ਇਸ ਪਿੰਡ ਨੇ ਆਪਣੇ ਜ਼ਿਆਦਾਤਰ ਮਰਦਾਂ ਨੂੰ ਗੁਆ ਦਿੱਤਾ, ਅਜਿਹਾ ਕੀ ਵਾਪਰਿਆ ਕਿ ਜੰਗਲਾਂ ਤੋਂ ਲੱਕੜਾਂ ਲਿਆਉਣ ਵਾਲਾ ਵੀ ਕੋਈ ਨਹੀਂ ਬਚਿਆ

ਤਸਵੀਰ ਸਰੋਤ, Kamchatka government
- ਲੇਖਕ, ਓਲਗਾ ਇਵਸ਼ੀਨਾ
- ਰੋਲ, ਬੀਬੀਸੀ ਨਿਊਜ਼ ਰਸ਼ੀਅਨ
- ਪੜ੍ਹਨ ਦਾ ਸਮਾਂ: 7 ਮਿੰਟ
ਰੂਸ ਦੇ ਦੁਰੇਡੇ ਪੂਰਬੀ ਇਲਾਕੇ ਵਿੱਚ ਸੇਦਾਂਕਾ ਦਾ ਅਜਿਹਾ ਪਿੰਡ, ਜਿੱਥੇ ਜ਼ਿਆਦਾਤਰ ਮੱਛੀਆਂ ਫੜਨ ਦਾ ਕੰਮ ਕੀਤਾ ਜਾਂਦਾ ਹੈ, ਉੱਥੇ ਜ਼ਿੰਦਗੀ ਬਹੁਤ ਔਖੀ ਗੁਜ਼ਰ ਰਹੀ ਹੈ।
ਬਹੁਤਿਆਂ ਘਰਾਂ ਵਿੱਚ ਨਾ ਪਾਣੀ ਆ ਰਿਹਾ, ਨਾ ਪਖਾਨੇ ਦੀ ਸਹੂਲਤ ਹੈ, ਨਾ ਘਰਾਂ ਨੂੰ ਗਰਮ ਰੱਖਣ ਦੀ ਵਿਵਸਥਾ, ਬਾਵਜੂਦ ਇਸਦੇ ਕਿ ਸਰਦੀਆਂ ਦੇ ਕੁਝ ਮਹੀਨਿਆਂ ਵਿੱਚ ਇੱਥੇ ਤਾਪਮਾਨ ਮਾਈਨਸ 10 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।
ਟੁੰਡਰਾ ਜੰਗਲ ਅਤੇ ਦਲਦਲ ਨਾਲ ਘਿਰਿਆ ਇਹ ਇਲਾਕਾ, ਜਿਸਦੇ ਕੇਂਦਰੀ ਜ਼ਿਲ੍ਹੇ ਤੱਕ ਸਿਰਫ਼ ਮਈ ਤੋਂ ਅਕਤੂਬਰ ਮਹੀਨਿਆਂ ਦੌਰਾਨ ਸਿਰਫ਼ ਕਿਸ਼ਤੀਆਂ ਜਾਂ ਟ੍ਰੈਕ ਗੱਡੀਆਂ ਜ਼ਰੀਏ ਹੀ ਪਹੁੰਚਿਆ ਜਾ ਸਕਦਾ ਹੈ, ਜਦੋਂਕਿ ਸਰਦੀਆਂ ਵਿੱਚ ਬਰਫ਼ 'ਤੇ ਚੱਲਣ ਵਾਲੀਆਂ ਗੱਡੀਆਂ ਜਾਂ ਹੈਲੀਕਾਪਟਰ ਜ਼ਰੀਏ ਹੀ ਪਹੁੰਚ ਕੀਤੀ ਜਾ ਸਕਦੀ ਹੈ।
ਇੱਥੇ ਸਥਾਨਕ ਰੁਜ਼ਗਾਰ ਦੇ ਮੌਕੇ ਘੱਟ ਹਨ ਅਤੇ ਜ਼ਿਆਦਾਤਰ ਪਿੰਡ ਦੇ ਲੋਕ ਮੱਛੀ ਫੜ ਕੇ ਜਾਂ ਫਸਲ ਉਗਾ ਕੇ ਆਪਣਾ ਗੁਜ਼ਾਰਾ ਕਰਦੇ ਹਨ।
ਸਥਾਨਕ ਲੋਕਾਂ ਮੁਤਾਬਕ ਹੁਣ ਸੇਦਾਂਕਾ ਇਲਾਕੇ ਦੇ 18 ਤੋਂ 55 ਸਾਲ ਦੀ ਉਮਰ ਵਰਗ ਦੇ ਤਕਰੀਬਨ ਸਾਰੇ ਮਰਦ ਯੂਕਰੇਨ ਖਿਲਾਫ ਰੂਸ ਵੱਲੋਂ ਜੰਗ ਵਿੱਚ ਸ਼ਾਮਿਲ ਹਨ।
"ਜੰਗਲ 'ਚੋਂ ਲੱਕੜਾਂ ਲਿਆਉਣ ਵਾਲਾ ਕੋਈ ਨਹੀਂ"
ਬੀਬੀਸੀ ਵਰਲਡ ਸਰਵਿਸ ਨਾਲ ਗੱਲ ਕਰਦਿਆਂ ਨਤਾਲੀਆ (ਜਿਸ ਦਾ ਨਾਮ ਸੁਰੱਖਿਆ ਕਾਰਨਾਂ ਕਰਕੇ ਅਸੀਂ ਬਦਲਿਆ ਹੈ) ਦੱਸਦੇ ਹਨ, "ਇਹ ਬਹੁਤ ਦਰਦਨਾਕ ਹੈ – ਸਾਡੇ ਕਈ ਲੋਕ ਮਾਰੇ ਜਾ ਚੁੱਕੇ ਹਨ। ਮੇਰੀ ਭੈਣ ਦਾ ਪਤੀ ਅਤੇ ਮੇਰੇ ਚਚੇਰੇ ਭਰਾ ਜੰਗੀ ਮੋਰਚੇ 'ਤੇ ਹਨ। ਲਗਭਗ ਹਰ ਪਰਿਵਾਰ ’ਚੋਂ ਕੋਈ ਨਾ ਕੋਈ ਜੰਗ ਲੜ ਰਿਹਾ ਹੈ।"
ਕਮਚਾਤਕਾ ਪ੍ਰਾਇਦੀਪ ਦੇ ਉੱਤਰ-ਪੱਛਮੀ ਕੋਨੇ 'ਤੇ, ਓਖੋਤਸਕ ਸਮੁੰਦਰ ਦੇ ਨੇੜੇ ਸਥਿਤ ਸੇਦਾਂਕਾ, ਯੂਕਰੇਨ ਦੇ ਮੋਰਚੇ ਤੋਂ ਲਗਭਗ 4300 ਮੀਲ (7,000 ਕਿਲੋਮੀਟਰ) ਦੂਰ ਹੈ।
ਇੱਥੋਂ ਸਮੁੰਦਰ ਦੇ ਉਸ ਪਾਰ ਸਥਿਤ ਅਮਰੀਕੀ ਸ਼ਹਿਰ ਐਂਕਰੇਜ, ਕਰੀਬ ਅੱਧੀ ਦੂਰੀ 'ਤੇ ਹੈ।
ਕੁੱਲ 258 ਲੋਕਾਂ ਦੀ ਆਬਾਦੀ ਵਿੱਚੋਂ ਪਿੰਡ ਦੇ 39 ਲੋਕਾਂ ਨੇ ਜੰਗ 'ਚ ਲੜਨ ਲਈ ਸਮਝੌਤੇ 'ਤੇ ਹਸਤਾਖਰ ਕੀਤੇ ਸਨ।
ਇਨ੍ਹਾਂ 'ਚੋਂ 12 ਮਾਰੇ ਜਾ ਚੁੱਕੇ ਹਨ ਅਤੇ 7 ਹੋਰ ਲਾਪਤਾ ਹਨ।
ਇੱਥੇ ਮਾਰਚ 2024 'ਚ ਜਦੋਂ ਸਥਾਨਕ ਪ੍ਰਸ਼ਾਸਕ ਆਏ ਤਾਂ ਔਰਤਾਂ ਦੇ ਇੱਕ ਗਰੁੱਪ ਨੇ ਯੂਕ੍ਰੇਨ 'ਚ ਜੰਗ ਦੇ ਲਈ ਕ੍ਰੈਮਲਿਨ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਨੂੰ ਕਿਹਾ, "ਸਾਡੇ ਸਾਰੇ ਪੁਰਸ਼ ਸਪੈਸ਼ਲ ਮਿਲਟਰੀ ਆਪ੍ਰੇਸ਼ਨ ਲਈ ਨਿਕਲ ਗਏ ਹਨ।"
ਸਰਕਾਰੀ ਟੀਵੀ 'ਤੇ ਦਿਖਾਈ ਗਈ ਗੱਲਬਾਤ 'ਚ ਉਨ੍ਹਾਂ ਅੱਗੇ ਕਿਹਾ, "ਸਰਦੀਆਂ 'ਚ ਸਾਡੇ ਚੁੱਲ੍ਹਿਆਂ 'ਚ ਅੱਗ ਬਾਲਣ ਲਈ ਲੱਕੜ ਕੱਟ ਕੇ ਲਿਆਉਣ ਵਾਲਾ ਕੋਈ ਨਹੀਂ ਹੈ।"
ਬੀਬੀਸੀ ਨੇ ਰੂਸੀ ਨਿਊਜ਼ ਸੰਗਠਨ ਮੇਡੀਜ਼ੋਨਾ ਅਤੇ ਸਵੈਸੇਵੀ ਖੋਜਕਰਤਾਵਾਂ ਦੇ ਨਾਲ ਮਿਲਕੇ ਹੁਣ ਤੱਕ ਪੁਸ਼ਟੀ ਕੀਤੀ ਹੈ ਕਿ ਸਾਲ 2025 'ਚ 40,201 ਰੂਸੀ ਫੌਜੀ ਮਾਰੇ ਗਏ ਸਨ।
ਸਾਡੇ ਵਿਸ਼ਲੇਸ਼ਣ ਮੁਤਾਬਕ ਅਨੁਮਾਨ ਹੈ ਕਿ ਸਾਲ 2025 'ਚ ਮਾਰੇ ਗਏ ਫੌਜੀਆਂ ਦੀ ਕੁੱਲ ਗਿਣਤੀ 80 ਹਜ਼ਾਰ ਤੱਕ ਪਹੁੰਚ ਸਕਦੀ ਹੈ।
ਇਸ ਤਰ੍ਹਾਂ ਇਹ 24 ਫਰਵਰੀ 2022 ਨੂੰ ਵੱਡੇ ਪੱਧਰ 'ਤੇ ਹੋਏ ਹਮਲੇ ਤੋਂ ਬਾਅਦ ਤੋਂ ਯੂਕ੍ਰੇਨ 'ਚ ਰੂਸ ਨੂੰ ਹੋਏ ਨੁਕਸਾਨ ਦੇ ਲਿਹਾਜ਼ ਤੋਂ ਸਭ ਤੋਂ ਖਤਰਨਾਕ ਸਾਲ ਹੋਵੇਗਾ।
ਇਸ ਅੰਕੜੇ 'ਚ ਉਨ੍ਹਾਂ ਸੋਗ ਸੁਨੇਹਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ 'ਚ ਸਾਲ 2025 ਨੂੰ ਮੌਤ ਜਾਂ ਦਫਨਾਉਣ ਦੇ ਸਾਲ ਵੱਜੋਂ ਲਿਖਿਆ ਗਿਆ ਹੈ ਪਰ ਅਸੀਂ ਇਸਨੂੰ ਅਜੇ ਪੂਰੀ ਤਰ੍ਹਾਂ ਪ੍ਰੋਸੈਸ ਜਾਂ ਕ੍ਰਾਸ-ਚੈਕ ਨਹੀਂ ਕੀਤਾ ਹੈ।
ਸਾਲ 2025 'ਚ ਪੁਸ਼ਟੀ ਹੋ ਚੁੱਕੀਆਂ ਮੌਤਾਂ ਦੀ ਗਿਣਤੀ ਦਾ ਅੰਕੜਾ ਹੁਣ 69,362 ਹੈ ਜੋ 2022 ਅਤੇ 2023 'ਚ ਹੋਈ ਕੁੱਲ ਮੌਤਾਂ ਦੇ ਜੋੜ ਦੇ ਬਰਾਬਰ ਹੈ। ਸਾਲ 2024 ਦੇ ਅਖੀਰ ਤੋਂ ਇਹ ਗ੍ਰਾਫ਼ ਹੋਰ ਵੱਧ ਗਿਆ ਹੈ।
ਅਸੀਂ ਅਧਿਕਾਰਤ ਰਿਪੋਰਟ ਅਤੇ ਪ੍ਰੋਬੇਟ ਡਾਟਾ ਰਜਿਸਟਰੀ (ਕਿਸੇ ਦੀ ਮੌਤ ਤੋਂ ਬਾਅਦ ਮਾਮਲਿਆਂ ਦੀ ਅਧਿਕਾਰਤ ਰਜਿਸਟਰੀ) ਦੇ ਨਾਲ-ਨਾਲ ਅਖਬਾਰਾਂ 'ਚ ਛਪੀਆਂ ਰਿਪੋਰਟਾਂ, ਰਿਸ਼ਤੇਦਾਰਾਂ ਜਾਂ ਕਰੀਬੀ ਦੋਸਤਾਂ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਅਤੇ ਨਵੇਂ ਮੈਮੋਰੀਅਲ ਅਤੇ ਕਬਰਗਾਹਾਂ ਤੋਂ ਮਿਲੇ ਡਾਟਾ ਦਾ ਇਸਤੇਮਾਲ ਕਰਕੇ ਮੌਤਾਂ ਦੀ ਪੁਸ਼ਟੀ ਕੀਤੀ ਹੈ।
ਕੁੱਲ ਮਿਲਾ ਕੇ ਬੀਬੀਸੀ ਨੇ ਹੁਣ ਤੱਕ ਜੰਗ 'ਚ ਮਾਰੇ ਗਏ 1,86,102 ਰੂਸੀ ਫੌਜੀਆਂ ਦੇ ਨਾਂਅ ਦੱਸੇ ਹਨ।
ਹਾਲਾਂਕਿ, ਮਰਨ ਵਾਲਿਆਂ ਦੀ ਅਸਲ ਗਿਣਤੀ ਆਮ ਤੌਰ 'ਤੇ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ ਕਿਉਂਕਿ ਜੰਗ ਦੇ ਮੈਦਾਨ 'ਚ ਹੋਈਆਂ ਕਈ ਮੌਤਾਂ ਰਿਕਾਰਡ ਨਹੀਂ ਕੀਤੀਆਂ ਗਈਆਂ ਹਨ।
ਫੌਜੀ ਮਾਹਰਾਂ ਦਾ ਮੰਨਣਾ ਹੈ ਕਿ ਸਾਡੇ ਵਿਸ਼ਲੇਸ਼ਣ ਤੋਂ ਨਿਕਲੇ ਅੰਕੜੇ ਕੁੱਲ ਮੌਤਾਂ ਦਾ 45-65 ਫੀਸਦ ਹੋ ਸਕਦੇ ਹਨ। ਯਾਨੀ ਰੂਸੀਆਂ ਦੀ ਸੰਭਾਵੀ ਮੌਤਾਂ ਦੀ ਗਿਣਤੀ 2,86,000 ਤੋਂ 4,13,500 ਵਿਚਾਲੇ ਹੋ ਸਕਦੀ ਹੈ।
ਇਸ ਜੰਗ 'ਚ ਯੂਕ੍ਰੇਨ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।
ਪਿਛਲੇ ਮਹੀਨੇ, ਰਾਸ਼ਟਰਪਤੀ ਵਲਾਦਿਮਿਰ ਜ਼ੇਲੇਂਸਕੀ ਨੇ ਰੂਸੀ ਪ੍ਰਸਾਰਕ ਫਰਾਂਸ 2 ਨੂੰ ਦੱਸਿਆ ਕਿ "ਅਧਿਕਾਰਤ" ਤੌਰ 'ਤੇ 55 ਹਜ਼ਾਰ ਯੂਕ੍ਰੇਨੀ ਜੰਗ ਦੇ ਮੈਦਾਨ 'ਚ ਮਾਰੇ ਗਏ ਸਨ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ "ਵੱਡੀ ਗਿਣਤੀ 'ਚ ਲੋਕ" ਅਧਿਕਾਰਤ ਤੌਰ 'ਤੇ ਲਾਪਤਾ ਮੰਨੇ ਜਾਂਦੇ ਹਨ, ਹਾਲਾਂਕਿ ਉਨ੍ਹਾਂ ਨੇ ਕੋਈ ਸਹੀ ਅੰਕੜਾ ਨਹੀਂ ਦੱਸਿਆ।
ਯੂਏ ਲੋਸੈੱਸ ਵੈੱਬਸਾਈਟ ਸਣੇ ਹੋਰਨਾਂ ਸਰੋਤਾਂ ਦੇ ਅਨੁਮਾਨਾਂ ਦੇ ਆਧਾਰ 'ਤੇ, ਜਿਸਨੂੰ ਬੀਬੀਸੀ ਨੇ ਕ੍ਰਾਸ-ਰੈਫਰੈਂਸ ਕੀਤਾ ਹੈ, ਸਾਡਾ ਅਨੁਮਾਨ ਹੈ ਕਿ ਮਾਰੇ ਗਏ ਯੂਕ੍ਰੇਨੀਆਂ ਦੀ ਗਿਣਤੀ 2 ਲੱਖ ਤੱਕ ਹੋ ਸਕਦੀ ਹੈ।

ਤਸਵੀਰ ਸਰੋਤ, Kamchatka government
ਜੰਗ ਵਿੱਚ ਮਾਰੇ ਗਏ ਜ਼ਿਆਦਾਤਰ ਰੂਸੀ ਫੌਜੀਆਂ ਦੇ ਸਰਨੇਮ ਸਲਾਵਿਕ ਹਨ।
ਪਰ ਜ਼ਿਆਦਾਤਰ ਨੁਕਸਾਨ ਛੋਟੇ ਆਦਿਵਾਸੀ ਸਮੂਹਾਂ, ਖਾਸ ਤੌਰ 'ਤੇ ਸਾਈਬੇਰੀਆ ਵਰਗੇ ਆਰਥਿਕ ਤੌਰ 'ਤੇ ਪੱਛੜੇ ਜਾਂ ਸੇਦਾਂਕਾ ਵਰਗੇ ਦੂਰ-ਦੁਰੇਡੇ ਇਲਾਕਿਆਂ 'ਚ ਹੋਇਆ ਹੈ।
ਸੇਦਾਂਕਾ ਮੁੱਖ ਤੌਰ 'ਤੇ ਸਵਦੇਸੀ ਗਰੁੱਪ ਕੋਰਯਾਕਸ ਅਤੇ ਇਟੇਲਮੇਲ ਦਾ ਘਰ ਹੈ। ਜੰਗ ਦੇ ਦੌਰਾਨ ਇਨ੍ਹਾਂ ਇਲਾਕਿਆਂ 'ਚ ਭਰਤੀ ਤੋਂ ਛੂਟ ਮਿਲ ਜਾਂਦੀ ਹੈ।
ਜੰਗ ਵਿਰੋਧੀ ਕਾਰਕੁੰਨ ਮਾਰੀਆ ਵਿਯੁਸ਼ਕੋਵਾ ਕਹਿੰਦੀ ਹੈ ਕਿ ਰਸ਼ੀਅਨ ਸਟੇਟ ਟੀਵੀ ਆਦਿਵਾਸੀ ਭਾਈਚਾਰਿਆਂ ਨੂੰ "ਜਨਮਜਾਤ ਯੋਧੇ" ਅਤੇ ਨਿਪੁੰਨ ਨਿਸ਼ਾਨੇਬਾਜ਼ ਵਜੋਂ ਦਰਸਾਉਣ ਵਾਲੀਆਂ ਧਾਰਨਾਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੀ ਹੈ, ਤਾਂ ਜੋ ਉਨ੍ਹਾਂ ਨੂੰ ਜੰਗ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਵਿਯੁਸ਼ਕੋਵਾ ਕਹਿੰਦੇ ਹਨ, "ਕਈ ਆਦਿਵਾਸੀ ਭਾਈਚਾਰੇ ਇਸ ਵਿਰਾਸਤ ਨੂੰ ਆਪਣੀ ਪਛਾਣ ਦਾ ਹਿੱਸਾ ਮੰਨ ਕੇ ਮਾਣ ਮਹਿਸੂਸ ਕਰਦੇ ਹਨ। ਕ੍ਰੇਮਲਿਨ ਇਸੇ ਭਾਵਨਾ ਨੂੰ ਜੰਗ ਲਈ ਭਰਤੀ ਕਰਨ ਵਾਸਤੇ ਇਸਤੇਮਾਲ ਕਰਦਾ ਹੈ।"
ਸੇਦਾਂਕਾ ਤੋਂ ਜੰਗ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚੋਂ ਇੱਕ 45 ਸਾਲਾ ਵਲਾਦਿਮਿਰ ਅਕੀਵ ਸੀ, ਜੋ ਇੱਕ ਸ਼ਿਕਾਰੀ ਅਤੇ ਮੱਛੀਮਾਰ ਸੀ ਅਤੇ ਜਿਸ ਨੇ 2024 ਦੀਆਂ ਗਰਮੀਆਂ ਵਿੱਚ ਫੌਜ ਨਾਲ ਸਮਝੌਤੇ 'ਤੇ ਹਸਤਾਖਰ ਕੀਤੇ ਸਨ।
ਚਾਰ ਮਹੀਨਿਆਂ ਬਾਅਦ ਉਹ ਇਸ ਜੰਗ 'ਚ ਮਾਰਿਆ ਗਿਆ।
ਨਵੰਬਰ 2024 'ਚ ਉਸ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਣ ਲਈ ਲੋਕ ਬਰਫ਼ 'ਤੇ ਚੱਲਣ ਵਾਲੇ ਵਾਹਨਾਂ ਜ਼ਰੀਏ ਹੀ ਪਹੁੰਚ ਸਕੇ ਅਤੇ ਅਕੀਵ ਦਾ ਤਾਬੂਤ ਚੌੜੀਆਂ ਲੱਕੜ ਦੀਆਂ ਸਲੇਜਾਂ 'ਤੇ ਲਿਆਂਦਾ ਗਿਆ।
ਹੋਰ ਥਾਂਵਾਂ 'ਤੇ ਆਦਿਵਾਸੀ ਸਮੂਹਾਂ ਨਾਲ ਜੁੜੇ ਲੋਕਾਂ ਦੀ ਮੌਤਾਂ ਦੀ ਪੁਸ਼ਟੀ ਬਾਰੇ ਗੱਲ ਕਰੀਏ ਤਾਂ 201 ਨੇਨੇਤਸ, 96 ਚੁਕਚੀ, 77 ਖਾਂਤੀ, 30 ਕੋਰਿਆਕ ਅਤੇ 7 ਇਨੂਇਟ ਸ਼ਾਮਿਲ ਹਨ।
18 ਤੋਂ 60 ਸਾਲ ਦੇ ਪੁਰਸ਼ਾਂ ਦੇ ਅਨੁਪਾਤ ਵਿੱਚ ਇਹ ਲਗਭਗ 2% ਚੁਕਚੀ, 1.4% ਰੂਸੀ ਇਨੂਇਟ, 1.32% ਕੋਰਿਆਕ ਅਤੇ 0.8% ਖਾਂਤੀ ਦੇ ਬਰਾਬਰ ਹੈ।

ਤਸਵੀਰ ਸਰੋਤ, Getty Images
ਬੀਬੀਸੀ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਮਰਨ ਵਾਲਿਆਂ ਵਿੱਚੋਂ 67% ਪਿੰਡਾਂ ਅਤੇ ਛੋਟੇ ਕਸਬਿਆਂ ਨਾਲ ਸਬੰਧਤ ਹਨ — ਜਿਨ੍ਹਾਂ ਦੀ ਆਬਾਦੀ 1 ਲੱਖ ਤੋਂ ਘੱਟ ਹੈ — ਹਾਲਾਂਕਿ ਰੂਸ ਦੀ ਕੁੱਲ ਆਬਾਦੀ ਵਿੱਚੋਂ 48% ਲੋਕ ਇਨ੍ਹਾਂ ਖੇਤਰਾਂ ਵਿੱਚ ਰਹਿੰਦੇ ਹਨ।
ਨੁਕਸਾਨ ਦੀ ਦਰ ਵੱਡੇ ਸ਼ਹਿਰਾਂ ਵਿੱਚ ਸਭ ਤੋਂ ਘੱਟ ਸੀ। ਮਾਸਕੋ ਵਿੱਚ ਪ੍ਰਤੀ ਵਿਅਕਤੀ ਮੌਤਾਂ ਦੀ ਗਿਣਤੀ ਸਭ ਤੋਂ ਘੱਟ ਰਹੀ — ਹਰ 10,000 ਪੁਰਸ਼ਾਂ ਵਿੱਚੋਂ ਪੰਜ, ਜਾਂ 0.05%।
ਪੂਰਬੀ ਸਾਈਬੇਰੀਆ ਦੇ ਬੁਰਯਾਤੀਆ ਅਤੇ ਦੱਖਣੀ ਸਾਈਬੇਰੀਆ ਦੇ ਤੂਵਾ ਵਰਗੇ ਗਰੀਬ ਖੇਤਰਾਂ ਵਿੱਚ ਮੌਤਾਂ ਦੀ ਦਰ ਰਾਜਧਾਨੀ ਨਾਲੋਂ ਤਕਰੀਬਨ 27 ਤੋਂ 33 ਗੁਣਾ ਵੱਧ ਹੈ।
ਜਨਸੰਖਿਆ ਵਿਦਵਾਨ ਅਲੈਕਸੇ ਰਾਕਸ਼ਾ ਮੁਤਾਬਕ, ਸ਼ਹਿਰਾਂ ਅਤੇ ਪਿੰਡਾਂ ਦਰਮਿਆਨ ਇਸ ਅੰਤਰ ਦਾ ਮੁੱਖ ਕਾਰਨ ਆਰਥਿਕ ਵਿਕਾਸ, ਤਨਖਾਹ ਅਤੇ ਸਿੱਖਿਆ ਵਿੱਚ ਫਰਕ ਹੈ।
ਉਨ੍ਹਾਂ ਦੇ ਮੁਤਾਬਕ, ਇਹੀ ਵਜ੍ਹਾ ਹੈ ਕਿ ਬਾਕੀ ਆਬਾਦੀ ਦੇ ਮੁਕਾਬਲੇ, ਪੱਛੜੇ ਇਲਾਕਿਆਂ ਅਤੇ ਆਦਿਵਾਸੀ ਭਾਈਚਾਰਿਆਂ ਨਾਲ ਸਬੰਧ ਰੱਖਣ ਵਾਲੇ ਸਿਪਾਹੀ ਰੂਸੀ ਫੌਜ ਅਤੇ ਜੰਗ ਦੌਰਾਨ ਹੋਈਆਂ ਮੌਤਾਂ ਦੇ ਵੱਡੇ ਹਿੱਸੇ 'ਚ ਸ਼ਾਮਿਲ ਹਨ।
ਇੱਕ ਹੋਰ ਰੂਸੀ ਜਨਸੰਖਿਆ ਵਿਦਵਾਨ ਨੇ ਬੀਬੀਸੀ ਨੂੰ ਦੱਸਿਆ ਕਿ ਜਿਨ੍ਹਾਂ ਖੇਤਰਾਂ ਵਿੱਚ ਨੁਕਸਾਨ ਵੱਧ ਸੀ, ਉੱਥੇ ਜੰਗ ਤੋਂ ਪਹਿਲਾਂ ਹੀ ਜਿਉਣ ਦੀ ਉਮਰ ਹੱਦ ਘੱਟ ਸੀ।
ਉਹ ਕਹਿੰਦੇ ਹਨ, "ਬਹੁਤ ਸਾਰੇ ਲੋਕਾਂ ਲਈ ਕਾਰਨ ਸਿਰਫ਼ ਗਰੀਬੀ ਨਹੀਂ, ਸਗੋਂ ਮੌਕਿਆਂ ਦੀ ਘਾਟ ਵੀ ਹੈ — ਇਹ ਅਹਿਸਾਸ ਕਿ ਗੁਆਉਣ ਲਈ ਕੁਝ ਨਹੀਂ।"
ਸੇਦਾਂਕਾ ਵਿੱਚ 2024 ਦੀ ਪਤਝੜ ਦੌਰਾਨ "ਵਿਸ਼ੇਸ਼ ਫੌਜੀ ਕਾਰਵਾਈ 'ਚ ਹਿੱਸੇਦਾਰਾਂ" ਲਈ ਵਿਸ਼ੇਸ਼ ਜੰਗੀ ਸਮਾਰਕ ਬਣਾਇਆ ਗਿਆ।

ਤਸਵੀਰ ਸਰੋਤ, Kamchatka government
ਪਿਛਲੇ ਸਾਲ ਸਥਾਨਕ ਸਰਕਾਰ ਨੇ ਜੰਗ 'ਚ ਪੁਰਸ਼ਾਂ ਦੀ ਹਿੱਸੇਦਾਰੀ ਦੇ ਮੱਦੇਨਜ਼ਰ ਇਸ ਪਿੰਡ ਨੂੰ "ਵਿਲੇਜ ਆਫ ਮਿਲਟਰੀ ਵੇਲਰ (ਫੌਜੀ ਬਹਾਦਰੀ ਵਾਲਾ ਪਿੰਡ)" ਦੇ ਖਿਤਾਬ ਵੱਜੋਂ ਮਾਨ-ਸਨਮਾਨ ਦੇਣ ਦਾ ਵਾਅਦਾ ਕੀਤਾ ਸੀ।
ਨਾਲ ਹੀ ਸੇਦਾਂਕਾ ਦੇ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਯੋਜਨਾਵਾਂ ਬਣਾਉਣ ਦਾ ਵੀ ਵਾਅਦਾ ਕੀਤਾ ਸੀ।
ਪਰ ਅਜੇ ਤੱਕ ਪਿੰਡ ਨੂੰ ਨਾ ਤਾਂ ਸਨਮਾਨ ਵੱਜੋਂ ਖਿਤਾਬ ਮਿਲਿਆ ਅਤੇ ਨਾ ਹੀ ਵਾਅਦੇ ਮੁਤਾਬਕ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਕੋਈ ਖਾਸ ਕਦਮ ਹੀ ਚੁੱਕੇ ਗਏ ਹਨ।
ਸੋਵੀਅਤ ਦੇ ਸਮੇਂ ਦੌਰਾਨ ਬਣੇ ਹਰੇਕ ਪੰਜ ਚੋਂ ਇੱਕ ਘਰ ਨੂੰ ਅਸੁਰੱਖਿਅਤ ਐਲਾਨਿਆ ਜਾ ਚੁੱਕਿਆ।
ਪਿੰਡ ਦਾ ਇਕਲੌਤਾ ਸਕੂਲ ਅਧਿਕਾਰੀਆਂ ਵੱਲੋਂ ਐਮਰਜੈਂਸੀ ਦੀ ਹਾਲਤ 'ਚ ਦਰਜ ਕੀਤਾ ਜਾ ਚੁੱਕਿਆ, ਜਿਸ ਦੀਆਂ ਕੁਝ ਦੀਵਾਰਾਂ ਡਿੱਗਣ ਦੀ ਕਗਾਰ 'ਤੇ ਹਨ।
ਇਨ੍ਹਾਂ ਤਮਾਮ ਸਮੱਸਿਆਵਾਂ ਵਿਚਾਲੇ ਯੂਕ੍ਰੇਨ ਖਿਲਾਫ ਰੂਸ ਦੀ ਜੰਗ 'ਚ ਪਿੰਡ ਦੇ ਕੰਮਕਾਜੀ ਪੁਰਸ਼ਾਂ ਦੀ ਮੌਤ ਨੇ ਮੁਸ਼ਕਿਲਾਂ ਹੋਰ ਵੀ ਵਧਾ ਦਿੱਤੀਆਂ ਹਨ।
ਸਹਿਯੋਗੀ ਰਿਪੋਰਟਿੰਗ: ਯਾਰੋਸਲਾਵਾ ਕਿਰਿਯੁਖੀਨਾ ਅਤੇ ਨਤਾਲੀਆ ਮਾਕਾ ਗਰੋਸਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

































