ਮਨੁੱਖ ਧਰਤੀ ਦੇ ਹੇਠਾਂ ਕਿੰਨੀ ਡੂੰਘਾਈ ਤੱਕ ਪਹੁੰਚ ਸਕਿਆ ਹੈ, ਕਿਹੜੇ ਰਾਜ਼ ਅਜੇ ਵੀ ਦੱਬੇ ਹੋਏ ਹਨ

ਤਸਵੀਰ ਸਰੋਤ, DeAgostini/Getty Images
ਸਾਡੇ ਗ੍ਰਹਿ ਦੇ ਗਰਭ ਵਿੱਚ ਕੀ ਹੋ ਸਕਦਾ ਹੈ, ਇਸ ਬਾਰੇ ਕਈ ਫ਼ਿਲਮਾਂ, ਕਿਤਾਬਾਂ ਅਤੇ ਟੀਵੀ ਸ਼ੋਅ ਬਣ ਚੁੱਕੇ ਹਨ।
ਪੂਰਵ-ਇਤਿਹਾਸਕ ਜੀਵਾਂ ਨਾਲ ਭਰੀਆਂ ਜ਼ਮੀਨ ਦੇ ਅੰਦਰ ਦੀਆਂ ਦੁਨੀਆਵਾਂ ਤੋਂ ਲੈ ਕੇ ਮਨੁੱਖੀ ਸੱਭਿਅਤਾਵਾਂ ਤੱਕ, ਇਹ ਕਹਾਣੀਆਂ ਜਿੰਨੀਆਂ ਦਿਲਚਸਪ ਹਨ, ਉਨੀਆਂ ਹੀ ਡਰਾਉਣੀਆਂ ਵੀ ਹਨ।
ਭਾਵੇਂ ਅਸੀਂ ਪੂਰੀ ਡੁੰਘਾਈ ਤੱਕ ਨਹੀਂ ਗਏ ਸਾਡੇ ਪੈਰਾਂ ਹੇਠ ਕੀ ਹੈ, ਇਸ ਬਾਰੇ ਅਸੀਂ ਬਹੁਤ ਕੁਝ ਜਾਣਦੇ ਹਾਂ। ਲੇਕਿਨ ਇਹ ਜਾਣਕਾਰੀ ਇਨ੍ਹਾਂ ਕਹਾਣੀਆਂ ਤੋਂ ਬਹੁਤ ਵੱਖਰੀ ਹੈ।
ਆਖਰ ਫਿਰ ਅਸੀਂ ਕਿੰਨੀ ਡੁੰਘਾਈ ਤੱਕ ਜਾਣ ਵਿੱਚ ਕਾਮਯਾਬ ਹੋਏ ਹਾਂ? ਅਤੇ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਧਰਤੀ ਦੇ ਅੰਦਰ ਕੀ ਹੈ?
ਧਰਤੀ ਦੀਆਂ ਪਰਤਾਂ
ਧਰਤੀ ਦੇ ਅੰਦਰ ਮੁੱਖ ਤੌਰ 'ਤੇ ਚਾਰ ਪਰਤਾਂ ਹਨ।
ਯੂਨੀਵਰਸਿਟੀ ਕਾਲਜ ਲੰਡਨ ਦੀ ਭੂਚਾਲ ਵਿਗਿਆਨੀ ਪ੍ਰੋਫੈਸਰ ਐਨਾ ਫਰੇਰਾ ਅਨੁਸਾਰ, ਇਹਨਾਂ ਵਿੱਚੋਂ ਹਰ ਇੱਕ ਪਰਤ ਵਿਲੱਖਣ ਹੈ।
ਉਨ੍ਹਾਂ ਨੇ ਬੀਬੀਸੀ ਰੇਡੀਓ 4 ਦੇ ਪ੍ਰੋਗਰਾਮ 'ਦਿ ਇਨਫਿਨਾਈਟ ਮੰਕੀ ਕੇਜ' ਵਿੱਚ ਦੱਸਿਆ, "ਸਭ ਤੋਂ ਉੱਪਰ ਪੇਪੜੀ (ਕਰਸਟ) ਹੈ, ਜੋ ਕਿ ਇੱਕ ਪਤਲੀ ਅਤੇ ਬਹੁਤ ਹੀ ਭੁਰਭੁਰੀ ਪਰਤ ਹੈ ਜਿੱਥੇ ਅਸੀਂ ਸਾਰੇ ਰਹਿੰਦੇ ਹਾਂ।"
ਧਰਤੀ ਦੀ ਪੇਪੜੀ ਸਮੁੰਦਰ ਦੇ ਹੇਠਾਂ ਪਤਲੀ ਹੁੰਦੀ ਹੈ, ਪਰ ਮਹਾਂਦੀਪਾਂ ਦੇ ਹੇਠਾਂ ਇਹ 70 ਕਿਲੋਮੀਟਰ ਤੱਕ ਮੋਟੀ ਹੋ ਸਕਦੀ ਹੈ।
ਉਸ ਦੇ ਹੇਠਾਂ ਮੈਂਟਲ ਹੈ - ਜੋ ਲਗਭਗ 3,000 ਕਿਲੋਮੀਟਰ ਮੋਟਾ ਹੈ ਅਤੇ ਮੈਗਮਾ ਨਾਮਕ ਚੱਟਾਨ ਤੋਂ ਬਣਿਆ ਹੈ, ਜੋ ਮਨੁੱਖੀ ਸਮੇਂ ਦੇ ਪੈਮਾਨੇ 'ਤੇ ਠੋਸ ਦਿਖਾਈ ਦਿੰਦਾ ਹੈ।
ਫਰੇਰਾ ਨੇ ਕਿਹਾ, "ਪਰ ਲੱਖਾਂ ਸਾਲਾਂ ਤੋਂ ਇਹ ਅਸਲ ਵਿੱਚ ਵਹਿ ਰਿਹਾ ਹੈ।"
ਫਿਰ ਬਾਹਰੀ ਕੋਰ ਆਉਂਦਾ ਹੈ, ਜੋ ਜ਼ਿਆਦਾਤਰ ਤਰਲ ਲੋਹੇ ਅਤੇ ਨਿਕਲ ਦਾ ਬਣਿਆ ਹੈ, ਜੋ ਧਰਤੀ ਦਾ ਚੁੰਬਕੀ ਖੇਤਰ ਪੈਦਾ ਕਰਦਾ ਹੈ।
ਅੰਦਰੂਨੀ ਕੋਰ ਠੋਸ ਲੋਹੇ ਅਤੇ ਨਿਕਲ ਦਾ ਬਣਿਆ ਹੁੰਦਾ ਹੈ, ਅਤੇ ਇਹ ਧਰਤੀ ਦਾ ਸਭ ਤੋਂ ਗਰਮ ਹਿੱਸਾ ਹੈ, ਜਿੱਥੇ ਤਾਪਮਾਨ 5,500 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।

'ਕੋਲਾ ਸੁਪਰਡੀਪ ਬੋਰਹੋਲ'
ਮਨੁੱਖ ਧਰਤੀ ਦੀ ਪੇਪੜੀ ਵਿੱਚ ਜਿੰਨੀ ਵੱਧ ਤੋਂ ਵੱਧ ਡੂੰਘਾਈ ਤੱਕ ਗਿਆ ਹੈ, ਉਹ ਦੱਖਣੀ ਅਫ਼ਰੀਕਾ ਦੀ ਮਪੋਨੈਂਗ ਸੋਨੇ ਦੀ ਖਾਨ ਹੈ, ਜੋ ਜੋਹਾਨਸਬਰਗ ਦੇ ਦੱਖਣ-ਪੱਛਮ ਵਿੱਚ ਲਗਭਗ 75 ਕਿਲੋਮੀਟਰ ਦੂਰ ਹੈ। ਇਹ ਸਤ੍ਹਾ ਤੋਂ 4 ਕਿਲੋਮੀਟਰ ਹੇਠਾਂ ਤੱਕ ਗਈ ਹੋਈ ਹੈ।

ਤਸਵੀਰ ਸਰੋਤ, Eva-Lotta Jansson/Bloomberg via Getty Images
ਭਾਵੇਂ ਕੋਈ ਮਨੁੱਖ ਸਰੀਰਕ ਤੌਰ 'ਤੇ ਇਸ ਤੋਂ ਵੱਧ ਡੂੰਘਾ ਨਹੀਂ ਗਿਆ ਪਰ ਅਸੀਂ ਹੋਰ ਵੀ ਅੱਗੇ ਜਾਣ ਲਈ ਡਰਿੱਲਾਂ ਦੀ ਵਰਤੋਂ ਕੀਤੀ ਹੈ।
ਮਨੁੱਖ ਦੁਆਰਾ ਬਣਾਇਆ ਗਿਆ ਸਭ ਤੋਂ ਡੂੰਘਾ ਸੁਰਾਖ 'ਕੋਲਾ ਸੁਪਰਡੀਪ ਬੋਰਹੋਲ' ਹੈ, ਜੋ ਉੱਤਰੀ ਰੂਸ ਵਿੱਚ ਸੋਵੀਅਤ ਸੰਘ ਦੁਆਰਾ ਪੁੱਟਿਆ ਗਿਆ ਸੀ, ਅਤੇ ਲਗਭਗ 20 ਸਾਲਾਂ ਦੀ ਖੁਦਾਈ ਤੋਂ ਬਾਅਦ 1992 ਵਿੱਚ ਪੂਰਾ ਹੋਇਆ ਸੀ। ਇਹ ਜ਼ਮੀਨ ਵਿੱਚ 12.2 ਕਿਲੋਮੀਟਰ ਤੱਕ ਅੰਦਰ ਹੈ।
ਇਹ ਨਿਊਯਾਰਕ ਦੀਆਂ 27 ਅੰਪਾਇਰ ਸਟੇਟ ਬਿਲਡਿੰਗਾਂ ਨੂੰ ਇੱਕ ਦੇ ਉੱਪਰ ਇੱਕ ਰੱਖਣ ਦੇ ਬਰਾਬਰ ਹੈ। ਫਿਰ ਵੀ, ਉਸ ਥਾਂ 'ਤੇ ਇਹ ਧਰਤੀ ਦੀ ਪੇਪੜੀ ਦੇ ਕੁੱਲ ਰਸਤੇ ਦਾ ਸਿਰਫ ਇੱਕ ਤਿਹਾਈ ਹਿੱਸਾ ਹੀ ਹੈ।
ਧਰਤੀ ਦੀ ਪੇਪੜੀ ਵਿੱਚ ਡੂੰਘੀ ਖੁਦਾਈ ਕਰਨਾ ਕਈ ਕਾਰਨਾਂ ਕਰਕੇ ਬਹੁਤ ਮੁਸ਼ਕਲ ਹੈ।
ਤੁਸੀਂ ਧਰਤੀ ਦੇ ਜਿੰਨਾ ਡੂੰਘੇ ਜਾਓਗੇ, ਇਹ ਉੰਨਾ ਹੀ ਗਰਮ ਹੁੰਦਾ ਜਾਵੇਗਾ।
ਬਰਤਾਨਵੀ ਭੂ-ਵਿਗਿਆਨੀ ਪ੍ਰੋਫੈਸਰ ਕ੍ਰਿਸ ਜੈਕਸਨ ਅਨੁਸਾਰ, ਜਿਸ ਦਰ ਨਾਲ ਤਾਪਮਾਨ ਵਧਦਾ ਹੈ ਉਸਨੂੰ 'ਜੀਓਥਰਮਲ ਗਰੇਡੀਐਂਟ' ਕਿਹਾ ਜਾਂਦਾ ਹੈ, ਅਤੇ ਮਹਾਂਦੀਪੀ ਪੇਪੜੀ ਲਈ ਇਹ ਔਸਤਨ 25-32 ਡਿਗਰੀ ਸੈਲਸੀਅਸ ਪ੍ਰਤੀ ਕਿਲੋਮੀਟਰ ਹੈ।

ਤਸਵੀਰ ਸਰੋਤ, Lenorlux via Getty Images
ਧਰਤੀ ਦੇ ਅੰਦਰ ਮੌਜੂਦ ਬਹੁਤ ਜ਼ਿਆਦਾ ਦਬਾਅ ਇਸ ਕੰਮ ਵਿੱਚ ਇੱਕ ਹੋਰ ਚੁਣੌਤੀ ਪੈਦਾ ਕਰਦਾ ਹੈ।
ਜੈਕਸਨ ਨੇ ਕਿਹਾ ਕਿ ਕਿਸੇ ਬੋਰਹੋਲ ਨੂੰ ਖੁੱਲ੍ਹਾ ਰੱਖਣ ਲਈ ਇਸ ਦਬਾਅ ਦਾ ਟਾਕਰਾ ਕਰਨਾ "ਇੱਕ ਬਹੁਤ ਹੀ ਮੁਸ਼ਕਲ ਕੰਮ" ਹੈ।
ਧਰਤੀ ਦੀ ਸਕੈਨਿੰਗ
ਇਸ ਲਈ ਜੇਕਰ ਅਸੀਂ ਸਤ੍ਹਾ ਤੋਂ ਬਹੁਤ ਜ਼ਿਆਦਾ ਅੱਗੇ ਨਹੀਂ ਜਾ ਸਕਦੇ, ਤਾਂ ਅਸੀਂ ਧਰਤੀ ਦੇ ਬਾਕੀ ਅੰਦਰੂਨੀ ਹਿੱਸੇ ਦਾ ਅਧਿਐਨ ਕਿਵੇਂ ਕਰਦੇ ਹਾਂ?
ਜਵਾਬ ਦਿਲਚਸਪ ਹੈ - ਭੂਚਾਲ ਦੀਆਂ ਲਹਿਰਾਂ (ਸੀਸਮਿਕ ਵੇਵਜ਼) ਦੇ ਨਾਲ।
ਇਹ ਭੂਚਾਲਾਂ ਦੁਆਰਾ ਪੈਦਾ ਹੋਈਆਂ ਕੰਪਨਾਂ ਹਨ ਜੋ ਧਰਤੀ ਦੇ ਵਿੱਚੋਂ ਦੀ ਲੰਘਦੀਆਂ ਹਨ।
ਜਦੋਂ ਇਹ ਵੱਖ-ਵੱਖ ਪਦਾਰਥਾਂ ਵਿੱਚੋਂ ਲੰਘਦੀਆਂ ਹਨ, ਤਾਂ ਇਹ ਵੱਖ-ਵੱਖ ਵਿਸ਼ੇਸ਼ਤਾਵਾਂ ਧਾਰਨ ਕਰ ਲੈਂਦੀਆਂ ਹਨ, ਜਿਨ੍ਹਾਂ ਨੂੰ ਸੀਸਮੋਮੀਟਰਾਂ ਦੁਆਰਾ ਮਾਪਿਆ ਜਾ ਸਕਦਾ ਹੈ।
ਫਰੇਰਾ ਨੇ ਕਿਹਾ, "ਅਸੀਂ ਬਹੁਤ ਸਾਰੇ ਉੱਨਤ ਡੇਟਾ ਵਿਸ਼ਲੇਸ਼ਣ ਕਰਦੇ ਹਾਂ, ਅਸੀਂ ਮਾਡਲਿੰਗ ਵੀ ਕਰਦੇ ਹਾਂ, ਤਾਂ ਜੋ ਉਨ੍ਹਾਂ ਰਿਕਾਰਡਿੰਗਾਂ ਨੂੰ ਧਰਤੀ ਦੇ ਅੰਦਰੂਨੀ ਹਿੱਸੇ ਦੀਆਂ ਤਸਵੀਰਾਂ ਵਿੱਚ ਬਦਲਿਆ ਜਾ ਸਕੇ।"
ਜੈਕਸਨ ਨੇ ਇਨ੍ਹਾਂ ਤਸਵੀਰਾਂ ਨੂੰ "ਧਰਤੀ ਦੇ ਸੀਟੀ ਸਕੈਨ" ਵਾਂਗ ਦੱਸਿਆ।

ਤਸਵੀਰ ਸਰੋਤ, Getty Images
ਦੋਵੇਂ ਮਾਹਰ ਇਸ ਗੱਲ 'ਤੇ ਸਹਿਮਤ ਸਨ ਕਿ ਧਰਤੀ ਦੀਆਂ ਪਰਤਾਂ ਦਾ ਅਧਿਐਨ ਕਰਨਾ ਸਾਨੂੰ ਸਾਡੀ ਦੁਨੀਆ ਬਾਰੇ ਬਹੁਤ ਸਾਰੀਆਂ ਚੀਜ਼ਾਂ ਸਮਝਣ ਵਿੱਚ ਮਦਦ ਕਰ ਸਕਦਾ ਹੈ - ਜਿਵੇਂ ਕਿ ਭੂਚਾਲਾਂ ਅਤੇ ਜਵਾਲਾਮੁਖੀ ਦੇ ਪਿੱਛੇ ਦੀ ਪ੍ਰਕਿਰਿਆ ਅਤੇ ਪਹਾੜ ਕਿਵੇਂ ਬਣਦੇ ਹਨ।
ਫਰੇਰਾ ਨੇ ਕਿਹਾ, "ਅੰਤ ਵਿੱਚ ਤੁਹਾਨੂੰ ਇਹ ਸਮਝਣ ਦੀ ਬਹੁਤ ਲੋੜ ਹੈ ਕਿ ਮੈਂਟਲ ਕਿਵੇਂ ਕੰਮ ਕਰਦਾ ਹੈ।"
ਇਸ ਬਾਰੇ ਸਿੱਖਣ ਦੇ ਹੋਰ ਵੀ ਫਾਇਦੇ ਹੋ ਸਕਦੇ ਹਨ, ਜਿਵੇਂ ਕਿ ਸਾਨੂੰ ਭੂ-ਤਾਪ ਊਰਜਾ (ਜੀਓਥਰਮਲ ਐਨਰਜੀ) ਦੀ ਸੰਭਾਵਨਾ ਨੂੰ ਸਮਝਣ ਵਿੱਚ ਮਦਦ ਕਰ ਸਕਦਾ ਹੈ। ਜੋ ਧਰਤੀ ਦੇ ਅੰਦਰਲੀ ਗਰਮੀ ਦੀ ਵਰਤੋਂ ਹੈ ਅਤੇ ਨਵਿਆਉਣਯੋਗ ਊਰਜਾ ਦਾ ਇੱਕ ਰੂਪ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਖੋਜ ਦਾ ਇਹ ਖੇਤਰ ਕਈ ਵਾਰ ਜ਼ਿਆਦਾ ਖੋਜ-ਭਰਪੂਰ ਹੁੰਦਾ ਹੈ। ਇਹ ਸਾਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਸਮੇਂ ਦੇ ਨਾਲ ਧਰਤੀ ਕਿਵੇਂ ਵਿਕਸਿਤ ਹੋਈ, ਅਤੇ ਸ਼ਾਇਦ ਇਸ ਸਮਝ ਨੂੰ ਹੋਰ ਦੂਰ-ਦੁਰਾਡੇ ਦੇ ਗ੍ਰਹਿਆਂ 'ਤੇ ਵੀ ਲਾਗੂ ਕੀਤਾ ਜਾ ਸਕੇ।
ਉਨ੍ਹਾਂ ਨੇ ਪੁੱਛਇਆ,"ਕੀ ਅਸੀਂ ਫਿਰ ਇਸ ਸਮਝ ਦੀ ਵਰਤੋਂ ਦੂਜੇ ਗ੍ਰਹਿਆਂ ਨੂੰ ਸਮਝਣ ਲਈ ਕਰ ਸਕਦੇ ਹਾਂ?"
ਇਹ ਲੇਖ ਬੀਬੀਸੀ ਰੇਡੀਓ 4 'ਤੇ 'ਦਿ ਇਨਫਿਨਾਈਟ ਮੰਕੀ ਕੇਜ' ਦੇ ਇੱਕ ਐਪੀਸੋਡ 'ਤੇ ਅਧਾਰਤ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












