ਈਰਾਨ-ਇਜ਼ਰਾਇਲ ਦੇ ਸੰਘਰਸ਼ ਕਾਰਨ ਵਧ ਰਹੀ ਤੇਲ ਦੀ ਮਹਿੰਗਾਈ ਪੈਟਰੋਲ ਪੰਪ ਤੱਕ ਪਹੁੰਚਣ ਵਿੱਚ ਕਿੰਨਾ ਸਮਾਂ ਲੈ ਸਕਦੀ ਹੈ

ਦਸੰਬਰ 2018 ਵਿੱਚ ਹੋਰਮੁਜ਼ ਜਲਡਮਰੂ ਰਾਹੀਂ ਲੰਘਦੇ ਤੇਲ ਦੇ ਟੈਂਕਰ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਦਸੰਬਰ 2018 ਵਿੱਚ ਹੋਰਮੁਜ਼ ਜਲਡਮਰੂ ਰਾਹੀਂ ਲੰਘਦੇ ਤੇਲ ਦੇ ਟੈਂਕਰ
    • ਲੇਖਕ, ਡੈਨੀਅਲ ਥੌਮਸ, ਬੇਨ ਹੈਟਨ, ਪੀਟਰ ਹੋਸਕਿੰਸ ਅਤੇ ਡੀਅਰਬੈਲ ਜੌਰਡਨ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 5 ਮਿੰਟ

ਮਿਡਲ ਈਸਟ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੇ ਜਾਰੀ ਹਮਲਿਆਂ ਦੇ ਜਵਾਬ ਵਿੱਚ ਈਰਾਨ ਲਗਾਤਾਰ ਹਮਲੇ ਕਰ ਰਿਹਾ ਹੈ। ਇਸ ਦੌਰਾਨ ਦੁਨੀਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

ਸੋਮਵਾਰ ਨੂੰ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਲਗਭਗ 50 ਫੀਸਦੀ ਦਾ ਤੇਜ਼ ਉਛਾਲ ਆਇਆ ਹੈ, ਕਿਉਂਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਨਿਰਯਾਤਕ ਕੰਪਨੀਆਂ ਵਿੱਚੋਂ ਇੱਕ 'ਕਤਰ ਐਨਰਜੀ' ਨੇ ਆਪਣੇ ਪਲਾਂਟਾਂ 'ਤੇ ਹੋਏ "ਫੌਜੀ ਹਮਲਿਆਂ" ਤੋਂ ਬਾਅਦ ਉਤਪਾਦਨ ਰੋਕ ਦਿੱਤਾ ਹੈ।

ਤੇਲ ਦੀ ਵਿਸ਼ਵਵਿਆਪੀ ਮਿਆਰੀ ਕੀਮਤ ਯਾਨੀ 'ਬ੍ਰੈਂਟ ਕਰੂਡ' ਸੋਮਵਾਰ ਨੂੰ 10 ਫੀਸਦੀ ਵਧ ਕੇ 82 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈ।

ਪਿਛਲੇ ਦੋ ਦਿਨਾਂ ਵਿੱਚ ਹੋਰਮੁਜ਼ ਜਲਡਮਰੂ (ਸਟ੍ਰੇਟ) ਦੇ ਨੇੜੇ ਘੱਟੋ-ਘੱਟ ਤਿੰਨ ਜਹਾਜ਼ਾਂ 'ਤੇ ਹੋਏ ਹਮਲਿਆਂ ਤੋਂ ਬਾਅਦ ਇਹ ਵਾਧਾ ਹੋਇਆ ਹੈ। 'ਸਟ੍ਰੇਟ' (ਜਲਡਮਰੂ) ਦੋ ਸਮੁੰਦਰਾਂ ਨੂੰ ਜੋੜਨ ਵਾਲਾ ਇੱਕ ਤੰਗ ਜਲ ਮਾਰਗ ਹੁੰਦਾ ਹੈ।

ਈਰਾਨ ਨੇ ਦੇਸ ਦੇ ਦੱਖਣ ਵਿੱਚ ਸਥਿਤ ਹੋਰਮੁਜ਼ ਜਲਡਮਰੂ ਤੋਂ ਕਿਸੇ ਵੀ ਸਮੁੰਦਰੀ ਜਹਾਜ਼ ਦੇ ਲੰਘਣ 'ਤੇ ਪਾਬੰਦੀ ਲਗਾ ਦਿੱਤੀ ਹੈ। ਦੁਨੀਆਂ ਦੀ ਲਗਭਗ 20 ਪ੍ਰਤੀਸ਼ਤ ਤੇਲ ਅਤੇ ਗੈਸ ਦੀ ਸਪਲਾਈ ਇਸੇ ਰਸਤੇ ਰਾਹੀਂ ਹੁੰਦੀ ਹੈ।

ਸੋਮਵਾਰ ਨੂੰ ਲੰਡਨ ਵਿੱਚ 'ਐਫਟੀਐਸਈ 100' ਸ਼ੇਅਰ ਬਾਜ਼ਾਰ ਸੂਚਕ ਅੰਕ ਕਰੀਬ ਇੱਕ ਫੀਸਦੀ ਗਿਰਾਵਟ ਨਾਲ ਖੁੱਲ੍ਹਿਆ। ਮਿਡਲ ਈਸਟ ਵਿੱਚ ਹਵਾਈ ਖੇਤਰ (Airspace) ਬੰਦ ਹੋਣ ਤੋਂ ਬਾਅਦ ਏਅਰਲਾਈਨਜ਼ ਕੰਪਨੀਆਂ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦੇਖੀ ਗਈ।

ਦੁਨੀਆਂ ਭਰ ਦੇ ਬਾਜ਼ਾਰਾਂ ਵਿੱਚ ਮੰਦੀ

 ਹੋਰਮੁਜ਼ ਜਲਡਮਰੂ

ਤਸਵੀਰ ਸਰੋਤ, Iranian Army/Handout/Anadolu via Getty Images

ਤਸਵੀਰ ਕੈਪਸ਼ਨ, ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਘਰਸ਼ ਲੰਬਾ ਖਿੱਚਦਾ ਹੈ ਤਾਂ ਊਰਜਾ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।

ਯੂਰਪ ਦੇ ਮੁੱਖ ਸ਼ੇਅਰ ਬਾਜ਼ਾਰਾਂ ਵਿੱਚ ਇਸ ਤੋਂ ਵੀ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਫਰਾਂਸ ਵਿੱਚ 'ਸੀਏਸੀ-40' ਸੂਚਕ ਅੰਕ 1.6 ਪ੍ਰਤੀਸ਼ਤ ਡਿੱਗਿਆ, ਜਦਕਿ ਜਰਮਨੀ ਦਾ 'ਡੀਏਐਕਸ' 1.7 ਪ੍ਰਤੀਸ਼ਤ ਹੇਠਾਂ ਆਇਆ।

ਇਸ ਦੌਰਾਨ ਸੋਨੇ ਦੀ ਕੀਮਤ 2.3 ਪ੍ਰਤੀਸ਼ਤ ਵਧ ਕੇ 5,395.99 ਡਾਲਰ ਪ੍ਰਤੀ ਔਂਸ ਹੋ ਗਈ।

ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਘਰਸ਼ ਲੰਬਾ ਚੱਲਦਾ ਹੈ ਤਾਂ ਊਰਜਾ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਹੋਰਮੁਜ਼ ਸਟ੍ਰੇਟ ਦੇ ਪ੍ਰਵੇਸ਼ ਦੁਆਰ 'ਤੇ ਅੰਤਰਰਾਸ਼ਟਰੀ ਸ਼ਿਪਿੰਗ ਲਗਭਗ ਠੱਪ ਹੋ ਗਈ ਹੈ।

ਯੂਕੇ ਮੈਰੀਟਾਈਮ ਟ੍ਰੇਡ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਦੋ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਤੀਜੇ ਜਹਾਜ਼ ਦੇ ਬਿਲਕੁਲ ਨੇੜੇ ਇੱਕ "ਅਣਪਛਾਤੀ ਪ੍ਰੋਜੈਕਟਾਈਲ" ਫਟਣ ਦੀ ਸੂਚਨਾ ਮਿਲੀ ਹੈ।

ਸ਼ੁਰੂਆਤੀ ਉਛਾਲ ਤੋਂ ਬਾਅਦ ਬ੍ਰੈਂਟ ਕਰੂਡ 79 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ, ਜਦਕਿ ਅਮਰੀਕੀ ਬਾਜ਼ਾਰ ਵਿੱਚ ਕਾਰੋਬਾਰ ਹੋਣ ਵਾਲਾ ਤੇਲ 7.6 ਪ੍ਰਤੀਸ਼ਤ ਦੇ ਵਾਧੇ ਨਾਲ 72.20 ਡਾਲਰ 'ਤੇ ਰਿਹਾ।

'ਐਮਐਸਟੀ ਮਾਰਕੀ' ਵਿੱਚ ਊਰਜਾ ਖੋਜ ਮੁਖੀ ਸੌਲ ਕਾਵੋਨਿਕ ਨੇ ਬੀਬੀਸੀ ਨੂੰ ਦੱਸਿਆ, "ਬਾਜ਼ਾਰ ਵਿੱਚ ਘਬਰਾਹਟ ਨਹੀਂ ਹੈ।"

ਉਨ੍ਹਾਂ ਕਿਹਾ, "ਹੁਣ ਤੱਕ ਇਹ ਸਪੱਸ਼ਟ ਹੈ ਕਿ ਕਿਸੇ ਵੀ ਧਿਰ ਨੇ ਤੇਲ ਦੀ ਸ਼ਿਪਿੰਗ ਅਤੇ ਉਤਪਾਦਨ ਦੇ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ।"

ਉਨ੍ਹਾਂ ਅਨੁਸਾਰ, "ਬਾਜ਼ਾਰ ਇਸ ਗੱਲ 'ਤੇ ਨਜ਼ਰ ਰੱਖੇਗਾ ਕਿ ਹੋਰਮੁਜ਼ ਸਟ੍ਰੇਟ ਰਾਹੀਂ ਆਵਾਜਾਈ ਕਦੋਂ ਆਮ ਹੁੰਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਤੇਲ ਦੀਆਂ ਕੀਮਤਾਂ ਦੁਬਾਰਾ ਘਟ ਸਕਦੀਆਂ ਹਨ।"

ਮਾਹਿਰਾਂ ਦੀ ਰਾਇ

ਹਾਲਾਂਕਿ, ਕੁਝ ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਘਰਸ਼ ਲੰਬਾ ਚੱਲਦਾ ਹੈ ਤਾਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਜਾ ਸਕਦੀਆਂ ਹਨ। ਇਸ ਦਾ ਅਸਰ ਮਹਿੰਗਾਈ ਅਤੇ ਵਿਆਜ ਦਰਾਂ 'ਤੇ ਪੈ ਸਕਦਾ ਹੈ।

ਦੁਬਈ ਸਥਿਤ ਕੰਸਲਟੈਂਸੀ 'ਕਮਰ ਐਨਰਜੀ' ਦੇ ਮੁਖੀ ਅਤੇ ਤੇਲ ਕੰਪਨੀ 'ਸ਼ੈੱਲ' ਦੇ ਸਾਬਕਾ ਅਧਿਕਾਰੀ ਰੌਬਿਨ ਮਿਲਸ ਨੇ ਕਿਹਾ, "ਕੀਮਤਾਂ ਵਿੱਚ ਇਹ ਉਛਾਲ ਤੁਰੰਤ ਅਸਰ ਪਾਵੇਗਾ ਕਿਉਂਕਿ ਤੇਲ ਕਾਰੋਬਾਰੀ ਖ਼ਬਰਾਂ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ। ਫਿਲਹਾਲ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਨਹੀਂ ਹਨ। ਇਹ ਦੋ ਸਾਲ ਪਹਿਲਾਂ ਦੇ ਪੱਧਰ ਤੋਂ ਵੀ ਹੇਠਾਂ ਹਨ, ਇਸ ਲਈ ਅਸੀਂ ਅਜੇ ਪੂਰੀ ਤਰ੍ਹਾਂ ਤੇਲ ਸੰਕਟ ਵਾਲੀ ਸਥਿਤੀ ਵਿੱਚ ਨਹੀਂ ਹਾਂ।"

ਐਤਵਾਰ ਨੂੰ ਤੇਲ ਉਤਪਾਦਕ ਦੇਸਾਂ ਦੇ ਸਮੂਹ 'ਓਪੇਕ ਪਲੱਸ' ਨੇ ਕੀਮਤਾਂ ਵਿੱਚ ਸੰਭਾਵਿਤ ਵਾਧੇ ਨੂੰ ਸੰਤੁਲਿਤ ਕਰਨ ਲਈ ਉਤਪਾਦਨ ਵਿੱਚ ਪ੍ਰਤੀ ਦਿਨ 2,06,000 ਬੈਰਲ ਵਾਧਾ ਕਰਨ 'ਤੇ ਸਹਿਮਤੀ ਪਰਗਟ ਕੀਤੀ।

ਬ੍ਰਿਟੇਨ ਵਿੱਚ 'ਆਟੋਮੋਬਾਈਲ ਐਸੋਸੀਏਸ਼ਨ' ਦੇ ਪ੍ਰਧਾਨ ਐਡਮੰਡ ਕਿੰਗ ਨੇ ਚੇਤਾਵਨੀ ਦਿੱਤੀ ਕਿ ਮੌਜੂਦਾ ਸੰਘਰਸ਼ ਦੁਨੀਆਂ ਭਰ ਵਿੱਚ ਪੈਟਰੋਲ ਦੀਆਂ ਕੀਮਤਾਂ ਵਧਾ ਸਕਦਾ ਹੈ।

ਐਡਮੰਡ ਕਿੰਗ ਦਾ ਬਿਆਨ

ਉਨ੍ਹਾਂ ਕਿਹਾ, "ਮਿਡਲ ਈਸਟ ਵਿੱਚ ਅਸ਼ਾਂਤੀ ਅਤੇ ਬੰਬਾਰੀ ਵਿਸ਼ਵ ਪੱਧਰ 'ਤੇ ਤੇਲ ਦੀ ਵੰਡ ਵਿੱਚ ਰੁਕਾਵਟ ਪਾ ਸਕਦੀ ਹੈ। ਇਸ ਨਾਲ ਕੀਮਤਾਂ ਵਿੱਚ ਵਾਧਾ ਹੋਣਾ ਤੈਅ ਹੈ। ਪੈਟਰੋਲ ਪੰਪਾਂ 'ਤੇ ਕੀਮਤਾਂ ਵਿੱਚ ਵਾਧੇ ਦੀ ਦਰ ਅਤੇ ਸਮਾਂ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਇਹ ਸੰਘਰਸ਼ ਕਿੰਨਾ ਚਿਰ ਚੱਲਦਾ ਹੈ।"

'ਸਰਾਸਿਨ ਐਂਡ ਪਾਰਟਨਰਜ਼' ਦੀ ਮੁੱਖ ਅਰਥ ਸ਼ਾਸਤਰੀ ਸੁਬਿਥਾ ਸੁਬਰਾਮਨੀਅਮ ਨੇ ਕਿਹਾ ਕਿ ਜੇਕਰ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਉੱਚੀਆਂ ਰਹੀਆਂ, "ਤਾਂ ਇਸ ਦਾ ਅਸਰ ਭੋਜਨ, ਖੇਤੀਬਾੜੀ ਅਤੇ ਉਦਯੋਗਿਕ ਸਮਾਨ ਦੀਆਂ ਕੀਮਤਾਂ 'ਤੇ ਪਵੇਗਾ। ਇਸ ਨਾਲ ਮਹਿੰਗਾਈ ਵਿੱਚ ਹੋਰ ਵਾਧਾ ਹੋਵੇਗਾ।"

ਬ੍ਰਿਟੇਨ ਵਿੱਚ ਮਹਿੰਗਾਈ ਦੀ ਰਫ਼ਤਾਰ ਘਟੀ ਹੈ, ਜਿਸ ਕਾਰਨ ਬੈਂਕ ਆਫ਼ ਇੰਗਲੈਂਡ ਨੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਸੁਬਰਾਮਨੀਅਮ ਨੇ ਸੰਕੇਤ ਦਿੱਤਾ ਕਿ ਬੈਂਕ ਫਿਲਹਾਲ ਵਿਆਜ ਦਰਾਂ ਨੂੰ 3.75 ਪ੍ਰਤੀਸ਼ਤ 'ਤੇ ਸਥਿਰ ਰੱਖ ਸਕਦਾ ਹੈ।

ਐਤਵਾਰ ਨੂੰ ਈਰਾਨ ਦੀ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ' (ਆਈਆਰਜੀਸੀ) ਨੇ ਕਿਹਾ ਕਿ ਬ੍ਰਿਟੇਨ ਅਤੇ ਅਮਰੀਕਾ ਦੇ ਤਿੰਨ ਟੈਂਕਰਾਂ ਨੂੰ "ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਹ ਸੜ ਰਹੇ ਹਨ।" ਬ੍ਰਿਟੇਨ ਅਤੇ ਅਮਰੀਕਾ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਯੂਕੇ ਮੈਰੀਟਾਈਮ ਟ੍ਰੇਡ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਅਰਬ ਅਤੇ ਓਮਾਨ ਦੀ ਖਾੜੀ ਵਿੱਚ 'ਕਈ ਸੁਰੱਖਿਆ ਘਟਨਾਵਾਂ' ਦੀ ਸੂਚਨਾ ਮਿਲੀ ਹੈ ਅਤੇ ਜਹਾਜ਼ਾਂ ਨੂੰ 'ਸਾਵਧਾਨੀ ਨਾਲ ਲੰਘਣ' ਦੀ ਸਲਾਹ ਦਿੱਤੀ ਗਈ ਹੈ।

ਜਹਾਜ਼ ਟ੍ਰੈਕਿੰਗ ਪਲੇਟਫਾਰਮ 'ਕਲੇਪਰ' ਅਨੁਸਾਰ, ਹੋਰਮੁਜ਼ ਸਟ੍ਰੇਟ ਦੇ ਪਾਰ ਖੁੱਲ੍ਹੇ ਪਾਣੀ ਵਿੱਚ ਘੱਟੋ-ਘੱਟ 150 ਟੈਂਕਰਾਂ ਨੇ ਲੰਗਰ ਸੁੱਟ ਦਿੱਤੇ ਹਨ। ਹਾਲਾਂਕਿ, ਕੁਝ ਈਰਾਨੀ ਅਤੇ ਚੀਨੀ ਜਹਾਜ਼ ਸੋਮਵਾਰ ਨੂੰ ਉੱਥੋਂ ਲੰਘੇ ਹਨ।

ਕੇਪਲਰ ਦੇ ਹੋਮਾਯੂਨ ਫਲਕਸ਼ਾਹੀ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, "ਈਰਾਨ ਦੀਆਂ ਧਮਕੀਆਂ ਕਾਰਨ ਇਹ ਜਲਡਮਰੂ ਪ੍ਰਭਾਵੀ ਰੂਪ ਵਿੱਚ ਬੰਦ ਹੈ।" "ਖਤਰਾ ਬਹੁਤ ਜ਼ਿਆਦਾ ਹੈ ਅਤੇ ਬੀਮਾ ਲਾਗਤਾਂ ਤੇਜ਼ੀ ਨਾਲ ਵਧੀਆਂ ਹਨ, ਇਸ ਲਈ ਜਹਾਜ਼ਾਂ ਨੇ ਸਾਵਧਾਨੀ ਵਜੋਂ ਇੱਥੇ ਦਾਖਲ ਨਾ ਹੋਣ ਦਾ ਫੈਸਲਾ ਕੀਤਾ ਹੈ।"

ਡੇਨਮਾਰਕ ਦੀ ਕੰਟੇਨਰ ਸ਼ਿਪਿੰਗ ਕੰਪਨੀ 'ਮਰਸਕ' ਨੇ ਐਤਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਬਾਬ ਅਲ-ਮੰਦਬ ਸਟ੍ਰੇਟ ਅਤੇ ਸਵੇਜ਼ ਨਹਿਰ ਰਾਹੀਂ ਲੰਘਣ ਵਾਲੀਆਂ ਸੇਵਾਵਾਂ ਨੂੰ ਆਰਜ਼ੀ ਤੌਰ 'ਤੇ ਰੋਕ ਰਹੀ ਹੈ।

ਹੋਰਮੁਜ਼ ਸਟ੍ਰੇਟ ਕਿੱਥੇ ਹੈ ਅਤੇ ਇਹ ਇੰਨਾ ਮਹੱਤਵਪੂਰਨ ਕਿਉਂ ਹੈ?

ਹੋਰਮੁਜ਼ ਸਟ੍ਰੇਟ

ਤਸਵੀਰ ਸਰੋਤ, Getty Images

ਫ਼ਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਦੇ ਵਿਚਕਾਰ ਸਥਿਤ 'ਹੋਰਮੁਜ਼ ਸਟ੍ਰੇਟ', ਈਰਾਨ ਅਤੇ ਓਮਾਨ ਦੀ ਸਮੁੰਦਰੀ ਸਰਹੱਦ ਦੇ ਵਿਚਕਾਰ ਆਉਂਦਾ ਹੈ। ਇਹ ਇੱਕ ਤੰਗ ਜਲ ਮਾਰਗ ਹੈ, ਜੋ ਇੱਕ ਜਗ੍ਹਾ 'ਤੇ ਸਿਰਫ਼ 33 ਕਿਲੋਮੀਟਰ ਹੀ ਚੌੜਾ ਹੈ।

ਇਸਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੁਨੀਆ ਦੀ ਕੁੱਲ ਤੇਲ ਸਪਲਾਈ ਦਾ ਲਗਭਗ ਪੰਜਵਾਂ ਹਿੱਸਾ ਇਸੇ ਰਸਤੇ ਰਾਹੀਂ ਗੁਜ਼ਰਦਾ ਹੈ।

ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕੁਵੈਤ ਅਤੇ ਈਰਾਨ ਵਰਗੇ ਦੇਸਾਂ ਤੋਂ ਨਿਰਯਾਤ ਹੋਣ ਵਾਲਾ ਕੱਚਾ ਤੇਲ ਇਸੇ ਸਟ੍ਰੇਟ ਰਾਹੀਂ ਦੂਜੇ ਦੇਸਾਂ ਤੱਕ ਪਹੁੰਚਦਾ ਹੈ। ਇਸ ਤੋਂ ਇਲਾਵਾ, ਕਤਰ ਵੀ ਆਪਣੇ ਨਿਰਯਾਤ ਲਈ ਇਸੇ ਰਸਤੇ 'ਤੇ ਨਿਰਭਰ ਹੈ।

ਸਾਲ 1980 ਤੋਂ 1988 ਤੱਕ ਚੱਲੀ ਈਰਾਨ-ਇਰਾਕ ਜੰਗ ਦੌਰਾਨ, ਦੋਵਾਂ ਦੇਸਾਂ ਨੇ ਇਸੇ ਜਲ ਮਾਰਗ ਵਿੱਚ ਇੱਕ-ਦੂਜੇ ਦੀ ਤੇਲ ਸਪਲਾਈ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਸੰਘਰਸ਼ ਨੂੰ ਇਤਿਹਾਸ ਵਿੱਚ 'ਟੈਂਕਰ ਜੰਗ' (Tanker War) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)