‘ਭਾਰਤ-ਪਾਕਿਸਤਾਨ ਬਾਰਡਰ 'ਤੇ ਖੜ੍ਹੇ ਹੋ ਕੇ ਚਾਹ-ਪਾਣੀ ਦੀ ਸੁਲ੍ਹਾ ਮਾਰਨ ਵਾਲੇ ਮੁੰਡੇ ਦੀ ਤਾਂਘ ਪੂਰੀ ਨਹੀਂ ਹੋਣੀ’ - ਹਨੀਫ਼ ਦਾ ਵਲੌਗ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
- ਪੜ੍ਹਨ ਦਾ ਸਮਾਂ: 4 ਮਿੰਟ
ਇੰਡੀਆ ਪਾਕਿਸਤਾਨ ਵਿੱਚ ਪੰਜਾਬ ਦੇ ਬਾਰਡਰ ਉੱਤੇ ਖੜ੍ਹੇ ਇੱਕ ਪਾਕਿਸਤਾਨੀ ਮੁੰਡੇ ਦੀ ਵੀਡੀਓ ਵੇਖੀ। ਮੁੰਡਾ ਉੱਚੀ ਆਵਾਜ਼ ਵਿੱਚ ਕਹਿ ਰਿਹਾ ਸੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ, ਆਓ ਚਾਹ ਪਾਣੀ ਕਰ ਲਈਏ।
ਮੈਨੂੰ ਵੀਡੀਓ ਵੇਖ ਕੇ ਵੰਡ ਤੋਂ ਪਹਿਲਾਂ ਦੇ ਬਾਬੇ ਯਾਦ ਆ ਗਏ। ਅੱਜ ਵੀ ਦੋਹਾਂ ਪਾਸੇ ਹਰ ਪਿੰਡ ਵਿੱਚ, ਹਰ ਮੁਹੱਲੇ ਵਿੱਚ, ਇੱਕ ਅੱਧਾ ਅਜੇ ਬਚਿਆ ਹੈ, ਜਿਸ ਨੂੰ ਬੁਢਾਪੇ 'ਚ ਵੰਡ ਤੋਂ ਪਹਿਲਾਂ ਦਾ ਬਚਪਨ ਬਹੁਤ ਯਾਦ ਆਉਂਦਾ ਹੈ।
ਜਿਹੜਾ ਕਹਿੰਦਾ ਰਹਿੰਦਾ ਹੈ ਇੱਕ ਸਰਦਾਰ ਮੇਰਾ ਯਾਰ ਹੁੰਦਾ ਸੀ, ਉਹ ਮੇਰਾ ਜੋਟੀਦਾਰ ਸੀ। ਅਸੀਂ ਬੜੀਆਂ ਸ਼ਰਾਰਤਾਂ ਕਰਦੇ ਸੀ। ਉਹ ਮੇਰੇ ਭਰਾਵਾਂ ਵਰਗਾ ਸੀ। ਉਹ ਹੁਣ ਬਾਰਡਰ ਪਾਰ ਰਹਿ ਗਿਆ, ਪਤਾ ਨਹੀਂ ਜਿਉਂਦਾ ਹੋਵੇਗਾ ਜਾਂ ਮਰ ਗਿਆ।
ਕੋਈ ਮਾਈ ਵੀ ਮਿਲ ਜਾਵੇਗੀ, ਜਿਸ ਨੂੰ ਕੋਈ ਪੁਰਾਣੀ ਸਹੇਲੀ ਯਾਦ ਆ ਜਾਵੇਗੀ। ਉਹ ਕਹੇਗੀ ਕਿ ਉਹ ਮੇਰੀਆਂ ਭੈਣਾਂ ਵਰਗੀ ਸੀ। ਉਹ ਹਿੰਦੂ ਸੀ ਪਰ ਉਦੋਂ ਹਿੰਦੂ-ਮੁਸਲਮਾਨ ਦਾ ਕੋਈ ਫ਼ਰਕ ਨਹੀਂ ਸੀ। ਘਰੋਂ ਲੁਕ ਕੇ ਸਾਡੇ ਘਰ ਆ ਕੇ ਮਾਸ ਵੀ ਖਾ ਲੈਂਦੀ ਸੀ।
ਇਹ ਗੱਲਾਂ ਨੇ ਵੰਡ ਤੋਂ ਪਹਿਲਾਂ ਦੀ ਆਖਰੀ ਨਸਲ ਦੀਆਂ, ਜਿਹੜੀ ਹੋਰ ਕੁਝ ਵਰ੍ਹਿਆਂ ਤੱਕ ਇਨ੍ਹਾਂ ਯਾਦਾਂ ਨੂੰ ਲੈ ਕੇ ਇਸ ਦੁਨੀਆ ਤੋਂ ਤੁਰ ਜਾਵੇਗੀ। ਉਨ੍ਹਾਂ ਦੇ ਬਚਪਨ ਦੇ ਸੱਜਣਾਂ ਦੀਆਂ ਯਾਦਾਂ, ਉਨ੍ਹਾਂ ਦੇ ਪਿਆਰ, ਉਨ੍ਹਾਂ ਦੇ ਵੈਰ, ਸਾਰੇ ਮਣਾਂ ਮਿੱਟੀ ਥੱਲੇ ਦਫ਼ਨ ਹੋ ਜਾਣਗੇ।
"ਤਜਰਬਾ ਕਹਿੰਦਾ ਮੁੰਡੇ ਦੀ ਤਾਂਘ ਪੂਰੀ ਨਹੀਂ ਹੋਣੀ"
ਆਉਣ ਵਾਲਾ ਵੇਲਾ ਉਸ ਮੁੰਡੇ ਦਾ ਹੈ ਜਿਹੜਾ ਬਾਰਡਰ 'ਤੇ ਖੜ੍ਹਾ ਕੇ ਆਪਣੇ ਪੰਜਾਬੀ ਗੁਆਂਢੀਆਂ ਨੂੰ ਚਾਹ-ਪਾਣੀ ਦੀ ਸੁਲ੍ਹਾ ਮਾਰ ਰਿਹਾ ਹੈ। ਉਸ ਨੇ ਇੰਡੀਆ ਵੀ ਅਤੇ ਇੰਡੀਆ ਦੇ ਪੰਜਾਬੀ ਵੀ ਸਿਰਫ਼ ਫਿਲਮਾਂ 'ਚ ਵੇਖੇ ਹਨ।
ਨਾ ਉਸਦਾ ਕੋਈ ਸੱਜਣ ਹੈ, ਨਾ ਉਸਦਾ ਕੋਈ ਵੈਰੀ। ਉਸ ਨੇ ਨਾਲ ਦਾ ਪਿੰਡ ਵੇਖ ਕੇ ਸੋਚਿਆ ਹੋਵੇਗਾ ਕਿ ਵਿੱਚ ਚਾਰ ਪੈਲੀਆਂ ਹਨ ਅਤੇ ਇੱਕ ਬਾਰਡਰ 'ਤੇ ਲੱਗੀ ਬਿਜਲੀ ਵਾਲੀ ਤਾਰ। ਗੁਆਂਢੀਆਂ ਨੂੰ ਬੰਦਾ ਕਿਉਂ ਨਹੀਂ ਮਿਲ ਸਕਦਾ। ਚਲੋ, ਆਵਾਜ਼ ਮਾਰ ਕੇ ਚਾਹ-ਪਾਣੀ ਤਾਂ ਪੁੱਛ ਹੀ ਸਕਦਾ ਹੈ।
ਤਜਰਬਾ ਕਹਿੰਦਾ ਹੈ ਕਿ ਮੁੰਡੇ ਦੀ ਤਾਂਘ ਪੂਰੀ ਨਹੀਂ ਹੋਣੀ। 15-20 ਵਰ੍ਹੇ ਪਹਿਲਾਂ ਮਾਹੌਲ ਸੀ ਕਿ ਲਾਹੌਰ ਤੋਂ ਅੰਮ੍ਰਿਤਸਰ ਤੱਕ ਬੱਸ ਚੱਲਦੀ ਸੀ। ਥੋੜ੍ਹੇ-ਬਹੁਤ ਪਰ ਵੀਜ਼ੇ ਮਿਲ ਹੀ ਜਾਂਦੇ ਸਨ।
ਕਦੇ ਅਦੀਬ ਸ਼ਾਇਰਾਂ ਨੂੰ, ਕਦੇ ਗੁਰਦੇ ਦੇ ਮਰੀਜ਼ ਨੂੰ। ਐਲੀਟ ਨੂੰ ਵੀਜ਼ੇ ਮਿਲਦੇ ਸਨ, ਮੇਲਿਆਂ-ਠੇਲਿਆਂ ਦੇ, ਅਦਬੀ ਮੇਲਿਆਂ ਦੇ, ਕਾਨਫਰੰਸਾਂ ਦੇ।
ਉਹ ਉੱਥੇ ਮੁਫ਼ਤੇ ਲਾ ਕੇ, ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਘਰ ਵਾਪਸ ਆ ਜਾਂਦੇ ਸਨ ਤੇ ਕਦੇ ਕਿਸੇ ਮਜਬੂਰ ਮਰੀਜ਼ ਦੀ ਸੁਣੀ ਜਾਂਦੀ ਸੀ, ਉਹ ਇੰਡੀਆ ’ਚੋਂ ਜਾ ਕੇ ਸਸਤਾ ਆਪ੍ਰੇਸ਼ਨ ਕਰਵਾ ਲੈਂਦਾ ਸੀ।
ਮੈਂ ਵੀ ਉਸ ਜ਼ਮਾਨੇ 'ਚ ਬੜੇ ਮੇਲੇ ਲੁੱਟੇ ਹਨ। 15-20 ਸਾਲਾਂ ਤੋਂ ਇਹ ਕੰਮ ਬੰਦ ਹੈ। ਇੰਡੀਆ ਦੇ ਪੁਰਾਣੇ ਬੇਲੀਆਂ ਨਾਲ ਮੁਲਾਕਾਤ ਹੁਣ ਕਿਸੇ ਬਾਹਰਲੇ ਮੁਲਕ ਹੀ ਹੁੰਦੀ ਹੈ।
ਦੋ ਕੁ ਪੁਰਾਣੇ ਸੰਗੀ ਮਿਲ ਗਏ, ਜਿਹੜੇ ਕਦੇ ਕ੍ਰਿਕਟ ਮੈਚ ਕਵਰ ਕਰਨ, ਕਦੇ ਕਿਸੇ ਅਦਬੀ ਮੇਲੇ 'ਚ ਪਾਕਿਸਤਾਨ ਆ ਚੁੱਕੇ ਸਨ। ਉਹ ਮੈਨੂੰ ਕਰਾਚੀ ਦੇ ਬੰਸ ਰੋਡ ਦੀਆਂ ਗੱਲਾਂ ਸੁਣਾਉਣ, ਮੈਂ ਉਨ੍ਹਾਂ ਨੂੰ ਕਲਕੱਤਾ ਦੇ ਬਾਜ਼ਾਰਾਂ ਦੇ ਕਿੱਸੇ ਸੁਣਾਵਾਂ।
ਇੱਕ ਹੋਰ ਬੇਲੀ ਨੂੰ ਯਾਦ ਕੀਤਾ, ਜਿਹੜਾ ਆਇਆ ਤਾਂ ਕ੍ਰਿਕਟ ਸੀਰੀਜ਼ ਕਵਰ ਕਰਨ ਸੀ ਪਰ ਇਸ ਬਹਾਨੇ ਉਸਨੇ ਪਾਕਿਸਤਾਨ 'ਤੇ ਸੋਹਣੀ ਕਿਤਾਬ ਲਿਖੀ, ਜਿਸ ਦਾ ਨਾਂਅ ਸੀ 'ਪੰਡਿਤ ਫਰਾਮ ਪਾਕਿਸਤਾਨ'।
ਅਸੀਂ ਅੱਧਾ ਕੁ ਘੰਟਾ ਇਹ ਗੱਪਾਂ ਮਾਰਦੇ ਰਹੇ ਤੇ ਮੈਨੂੰ ਪਾਰਟੀਸ਼ਨ ਤੋਂ ਪਹਿਲਾਂ ਦੇ ਬਾਬੇ ਯਾਦ ਆ ਗਏ। ਉਨ੍ਹਾਂ ਨੂੰ ਵੀ ਪਤਾ ਸੀ ਕਿ ਉਨ੍ਹਾਂ ਨੇ ਆਪਣੇ ਬਚਪਨ ਦੇ ਪਿੰਡ ਕਦੇ ਨਹੀਂ ਜਾਣਾ, ਨਾ ਉਨ੍ਹਾਂ ਨੂੰ ਕਦੇ ਇਹ ਪਤਾ ਲੱਗਣਾ ਕਿ ਉਨ੍ਹਾਂ ਦੇ ਬਚਪਨ ਦਾ ਬੇਲੀ ਜਿਉਂਦਾ ਹੈ ਜਾਂ ਮਰ ਗਿਆ।

ਤਸਵੀਰ ਸਰੋਤ, Getty Images
"ਉਨ੍ਹਾਂ ਨੂੰ ਵੀ ਪਤਾ ਹੈ ਕਿ ਸੱਦਾ ਕਿਸੇ ਨੇ ਨਹੀਂ ਭੇਜਣਾ"
ਸਾਡੇ ਵਰਗੇ ਨਵੇਂ-ਨਵੇਂ ਬਾਬੇ ਕਦੇ ਬੰਗਲੌਰ, ਕਦੇ ਕੋਚੀਨ, ਕਦੇ ਕਲਕੱਤਾ ਦੇ ਬਾਜ਼ਾਰਾਂ 'ਚ ਘੁੰਮ ਆਉਂਦੇ ਸਨ ਤੇ ਉਹ ਇੰਡੀਆ ਵਾਲੇ ਜਿਹੜੇ ਕਦੇ ਅਨਾਰਕਲੀ ਤੇ ਕਲਿਫ਼ਟਨ ਦੇ ਬੀਚ ਵੇਖ ਚੁੱਕੇ ਹਨ, ਉਨ੍ਹਾਂ ਨੂੰ ਵੀ ਪਤਾ ਹੈ ਕਿ ਹੁਣ ਉਨ੍ਹਾਂ ਨੂੰ ਕਿਸੇ ਨੇ ਸੱਦਾ ਨਹੀਂ ਭੇਜਣਾ।
ਕਿਤਾਬਾਂ 'ਚ ਪੜ੍ਹਿਆ ਹੈ ਤੇ ਕਿਤੇ ਫਿਲਮ 'ਚ ਵੀ ਵੇਖਿਆ ਹੈ ਕਿ ਵੰਡ ਤੋਂ ਫੌਰਨ ਬਾਅਦ ਜਦੋਂ ਅਜੇ ਬਾਰਡਰ 'ਤੇ ਬਿਜਲੀ ਵਾਲੀਆਂ ਤਾਰਾਂ ਨਹੀਂ ਲੱਗੀਆਂ ਸਨ ਤੇ ਨਵੇਂ-ਨਵੇਂ ਵਿਛੜੇ ਪੰਜਾਬੀ ਰਾਤ ਨੂੰ ਬਾਰਡਰ ਦੇ ਖੇਤਾਂ 'ਚ ਲੁਕ ਕੇ ਆ ਕੇ ਮਿਲ ਲੈਂਦੇ ਸਨ ਅਤੇ ਨਾਲ ਆਪਣੇ ਘਰਾਂ ਦੀਆਂ, ਪਿੰਡਾਂ ਦੀਆਂ ਸੌਗਾਤਾਂ ਵੀ ਲੈ ਆਉਂਦੇ ਸਨ।
ਇਧਰੋਂ ਕੋਈ ਲੱਸੀ ਲੈ ਜਾਂਦਾ ਸੀ, ਉਧਰੋਂ ਕੋਈ ਜਲੇਬ ਲੈ ਆਉਂਦਾ ਸੀ। ਹੁਣ ਬਾਰਡਰ 'ਤੇ ਮੁੰਡਾ ਖੜ੍ਹਾ ਹੋ ਕੇ ਅਵਾਜ਼ਾਂ ਮਾਰਦਾ ਰਹੇ, ਖੁਆਬ ਵੇਖਦੇ ਰਹੇ, ਗੁਆਂਢੀਆਂ ਨੂੰ ਚਾਹ-ਪਾਣੀ ਦਾ ਪੁੱਛਦਾ ਰਹੇ ਤੇ ਇਸ ਉਮੀਦ 'ਚ ਰਹੇ ਕਿ ਅੱਗੋਂ ਇੱਕ ਦਿਨ ਜਵਾਬ ਆਵੇਗਾ ਕਿ 'ਤੁਸੀਂ ਚੁੱਲ੍ਹੇ 'ਤੇ ਚਾਹ ਰੱਖੋ, ਅਸੀਂ ਜਲੇਬੀਆਂ ਲੈ ਕੇ ਆ ਰਹੇ ਹਾਂ।'
ਰੱਬ ਰਾਖਾ!
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)



































