ਟਰੰਪ ਗ੍ਰੀਨਲੈਂਡ ਕਿਉਂ ਚਾਹੁੰਦੇ ਹਨ, ਡੈਨਮਾਰਕ ਦਾ ਰਾਜ ਗ੍ਰੀਨਲੈਂਡ ਉੱਤੇ ਕਿਉਂ ਹੈ, ਇਸ ਦੇਸ਼ ਵਿੱਚ ਕੀ ਖ਼ਾਸ ਹੈ

ਤਸਵੀਰ ਸਰੋਤ, Getty Images
- ਲੇਖਕ, ਜੇਮਜ਼ ਫਿਟਜ਼ਗੈਰਾਲਡ
ਟਰੰਪ ਨੇ ਕਿਹਾ ਹੈ, 'ਕੌਮੀ ਸੁਰੱਖਿਆ ਦੇ ਨਜ਼ਰੀਏ ਤੋਂ ਸਾਨੂੰ ਗ੍ਰੀਨਲੈਂਡ ਦੀ ਲੋੜ ਹੈ।'
ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਡੌਨਲਡ ਟਰੰਪ ਅਤੇ ਉਨ੍ਹਾਂ ਦੇ ਨਜ਼ਦੀਕੀ ਸਲਾਹਕਾਰ ਗ੍ਰੀਨਲੈਂਡ 'ਤੇ ਕਬਜ਼ਾ ਕਰਨ ਬਾਰੇ ਮਸ਼ਵਰਾ ਕਰ ਰਹੇ ਹਨ, ਕਿਉਂਕਿ ਅਮਰੀਕੀ ਰਾਸ਼ਟਰਪਤੀ ਲਗਾਤਾਰ ਇਹ ਦਲੀਲ ਦੇ ਰਹੇ ਹਨ ਕਿ ਇਸ ਨਾਲ ਉਨ੍ਹਾਂ ਦੇ ਦੇਸ ਦੀ ਸੁਰੱਖਿਆ ਨੂੰ ਫਾਇਦਾ ਹੋਵੇਗਾ।
ਉਨ੍ਹਾਂ ਦੀਆਂ ਮੰਗਾਂ ਨੂੰ ਟਾਪੂ ਦੇ ਆਗੂਆਂ ਤੋਂ ਇਲਾਵਾ ਨਾਟੋ ਦੇ ਮੈਂਬਰ ਦੇਸ ਡੈਨਮਾਰਕ ਵੱਲੋਂ ਵੀ ਰੱਦ ਕਰ ਦਿੱਤਾ ਗਿਆ ਹੈ। ਗ੍ਰੀਨਲੈਂਡ ਡੈਨਮਾਰਕ ਦਾ ਹੀ ਇੱਕ ਅਰਧ-ਖੁਦਮੁਖਤਿਆਰੀ ਖੇਤਰ ਹੈ।
ਗ੍ਰੀਨਲੈਂਡ ਕਿੱਥੇ ਹੈ ਅਤੇ ਇਹ ਟਰੰਪ ਲਈ ਕਿਉਂ ਮਹੱਤਵਪੂਰਨ ਹੈ?
ਗ੍ਰੀਨਲੈਂਡ - ਆਰਕਟਿਕ ਖੇਤਰ ਵਿੱਚ ਸਥਿਤ, ਦੁਨੀਆ ਦਾ ਸਭ ਤੋਂ ਵੱਡਾ ਟਾਪੂ ਜੋ ਕਿ ਮਹਾਂਦੀਪ ਨਹੀਂ ਹੈ।
ਇਹ ਸਭ ਤੋਂ ਘੱਟ ਆਬਾਦੀ ਵਾਲਾ ਖੇਤਰ ਵੀ ਹੈ। ਉੱਥੇ ਲਗਭਗ 56,000 ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਸਥਾਨਕ 'ਇਨੂਇਟ' ਲੋਕ ਹਨ।
ਇਸਦਾ ਲਗਭਗ 80% ਹਿੱਸਾ ਬਰਫ਼ ਨਾਲ ਢਕਿਆ ਹੋਇਆ ਹੈ, ਜਿਸਦਾ ਮਤਲਬ ਹੈ ਕਿ ਜ਼ਿਆਦਾਤਰ ਲੋਕ ਰਾਜਧਾਨੀ 'ਨੂਕ' ਦੇ ਆਲੇ-ਦੁਆਲੇ ਦੱਖਣ-ਪੱਛਮੀ ਤੱਟ 'ਤੇ ਰਹਿੰਦੇ ਹਨ।
ਗ੍ਰੀਨਲੈਂਡ ਦੀ ਆਰਥਿਕਤਾ ਮੁੱਖ ਤੌਰ 'ਤੇ ਮੱਛੀ ਫੜਨ 'ਤੇ ਅਧਾਰਿਤ ਹੈ, ਅਤੇ ਇਸ ਨੂੰ ਡੈਨਮਾਰਕ ਦੀ ਸਰਕਾਰ ਤੋਂ ਵੱਡੀ ਸਹਾਇਤਾ ਮਿਲਦੀ ਹੈ।

ਤਸਵੀਰ ਸਰੋਤ, Getty Images
ਲੇਕਿਨ ਪਿਛਲੇ ਕੁਝ ਸਾਲਾਂ ਦੌਰਾਨ, ਗ੍ਰੀਨਲੈਂਡ ਦੇ ਕੁਦਰਤੀ ਸਰੋਤਾਂ ਵਿੱਚ ਦਿਲਚਸਪੀ ਵਧੀ ਹੈ, ਜਿਸ ਵਿੱਚ ਦੁਰਲੱਭ ਖਣਿਜ, ਯੂਰੇਨੀਅਮ ਅਤੇ ਲੋਹੇ ਦੀ ਮਾਈਨਿੰਗ ਸ਼ਾਮਲ ਹੈ। ਗਲੋਬਲ ਵਾਰਮਿੰਗ ਕਾਰਨ ਟਾਪੂ ਨੂੰ ਢਕਣ ਵਾਲੀ ਬਰਫ਼ ਦੀ ਵਿਸ਼ਾਲ ਚਾਦਰ ਦੇ ਪਿਘਲਣ ਨਾਲ ਇਨ੍ਹਾਂ ਸਰੋਤਾਂ ਤੱਕ ਪਹੁੰਚ ਹੋਰ ਵੀ ਸੁਖਾਲੀ ਹੋ ਸਕਦੀ ਹੈ।
ਕੀਮਤੀ ਖਣਿਜ ਸਰੋਤ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਟਰੰਪ ਦੇ ਧਿਆਨ ਦਾ ਮੁੱਖ ਕੇਂਦਰ ਰਹੇ ਹਨ, ਜਿਸ ਵਿੱਚ ਯੂਕਰੇਨ ਨਾਲ ਉਨ੍ਹਾਂ ਦੇ ਲੈਣ-ਦੇਣ ਵੀ ਸ਼ਾਮਲ ਹਨ।
ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ: "ਕੌਮੀ ਸੁਰੱਖਿਆ ਲਈ ਸਾਨੂੰ ਗ੍ਰੀਨਲੈਂਡ ਦੀ ਲੋੜ ਹੈ, ਨਾ ਕਿ ਖਣਿਜਾਂ ਲਈ।"
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ "ਗ੍ਰੀਨਲੈਂਡ ਹਰ ਪਾਸੇ ਤੋਂ ਰੂਸੀ ਅਤੇ ਚੀਨੀ ਜਹਾਜ਼ਾਂ ਨਾਲ ਘਿਰਿਆ ਹੋਇਆ ਹੈ।"
ਕਈ ਰਿਪਬਲਿਕਨ ਵਿਧਾਇਕ ਵੀ ਇਸ ਵਿਚਾਰ ਦੇ ਹਮਾਇਤੀ ਹਨ ਕਿ ਅਮਰੀਕਾ ਦੀ ਸੁਰੱਖਿਆ ਨੂੰ ਉਨ੍ਹਾਂ ਦੋਵਾਂ ਦੇਸਾਂ ਤੋਂ ਖਤਰਾ ਹੈ ਜਿਨ੍ਹਾਂ ਨੂੰ ਅਕਸਰ ਅਮਰੀਕਾ ਦੇ ਵਿਰੋਧੀ ਮੰਨਿਆ ਜਾਂਦਾ ਹੈ।
ਗ੍ਰੀਨਲੈਂਡ 'ਤੇ ਅਮਰੀਕੀ ਕੰਟਰੋਲ ਬਾਰੇ ਟਰੰਪ ਨੇ ਕੀ ਕਿਹਾ ਹੈ?
ਟਰੰਪ ਨੇ ਵੈਨੇਜ਼ੁਏਲਾ 'ਤੇ ਅਮਰੀਕੀ ਫੌਜੀ ਛਾਪੇਮਾਰੀ ਜਿਸ ਦੌਰਾਨ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਫੜ ਕੇ ਨਿਊਯਾਰਕ ਲਿਜਾਇਆ ਗਿਆ ਸੀ, ਤੋਂ ਬਾਅਦ ਅਮਰੀਕਾ ਦੁਆਰਾ ਗ੍ਰੀਨਲੈਂਡ 'ਤੇ ਕਬਜ਼ਾ ਕਰਨ ਦੀਆਂ ਪਿਛਲੀਆਂ ਮੰਗਾਂ ਨੂੰ ਦੁਹਰਾਇਆ ਹੈ ।
ਟਾਪੂ ਦੇ ਪ੍ਰਧਾਨ ਮੰਤਰੀ ਜੇਨਸ ਫਰੈਡਰਿਕ ਨੀਲਸਨ ਨੇ ਜਵਾਬ ਦਿੰਦਿਆਂ ਕਿਹਾ, "ਹੁਣ ਬਹੁਤ ਹੋ ਗਿਆ ਹੈ", ਅਤੇ ਅਮਰੀਕੀ ਕੰਟਰੋਲ ਦੇ ਵਿਚਾਰ ਨੂੰ ਇੱਕ "ਕਲਪਨਾ" ਦੱਸਿਆ।
ਲੇਕਿਨ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਧਮਕੀਆਂ ਉਵੇਂ-ਜਿਵੇਂ ਜਾਰੀ ਹਨ। ਰਾਸ਼ਟਰਪਤੀ ਨੇ ਕਿਹਾ ਕਿ ਉਹ ਆਪਣੀਆਂ ਯੋਜਨਾਵਾਂ ਨੂੰ ਲੈ ਕੇ "ਬਹੁਤ ਗੰਭੀਰ" ਹਨ, ਅਤੇ ਕਿਹਾ ਕਿ ਗ੍ਰੀਨਲੈਂਡ ਯੂਰਪੀਅਨ ਅਤੇ ਅਮਰੀਕੀ ਸੁਰੱਖਿਆ ਦੋਵਾਂ ਲਈ ਅਹਿਮ ਹੈ।
ਉਨ੍ਹਾਂ ਦੇ ਚੋਟੀ ਦੇ ਸਲਾਹਕਾਰਾਂ ਵਿੱਚੋਂ ਇੱਕ, ਸਟੀਫਨ ਮਿਲਰ ਨੇ ਕਿਹਾ ਕਿ "ਗ੍ਰੀਨਲੈਂਡ ਦੇ ਭਵਿੱਖ ਨੂੰ ਲੈ ਕੇ ਕੋਈ ਵੀ ਅਮਰੀਕਾ ਨਾਲ ਨਹੀਂ ਲੜੇਗਾ।"

ਅਮਰੀਕਾ ਨੇ ਇਸ ਖੇਤਰ 'ਤੇ ਕਬਜ਼ਾ ਕਰਨ ਲਈ ਹਥਿਆਰਬੰਦ ਫੌਜਾਂ ਦੀ ਵਰਤੋਂ ਕਰਨ ਤੋਂ ਇਨਕਾਰ ਨਹੀਂ ਕੀਤਾ ਹੈ। ਰੱਖਿਆ ਮੰਤਰੀ ਪੀਟ ਹੇਗਸੇਥ ਨੇ ਜੂਨ ਵਿੱਚ ਇੱਕ ਸੰਸਦੀ ਸੁਣਵਾਈ ਦੌਰਾਨ ਦੱਸਿਆ ਕਿ ਪੈਂਟਾਗਨ ਕੋਲ "ਹੰਗਾਮੀ ਯੋਜਨਾਵਾਂ" ਤਿਆਰ ਹਨ।
ਵੈਨੇਜ਼ੁਏਲਾ ਵਿੱਚ ਕਾਰਵਾਈ ਤੋਂ ਕੁਝ ਦਿਨਾਂ ਬਾਅਦ, ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਅਤੇ ਉਨ੍ਹਾਂ ਦੀ ਟੀਮ ਗ੍ਰੀਨਲੈਂਡ ਨੂੰ ਹਾਸਲ ਕਰਨ ਦੇ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ, ਜਿਸ ਵਿੱਚ "ਅਮਰੀਕੀ ਫੌਜ ਦੀ ਵਰਤੋਂ" ਕਰਨਾ ਵੀ ਸ਼ਾਮਲ ਹੈ।
ਸਾਲ 2019 ਵਿੱਚ, ਟਰੰਪ ਨੇ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਟਾਪੂ ਖਰੀਦਣ ਦੀ ਪੇਸ਼ਕਸ਼ ਕੀਤੀ ਸੀ। ਜਵਾਬ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਇਹ ਵਿਕਾਊ ਨਹੀਂ ਹੈ।
ਜਨਵਰੀ 2025 ਵਿੱਚ ਵ੍ਹਾਈਟ ਹਾਊਸ ਵਾਪਸ ਆਉਣ ਤੋਂ ਬਾਅਦ ਗ੍ਰੀਨਲੈਂਡ ਵਿੱਚ ਉਨ੍ਹਾਂ ਨੇ ਆਪਣੀ ਦਿਲਚਸਪੀ ਫਿਰ ਤੋਂ ਜਗਾਈ ਹੈ, ਅਤੇ ਤਾਕਤ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਹੈ।
ਗ੍ਰੀਨਲੈਂਡ ਦੇ ਕੁਝ ਵਿਵਾਦਗ੍ਰਸਤ ਉੱਚ-ਪੱਧਰੀ ਦੌਰੇ ਵੀ ਹੋਏ ਹਨ। ਉਪ-ਰਾਸ਼ਟਰਪਤੀ ਜੇਡੀ ਵਾਂਸ ਨੇ ਮਾਰਚ ਵਿੱਚ ਉੱਥੋਂ ਦੀ ਯਾਤਰਾ ਕੀਤੀ ਅਤੇ ਇੱਕ ਭਾਸ਼ਣ ਦਿੱਤਾ ਜਿਸ ਵਿੱਚ ਡੈਨਮਾਰਕ 'ਤੇ ਇਸ ਖੇਤਰ ਦੀ ਰੱਖਿਆ ਲਈ ਲੋੜੀਂਦਾ ਨਿਵੇਸ਼ ਨਾ ਕਰਨ ਦਾ ਇਲਜ਼ਾਮ ਲਾਜਇਆ ਗਿਆ।
ਅਮਰੀਕੀ ਇਰਾਦਿਆਂ ਬਾਰੇ ਇੱਕ ਨਵਾਂ ਵਿਵਾਦ 2025 ਦੇ ਅੰਤ ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਟਰੰਪ ਨੇ ਗ੍ਰੀਨਲੈਂਡ ਲਈ ਇੱਕ ਵਿਸ਼ੇਸ਼ ਦੂਤ, ਜੈਫ ਲੈਂਡਰੀ ਨੂੰ ਨਿਯੁਕਤ ਕੀਤਾ, ਜਿਸ ਨੇ ਟਾਪੂ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਡੈਨਮਾਰਕ ਅਤੇ ਹੋਰ ਨਾਟੋ ਸਹਿਯੋਗੀਆਂ ਨੇ ਕੀ ਕਿਹਾ ਹੈ?
ਬੀਬੀਸੀ ਦੇ ਡਿਪਲੋਮੈਟਿਕ ਪੱਤਰਕਾਰ ਜੇਮਜ਼ ਲੈਂਡੇਲ ਦੇ ਅਨੁਸਾਰ, ਟਰੰਪ ਦੇ ਰਵੱਈਏ ਨੇ ਡੈਨਮਾਰਕ, ਜਿਸ ਦੇ ਰਵਾਇਤੀ ਤੌਰ 'ਤੇ ਵਾਸ਼ਿੰਗਟਨ ਨਾਲ ਨਜ਼ਦੀਕੀ ਸਬੰਧ ਰਹੇ ਹਨ, ਨੂੰ ਹੈਰਾਨ ਕਰ ਦਿੱਤਾ ਹੈ।
ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਚੇਤਾਵਨੀ ਦਿੱਤੀ ਕਿ ਗ੍ਰੀਨਲੈਂਡ 'ਤੇ ਕਬਜ਼ਾ ਕਰਨ ਦੀ ਕੋਈ ਵੀ ਕੋਸ਼ਿਸ਼ ਨਾਟੋ ਦੇ ਅੰਤ ਦਾ ਕਾਰਨ ਬਣੇਗੀ।
ਜਦੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ, ਜੋ ਕਿ ਇੱਕ ਹੋਰ ਨਾਟੋ ਨੇਤਾ ਹਨ, ਨੂੰ ਪੁੱਛਿਆ ਗਿਆ ਕਿ ਕੀ ਉਹ ਟਰੰਪ ਨੂੰ "ਗ੍ਰੀਨਲੈਂਡ ਤੋਂ ਦੂਰ ਰਹੋ" ਕਹਿਣਗੇ ਤਾਂ ਉਨ੍ਹਾਂ ਨੇ ਕਿਹਾ, "ਹਾਂ।"
ਸਟਾਰਮਰ ਨੇ ਫਰਾਂਸ, ਜਰਮਨੀ, ਇਟਲੀ, ਪੋਲੈਂਡ, ਸਪੇਨ ਅਤੇ ਡੈਨਮਾਰਕ ਦੇ ਆਗੂਆਂ ਦੇ ਨਾਲ ਇੱਕ ਬਿਆਨ 'ਤੇ ਦਸਤਖਤ ਕੀਤੇ, ਜਿਸ ਵਿੱਚ ਕਿਹਾ ਗਿਆ ਸੀ: "ਗ੍ਰੀਨਲੈਂਡ ਇਸਦੇ ਲੋਕਾਂ ਦਾ ਹੈ, ਅਤੇ ਸਿਰਫ ਡੈਨਮਾਰਕ ਅਤੇ ਗ੍ਰੀਨਲੈਂਡ ਹੀ ਆਪਣੇ ਸਬੰਧਾਂ ਨਾਲ ਜੁੜੇ ਮਾਮਲਿਆਂ 'ਤੇ ਫੈਸਲਾ ਕਰ ਸਕਦੇ ਹਨ।"
ਡੈਨਮਾਰਕ ਗ੍ਰੀਨਲੈਂਡ 'ਤੇ ਕੰਟਰੋਲ ਕਿਉਂ ਰੱਖਦਾ ਹੈ?

ਤਸਵੀਰ ਸਰੋਤ, Getty Images
ਹਾਲਾਂਕਿ ਇਹ ਉੱਤਰੀ ਅਮਰੀਕਾ ਮਹਾਂਦੀਪ ਦਾ ਹਿੱਸਾ ਹੈ, ਪਰ ਗ੍ਰੀਨਲੈਂਡ 'ਤੇ ਲਗਭਗ 300 ਸਾਲਾਂ ਤੋਂ ਡੈਨਮਾਰਕ ਦਾ ਕੰਟਰੋਲ ਹੈ - ਜੋ ਕਿ ਉਸ ਤੋਂ ਲਗਭਗ 3,000 ਕਿਲੋਮੀਟਰ ਦੂਰ ਹੈ।
ਲੇਕਿਨ ਗ੍ਰੀਨਲੈਂਡ ਵਿੱਚ ਅਮਰੀਕਾ ਦੀ ਸੁਰੱਖਿਆ ਦਿਲਚਸਪੀ ਵੀ ਕਾਫ਼ੀ ਪੁਰਾਣੀ ਹੈ, ਅਤੇ ਟਰੰਪ ਤੋਂ ਪਹਿਲਾਂ ਦੋ ਅਮਰੀਕੀ ਸਰਕਾਰਾਂ ਨੇ ਇਸਨੂੰ ਹਾਸਲ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਸਨ।
20ਵੀਂ ਸਦੀ ਦੇ ਅੱਧ ਤੱਕ ਗ੍ਰੀਨਲੈਂਡ ਇੱਕ ਬਸਤੀ ਰਿਹਾ, ਜਿਸ ਵਿੱਚੋਂ ਵਧੇਰੇ ਸਮਾਂ ਇਹ ਅਲੱਗ-ਥਲੱਗ ਅਤੇ ਗ਼ਰੀਬ ਰਿਹਾ।
ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਜਰਮਨੀ ਦੇ ਮੁੱਖ ਡੈਨਮਾਰਕ 'ਤੇ ਕਬਜ਼ਾ ਕਰਨ ਤੋਂ ਬਾਅਦ, ਅਮਰੀਕਾ ਨੇ ਟਾਪੂ 'ਤੇ ਕਬਜ਼ਾ ਕਰ ਲਿਆ ਅਤੇ ਉੱਥੇ ਫੌਜੀ ਅਤੇ ਰੇਡੀਓ ਸਟੇਸ਼ਨ ਕਾਇਮ ਕੀਤੇ।
ਯੁੱਧ ਤੋਂ ਬਾਅਦ, ਅਮਰੀਕੀ ਫੌਜਾਂ ਗ੍ਰੀਨਲੈਂਡ ਵਿੱਚ ਹੀ ਰਹੀਆਂ। ਪੀਟੂਫਿਕ ਸਪੇਸ ਅੱਡੇ, ਜਿਸ ਨੂੰ ਪਹਿਲਾਂ ਥੂਲੇ ਏਅਰ ਬੇਸ ਵਜੋਂ ਜਾਣਿਆ ਜਾਂਦਾ ਸੀ, ਨੂੰ ਉਦੋਂ ਤੋਂ ਹੀ ਅਮਰੀਕਾ ਚਲਾ ਰਿਹਾ ਹੈ।
ਸਾਲ 1951 ਵਿੱਚ, ਡੈਨਮਾਰਕ ਨਾਲ ਇੱਕ ਰੱਖਿਆ ਸਮਝੌਤੇ ਨੇ ਅਮਰੀਕਾ ਨੂੰ ਇਸ ਖੇਤਰ ਦੀ ਰੱਖਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਦਿੱਤੀ, ਜਿਸ ਵਿੱਚ ਫੌਜੀ ਅੱਡੇ ਬਣਾਉਣ ਅਤੇ ਰੱਖਣ ਦਾ ਅਧਿਕਾਰ ਵੀ ਸ਼ਾਮਲ ਸੀ।
ਸਾਲ 1953 ਵਿੱਚ, ਟਾਪੂ ਨੂੰ ਡੈਨਮਾਰਕ ਦੇ ਰਾਜ ਦਾ ਹਿੱਸਾ ਬਣਾਇਆ ਗਿਆ ਅਤੇ ਗ੍ਰੀਨਲੈਂਡ ਦੇ ਵਾਸੀ ਡੈਨਿਸ਼ ਨਾਗਰਿਕ ਬਣ ਗਏ।
ਸਾਲ 1979 ਵਿੱਚ, 'ਹੋਮ ਰੂਲ' 'ਤੇ ਹੋਈ ਇੱਕ ਰਾਇਸ਼ੁਮਾਰ ਨੇ ਗ੍ਰੀਨਲੈਂਡ ਨੂੰ ਖੇਤਰ ਦੇ ਅੰਦਰ ਜ਼ਿਆਦਾਤਰ ਨੀਤੀਆਂ 'ਤੇ ਕੰਟਰੋਲ ਦਿੱਤਾ, ਜਦੋਂ ਕਿ ਡੈਨਮਾਰਕ ਨੇ ਵਿਦੇਸ਼ੀ ਮਾਮਲਿਆਂ ਅਤੇ ਰੱਖਿਆ 'ਤੇ ਕੰਟਰੋਲ ਬਰਕਰਾਰ ਰੱਖਿਆ।
ਗ੍ਰੀਨਲੈਂਡ ਵਿੱਚ ਡੈਨਿਸ਼ ਫੌਜੀ ਅੱਡਿਆਂ ਦੇ ਨਾਲ-ਨਾਲ ਅਮਰੀਕੀ ਫੌਜੀ ਅੱਡੇ ਵੀ ਹਨ।
ਗ੍ਰੀਨਲੈਂਡ ਦੇ ਲੋਕ ਕੀ ਸੋਚਦੇ ਹਨ?

ਤਸਵੀਰ ਸਰੋਤ, Getty Images
ਸਾਲ 2026 ਦੀ ਸ਼ੁਰੂਆਤ ਵਿੱਚ ਟਰੰਪ ਦੀਆਂ ਧਮਕੀਆਂ ਦੇ ਜਵਾਬ ਵਿੱਚ, ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਨੀਲਸਨ ਨੇ ਕਿਹਾ: "ਹੁਣ ਹੋਰ ਦਬਾਅ ਨਹੀਂ। ਹੋਰ ਕੋਈ ਇਸ਼ਾਰੇ ਨਹੀਂ। ਕਬਜ਼ੇ ਦੀਆਂ ਹੋਰ ਕੋਈ ਕਲਪਨਾਵਾਂ ਨਹੀਂ।”
"ਅਸੀਂ ਗੱਲਬਾਤ ਲਈ ਤਿਆਰ ਹਾਂ। ਅਸੀਂ ਵਿਚਾਰ-ਵਟਾਂਦਰੇ ਲਈ ਤਿਆਰ ਹਾਂ। ਲੇਕਿਨ ਇਹ ਉਚਿਤ ਤਰੀਕਿਆਂ ਰਾਹੀਂ ਅਤੇ ਕੌਮਾਂਤਰੀ ਕਾਨੂੰਨ ਦੇ ਸਤਿਕਾਰ ਨਾਲ ਹੋਣਾ ਚਾਹੀਦਾ ਹੈ।"
ਜਦੋਂ ਬੀਬੀਸੀ ਪੱਤਰਕਾਰ ਫਰਗਲ ਕੀਨ ਨੇ 2025 ਵਿੱਚ ਟਾਪੂ ਦਾ ਦੌਰਾ ਕੀਤਾ, ਤਾਂ ਉਨ੍ਹਾਂ ਨੇ ਇੱਕ ਵਾਕ ਵਾਰ-ਵਾਰ ਸੁਣਿਆ: "ਗ੍ਰੀਨਲੈਂਡ ਗ੍ਰੀਨਲੈਂਡ ਵਾਸੀਆਂ ਦਾ ਹੈ। ਇਸ ਲਈ, ਟਰੰਪ ਇੱਥੇ ਆ ਸਕਦੇ ਹਨ ਪਰ ਬੱਸ ਇੰਨਾ ਹੀ।"
ਉਸ ਸਾਲ ਇੱਥੋਂ ਦੀਆਂ ਆਮ ਚੋਣਾਂ ਦੌਰਾਨ ਇਹ ਮੁੱਦਾ ਚਰਚਾ ਦਾ ਕੇਂਦਰ ਰਿਹਾ।
ਸਰਵੇਖਣਾਂ ਮੁਤਾਬਕ ਜ਼ਿਆਦਾਤਰ ਗ੍ਰੀਨਲੈਂਡ ਵਾਸੀ ਡੈਨਮਾਰਕ ਤੋਂ ਆਜ਼ਾਦੀ ਚਾਹੁੰਦੇ ਹਨ, ਪਰ ਉਨ੍ਹਾਂ ਵਿੱਚੋਂ ਵੱਡੀ ਬਹੁਗਿਣਤੀ ਅਮਰੀਕਾ ਦਾ ਹਿੱਸਾ ਬਣਨ ਦੇ ਵਿਚਾਰ ਨੂੰ ਵੀ ਰੱਦ ਕਰਦੀ ਹੈ।
ਜਦੋਂ ਟਰੰਪ ਨੇ ਪਹਿਲੀ ਵਾਰ 2019 ਵਿੱਚ ਗ੍ਰੀਨਲੈਂਡ ਖਰੀਦਣ ਦੀ ਪੇਸ਼ਕਸ਼ ਕੀਤੀ, ਤਾਂ ਕਈ ਗ੍ਰੀਨਲੈਂਡ ਵਾਸੀਆਂ ਨੇ ਕਿਹਾ ਸੀ ਕਿ ਉਹ ਇਸ ਤਜਵੀਜ਼ ਦੇ ਵਿਰੁੱਧ ਹਨ।
ਇੱਕ ਟੂਰ ਆਪਰੇਟਰ ਡਾਇਨਸ ਮੀਕਲਸਨ ਨੇ ਕਿਹਾ, "ਇਹ ਇੱਕ ਬਹੁਤ ਹੀ ਖਤਰਨਾਕ ਵਿਚਾਰ ਹੈ।"
ਗ੍ਰੀਨਲੈਂਡ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਲੇਕਾ ਹੈਮੰਡ ਨੇ ਕਿਹਾ, "ਉਹ ਸਾਡੇ ਨਾਲ ਕਿਸੇ ਅਜਿਹੀ ਵਸਤੂ ਵਾਂਗ ਵਿਵਹਾਰ ਕਰ ਰਹੇ ਹਨ ਜਿਸ ਨੂੰ ਉਹ ਖ਼ਰੀਦ ਸਕਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












