ਇਰਾਨ: ਹਜ਼ਾਰਾਂ ਮੁਜ਼ਾਹਰਾਕਾਰੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ, ਟਰੰਪ ਨੇ ਕਿਹਾ 'ਮਦਦ ਰਾਹ ਵਿੱਚ ਹੈ'

ਇਰਾਨ ਵਿੱਚ ਇੱਕ ਮੁਜ਼ਾਹਰਾਕਾਰੀ

ਤਸਵੀਰ ਸਰੋਤ, West Asia News Agency via Reuters

ਇਰਾਨ ਵਿੱਚ ਜਾਰੀ ਸਰਕਾਰ ਵਿਰੋਧੀ ਮੁਜ਼ਾਹਰਿਆਂ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨੀ ਮੁਜ਼ਾਹਰਾਕਾਰੀਆਂ ਨੂੰ ਕਿਹਾ ਹੈ ਕਿ 'ਮਦਦ ਰਾਹ ਵਿੱਚ ਹੈ।'

ਮੰਗਲਵਾਰ ਨੂੰ ਕਈ ਦਿਨਾਂ ਬਾਅਦ ਵਿਦੇਸ਼ ਵਿੱਚ ਰਹਿ ਰਹੇ ਆਪਣੇ ਪਰਿਵਾਰ ਵਾਲਿਆਂ ਨਾਲ ਪਹਿਲੀ ਵਾਰ ਫ਼ੋਨ 'ਤੇ ਗੱਲ ਕਰਦਿਆਂ ਇਰਾਨੀ ਲੋਕਾਂ ਨੇ ਭਿਆਨਕ ਮੌਤ ਅਤੇ ਤਬਾਹੀ ਦਾ ਵੇਰਵਾ ਦਿੱਤਾ ਹੈ।

ਬੀਬੀਸੀ ਫ਼ਾਰਸੀ ਦੇ ਪੱਤਰਕਾਰ ਜਿਆਰ ਗੋਲ ਦਾ ਕਹਿਣਾ ਹੈ, "ਪੂਰੇ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਮਾਰੇ ਗਏ ਲੋਕਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ।"

ਉਨ੍ਹਾਂ ਨੇ ਕਿਹਾ, "ਸਰਕਾਰ ਪਹਿਲਾਂ ਵੀ ਤਾਕਤ ਦੀ ਵਰਤੋਂ ਕਰਦੀ ਰਹੀ ਹੈ, ਪਰ ਇਸ ਵਾਰ ਜੋ ਹੋਇਆ ਹੈ, ਉਹ ਬਿਲਕੁਲ ਵੱਖਰਾ ਹੈ।"

ਰਾਇਟਰਜ਼ ਨੇ ਇੱਕ ਇਰਾਨੀ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਕਰੀਬ 2 ਹਜ਼ਾਰ ਹੋ ਸਕਦੀ ਹੈ।

ਇਸੇ ਦੌਰਾਨ, ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਦੇ ਬੁਲਾਰੇ ਜੇਰੇਮੀ ਲਾਰੈਂਸ ਨੇ ਜਿਨੇਵਾ ਵਿੱਚ ਇੱਕ ਕਾਨਫਰੰਸ ਵਿੱਚ ਕਿਹਾ ਕਿ, "ਰਿਪੋਰਟਾਂ ਦੱਸਦੀਆਂ ਹਨ ਕਿ ਸੈਂਕੜੇ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।"

ਲਾਰੈਂਸ ਨੇ ਕਿਹਾ ਕਿ, "ਇਹ ਮੁਲਾਂਕਣ ਸੰਯੁਕਤ ਰਾਸ਼ਟਰ ਦੇ ਸਰੋਤਾਂ 'ਤੇ ਅਧਾਰਤ ਹੈ ਅਤੇ ਇਹ ਭਰੋਸੇਯੋਗ ਸਰੋਤ ਹਨ।"

ਮਦਦ ਬਾਰੇ ਟਰੰਪ ਦਾ ਤਾਜ਼ਾ ਬਿਆਨ

ਇਰਾਨ ਵਿੱਚ ਇੱਕ ਮੁਜ਼ਾਹਰਾਕਾਰੀ ਬੀਬੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਰਾਨ ਵਿੱਚ ਹੋ ਰਹੇ ਮੁਜ਼ਾਹਰਿਆਂ ਦੇ ਪੱਖ ਵਿੱਚ ਵਿਦੇਸ਼ਾਂ ਵਿੱਚ ਵੀ ਕਈ ਥਾਵਾਂ 'ਤੇ ਲੋਕ ਸੜਕਾਂ 'ਤੇ ਆਏ ਹਨ

ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇੱਕ ਤਾਜ਼ਾ ਪੋਸਟ ਵਿੱਚ ਲਿਖਿਆ, "ਇਰਾਨੀ ਦੇਸ ਭਗਤੋ, ਮੁਜ਼ਾਹਰਾ ਜਾਰੀ ਰੱਖੋ, ਆਪਣੇ ਅਦਾਰਿਆਂ 'ਤੇ ਕਬਜ਼ਾ ਕਰੋ। ਕਾਤਲਾਂ ਅਤੇ ਅੱਤਿਆਚਾਰ ਕਰਨ ਵਾਲਿਆਂ ਦੇ ਨਾਮ ਯਾਦ ਕਰ ਲਓ। ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।"

ਉਨ੍ਹਾਂ ਨੇ ਅੱਗੇ ਲਿਖਿਆ, "ਮੈਂ ਇਰਾਨੀ ਅਧਿਕਾਰੀਆਂ ਨਾਲ ਸਾਰੀਆਂ ਮੀਟਿੰਗਾਂ ਉਦੋਂ ਤੱਕ ਲਈ ਰੱਦ ਕਰ ਦਿੱਤੀਆਂ ਹਨ, ਜਦੋਂ ਤੱਕ ਮੁਜ਼ਾਹਰਾਕਾਰੀਆਂ ਦੇ ਬੇਮਤਲਬ ਕਤਲ ਬੰਦ ਨਹੀਂ ਹੁੰਦੇ। ਮਦਦ ਰਾਹ ਵਿੱਚ ਹੈ। ਮਿਗਾ (ਮੇਕ ਈਰਾਨ ਗ੍ਰੇਟ ਅਗੇਨ)!!!"

ਇਸ ਤੋਂ ਪਹਿਲਾਂ ਖ਼ਬਰ ਸੀ ਕਿ ਅਮਰੀਕੀ ਰੱਖਿਆ ਅਧਿਕਾਰੀਆਂ ਨੇ ਰਾਸ਼ਟਰਪਤੀ ਟਰੰਪ ਨੂੰ ਇਰਾਨ ਵਿਰੁੱਧ ਕਾਰਵਾਈ ਦੇ ਵਿਕਲਪਾਂ ਦੀ ਵਿਸਤ੍ਰਿਤ ਬ੍ਰੀਫਿੰਗ ਦਿੱਤੀ ਹੈ, ਜਿਸ ਵਿੱਚ ਹਵਾਈ ਹਮਲੇ ਦੀ ਵਰਤੋਂ ਅਤੇ ਕਮਾਂਡ ਐਂਡ ਕੰਟਰੋਲ ਸਟ੍ਰਕਚਰ ਨੂੰ ਤਬਾਹ ਕਰਨ ਦੇ ਵਿਕਲਪ ਸ਼ਾਮਲ ਹਨ।

ਬ੍ਰੀਫਿੰਗ ਦੀ ਜਾਣਕਾਰੀ ਅਮਰੀਕੀ ਰੱਖਿਆ ਵਿਭਾਗ ਦੇ ਦੋ ਅਧਿਕਾਰੀਆਂ ਨੇ ਬੀਬੀਸੀ ਦੇ ਅਮਰੀਕਾ ਵਿੱਚ ਪਾਰਟਨਰ, ਸੀਬੀਐੱਸ ਨਿਊਜ਼ ਨੂੰ ਦਿੱਤੀ ਹੈ।

ਅਧਿਕਾਰੀਆਂ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਈਰਾਨ ਵਿੱਚ ਸੰਭਾਵਿਤ ਅਮਰੀਕੀ ਦਖ਼ਲਅੰਦਾਜ਼ੀ ਲਈ ਲੰਬੀ ਦੂਰੀ ਦਾ ਮਿਜ਼ਾਈਲ ਹਮਲਾ ਇੱਕ ਵਿਕਲਪ ਬਣਿਆ ਹੋਇਆ ਹੈ, ਪਰ ਅਧਿਕਾਰੀਆਂ ਨੇ ਸਾਈਬਰ ਆਪ੍ਰੇਸ਼ਨ ਅਤੇ ਮਨੋਵਿਗਿਆਨਕ ਮੁਹਿੰਮ ਦਾ ਵਿਕਲਪ ਵੀ ਪੇਸ਼ ਕੀਤਾ।

ਟਰੰਪ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਹ ਇਰਾਨ ਦੇ ਮਾਮਲੇ ਵਿੱਚ ਕੁਝ ਬਹੁਤ ਮਜ਼ਬੂਤ ਵਿਕਲਪਾਂ 'ਤੇ ਵਿਚਾਰ ਕਰ ਰਹੇ ਹਨ।

ਦੂਜੇ ਪਾਸੇ, ਇਰਾਨ ਦੇ ਵਿਦੇਸ਼ ਮੰਤਰੀ ਅੱਬਾਸੀ ਅਰਾਗਚੀ ਨੇ ਵੀ ਕਿਹਾ ਹੈ ਕਿ ਇਰਾਨ ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹੈ ਅਤੇ "ਜੰਗ ਲਈ ਵੀ ਤਿਆਰ ਹੈ।"

ਇੱਕ ਦਿਨ ਪਹਿਲਾਂ ਹੀ ਟਰੰਪ ਨੇ ਇਰਾਨ ਨਾਲ ਵਪਾਰਕ ਸਬੰਧ ਰੱਖਣ ਵਾਲੇ ਮੁਲਕਾਂ ਦੇ ਖ਼ਿਲਾਫ਼ 25 ਫੀਸਦੀ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ।

ਜਰਮਨ ਚਾਂਸਲਰ ਦੇ ਬਿਆਨ 'ਤੇ ਇਰਾਨ ਖ਼ਫਾ

ਇਰਾਨ ਵਿੱਚ ਮੁਜ਼ਾਹਰੇ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਤੇਹਰਾਨ ਵਿੱਚ ਸਰਕਾਰ ਵਿਰੋਧੀ ਮੁਜ਼ਾਹਰਿਆਂ ਵਿੱਚ ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ

ਜਰਮਨੀ ਦੇ ਚਾਂਸਲਰ ਫ੍ਰਿਡਰਿਕ ਮਰਟਜ਼ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਰਾਨ ਦੀ ਸਰਕਾਰ ਦੇ ਦਿਨ ਗਿਣੇ-ਚੁਣੇ ਹੀ ਹਨ।

ਉਨ੍ਹਾਂ ਨੇ ਕਿਹਾ ਸੀ, "ਅਸੀਂ ਹੁਣ ਇਰਾਨ ਦੀ ਸਰਕਾਰ ਦੇ ਆਖ਼ਰੀ ਦਿਨਾਂ ਅਤੇ ਹਫ਼ਤਿਆਂ ਦੇ ਗਵਾਹ ਬਣ ਰਹੇ ਹਾਂ।"

ਇਸ 'ਤੇ ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਦਾ ਤਿੱਖਾ ਜਵਾਬ ਆਇਆ ਹੈ।

ਅਰਾਗਚੀ ਨੇ ਕਿਹਾ, "ਸਾਰੀਆਂ ਸਰਕਾਰਾਂ ਵਿੱਚੋਂ, ਜਰਮਨੀ ਦੀ ਸਰਕਾਰ 'ਮਨੁੱਖੀ ਹੱਕਾਂ' ਦੇ ਮੁੱਦੇ 'ਤੇ ਗੱਲ ਕਰਨ ਲਈ ਸਭ ਤੋਂ ਮਾੜੀ ਸਥਿਤੀ ਵਿੱਚ ਹੈ। ਅਤੇ ਇਸਦੀ ਵਜ੍ਹਾ ਸਾਫ਼ ਹੈ। ਪਿਛਲੇ ਕੁਝ ਸਾਲਾਂ ਵਿੱਚ ਉਸਦੇ ਦੋਹਰੇ ਮਾਪਦੰਡਾਂ ਨੇ ਉਸਦੀ ਸਾਰੀ ਭਰੋਸੇਯੋਗਤਾ ਖ਼ਤਮ ਕਰ ਦਿੱਤੀ ਹੈ।"

ਉਨ੍ਹਾਂ ਨੇ ਕਿਹਾ, "ਸਾਡੇ ਸਾਰਿਆਂ 'ਤੇ ਇੱਕ ਅਹਿਸਾਨ ਕਰੋ ਅਤੇ ਥੋੜ੍ਹੀ ਸ਼ਰਮ ਕਰੋ।"

ਇਸੇ ਦਰਮਿਆਨ ਬ੍ਰਿਟੇਨ ਨੇ ਵੀ ਇਰਾਨ ਵਿੱਚ ਮੁ਼ਜ਼ਾਹਰਾਕਾਰੀਆਂ ਦੇ ਕਤਲ ਦੀ "ਸਭ ਤੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ" ਕੀਤੀ ਹੈ।

ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਦਾ ਬਿਆਨ

ਬ੍ਰਿਟੇਨ ਦੀ ਵਿਦੇਸ਼ ਸਕੱਤਰ ਯਵੇਟ ਕੂਪਰ ਨੇ ਕਿਹਾ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਫਰਾਂਸ ਅਤੇ ਜਰਮਨੀ ਦੇ ਲੀਡਰਾਂ ਨਾਲ ਮਿਲ ਕੇ ਹਿੰਸਾ ਦੀ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਨੇ ਇਰਾਨ ਦੇ ਵਿਦੇਸ਼ ਮੰਤਰੀ ਨਾਲ ਫ਼ੋਨ 'ਤੇ ਗੱਲਬਾਤ ਦੌਰਾਨ ਇਸ ਰੁਖ਼ ਨੂੰ ਦੁਹਰਾਇਆ ਹੈ।

ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਇਰਾਨ ਵਿੱਚ ਦਮਨ ਲਈ ਜ਼ਿੰਮੇਵਾਰ ਅਧਿਕਾਰੀਆਂ 'ਤੇ ਹੋਰ ਪਾਬੰਦੀਆਂ ਲਗਾਉਣ ਦੀ ਗੱਲ ਕੀਤੀ ਹੈ।

ਐਕਸ (X) 'ਤੇ ਜਾਰੀ ਬਿਆਨ ਵਿੱਚ ਉਨ੍ਹਾਂ ਨੇ ਲਿਖਿਆ ਕਿ "ਫੱਟੜਾਂ ਦੀ ਗਿਣਤੀ ਭਿਆਨਕ ਹੈ ਅਤੇ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਤੇ ਆਜ਼ਾਦੀ 'ਤੇ ਜਾਰੀ ਪਾਬੰਦੀਆਂ ਦੀ ਅਸੀਂ ਸਪੱਸ਼ਟ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।"

ਉਨ੍ਹਾਂ ਨੇ ਲਿਖਿਆ ਕਿ ਯੂਰਪੀਅਨ ਕਮਿਸ਼ਨ ਦੀ ਉਪ-ਪ੍ਰਧਾਨ ਕਾਯਾ ਕਾਲਾਸ ਦੇ ਨਾਲ ਮਿਲ ਕੇ "ਦਮਨ ਲਈ ਜ਼ਿੰਮੇਵਾਰ ਲੋਕਾਂ 'ਤੇ ਹੋਰ ਪਾਬੰਦੀਆਂ ਜਲਦ ਹੀ ਤਜਵੀਜ਼ ਕੀਤੀਆਂ ਜਾਣਗੀਆਂ।"

ਇਰਾਨ ਦੇ ਹਸਪਤਾਲਾਂ ਦਾ ਹਾਲ

ਮੁਜ਼ਾਹਰਾਕਾਰੀਆਂ ਦੇ ਵੱਡੀ ਗਿਣਤੀ ਵਿੱਚ ਮਾਰੇ ਜਾਣ ਅਤੇ ਜ਼ਖਮੀ ਹੋਣ ਕਾਰਨ ਇਰਾਨ ਦੇ ਹਸਪਤਾਲਾਂ 'ਤੇ ਕਾਫ਼ੀ ਦਬਾਅ ਪੈ ਰਿਹਾ ਹੈ ਅਤੇ ਹਾਲਾਤ ਵਿਗੜਦੇ ਜਾ ਰਹੇ ਹਨ।

ਕੈਂਸਰ ਮਾਹਿਰ ਪ੍ਰੋਫ਼ੈਸਰ ਸ਼ਾਹਰਾਮ ਕੋਰਦਸਤੀ ਪਿਛਲੇ ਦੋ ਦਹਾਕਿਆਂ ਤੋਂ ਲੰਡਨ ਵਿੱਚ ਕੰਮ ਕਰ ਰਹੇ ਹਨ ਅਤੇ ਇਰਾਨ ਦੇ ਡਾਕਟਰਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਜਦੋਂ ਵੀ ਹਾਲਾਤ ਖ਼ਰਾਬ ਹੋਏ ਹਨ, ਜਾਣਕਾਰੀ ਮਿਲਣੀ ਸੌਖੀ ਰਹੀ ਹੈ।

ਸੋਮਵਾਰ ਨੂੰ ਤੇਹਰਾਨ ਵਿੱਚ ਇੱਕ ਸਰਕਾਰ ਪੱਖੀ ਰੈਲੀ ਵਿੱਚ ਹਥਿਆਰਬੰਦ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸੋਮਵਾਰ ਨੂੰ ਤੇਹਰਾਨ ਵਿੱਚ ਇੱਕ ਸਰਕਾਰ ਪੱਖੀ ਰੈਲੀ ਵਿੱਚ ਹਥਿਆਰਬੰਦ ਸੁਰੱਖਿਆ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ

ਉਨ੍ਹਾਂ ਨੇ ਦੱਸਿਆ ਕਿ, "ਇਸ ਵਾਰ ਰਾਬਤੇ ਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਹਨ। ਇਸ ਵਿੱਚ ਸਟਾਰਲਿੰਕ ਵੀ ਸ਼ਾਮਲ ਹੈ, ਜੋ ਕੁਝ ਦਿਨ ਪਹਿਲਾਂ ਤੱਕ ਕੰਮ ਕਰ ਰਿਹਾ ਸੀ।"

ਬੀਬੀਸੀ ਨਿਊਜ਼ਡੇ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਖ਼ਰੀ ਸੁਨੇਹਾ ਤੇਹਰਾਨ ਵਿੱਚ ਆਪਣੇ ਇੱਕ ਸਾਥੀ ਡਾਕਟਰ ਤੋਂ ਮਿਲਿਆ ਸੀ। ਉਸ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ, "ਜ਼ਿਆਦਾਤਰ ਹਸਪਤਾਲਾਂ ਵਿੱਚ ਹਾਲਾਤ ਜੰਗ ਵਰਗੇ ਹਨ। ਸਾਡੇ ਕੋਲ ਸਾਮਾਨ ਦੀ ਕਮੀ ਹੈ, ਖ਼ੂਨ ਦੀ ਵੀ ਬਹੁਤ ਜਿਆਦਾ ਕਮੀ ਹੈ।"

ਹਾਲਾਂਕਿ ਕੋਰਦਸਤੀ ਨੇ ਦੱਸਿਆ ਕਿ ਉਹ ਇਸ ਜਾਣਕਾਰੀ ਦੀ ਖ਼ੁਦ ਪੁਸ਼ਟੀ ਨਹੀਂ ਕਰ ਸਕੇ ਹਨ, ਪਰ ਉਨ੍ਹਾਂ ਦੇ ਰਾਬਤੇ ਵਿੱਚ ਮੌਜੂਦ "ਦੋ ਤੋਂ ਤਿੰਨ ਹਸਪਤਾਲਾਂ" ਦੇ ਡਾਕਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਸੈਂਕੜੇ ਲੋਕਾਂ ਨੂੰ ਲਿਆਂਦਾ ਗਿਆ ਜੋ ਜ਼ਖਮੀ ਸਨ ਜਾਂ ਜਾਨ ਗੁਆ ਚੁੱਕੇ ਸਨ।

ਉਨ੍ਹਾਂ ਨੇ ਦੱਸਿਆ ਕਿ, "ਜਿਹੜੇ ਅੰਕੜੇ ਸਾਨੂੰ ਮਿਲ ਰਹੇ ਹਨ, ਉਹ ਜ਼ਿਆਦਾਤਰ ਤੇਹਰਾਨ ਜਾਂ ਵੱਡੇ ਸ਼ਹਿਰਾਂ ਤੋਂ ਹਨ, ਪਰ ਛੋਟੇ ਸ਼ਹਿਰਾਂ ਵਿੱਚ ਕੀ ਹੋ ਰਿਹਾ ਹੈ, ਸਾਨੂੰ ਬਿਲਕੁਲ ਪਤਾ ਨਹੀਂ ਹੈ।"

ਪਿਛਲੇ ਦਿਨੀਂ ਇਰਾਨ ਦੇ ਕਈ ਹਸਪਤਾਲਾਂ ਦੇ ਮੁਲਾਜ਼ਮਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਇੱਥੇ ਮਰੇ ਹੋਏ ਅਤੇ ਜ਼ਖਮੀ ਮਰੀਜ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਹਸਪਤਾਲਾਂ 'ਤੇ ਬਹੁਤ ਜਿਆਦਾ ਦਬਾਅ ਪੈ ਰਿਹਾ ਹੈ।

ਤੇਹਰਾਨ ਦੇ ਇੱਕ ਹਸਪਤਾਲ ਦੇ ਇੱਕ ਮੈਡੀਕਲ ਸਟਾਫ਼ ਨੇ ਕਿਹਾ ਕਿ, "ਨੌਜਵਾਨਾਂ ਦੇ ਸਿਰ 'ਤੇ ਅਤੇ ਦਿਲ 'ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਹਨ।"

ਦੂਜੇ ਪਾਸੇ ਇੱਕ ਡਾਕਟਰ ਨੇ ਦੱਸਿਆ ਕਿ ਤੇਹਰਾਨ ਦੇ ਅੱਖਾਂ ਦੇ ਇੱਕ ਹਸਪਤਾਲ ਵਿੱਚ ਹਾਲਾਤ ਇੰਨੇ ਵਿਗੜ ਗਏ ਹਨ ਕਿ ਉਸਨੂੰ ਸੰਕਟ ਯਾਨੀ 'ਕਰਾਈਸਿਸ ਮੋਡ' ਵਿੱਚ ਪਾਉਣਾ ਪਿਆ ਹੈ।