗਿਆ ਸੀ।

ਇਹ ਸਕੂਲ 1985 ਤੋਂ ਡੀਏਵੀ ਸੰਸਥਾ ਦੇ ਸਹਿਯੋਗ ਨਾਲ ਇੱਥੇ ਚੱਲ ਰਿਹਾ ਹੈ।

ਟੈਂਡਰ ਪ੍ਰਕਿਰਿਆ

ਸਰੋਤ ਵਿਭਾਗ ਦੇ ਸਕੱਤਰ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਬੀਬੀਐੱਮਬੀ ਨੇ ਹੁਣ ਟੈਂਡਰ ਪ੍ਰਕਿਰਿਆ ਦਾ ਰਾਹ ਚੁਣਿਆ ਹੈ।

ਤਲਵਾੜਾ ਦੇ ਵਸਨੀਕ ਹਰਸ਼ ਮਹਿਤਾ ਕਹਿੰਦੇ ਹਨ, "ਸਾਨੂੰ ਜਾਣਕਾਰੀ ਮਿਲੀ ਹੈ ਕਿ ਪੰਜ ਸਕੂਲਾਂ ਨੇ ਬੀਬੀਐੱਮਬੀ ਦੇ ਸਕੂਲ ਨੂੰ ਚਲਾਉਣ ਵਾਸਤੇ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਲਿਆ ਹੈ।"

ਉਨ੍ਹਾਂ ਇਲਜ਼ਾਮ ਲਾਇਆ, "ਸਾਨੂੰ ਬੀਬੀਐੱਮਬੀ ਦੀ ਨੀਤ ਉੱਤੇ ਭਰੋਸਾ ਨਹੀਂ ਹੈ। ਇਸ ਪ੍ਰਕਿਰਿਆ ਵਿੱਚ ਪੱਖਪਾਤ ਦੀ ਸੰਭਾਵਨਾ ਹੈ।"

ਇਹ ਟੈਂਡਰ ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ।

ਸ਼ਿਵਮ ਬਖਸੀ ਦਾ ਬਿਆਨ

ਕੀ ਹੈ ਮੰਗ

ਸਕੂਲ ਦੇ ਸਾਬਕਾ ਵਿਦਿਆਰਥੀ ਸ਼ਿਵਮ ਬਖ਼ਸ਼ੀ ਨੇ ਕਿਹਾ, "ਸਾਡੀ ਮੰਗ ਹੈ ਕਿ ਜਿਵੇਂ ਸਕੂਲ ਪਹਿਲਾਂ ਚੱਲ ਰਿਹਾ ਸੀ, ਉਵੇਂ ਹੀ ਚੱਲਦਾ ਰਹੇ ਜਾਂ ਸਕੂਲ ਨੂੰ ਪੂਰੀ ਤਰ੍ਹਾਂ ਡੀਏਵੀ ਮੈਨੇਜ਼ਮੈਂਟ ਦੇ ਹਵਾਲੇ ਕਰ ਦਿੱਤਾ ਜਾਵੇ। ਡੀਏਵੀ ਮੈਨੇਜ਼ਮੈਂਟ ਪਹਿਲਾਂ ਹੀ ਇਸਦਾ ਹਿੱਸਾ ਹੈ।"

"ਜੇਕਰ ਕੋਈ ਹੋਰ ਸੰਸਥਾ ਸਕੂਲ ਦਾ ਪ੍ਰਬੰਧਨ ਕਰਦੀ ਹੈ ਤਾਂ ਸਿੱਖਿਆ ਦੇ ਪੱਧਰ, ਮੁਲਾਜ਼ਮਾਂ, ਅਧਿਆਪਕਾਂ ਪ੍ਰਤੀ ਨੀਤੀਆਂ ਵਿੱਚ ਫਰਕ ਆਉਣ ਦੀ ਸੰਭਾਵਨਾ ਹੈ।"

ਇੱਥੋਂ ਦੀ ਵਸਨੀਕ ਸਵੰਤੀ ਪੂਰੀ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਵੀ ਇਸ ਵਿੱਚ ਪੜ੍ਹਦੇ ਹਨ।

ਉਹ ਕਹਿੰਦੇ ਹਨ, "ਮੌਜੂਦਾ ਸਮੇਂ ਇਸ ਸਕੂਲ ਦੀਆਂ ਫ਼ੀਸਾਂ ਬਹੁਤ ਘੱਟ ਹਨ। ਕਿਤਾਬਾਂ ਦਾ ਖਰਚਾ ਵੀ ਘੱਟ ਹੈ। ਜੇਕਰ ਸਕੂਲ ਦੇ ਪ੍ਰਬੰਧਕ ਬਦਲਦੇ ਹਨ ਤਾਂ ਫ਼ੀਸਾਂ ਵੱਧ ਸਕਦੀਆਂ ਹਨ ਅਤੇ ਕਿਤਾਬਾਂ ਦਾ ਖਰਚਾ ਵੀ ਵੱਧ ਸਕਦਾ ਹੈ। ਬੱਚਿਆਂ ਦੀਆਂ ਹੋਰ ਸਰਗਰਮੀਆਂ ਦਾ ਵਿੱਤੀ ਬੋਝ ਵੀ ਵੱਧ ਸਕਦਾ ਹੈ।"

"ਇਸ ਲਈ ਸਾਡੀ ਮੰਗ ਹੈ ਕਿ ਸਕੂਲ ਜਿਵੇਂ ਚੱਲ ਰਿਹਾ ਹੈ, ਉਵੇਂ ਹੀ ਚੱਲਣ ਦਿੱਤਾ ਜਾਵੇ। ਬੀਬੀਐੱਮਬੀ ਡੀਏਵੀ ਪਬਲਿਕ ਸਕੂਲ ਨੂੰ ਬੀਬੀਐੱਮਬੀ ਪ੍ਰਸ਼ਾਸਨ ਦੁਆਰਾ ਉਸੇ ਤਰੀਕੇ ਨਾਲ ਚਲਾਇਆ ਜਾਣਾ ਚਾਹੀਦਾ ਹੈ ਜਿਵੇਂ ਇਹ ਪਿਛਲੇ 40 ਸਾਲਾਂ ਤੋਂ ਚੱਲ ਰਿਹਾ ਹੈ।"

ਸਥਾਨਕ ਵਾਸੀ ਸਵੰਤੀ ਦਾ ਬਿਆਨ

ਬੀਬੀਐੱਮਬੀ ਨੇ ਹੱਥ ਪਿੱਛੇ ਖਿੱਚਣ ਬਾਰੇ ਕੀ ਕਿਹਾ

ਬੀਬੀਐੱਮਬੀ ਦੇ ਚੀਫ ਇੰਜੀਨੀਅਰ ਰਾਕੇਸ਼ ਗੁਪਤਾ ਨੇ ਕਿਹਾ ਕਿ ਸਕੂਲ ਦਾ ਖਰਚਾ ਤਕਰੀਬਨ 6 ਕਰੋੜ ਰੁਪਏ ਹੈ। ਫੀਸ ਤੋਂ ਲਗਭਗ 2 ਕਰੋੜ ਰੁਪਏ ਇਕੱਠੇ ਹੁੰਦੇ ਹਨ।

ਉਹ ਦੱਸਦੇ ਹਨ, "ਆਡਿਟ ਦੌਰਾਨ ਇਸ ਘਾਟੇ ਉੱਤੇ ਇਤਰਾਜ਼ ਜਤਾਇਆ ਗਿਆ ਸੀ। ਬੀਬੀਐੱਮਬੀ ਦੇ ਮੈਂਬਰ ਸੂਬਿਆਂ ਨੇ ਵੀ ਬੀਬੀਐੱਮਬੀ ਨੂੰ ਖ਼ਰਚੇ ਘਟਾਉਣ ਲਈ ਕਿਹਾ ਸੀ। ਇਸ ਲਈ ਅਸੀਂ ਇਸ ਸਾਲ ਪਹਿਲਾਂ ਸਕੂਲ ਨੂੰ ਆਪਣੇ ਖ਼ਰਚੇ ਘਟਾਉਣ ਦੀ ਤਜਵੀਜ਼ ਦੇਣ ਲਈ ਕਿਹਾ ਸੀ। ਪਰ ਸਕੂਲ ਵੱਲੋਂ ਧਿਆਨ ਨਹੀਂ ਦਿੱਤਾ ਗਿਆ।"

"ਇਸ ਦੌਰਾਨ ਬੀਬੀਐੱਮਬੀ ਡੀਏਵੀ ਪਬਲਿਕ ਸਕੂਲ ਨੇ ਸਾਡੇ ਨਾਲ ਸੰਪਰਕ ਕੀਤਾ। ਮਗਰੋਂ ਬੋਰਡ ਮੈਂਬਰਾਂ ਨੇ ਇਤਰਾਜ਼ ਜਤਾਇਆ ਕਿ ਇੱਕ ਧਿਰ ਨੂੰ ਬੁਲਾ ਕੇ ਫ਼ੈਸਲਾ ਲੈਣਾ ਨਿਯਮਾਂ ਦਾ ਖਿਲਾਫ਼ ਹੈ। ਇਸ ਲਈ ਟੈਂਡਰ ਕਰਨ ਲਈ ਕਿਹਾ ਗਿਆ। ਫਿਰ ਅਸੀਂ ਟੈਂਡਰ ਕੱਢ ਕੇ ਸਾਰਿਆਂ ਨੂੰ ਮੌਕਾ ਦਿੱਤਾ ਹੈ।"

ਪ੍ਰਦਰਸ਼ਨ ਕਰਨ ਵਾਲਿਆਂ ਬਾਰੇ ਉਨ੍ਹਾਂ ਕਿਹਾ, "ਕੁਝ ਸਿਆਸੀ ਲੋਕ ਆਪਣੀ ਸਿਆਸਤ ਚਮਕਾਉਣ ਲਈ ਸਾਰੇ ਮਾਮਲੇ ਨੂੰ ਸਿਆਸੀ ਰੰਗਤ ਦੇ ਰਹੇ ਹਾਂ। ਜੇਕਰ ਅਸੀਂ ਕਿਸੇ ਨਾਲ ਪੱਖਪਾਤ ਕੀਤਾ ਤਾਂ ਇਹ ਸਾਹਮਣੇ ਆ ਜਾਵੇਗਾ ਅਤੇ ਜੇਕਰ ਸਾਡਾ ਕੋਈ ਕਸੂਰ ਹੋਇਆ ਤਾਂ ਸਾਡੇ ਉੱਤੇ ਕਾਨੂੰਨੀ ਕਰਵਾਈ ਕੀਤੀ ਜਾ ਸਕਦੀ ਹੈ।"

ਸਕੂਲ
ਤਸਵੀਰ ਕੈਪਸ਼ਨ, ਵਿਰੋਧ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਇਹ ਫ਼ੈਸਲਾ ਸਾਲਾਂ ਤੋਂ ਚੱਲ ਰਹੀ ਸਿੱਖਿਆ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ

ਆਰਐੱਸਐੱਸ ਦੇ ਵਿੱਦਿਅਕ ਵਿੰਗ ਨੇ ਕੀ ਕਿਹਾ

ਸਰਵਹਿੱਤਕਾਰੀ ਐਜੂਕੇਸ਼ਨਲ ਸੁਸਾਇਟੀ ਪੰਜਾਬ, ਦੇ ਜਨਰਲ ਸਕੱਤਰ ਸੰਦੀਪ ਧੂਰੀਆ ਨੇ ਕਿਹਾ, "ਬੀਬੀਐੱਮਬੀ ਇੱਕ ਸਾਲ ਤੋਂ ਸਕੂਲ ਚਲਾਉਣ ਵਾਸਤੇ ਮੈਨੇਜਮੈਂਟ ਲੱਭ ਰਿਹਾ ਸੀ। ਇਸ ਲਈ ਅਸੀਂ ਵੀ ਪ੍ਰਜ਼ੈਨਟੇਸ਼ਨ ਦਿੱਤੀ ਸੀ।"

"ਮਗਰੋਂ ਬੀਬੀਐੱਮਬੀ ਵੱਲੋਂ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਗਈ। ਉਸ ਵਿੱਚ ਸਾਰੇ ਭਾਗ ਲੈ ਸਕਦੇ ਹਨ। ਅਸੀਂ ਵੀ ਟੈਂਡਰ ਵਿੱਚ ਭਾਗ ਲਿਆ। ਪੱਖਪਾਤ ਵਾਲੀ ਕੋਈ ਗੱਲ ਨਹੀਂ ਹੈ। ਕਿਸੇ ਨੂੰ ਵੀ ਟੈਂਡਰ ਮਿਲ ਸਕਦਾ ਹੈ।"

ਫ਼ੀਸਾਂ ਬਾਰੇ ਸੰਦੀਪ ਨੇ ਕਿਹਾ, "ਜੇਕਰ ਡੀਏਵੀ ਨੂੰ ਟੈਂਡਰ ਮਿਲਦਾ ਹੈ ਤਾਂ ਵੀ ਸਾਨੂੰ ਖੁਸ਼ੀ ਹੈ। ਡੀਏਵੀ ਸਿੱਖਿਆ ਦੇ ਖੇਤਰ ਵਿੱਚ ਚੰਗਾ ਕੰਮ ਕਰ ਰਹੀ ਹੈ। ਸਾਡੀ ਸੰਸਥਾ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਫ਼ੀਸਾਂ ਬਹੁਤ ਘੱਟ ਹੁੰਦੀਆਂ ਹਨ।"

ਡੀਏਵੀ ਮੈਨੇਜਮੈਟ ਨੇ ਕੀ ਕਿਹਾ

ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਦੇ ਨਿਰਦੇਸ਼ਕ ਵੀਕੇ ਚੋਪੜਾ ਨੇ ਦਸੰਬਰ ਮਹੀਨੇ ਬੀਬੀਐੱਮਬੀ ਦੇ ਸਕੱਤਰ ਨੂੰ ਪੱਤਰ ਲਿਖ ਕੇ ਸੈਲਫ ਫਾਈਨੈਂਸ ਤਰੀਕੇ ਨਾਲ ਸਕੂਲ ਦਾ ਪ੍ਰਬੰਧਨ ਚਲਾਉਣ ਦੀ ਇੱਛਾ ਜ਼ਾਹਰ ਕੀਤੀ ਸੀ।

ਇਹ ਚਿੱਠੀ ਦੀ ਕਾਪੀ ਬੀਬੀਸੀ ਪੰਜਾਬੀ ਕੋਲ ਮੌਜੂਦ ਹੈ।

ਉਧਰ ਸਥਾਨਕ ਵਸਨੀਕਾਂ ਨੇ ਦੱਸਿਆ ਕਿ ਸਕੂਲ ਦੇ ਮਸਲੇ ਉੱਤੇ ਮਾਪੇ ਅਤੇ ਅਧਿਆਪਕਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਵੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)