ਸਵਿੱਟਜ਼ਰਲੈਂਡ ਕੋਲ ਦੁਨੀਆ ਵਿੱਚ ਸਭ ਤੋਂ ਵੱਧ ਪਰਮਾਣੂ ਬੰਕਰ ਕਿਉਂ ਹਨ, ਹੁਣ ਉਨ੍ਹਾਂ ਬਾਰੇ ਕਿਉਂ ਚਰਚਾ ਕੀਤੀ ਜਾ ਰਹੀ ਹੈ?

ਤਸਵੀਰ ਸਰੋਤ, Getty Images
- ਲੇਖਕ, ਕ੍ਰਿਸਟੀਨਾ ਜੇ ਓਰਗਾਜ਼
- ਰੋਲ, ਬੀਬੀਸੀ ਨਿਊਜ਼
"ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ, ਤਾਂ ਤੁਹਾਨੂੰ ਯੁੱਧ ਲਈ ਤਿਆਰ ਰਹਿਣਾ ਚਾਹੀਦਾ ਹੈ।"
ਇਹ ਬਿਆਨ ਸਹੀ ਹੈ, ਘੱਟੋ-ਘੱਟ ਯੂਰਪੀਅਨ ਦੇਸ਼ ਸਵਿੱਟਜ਼ਰਲੈਂਡ ਦੇ ਸੰਦਰਭ ਵਿੱਚ।
ਸਵਿਸ ਐਲਪਸ ਦੀਆਂ ਮਜ਼ਬੂਤ ਚੱਟਾਨਾਂ ਨੂੰ ਡੂੰਘਾ ਪੁੱਟਿਆ ਗਿਆ ਹੈ। ਸੈਂਕੜੇ ਪਰਮਾਣੂ-ਵਿਰੋਧੀ ਬੰਕਰਾਂ ਤੋਂ ਇਲਾਵਾ, ਉਨ੍ਹਾਂ ਵਿੱਚ ਨਾਗਰਿਕ ਅਤੇ ਫੌਜੀ ਸੁਰੰਗਾਂ ਦਾ ਇੱਕ ਨੈੱਟਵਰਕ ਲੁਕਿਆ ਹੋਇਆ ਹੈ।
ਇਨ੍ਹਾਂ ਬੰਕਰਾਂ ਦੇ ਪ੍ਰਵੇਸ਼ ਦੁਆਰ ਟਿੱਬਿਆਂ ਦੇ ਹੇਠਾਂ ਬਣਾਏ ਗਏ ਹਨ। ਇੱਥੇ ਇਮਾਰਤਾਂ ਹਨ ਜੋ ਆਮ ਘਰਾਂ ਵਰਗੀਆਂ ਦਿਖਾਈ ਦਿੰਦੀਆਂ ਹਨ, ਪਰ ਅਸਲ ਵਿੱਚ ਇਹ ਦੋ ਮੀਟਰ ਉੱਚੀਆਂ ਕੰਕਰੀਟ ਦੀਆਂ ਕੰਧਾਂ ਹਨ, ਜਿਨ੍ਹਾਂ ਵਿੱਚ ਰਾਈਫਲਾਂ ਤੈਨਾਤ ਕਰਨ ਲਈ ਛੇਕ ਕੀਤੇ ਗਏ ਹਨ।
88 ਲੱਖ ਦੀ ਆਬਾਦੀ ਵਾਲੇ ਸਵਿੱਟਜ਼ਰਲੈਂਡ ਵਿੱਚ ਪ੍ਰਤੀ ਵਿਅਕਤੀ ਸਭ ਤੋਂ ਜ਼ਿਆਦਾ ਨਿਊਕਲੀਅਰ ਸ਼ੈਲਟਰ ਹਨ। ਇਨ੍ਹਾਂ ਦੀ ਗਿਣਤੀ ਕਰੀਬ 3.7 ਲੱਖ ਹੈ।
ਦੇਸ਼ ਦਾ 1963 ਦਾ ਇੱਕ ਕਾਨੂੰਨ ਨਾਗਰਿਕਾਂ ਨੂੰ ਪਰਮਾਣੂ ਐਮਰਜੈਂਸੀ ਜਾਂ ਕਿਸੇ ਗੁਆਂਢੀ ਦੇਸ਼ ਨਾਲ ਸੰਘਰਸ਼ ਦੀ ਸਥਿਤੀ ਵਿੱਚ ʻਬੰਕ ਬੈੱਡʼ ਦੀ ਗਾਰੰਟੀ ਦਿੰਦਾ ਹੈ।
ਇਸ ਕਾਨੂੰਨ ਦੇ ਤਹਿਤ ਅਜਿਹੀ ਐਮਰਜੈਂਸੀ ਸਥਿਤੀ ਲਈ ਹਰ ਵਿਅਕਤੀ ਨੂੰ ਘੱਟੋ-ਘੱਟ ਇੱਕ ਵਰਗ ਮੀਟਰ ਥਾਂ ਮਿਲਣੀ ਚਾਹੀਦੀ ਹੈ।
ਇਸ ਤੋਂ ਇਲਾਵਾ, ਇਹ ਸ਼ੈਲਟਰ ਵਿਅਕਤੀ ਦੇ ਘਰੋਂ ਜ਼ਿਆਦਾ ਤੋਂ ਜ਼ਿਆਦਾ 30 ਮਿੰਟ ਪੈਦਲ ਦੂਰੀ ਜਾਂ ਜੇਕਰ ਇਲਾਕਾ ਪਹਾੜੀ ਹੈ ਤਾਂ 60 ਮਿੰਟ ਦੀ ਦੂਰੀ ਹੋਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images
ਐਮਰਜੈਂਸੀ ਵਿੱਚ ਘਰ
ਸਵਿੱਟਜ਼ਰਲੈਂਡ ਵਿੱਚ ਅਪਾਰਟਮੈਂਟ ਮਾਲਕਾਂ ਨੂੰ ਆਪਣੇ ਸਾਰੇ ਨਿਵਾਸੀਆਂ ਲਈ ਐਮਰਜੈਂਸੀ ਸ਼ੈਲਟਰ ਬਣਾਉਣਾ ਲਾਜ਼ਮੀ ਹੈ।
ਦੇਸ਼ ਦੇ ਸਿਵਲ ਸੁਰੱਖਿਆ ਦਫ਼ਤਰ ਦਾ ਕਹਿਣਾ ਹੈ, "ਜ਼ਿਆਦਾਤਰ ਲੋਕ ਅਜਿਹੀ ਇਮਾਰਤਾਂ ਵਿੱਚ ਰਹਿੰਦੇ ਹਨ ਜਿਨ੍ਹਾਂ ਦੇ ਆਪਣੇ ਬੰਕਰ ਹੁੰਦੇ ਹਨ। ਜੇਕਰ ਕਿਸੇ ਰਿਹਾਇਸ਼ੀ ਇਮਾਰਤ ਵਿੱਚ ਐਮਰਜੈਂਸੀ ਸ਼ੈਲਟਰ ਨਹੀਂ ਹੈ, ਤਾਂ ਜਨਤਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।"
ਇਹ ਬੰਕਰ ਹਥਿਆਰਬੰਦ ਟਕਰਾਅ ਦੀ ਸਥਿਤੀ ਵਿੱਚ ਵਰਤੋਂ ਲਈ ਤਿਆਰ ਕੀਤੇ ਗਏ ਹਨ। ਇਨ੍ਹਾਂ ʼਤੇ ਆਧੁਨਿਕ ਹਥਿਆਰਾਂ ਦਾ ਅਸਰ ਨਹੀਂ ਹੁੰਦਾ ਹੈ। ਇਹ ਪਰਮਾਣੂ ਹਥਿਆਰਾਂ ਦੇ ਨਾਲ-ਨਾਲ ਜੈਵਿਕ ਅਤੇ ਰਸਾਇਣਕ ਹਥਿਆਰਾਂ ਤੋਂ ਵੀ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ।
ਸਿਵਲ ਸੁਰੱਖਿਆ ਵਿਭਾਗ ਕਹਿੰਦਾ ਹੈ, "ਸ਼ੈਲਟਰ ਸਥਾਨ ਦਾ ਬਾਹਰੀ ਢਾਂਚਾ ਪ੍ਰਤੀ ਵਰਗ ਮੀਟਰ ਘੱਟੋ-ਘੱਟ 10 ਟਨ ਦਬਾਅ ਦਾ ਸਾਹਮਣਾ ਕਰਨ ਦੇ ਯੋਗ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਇਹ ਆਪਣੇ ਉੱਤੇ ਡਿੱਗਣ ਵਾਲੀ ਇਮਾਰਤ ਦਾ ਭਾਰ ਵੀ ਝੱਲ ਸਕਦਾ ਹੈ।"
ਉਦਾਹਰਣ ਵਜੋਂ, ਇਹ ਸ਼ੈਲਟਰ ਸਥਾਨ ਭੂਚਾਲ ਤੋਂ ਬਾਅਦ ਅਸਥਾਈ ਘਰਾਂ ਵਜੋਂ ਕੰਮ ਕਰ ਸਕਦੇ ਹਨ। ਇਨ੍ਹਾਂ ਵਿੱਚ ਲਗਾਏ ਗਏ ਫਿਲਟਰ ਜੈਵਿਕ ਅਤੇ ਰਸਾਇਣਕ ਹਥਿਆਰਾਂ ਤੋਂ ਵੀ ਸੁਰੱਖਿਆ ਪ੍ਰਦਾਨ ਕਰਦੇ ਹਨ ਕਿਉਂਕਿ ਇਹ ਦੂਸ਼ਿਤ ਬਾਹਰੀ ਹਵਾ ਨੂੰ ਸਾਫ਼ ਕਰਦੇ ਹਨ।
'ਤਿਆਰ ਰਹਿਣਾ ਚੰਗਾ ਹੈ'
ਜਰਮਨੀ ਅਤੇ ਫਰਾਂਸ ਦੀ ਸਰਹੱਦ 'ਤੇ ਸਵਿਸ ਸ਼ਹਿਰ ਬੇਸਲ ਵਿੱਚ ਰਹਿਣ ਵਾਲੇ ਨਿਕੋਲਸ ਸਟੈਡਲਰ ਕਹਿੰਦੇ ਹਨ, "ਮੈਂ ਇਹ ਜਾਣ ਕੇ ਸੁਰੱਖਿਅਤ ਮਹਿਸੂਸ ਕਰਦਾ ਹਾਂ ਕਿ ਪਰਮਾਣੂ ਹਮਲੇ ਜਾਂ ਆਫ਼ਤ ਦੀ ਸਥਿਤੀ ਵਿੱਚ, ਹਰ ਕਿਸੇ ਲਈ ਇੱਕ ਸ਼ੈਲਟਰ ਮੌਜੂਦ ਹੈ।
"ਮੈਨੂੰ ਨਹੀਂ ਲੱਗਦਾ ਕਿ ਸਵਿੱਟਜ਼ਰਲੈਂਡ ਜਾਂ ਕਿਸੇ ਵੀ ਗੁਆਂਢੀ ਦੇਸ਼ ਵਿੱਚ ਯੁੱਧ ਦੀ ਸੰਭਾਵਨਾ ਹੈ, ਪਰ ਮੈਨੂੰ ਲੱਗਦਾ ਹੈ ਕਿ ਸਾਡੀ ਤਿਆਰੀ ਇੱਕ ਚੰਗੀ ਗੱਲ ਹੈ।"
ਹਾਲਾਂਕਿ, ਉਹ ਮੰਨਦੇ ਹਨ ਕਿ ਜੇਕਰ ਕੋਈ ਵੀ ਐਮਰਜੈਂਸੀ ਵਾਲੀ ਸਥਿਤੀ ਆ ਜਾਵੇ ਤਾਂ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਸ਼ੈਲਟਰ ਵਿੱਚ ਜਾਣਾ ਹੋਵੇਗਾ।
ਸਿਵਲ ਪ੍ਰੋਟੈਕਸ਼ਨ ਦਫ਼ਤਰ ਦੇ ਡਿਪਟੀ ਡਾਇਰੈਕਟਰ ਡੈਨੀਅਲ ਜੋਰਡੀ ਕਹਿੰਦੇ ਹਨ ਕਿ ਇਹ ਜਾਣਨਾ ਮਹੱਤਵਪੂਰਨ ਹੈ ਕਿ ਸੰਕਟ ਵੇਲੇ ਕਿੱਥੇ ਜਾਣਾ ਹੈ।
ਉਨ੍ਹਾਂ ਕਿਹਾ, "ਜਿਸ ਬੰਕਰ ਵਿੱਚ ਤੁਹਾਨੂੰ ਜਾਣਾ ਪੈਂਦਾ ਹੈ, ਉਹ ਤੁਹਾਡੇ ਪਤੇ ਨਾਲ ਜੁੜਿਆ ਹੁੰਦਾ ਹੈ। ਪਰ ਪਰਿਵਾਰਾਂ ਲਈ ਘਰ ਬਦਲਣਾ ਆਮ ਗੱਲ ਹੈ। ਪਰ ਸਾਡੀ ਸਲਾਹ ਹੈ ਕਿ ਇਸ ਬਾਰੇ ਸਿਰਫ਼ ਲੋੜ ਪੈਣ 'ਤੇ ਹੀ ਸੂਚਿਤ ਕੀਤਾ ਜਾਵੇ।"
ਇਹ ਨੈੱਟਵਰਕ ਦੂਜੇ ਵਿਸ਼ਵ ਯੁੱਧ ਦੇ ਵੇਲੇ ਤੋਂ ਸਵਿੱਟਜ਼ਰਲੈਂਡ ਵਿੱਚ ਮੌਜੂਦ ਹੈ। ਵਿਸ਼ਵ ਯੁੱਧ ਦੌਰਾਨ ਦੇਸ਼ ਨੇ ਆਪਣੀ ਨਿਰਪੱਖ ਨੀਤੀ ਬਣਾਈ ਰੱਖੀ।
ਸਵਿੱਟਜ਼ਰਲੈਂਡ ਨੇ 1815 ਤੋਂ ਬਾਅਦ ਕਿਸੇ ਵੀ ਵਿਦੇਸ਼ੀ ਯੁੱਧ ਵਿੱਚ ਹਿੱਸਾ ਨਹੀਂ ਲਿਆ ਹੈ।
ਕੋਲਡ ਵਾਰ ਦੇ ਬਾਅਦ ਇਨ੍ਹਾਂ ਸ਼ੈਲਟਰਾਂ ਦੇ ਨਿਰਮਾਣ ਨੂੰ ਹੋਰ ਵਧਾਵਾ ਦਿੱਤਾ ਗਿਆ ਹੈ। ਹਰੇਕ 10 ਸਾਲ ਵਿੱਚ ਇਨ੍ਹਾਂ ਦਾ ਨਿਰੀਖਣ ਕਰਨਾ ਲਾਜ਼ਮੀ ਹੈ ਅਤੇ ਇਸ ਲਈ ਪਰਮਾਣੂ ਪੱਤਰ ਜਾਰੀ ਕੀਤਾ ਜਾਂਦਾ ਹੈ।
ਹਾਲਾਂਕਿ, ਹੁਣ ਇਨ੍ਹਾਂ ਵਿੱਚ ਕਈ ਥਾਵਾਂ ਅਸਥਾਈ ਪੈਂਟਰੀ, ਸਟੋਰੇਜ ਸੈਂਟਰ, ਮਿਊਜ਼ੀਅਮ, ਹੋਟਲ ਜਾਂ ਰੈਸਟੋਰੈਂਟ ਵਿੱਚ ਤਬਦੀਲ ਹੋ ਚੁੱਕੇ ਹਨ।
ਡਿਪਟੀ ਡਾਇਰੈਕਟਰ ਜੋਰਡੀ ਕਹਿੰਦੇ ਹਨ, "ਵਿਚਾਰ ਇਹ ਸੀ ਕਿ ਇਸ ਜਗ੍ਹਾ ਦੀ ਬਣਤਰ ਵਿੱਚ ਕੋਈ ਬਦਲਾਅ ਕੀਤੇ ਬਿਨਾਂ ਇਸ ਦੀ ਵਰਤੋਂ ਕੀਤੀ ਜਾਵੇ। ਸਾਨੂੰ ਉਮੀਦ ਹੈ ਕਿ ਸੰਕਟ ਦੀ ਸਥਿਤੀ ਵਿੱਚ ਨਾਗਰਿਕਾਂ ਨੂੰ ਤਹਿਖ਼ਾਨੇ ਦੇ ਉਸ ਹਿੱਸੇ ਦੀ ਵਰਤੋਂ ਸ਼ੁਰੂ ਕਰਨ ਲਈ ਦੋ ਦਿਨ ਮਿਲਣਗੇ।"


ਤਸਵੀਰ ਸਰੋਤ, Getty Images
50-60 ਸਾਲ ਪਹਿਲਾਂ ਬਣਾਏ ਗਏ ਬੰਕਰ
ਵਰਤੋਂ ਨਾ ਹੋਣ ਕਾਰਨ ਕੁਝ ਬੰਕਰਾਂ ਦੀ ਹਾਲਤ ਖ਼ਰਾਬ ਹੋ ਗਈ ਹੈ।
ਡੋਮਿਨਿਕਨ ਰੀਪਬਲਿਕ ਦੇ ਵਕੀਲ ਯੂਜੇਨੀਓ ਗੈਰੀਡੋ, ਜੋ ਕਈ ਸਾਲਾਂ ਤੋਂ ਸਵਿੱਟਜ਼ਰਲੈਂਡ ਦੇ ਜ਼ਿਊਰਿਖ ਸ਼ਹਿਰ ਵਿੱਚ ਰਹਿ ਰਹੇ ਹਨ, ਕਹਿੰਦੇ ਹਨ, "ਮੈਂ ਖ਼ੁਦ ਨੂੰ ਬਹੁਤ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਹਥਿਆਰਾਂ ਦਾ ਵਿਕਾਸ ਇਸ ਪੱਧਰ 'ਤੇ ਪਹੁੰਚ ਗਿਆ ਹੈ ਕਿ ਸਵਿੱਟਜ਼ਰਲੈਂਡ 'ਤੇ ਹਮਲਾ ਵੀ ਕਈ ਜਾਨਾਂ ਲੈ ਸਕਦਾ ਹੈ।"
"ਮੈਨੂੰ ਯਕੀਨ ਨਹੀਂ ਹੈ ਕਿ 50 ਜਾਂ 60 ਸਾਲ ਪਹਿਲਾਂ ਬਣਾਏ ਗਏ ਬੰਕਰ ਅਜਿਹੇ ਹਮਲਿਆਂ ਨੂੰ ਰੋਕ ਸਕਣਗੇ।"
ਸ਼ਾਇਦ ਇਹੀ ਕਾਰਨ ਹੈ ਕਿ ਸਰਕਾਰ ਹੁਣ ਇਸ ਨੈੱਟਵਰਕ ਨੂੰ ਬਿਹਤਰ ਅਤੇ ਆਧੁਨਿਕ ਬਣਾਉਣਾ ਚਾਹੁੰਦੀ ਹੈ। ਇਸ ਲਈ 250 ਮਿਲੀਅਨ ਡਾਲਰ ਦੇ ਨਿਵੇਸ਼ ਦੀ ਯੋਜਨਾ ਬਣਾਈ ਜਾ ਰਹੀ ਹੈ।
ਇਸ ਯੋਜਨਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਇਹ ਬੰਕਰ ਐਮਰਜੈਂਸੀ ਵਿੱਚ ਵਰਤੋਂ ਲਈ ਤਿਆਰ ਹਨ।
ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਕਰਾਂ ਵਿੱਚ ਸੁਧਾਰ ਕਿਸੇ ਯੁੱਧ ਦੀ ਤਿਆਰੀ ਨਹੀਂ ਹੈ, ਸਗੋਂ ਜਨਤਕ ਸੁਰੱਖਿਆ ਵਿੱਚ ਨਿਵੇਸ਼ ਹੈ।
ਜ਼ਿਊਰਿਖ ਵਿੱਚ ਰਹਿਣ ਵਾਲੀ ਇਜ਼ਾਬੇਲ ਕਹਿੰਦੀ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਹਮਲੇ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਕਿਹੜੇ ਬੰਕਰ ਵਿੱਚ ਜਾਣਾ ਪਵੇਗਾ। ਪਰ ਉਹ ਇਹ ਜਾਣ ਕੇ ਰਾਹਤ ਮਹਿਸੂਸ ਕਰਦੇ ਹਨ ਕਿ ਅਜਿਹੀ ਪ੍ਰਣਾਲੀ ਮੌਜੂਦ ਹੈ।
ਉਹ ਕਹਿੰਦੀ ਹੈ, "ਮੈਨੂੰ ਲੱਗਦਾ ਹੈ ਕਿ ਇਹ ਪਰਮਾਣੂ ਆਫ਼ਤ ਜਾਂ ਟਕਰਾਅ ਦੀ ਸਥਿਤੀ ਵਿੱਚ ਲੋਕਾਂ ਦੀ ਰੱਖਿਆ ਕਰਨ ਦਾ ਇੱਕ ਵਧੀਆ ਤਰੀਕਾ ਹੈ। ਇਹ ਜਾਣ ਕੇ ਮੈਨੂੰ ਸ਼ਾਂਤੀ ਮਿਲਦੀ ਹੈ ਕਿ ਮੇਰੇ ਅਤੇ ਮੇਰੇ ਪਰਿਵਾਰ ਲਈ ਇੱਕ ਸੁਰੱਖਿਅਤ ਜਗ੍ਹਾ ਮੌਜੂਦ ਹੈ।"
"ਅੱਜ ਦੀ ਦੁਨੀਆ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ, ਕਿਸੇ ਵੀ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਮੈਨੂੰ ਉਮੀਦ ਹੈ ਕਿ ਸਵਿੱਟਜ਼ਰਲੈਂਡ ਆਪਣੀ ਨਿਰਪੱਖਤਾ ਕਾਇਮ ਰੱਖੇਗਾ ਅਤੇ ਆਪਣੇ ਲੋਕਾਂ ਲਈ ਇੱਕ ਸੁਰੱਖਿਅਤ ਜਗ੍ਹਾ ਰਹੇਗਾ।"
ਸਵਿੱਟਜ਼ਰਲੈਂਡ ਨੇ ਹਿਟਲਰ ਦੇ ਯੁੱਗ ਦੌਰਾਨ ਜਰਮਨੀ ਤੋਂ ਭੱਜ ਰਹੇ ਹਜ਼ਾਰਾਂ ਯਹੂਦੀ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ।

ਤਸਵੀਰ ਸਰੋਤ, Getty Images
ਯੂਕਰੇਨ ਯੁੱਧ ਨੇ ਬਦਲੇ ਹਾਲਾਤ
ਯੂਰਪ ਦੀ ਸਿਆਸਤ ਵਿੱਚ ਸਵਿੱਟਜ਼ਰਲੈਂਡ ਨੇ ਹਮੇਸ਼ਾ ਇੱਕ ਨਿਰਪੱਖ ਦੇਸ਼ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ।
ਪਰ ਸਵਿੱਟਜ਼ਰਲੈਂਡ ਨੇ ਰੂਸ ਵਿਰੁੱਧ ਯੂਰਪੀ ਸੰਘ ਦੀਆਂ ਪਾਬੰਦੀਆਂ ਅਪਣਾਉਣ ਦੇ ਫ਼ੈਸਲੇ ਨਾਲ ਆਪਣੇ ਗੁੱਟ-ਨਿਰਪੱਖ ਵਾਲੇ ਰੁਖ਼ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਕੀਤੀ ਹੈ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੰਕਰ ਬਣਾਉਣ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਬੰਕਰਾਂ ਬਾਰੇ ਲੋਕਾਂ ਦੀ ਉਤਸੁਕਤਾ ਕਾਫ਼ੀ ਵੱਧ ਗਈ ਹੈ।
ਮੇਂਗੇਯੂ ਏਜੀ ਅਤੇ ਲੂਨਰ ਵਰਗੀਆਂ ਕੰਪਨੀਆਂ ਨੂੰ ਮੌਜੂਦਾ ਬੰਕਰਾਂ ਦੀ ਮੁਰੰਮਤ ਅਤੇ ਸਮਰੱਥਾ ਬਾਰੇ ਬਹੁਤ ਸਾਰੇ ਸਵਾਲ ਪੁੱਛੇ ਗਏ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਬੰਕਰ 1960 ਅਤੇ 1980 ਦੇ ਦਹਾਕੇ ਦੇ ਹਨ ਅਤੇ ਹੁਣ ਤੁਰੰਤ ਰੱਖ-ਰਖਾਅ ਦੀ ਲੋੜ ਹੈ।
ਸਿਵਲ ਸੁਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਡੈਨੀਅਲ ਜੋਰਡੀ ਪੁਸ਼ਟੀ ਕਰਦੇ ਹਨ, "ਹਾਂ, ਸਾਨੂੰ ਯੂਕਰੇਨ ਵਿੱਚ ਯੁੱਧ ਤੋਂ ਬਾਅਦ ਲੋਕਾਂ ਤੋਂ ਬਹੁਤ ਸਾਰੇ ਸਵਾਲ ਮਿਲੇ ਹਨ। ਇਹ ਸਵਾਲ ਨਾ ਸਿਰਫ਼ ਆਮ ਨਾਗਰਿਕਾਂ ਤੋਂ ਆ ਰਹੇ ਹਨ, ਸਗੋਂ ਉਨ੍ਹਾਂ ਲੋਕਾਂ ਤੋਂ ਵੀ ਆ ਰਹੇ ਹਨ ਜੋ ਐਮਰਜੈਂਸੀ ਵਿੱਚ ਲੋਕਾਂ ਨੂੰ ਸ਼ੈਲਟਰ ਤੱਕ ਪਹੁੰਚਾਉਂਦੇ ਹਨ।"

ਤਸਵੀਰ ਸਰੋਤ, Getty Images
ਪੁੱਛੇ ਜਾ ਰਹੇ ਸਵਾਲਾਂ ਵਿੱਚ ਸਭ ਤੋਂ ਆਮ ਹੈ-
- "ਮੇਰਾ ਬੰਕਰ ਕਿੱਥੇ ਹੈ?"
- "ਕੀ ਮੇਰੇ ਕੋਲ ਹੈ?"
- "ਕੀ ਬੰਕਰ ਅਜੇ ਵੀ ਸਹੀ ਸਲਾਮਤ ਹੈ?"
- "ਮੈਂ ਆਪਣਾ ਬੰਕਰ ਕਿਵੇਂ ਠੀਕ ਕਰ ਸਕਦਾ ਹਾਂ?"
ਸਵਿੱਟਜ਼ਰਲੈਂਡ ਇੰਨੇ ਲੰਬੇ ਸਮੇਂ ਤੋਂ ਸ਼ਾਂਤੀਮਈ ਰਿਹਾ ਹੈ ਕਿ ਬਹੁਤ ਸਾਰੇ ਐਮਰਜੈਂਸੀ ਸ਼ੈਲਟਰ ਖ਼ਰਾਬ ਹੋ ਗਏ ਹਨ ਜਾਂ ਛੱਡ ਦਿੱਤੇ ਗਏ ਹਨ।
ਐਸਡੇਜੀਓ ਇੰਸਟੀਚਿਊਟ ਦੇ ਪ੍ਰੋਫੈਸਰ ਜੁਆਨ ਮੋਸਕੋਸੋ ਡੇਲ ਪ੍ਰਾਡੋ ਦੱਸਦੇ ਹਨ, "ਯੂਕਰੇਨ ਦੇ ਹਮਲੇ ਨੇ ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ਵਰਗੀਆਂ ਮਹੱਤਵਪੂਰਨ ਪਰਮਾਣੂ ਸਹੂਲਤਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਧਮਾਕੇ ਜਾਂ ਹਮਲੇ ਦੀ ਸਥਿਤੀ ਵਿੱਚ ਰੇਡੀਓਐਕਟਿਵ ਪ੍ਰਦੂਸ਼ਣ ਮੱਧ ਯੂਰਪ ਨੂੰ ਪ੍ਰਭਾਵਿਤ ਕਰ ਸਕਦਾ ਹੈ।"
ਅਮਰੀਕਾ ਵੱਲੋਂ ਯੂਰਪ ਤੋਂ ਆਪਣੀਆਂ ਕੁਝ ਫੌਜਾਂ ਵਾਪਸ ਬੁਲਾਉਣ ਦੇ ਐਲਾਨ ਅਤੇ ਪੱਛਮੀ ਯੂਰਪ ਦੀ ਸੁਰੱਖਿਆ ਪ੍ਰਤੀ ਉਸ ਦੀ ਘਟੀ ਹੋਈ ਵਚਨਬੱਧਤਾ ਨੇ ਸਵਿੱਟਜ਼ਰਲੈਂਡ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਵਿਦੇਸ਼ੀ ਟਕਰਾਵਾਂ ਦੇ ਵਿਚਕਾਰ ਫਸਿਆ ਇੱਕ ਖੇਤਰ
ਮੋਸਕੋਸੋ ਡੇਲ ਪ੍ਰਾਡੋ ਕਹਿੰਦੇ ਹਨ, "ਲੰਬੇ ਸਮੇਂ ਤੋਂ ਸਵਿੱਟਜ਼ਰਲੈਂਡ ਵਿਵਾਦਪੂਰਨ ਦੇਸ਼ਾਂ ਅਤੇ ਬਲਾਕਾਂ ਵਿਚਕਾਰ ਫਸਿਆ ਰਿਹਾ ਹੈ। ਇਹ ਸਥਿਤੀ ਸਦੀਆਂ ਤੱਕ ਰਹੀ, ਜਦੋਂ ਫਰਾਂਸ, ਜਰਮਨੀ, ਆਸਟ੍ਰੋ-ਹੰਗਰੀ ਸਾਮਰਾਜ ਅਤੇ ਰੂਸ ਵਿਚਕਾਰ ਯੁੱਧ ਅਤੇ ਟਕਰਾਅ ਹੁੰਦੇ ਸਨ।"
"ਸ਼ੀਤ ਯੁੱਧ ਦੇ ਅੰਤ ਤੋਂ ਬਾਅਦ ਸਵਿੱਟਜ਼ਰਲੈਂਡ ਸ਼ਾਂਤੀ ਅਤੇ ਸਥਿਰਤਾ ਦੇ ਟਾਪੂ ਵਾਂਗ ਜਾਪਦਾ ਸੀ। ਪਰ ਯੂਕਰੇਨ ਵਿੱਚ ਜੰਗ ਕਾਰਨ ਹਾਲਾਤ ਬਦਲ ਗਏ ਹਨ।"
ਅਜਿਹੇ ਸਮੇਂ ਜਦੋਂ ਯੂਰਪੀ ਸ਼ਕਤੀਆਂ ਰੱਖਿਆ ਅਤੇ ਹਥਿਆਰਾਂ 'ਤੇ ਆਪਣਾ ਖਰਚ ਵਧਾ ਰਹੀਆਂ ਹਨ, ਸਵਿੱਟਜ਼ਰਲੈਂਡ ਨੇ ਆਪਣੀ ਪੁਰਾਣੀ ਰੱਖਿਆ ਪ੍ਰਣਾਲੀ ਨੂੰ ਮੁੜ ਸਰਗਰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਉਹੀ ਪ੍ਰਣਾਲੀ ਜਿਸ ਨੇ ਇਸ ਨੂੰ ਪਿਛਲੀ ਸਦੀ ਦੇ ਹਥਿਆਰਬੰਦ ਸੰਘਰਸ਼ਾਂ ਤੋਂ ਬਾਹਰ ਰੱਖਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












