ਚੰਗੇਜ਼ ਖਾਨ ਦੀ ਪਤਨੀ ਦੀ ਕਹਾਣੀ, ਜਿਸਨੂੰ ਅਗਵਾ ਕਰ ਲਿਆ ਗਿਆ ਤੇ ਫਿਰ ਜਿਸਦੇ ਸਮਰਥਨ ਨਾਲ ਖੜ੍ਹਾ ਹੋਇਆ ਮੰਗੋਲ ਸਾਮਰਾਜ

ਤਸਵੀਰ ਸਰੋਤ, Getty Images/Pictures from History / Contributor
- ਲੇਖਕ, ਵਕਾਰ ਮੁਸਤਫਾ
- ਰੋਲ, ਪੱਤਰਕਾਰ ਅਤੇ ਖੋਜਕਰਤਾ
ਬੋਰਤੇ ਦੇ ਤੈਮੂਜਿਨ (ਚੰਗੇਜ਼ ਖਾਨ) ਨਾਲ ਵਿਆਹ ਨੂੰ ਬਹੁਤੇ ਦਿਨ ਨਹੀਂ ਗੁਜ਼ਰੇ ਸਨ ਕਿ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ।
ਪੱਤਰਕਾਰ ਏਰਿਨ ਬਲੇਕਮੋਰ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ ਅਗਵਾ ਕੀਤਾ ਜਾਣਾ, ਮਰਕੀਤ ਕਬੀਲੇ ਦੇ ਇੱਕ ਮਹਿਲਾ ਹੁਈਲੋਨ ਨੂੰ ਬੋਰਜੀਗਨ ਕਬੀਲੇ ਦੇ ਮੁਖੀ ਯੇਸੁਗੋਈ ਦੁਆਰਾ ਚੁੱਕੇ ਜਾਣ ਦਾ ਬਦਲਾ ਸੀ।
ਹੁਇਲੋਨ ਬਾਅਦ ਵਿੱਚ ਤੈਮੂਜਿਨ ਦੇ ਮਾਂ ਬਣੇ। ਤੈਮੂਜਿਨ ਨੇ ਬੋਰਤੇ ਨੂੰ ਆਜ਼ਾਦ ਕਰਾ ਲਿਆ।
ਇੱਕ ਯੁੱਧ ਹੋਇਆ ਜਿਸ ਵਿੱਚ ਮਰਕੀਤਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਦਾ ਇਲਾਕਾ ਜਿੱਤ ਲਿਆ ਗਿਆ।
ਬੋਰਤੇ ਅਤੇ ਤੈਮੂਜਿਨ ਦੀ ਮੁਲਾਕਾਤ ਦਾ ਵਰਣਨ ਇਗੋਰ ਦਾ ਰਾਸ਼ਵਿਲਟਜ਼ ਦੀ ਕਿਤਾਬ 'ਦਿ ਸੀਕ੍ਰੇਟ ਹਿਸਟਰੀ ਆਫ਼ ਦਿ ਮੰਗੋਲ' ਵਿੱਚ ਇਸ ਤਰ੍ਹਾਂ ਕੀਤਾ ਗਿਆ ਹੈ: "ਜਦੋਂ ਲੁੱਟਮਾਰ ਜਾਰੀ ਸੀ, ਤੈਮੂਜਿਨ ਘਬਰਾਏ ਹੋਏ ਲੋਕਾਂ ਵਿੱਚ ਘੁਮਦੇ ਹੋਏ ਪੁਕਾਰ ਰਹੇ ਸਨ - ਬੋਰਤੇ! ਬੋਰਤੇ!"
"ਜਦੋਂ ਬੋਰਤੇ ਨੇ ਤੈਮੂਜਿਨ ਦੀ ਆਵਾਜ਼ ਪਛਾਣੀ, ਤਾਂ ਉਹ ਭੱਜਦੇ ਹੋਏ ਉਨ੍ਹਾਂ ਵੱਲ ਆਈ। ਭਾਵੇਂ ਰਾਤ ਦਾ ਸਮਾਂ ਸੀ, ਪਰ ਚੰਨ ਦੀ ਰੌਸ਼ਨੀ ਵਿੱਚ ਬੋਰਤੇ ਨੇ ਤੈਮੂਜਿਨ ਦੀ ਲਗਾਮ ਅਤੇ ਰੱਸੀ ਨੂੰ ਪਛਾਣ ਲਿਆ ਅਤੇ ਉਨ੍ਹਾਂ ਨੂੰ ਫੜ ਲਿਆ। ਤੈਮੂਜਿਨ ਨੇ ਉਨ੍ਹਾਂ ਵੱਲ ਦੇਖਿਆ ਅਤੇ ਬੋਰਤੇ ਨੂੰ ਪਛਾਣ ਲਿਆ।"
ਚੰਗੇਜ਼ ਖਾਨ ਦਾ ਜੀਵਨ ਨੂੰ ਲੈ ਕੇ ਫਲਸਫਾ

ਤਸਵੀਰ ਸਰੋਤ, Universal History Archive/UIG via Getty Images
ਕਬੀਲਿਆਂ ਦੀ ਜਿੱਤ ਦਾ ਇਹ ਸਿਲਸਿਲਾ ਜਾਰੀ ਰਿਹਾ ਅਤੇ ਤੇਰ੍ਹਵੀਂ ਸਦੀ ਦੇ ਸ਼ੁਰੂ ਵਿੱਚ ਤੈਮੂਜਿਨ ਨੂੰ ਚੰਗੇਜ਼ ਖਾਨ ਵਜੋਂ ਜਾਣਿਆ ਜਾਣ ਲੱਗਾ ਅਤੇ ਉਹ ਮੰਗੋਲ ਸਾਮਰਾਜ ਦੇ ਸੰਸਥਾਪਕ ਬਣ ਗਏ।
ਰਿਚਰਡ ਬ੍ਰੈਸਲਰ ਨੇ ਆਪਣੀ ਕਿਤਾਬ 'ਦਿ ਥਰਟੀਨਥ ਸੈਂਚੁਰੀ: 'ਅ ਵਰਲਡ ਹਿਸਟਰੀ' ਵਿੱਚ ਲਿਖਿਆ ਹੈ ਕਿ ਚੰਗੇਜ਼ ਖਾਨ ਨੇ ਆਪਣੀ ਹੈਸੀਅਤ ਯੁੱਧਾਂ ਰਾਹੀਂ ਬਣਾਈ ਸੀ।
"ਉਹ ਕਿਸੇ ਰਸਮੀ ਦਰਸ਼ਨ ਤੋਂ ਜਾਣੂ ਨਹੀਂ ਸਨ। ਉਨ੍ਹਾਂ ਦੇ ਇਸ ਦ੍ਰਿਸ਼ਟੀਕੋਣ ਦਾ ਪਤਾ ਉਨ੍ਹਾਂ ਦੇ ਇਸ ਬਿਆਨ ਤੋਂ ਚੱਲਦਾ ਹੈ ਜੋ ਸਟੂਅਰਟ ਲੇਗ ਦੀ ਕਿਤਾਬ 'ਦਿ ਹਾਰਟਲੈਂਡ' ਦੇ ਅਨੁਸਾਰ ਇਸ ਤਰ੍ਹਾਂ ਸੀ: "ਮਨੁੱਖ ਦੀ ਖੁਸ਼ੀ ਦੁਸ਼ਮਣ ਨੂੰ ਕੁਚਲਣ, ਉਸਨੂੰ ਜੜੋਂ ਪੁੱਟਣ, ਉਸ ਤੋਂ ਸਭ ਕੁਝ ਖੋਹ ਲੈਣ 'ਚ ਹੈ।"
ਚੰਗੇਜ਼ ਖਾਨ ਨੇ ਆਪਣੀ ਸਾਰੀ ਜ਼ਿੰਦਗੀ ਇਸੇ ਫਲਸਫੇ 'ਤੇ ਅਮਲ ਕੀਤਾ।
ਏਰਿਨ ਬਲੇਕਮੋਰ ਲਿਖਦੇ ਹਨ, "ਉਹ (ਚੰਗੇਜ਼ ਖਾਨ) ਜਿੱਤ 'ਤੇ ਜਿੱਤ ਪ੍ਰਾਪਤ ਕਰਦੇ ਗਏ ਅਤੇ ਇਲਾਕੇ ਕਬਜ਼ੇ 'ਚ ਲੈਂਦੇ ਰਹੇ। ਉਨ੍ਹਾਂ ਦੇ ਬਹੁਤ ਸਾਰੇ ਵਿਆਹ ਹੋਏ ਅਤੇ ਸੈਂਕੜੇ ਦਾਸੀਆਂ ਵੀ ਸਨ। ਪਰ ਬੋਰਤੇ ਉਨ੍ਹਾਂ ਦੀ ਪਹਿਲੀ, ਸਭ ਤੋਂ ਪਸੰਦੀਦਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਪਤਨੀ ਰਹੇ, ਜੋ ਸਿਰਫ਼ ਉਨ੍ਹਾਂ ਦੇ ਦਿਲ 'ਚ ਨਹੀਂ ਸਗੋਂ ਰਾਜ-ਕਾਜ ਵਿੱਚ ਵੀ ਮਹੱਤਵਪੂਰਨ ਸਥਾਨ ਰੱਖਦੇ ਸਨ।"
ਮਾਈਕਲ ਬਿਰਾਨ ਅਤੇ ਹੋਡੋਂਗ ਕਿਮ ਦੁਆਰਾ ਸੰਪਾਦਿਤ 'ਦਿ ਕੈਂਬਰਿਜ ਹਿਸਟ੍ਰੀ ਆਫ ਦਿ ਮੰਗੋਲ ਐਮਪਾਇਰ' ਤੋਂ ਪਤਾ ਲੱਗਦਾ ਹੈ ਕਿ ਮੰਗੋਲ ਸਮਾਜ 'ਚ ਰਾਜਨੀਤਿਕ, ਕੂਟਨੀਤਕ ਅਤੇ ਰਣਨੀਤਕ ਪੱਧਰ 'ਤੇ ਮਹਿਲਾਵਾਂ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਸਨ।
"ਉਹ ਖਾਨ ਪਰਿਵਾਰ ਨੂੰ ਸਲਾਹ ਦਿੰਦੀਆਂ, ਰਾਜਦੂਤਾਂ ਦਾ ਸਵਾਗਤ ਕਰਦੀਆਂ ਜਾਂ ਖੁਦ ਕੂਟਨੀਤਕ ਯਾਤਰਾਵਾਂ 'ਤੇ ਜਾਂਦੀਆਂ, ਅਤੇ ਦੂਜੇ ਖੇਤਰਾਂ ਦੇ ਸ਼ਾਸਕਾਂ ਨਾਲ ਪੱਤਰ ਵਿਹਾਰ ਕਰਦੀਆਂ। ਉਹ ਸਰਕਾਰੀ ਬੈਠਕਾਂ ਵਿੱਚ ਸ਼ਾਮਲ ਹੋ ਕੇ ਯੁੱਧਾਂ ਦੀ ਯੋਜਨਾ ਬਣਾਉਂਦੀਆਂ ਅਤੇ ਨਾਲ ਹੀ ਨੀਤੀਗਤ ਫੈਸਲਿਆਂ ਅਤੇ ਉਤਰਾਧਿਕਾਰ ਦੇ ਫੈਸਲਿਆਂ ਵਿੱਚ ਵੀ ਸ਼ਾਮਲ ਹੁੰਦੀਆਂ। ਹਾਲਾਂਕਿ ਉਹ ਖੁਦ ਖਾਨ ਵਜੋਂ ਨਹੀਂ ਚੁਣੀਆਂ ਜਾ ਸਕਦੀਆਂ ਸਨ, ਪਰ ਉਹ ਖਾਨ ਦੀ ਵਿਧਵਾ ਵਜੋਂ ਸਰਕਾਰੀ ਅਧਿਕਾਰ ਦੀ ਵਰਤੋਂ ਕਰ ਸਕਦੀਆਂ ਸਨ।"
"ਚੰਗੇਜ਼ ਖਾਨ ਦੀ ਮਾਂ ਹੁਇਲੋਨ ਸਾਮਰਾਜ ਦੇ ਸ਼ੁਰੂਆਤੀ ਦੌਰ ਵਿੱਚ ਇੱਕ ਬਹੁਤ ਪ੍ਰਭਾਵਸ਼ਾਲੀ ਮਹਿਲਾ ਸਨ। ਯੇਸੁਗੋਈ ਦੀ ਮੌਤ ਤੋਂ ਬਾਅਦ, ਉਨ੍ਹਾਂ ਨੇ ਗਰੀਬੀ 'ਚ ਹੀ ਬੱਚਿਆਂ ਨੂੰ ਪਾਲ਼ਿਆ ਅਤੇ ਤੇਮੂਜਿਨ ਨੂੰ ਰਾਜਨੀਤਿਕ ਸਿਆਣਪ ਦੀਆਂ ਗੱਲਾਂ ਸਮਝਾਉਂਦੇ ਰਹੇ। ਇਸ ਸਭ ਵਿਚਕਾਰ ਬੋਰਤੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ।"
ਬੋਰਤੇ ਦੇ ਅਗਵਾ ਹੋਣ ਅਤੇ ਰਿਹਾਈ ਦੀ ਕਹਾਣੀ

ਤਸਵੀਰ ਸਰੋਤ, Getty Images
ਬੋਰਤੇ ਦਾ ਜਨਮ 1161 ਵਿੱਚ ਓਲਖੋਨੁਦ ਕਬੀਲੇ ਵਿੱਚ ਹੋਇਆ ਸੀ, ਜੋ ਕਿ ਤੈਮੂਜਿਨ (ਚੰਗੇਜ਼ ਖਾਨ ਦਾ ਅਸਲੀ ਨਾਮ) ਬੋਰਜੀਗਨ ਕਬੀਲੇ ਦਾ ਸਹਿਯੋਗੀ ਸੀ। ਉਨ੍ਹਾਂ ਦੋਵਾਂ ਦੀ ਮੰਗਣੀ ਬਚਪਨ 'ਚ ਹੀ ਹੋ ਗਈ ਸੀ ਅਤੇ ਵਿਆਹ ਉਸ ਵੇਲੇ ਹੋਇਆ ਜਦੋਂ ਬੋਰਤੇ 17 ਸਾਲ ਦੇ ਸਨ ਅਤੇ ਚੰਗੇਜ਼ 16 ਸਾਲ ਦੇ।
ਵਿਆਹ ਤੋਂ ਕੁਝ ਦਿਨ ਬਾਅਦ ਹੀ ਮਰਕਿਤ ਕਬੀਲੇ ਨੇ ਇਸ ਜੋੜੇ ਦੇ ਕੈਂਪ 'ਤੇ ਧਾਵਾ ਬੋਲ ਦਿੱਤਾ। ਤੈਮੂਜਿਨ ਆਪਣੇ ਛੇ ਛੋਟੇ ਭਰਾਵਾਂ ਅਤੇ ਮਾਂ ਸਮੇਤ ਭੱਜਣ ਵਿੱਚ ਕਾਮਯਾਬ ਰਹੇ, ਪਰ ਬੋਰਤੇ ਪਿੱਛੇ ਛੁੱਟ ਗਏ।
ਮਰਕਿਤ ਅਸਲ ਵਿੱਚ ਬੋਰਤੇ ਲਈ ਹੀ ਆਏ ਸਨ।
ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਤੈਮੂਜਿਨ ਦੇ ਮਾਂ, ਹੁਇਲੋਨ ਮਰਕਿਤ ਕਬੀਲੇ ਨਾਲ ਸਬੰਧਤ ਸਨ ਅਤੇ ਤੈਮੂਜਿਨ ਦੇ ਪਿਤਾ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ ਅਤੇ ਆਪਣੀ ਪਤਨੀ ਬਣਾ ਲਿਆ ਸੀ। ਮਰਕਿਤ ਸਾਲਾਂ ਤੱਕ ਇਸ ਗੱਲ ਨੂੰ ਭੁੱਲ ਨਹੀਂ ਸਕੇ ਅਤੇ ਹੁਣ ਬੋਰਤੇ ਨੂੰ ਅਗਵਾ ਕਰਕੇ ਹੁਇਲੋਨ ਦੇ ਅਪਹਰਣ ਦਾ ਬਦਲਾ ਲੈਣਾ ਚਾਹੁੰਦੇ ਸਨ।
ਬੋਰਤੇ ਇੱਕ ਬੈਲਗੱਡੀ ਵਿੱਚ ਲੁਕ ਗਏ ਪਰ ਮਰਕਿਤ ਲੋਕਾਂ ਨੇ ਉਨ੍ਹਾਂ ਨੂੰ ਲੱਭ ਲਿਆ ਅਤੇ ਉਨ੍ਹਾਂ ਨੂੰ ਘੋੜੇ 'ਤੇ ਆਪਣੇ ਨਾਲ ਲੈ ਗਏ। ਤੈਮੂਜਿਨ ਨੇ ਆਪਣੀ ਦੁਲਹਨ ਨੂੰ ਛੁਡਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ।
ਖਾਨਾਬਦੋਸ਼ ਮਰਕਿਤ ਕਬੀਲਾ, ਮੱਧ ਏਸ਼ੀਆ ਦੀਆਂ ਹਜ਼ਾਰਾਂ ਮੀਲਾਂ 'ਚ ਫੈਲੀਆਂ ਚਰਾਗਾਹਾਂ ਵਿੱਚ ਜਿੱਥੇ ਵੀ ਜਾਂਦਾ, ਤੈਮੂਜਿਨ ਕੁਝ ਦੂਰੀ ਬਣਾ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਹੁੰਦੇ। ਇਸ ਦੌਰਾਨ ਉਨ੍ਹਾਂ ਨੇ ਇੱਧਰੋਂ-ਉੱਧਰੋਂ ਸਾਥੀ ਵੀ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।
ਉਨ੍ਹਾਂ ਦਾ ਇੱਕ ਕਥਨ ਮਸ਼ਹੂਰ ਹੈ ਕਿ ਮਰਕਿਤਾਂ ਨੇ "ਮੇਰਾ ਖੇਮਾ ਹੀ ਸੁੰਨਾਂ ਨਹੀਂ ਕੀਤਾ, ਸਗੋਂ ਮੇਰੀ ਛਾਤੀ ਪਾੜ ਕੇ ਮੇਰਾ ਦਿਲ ਵੀ ਕੱਢ ਕੇ ਲੈ ਗਏ ਹਨ।"
ਆਖਿਰਕਾਰ ਜਦੋਂ ਮਰਕਿਤ ਕਬੀਲੇ ਨੇ ਸਾਇਬੇਰੀਆ ਵਿੱਚ ਬੇਕਾਲ ਝੀਲ ਦੇ ਨੇੜੇ ਡੇਰਾ ਲਾਇਆ, ਤਾਂ ਤੈਮੂਜਿਨ ਨੇ ਆਪਣੇ ਸਾਥੀਆਂ ਨਾਲ ਰਲ਼ ਕੇ ਇੱਕ ਬਹੁਤ ਹੀ ਨਾਟਕੀ ਛਾਪਾਮਾਰ ਕਾਰਵਾਈ ਵਿੱਚ ਬੋਰਤੇ ਨੂੰ ਦੁਸ਼ਮਣ ਤੋਂ ਮੁਕਤ ਕਰਾ ਲਿਆ।
ਕੁਝ ਇਤਿਹਾਸਕਾਰਾਂ ਦੇ ਅਨੁਸਾਰ, ਇਹ ਘਟਨਾ ਚੰਗੇਜ਼ ਖਾਨ ਦੇ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਇਸ ਨੇ ਹੀ ਉਨ੍ਹਾਂ ਨੂੰ ਉਸ ਰਸਤੇ 'ਤੇ ਪਾ ਦਿੱਤਾ ਜਿਸ 'ਤੇ ਤੁਰਦੇ ਹੋਏ ਉਹ ਇੱਕ ਵਿਸ਼ਵ ਜੇਤੂ ਬਣਨ ਲਈ ਨਿਕਲੇ।
ਬੋਰਤੇ ਅਤੇ ਸਾਮਰਾਜ ਦੀ ਸਥਾਪਨਾ

ਤਸਵੀਰ ਸਰੋਤ, Getty Images
'ਦਿ ਕੈਂਬਰਿਜ ਹਿਸਟਰੀ' ਵਿੱਚ ਲਿਖਿਆ ਹੈ ਕਿ ਬੋਰਤੇ ਦਾ ਵਿਆਹ 1178 ਵਿੱਚ ਤੈਮੂਜਿਨ ਨਾਲ ਹੋਇਆ ਸੀ। ਕੇਟਿਆ ਰਾਈਟ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ ਕਿ ਬੋਰਤੇ ਕੋਨਕੀਰਾਤ ਕਬੀਲੇ ਦੇ ਸਰਦਾਰ ਦਾਈ ਸਚਿਨ ਦੇ ਧੀ ਸਨ।
ਇਸ ਵਿਆਹ ਨਾਲ ਤੈਮੂਜਿਨ ਦੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਹੋਈ।
ਇਸ ਰਿਸ਼ਤੇ ਨੇ ਉਨ੍ਹਾਂ ਨੂੰ "ਇੱਕ ਸਤਿਕਾਰਤ ਪਰਿਵਾਰ ਦੀ ਪਛਾਣ ਦਿਵਾਈ ਅਤੇ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੋਸਤਾਂ ਦਾ ਇੱਕ ਸਮੂਹ ਬਣਾਉਣ ਦਾ ਮੌਕਾ ਦਿੱਤਾ, ਜੋ ਸੱਤਾ ਦੀ ਯਾਤਰਾ ਵਿੱਚ ਉਨ੍ਹਾਂ ਦੇ ਨਾਲ ਰਹੇ। ਇਹ ਵਿਆਹ ਤੈਮੂਜਿਨ ਲਈ ਪਰਿਵਾਰ ਬਣਾਉਣ ਦਾ ਇੱਕ ਸਾਧਨ ਵੀ ਬਣ ਗਿਆ, ਜੋ ਮੰਗੋਲ ਰਾਜਨੀਤਿਕ ਗਠਜੋੜ ਲਈ ਬਹੁਤ ਮਹੱਤਵਪੂਰਨ ਸੀ।"
'ਦਿ ਕੈਂਬਰਿਜ ਹਿਸਟਰੀ' ਦੇ ਅਨੁਸਾਰ, "ਬੋਰਤੇ ਤੈਮੂਜਿਨ ਨੂੰ ਰਾਜਨੀਤਿਕ ਸਲਾਹ ਦਿੰਦੇ ਹੁੰਦੇ ਸਨ। ਉਨ੍ਹਾਂ ਦੇ ਨੌਂ ਬੱਚੇ ਹੋਏ। ਉਨ੍ਹਾਂ ਦੇ ਪੁੱਤਰ (ਜੋਚੀ, ਚੁਗਤਾਈ, ਓਗਦੇ ਅਤੇ ਤੋਲੀ) ਸਾਮਰਾਜ ਦੇ ਵੱਖ-ਵੱਖ ਖੇਤਰਾਂ ਦੇ ਸ਼ਾਸਕ ਬਣੇ ਅਤੇ ਓਗਦੇ ਨੂੰ ਚੰਗੇਜ਼ ਖਾਨ ਦਾ ਉੱਤਰਾਧਿਕਾਰੀ ਘੋਸ਼ਿਤ ਕੀਤਾ ਗਿਆ। ਬਾਅਦ ਦੀਆਂ ਪਤਨੀਆਂ ਦੇ ਪੁੱਤਰਾਂ ਨੂੰ ਅਜਿਹਾ ਦਰਜਾ ਨਹੀਂ ਮਿਲਿਆ।"

ਟਿਮੋਥੀ ਮੇਅ ਨੇ 'ਦਿ ਮੰਗੋਲ ਐਂਪਾਇਰ' ਵਿੱਚ ਲਿਖਿਆ ਹੈ ਕਿ ਕੇਵਲ ਬੋਰਤੇ ਦੇ ਪੁੱਤਰ ਹੀ ਤੈਮੂਜਿਨ (ਚੰਗੇਜ਼ ਖਾਨ) ਤੋਂ ਬਾਅਦ ਖਾਨ ਬਣਨ ਦੇ ਉਮੀਦਵਾਰ ਸਮਝੇ ਗਏ।
'ਦਿ ਕੈਂਬਰਿਜ ਹਿਸਟਰੀ' ਤੋਂ ਪਤਾ ਚੱਲਦਾ ਹੈ ਕਿ ਬੋਰਤੇ ਦੀਆਂ ਧੀਆਂ (ਕੌਜੀਨ, ਚੇਚਗੀਨ, ਅਲਾਇਕਾ, ਤੋਮੀਲੋਨ ਅਤੇ ਆਲ ਅਲਤਾਨ) ਦੇ ਵਿਆਹ ਉਨ੍ਹਾਂ ਕਬੀਲਿਆਂ ਵਿੱਚ ਹੋਏ, ਜਿਨ੍ਹਾਂ ਤੋਂ ਮੰਗੋਲ ਸਾਮਰਾਜ ਨੂੰ ਰਾਜਨੀਤਿਕ ਅਤੇ ਫੌਜੀ ਤਾਕਤ ਮਿਲੀ, ਜਿਵੇਂ ਕਿ ਐਲਕਰਜ਼, ਅਵੀਰਾਤ, ਔਗੋਤ, ਕੌਨਕੀਰਾਤ ਅਤੇ ਏਗੁਰ।
ਇਨ੍ਹਾਂ ਸਬੰਧਾਂ ਨੇ ਗੁਆਂਢੀ ਰਿਆਸਤਾਂ ਨੂੰ ਬਿਨਾਂ ਜੰਗ ਦੇ ਸਾਮਰਾਜ ਵਿੱਚ ਸ਼ਾਮਲ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਦੇ ਪਤੀਆਂ ਨੇ ਬਾਅਦ ਵਿੱਚ ਫੌਜੀ ਮੁਹਿੰਮਾਂ ਜਿਵੇਂ ਕਿ ਖਵਾਰਿਜ਼ਮ 'ਤੇ ਹਮਲਾ (1219) ਅਤੇ ਉੱਤਰੀ ਚੀਨ ਦੀ ਜਿੱਤ (1211-1215, 1217-1223) ਵਿੱਚ ਵੀ ਹਿੱਸਾ ਲਿਆ।
ਟਿਮੋਥੀ ਮੇਅ ਦੇ ਅਨੁਸਾਰ, ਬੋਰਤੇ ਨੇ ਕਈ ਅਨਾਥ ਬੱਚਿਆਂ ਨੂੰ ਵੀ ਗੋਦ ਲਿਆ, ਜਿਨ੍ਹਾਂ ਵਿੱਚ ਕਤਕੁਨੀਆਨ ਅਤੇ ਬੋਦਾਨਿਆਨ ਸ਼ਾਮਲ ਸਨ। ਬੋਰਤੇ ਨੇ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ। ਇਸ ਕੰਮ ਨੇ ਉਨ੍ਹਾਂ ਦੀ ਸਾਖ ਅਤੇ ਸਮਾਜਿਕ ਸਥਿਤੀ ਬਹੁਤ ਬੁਲੰਦ ਕਰ ਦਿੱਤੀ।
ਬੋਰਤੇ ਰਾਜਨੀਤੀ ਅਤੇ ਯੁੱਧ ਦੇ ਮਾਮਲਿਆਂ ਬਾਰੇ ਦਿੰਦੇ ਸਨ ਸਲਾਹ
ਏਨ ਬ੍ਰੌਡਬ੍ਰਿਜ ਆਪਣੀ ਕਿਤਾਬ 'ਵਿਮੇਨ ਐਂਡ ਦਿ ਮੇਕਿੰਗ ਆਫ਼ ਦਿ ਮੰਗੋਲ ਐਂਪਾਇਰ' ਵਿੱਚ ਲਿਖਦੇ ਹਨ ਕਿ ਬੋਰਤੇ ਦੀ ਮਹੱਤਤਾ ਸਾਰਿਆਂ ਨੂੰ ਪਤਾ ਹੁੰਦੀ ਹੋਵੇਗੀ।
ਬੋਰਤੇ ਬਹੁਤ ਤੇਜ਼ ਸਨ। ਉਨ੍ਹਾਂ ਨੇ ਆਪਣੀ ਸੱਸ ਹੁਇਲੋਨ ਦੇ ਨਾਲ ਕੁਝ ਜ਼ਿੰਮੇਵਾਰੀਆਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਪੂਰੇ ਕੈਂਪ ਦੀ ਆਰਥਿਕਤਾ ਤੱਕ ਵੀ ਸ਼ਾਮਲ ਸੀ।
"ਸਭ ਤੋਂ ਵੱਡੀ ਪਤਨੀ ਹੋਣ ਦੇ ਨਾਤੇ, ਬੋਰਤੇ ਨਾ ਸਿਰਫ਼ ਤੇਮੂਜਿਨ ਦੇ ਕੈਂਪ ਅਤੇ ਪਸ਼ੂਆਂ ਦੀ ਨਿਗਰਾਨੀ ਕਰਦੇ ਸਨ, ਸਗੋਂ ਉਨ੍ਹਾਂ ਦੇ ਨਿੱਜੀ ਸਰੋਤਾਂ, ਨੌਕਰਾਂ, ਦਾਸੀਆਂ, ਪਤਨੀਆਂ ਅਤੇ ਸ਼ਾਹੀ ਸੁਰੱਖਿਆ ਕਰਮੀਆਂ ਦੀ ਵੀ ਨਿਗਰਾਨੀ ਕਰਦੇ ਸਨ। ਇਹ ਗਿਣਤੀ ਹਜ਼ਾਰ ਤੋਂ ਵੀ ਵੱਧ ਹੋ ਸਕਦੀ ਸੀ। ਮੰਗੋਲ ਪਰੰਪਰਾ ਦੇ ਅਨੁਸਾਰ, ਉਹ ਆਪਣੇ ਪਤੀ ਅਤੇ ਮਹਿਮਾਨਾਂ ਦੀ ਮੇਜ਼ਬਾਨੀ ਕਰਨ ਲਈ ਜ਼ਿੰਮੇਵਾਰ ਸਨ, ਅਤੇ ਉਨ੍ਹਾਂ ਦੇ ਕੈਂਪ ਵਿੱਚ ਬਹੁਤ ਸਾਰੇ ਮਹੱਤਵਪੂਰਨ ਸਮਝੌਤੇ ਅਤੇ ਗੱਠਜੋੜ ਹੋਏ।''
"ਉਹ ਤੇਮੂਜਿਨ ਨੂੰ ਠੋਸ ਸਲਾਹ ਦਿੰਦੇ ਸਨ, ਜਿਸਨੂੰ ਗੰਭੀਰਤਾ ਨਾਲ ਲਿਆ ਜਾਂਦਾ ਸੀ ਅਤੇ ਉਨ੍ਹਾਂ ਦਾ ਪਰਿਵਾਰ ਰਾਜਨੀਤੀ ਅਤੇ ਯੁੱਧ ਵਿੱਚ ਚੰਗੇਜ਼ ਖਾਨ ਦਾ ਇੱਕ ਸਰਗਰਮ ਸਹਿਯੋਗੀ ਸੀ।"
"ਉਹ ਮੰਗੋਲ ਸਮਾਜ ਵਿੱਚ ਇੱਕ ਉੱਚ ਅਹੁਦਾ ਰੱਖਦੇ ਸਨ। ਉਨ੍ਹਾਂ ਮੁਤਾਬਕ, ਚੰਗੇਜ਼ ਖਾਨ ਉਨ੍ਹਾਂ ਨੂੰ ਰਾਜਨੀਤੀ ਅਤੇ ਯੁੱਧ ਦੇ ਮਾਮਲਿਆਂ ਬਾਰੇ ਸਲਾਹ ਲਈ ਬੁਲਾਉਂਦੇ ਸਨ।"
ਉਨ੍ਹਾਂ ਨੇ ਇਹ ਭਰੋਸਾ ਸਮਝਦਾਰੀ ਨਾਲ ਨਿਭਾਇਆ। ਉਦਾਹਰਣ ਵਜੋਂ, ਜਦੋਂ ਚੰਗੇਜ਼ ਖਾਨ ਦੇ ਇੱਕ ਕਰੀਬੀ ਦੋਸਤ ਜਮੁਖਾ, ਜਿਨ੍ਹਾਂ ਨੇ ਅਗਵਾ ਕੀਤੇ ਜਾਣ ਤੋਂ ਬਾਅਦ ਬੋਰਤੇ ਨੂੰ ਆਜ਼ਾਦ ਕਰਵਾਉਣ ਵਿੱਚ ਮਦਦ ਕੀਤੀ ਸੀ, ਇੱਕ ਸਿਆਸੀ ਦੁਸ਼ਮਣ ਬਣ ਗਏ ਤਾਂ ਬੋਰਤੇ ਨੇ ਤੈਮੂਜਿਨ ਨੂੰ ਦੋਸਤੀ ਤੋੜਨ ਦੀ ਸਲਾਹ ਦਿੱਤੀ। 1204 ਵਿੱਚ, ਤੈਮੂਜਿਨ ਨੇ ਜਮੁਖਾ ਨੂੰ ਹਰਾ ਦਿੱਤਾ ਅਤੇ ਉਸਨੂੰ ਕਤਲ ਕਰਵਾ ਦਿੱਤਾ।
ਟਿਮੋਥੀ ਮੇਅ ਦੇ ਅਨੁਸਾਰ, ਇਸ ਤੋਂ ਇਲਾਵਾ ਬੋਰਤੇ ਨੇ ਪੂਰੇ ਏਸ਼ੀਆ ਵਿੱਚ ਵਪਾਰਕ ਮਾਰਗਾਂ ਦੀ ਵਿਵਸਥਾ ਸੰਭਾਲੀ ਅਤੇ ਉਨ੍ਹਾਂ ਮਾਰਗਾਂ 'ਤੇ ਯਾਤਰਾ ਕਰਨ ਵਾਲੇ ਅਧਿਕਾਰੀਆਂ ਅਤੇ ਵਪਾਰੀਆਂ ਦੀ ਸਲਾਹਕਾਰ ਵਜੋਂ ਵੀ ਕੰਮ ਕੀਤਾ।
ਇਤਿਹਾਸਕ ਬਿਰਤਾਂਤਾਂ ਦੇ ਅਨੁਸਾਰ, ਇਸ ਹੈਸੀਅਤ ਵਿੱਚ ਉਹ ਕਾਫੀ ਪ੍ਰਭਾਵਸ਼ਾਲੀ ਸਨ, ਜਿਸ ਕਾਰਨ ਬਹੁਤ ਸਾਰੀਆਂ ਉਦਾਹਰਣਾਂ ਅਤੇ ਦਸਤਾਵੇਜ਼ ਮੌਜੂਦ ਹਨ।
ਇੱਕ ਹੋਰ ਮੌਕੇ 'ਤੇ, ਖਾਨ ਦੇ ਨਜ਼ਦੀਕੀ ਸਹਿਯੋਗੀ ਤੈਬ ਤੰਗਗਰੀ ਨੇ ਤੈਮੂਜਿਨ ਦੇ ਭਰਾ ਦਾ ਅਪਮਾਨ ਕੀਤਾ। ਬੋਰਤੇ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਆਪਣੀ ਪਤੀ ਨੂੰ ਜ਼ਿੱਦ ਕਰਕੇ ਮਨਾਇਆ ਕਿ ਉਸਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਇਤਿਹਾਸਕਾਰ ਡੋਨਾ ਹੈਮਿਲ ਦਾ ਹਵਾਲਾ ਦਿੰਦੇ ਹੋਏ ਬਲੇਕਮੋਰ ਨੇ ਲਿਖਿਆ ਹੈ ਕਿ ਇਸ ਮੌਕੇ 'ਤੇ ਖਾਨ ਨੇ ਬੋਰਤੇ ਦੀ ਸਲਾਹ ਦੀ ਮੰਨੀ, ਲੋਕਾਂ ਵਿੱਚ ਸ਼ਾਂਤੀ ਬਹਾਲ ਕੀਤੀ ਅਤੇ ਆਪਣੀ ਅਗਵਾਈ ਨੂੰ ਮਜ਼ਬੂਤ ਕੀਤਾ।

ਤਸਵੀਰ ਸਰੋਤ, Photo by Fine Art Images/Heritage Images/Getty Images
ਬਲੇਕਮੋਰ ਦੇ ਅਨੁਸਾਰ, "ਬੋਰਤੇ ਦੂਤ, ਸਲਾਹਕਾਰ ਅਤੇ ਪ੍ਰਸ਼ਾਸਕ ਦੀ ਭੂਮਿਕਾ ਵਿੱਚ ਸਾਹਮਣੇ ਆਏ। ਉਨ੍ਹਾਂ ਨੇ ਆਪਣੀ ਸਮਰੱਥਾ ਵਿੱਚ ਸਾਮਰਾਜ ਵਿੱਚ ਰਾਣੀ ਦੀ ਭੂਮਿਕਾ ਤੈਅ ਕੀਤੀ।"
"ਹਾਲਾਂਕਿ ਬੋਰਤੇ ਦੇ ਜੀਵਨ ਦੇ ਕਈ ਪਹਿਲੂ ਇਤਿਹਾਸ ਦੇ ਪਰਦੇ ਪਿੱਛੇ ਲੁਕੇ ਹੋਏ ਹਨ, ਪਰ ਉਹ ਇਸ ਗੱਲ ਦੀ ਇੱਕ ਉਦਾਹਰਣ ਹਨ ਕਿ ਸਾਮਰਾਜ ਦੀ ਸਿਰਜਣਾ ਅਤੇ ਰੋਜ਼ਾਨਾ ਪ੍ਰਸ਼ਾਸਨ ਵਿੱਚ ਮਹਿਲਾਵਾਂ ਨੇ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾਈ।"
ਬ੍ਰੌਡਬ੍ਰਿਜ ਲਿਖਦੇ ਹਨ, "ਚੰਗੇਜ਼ ਖਾਨ ਨੂੰ ਨਾ ਸਿਰਫ਼ ਆਪਣੀ ਪਤਨੀ ਵਿੱਚ ਇੱਕ ਸਾਥੀ ਮਿਲਿਆ ਜਿਸ 'ਤੇ ਉਹ ਭਰੋਸਾ ਕਰ ਸਕਦੇ ਸੀ, ਸਗੋਂ ਪੂਰੇ ਸਾਮਰਾਜ ਨੂੰ ਵੀ ਅਜਿਹੀਆਂ ਮਹਿਲਾਵਾਂ ਦੀ ਲੋੜ ਸੀ। ਜੇਕਰ ਇਹ ਮਹਿਲਾਵਾਂ ਮੰਗੋਲ ਸਾਮਰਾਜ ਵਿੱਚ ਨਾ ਹੁੰਦੀਆਂ, ਤਾਂ ਸਾਮਰਾਜ ਸ਼ਾਇਦ ਮੌਜੂਦ ਹੀ ਨਾ ਹੁੰਦਾ।"
"ਉਹ ਆਪਣੀ ਸਾਰੀ ਜ਼ਿੰਦਗੀ ਚੰਗੇਜ਼ ਖਾਨ ਦੀ ਸਭ ਤੋਂ ਵੱਡੀ ਬੀਵੀ ਰਹੇ। ਉਹ ਜ਼ਿਆਦਾਤਰ ਸਮਾਂ ਆਪਣੇ ਪਤੀ ਨਾਲ ਰਹੇ, ਹਾਲਾਂਕਿ ਜਦੋਂ ਉਹ ਉਨ੍ਹਾਂ ਦੇ ਨਾਲ ਨਹੀਂ ਸੀ, ਤਾਂ ਬੋਰਤੇ ਸਾਮਰਾਜ ਦੇ ਕੁਝ ਹਿੱਸਿਆਂ ਦਾ ਪ੍ਰਬੰਧਨ ਆਪਣੇ ਆਪ ਕਰ ਰਹੇ ਸਨ।"
ਬ੍ਰੌਡਬ੍ਰਿਜ ਨੇ ਉਨ੍ਹਾਂ ਨੂੰ ਚੰਗੇਜ਼ ਖਾਨ ਦੇ ਜੀਵਨ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਮਹਿਲਾਵਾਂ ਵਿੱਚ ਗਿਣਿਆ ਹੈ ਅਤੇ ਉਨ੍ਹਾਂ ਬਾਰੇ ਕਹਾਣੀਆਂ ਇਸਦੀ ਗਵਾਹੀ ਦਿੰਦੀਆਂ ਹਨ।
ਜਦੋਂ ਚੰਗੇਜ਼ ਖਾਨ ਜਿੱਤ ਪ੍ਰਾਪਤ ਕਰਨ ਵਿੱਚ ਰੁੱਝੇ ਹੋਏ ਸਨ ਤਾਂ ਬੋਰਤੇ ਮੰਗੋਲੀਆ ਵਿੱਚ ਹੀ ਰਹੇ ਅਤੇ ਸਾਮਰਾਜ ਨੂੰ ਸੰਗਠਿਤ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਦੀਆਂ ਨਿੱਜੀ ਜ਼ਮੀਨਾਂ ਖਿਰਲਾਨ ਨਦੀ ਦੇ ਨਾਲ ਸਥਿਤ ਸਨ।
ਟਿਮੋਥੀ ਮੇਅ ਦੇ ਅਨੁਸਾਰ, ਬੋਰਤੇ ਦੀ ਮੌਤ 1230 ਵਿੱਚ ਉਨ੍ਹਾਂ ਦੇ ਪਤੀ ਚੰਗੇਜ਼ ਖਾਨ ਤੋਂ ਬਾਅਦ ਹੋਈ। ਆਪਣੇ ਜੀਵਨ ਕਾਲ ਦੌਰਾਨ ਉਹ ਮੰਗੋਲ ਰਾਸ਼ਟਰ ਵਿੱਚ ਇੱਕ ਬਹੁਤ ਹੀ ਸਤਿਕਾਰਤ ਸ਼ਖਸੀਅਤ ਬਣ ਗਏ ਸਨ।
"ਬੋਰਤੇ ਨੇ ਨਾ ਸਿਰਫ਼ ਆਪਣੇ ਪਤੀ ਦੀ ਸਲਾਹਕਾਰ ਵਜੋਂ ਕੰਮ ਕੀਤਾ, ਸਗੋਂ ਆਪਣੀਆਂ ਧੀਆਂ ਨੂੰ ਵੀ ਇਸ ਗੱਲ ਦੀ ਟ੍ਰੇਨਿੰਗ ਦਿੱਤੀ ਕਿ ਉਹ ਰਾਜ ਦੇ ਮਾਮਲਿਆਂ ਵਿੱਚ ਪ੍ਰਤੀਨਿਧੀ, ਦੂਤ ਅਤੇ ਭਾਗੀਦਾਰ ਦੀ ਭੂਮਿਕਾ ਨਿਭਾਉਣ ਵਾਲੀਆਂ ਬਣਨ।''
ਏਸ਼ੀਅਨ ਵਿਸ਼ਿਆਂ ਦੇ ਲੇਖਕ ਮੈਕਸ ਲੂ ਦੇ ਅਨੁਸਾਰ, "ਮੌਜੂਦਾ ਮੰਗੋਲੀਆ ਵਿੱਚ ਹੋਲੋਨ ਅਤੇ ਚਾਹਾਨ ਝੀਲਾਂ ਧੁੱਪ ਵਿੱਚ ਇੱਕ-ਦੂਜੇ ਦਾ ਖੂਬਸੂਰਤ ਸਾਥ ਦਿੰਦੀਆਂ ਹਨ ਅਤੇ ਮੰਗੋਲਾਂ ਲਈ ਪਵਿੱਤਰ ਮੰਨੀਆਂ ਜਾਂਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਚੰਗੇਜ਼ ਖਾਨ ਅਤੇ ਮਹਾਰਾਣੀ ਬੋਰਤੇ ਦਾ ਵਿਆਹ ਉੱਥੇ ਹੀ ਹੋਇਆ ਸੀ, ਜੋ ਉਨ੍ਹਾਂ ਦੇ ਜੀਵਨ ਭਰ ਦੇ ਰਿਸ਼ਤੇ ਦਾ ਪ੍ਰਤੀਕ ਬਣ ਗਈਆਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












