ਜਦੋਂ ਵਾਸਕੋ ਡੀ ਗਾਮਾ ਨੇ ਕੇਰਲਾ ਵਿੱਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨਾਲ ਭਰੇ ਇੱਕ ਜਹਾਜ਼ ਨੂੰ ਸਾੜ ਦਿੱਤਾ ਸੀ

ਵਾਸਕੋ ਡੀ ਗਾਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਸਕੋ ਡੀ ਗਾਮਾ ਨੂੰ ਕੇਰਲਾ ਦੇ ਇਤਿਹਾਸ ਵਿੱਚ ਇੱਕ 'ਖਲਨਾਇਕ' ਵਜੋਂ ਦੇਖਿਆ ਜਾਂਦਾ ਹੈ
    • ਲੇਖਕ, ਸਿਰਾਜ
    • ਰੋਲ, ਬੀਬੀਸੀ ਪੱਤਰਕਾਰ

"ਕੇਲੂ ਪੁਰਤਗਾਲੀ ਸ਼ਾਸ਼ਨ ਅਧੀਨ ਵੱਡਾ ਹੋਇਆ। ਉਸਦੇ ਦਿਮਾਗ ਵਿੱਚ ਸਿਰਫ਼ ਇੱਕ ਹੀ ਵਿਚਾਰ ਸੀ, ਵਾਸਕੋ ਨੂੰ ਖ਼ਤਮ ਕਰਨ ਦਾ।"

ਪ੍ਰਸਿੱਧ ਮਲਿਆਲਮ ਫ਼ਿਲਮ 'ਉਰੂਮੀ' ਦੇ ਮੁੱਖ ਪਾਤਰ ਚਿਰੱਕਲ ਕੇਲੂ ਬਾਰੇ ਇਹ ਸੰਵਾਦ ਦਰਸ਼ਕਾਂ ਸਾਹਮਣੇ ਉਸਦੀ ਪਹਿਲੀ ਝਲਕ ਦਿਖਾਉਣ ਤੋਂ ਪਹਿਲਾਂ ਪੇਸ਼ ਕੀਤਾ ਜਾਂਦਾ ਹੈ।

ਉਸ ਫ਼ਿਲਮ ਦੇ ਨਾਇਕ ਕੇਲੂ ਦੀ ਜ਼ਿੰਦਗੀ ਇੱਕ ਹੀ ਟੀਚੇ ਦੇ ਦੁਆਲੇ ਘੁੰਮਦੀ ਹੈ, ਪੁਰਤਗਾਲੀ ਮਲਾਹ ਵਾਸਕੋ ਡੀ ਗਾਮਾ ਨੂੰ ਮਾਰਨਾ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ, ਉਹ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਦਾ ਹੈ, ਇੱਕ ਇਨਕਲਾਬੀ ਫ਼ੌਜ ਖੜ੍ਹੀ ਕਰਦਾ ਹੈ ਅਤੇ ਪੁਰਤਗਾਲੀ ਫ਼ੌਜ ਨਾਲ ਲੜਦਾ ਹੈ।

ਇਸ ਲੜਾਈ ਵਿੱਚ, ਉਹ ਆਪਣਾ ਸਭ ਤੋਂ ਚੰਗਾ ਦੋਸਤ ਗੁਆ ਦਿੰਦਾ ਹੈ। ਪਰ ਅੰਤ ਵਿੱਚ, ਉਹ ਆਪਣਾ ਟੀਚਾ ਪੂਰਾ ਕਰਨ ਵਿੱਚ ਅਸਮਰੱਥ ਹੁੰਦਾ ਹੈ ਅਤੇ ਆਪਣੀ ਜਾਨ ਵੀ ਗੁਆ ਦਿੰਦਾ ਹੈ।

'ਚਿਰੱਕਲ ਕੇਲੂ', ਜੋ ਵਾਸਕੋ ਡੀ ਗਾਮਾ ਨੂੰ ਮਾਰਨਾ ਚਾਹੁੰਦਾ ਸੀ, ਇੱਕ ਕਾਲਪਨਿਕ ਪਾਤਰ ਹੈ। ਪਰ ਪ੍ਰਿਥਵੀਰਾਜ ਵੱਲੋਂ ਇਸ ਪਾਤਰ ਦਾ ਕਿਰਦਾਰ ਅਤੇ ਫ਼ਿਲਮ 'ਉਰੂਮੀ' ਕੇਰਲਾ ਵਿੱਚ ਬਹੁਤ ਮਸ਼ਹੂਰ ਹੋਈ। ਦਰਸ਼ਕਾਂ ਨੇ ਇਸ ਫ਼ਿਲਮ ਨੂੰ ਕਾਫ਼ੀ ਉਤਸ਼ਾਹ ਨਾਲ ਦੇਖਿਆ।

ਭਾਵੇਂ ਵਾਸਕੋ ਡੀ ਗਾਮਾ ਨੇ ਭਾਰਤ ਦਾ ਸਮੁੰਦਰੀ ਰਸਤਾ ਲੱਭਿਆ ਸੀ, ਪਰ ਉਸਨੂੰ ਕੇਰਲਾ ਵਿੱਚ ਮਲਿਆਲਮ ਫ਼ਿਲਮਾਂ, ਲੋਕ ਕਹਾਣੀਆਂ ਅਤੇ ਗੀਤਾਂ ਵਿੱਚ ਇੱਕ ਖਲਨਾਇਕ ਵਜੋਂ ਦਰਸਾਇਆ ਜਾਂਦਾ ਹੈ।

25 ਮਾਰਚ, 1497 ਨੂੰ ਵਾਸਕੋ ਡੀ ਗਾਮਾ ਪੁਰਤਗਾਲ ਦੀ ਰਾਜਧਾਨੀ ਲਿਸਬਨ ਤੋਂ ਭਾਰਤ ਵੱਲ ਰਵਾਨਾ ਹੋਇਆ। ਉਸਨੂੰ ਪੁਰਤਗਾਲੀ ਰਾਜੇ ਦਾ ਸਮਰਥਨ ਪ੍ਰਾਪਤ ਸੀ।

ਕਈ ਮਹੀਨਿਆਂ ਤੱਕ ਚੱਲੀ ਸਮੁੰਦਰੀ ਯਾਤਰਾ ਤੋਂ ਬਾਅਦ, ਉਹ ਭਾਰਤ ਪਹੁੰਚਣ ਵਾਲਾ ਪਹਿਲਾ ਯੂਰਪੀ ਸ਼ਖ਼ਸ ਬਣ ਗਿਆ। ਇਸਨੇ ਉਸਨੂੰ ਯੂਰਪੀ ਇਤਿਹਾਸ ਵਿੱਚ ਇੱਕ 'ਹੀਰੋ' ਬਣਾ ਦਿੱਤਾ।

ਸਾਡੀਆਂ ਪਾਠ-ਪੁਸਤਕਾਂ ਵਿੱਚ ਵੀ, ਵਾਸਕੋ ਡੀ ਗਾਮਾ ਦੀਆਂ ਵਪਾਰਕ ਮਕਸਦ ਨਾਲ ਕੀਤੀਆਂ ਭਾਰਤ ਦੀਆਂ ਯਾਤਰਾਵਾਂ ਅਤੇ ਉਸਦੀ ਵਪਾਰ ਦੇ ਮਾਮਲੇ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਬਾਰੇ ਜ਼ਿਕਰ ਆਉਂਦਾ ਹੈ।

ਯੂਰਪੀਅਨਾਂ ਦਾ ਭਾਰਤ ਪਹੁੰਚਣ ਦਾ ਸੁਪਨਾ

ਵਾਸਕੋ ਡੀ ਗਾਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਸਕੋ ਡੀ ਗਾਮਾ ਅਤੇ ਕੋਲੀਕੋਡਾ (ਕਾਲੀਕਟ) ਦੇ ਰਾਜੇ ਵਿਚਕਾਰ ਮੁਲਾਕਾਤ ਨੂੰ ਦਰਸਾਉਂਦੀ ਇੱਕ ਪੇਂਟਿੰਗ

ਆਪਣੀ ਕਿਤਾਬ 'ਦਿ ਗ੍ਰੇਟ ਡਿਸਕਵਰੀਜ਼' ਵਿੱਚ, ਅਮਰੀਕੀ ਇਤਿਹਾਸਕਾਰ ਚਾਰਲਸ ਈ ਨੋਵੇਲ ਵਾਸਕੋ ਡੀ ਗਾਮਾ ਦਾ ਵਰਣਨ ਕਰਦਿਆਂ ਲਿਖਦੇ ਹਨ।

"ਵਾਸਕੋ ਡੀ ਗਾਮਾ, ਜਿਸਨੂੰ ਭਾਰਤ ਨਾਲ ਸਿੱਧਾ ਸੰਪਰਕ ਸਥਾਪਤ ਕਰਨ ਦਾ ਮੌਕਾ ਹਾਸਿਲ ਹੋਇਆ, ਇੱਕ ਮਜ਼ਬੂਤ ਸਰੀਰ ਅਤੇ ਮਜ਼ਬੂਤ ਚਰਿੱਤਰ ਵਾਲਾ ਆਦਮੀ ਸੀ। ਭਾਵੇਂ ਉਹ ਅਨਪੜ੍ਹ, ਜ਼ਾਲਮ ਅਤੇ ਹਿੰਸਕ ਸੀ, ਫ਼ਿਰ ਵੀ ਉਹ ਵਫ਼ਾਦਾਰ ਅਤੇ ਨਿਡਰ ਸੀ।"

"ਉਸ ਨੂੰ ਭਾਰਤ ਦੀ ਯਾਤਰਾ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਕਿਉਂਕਿ ਇੰਨਾ ਔਖਾ ਕੰਮ ਕਿਸੇ ਨਰਮ ਚਿੱਤ ਵਿਅਕਤੀ ਦੇ ਵੱਸ ਦਾ ਨਹੀਂ ਸੀ ਜਾਪਦਾ।"

ਜਨਵਰੀ 1497 ਵਿੱਚ, ਪੁਰਤਗਾਲ ਦੇ ਰਾਜਾ ਮੈਨੂਅਲ ਪਹਿਲੇ ਨੇ ਵਾਸਕੋ ਡੀ ਗਾਮਾ ਨੂੰ 'ਯੂਰਪ ਦੇ ਭਾਰਤ ਪਹੁੰਚਣ ਦੇ ਸੁਪਨੇ' ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ।

ਸੈਂਕੜੇ ਸਾਲਾਂ ਤੋਂ, ਬਹੁਤ ਸਾਰੇ ਯੂਰਪੀ ਦੇਸ਼ ਭਾਰਤ ਪਹੁੰਚਣ ਵਿੱਚ ਸਭ ਤੋਂ ਪਹਿਲਾਂ ਆਉਣ ਲਈ ਮੁਕਾਬਲਾ ਕਰ ਰਹੇ ਸਨ। ਪੁਰਤਗਾਲ ਵਰਗਾ ਛੋਟਾ ਜਿਹਾ ਦੇਸ਼ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਸੀ।

ਹਾਲਾਂਕਿ, ਅਰਬ ਅਤੇ ਫ਼ਾਰਸੀ ਵਪਾਰੀ ਪਹਿਲਾਂ ਹੀ ਭਾਰਤ ਪਹੁੰਚ ਚੁੱਕੇ ਸਨ ਅਤੇ ਉੱਥੇ ਆਪਣੇ ਵਪਾਰਕ ਅੱਡੇ ਸਥਾਪਿਤ ਕਰ ਚੁੱਕੇ ਸਨ। ਮਸਾਲੇ, ਖ਼ਾਸ ਕਰਕੇ ਦੱਖਣੀ ਭਾਰਤ ਦੇ ਮਾਲਾਬਾਰ ਖੇਤਰ (ਮੌਜੂਦਾ ਕੇਰਲ) ਤੋਂ, ਮੁਸਲਿਮ ਵਪਾਰੀਆਂ ਵੱਲੋਂ ਲਿਆਂਦੇ ਜਾਂਦੇ ਸਨ।

ਇਤਿਹਾਸਕਾਰ ਜੌਨ ਐੱਫ ਰਿਚਰਡਸ ਆਪਣੀ ਕਿਤਾਬ 'ਦਿ ਮੁਗਲ ਐਂਪਾਇਰ' ਵਿੱਚ ਲਿਖਦੇ ਹਨ, "ਪੁਰਤਗਾਲੀਆਂ ਦੇ ਆਉਣ ਤੋਂ ਪਹਿਲਾਂ, ਇਸਲਾਮੀ ਸਮੁੰਦਰੀ ਵਪਾਰੀਆਂ ਦਾ ਗੁਜਰਾਤ, ਮਾਲਾਬਾਰ ਅਤੇ ਅਰਬ ਸਾਗਰ ਦੀਆਂ ਬੰਦਰਗਾਹਾਂ 'ਤੇ ਦਬਦਬਾ ਸੀ,"

"ਕੋਲੰਬਸ 1492 ਵਿੱਚ ਅਮਰੀਕਾ ਪਹੁੰਚਿਆ। ਆਪਣੀ ਮੌਤ ਤੱਕ ਵੀ, ਉਹ ਇਹ ਮੰਨਦਾ ਰਿਹਾ ਕਿ ਜਿਸ ਧਰਤੀ ਦੀ ਉਸਨੇ ਖੋਜ ਕੀਤੀ ਸੀ ਉਹ ਏਸ਼ੀਆ ਦਾ ਹਿੱਸਾ ਸੀ ਅਤੇ ਭਾਰਤ ਉਸ ਦੇ ਨੇੜੇ ਸੀ।"

ਜਾਰਜ ਐੱਮ ਟੋਲੀ ਆਪਣੀ ਕਿਤਾਬ 'ਦਿ ਵੌਏਜੇਜ਼ ਐਂਡ ਐਡਵੈਂਚਰਜ਼ ਆਫ਼ ਵਾਸਕੋ ਡੀ ਗਾਮਾ' ਵਿੱਚ ਲਿਖਦੇ ਹਨ, "ਇਸੇ ਕਰਕੇ ਉਸਨੇ ਉਸ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ 'ਭਾਰਤੀ' ਕਿਹਾ।"

ਯੂਰਪੀ ਲੋਕਾਂ ਦੇ ਭਾਰਤ ਪਹੁੰਚਣ ਲਈ ਇੰਨੇ ਉਤਸੁਕ ਹੋਣ ਦਾ ਮੁੱਖ ਕਾਰਨ ਸੀ ਉਨ੍ਹਾਂ ਦੇ ਮਨਾਂ ਵਿੱਚ ਬਣੀ ਭਾਰਤ ਦੀ ਦਿਲਖਿੱਚਵੀਂ ਤਸਵੀਰ।

ਯੂਰਪ ਵਿੱਚ, ਭਾਰਤ ਨੂੰ ਸੋਨੇ, ਹੀਰਿਆਂ, ਕੀਮਤੀ ਪੱਥਰਾਂ, ਮਹਿੰਗੇ ਮਸਾਲਿਆਂ ਜਿਵੇਂ ਕਿ ਮਿਰਚ ਅਤੇ ਹੋਰ ਖਜ਼ਾਨਿਆਂ ਨਾਲ ਭਰੀ ਇੱਕ ਅਮੀਰ ਧਰਤੀ ਵਜੋਂ ਦੇਖਿਆ ਜਾਂਦਾ ਸੀ। ਇਸ ਲਈ, ਏਸ਼ੀਆ, ਖ਼ਾਸ ਕਰਕੇ ਭਾਰਤ, ਯੂਰਪੀਅਨਾਂ ਲਈ ਇੱਕ ਬਹੁਤ ਹੀ ਆਕਰਸ਼ਕ ਸਥਾਨ ਮੰਨਿਆ ਜਾਂਦਾ ਸੀ।

ਪੁਰਤਗਾਲ ਦੇ ਰਾਜਾ ਮੈਨੂਅਲ ਪਹਿਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1497 'ਚ, ਪੁਰਤਗਾਲ ਦੇ ਰਾਜਾ ਮੈਨੂਅਲ ਪਹਿਲੇ ਨੇ ਵਾਸਕੋ ਡੀ ਗਾਮਾ ਨੂੰ 'ਭਾਰਤ ਪਹੁੰਚਣ ਦੇ ਪੁਰਤਗਾਲੀ ਸੁਪਨੇ' ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ

ਵਿਲੀਅਮ ਲੋਗਨ ਦੀ ਕਿਤਾਬ 'ਮਾਲਾਬਾਰ ਮੈਨੂਅਲ' ਵਿੱਚ ਕਿਹਾ ਗਿਆ ਹੈ, "ਵਾਸਕੋ ਡੀ ਗਾਮਾ ਦੀ 1497 ਦੀ ਸਮੁੰਦਰੀ ਮੁਹਿੰਮ ਵਿੱਚ ਤਿੰਨ ਜਹਾਜ਼ ਸਨ।"

"'ਸਾਓ ਰਾਫੇਲ', 'ਸਾਓ ਗੈਬਰੀਅਲ' ਅਤੇ 'ਸਾਓ ਮਿਗੁਏਲ'। ਇਨ੍ਹਾਂ ਵਿੱਚੋਂ ਹਰੇਕ ਜਹਾਜ਼ ਵਿੱਚ ਅਧਿਕਾਰੀ, ਮਲਾਹ ਅਤੇ ਹੋਰ ਸਟਾਫ਼ ਸ਼ਾਮਲ ਸੀ।"

ਜਦੋਂ ਵਾਸਕੋ ਡੀ ਗਾਮਾ ਪਹਿਲੀ ਵਾਰ ਭਾਰਤ ਆਇਆ ਸੀ, ਤਾਂ ਉਹ ਬਹੁਤ ਛੋਟੀ ਜਿਹੀ ਫ਼ੌਜ ਲੈ ਕੇ ਆਇਆ ਸੀ।

ਵੱਖ-ਵੱਖ ਇਤਿਹਾਸਕ ਬਿਰਤਾਂਤਾਂ ਤੋਂ ਵੱਖੋ-ਵੱਖਰੀ ਜਾਣਕਾਰੀ ਮਿਲਦੀ ਹੈ ਕਿ ਉਸ ਦੇ ਨਾਲ ਕਿੰਨੇ ਲੋਕ ਸਨ। ਪਰ ਇੱਕ ਗੱਲ ਯਕੀਨੀ ਹੈ, ਉਸ ਦੇ ਜਹਾਜ਼ 'ਤੇ ਕੁਝ ਅਪਰਾਧੀ ਵੀ ਸਨ।

'ਐਮ ਨੋਮ ਡਿਊਸ: ਦਿ ਜਰਨਲ ਆਫ਼ ਦਿ ਫ਼ਸਟ ਵੌਏਜ ਆਫ਼ ਵਾਸਕੋ ਡੀ ਗਾਮਾ ਟੂ ਇੰਡੀਆ 1497–1499' ਕਿਤਾਬ ਵਿੱਚ ਕਿਹਾ ਗਿਆ ਹੈ ਕਿ ਵਾਸਕੋ ਡੀ ਗਾਮਾ ਦੇ ਸਮੁੰਦਰੀ ਅਭਿਆਨ ਦੌਰਾਨ ਦਸ ਅਪਰਾਧੀ ਸਨ ਜਿਨ੍ਹਾਂ ਨੂੰ ਦੇਸ਼ ਤੋਂ ਕੱਢ ਦਿੱਤਾ ਗਿਆ ਸੀ।

ਪੁਰਤਗਾਲ ਦੇ ਰਾਜੇ ਵੱਲੋਂ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਨੂੰ ਇਸ ਮੁਹਿੰਮ ਵਿੱਚ ਮਦਦ ਲਈ ਭੇਜਿਆ ਗਿਆ ਸੀ। ਹਾਲਾਂਕਿ, ਕੁਝ ਇਤਿਹਾਸਕਾਰ ਇਸ ਪਿੱਛੇ ਇੱਕ ਵੱਖਰਾ ਕਾਰਨ ਵੀ ਦੱਸਦੇ ਹਨ।

ਭਾਵ, ਇਹ ਕਿਹਾ ਜਾਂਦਾ ਹੈ ਕਿ ਉਸ ਸਮੇਂ ਦੇ ਰਾਜੇ ਨੇ ਸੋਚਿਆ ਹੋਵੇਗਾ ਕਿ ਇੰਨੀ ਖ਼ਤਰਨਾਕ ਸਮੁੰਦਰੀ ਯਾਤਰਾ ਕਰਦੇ ਹੋਏ ਪੁਰਤਗਾਲੀ ਜੇਲ੍ਹ ਵਿੱਚ ਵਿਅਰਥ ਮਰਨ ਨਾਲੋਂ ਵਾਸਕੋ ਦੀ ਮਦਦ ਕਰਦੇ ਹੋਏ ਸਮੁੰਦਰ ਵਿੱਚ ਮਰਨਾ ਬਿਹਤਰ ਹੋਵੇਗਾ।

ਇਨ੍ਹਾਂ ਅਪਰਾਧੀਆਂ ਵਿੱਚੋਂ ਇੱਕ ਸਭ ਤੋਂ ਮਹੱਤਵਪੂਰਨ ਅਵੋ ਨੂਨਸ ਨਾਮ ਦਾ ਇੱਕ 'ਨਵ-ਈਸਾਈ' ਸੀ।

ਯਾਨੀ ਕਿ ਉਹ ਹਾਲ ਹੀ ਵਿੱਚ ਧਰਮ ਪਰਿਵਰਤਨ ਕੀਤਾ ਗਿਆ ਯਹੂਦੀ ਸੀ। ਉਹ ਥੋੜ੍ਹੀ-ਬਹੁਤ ਅਰਬੀ ਅਤੇ ਹਿਬਰੂ ਬੋਲ ਲੈਂਦਾ ਸੀ।

'ਦਿ ਜਰਨਲ ਆਫ਼ ਦਿ ਫ਼ਸਟ ਵੌਏਜ ਆਫ਼ ਵਾਸਕੋ ਡੀ ਗਾਮਾ ਟੂ ਇੰਡੀਆ' ਕਿਤਾਬ ਮੁਤਾਬਕ, "ਜੋ ਅਵੋ ਨੂਨਸ ਬੁੱਧੀਮਾਨ ਸੀ। ਉਹ ਮੁਸਲਿਮ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਨੂੰ ਸਮਝਦਾ ਸੀ।"

ਕੀ ਭਾਰਤ ਵਿੱਚ ਪੈਰ ਰੱਖਣ ਵਾਲਾ ਪਹਿਲਾ ਯੂਰਪੀ ਅਪਰਾਧੀ ਸੀ

ਵਾਸਕੋ ਡੀ ਗਾਮਾ ਦੀਆਂ ਯਾਤਰਾਵਾਂ ਨੂੰ ਦਰਸਾਉਂਦਾ ਨਕਸ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਸਕੋ ਡੀ ਗਾਮਾ ਦੀਆਂ ਯਾਤਰਾਵਾਂ ਨੂੰ ਦਰਸਾਉਂਦਾ ਨਕਸ਼ਾ, ਬਿੰਦੀਆਂ ਵਾਲੀ ਲਾਈਨ 1497 ਵਿੱਚ ਭਾਰਤ ਦੀ ਉਸਦੀ ਪਹਿਲੀ ਯਾਤਰਾ ਨੂੰ ਦਰਸਾਉਂਦੀ ਹੈ

20 ਮਈ, 1498 ਨੂੰ ਜਦੋਂ ਵਾਸਕੋ ਦਾ ਸਮੁੰਦਰੀ ਜਹਾਜ਼ ਕੇਰਲਾ ਪਹੁੰਚਿਆ, ਤਾਂ ਉਨ੍ਹਾਂ ਦੇ ਜਹਾਜ਼ ਤੱਟ ਤੋਂ ਥੋੜ੍ਹੀ ਦੂਰੀ 'ਤੇ ਸਮੁੰਦਰ ਵਿੱਚ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ।

ਇਤਿਹਾਸ ਕਹਿੰਦਾ ਹੈ ਕਿ ਵਾਸਕੋ ਡੀ ਗਾਮਾ ਸਭ ਤੋਂ ਪਹਿਲਾਂ ਕੇਰਲਾ ਦੇ ਕੋਲੀਕੋਡ ਜ਼ਿਲ੍ਹੇ ਦੇ ਕਪਾੜ ਪਿੰਡ ਵਿੱਚ ਭਾਰਤ ਵਿੱਚ ਉਤਰਿਆ ਸੀ।

ਪਰ ਅਸਲ ਵਿੱਚ, ਇਤਿਹਾਸਕਾਰ ਅਤੇ ਸਿੱਖਿਆ ਸ਼ਾਸਤਰੀ ਐੱਮਜੀਐੱਸ ਨਾਰਾਇਣਨ ਦੇ ਮੁਤਾਬਕ, ਉਹ ਪਹਿਲਾਂ ਕੋਲਮ ਜ਼ਿਲ੍ਹੇ ਦੇ ਨੇੜੇ ਪੰਡਾਲਯਾਨੀ ਖੇਤਰ ਗਿਆ ਸੀ ।

ਮਾਲਾਬਾਰ ਤੱਟ ਤੋਂ ਚਾਰ ਛੋਟੀਆਂ ਕਿਸ਼ਤੀਆਂ ਵਾਸਕੋ ਦੇ ਜਹਾਜ਼ਾਂ ਕੋਲ ਪਹੁੰਚੀਆਂ ਅਤੇ ਉੱਥੋਂ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਖ਼ਾਸ ਕਰਕੇ ਉਨ੍ਹਾਂ ਨੇ ਪੁੱਛਿਆ, "ਵਾਸਕੋ ਕਿਸ ਦੇਸ਼ ਤੋਂ ਆਇਆ ਸੀ?"

"ਦਰਅਸਲ, ਇਹ ਜ਼ਿਆਦਾ ਸੰਭਾਵਨਾ ਹੈ ਕਿ ਵਾਸਕੋ ਡੀ ਗਾਮਾ ਭਾਰਤ ਵਿੱਚ ਪੈਰ ਰੱਖਣ ਵਾਲਾ ਪਹਿਲਾ ਯੂਰਪੀ ਨਹੀਂ ਸੀ, ਸਗੋਂ ਇੱਕ 'ਅਪਰਾਧੀ' ਸੀ।"

"ਕਿਉਂਕਿ 'ਵਾਸਕੋ ਡੀ ਗਾਮਾ ਐਂਡ ਦਿ ਸੀ ਰੂਟ ਟੂ ਇੰਡੀਆ' ਕਿਤਾਬ ਮੁਤਾਬਕ, "ਜਹਾਜ਼ਾਂ ਨੂੰ ਰੋਕਣ ਤੋਂ ਬਅਦ, ਵਾਸਕੋ ਨੇ ਇੱਕ ਵਿਅਕਤੀ ਨੂੰ ਮਾਲਾਬਾਰ ਕਿਸ਼ਤੀਆਂ ਨਾਲ ਤੱਟ 'ਤੇ ਭੇਜਿਆ ਜੋ ਅਰਬੀ ਅਤੇ ਹਿਬਰੂ ਬੋਲ ਸਕਦਾ ਸੀ।"

ਇਸ ਅਰਥ ਵਿਚ, ਮਾਲਾਬਾਰ ਤੱਟ 'ਤੇ ਪਹੁੰਚਣ ਵਾਲਾ ਪਹਿਲਾ ਯੂਰਪੀ ਸ਼ਾਇਦ ਐਵੋ ਨੂਨਸ ਸੀ, ਜੋ ਕਿ ਇੱਕ 'ਨਵਾਂ ਈਸਾਈ' ਸੀ ਜੋ ਅਰਬੀ ਅਤੇ ਹਿਬਰੂ ਜਾਣਦਾ ਸੀ। ਹਾਲਾਂਕਿ, ਇਸ ਨੂੰ ਸਾਬਤ ਕਰਨ ਲਈ ਦਸਤਾਵੇਜ਼ ਕਾਫ਼ੀ ਨਹੀਂ ਹਨ।

ਭਾਰਤ ਦੀ ਪਹਿਲੀ ਯਾਤਰਾ ਨਿਰਾਸ਼ਾ ਵਿੱਚ ਖ਼ਤਮ ਹੋਈ

ਵਾਸਕੋ ਦਾ ਗਾਮਾ ਦਾ ਜਹਾਜ਼ 'ਸਾਓ ਗੈਬਰੀਅਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਸਕੋ ਦਾ ਗਾਮਾ ਦਾ ਜਹਾਜ਼ 'ਸਾਓ ਗੈਬਰੀਅਲ

ਇਸ ਤਰ੍ਹਾਂ, ਕੇਰਲਾ ਦੇ ਕੰਢੇ 'ਤੇ ਉਤਰੇ ਦੁਭਾਸ਼ੀਏ ਨੂੰ ਉੱਥੇ ਰਹਿਣ ਵਾਲੇ ਦੋ ਅਰਬਾਂ ਕੋਲ ਲਿਜਾਇਆ ਗਿਆ। ਪਰ ਉਹ ਵਾਸਕੋ ਦੇ ਦੁਭਾਸ਼ੀਏ ਨੂੰ ਦੁਸ਼ਮਣ ਸਮਝਦੇ ਸਨ।

ਉਹ ਚੀਕ ਉੱਠੇ, "ਸ਼ੈਤਾਨ ਤੈਨੂੰ ਚੁੱਕ ਕੇ ਲੈ ਜਾਵੇ!"

ਫਿਰ ਉਨ੍ਹਾਂ ਨੇ ਉਸਨੂੰ ਪੁੱਛਿਆ, "ਤੂੰ ਇੱਥੇ ਕਿਉਂ ਆਇਆ ਹੈਂ?"

ਇਸ 'ਤੇ ਵਾਸਕੋ ਦੇ ਆਦਮੀ ਨੇ ਕਿਹਾ, "ਅਸੀਂ ਈਸਾਈ ਹਾਂ ਅਤੇ ਇੱਥੇ ਮਸਾਲਿਆਂ ਦੀ ਭਾਲ ਵਿੱਚ ਆਏ ਹਾਂ।"

ਇਸ ਤਰ੍ਹਾਂ, ਭਾਰਤ ਆਉਣ ਵਾਲੇ ਪਹਿਲੇ ਯੂਰਪੀ ਅਤੇ ਅਰਬ ਵਪਾਰੀਆਂ ਵਿਚਕਾਰ ਹੋਈ ਇਸ ਗੱਲਬਾਤ ਦਾ ਜ਼ਿਕਰ ਕਈ ਇਤਿਹਾਸ ਦੀਆਂ ਕਿਤਾਬਾਂ ਵਿੱਚ ਕੀਤਾ ਗਿਆ ਹੈ।

ਫ਼ਿਰ ਵਾਸਕੋ ਡੀ ਗਾਮਾ, ਕੁਝ ਚੁਣਵੇਂ ਆਦਮੀਆਂ ਨੂੰ ਆਪਣੇ ਨਾਲ ਲੈ ਕੇ ਅਤੇ ਬਾਕੀਆਂ ਨੂੰ ਜਹਾਜ਼ 'ਤੇ ਸਾਵਧਾਨੀ ਨਾਲ ਰਹਿਣ ਲਈ ਕਹਿ ਕੇ, ਮਾਲਾਬਾਰ ਤੱਟ 'ਤੇ ਉਤਰਿਆ। ਇਤਿਹਾਸਿਕ ਹਵਾਲੇ ਦੱਸਦੇ ਹਨ ਕਿ ਉੱਥੇ ਉਸਦਾ ਬਹੁਤ ਸ਼ਿਸ਼ਟਾਚਾਰ ਅਤੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ ਸੀ।

ਪਰ ਵਾਸਕੋ ਡੀ ਗਾਮਾ ਦੀ ਭਾਰਤ ਦੀ ਪਹਿਲੀ ਯਾਤਰਾ ਓਨੀ ਸਫਲ ਨਹੀਂ ਸੀ ਜਿੰਨੀ ਉਸਨੇ ਉਮੀਦ ਕੀਤੀ ਸੀ।

ਕੋਲੀਕੋਡਾ ਦੇ ਹਿੰਦੂ ਰਾਜਾ (ਜਿਸਨੂੰ ਪੁਰਤਗਾਲੀ ਜ਼ਮੋਰਿਨ ਕਹਿੰਦੇ ਸਨ) ਨੂੰ ਉਸਨੇ ਜੋ ਤੋਹਫ਼ੇ ਦਿੱਤੇ ਸਨ ਉਹ ਉਸਨੂੰ ਬਹੁਤ ਸਾਧਾਰਨ ਲੱਗਦੇ ਸਨ ਅਤੇ ਉਸਦਾ ਮਜ਼ਾਕ ਉਡਾਇਆ ਗਿਆ ਸੀ।

ਵਾਸਕੋ ਡੀ ਗਾਮਾ

ਮਸਾਲਿਆਂ ਦੇ ਵਪਾਰ ਵਿੱਚ ਦਬਦਬਾ ਰੱਖਣ ਵਾਲੇ ਅਰਬ ਮੁਸਲਮਾਨਾਂ ਨੇ ਪੁਰਤਗਾਲੀਆਂ ਦੇ ਆਉਣ ਦਾ ਸਖ਼ਤ ਵਿਰੋਧ ਕੀਤਾ।

ਇਤਿਹਾਸਕਾਰ ਐੱਮਜੀਐੱਸ ਨਾਰਾਇਣਨ ਨੇ ਅੰਗਰੇਜ਼ੀ ਅਖ਼ਬਰਾ 'ਦਿ ਹਿੰਦੂ' ਨੂੰ ਦਿੱਤੇ ਇੱਕ ਇੰਟਰਵਿਊ 'ਚ ਕਿਹਾ ਸੀ, "ਪੁਰਤਗਾਲੀਆਂ ਨੇ ਕਾਲੀ ਮਿਰਚ ਦੇ ਵਪਾਰ 'ਤੇ ਏਕਾਧਿਕਾਰ ਦੀ ਮੰਗ ਕੀਤੀ, ਪਰ ਜ਼ਮੋਰਿਨ (ਕੋਲੀਕੋਡਾ ਦਾ ਰਾਜਾ) ਨੇ ਇਨਕਾਰ ਕਰ ਦਿੱਤਾ ਕਿਉਂਕਿ ਵਪਾਰ ਮੁਸਲਿਮ ਵਪਾਰੀਆਂ ਵੱਲੋਂ ਨਿਯੰਤਰਿਤ ਸੀ।"

"ਪੁਰਤਗਾਲੀਆਂ ਨੇ ਫ਼ਿਰ ਕੋਚੀ ਰਾਜ ਨਾਲ ਗੱਠਜੋੜ ਸਥਾਪਤ ਕਰਕੇ ਉੱਥੇ ਵਪਾਰਕ ਕੇਂਦਰ ਸਥਾਪਿਤ ਕੀਤੇ। ਬਾਅਦ ਵਿੱਚ, ਉਨ੍ਹਾਂ ਨੇ ਗੋਆ ਵੱਲ ਰੁਖ਼ ਕੀਤਾ, ਜੋ ਵਿਜੇਨਗਰ ਸਾਮਰਾਜ ਦੇ ਨੇੜੇ ਸੀ।"

ਵਾਸਕੋ ਡੀ ਗਾਮਾ 1499 ਵਿੱਚ ਬਹੁਤੀ ਥੋੜ੍ਹੀ ਮਾਤਰਾ ਵਿੱਚ ਮਸਾਲੇ ਲੈ ਕੇ ਯੂਰਪ ਵਾਪਸ ਗਿਆ। ਫਿਰ ਵੀ ਪੁਰਤਗਾਲ ਵਿੱਚ ਉਸਦਾ ਬਹੁਤ ਧੂਮਧਾਮ ਨਾਲ ਸਵਾਗਤ ਕੀਤਾ ਗਿਆ।

ਕੇਐੱਮ ਪਨੀਕਰ ਆਪਣੀ ਕਿਤਾਬ 'ਏਸ਼ੀਆ ਐਂਡ ਵੈਸਟਰਨ ਡੋਮੀਨੀਅਨਜ਼' ਵਿੱਚ ਲਿਖਦੇ ਹਨ, "ਭਾਰਤ ਦੀ ਪਹਿਲੀ ਯਾਤਰਾ ਤੋਂ ਬਾਅਦ, ਵਾਸਕੋ ਡੀ ਗਾਮਾ ਦੇ ਜਹਾਜ਼ ਦੁਆਰਾ ਲਿਆਂਦੇ ਗਏ ਮਸਾਲੇ ਬਹੁਤ ਜ਼ਿਆਦਾ ਮੁਨਾਫ਼ੇ 'ਤੇ ਵੇਚੇ ਗਏ ਸਨ। ਇਸ ਵਪਾਰ ਤੋਂ ਹੋਣ ਵਾਲਾ ਮੁਨਾਫ਼ਾ ਪੂਰੀ ਯਾਤਰਾ ਦੀ ਲਾਗਤ ਨਾਲੋਂ ਕਈ ਗੁਣਾ ਜ਼ਿਆਦਾ ਸੀ।"

ਇਹ ਉਹ ਪਲ ਸੀ ਜਦੋਂ ਪੁਰਤਗਾਲੀਆਂ ਨੂੰ ਭਾਰਤ ਦੀ ਦੌਲਤ ਦਾ ਅਹਿਸਾਸ ਹੋਇਆ।

ਵਾਸਕੋ ਦੀ ਭਾਰਤ ਦੀ ਦੂਜੀ ਯਾਤਰਾ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਸਕੋ ਡੀ ਗਾਮਾ ਦੇ ਜਹਾਜ਼ 'ਤੇ ਕੋਲੀਕੋਡ ਵਪਾਰੀਆਂ ਦੇ ਫੜੇ ਜਾਣ ਨੂੰ ਦਰਸਾਉਂਦੀ ਇੱਕ ਤਸਵੀਰ

ਵਾਸਕੋ ਡੀ ਗਾਮਾ ਦੀ ਭਾਰਤ ਦੀ ਪਹਿਲੀ ਯਾਤਰਾ (1497–1499) ਨੇ ਯੂਰਪ ਅਤੇ ਭਾਰਤ ਵਿਚਕਾਰ ਇੱਕ ਸਮੁੰਦਰੀ ਰਸਤਾ ਸਥਾਪਤ ਕੀਤਾ, ਪਰ ਉਹ ਕੇਰਲਾ ਦੇ ਕੋਲੀਕੋਡਾ ਦੇ ਰਾਜੇ ਨਾਲ ਇੱਕ ਮਜ਼ਬੂਤ ਵਪਾਰਕ ਸਮਝੌਤਾ ਕਰਨ ਵਿੱਚ ਅਸਫ਼ਲ ਰਿਹਾ।

ਅਰਬ ਮੁਸਲਿਮ ਵਪਾਰੀਆਂ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਹਿੰਦ ਮਹਾਂਸਾਗਰ ਵਿੱਚ ਮਸਾਲਿਆਂ ਦੇ ਵਪਾਰ 'ਤੇ ਦਬਦਬਾ ਬਣਾਇਆ ਹੋਇਆ ਸੀ, ਨੇ ਪੁਰਤਗਾਲੀਆਂ ਦੀ ਨਖੇਧੀ ਕੀਤੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਅਣਦੇਖਾ ਵੀ ਕੀਤਾ।

ਇਤਿਹਾਸਕਾਰ ਸੰਜੇ ਸੁਬਰਾਮਨੀਅਮ ਆਪਣੀ ਕਿਤਾਬ 'ਦਿ ਕਰੀਅਰ ਲੈਜੈਂਡ ਆਫ਼ ਵਾਸਕੋ ਡੀ ਗਾਮਾ' ਵਿੱਚ ਲਿਖਦੇ ਹਨ, "ਵਾਸਕੋ ਦੇ ਮੁਤਾਬਕ ਕੋਲੀਕੋਡ ਦੇ ਮੁਸਲਿਮ ਵਪਾਰੀ ਨਾ ਸਿਰਫ਼ ਆਰਥਿਕ ਮੁਕਾਬਲੇਬਾਜ਼ ਸਨ, ਸਗੋਂ ਧਾਰਮਿਕ ਅਤੇ ਸੱਭਿਆਚਾਰਕ ਦੁਸ਼ਮਣ ਵੀ ਸਨ।"

"ਜ਼ਮੋਰਿਨ ਦੇ ਦਰਬਾਰ ਵਿੱਚ ਉਨ੍ਹਾਂ ਦੀ ਪ੍ਰਭਾਵਸ਼ਾਲੀ ਸਥਿਤੀ ਪੁਰਤਗਾਲੀ ਇੱਛਾਵਾਂ ਦੀ ਪੂਰਤੀ ਲਈ ਇੱਕ ਵੱਡੀ ਚੁਣੌਤੀ ਸੀ।"

ਇਸ ਖ਼ਤਰੇ ਦਾ ਜਵਾਬ ਦੇਣ ਲਈ, ਪੁਰਤਗਾਲੀ ਸਰਕਾਰ ਨੇ ਭਾਰਤ ਦੀ ਦੂਜੀ ਯਾਤਰਾ ਦੀ ਯੋਜਨਾ ਬਣਾਈ। ਇਸ ਵਾਰ ਮਕਸਦ ਸਪੱਸ਼ਟ ਸੀ, "ਭਾਰਤ ਵਿੱਚ ਪੁਰਤਗਾਲੀ ਦਬਦਬਾ ਸਥਾਪਤ ਕਰਨਾ, ਪਹਿਲੀ ਯਾਤਰਾ ਦੀ ਅਸਫ਼ਲਤਾ ਦਾ ਬਦਲਾ ਲੈਣਾ ਅਤੇ ਮਸਾਲਿਆਂ ਦੇ ਵਪਾਰ 'ਤੇ ਏਕਾਧਿਕਾਰ ਕਰਨਾ।"

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਜਹਾਜ਼ਾਂ' 'ਤੇ ਹਮਲਾ ਕਰਦੇ ਹੋਏ ਵਾਸਕੋ ਦੇ ਜਹਾਜ਼ ਨੂੰ ਦਰਸਾਉਂਦੀ ਇੱਕ ਤਸਵੀਰ

ਫ਼ਰਵਰੀ 1502 ਵਿੱਚ, ਵਾਸਕੋ ਡੀ ਗਾਮਾ 20 ਜੰਗੀ ਜਹਾਜ਼ਾਂ ਅਤੇ ਤਕਰੀਬਨ 1,500 ਫ਼ੌਜੀਆਂ ਦੇ ਜਹਾਜ਼ ਨਾਲ ਲਿਸਬਨ ਤੋਂ ਰਵਾਨਾ ਹੋਇਆ। ਜਹਾਜ਼ ਤੋਪਾਂ ਅਤੇ ਹੋਰ ਹਥਿਆਰਾਂ ਨਾਲ ਲੈਸ ਸੀ ਅਤੇ ਜੰਗ ਲਈ ਤਿਆਰ ਸੀ।

ਉਸੇ ਸਾਲ 11 ਸਤੰਬਰ ਨੂੰ ਵਾਸਕੋ ਡੀ ਗਾਮਾ ਦਾ ਜਹਾਜ਼ ਕੇਰਲਾ ਦੇ ਕੰਨੂਰ ਦੇ ਤੱਟ 'ਤੇ ਪਹੁੰਚਿਆ।

ਇਸ ਤੋਂ ਬਾਅਦ ਜੋ ਹੋਇਆ, ਉਸਦਾ ਵਰਣਨ ਵਾਸਕੋ ਦੇ ਇੱਕ ਚਾਲਕ ਦਲ ਨੇ 'ਦਿ ਜਰਨਲ ਆਫ਼ ਦਿ ਫਸਟ ਵੌਏਜ ਆਫ਼ ਵਾਸਕੋ ਡੀ ਗਾਮਾ ਟੂ ਇੰਡੀਆ' ਕਿਤਾਬ ਵਿੱਚ ਕੀਤਾ ਹੈ।

ਉਹ ਲਿਖਦੇ ਹਨ, "ਉੱਥੇ ਅਸੀਂ ਮੱਕਾ ਤੋਂ ਜਹਾਜ਼ ਆਉਂਦੇ ਦੇਖੇ। ਇਹ ਉਹ ਜਹਾਜ਼ ਸਨ ਜੋ ਸਾਡੇ ਦੇਸ਼ (ਪੁਰਤਗਾਲ) ਨੂੰ ਮਸਾਲੇ ਲੈ ਕੇ ਜਾ ਰਹੇ ਸਨ। ਅਸੀਂ ਉਨ੍ਹਾਂ ਜਹਾਜ਼ਾਂ ਨੂੰ ਇਸ ਇਰਾਦੇ ਨਾਲ ਲੁੱਟਿਆ ਸੀ ਕਿ ਸਿਰਫ਼ ਪੁਰਤਗਾਲ ਦਾ ਰਾਜਾ ਹੀ ਭਾਰਤ ਤੋਂ ਸਿੱਧੇ ਮਸਾਲਿਆਂ ਦਾ ਵਪਾਰ ਕਰ ਸਕੇਗਾ।"

"ਫਿਰ ਅਸੀਂ ਮੱਕਾ ਤੋਂ ਆਏ ਇੱਕ ਜਹਾਜ਼ 'ਤੇ ਕਬਜ਼ਾ ਕਰ ਲਿਆ, ਜਿਸ ਵਿੱਚ 380 ਆਦਮੀ, ਬਹੁਤ ਸਾਰੀਆਂ ਔਰਤਾਂ ਅਤੇ ਬੱਚੇ ਸਵਾਰ ਸਨ।"

"ਅਸੀਂ ਉਸ ਜਹਾਜ਼ ਤੋਂ ਘੱਟੋ-ਘੱਟ 12,000 ਡੁਕਾਟ (ਸੋਨੇ ਦੇ ਸਿੱਕੇ) ਅਤੇ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਲੁੱਟ ਲਈਆਂ। ਫ਼ਿਰ 1 ਅਕਤੂਬਰ ਨੂੰ ਅਸੀਂ ਜਹਾਜ਼ ਅਤੇ ਉਸ ਵਿੱਚ ਸਵਾਰ ਸਾਰੇ ਲੋਕਾਂ ਨੂੰ ਸਾੜ ਦਿੱਤਾ।"

ਇੱਥੇ ਜ਼ਿਕਰ ਕੀਤਾ ਗਿਆ 'ਮੱਕਾ ਜਹਾਜ਼' 'ਮੈਰੀ' ਨਾਮ ਦਾ ਇੱਕ ਵੱਡਾ ਜਹਾਜ਼ ਹੈ।

ਇਤਿਹਾਸਕਾਰ ਕੇਐੱਮ ਪਨੀਕਰ ਮੁਤਾਬਕ, ਇਹ ਜਹਾਜ਼ ਕੋਲੀਕੋਡ ਇਲਾਕੇ ਵਿੱਚ ਰਹਿਣ ਵਾਲੇ ਇੱਕ ਅਮੀਰ ਵਪਾਰੀ ਖੋਜਾ ਕਾਸਿਮ ਦੇ ਭਰਾ ਦਾ ਸੀ।

ਵਾਸਕੋ ਦੀ ਫ਼ੌਜ ਵੱਲੋਂ ਕਬਜ਼ੇ ਵਿੱਚ ਲਏ ਗਏ ਜਹਾਜ਼ ਵਿੱਚ ਬਹੁਤ ਸਾਰੀਆਂ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਰਧਾਲੂ 'ਹੱਜ' ਲਈ ਯਾਤਰਾ ਕਰ ਰਹੇ ਸਨ। ਇਸ ਦੇ ਨਾਲ ਹੀ ਜਹਾਜ਼ ਵਿੱਚ ਵਪਾਰ ਲਈ ਕੀਮਤੀ ਸਮਾਨ ਵੀ ਲੱਦਿਆ ਹੋਇਆ ਸੀ।

"ਵਾਸਕੋ ਨੇ ਜਹਾਜ਼ ਨੂੰ ਸਾੜਨ ਦਾ ਹੁਕਮ ਦਿੱਤਾ। ਔਰਤਾਂ ਨੇ ਆਪਣੇ ਬੱਚਿਆਂ 'ਤੇ ਤਰਸ ਦੀ ਗੁਹਾਰ ਲਾ ਕੇ ਰਹਿਮ ਦੀ ਭੀਖ ਮੰਗੀ। ਪੁਰਤਗਾਲੀ ਫ਼ੌਜੀ ਆਪਣੇ ਜਹਾਜ਼ ਤੋਂ ਇਹ ਸਭ ਦੇਖ ਰਹੇ ਸਨ। ਉਸ ਜਹਾਜ਼ 'ਤੇ ਹਰ ਕੋਈ ਦਰਦ ਨਾਲ ਰੋਂਦਾ ਹੋਇਆ ਮਰ ਗਿਆ।"

ਕੈਸਪਰ ਕੋਹੀਆ ਨੇ "ਲੈਂਡਾਸ ਦਾ ਇੰਡੀਆ" ਕਿਤਾਬ ਵਿੱਚ ਲਿਖਿਆ ਹੈ, "ਉਸ ਜਹਾਜ਼ 'ਤੇ ਇੱਕ ਵੀ ਵਿਅਕਤੀ ਨਹੀਂ ਬਚਿਆ। ਮੌਤ ਦੇ ਕੰਢੇ 'ਤੇ ਖੜ੍ਹੇ ਲੋਕਾਂ ਦੀਆਂ ਚੀਕਾਂ ਪੂਰੇ ਸਮੁੰਦਰ ਵਿੱਚ ਗੂੰਜਦੀਆਂ ਰਹੀਆਂ। ਅਤੇ ਉਸ ਪਲ ਵਾਸਕੋ ਸ਼ਾਂਤ ਹੋ ਗਿਆ।"

ਵਾਸਕੋ ਡੀ ਗਾਮਾ ਦੀ ਅਗਵਾਈ ਹੇਠ ਵਾਪਰੀ ਇਸ ਘਟਨਾ ਨੇ ਉਸ ਸਮੇਂ ਦੇ ਕੁਝ ਪੁਰਤਗਾਲੀ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਸੀ। ਅਤੇ ਇਹ ਇੱਕ ਵੱਡਾ ਕਾਰਨ ਬਣ ਗਿਆ ਕਿ ਵਾਸਕੋ ਡੀ ਗਾਮਾ ਨੂੰ ਕੇਰਲ ਦੇ ਇਤਿਹਾਸ ਵਿੱਚ ਇੱਕ 'ਖਲਨਾਇਕ' ਵਜੋਂ ਯਾਦ ਕੀਤਾ ਜਾਂਦਾ ਹੈ।

'ਪਾੜੋ ਅਤੇ ਰਾਜ ਕਰੋ'

ਵਾਸਕੋ ਡੀ ਗਾਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਸਕੋ ਡੀ ਗਾਮਾ ਅਤੇ ਕੰਨੂਰ ਦੇ ਰਾਜੇ ਵਿਚਕਾਰ ਮੁਲਾਕਾਤ ਨੂੰ ਦਰਸਾਉਂਦੀ ਇੱਕ ਪੇਂਟਿੰਗ

ਉਸ ਸਮੇਂ ਦੌਰਾਨ ਕੇਰਲਾ ਕਈ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ ਅਤੇ ਇਹ ਪੁਰਤਗਾਲੀ ਦਬਦਬੇ ਦੇ ਵਾਧੇ ਦਾ ਇੱਕ ਕਾਰਨ ਸੀ।

ਉਦਾਹਰਣ ਵਜੋਂ, 'ਮੈਰੀ' ਘਟਨਾ ਤੋਂ ਬਾਅਦ ਵੀ, ਵਾਸਕੋ ਦੇ ਜਹਾਜ਼ ਦਾ ਕੰਨੂਰ ਦੇ ਰਾਜਾ ਵੱਲੋਂ ਸਵਾਗਤ ਕੀਤਾ ਗਿਆ ਸੀ, ਇਸ ਘਟਨਾਕ੍ਰਮ ਬਾਰੇ 'ਦਿ ਜਰਨਲ ਆਫ਼ ਦਿ ਫਸਟ ਵੌਏਜ ਆਫ਼ ਵਾਸਕੋ ਡੀ ਗਾਮਾ ਟੂ ਇੰਡੀਆ' ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ।

ਇਸ ਮੁਤਾਬਕ, "20 ਅਕਤੂਬਰ ਨੂੰ ਅਸੀਂ ਕੰਨੂਰ ਰਾਜ ਪਹੁੰਚੇ। ਉੱਥੋਂ ਅਸੀਂ ਹਰ ਤਰ੍ਹਾਂ ਦੇ ਮਸਾਲੇ ਖਰੀਦੇ। ਰਾਜਾ ਬਹੁਤ ਧੂਮਧਾਮ ਨਾਲ ਆਇਆ ਸੀ। ਉਸਦੇ ਨਾਲ ਦੋ ਹਾਥੀ ਅਤੇ ਕਈ ਤਰ੍ਹਾਂ ਦੇ ਅਜੀਬ ਜਾਨਵਰ ਵੀ ਸਨ।"

ਇਸ ਤੋਂ ਬਾਅਦ, ਵਾਸਕੋ ਡੀ ਗਾਮਾ ਦਾ ਬੇੜਾ ਕੋਲੀਕੋਡ ਗਿਆ। ਉੱਥੇ, ਉਨ੍ਹਾਂ ਨੇ ਜ਼ਮੋਰਿਨ ਤੋਂ ਮੰਗ ਕੀਤੀ ਕਿ ਸਾਰੇ ਮੁਸਲਿਮ ਵਪਾਰੀਆਂ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਜਾਵੇ ਅਤੇ ਪੁਰਤਗਾਲੀਆਂ ਨੂੰ ਵਪਾਰਕ ਏਕਾਧਿਕਾਰ ਦਿੱਤਾ ਜਾਵੇ।

ਪਰ ਜ਼ਮੋਰਿਨ ਰਾਜੇ ਨੇ ਮੁਫਤ ਵਪਾਰ ਦਾ ਸਮਰਥਨ ਕੀਤਾ ਅਤੇ ਵਾਸਕੋ ਦੀ ਮੰਗ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ। ਇਸ ਲਈ, ਵਾਸਕੋ ਡੀ ਗਾਮਾ ਨੇ ਕੋਲੀਕੋਡ ਸ਼ਹਿਰ 'ਤੇ ਹਮਲਾ ਕਰ ਦਿੱਤਾ।

"ਅਸੀਂ ਆਪਣੇ ਫ਼ੌਜੀਆਂ ਨੂੰ ਸ਼ਹਿਰ ਦੇ ਬਾਹਰ ਇਕੱਠਾ ਕੀਤਾ ਅਤੇ ਉਨ੍ਹਾਂ ਨਾਲ ਤਿੰਨ ਦਿਨ ਜੰਗ ਜਾਰੀ ਰਹੀ।"

"ਅਸੀਂ ਬਹੁਤਿਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਜਹਾਜ਼ਾਂ ਦੇ ਦਰਵਾਜ਼ਿਆਂ 'ਤੇ ਟੰਗ ਦਿੱਤਾ। ਅਸੀਂ ਉਨ੍ਹਾਂ ਨੂੰ ਕੁੱਟਿਆ, ਉਨ੍ਹਾਂ ਦੇ ਹੱਥ, ਪੈਰ ਅਤੇ ਸਿਰ ਵੱਢ ਦਿੱਤੇ।" (ਵਾਸਕੋ ਡੀ ਗਾਮਾ ਦੀ ਭਾਰਤ ਵੱਲ ਪਹਿਲੀ ਯਾਤਰਾ ਦਾ ਜਰਨਲ ਇਹ ਸਭ ਹਵਾਲੇ ਦਿੰਦਾ ਹੈ)

"ਇਸ ਤਰ੍ਹਾਂ, ਹੌਲੀ-ਹੌਲੀ, ਹਿੰਸਕ ਕਾਰਵਾਈਆਂ ਰਾਹੀਂ ਅਤੇ 'ਤੁਹਾਡੇ ਦੁਸ਼ਮਣ ਦਾ ਦੁਸ਼ਮਣ ਤੁਹਾਡਾ ਦੋਸਤ ਹੈ' ਦੀ ਨੀਤੀ ਦੇ ਅਧਾਰ 'ਤੇ ਕੇਰਲ ਦੇ ਦੂਜੇ ਰਾਜਿਆਂ ਨਾਲ ਗੱਠਜੋੜ ਕਰਕੇ, ਪੁਰਤਗਾਲੀਆਂ ਨੇ ਕੇਰਲ ਵਿੱਚ ਆਪਣਾ ਦਬਦਬਾ ਮਜ਼ਬੂਤ ਕੀਤਾ।"

ਵਾਸਕੋ ਡੀ ਗਾਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1524 ਵਿੱਚ, ਵਾਸਕੋ ਡੀ ਗਾਮਾ ਨੂੰ ਭਾਰਤ ਦਾ ਪੁਰਤਗਾਲੀ ਵਾਇਸਰਾਏ ਨਿਯੁਕਤ ਕੀਤਾ ਗਿਆ ਸੀ

ਚਾਰਲਸ ਆਰ ਬਾਕਸਰ ਦ ਪੁਰਤਗਾਲੀ ਸੀਬੋਰਨ ਐਂਪਾਇਰ ਵਿੱਚ ਲਿਖਦੇ ਹਨ, "ਇਹ ਇੱਕ 'ਪਾੜੋ ਅਤੇ ਰਾਜ ਕਰੋ' ਰਣਨੀਤੀ ਸੀ ਜੋ ਪੁਰਤਗਾਲੀ ਦਬਦਬਾ ਸਥਾਪਤ ਕਰਨ ਲਈ ਸਥਾਨਕ ਸਿਆਸੀ ਦੁਸ਼ਮਣੀਆਂ ਦਾ ਫ਼ਾਇਦਾ ਉਠਾਉਣ ਲਈ ਤਿਆਰ ਕੀਤੀ ਗਈ ਸੀ।"

1998 ਵਿੱਚ, ਕੇਰਲਾ ਵਿੱਚ ਉਸ ਸਮੇਂ ਦੀ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ ਦੀ ਅਗਵਾਈ ਵਾਲੀ ਖੱਬੇ-ਪੱਖੀ ਜਮਹੂਰੀ ਗੱਠਜੋੜ ਸਰਕਾਰ ਨੇ ਐਲਾਨ ਕੀਤਾ ਕਿ ਉਹ ਮਾਲਾਬਾਰ ਵਿੱਚ ਵਾਸਕੋ ਡੀ ਗਾਮਾ ਦੇ ਆਉਣ ਦੀ 500ਵੀਂ ਵਰ੍ਹੇਗੰਢ ਨੂੰ 'ਕੌਮਾਂਤਰੀ ਸੈਰ-ਸਪਾਟਾ ਦਿਵਸ' ਵਜੋਂ ਮਨਾਏਗੀ। ਹਾਲਾਂਕਿ, ਇਸ ਫੈਸਲੇ ਦਾ ਕੇਰਲਾ ਵਿੱਚ ਸਖ਼ਤ ਵਿਰੋਧ ਹੋਇਆ ।

ਇਸਦੀ ਆਲੋਚਨਾ ਕਰਨ ਵਾਲਿਆਂ ਨੇ ਕਿਹਾ, "ਵਾਸਕੋ ਦੀ ਯਾਤਰਾ ਅਤੇ ਕਾਰਵਾਈਆਂ ਨੇ ਭਾਰਤ ਵਿੱਚ ਯੂਰਪੀ ਬਸਤੀਵਾਦੀ ਸ਼ਾਸਨ ਦੀ ਸ਼ੁਰੂਆਤ ਕੀਤੀ। ਇਸ ਲਈ, ਅਜਿਹੇ ਸਮਾਗਮ ਨੂੰ ਮਨਾਉਣਾ ਸਹੀ ਨਹੀਂ ਹੈ।"

ਇਹ ਕਿਹਾ ਜਾ ਸਕਦਾ ਹੈ ਕਿ ਵਾਸਕੋ ਡੀ ਗਾਮਾ ਯੂਰਪ ਦੀ ਬਸਤੀਵਾਦੀ ਮਾਨਸਿਕਤਾ ਲਈ ਇੱਕ ਪ੍ਰਭਾਵਸ਼ਾਲੀ ਜ਼ਰੀਆ ਸੀ।

ਵਾਸਕੋ ਡੀ ਗਾਮਾ, ਜਿਸਨੂੰ ਪੁਰਤਗਾਲੀ ਸਾਮਰਾਜ ਵੱਲੋਂ ਏਸ਼ੀਆ, ਭਾਰਤ ਵਿੱਚ ਪੈਰ ਰੱਖਣ ਵਾਲੇ ਪਹਿਲੇ ਯੂਰਪੀ ਵਜੋਂ ਜਾਣਿਆ ਜਾਂਦਾ ਹੈ, 1524 ਵਿੱਚ ਤੀਜੀ ਵਾਰ ਕੇਰਲਾ ਆਇਆ ਸੀ। ਜਿਸਨੂੰ 'ਪੁਰਤਗਾਲੀ ਸਰਕਾਰ ਵੱਲੋਂ ਨਿਯੁਕਤ ਭਾਰਤ ਦੇ ਵਾਇਸਰਾਏ' ਦਾ ਖਿਤਾਬ ਦਿੱਤਾ ਗਿਆ ਸੀ।

ਵਾਸਕੋ ਡੀ ਗਾਮਾ, ਜਦੋਂ ਕੋਚੀਨ ਪਹੁੰਚਿਆ ਤਾਂ ਬਾਅਦ ਵਿੱਚ ਬਿਮਾਰ ਹੋ ਗਿਆ ਅਤੇ 24 ਦਸੰਬਰ 1524 ਨੂੰ ਉਸਦੀ ਮੌਤ ਹੋ ਗਈ।

ਇਸ ਤੋਂ ਬਾਅਦ, 1539 ਵਿੱਚ, ਉਸਦੇ ਅਵਸ਼ੇਸ਼ ਪੁਰਤਗਾਲ ਲਿਜਾਏ ਗਏ ਅਤੇ ਉਸਨੂੰ ਉੱਥੇ ਦੁਬਾਰਾ ਦਫ਼ਨਾਇਆ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)