ਇਰਾਨ ਵਿੱਚ ਪ੍ਰਦਰਸ਼ਨ ਕਿਉਂ ਹੋ ਰਹੇ ਹਨ, ਇਸ ਮੁਜ਼ਾਹਰੇ ਦੇ ਚਿਹਰੇ ਕਿਹੜੇ ਹਨ - 5 ਨੁਕਤਿਆਂ ’ਚ ਸਮਝੋ

ਤਹਿਰਾਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪਿਛਲੇ ਸਾਲ 28 ਦਸੰਬਰ ਨੂੰ ਇਹ ਮੁਜ਼ਾਹਰੇ ਦੇਸ ਵਿੱਚ ਵਧਦੀ ਮਹਿੰਗਾਈ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦੀ ਇਰਾਨੀ ਮੁਦਰਾ ਕਾਰਨ ਜਨਤਕ ਗੁੱਸੇ ਦੀ ਉਪਜ ਸਨ

ਰਾਜਧਾਨੀ ਤੇਹਰਾਨ ਸਮੇਤ ਪੂਰੇ ਇਰਾਨ ਵਿੱਚ ਵੱਡੇ ਪੱਧਰ 'ਤੇ ਸਰਕਾਰ ਵਿਰੋਧੀ ਮੁਜ਼ਾਹਰੇ ਹੋ ਰਹੇ ਹਨ।

ਇਹ ਲਗਾਤਾਰ ਦੂਜਾ ਹਫ਼ਤਾ ਚੱਲ ਰਿਹਾ ਹੈ ਜਦੋਂ ਮੁਜ਼ਾਹਰੇ ਦੇਸ ਦੇ ਆਰਥਿਕ ਸੰਕਟ ਕਾਰਨ ਪੈਦਾ ਹੋਈ ਅਸ਼ਾਂਤੀ ਦੀ ਲਹਿਰ ਵਿੱਚ ਸੜਕਾਂ 'ਤੇ ਉਤਰੇ ਹਨ।

ਇੰਟਰਨੈਟ ਨਿਗਰਾਨ ਸਮੂਹ ਨੈੱਟਬਲੌਕਸ ਨੇ ਦੇਸ ਵਿਆਪੀ "ਇੰਟਰਨੈੱਟ ਬਲੈਕਆਊਟ" (ਇੰਟਰਨੈੱਟ ਬੰਦ ਹੋਣ) ਦੀ ਰਿਪੋਰਟ ਦਿੱਤੀ ਹੈ।

ਈਰਾਨ ਦੇ ਮਰਹੂਮ ਸ਼ਾਹ ਦੇ ਜਲਾਵਤਨ ਪੁੱਤਰ ਰਜ਼ਾ ਪਹਿਲਵੀ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ, "ਅੱਜ ਰਾਤ ਲੱਖਾਂ ਇਰਾਨੀਆਂ ਨੇ ਆਪਣੀ ਆਜ਼ਾਦੀ ਦੀ ਮੰਗ ਕੀਤੀ ਹੈ।"

ਹਾਲਾਂਕਿ ਇਰਾਨ ਦਾ ਸਰਕਾਰੀ ਮੀਡੀਆ ਇਨ੍ਹਾਂ ਮੁਜ਼ਾਹਰਿਆਂ ਨੂੰ ਘਟਾ ਕੇ ਪੇਸ਼ ਕਰ ਰਿਹਾ ਹੈ। ਲੇਕਿਨ ਬੀਬੀਸੀ ਫਾਰਸੀ ਸੇਵਾ ਵੱਲੋਂ ਜਿਨ੍ਹਾਂ ਵੀਡੀਓਜ਼ ਦੀ ਪੁਸ਼ਟੀ ਕੀਤੀ ਗਈ ਹੈ, ਉਨ੍ਹਾਂ ਵਿੱਚ ਕੁਝ ਸ਼ਹਿਰਾਂ ਵਿੱਚ ਭਾਰੀ ਭੀੜ ਦੇਖੀ ਜਾ ਸਕਦੀ ਹੈ।

1. ਇਹ ਮੁਜ਼ਾਹਰੇ ਕਿੱਥੇ ਕਿੱਥੇ ਹੋ ਰਹੇ ਹਨ?

ਬੀਬੀਸੀ ਫਾਰਸੀ ਸੇਵਾ ਨੂੰ ਮਿਲੀ ਰਾਜਧਾਨੀ ਤੇਹਰਾਨ ਵਿੱਚ ਮੁਜ਼ਾਹਿਆਂ ਦੀ ਇੱਕ ਵੀਡੀਓ ਦਾ ਸਕ੍ਰੀਨਸ਼ਾਟ

ਤਸਵੀਰ ਸਰੋਤ, X

ਤਸਵੀਰ ਕੈਪਸ਼ਨ, ਬੀਬੀਸੀ ਫਾਰਸੀ ਸੇਵਾ ਨੂੰ ਮਿਲੀ ਰਾਜਧਾਨੀ ਤੇਹਰਾਨ ਵਿੱਚ ਮੁਜ਼ਾਹਿਆਂ ਦੀ ਇੱਕ ਵੀਡੀਓ ਦਾ ਸਕ੍ਰੀਨਸ਼ਾਟ

ਇਰਾਨ ਦੀ ਸਥਿਤੀ ਨੂੰ ਦਰਸਾਉਂਦੀਆਂ ਆਨਲਾਈਨ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੁਜ਼ਾਹਰਾਕਾਰੀਆਂ ਦੇ ਵੱਡੇ ਇਕੱਠ ਇਰਾਨ ਦੀ ਰਾਜਧਾਨੀ ਅਤੇ ਹੋਰ ਸ਼ਹਿਰਾਂ ਵਿੱਚ ਮਾਰਚ ਕਰ ਰਹੇ ਹਨ।

ਵੀਰਵਾਰ ਸ਼ਾਮ ਨੂੰ ਰਾਜਧਾਨੀ ਤੇਹਰਾਨ ਅਤੇ ਦੂਜੇ ਸ਼ਹਿਰ ਮਸ਼ਹਦ ਵਿੱਚ ਹੋਏ ਸ਼ਾਂਤਮਈ ਮੁਜ਼ਾਹਰਿਆਂ ਦੀ ਵੀਡੀਓ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਫੁਟੇਜ ਦੀ ਪੁਸ਼ਟੀ ਨੂੰ ਬੀਬੀਸੀ ਫਾਰਸੀ ਸੇਵਾ ਦੁਆਰਾ ਕੀਤੀ ਗਈ ਹੈ। ਮੁਜ਼ਾਹਰਾਕਾਰੀਆਂ ਨੂੰ ਸੁਰੱਖਿਆ ਬਲਾਂ ਦੁਆਰਾ ਖਿੰਡਾਇਆ ਨਹੀਂ ਗਿਆ ਸੀ।

ਬਾਅਦ ਵਿੱਚ, ਇੱਕ ਮੌਨੀਟਰਿੰਗ ਗਰੁੱਪ ਨੇ ਦੇਸ਼ ਭਰ ਵਿੱਚ ਇੰਟਰਨੈਟ ਬੰਦ ਹੋਣ ਦੀ ਸੂਚਨਾ ਦਿੱਤੀ।

ਫੁਟੇਜ ਵਿੱਚ ਮੁਜ਼ਾਹਰਾਕਾਰੀਆਂ ਨੂੰ ਈਰਾਨ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਾਮੇਨੇਈ ਦਾ ਤਖ਼ਤਾ ਪਲਟਣ ਅਤੇ ਮਰਹੂਮ ਸਾਬਕਾ ਸ਼ਾਹ ਦੇ ਜਲਾਵਤਨ ਪੁੱਤਰ ਰਜ਼ਾ ਪਹਿਲਵੀ ਦੀ ਵਾਪਸੀ ਦੀ ਮੰਗ ਕਰਦੇ ਸੁਣਿਆ ਜਾ ਸਕਦਾ ਹੈ। ਰਜ਼ਾ ਪਹਿਲਵੀ ਨੇ ਹੀ ਆਪਣੇ ਸਮਰਥਕਾਂ ਨੂੰ ਸੜਕਾਂ 'ਤੇ ਉਤਰਨ ਦੀ ਅਪੀਲ ਕੀਤੀ ਸੀ।

ਮਨੁੱਖੀ ਅਧਿਕਾਰ ਸਮੂਹਾਂ ਅਨੁਸਾਰ, ਇਹ ਅਸ਼ਾਂਤੀ ਦਾ ਲਗਾਤਾਰ 12ਵਾਂ ਦਿਨ ਸੀ ਜੋ ਇਰਾਨੀ ਮੁਦਰਾ ਦੇ ਕਮਜ਼ੋਰ ਹੋਣ ਕਾਰਨ ਪੈਦਾ ਹੋਏ ਗੁੱਸੇ ਤੋਂ ਸ਼ੁਰੂ ਹੋਇਆ ਸੀ ਅਤੇ ਇਰਾਨ ਦੇ ਸਾਰੇ 31 ਸੂਬਿਆਂ ਦੇ 100 ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲ ਚੁੱਕਿਆ ਹੈ।

2. ਕਿੰਨਾ ਨੁਕਸਾਨ ਹੋ ਚੁੱਕਿਆ ਹੈ

ਇਰਾਨ

ਤਸਵੀਰ ਸਰੋਤ, X

ਅਮਰੀਕਾ ਸਥਿਤ ਹਿਊਮਨ ਰਾਈਟਸ ਐਕਟੀਵਿਸਟ ਨਿਊਜ਼ ਏਜੰਸੀ (ਐੱਚਆਰਏਐੱਨਏ) ਨੇ ਕਿਹਾ ਹੈ ਕਿ ਘੱਟੋ-ਘੱਟ 34 ਮੁਜ਼ਾਹਰਾਕਾਰੀ - ਜਿਨ੍ਹਾਂ ਵਿੱਚ ਪੰਜ ਬੱਚੇ ਸ਼ਾਮਲ ਹਨ - ਅਤੇ ਅੱਠ ਸੁਰੱਖਿਆ ਮੁਲਾਜ਼ਮ ਮਾਰੇ ਗਏ ਹਨ, ਅਤੇ 2,270 ਹੋਰ ਮੁਜ਼ਾਹਰਾਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਨਾਰਵੇ ਸਥਿਤ ਮੌਨੀਟਰਿੰਗ ਸੰਸਥਾ 'ਈਰਾਨ ਹਿਊਮਨ ਰਾਈਟਸ' (ਆਈਐੱਚਆਰ) ਨੇ ਕਿਹਾ ਹੈ ਕਿ ਸੁਰੱਖਿਆ ਬਲਾਂ ਹੱਥੋਂ ਅੱਠ ਬੱਚਿਆਂ ਸਮੇਤ ਘੱਟੋ-ਘੱਟ 45 ਮੁਜ਼ਾਹਰਾਕਾਰੀ ਮਾਰੇ ਗਏ ਹਨ।

ਬੀਬੀਸੀ ਫਾਰਸੀ ਨੇ 22 ਜਣਿਆਂ ਦੀ ਮੌਤ ਅਤੇ ਪਛਾਣ ਦੀ ਪੁਸ਼ਟੀ ਕੀਤੀ ਹੈ, ਜਦੋਂ ਕਿ ਇਰਾਨੀ ਅਧਿਕਾਰੀਆਂ ਨੇ ਛੇ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਦੀ ਰਿਪੋਰਟ ਦਿੱਤੀ ਹੈ।

ਵੀਰਵਾਰ ਸ਼ਾਮ ਨੂੰ, ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਵੀਡੀਓਜ਼ ਜਿਨ੍ਹਾਂ ਦੀ ਬੀਬੀਸੀ ਫਾਰਸੀ ਸੇਵਾ ਨੇ ਪੁਸ਼ਟੀ ਕੀਤੀ ਹੈ, ਵਿੱਚ ਦੇਸ ਦੇ ਉੱਤਰ-ਪੂਰਬੀ ਸ਼ਹਿਰ ਮਸ਼ਹਦ ਦੀ ਇੱਕ ਮੁੱਖ ਸੜਕ 'ਤੇ ਮੁਜ਼ਾਹਰਾਕਾਰੀਆਂ ਦੇ ਵੱਡੇ ਹਜੂਮ ਨੂੰ ਜਾਂਦੇ ਹੋਏ ਦਿਖਾਇਆ ਗਿਆ।

"ਸ਼ਾਹ ਜ਼ਿੰਦਾਬਾਦ" ਅਤੇ "ਇਹ ਆਖਰੀ ਲੜਾਈ ਹੈ! ਪਹਿਲਵੀ ਵਾਪਸ ਆਵੇਗਾ" ਦੇ ਨਾਅਰੇ ਸੁਣੇ ਜਾ ਸਕਦੇ ਹਨ। ਅਤੇ ਇੱਕ ਮੌਕੇ 'ਤੇ, ਕਈ ਆਦਮੀ ਇੱਕ ਓਵਰਪਾਸ 'ਤੇ ਚੜ੍ਹਦੇ ਅਤੇ ਉਸ ਨਾਲ ਲੱਗੇ ਨਿਗਰਾਨੀ ਕੈਮਰਿਆਂ ਨੂੰ ਹਟਾਉਂਦੇ ਹੋਏ ਦਿਖਾਈ ਦਿੰਦੇ ਹਨ।

ਸੋਸ਼ਲ ਮੀਡੀਆ ਵੀਡੀਓਜ਼ ਵਿੱਚ ਸਰਕਾਰੀ ਇਮਾਰਤਾਂ ਅਤੇ ਰਾਜਧਾਨੀ ਤੇਹਰਾਨ ਵਿੱਚ ਸਰਕਾਰੀ ਟੀਵੀ ਚੈਨਲ ਦੀ ਇਮਾਰਤ ਨੂੰ ਵੀ ਅੱਗ ਵਿੱਚ ਸੜਦੇ ਦੇਖਿਆ ਜਾ ਸਕਦਾ ਹੈ।

ਕੇਂਦਰੀ ਸ਼ਹਿਰ ਇਸਫਾਹਾਨ ਦੀ ਇੱਕ ਵੀਡੀਓ ਵਿੱਚ ਮੁਜ਼ਾਹਰਾਕਾਰੀਆਂ ਵੱਲੋਂ "ਤਾਨਾਸ਼ਾਹ ਮੁਰਦਾਬਾਦ" ਦੇ ਨਾਅਰੇ ਸੁਣਾਈ ਦਿੱਤੇ, ਜਿਨ੍ਹਾਂ ਨੂੰ ਸਰਵਉੱਚ ਨੇਤਾ ਖਾਮੇਨੇਈ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉੱਤਰੀ ਸ਼ਹਿਰ ਬਾਬੋਲ ਵਿੱਚ "ਸ਼ਾਹ ਜ਼ਿੰਦਾਬਾਦ" ਅਤੇ ਉੱਤਰ-ਪੱਛਮੀ ਸ਼ਹਿਰ ਤਬਰੀਜ਼ ਵਿੱਚ "ਡਰੋ ਨਾ, ਅਸੀਂ ਸਭ ਨਾਲ ਹਾਂ" ਦੇ ਨਾਅਰੇ ਲੱਗਦੇ ਦੇਖ ਗਏ ਹਨ।

ਪੱਛਮੀ ਸ਼ਹਿਰ ਦੇਜ਼ਫੁਲ ਤੋਂ ਬੀਬੀਸੀ ਫਾਰਸੀ ਨੂੰ ਭੇਜੀ ਗਈ ਫੁਟੇਜ ਵਿੱਚ ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਦਿਖਾਈ ਦਿੱਤੇ। ਉੱਥੇ ਸੁਰੱਖਿਆ ਕਰਮਚਾਰੀਆਂ ਨੂੰ ਇੱਕ ਕੇਂਦਰੀ ਚੌਕ ਤੋਂ ਗੋਲੀ ਚਲਾਉਂਦੇ ਹੋਏ ਵੀ ਦੇਖਿਆ ਗਿਆ।

ਸ਼ਾਮ ਦੇ ਇਹ ਮੁਜ਼ਾਹਰੇ ਉਦੋਂ ਹੋਏ ਹਨ ਜਦੋਂ ਵਾਸ਼ਿੰਗਟਨ ਡੀਸੀ ਵਿੱਚ ਰਹਿ ਰਹੇ ਰਜ਼ਾ ਪਹਿਲਵੀ ਨੇ ਇਰਾਨੀਆਂ ਨੂੰ ਸੜਕਾਂ 'ਤੇ ਉਤਰਨ ਅਤੇ ਇੱਕਜੁੱਟ ਹੋ ਕੇ ਆਪਣੀਆਂ ਮੰਗਾਂ ਬੁਲੰਦ ਕਰਨ ਲਈ ਕਿਹਾ ਸੀ। ਰਜ਼ਾ ਪਹਿਲਵੀ ਦੇ ਪਿਤਾ ਨੂੰ 1979 ਦੀ ਇਸਲਾਮਿਕ ਕ੍ਰਾਂਤੀ ਵਿੱਚ ਸੱਤਾ ਤੋਂ ਹਟਾ ਦਿੱਤਾ ਗਿਆ ਸੀ।

3. ਮੁਜ਼ਾਹਰੇ ਕਿਉਂ ਹੋ ਰਹੇ ਹਨ

ਇਰਾਨ

ਤਸਵੀਰ ਸਰੋਤ, X

ਤਸਵੀਰ ਕੈਪਸ਼ਨ, ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਇਰਾਨ ਦੇ ਮੁਜ਼ਾਹਰਾਕਾਰੀਂ ਦੇ ਪੱਖ ਵਿੱਚ ਦਿੱਤੇ ਜਾ ਰਹੇ ਬਿਆਨ ਇਨ੍ਹਾਂ ਨੂੰ ਹੋਰ ਤੇਜ਼ ਕਰ ਸਕਦੇ ਹਨ

ਬੀਬੀਸੀ ਪੱਤਰਕਾਰ ਅਜ਼ੀਮ ਆਜ਼ਮੀ ਮੁਤਾਬਕ, ਇਰਾਨ ਲਈ ਸੜਕੀ ਮੁਜ਼ਾਹਰੇ ਕੋਈ ਨਵੀਂ ਗੱਲ ਨਹੀਂ ਹੈ, ਪਰ ਮੌਜੂਦਾ ਅਸ਼ਾਂਤੀ ਨਾਲ ਜੁੜੇ ਕਈ ਕਾਰਨ ਇਸ ਨੂੰ ਬਹੁਤ ਗੰਭੀਰ ਬਣਾਉਂਦੇ ਹਨ।

ਮੁਜ਼ਾਹਰੇ 28 ਦਸੰਬਰ ਨੂੰ ਸ਼ੁਰੂ ਹੋਏ ਸਨ, ਫਿਰ ਵੀ ਚਾਰ ਜਾਂ ਪੰਜ ਦਿਨ ਹੀ ਰਾਸ਼ਟਰਪਤੀ ਟਰੰਪ ਲਈ ਮੁਜ਼ਾਹਰਾਕਾਰੀਆਂ ਨਾਲ ਕੀਤੇ ਜਾ ਰਹੇ ਸਲੂਕ ਨੂੰ ਲੈ ਕੇ ਇਰਾਨੀ ਨੇਤਾਵਾਂ ਨੂੰ ਸਿੱਧੀ ਚੇਤਾਵਨੀ ਦੇਣ ਲਈ ਕਾਫੀ ਸਨ।

ਟਰੰਪ ਨੇ ਕਿਹਾ ਸੀ ਕਿ ਅਮਰੀਕਾ "ਕਾਰਵਾਈ ਲਈ" ਤਿਆਰ ਹੈ। ਇਸ ਤੋਂ ਬਾਅਦ ਵੈਨੇਜ਼ੁਏਲਾ ਵਿੱਚ ਨਿਕੋਲਸ ਮਾਦੁਰੋ ਨੂੰ ਨਿਸ਼ਾਨਾ ਬਣਾਉਣ ਵਾਲੀ ਅਮਰੀਕੀ ਵਿਸ਼ੇਸ਼ ਬਲਾਂ ਦੀ ਕਾਰਵਾਈ ਹੋਈ, ਅਤੇ ਫਿਰ ਐਤਵਾਰ ਨੂੰ ਦੂਜੀ ਚੇਤਾਵਨੀ ਦਿੱਤੀ ਗਈ।

ਕਿਸੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਵੱਲੋਂ ਅਜਿਹੀਆਂ ਸਿੱਧੀਆਂ ਅਤੇ ਸੰਭਾਵੀ ਧਮਕੀਆਂ, ਜੋ ਮੁਜ਼ਾਹਰੇ ਜਾਰੀ ਰਹਿਣ ਦੌਰਾਨ ਦਿੱਤੀਆਂ ਗਈਆਂ ਹਨ, ਬਹੁਤ ਹੀ ਅਸਧਾਰਨ ਹਨ ਅਤੇ ਇਹ ਮੁਜ਼ਾਹਰਾਕਾਰੀਆਂ ਦੇ ਹੌਸਲੇ ਵਧਾ ਸਕਦੀਆਂ ਹਨ ਅਤੇ ਅਸ਼ਾਂਤੀ ਨੂੰ ਹੋਰ ਫੈਲਾਉਣ ਲਈ ਉਤਸ਼ਾਹਿਤ ਕਰ ਸਕਦੀਆਂ ਹਨ।

ਇਰਾਨੀ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਲਗਭਗ ਸ਼ੁਰੂਆਤ ਤੋਂ ਹੀ ਹਿੰਸਕ ਪ੍ਰਤੀਕਿਰਿਆ ਦਿੱਤੀ ਹੈ। ਹੁਣ ਸਭ ਦੀਆਂ ਨਜ਼ਰਾਂ ਟਰੰਪ ਦੇ ਅਗਲੇ ਸੰਭਾਵੀ ਕਦਮ 'ਤੇ ਹਨ।

ਮੁਜ਼ਾਹਰੇ, ਜੋ ਐਤਵਾਰ 28 ਦਸੰਬਰ ਨੂੰ ਸ਼ਾਂਤੀਪੂਰਵਕ ਸ਼ੁਰੂ ਹੋਏ ਸਨ, ਸ਼ੁਰੂ ਵਿੱਚ ਵਧਦੀ ਮਹਿੰਗਾਈ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਇਰਾਨੀ ਮੁਦਰਾ ਦੇ ਤੇਜ਼ੀ ਨਾਲ ਹੋਏ ਨਿਘਾਰ ਕਾਰਨ ਜਨਤਕ ਗੁੱਸੇ ਦੀ ਉਪਜ ਸਨ। ਅਮਰੀਕੀ ਡਾਲਰ ਪਿਛਲੇ ਇੱਕ ਸਾਲ ਦੇ ਮੁਕਾਬਲ ਇਸ ਸਮੇਂ ਇਰਾਨੀ ਮੁਦਰਾ ਨਾਲੋਂ 80% ਮਜ਼ਬੂਤ ਹੋਇਆ ਹੈ।

ਇਰਾਨ ਦੀ ਆਰਥਿਕਤਾ ਡੂੰਘੀ ਮੁਸੀਬਤ ਵਿੱਚ ਹੈ, ਅਤੇ ਇਸ ਸਾਲ ਜਾਂ ਅਗਲੇ ਸਾਲ ਵਿਕਾਸ ਦੀ ਬਹੁਤ ਘੱਟ ਸੰਭਾਵਨਾ ਹੈ। ਸਰਕਾਰੀ ਸਾਲਾਨਾ ਮਹਿੰਗਾਈ ਦਰ ਲਗਭਗ 42% ਹੈ, ਭੋਜਨ ਦੀ ਮਹਿੰਗਾਈ 70% ਤੋਂ ਵੱਧ ਹੈ। ਰਿਪੋਰਟਾਂ ਅਨੁਸਾਰ ਕੁਝ ਬੁਨਿਆਦੀ ਵਸਤੂਆਂ ਦੀਆਂ ਕੀਮਤਾਂ 110% ਤੋਂ ਵੀ ਜ਼ਿਆਦਾ ਵਧ ਗਈਆਂ ਹਨ।

ਇਰਾਨ ਦੀ ਆਰਥਿਕਤਾ ਡੂੰਘੀ ਮੁਸੀਬਤ ਵਿੱਚ ਹੈ, ਅਤੇ ਇਸ ਸਾਲ ਜਾਂ ਅਗਲੇ ਸਾਲ ਵਿਕਾਸ ਦੀ ਬਹੁਤ ਘੱਟ ਸੰਭਾਵਨਾ ਹੈ। ਸਰਕਾਰੀ ਸਾਲਾਨਾ ਮਹਿੰਗਾਈ ਦਰ ਲਗਭਗ 42% ਹੈ, ਭੋਜਨ ਦੀ ਮਹਿੰਗਾਈ 70% ਤੋਂ ਵੱਧ ਹੈ। ਰਿਪੋਰਟਾਂ ਅਨੁਸਾਰ ਕੁਝ ਬੁਨਿਆਦੀ ਵਸਤੂਆਂ ਦੀਆਂ ਕੀਮਤਾਂ 110% ਤੋਂ ਵੀ ਜ਼ਿਆਦਾ ਵਧ ਗਈਆਂ ਹਨ।

ਅਮਰੀਕਾ ਦੀ ਅਗਵਾਈ ਵਿੱਚ ਲਾਈਆਂ ਗਈਆਂ ਕੌਮਾਂਤਰੀ ਪਾਬੰਦੀਆਂ ਨੇ ਦੇਸ ਦੀ ਆਰਥਿਕ ਸਥਿਤੀ ਨੂੰ ਵਿਗਾੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਪਰ ਇਹ ਪੂਰੀ ਕਹਾਣੀ ਨਹੀਂ ਹੈ।

ਇਰਾਨੀ ਅਦਾਲਤਾਂ ਵਿੱਚ ਉੱਚ-ਪੱਧਰੀ ਭ੍ਰਿਸ਼ਟਾਚਾਰ ਦੇ ਮਾਮਲੇ, ਜਿਨ੍ਹਾਂ ਵਿੱਚ ਉੱਚ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਹਨ, ਨੇ ਜਨਤਕ ਗੁੱਸੇ ਅਤੇ ਇਸ ਵਿਸ਼ਵਾਸ ਨੂੰ ਹੋਰ ਪੱਕਾ ਕਰ ਦਿੱਤਾ ਹੈ ਕਿ ਸੱਤਾਧਾਰੀ ਕੁਲੀਨ ਵਰਗ ਦੇ ਕੁਝ ਹਿੱਸੇ ਇਸ ਸੰਕਟ ਦੀ ਮਲਾਈ ਖਾ ਰਹੇ ਹਨ।

4. ਜਲਾਵਤਨ ਆਗੂ ਰਜ਼ਾ ਪਹਿਲਵੀ ਕੌਣ ਹਨ

ਰਜ਼ਾ ਪਹਿਲਵੀ

ਤਸਵੀਰ ਸਰੋਤ, Reuters

31 ਅਕਤੂਬਰ 1960 ਨੂੰ ਜਨਮੇ ਰਜ਼ਾ ਪਹਿਲਵੀ, ਇਰਾਨ ਦੇ ਆਖਰੀ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦੇ ਸਭ ਤੋਂ ਵੱਡੇ ਪੁੱਤਰ ਹਨ।

ਉਨ੍ਹਾਂ ਦੇ ਪਿਤਾ ਨੂੰ 1979 ਦੀ ਇਸਲਾਮਿਕ ਕ੍ਰਾਂਤੀ ਵਿੱਚ ਸੱਤਾ ਤੋਂ ਬੇਦਖਲ ਕਰ ਦਿੱਤਾ ਗਿਆ ਸੀ। ਉਹ ਉਦੋਂ ਤੋਂ ਹੀ ਅਮਰੀਕਾ ਵਿੱਚ ਜਲਾਵਤਨੀ ਦਾ ਜੀਵਨ ਬਤੀਤ ਕਰ ਰਹੇ ਹਨ।

ਦਹਾਕਿਆਂ ਤੋਂ, ਉਹ ਰਾਜਸ਼ਾਹੀ ਪੱਖੀਆਂ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਰਹੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸਮਰਥਕ ਧਾਰਮਿਕ ਨਿਜ਼ਾਮ ਦੇ ਵਿਰੁੱਧ ਇੱਕ ਵਿਰੋਧੀ ਪ੍ਰਤੀਕ ਵਜੋਂ ਦੇਖਦੇ ਹਨ। ਜਦਕਿ, ਆਲੋਚਕ ਉਨ੍ਹਾਂ ਨੂੰ ਤਾਨਾਸ਼ਾਹੀ ਸ਼ਾਸਨ ਅਤੇ 1953 ਵਿੱਚ ਪ੍ਰਧਾਨ ਮੰਤਰੀ ਮੁਹੰਮਦ ਮੋਸਾਦੇਕ ਨੂੰ ਸੱਤਾ ਤੋਂ ਹਟਾਏ ਜਾਣ ਨਾਲ ਜੋੜਦੇ ਹਨ।

ਪਹਿਲਵੀ ਦਾ ਕਹਿਣਾ ਹੈ ਕਿ ਉਹ ਰਾਜਸ਼ਾਹੀ ਦੀ ਸਵੈਚਾਲਿਤ ਬਹਾਲੀ ਨਹੀਂ ਚਾਹੁੰਦੇ, ਸਗੋਂ ਇਸ ਦੀ ਬਜਾਏ ਉਹ ਈਰਾਨ ਦਾ ਨਿਜ਼ਾਮ ਭਵਿੱਖ ਵਿੱਚ ਕਿਹੋ ਜਿਹਾ ਹੋਵੇ ਇਸ ਬਾਰੇ ਰਾਇਸ਼ੁਮਾਰੀ ਚਾਹੁੰਦੇ ਹਨ।

ਆਰਥਿਕ ਤੰਗੀ ਕਾਰਨ ਇਰਾਨ ਵਿੱਚ ਵਧ ਰਹੀ ਅਸ਼ਾਂਤੀ ਦੇ ਦਰਮਿਆਨ, ਉਨ੍ਹਾਂ ਦੀ ਸਰਗਰਮੀ ਹੋਰ ਵਧ ਗਈ ਹੈ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ 8-9 ਜਨਵਰੀ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਅਤੇ ਹੜਤਾਲਾਂ ਦਾ ਸੱਦਾ ਦਿੱਤਾ ਸੀ।

ਐਕਸ ਉੱਤੇ ਜਾਰੀ ਇੱਕ ਤਾਜ਼ਾ ਬਿਆਨ ਵਿੱਚ ਉਨ੍ਹਾਂ ਨੇ ਅਜ਼ਾਦ ਦੁਨੀਆਂ ਦੇ ਆਗੂ ਟਰੰਪ ਦਾ ਇਰਾਨ ਵਾਸੀਆਂ ਦੇ ਹੱਕ ਵਿੱਚ ਬੋਲਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਯੂਰਪੀ ਅਤੇ ਹੋਰ ਮੁਲਕਾਂ ਦੇ ਆਗੂਆਂ ਨੂੰ ਵੀ ਟਰੰਪ ਦੀ ਅਗਵਾਈ ਵਿੱਚ ਚੱਲਣ ਦਾ ਸੱਦਾ ਦਿੱਤਾ ਹੈ।

ਰਜ਼ਾ ਪਹਿਲਵੀ ਦੇ ਬਿਆਨ ਦਾ ਅੰਸ਼

ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ-

"ਅੱਜ ਰਾਤ ਲੱਖਾਂ ਇਰਾਨੀਆਂ ਨੇ ਆਪਣੀ ਆਜ਼ਾਦੀ ਦੀ ਮੰਗ ਕੀਤੀ ਹੈ। ਜਵਾਬ ਵਿੱਚ, ਇਰਾਨੀ ਹਕੂਮਤ ਨੇ ਸੰਚਾਰ ਦੇ ਸਾਰੇ ਸਾਧਨ ਕੱਟ ਦਿੱਤੇ ਹਨ। ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਲੈਂਡਲਾਈਨਾਂ ਕੱਟ ਦਿੱਤੀਆਂ ਗਈਆਂ ਹਨ। ਹੋ ਸਕਦਾ ਹੈ ਕਿ ਉਹ ਸੈਟੇਲਾਈਟ ਸਿਗਨਲਾਂ ਨੂੰ ਜਾਮ ਕਰਨ ਦੀ ਕੋਸ਼ਿਸ਼ ਵੀ ਕਰਨ।

"ਮੈਂ ਅਜ਼ਾਦ ਦੁਨੀਆਂ ਦੇ ਆਗੂ, ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਇਸ ਸ਼ਾਸਨ ਨੂੰ ਜਵਾਬਦੇਹ ਠਹਿਰਾਉਣ ਦੇ ਆਪਣੇ ਵਾਅਦੇ ਨੂੰ ਦੁਹਰਾਇਆ ਹੈ। ਹੁਣ ਸਮਾਂ ਆ ਗਿਆ ਹੈ ਕਿ ਯੂਰਪੀਅਨ ਨੇਤਾਵਾਂ ਸਮੇਤ ਹੋਰ ਲੋਕ ਵੀ ਉਨ੍ਹਾਂ ਦੇ ਕਦਮਾਂ 'ਤੇ ਚੱਲਣ, ਆਪਣੀ ਚੁੱਪ ਤੋੜਨ ਅਤੇ ਈਰਾਨ ਦੇ ਲੋਕਾਂ ਦੇ ਸਮਰਥਨ ਵਿੱਚ ਵਧੇਰੇ ਨਿਰਣਾਇਕ ਕਾਰਵਾਈ ਕਰਨ।"

ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਰਾਨੀ ਲੋਕਾਂ ਦੇ ਸੰਚਾਰ ਨੂੰ ਬਹਾਲ ਕਰਨ ਲਈ ਉਪਲਬਧ ਸਾਰੇ ਤਕਨੀਕੀ, ਵਿੱਤੀ ਅਤੇ ਕੂਟਨੀਤਕ ਸਰੋਤਾਂ ਦੀ ਵਰਤੋਂ ਕਰਨ ਤਾਂ ਜੋ ਉਨ੍ਹਾਂ ਦੀ ਆਵਾਜ਼ ਅਤੇ ਉਨ੍ਹਾਂ ਦੀ ਇੱਛਾ ਨੂੰ ਸੁਣਿਆ ਅਤੇ ਦੇਖਿਆ ਜਾ ਸਕੇ। ਮੇਰੇ ਦਲੇਰ ਦੇਸ਼ਵਾਸੀਆਂ ਦੀਆਂ ਆਵਾਜ਼ਾਂ ਨੂੰ ਦਬਾਇਆ ਨਾ ਜਾਣ ਦਿਓ।"

5. ਇਰਾਨ ਦੀ ਸਥਿਤੀ ਅਤੇ ਟਰੰਪ ਦੀਆਂ 'ਧਮਕੀਆਂ'

ਡੌਨਲਡ ਟਰੰਪ

ਤਸਵੀਰ ਸਰੋਤ, Reuters

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਰਾਨੀ ਸਰਕਾਰ ਨੂੰ ਦੱਸ ਦਿੱਤਾ ਹੈ ਕਿ "ਜੇਕਰ ਉਨ੍ਹਾਂ ਨੇ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ" ਤਾਂ "ਅਸੀਂ ਉਨ੍ਹਾਂ 'ਤੇ ਬਹੁਤ ਜ਼ੋਰਦਾਰ ਹਮਲਾ ਕਰਾਂਗੇ।"

ਟਰੰਪ ਨੇ ਕੰਜ਼ਰਵੇਟਿਵ ਰੇਡੀਓ ਹੋਸਟ ਹਿਊ ਹਿਵਿਟ ਨਾਲ ਇੱਕ ਇੰਟਰਵਿਊ ਵਿੱਚ ਕਿਹਾ, "ਮੈਂ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਜੇਕਰ ਉਹ ਲੋਕਾਂ ਨੂੰ ਮਾਰਨਾ ਸ਼ੁਰੂ ਕਰਦੇ ਹਨ, ਜੋ ਕਿ ਉਹ ਅਕਸਰ ਆਪਣੇ ਦੰਗਿਆਂ ਦੌਰਾਨ ਕਰਦੇ ਹਨ - ਉੱਥੇ ਬਹੁਤ ਦੰਗੇ ਹੁੰਦੇ ਹਨ - ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਅਸੀਂ ਉਨ੍ਹਾਂ 'ਤੇ ਬਹੁਤ ਜ਼ੋਰਦਾਰ ਵਾਰ ਕਰਾਂਗੇ।"

ਸਥਿਤੀ ਬਾਰੇ ਉਨ੍ਹਾਂ ਕਿਹਾ, "ਅਸੀਂ ਇਸ 'ਤੇ ਬਹੁਤ ਨੇੜਿਓਂ ਨਜ਼ਰ ਰੱਖ ਰਹੇ ਹਾਂ। ਉਹ ਜਾਣਦੇ ਹਨ, ਅਤੇ ਉਨ੍ਹਾਂ ਨੂੰ ਬਹੁਤ ਸਖ਼ਤੀ ਨਾਲ ਦੱਸ ਦਿੱਤਾ ਗਿਆ ਹੈ, ਉਸ ਤੋਂ ਵੀ ਕਿਤੇ ਵੱਧ ਸਖ਼ਤੀ ਨਾਲ ਜਿੰਨੀ ਸਖ਼ਤੀ ਨਾਲ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਨਤੀਜਾ ਭੁਗਤਣਾ ਪਵੇਗਾ।"

ਇਰਾਨ ਦੇ ਲੋਕਾਂ ਲਈ ਉਨ੍ਹਾਂ ਦੇ ਸੰਦੇਸ਼ ਬਾਰੇ ਪੁੱਛੇ ਜਾਣ 'ਤੇ, ਉਨ੍ਹਾਂ ਨੇ ,ਕਿਹਾ "ਤੁਹਾਨੂੰ ਆਜ਼ਾਦੀ ਬਾਰੇ ਦ੍ਰਿੜ ਹੋਣਾ ਚਾਹੀਦਾ ਹੈ", ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਮੌਜੂਦਾ ਨਿਜ਼ਾਮ (ਸ਼ਾਸਨ) ਅਧੀਨ ਦੇਸ ਵਿੱਚ ਜੋ ਕੁਝ ਹੋਇਆ ਹੈ ਉਸ ਦੀ ਆਲੋਚਨਾ ਕੀਤੀ।

ਐਤਵਾਰ ਨੂੰ ਵੀ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਤੋਂ ਬਾਅਦ, ਦਖਲਅੰਦਾਜ਼ੀ ਕਰਨ ਦੀ ਅਮਰੀਕੀ ਰਾਸ਼ਟਰਪਤੀ ਵੱਲੋਂ ਇਹ ਤਾਜ਼ਾ ਧਮਕੀ ਹੈ।

ਟਰੰਪ ਨੇ ਐਤਵਾਰ ਨੂੰ ਕਿਹਾ ਸੀ, "ਅਸੀਂ ਇਸ (ਸਥਿਤੀ) ਨੂੰ ਬਹੁਤ ਨੇੜਿਓਂ ਦੇਖ ਰਹੇ ਹਾਂ। ਜੇਕਰ ਉਹ ਪਹਿਲਾਂ ਵਾਂਗ ਲੋਕਾਂ ਨੂੰ ਮਾਰਨਾ ਸ਼ੁਰੂ ਕਰਦੇ ਹਨ, ਤਾਂ ਮੈਨੂੰ ਲੱਗਦਾ ਹੈ ਕਿ ਅਮਰੀਕਾ ਵੱਲੋਂ ਉਨ੍ਹਾਂ ਨੂੰ ਬਹੁਤ ਜ਼ੋਰਦਾਰ ਜਵਾਬ ਦਿੱਤਾ ਜਾਵੇਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)