"ਮੈਂ ਉੱਨੇ ਬੱਚੇ ਪੈਦਾ ਕਰਾਂਗੀ ਜਿੰਨੇ ਮੇਰਾ ਸਰੀਰ ਸੰਭਾਲ ਸਕਦਾ ਹੈ", ਯੂਕਰੇਨ ਦੀਆਂ ਇਹ ਔਰਤਾਂ ਸਰੋਗੇਟ ਮਾਂ ਬਣਨ ਨੂੰ ਕਿਉਂ ਤਰਜੀਹ ਦੇ ਰਹੀਆਂ ਹਨ

- ਲੇਖਕ, ਸੋਫੀਆ ਬੇਟਿਜ਼ਾ
- ਰੋਲ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 12 ਮਿੰਟ
ਕਰੀਨਾ ਛੇ ਮਹੀਨੇ ਦੇ ਗਰਭਵਤੀ ਹਨ, ਪਰ ਜਿਸ ਬੱਚੇ ਨੂੰ ਉਹ ਆਪਣੀ ਕੁੱਖ ਵਿੱਚ ਪਾਲ ਰਹੇ ਹਨ, ਉਹ ਉਨ੍ਹਾਂ ਦਾ ਆਪਣਾ ਬੱਚਾ ਨਹੀਂ ਹੈ।
ਪੂਰਬੀ ਯੂਕਰੇਨ ਵਿੱਚ ਰਹਿਣ ਵਾਲੇ 22 ਸਾਲਾ ਕਰੀਨਾ ਇੱਕ ਸਰੋਗੇਟ ਮਾਂ ਹਨ। ਉਹ ਚੀਨ ਵਿੱਚ ਰਹਿਣ ਵਾਲੇ ਇੱਕ ਜੋੜੇ ਦੇ ਅੰਡਾਣੂ ਅਤੇ ਸ਼ੁਕਰਾਣੂ ਤੋਂ ਬਣੇ ਭਰੂਣ ਨੂੰ ਆਪਣੀ ਕੁੱਖ ਵਿੱਚ ਪਾਲ਼ ਰਹੇ ਹਨ।
ਕਰੀਨਾ ਦਾ ਘਰ ਉਸ ਵੇਲੇ ਤਬਾਹ ਹੋ ਗਿਆ ਸੀ ਜਦੋਂ ਉਨ੍ਹਾਂ ਦਾ ਸ਼ਹਿਰ ਬਖਮੁਤ, ਸਾਲ 2022 ਵਿੱਚ ਯੂਕਰੇਨ 'ਤੇ ਰੂਸੀ ਹਮਲੇ ਦੇ ਸ਼ੁਰੂਆਤੀ ਪੜਾਅ ਵਿੱਚ ਜੰਗ ਦੇ ਮੈਦਾਨਾਂ ਵਿੱਚੋਂ ਇੱਕ ਬਣ ਗਿਆ ਸੀ। ਉਸ ਵੇਲੇ ਕਰੀਨਾ ਸਿਰਫ਼ 17 ਸਾਲਾਂ ਦੇ ਸਨ।
ਸ਼ਹਿਰ ਦਾ ਜ਼ਿਆਦਾਤਰ ਹਿੱਸਾ ਮਲਬੇ ਅਤੇ ਸੁਆਹ ਵਿੱਚ ਤਬਦੀਲ ਹੋ ਜਾਣ ਤੋਂ ਬਾਅਦ, ਉਹ ਅਤੇ ਉਨ੍ਹਾਂ ਦੇ ਪਾਰਟਨਰ ਕੀਵ ਚਲੇ ਗਏ, ਪਰ ਉੱਥੇ ਵੀ ਉਨ੍ਹਾਂ ਨੂੰ ਕੋਈ ਟਿਕਾਊ ਕੰਮ ਮਿਲਣਾ ਮੁਸ਼ਕਲ ਹੋ ਗਿਆ।
ਇੱਕ ਦਿਨ, ਜਦੋਂ ਕਰੀਨਾ ਇੱਕ ਦੁਕਾਨ ਵਿੱਚ ਸਨ ਅਤੇ ਉਨ੍ਹਾਂ ਕੋਲ ਆਪਣੀ ਡੇਢ ਸਾਲ ਦੀ ਧੀ ਲਈ ਬ੍ਰੈੱਡ ਅਤੇ ਡਾਇਪਰ ਖਰੀਦਣ ਲਈ ਵੀ ਚੱਜ ਨਾਲ ਪੈਸੇ ਨਹੀਂ ਸਨ, ਤਾਂ ਉਸ ਨੇ ਪੈਸੇ ਲੈਕੇ ਸਰੋਗੇਟ ਮਾਂ ਬਣਨ ਦਾ ਫ਼ੈਸਲਾ ਕੀਤਾ।
ਉਹ ਸਪਸ਼ਟ ਕਹਿੰਦੇ ਹਨ ਕਿ ਜੇਕਰ ਰੂਸੀ ਹਮਲਾ ਨਾ ਹੋਇਆ ਹੁੰਦਾ, ਤਾਂ ਉਹ ਕਦੇ ਵੀ ਸਰੋਗੇਟ ਮਾਂ ਨਾ ਬਣਦੇ।
ਇਸ ਹਮਲੇ ਕਾਰਨ ਲੱਖਾਂ ਲੋਕਾਂ ਦੀਆਂ ਨੌਕਰੀਆਂ ਅਤੇ ਕਾਰੋਬਾਰ ਚਲੇ ਗਏ ਹਨ, ਮਹਿੰਗਾਈ ਹੱਦੋਂ ਵਧ ਗਈ ਹੈ ਅਤੇ ਯੂਕਰੇਨ ਦੇ ਸਕਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਭਾਰੀ ਗਿਰਾਵਟ ਆਈ ਹੈ।
ਕਰੀਨਾ ਕਹਿੰਦੇ ਹਨ ਕਿ "ਸ਼ੁਰੂ ਵਿੱਚ ਸਰੋਗੇਟ ਮਾਂ ਬਣਨ ਦੇ ਵਿਚਾਰ 'ਤੇ ਮੈਨੂੰ ਬਹੁਤ ਗੁੱਸਾ ਆਇਆ ਸੀ, ਪਰ ਹੁਣ ਮੈਂ ਇਸ ਨੂੰ ਬਸ ਸਵੀਕਾਰ ਕਰ ਲਿਆ ਹੈ।''
ਕਰੀਨਾ ਫਿਲਹਾਲ ਕੀਵ ਦੇ ਬਾਹਰੀ ਇਲਾਕੇ ਵਿੱਚ ਇੱਕ ਅਪਾਰਟਮੈਂਟ ਵਿੱਚ ਰਹਿੰਦੇ ਹਨ, ਜੋ ਉਨ੍ਹਾਂ ਨੂੰ ਉਨ੍ਹਾਂ ਦੇ ਸਰੋਗੇਸੀ ਕਲੀਨਿਕ ਵੱਲੋਂ ਦਿੱਤਾ ਗਿਆ ਹੈ।
ਉਹ ਇੱਕ ਬੱਚੀ ਨੂੰ ਜਨਮ ਦੇਣ ਵਾਲੇ ਹਨ।
ਉਨ੍ਹਾਂ ਨੂੰ ਲਗਭਗ 17,000 ਅਮਰੀਕੀ ਡਾਲਰ ਮਿਲਣਗੇ, ਜੋ ਯੂਕਰੇਨ ਦੀ ਔਸਤ ਤਨਖ਼ਾਹ ਤੋਂ ਦੁੱਗਣੇ ਹਨ। ਹਾਲਾਂਕਿ, ਉਨ੍ਹਾਂ ਨੂੰ ਇਸ ਰਕਮ ਦਾ ਜ਼ਿਆਦਾਤਰ ਹਿੱਸਾ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹੀ ਮਿਲੇਗਾ।
ਕਰੀਨਾ ਨੂੰ 21,000 ਅਮਰੀਕੀ ਡਾਲਰ ਮਿਲਣੇ ਸਨ, ਪਰ ਜਦੋਂ ਉਨ੍ਹਾਂ ਦੀ ਕੁੱਖ ਵਿੱਚ ਪਲ ਰਹੇ ਜੁੜਵਾਂ ਬੱਚਿਆਂ ਵਿੱਚੋਂ ਇੱਕ ਦੀ ਮੌਤ ਹੋ ਗਈ, ਤਾਂ ਉਨ੍ਹਾਂ ਦੇ ਭੁਗਤਾਨ ਵਿੱਚ ਕਟੌਤੀ ਕਰ ਦਿੱਤੀ ਗਈ, ਜਿਵੇਂ ਕਿ ਉਨ੍ਹਾਂ ਦੇ ਇਕਰਾਰਨਾਮੇ (ਕਾਂਟ੍ਰੈਕਟ) ਵਿੱਚ ਪਹਿਲਾਂ ਤੋਂ ਤੈਅ ਸੀ।
ਸ਼ੁਰੂਆਤ ਵਿੱਚ ਹਿਚਕਿਚਾਉਣ ਦੇ ਬਾਵਜੂਦ, ਕਰੀਨਾ ਹੁਣ ਸਰੋਗੇਟ ਮਾਂ ਵਜੋਂ ਓਨੇ ਬੱਚੇ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿੰਨੇ ਉਨ੍ਹਾਂ ਦਾ ਸਰੀਰ ਸੰਭਾਲ ਸਕਦਾ ਹੈ, ਤਾਂ ਜੋ ਉਹ ਪੈਸੇ ਬਚਾ ਕੇ ਆਪਣਾ ਇੱਕ ਘਰ ਖਰੀਦ ਸਕਣ।
ਪਰ ਇਹ ਫ਼ੈਸਲਾ ਖ਼ਤਰਨਾਕ ਹੋ ਸਕਦਾ ਹੈ।
ਯੂਕਰੇਨ ਵਿੱਚ ਸਰੋਗੇਸੀ

ਤਸਵੀਰ ਸਰੋਤ, Getty Images
ਜੰਗ ਤੋਂ ਪਹਿਲਾਂ, ਯੂਕਰੇਨ ਨੂੰ ਵਿਆਪਕ ਤੌਰ 'ਤੇ ਵਪਾਰਕ ਸਰੋਗੇਸੀ ਲਈ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਸੀ। ਇਸ ਮਾਮਲੇ ਵਿੱਚ ਉਹ ਸਿਰਫ਼ ਸੰਯੁਕਤ ਰਾਜ ਅਮਰੀਕਾ ਤੋਂ ਹੀ ਪਿੱਛੇ ਸੀ। ਹਾਲਾਂਕਿ ਇਸ ਜੰਗ ਕਾਰਨ ਹਾਲਤ ਬਦਲ ਗਏ ਸਨ ਪਰ ਮਾਹਿਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਇਹ ਮਾਮਲੇ ਲਗਭਗ ਜੰਗ ਤੋਂ ਪਹਿਲਾਂ ਵਾਲੇ ਪੱਧਰ 'ਤੇ ਵਾਪਸ ਆ ਗਏ ਹਨ।
ਪਰ, ਯੂਕਰੇਨ ਦੀ ਸੰਸਦ ਹੁਣ ਇੱਕ ਅਜਿਹੇ ਬਿੱਲ 'ਤੇ ਵਿਚਾਰ ਕਰ ਰਹੀ ਹੈ ਜਿਸ ਨਾਲ ਇਸ ਖੇਤਰ 'ਤੇ ਹੋਰ ਵੀ ਸਖ਼ਤ ਨਿਗਰਾਨੀ ਰੱਖੀ ਜਾ ਸਕੇਗੀ ਅਤੇ ਵਿਦੇਸ਼ੀਆਂ ਲਈ ਇਸ ਤੱਕ ਪਹੁੰਚ 'ਤੇ ਰੋਕ ਲੱਗ ਜਾਵੇਗੀ। ਅਜਿਹੇ ਮਾਮਲਿਆਂ ਵਿੱਚ 95% ਸੰਭਾਵਿਤ ਮਾਪੇ ਵਿਦੇਸ਼ੀ ਹੁੰਦੇ ਹਨ।
ਇਨ੍ਹਾਂ ਪ੍ਰਸਤਾਵਾਂ ਨੂੰ ਸੰਸਦ ਵਿੱਚ ਵਿਆਪਕ ਸਮਰਥਨ ਹਾਸਲ ਹੈ।
ਇਸ ਪ੍ਰੋਜੈਕਟ ਦਾ ਮਕਸਦ ਉਸ ਖੇਤਰ ਨੂੰ ਹੋਰ ਵੀ ਸਖ਼ਤੀ ਨਾਲ ਨਿਯੰਤਰਿਤ ਕਰਨਾ ਹੈ ਜਿਸ 'ਤੇ ਪ੍ਰਜਣਨ ਨੂੰ ਇੱਕ ਵਸਤੂ ਬਣਾਉਣ ਅਤੇ ਗਰੀਬ ਅਤੇ ਕਮਜ਼ੋਰ ਮਹਿਲਾਵਾਂ ਦਾ ਸ਼ੋਸ਼ਣ ਕਰਨ ਦੇ ਇਲਜ਼ਾਮ ਹਨ।
ਇਸ ਦੇ ਸਮਰਥਕ ਇਹ ਦਲੀਲ ਵੀ ਦਿੰਦੇ ਹਨ ਕਿ ਯੂਕਰੇਨੀ ਮਹਿਲਾਵਾਂ ਨੂੰ ਅਜਿਹੇ ਸਮੇਂ ਵਿੱਚ ਵਿਦੇਸ਼ੀਆਂ ਲਈ ਬੱਚੇ ਪੈਦਾ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ, ਜਦੋਂ ਜੰਗ ਕਾਰਨ ਜਨਮ ਦਰ ਵਿੱਚ ਭਾਰੀ ਗਿਰਾਵਟ ਆਈ ਹੈ। ਹਾਲਾਂਕਿ, ਸਰਕਾਰੀ ਅੰਕੜਿਆਂ ਦੇ ਅਨੁਸਾਰ, ਸਰੋਗੇਸੀ ਤੋਂ ਹੋਣ ਵਾਲੇ ਜਨਮ ਕੁੱਲ ਜਨਮਾਂ ਦਾ ਇੱਕ ਛੋਟਾ ਜਿਹਾ ਹਿੱਸਾ ਹਨ।
ਮਾਰੀਆ ਦਿਮਿਤਰੀਵਾ ਦੱਸਦੇ ਹਨ, "ਜੰਗ ਦੇ ਕਾਰਨ ਬੇਸਹਾਰਾ ਮਹਿਲਾਵਾਂ ਦੀ ਗਿਣਤੀ ਵਧ ਰਹੀ ਹੈ ਅਤੇ ਕਲੀਨਿਕ ਉਨ੍ਹਾਂ ਨੂੰ ਇਹ ਮੌਕਾ ਦੇ ਰਹੇ ਹਨ ਕਿਉਂਕਿ ਪੱਛਮੀ ਜੋੜੇ ਸਸਤੇ ਬੱਚੇ ਖਰੀਦਣਾ ਚਾਹੁੰਦੇ ਹਨ।''
ਮਾਰੀਆ ਮਹਿਲਾਵਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਇੱਕ ਮਹਿਲਾ ਕਾਰਕੁਨ ਹਨ ਜੋ ਨੈਤਿਕ ਆਧਾਰ 'ਤੇ ਸਰੋਗੇਸੀ ਦੇ ਸਾਰੇ ਰੂਪਾਂ ਦਾ ਵਿਰੋਧ ਕਰਦੇ ਹਨ ਅਤੇ ਮੰਨਦੇ ਹਨ ਕਿ ਪ੍ਰਸਤਾਵਿਤ ਕਾਨੂੰਨ ਕਾਫ਼ੀ ਨਹੀਂ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਯੂਕਰੇਨ ਵਿੱਚ ਇਸ ਕੰਮ 'ਤੇ ਪੂਰੀ ਤਰ੍ਹਾਂ ਰੋਕ ਲੱਗ ਜਾਣੀ ਚਾਹੀਦੀ ਹੈ।

ਮਾਰੀਆ ਇਲਜ਼ਾਮ ਲਗਾਉਂਦੇ ਹਨ ਕਿ ਕਲੀਨਿਕ ਗਰੀਬ ਮਹਿਲਾਵਾਂ ਨੂੰ ਸ਼ਰੇਆਮ ਨਿਸ਼ਾਨਾ ਬਣਾਉਂਦੇ ਹਨ। ਆਪਣੀ ਗੱਲ ਦੇ ਸਮਰਥਨ ਲਈ ਉਹ ਸੋਸ਼ਲ ਮੀਡੀਆ 'ਤੇ ਦਿਖਾਈ ਦੇਣ ਵਾਲੇ ਵਿਗਿਆਪਨ ਵੀ ਦਿਖਾਉਂਦੇ ਹਨ।
ਅਜਿਹਾ ਹੀ ਇੱਕ ਵਿਗਿਆਪਨ ਸਪਸ਼ਟ ਤੌਰ 'ਤੇ ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਨਾਲ ਬਣਾਇਆ ਗਿਆ ਹੈ ਅਤੇ ਇਸ ਸਾਲ ਜਨਵਰੀ ਵਿੱਚ ਇੱਕ ਕਲੀਨਿਕ ਵੱਲੋਂ ਨਵੀਆਂ ਸਰੋਗੇਟ ਮਾਵਾਂ ਨੂੰ ਸ਼ਾਮਲ ਕਰਨ ਲਈ ਪ੍ਰਕਾਸ਼ਿਤ ਕੀਤਾ ਗਿਆ ਸੀ।
ਇਸ ਵਿਗਿਆਪਨ ਵਿੱਚ ਇੱਕ ਮਹਿਲਾ ਨੂੰ ਦਿਖਾਇਆ ਗਿਆ ਹੈ, ਜਿਸ ਨੂੰ ਆਪਣੇ ਚੁੱਲ੍ਹੇ ਨੂੰ ਬਾਲਣ ਲਈ ਲੱਕੜ ਖਰੀਦਣ ਜਾਂ ਆਪਣੇ ਬੱਚਿਆਂ ਲਈ ਕੱਪੜੇ ਖਰੀਦਣ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਹੋਣਾ ਪੈਂਦਾ ਹੈ। ਇਹ ਵਿਗਿਆਪਨ ਉਨ੍ਹਾਂ ਮੁਸ਼ਕਲਾਂ ਵੱਲ ਇਸ਼ਾਰਾ ਕਰਦਾ ਹੈ, ਜਿਨ੍ਹਾਂ ਦਾ ਸਾਹਮਣਾ ਜੰਗ ਦੌਰਾਨ ਕਈ ਯੂਕਰੇਨੀ ਮਹਿਲਾਵਾਂ ਨੂੰ ਕਰਨਾ ਪਿਆ ਹੈ।
ਸਾਲ 2021 ਵਿੱਚ ਯੂਕਰੇਨ ਦੇ ਸਭ ਤੋਂ ਵੱਡੇ ਸਰੋਗੇਸੀ ਕਲੀਨਿਕ, ਬਾਇਓ ਟੈਕਸ ਕਾਮ ਸੈਂਟਰ ਫਾਰ ਹਿਊਮਨ ਰੀਪ੍ਰੋਡਕਸ਼ਨ ਵੱਲੋਂ ਇੱਕ ਹੋਰ ਵਿਗਿਆਪਨ ਮੁਹਿੰਮ ਚਲਾਈ ਗਈ ਸੀ। ਉਸ ਵਿੱਚ ਸਰੋਗੇਸੀ ਤੋਂ ਹੋਣ ਵਾਲੇ ਬੱਚਿਆਂ ਲਈ "ਬਲੈਕ ਫ੍ਰਾਈਡੇ ਸੇਲ" ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਪ੍ਰਚਾਰ ਕੀਤਾ ਗਿਆ ਸੀ।
ਜਦੋਂ ਬੀਬੀਸੀ ਨੇ ਬਾਇਓ ਟੈਕਸ ਕਾਮ ਤੋਂ ਪੁੱਛਿਆ ਕਿ ਕੀ ਇਹ ਵਿਗਿਆਪਨ ਇਤਰਾਜ਼ਯੋਗ ਹੋ ਸਕਦੇ ਹਨ, ਤਾਂ ਬਾਇਓ ਟੈਕਸ ਕਾਮ ਨੇ ਕਿਹਾ ਕਿ ਸਰੋਗੇਸੀ ਵੱਲ ਲੋਕਾਂ ਦਾ ਧਿਆਨ ਖਿੱਚਣ ਵਿੱਚ ਇਹ ਵਿਗਿਆਪਨ ਪ੍ਰਭਾਵਸ਼ਾਲੀ ਸਨ।
ਇਸ ਕਲੀਨਿਕ ਦੇ ਕੰਮ ਨੂੰ ਲੈ ਕੇ ਵੀ ਇਸ ਦੀ ਆਲੋਚਨਾ ਹੋਈ ਹੈ। ਸਾਲ 2018 ਵਿੱਚ, ਸਰਕਾਰੀ ਵਕੀਲਾਂ ਨੇ ਇਸ ਦੇ ਸੀਈਓ, ਅਲਬਰਟ ਚੈਕੋਵਸਕੀ ਅਤੇ ਦੋ ਹੋਰ ਸਾਬਕਾ ਕਰਮਚਾਰੀਆਂ ਖ਼ਿਲਾਫ਼ ਮਨੁੱਖੀ ਤਸਕਰੀ ਸਮੇਤ ਕਈ ਅਪਰਾਧਾਂ ਦੇ ਸ਼ੱਕ ਵਿੱਚ ਜਾਂਚ ਸ਼ੁਰੂ ਕੀਤੀ ਸੀ।
ਇਹ ਦੱਸਿਆ ਗਿਆ ਸੀ ਕਿ "ਅੰਤਰਰਾਸ਼ਟਰੀ ਸਹਿਯੋਗ" ਅਤੇ ਵਿਦੇਸ਼ਾਂ ਤੋਂ ਜਾਣਕਾਰੀ ਇਕੱਠੀ ਕਰਨ ਲਈ ਸ਼ੁਰੂਆਤੀ ਜਾਂਚ ਨੂੰ ਰੋਕ ਦਿੱਤਾ ਗਿਆ ਸੀ।
ਬਾਇਓ ਟੈਕਸ ਕਾਮ ਅਤੇ ਚੈਕੋਵਸਕੀ ਦਾ ਦਾਅਵਾ ਹੈ ਕਿ ਉਹ ਹਮੇਸ਼ਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਕੰਮ ਕਰਦੇ ਹਨ ਅਤੇ "ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਦੇ ਹਨ।"
ਸਰਕਾਰੀ ਵਕੀਲ ਨੇ ਮਨੁੱਖੀ ਤਸਕਰੀ ਦੇ ਇਲਜ਼ਾਮ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ, ਪਰ ਬਾਇਓ ਟੈਕਸ ਕਾਮ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਵਿੱਚ ਮਾਪਿਆਂ ਅਤੇ ਬੱਚੇ ਦੇ ਡੀਐਨਏ ਵਿੱਚ ਫ਼ਰਕ ਦਾ ਮਾਮਲਾ ਸ਼ਾਮਲ ਸੀ। ਕਲੀਨਿਕ ਦਾ ਕਹਿਣਾ ਹੈ ਕਿ ਇਸ ਦੇ ਕਰਮਚਾਰੀ ਇਸ ਲਈ ਜ਼ਿੰਮੇਵਾਰ ਨਹੀਂ ਸਨ ਅਤੇ ਉਸ ਨੂੰ "ਲੱਗਦਾ ਹੈ ਕਿ ਇਹ ਸਮੱਸਿਆ ਸ਼ੁਕਰਾਣੂ ਇਕੱਠੇ ਕਰਦੇ ਸਮੇਂ ਹੋਈ ਸੀ," ਜੋ ਕਿਸੇ ਹੋਰ ਦੇਸ਼ ਵਿੱਚ ਕੀਤਾ ਗਿਆ ਸੀ।
ਕੰਪਨੀ ਦਾ ਦਾਅਵਾ ਹੈ ਕਿ ਉਹ ਲੋਕਾਂ ਨੂੰ ਮਾਪੇ ਬਣਨ ਦਾ ਸੁਪਨਾ ਪੂਰਾ ਕਰਨ ਵਿੱਚ ਮਦਦ ਕਰਦੀ ਹੈ, ਔਰਤਾਂ ਨੂੰ ਕਾਨੂੰਨੀ ਤੌਰ 'ਤੇ ਪੈਸੇ ਕਮਾਉਣ ਦਾ ਮੌਕਾ ਦਿੰਦੀ ਹੈ ਅਤੇ ਉਨ੍ਹਾਂ ਨੂੰ ਮੈਡੀਕਲ ਦੇਖਭਾਲ, ਰਹਿਣ ਦੀ ਜਗ੍ਹਾ ਅਤੇ ਖਾਣਾ ਦਿੰਦੀ ਹੈ।
ਕਰੀਨਾ ਸ਼ੁਰੂ ਵਿੱਚ ਬਾਇਓ ਟੈਕਸ ਕਾਮ ਵਿੱਚ ਸਰੋਗੇਟ ਮਾਂ ਬਣਨ ਗਏ ਸਨ, ਪਰ ਉਨ੍ਹਾਂ ਨੇ ਕਲੀਨਿਕ ਨਾਲ ਅੱਗੇ ਨਾ ਵਧਣ ਦਾ ਫ਼ੈਸਲਾ ਕੀਤਾ, ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਪਹਿਲੀਆਂ ਮੁਲਾਕਾਤਾਂ ਵਿੱਚ ਉਨ੍ਹਾਂ ਨਾਲ ਬਹੁਤ ਹੀ ਰੁੱਖਾ ਵਤੀਰਾ ਕੀਤਾ ਗਿਆ ਸੀ।
ਉਹ ਬੱਚੇ ਜਿਨ੍ਹਾਂ ਨੂੰ ਲਾਵਾਰਿਸ ਛੱਡ ਦਿੱਤਾ ਜਾਂਦਾ ਹੈ

ਤਸਵੀਰ ਸਰੋਤ, Getty Images
ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਉਸਦੇ ਅਸਲੀ ਮਾਪੇ ਆਪਣਾ ਮਨ ਬਦਲ ਲੈਂਦੇ ਹਨ ਅਤੇ ਉਸਨੂੰ ਛੱਡ ਦਿੰਦੇ ਹਨ।
ਯੂਕਰੇਨ ਵਿੱਚ, ਜੋ ਮਾਪੇ ਬੱਚੇ ਨੂੰ ਗੋਦ ਲੈਣਾ ਚਾਹੁੰਦੇ ਹਨ ਯਾਨੀ ਜੋ ਗਰਭਧਾਰਣ ਲਈ ਪੈਸੇ ਦਿੰਦੇ ਹਨ, ਉਹ ਬੱਚੇ ਦੇ ਜਨਮ ਤੋਂ ਬਾਅਦ ਕਾਨੂੰਨੀ ਤੌਰ 'ਤੇ ਉਸਦੇ ਲਈ ਜ਼ਿੰਮੇਵਾਰ ਹੁੰਦੇ ਹਨ ਅਤੇ ਕਿਸੇ ਵੀ ਕਾਰਨ ਕਰਕੇ ਬੱਚੇ ਨੂੰ ਛੱਡਣਾ ਗੈਰ-ਕਾਨੂੰਨੀ ਹੈ।
ਪਰ ਵੱਖ-ਵੱਖ ਦੇਸ਼ਾਂ ਵਿੱਚ ਇਸ ਕਾਨੂੰਨ ਨੂੰ ਲਾਗੂ ਕਰਨਾ ਮੁਸ਼ਕਲ ਹੋ ਸਕਦਾ ਹੈ।
ਅਜਿਹਾ ਹੀ ਇੱਕ ਮਾਮਲਾ ਵੇਅ ਨਾਮ ਦੀ ਬੱਚੀ ਦਾ ਹੈ, ਜੋ ਹੁਣ ਪੰਜ ਸਾਲ ਦੀ ਹੈ। ਸਾਲ 2021 ਵਿੱਚ ਸਮੇਂ ਤੋਂ ਪਹਿਲਾਂ ਪੈਦਾ (ਪ੍ਰੀਮੈਚਿਓਰ ਬਰਥ) ਹੋਣ ਤੋਂ ਬਾਅਦ ਉਸ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਿਆ। ਉਸ ਨੂੰ ਬਾਇਓ ਟੈਕਸ ਕਾਮ ਦੇ ਜ਼ਰੀਏ ਪੈਦਾ ਕਰਵਾਇਆ ਗਿਆ ਸੀ।
ਇਸ ਵੇਲੇ ਉਹ ਕੀਵ ਵਿੱਚ ਅਪਾਹਜ ਬੱਚਿਆਂ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਇੱਕ ਘਰ ਵਿੱਚ ਰਹਿੰਦੀ ਹੈ।
ਜਦੋਂ ਬੀਬੀਸੀ ਦੀ ਟੀਮ ਉੱਥੇ ਪਹੁੰਚੀ ਤਾਂ ਵੇਅ ਆਪਣੇ ਵਰਗੇ ਹੋਰ ਬੱਚਿਆਂ ਨਾਲ ਮੈਸ਼ ਕੀਤੇ ਹੋਏ ਕੇਲੇ ਖਾ ਰਹੀ ਸੀ। ਉਹ ਹਮੇਸ਼ਾ ਇਕੱਠੇ ਖਾਣਾ ਖਾਂਦੇ ਹਨ।
ਵੇਅ ਬਿਨਾਂ ਕਿਸੇ ਸਹਾਰੇ ਦੇ ਬੈਠ ਨਹੀਂ ਸਕਦੀ, ਆਪਣਾ ਸਿਰ ਉੱਪਰ ਨਹੀਂ ਚੁੱਕ ਸਕਦੀ ਅਤੇ ਠੀਕ ਤਰ੍ਹਾਂ ਦੇਖ ਵੀ ਨਹੀਂ ਸਕਦੀ। ਉਸ ਨੂੰ ਆਪਣੀ ਪੂਰੀ ਜ਼ਿੰਦਗੀ ਲਗਾਤਾਰ ਦੇਖਭਾਲ ਦੀ ਲੋੜ ਪਵੇਗੀ।
ਜਦੋਂ ਉਸਦੇ ਮਾਪਿਆਂ ਨੂੰ ਉਸ ਦੀ ਹਾਲਤ ਬਾਰੇ ਪਤਾ ਲੱਗਾ - ਜੋ ਦੱਖਣ-ਪੂਰਬੀ ਏਸ਼ੀਆ ਦੇ ਕਿਸੇ ਦੇਸ਼ ਦੇ ਸਵਨੀਕ ਹਨ - ਤਾਂ ਉਨ੍ਹਾਂ ਨੇ ਉਸਨੂੰ ਆਪਣੇ ਨਾਲ ਨਾ ਲੈਕੇ ਜਾਣ ਦਾ ਫ਼ੈਸਲਾ ਕੀਤਾ। ਉਹ ਤਾਂ ਜਿਵੇਂ ਗਾਇਬ ਹੀ ਹੋ ਗਏ। ਅਧਿਕਾਰੀਆਂ ਅਤੇ ਬਾਇਓ ਟੈਕਸ ਕਾਮ ਨੇ ਉਨ੍ਹਾਂ ਨਾਲ ਸੰਪਰਕ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਉਹ ਨਾਕਾਮ ਰਹੇ।
ਵੇਅ ਦੀ ਸਰੋਗੇਟ ਮਾਂ ਵੀ ਉਸ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੀ ਸੀ ਅਤੇ ਯੂਕਰੇਨ ਦੇ ਕਾਨੂੰਨ ਮੁਤਾਬਕ, ਉਸ ਪ੍ਰਤੀ ਉਸਦੀ ਕੋਈ ਕਾਨੂੰਨੀ ਜ਼ਿੰਮੇਵਾਰੀ ਵੀ ਨਹੀਂ ਸੀ।

ਯੂਕਰੇਨ ਦਾ ਸਿਹਤ ਮੰਤਰਾਲਾ ਇਸ ਕਾਨੂੰਨੀ ਬਦਲਾਅ ਦੇ ਪਿੱਛੇ ਦੀਆਂ ਮੁੱਖ ਤਾਕਤਾਂ ਵਿੱਚੋਂ ਇੱਕ ਹੈ। ਮੰਤਰਾਲੇ ਨਾਲ ਸਬੰਧਿਤ ਦੀ ਵੈਲੇਰੀਆ ਸ਼ੈਪਰੇਚੈ ਕਹਿੰਦੇ ਹਨ ਕਿ ਸਰੋਗੇਸੀ ਜ਼ਰੀਏ ਪੈਦਾ ਹੋਏ "ਬਹੁਤ ਸਾਰੇ" ਬੱਚਿਆਂ ਨੂੰ ਛੱਡ ਦਿੱਤਾ ਜਾਂਦਾ ਹੈ, ਹਾਲਾਂਕਿ ਸਰਕਾਰ ਕੋਲ ਇਸ ਦੇ ਸਹੀ ਅੰਕੜੇ ਨਹੀਂ ਹਨ।
ਉਹ ਸਿਧਾਂਤਕ ਤੌਰ 'ਤੇ ਸਰੋਗੇਸੀ ਦੇ ਖ਼ਿਲਾਫ਼ ਨਹੀਂ ਹਨ, ਪਰ ਇਸ ਗੱਲ ਦੀ ਆਲੋਚਨਾ ਕਰਦੇ ਹਨ ਕਿ ਯੂਕਰੇਨ ਵਿੱਚ ਇਸ 'ਤੇ ਕਿਸੇ ਤਰ੍ਹਾਂ ਦਾ ਨਿਯੰਤਰਣ ਨਹੀਂ ਹੈ। ਉਹ ਇਸ ਗੱਲ ਦਾ ਵੀ ਸਮਰਥਨ ਕਰਦੇ ਹਨ ਕਿ ਵਿਦੇਸ਼ੀਆਂ ਲਈ ਇਸ 'ਤੇ ਰੋਕ ਲਗਾਉਣੀ ਚਾਹੀਦੀ ਹੈ।
ਬਾਇਓ ਟੈਕਸ ਕਾਮ ਦੇ ਚੀਫ਼ ਐਗਜ਼ਿਕਿਊਟਿਵ, ਚੈਕੋਵਸਕੀ ਨੇ ਇਸ ਘਟਨਾ ਨੂੰ ਇੱਕ "ਤ੍ਰਾਸਦੀ" ਦੱਸਿਆ ਅਤੇ ਕਿਹਾ ਕਿ ਜਦੋਂ ਮਾਪੇ ਕਿਸੇ ਬੱਚੇ ਨੂੰ ਛੱਡ ਦਿੰਦੇ ਹਨ, ਤਾਂ "ਅਸੀਂ ਇਸ ਨੂੰ ਕੁਝ ਹੱਦ ਤੱਕ ਆਪਣੀ ਜ਼ਿੰਮੇਵਾਰੀ ਮੰਨਦੇ ਹਾਂ।"
ਜਦੋਂ ਬੱਚਿਆਂ ਨੂੰ ਛੱਡ ਦਿੱਤਾ ਜਾਂਦਾ ਹੈ, ਤਾਂ ਕਲੀਨਿਕ ਦੀ ਕੋਈ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੁੰਦੀ ਕਿ ਉਹ ਸਰਕਾਰੀ ਸਹੂਲਤਾਂ ਵਿੱਚ ਉਨ੍ਹਾਂ ਦੀ ਦੇਖਭਾਲ ਦੇ ਖ਼ਰਚ ਵਿੱਚ ਯੋਗਦਾਨ ਦੇਣ। ਇਨ੍ਹਾਂ ਸਹੂਲਤਾਂ ਨੂੰ ਸਰਕਾਰੀ ਅਤੇ ਨਿੱਜੀ, ਦੋਹਾਂ ਤਰ੍ਹਾਂ ਦੀ ਫੰਡਿੰਗ ਮਿਲਦੀ ਹੈ।
ਬਾਇਓ ਟੈਕਸ ਕਾਮ ਨੇ ਵੀ ਵੇਅ ਦੇ ਮਾਮਲੇ ਵਿੱਚ ਕੋਈ ਫੰਡਿੰਗ ਨਹੀਂ ਦਿੱਤੀ ਹੈ।
ਵੇਅ ਵਰਗੀ ਹਾਲਤ ਵਾਲੇ ਬੱਚਿਆਂ ਨੂੰ ਗੋਦ ਲੈਣ ਵਾਲੇ ਪਰਿਵਾਰ ਬਹੁਤ ਘੱਟ ਮਿਲਦੇ ਹਨ। ਪੰਦਰਾਂ ਪਰਿਵਾਰਾਂ ਨੇ ਉਸ ਦੀ ਫ਼ਾਈਲ ਦੇਖੀ ਹੈ, ਪਰ ਕਿਸੇ ਨੇ ਵੀ ਉਸ ਨੂੰ ਗੋਦ ਲੈਣ ਵਿੱਚ ਦਿਲਚਸਪੀ ਨਹੀਂ ਦਿਖਾਈ ਹੈ।
ਇੱਕ ਪੰਜਾਬੀ ਜੋੜੇ ਨੂੰ ਮਿਲੀਆਂ ਖੁਸ਼ੀਆਂ

ਹਾਲਾਂਕਿ, ਕੁਝ ਲੋਕਾਂ ਦਾ ਤਰਕ ਹੈ ਕਿ ਕਮਰਸ਼ੀਅਲ ਸਰੋਗੇਸੀ ਨਾਲ ਸਾਰੇ ਪੱਖਾਂ ਨੂੰ ਫ਼ਾਇਦਾ ਹੋ ਸਕਦਾ ਹੈ।
ਲੰਦਨ ਵਿੱਚ ਰਹਿਣ ਵਾਲੇ ਹਿੰਮਤਰਾਜ ਅਤੇ ਰਾਜਵੀਰ ਬਾਜਵਾ ਨੇ ਪੰਜ ਸਾਲ ਤੱਕ ਗਰਭਧਾਰਣ ਦੀ ਅਸਫਲ ਕੋਸ਼ਿਸ਼ ਕੀਤੀ, ਇਸ ਵਿੱਚ ਦੋ ਵਾਰ ਆਈਵੀਐਫ ਕਰਾਉਣਾ ਵੀ ਸ਼ਾਮਲ ਸੀ। ਆਖਿਰ ਉਨ੍ਹਾਂ ਨੇ ਸਰੋਗੇਸੀ ਦਾ ਰਸਤਾ ਚੁਣਨ ਦਾ ਫ਼ੈਸਲਾ ਕੀਤਾ।
38 ਸਾਲ ਦੇ ਰਾਜਵੀਰ ਗੰਭੀਰ ਐਂਡੋਮੀਟ੍ਰਿਓਸਿਸ ਨਾਲ ਪੀੜਤ ਹਨ, ਜਿਸ ਕਾਰਨ ਗਰਭਧਾਰਣ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਨਾਲ ਹੀ ਉਨ੍ਹਾਂ ਨੂੰ ਮਲਟੀਪਲ ਸਕਲੇਰੋਸਿਸ ਵੀ ਹੈ।
ਇਸ ਜੋੜੇ ਨੇ ਯੂਨਾਈਟਡ ਕਿੰਗਡਮ ਵਿੱਚ ਇਹ ਪ੍ਰਕਿਰਿਆ ਨਾ ਕਰਵਾਉਣ ਦਾ ਫੈਸਲਾ ਕੀਤਾ, ਕਿਉਂਕਿ ਉੱਥੇ ਸਿਰਫ਼ ਅਲਟਰੂਇਸਟਿਕ ਸਰੋਗੇਸੀ ਦੀ ਹੀ ਇਜਾਜ਼ਤ ਹੈ। ਇਸ ਦਾ ਮਤਲਬ ਹੈ ਕਿ ਸਰੋਗੇਟ ਮਾਂ ਨੂੰ ਕੋਈ ਆਰਥਿਕ ਮੁਆਵਜ਼ਾ ਨਹੀਂ ਮਿਲਦਾ, ਹਾਲਾਂਕਿ ਉਸ ਦੇ ਖ਼ਰਚਿਆਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ।
ਯੂਨਾਈਟਡ ਕਿੰਗਡਮ ਵਿੱਚ ਇਹ ਪ੍ਰਬੰਧ ਆਮ ਤੌਰ 'ਤੇ ਗੈਰ-ਰਸਮੀ ਹੁੰਦੇ ਹਨ ਅਤੇ ਦੋਸਤਾਂ, ਪਰਿਵਾਰ ਜਾਂ ਉਨ੍ਹਾਂ ਗੈਰ-ਮੁਨਾਫ਼ਾ ਸੰਗਠਨਾਂ ਦੇ ਜ਼ਰੀਏ ਕੀਤੇ ਜਾਂਦੇ ਹਨ, ਜੋ ਭਵਿੱਖ ਦੇ ਮਾਪਿਆਂ ਨੂੰ ਸਰੋਗੇਟ ਮਾਂ ਨਾਲ ਜੋੜਦੇ ਹਨ।
ਬ੍ਰਿਟਿਸ਼ ਕਾਨੂੰਨ ਦੇ ਤਹਿਤ, ਸਰੋਗੇਟ ਮਾਂ ਉਦੋਂ ਤੱਕ ਬੱਚੇ ਲਈ ਕਾਨੂੰਨੀ ਤੌਰ 'ਤੇ ਜ਼ਿੰਮੇਵਾਰ ਹੁੰਦੀ ਹੈ, ਜਦੋਂ ਤੱਕ ਕਿ 'ਪੈਰੇਂਟਲ ਆਰਡਰ' ਜਾਰੀ ਕਰਕੇ ਇਹ ਜ਼ਿੰਮੇਵਾਰੀ ਇੱਛਿਤ ਮਾਪਿਆਂ ਨੂੰ ਨਾ ਦੇ ਦਿੱਤੀ ਜਾਵੇ।
ਅਤੇ ਇਹੀ ਹਿੰਮਤਰਾਜ ਅਤੇ ਰਾਜਵੀਰ ਦੀ ਮੁੱਖ ਚਿੰਤਾ ਸੀ। ਦੋਵਾਂ ਨੇ ਇਸ ਵਿਵਸਥਾ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸਨ, ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਬੱਚੇ 'ਤੇ ਉਨ੍ਹਾਂ ਨੂੰ ਤੁਰੰਤ ਕਾਨੂੰਨੀ ਅਧਿਕਾਰ ਨਹੀਂ ਮਿਲ ਸਕਣਗੇ।
ਅਜਿਹੇ ਕੁਝ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਅਲਟਰੂਇਸਟਿਕ ਸਰੋਗੇਟ ਮਾਵਾਂ ਨੇ ਆਪਣਾ ਮਨ ਬਦਲ ਲਿਆ ਅਤੇ ਬੱਚਾ ਦੇਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਅਜਿਹੇ ਮਾਮਲੇ ਬਹੁਤ ਹੀ ਘੱਟ ਹਨ।

ਇਹ ਜੋੜਾ ਇਸ ਗੱਲ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਕਿ ਯੂਕਰੇਨ ਵਿੱਚ ਸਰੋਗੇਸੀ ਦਾ ਕੰਮ ਕਿਸ ਤਰ੍ਹਾਂ ਵਿਵਸਥਿਤ ਢੰਗ ਨਾਲ ਕੀਤਾ ਜਾਂਦਾ ਹੈ। ਨਾਲ ਹੀ, ਘੱਟ ਲਾਗਤ ਵੀ ਉਨ੍ਹਾਂ ਨੂੰ ਰਾਜ਼ੀ ਕਰਨ ਵਿੱਚ ਅਹਿਮ ਸੀ।
ਉਨ੍ਹਾਂ ਨੇ ਪਿਛਲੇ ਸਾਲ ਬਾਇਓ ਟੈਕਸ ਕਾਮ ਦੀਆਂ ਸੇਵਾਵਾਂ ਲਈਆਂ ਅਤੇ ਲਗਭਗ 87,770 ਅਮਰੀਕੀ ਡਾਲਰ ਦਾ ਭੁਗਤਾਨ ਕੀਤਾ। ਇਹ ਰਕਮ ਅਮਰੀਕਾ ਵਿੱਚ ਹੋਣ ਵਾਲੇ ਖ਼ਰਚ ਤੋਂ ਕਾਫ਼ੀ ਘੱਟ ਹੈ, ਜਿੱਥੇ ਇਹ ਖ਼ਰਚ 150,000 ਅਮਰੀਕੀ ਡਾਲਰ ਤੋਂ ਵੀ ਵੱਧ ਹੋ ਸਕਦਾ ਹੈ।
ਉਨ੍ਹਾਂ ਲਈ ਇਹ ਤਜਰਬਾ ਕਾਫ਼ੀ ਸਕਾਰਾਤਮਕ ਰਿਹਾ।
ਆਈਵੀਐਫ ਦੀ ਮਦਦ ਨਾਲ, ਉਨ੍ਹਾਂ ਨੇ ਲੰਦਨ ਵਿੱਚ ਇੱਕ ਭਰੂਣ ਤਿਆਰ ਕੀਤਾ, ਜਿਸ ਨੂੰ ਬਾਅਦ ਵਿੱਚ ਕੀਵ (ਯੂਕਰੇਨ) ਭੇਜ ਦਿੱਤਾ ਗਿਆ ਅਤੇ ਕਲੀਨਿਕ ਦੇ ਕ੍ਰਾਇਓਜੈਨਿਕ ਟੈਂਕਾਂ ਵਿੱਚ ਸੁਰੱਖਿਅਤ ਰੱਖ ਦਿੱਤਾ ਗਿਆ। ਪਿਛਲੇ ਸਾਲ ਇਹ ਜੋੜਾ ਜੂਨ ਮਹੀਨੇ ਵਿੱਚ ਖੁਦ ਕੀਵ ਗਿਆ ਤਾਂ ਜੋ ਆਪਣੇ ਪੁੱਤਰ ਦੇ ਜਨਮ ਸਮੇਂ ਉੱਥੇ ਮੌਜੂਦ ਰਹਿ ਸਕੇ।
ਪਰ ਬ੍ਰਿਟਿਸ਼ ਅਧਿਕਾਰੀਆਂ ਵੱਲੋਂ ਕਾਗਜ਼ੀ ਕਾਰਵਾਈ ਪੂਰੀ ਕਰਨ ਅਤੇ ਪਾਸਪੋਰਟ ਜਾਰੀ ਕਰਨ ਵਿੱਚ ਹੋਈ ਦੇਰੀ ਕਾਰਨ, ਉਨ੍ਹਾਂ ਨੇ ਬੱਚੇ ਦੀ ਜ਼ਿੰਦਗੀ ਦੇ ਪਹਿਲੇ ਤਿੰਨ ਮਹੀਨੇ ਕੀਵ ਵਿੱਚ ਬਿਤਾਏ। ਜਦੋਂ ਰੂਸ ਕੀਵ ਸ਼ਹਿਰ 'ਤੇ ਬੰਬਾਰੀ ਕਰ ਰਿਹਾ ਸੀ, ਤਾਂ ਉਹ ਵਾਰ-ਵਾਰ ਹਵਾਈ ਹਮਲਿਆਂ ਤੋਂ ਬਚਾਅ ਲਈ ਬਣੇ ਸ਼ੈਲਟਰਾਂ ਵਿੱਚ ਆਉਂਦੇ-ਜਾਂਦੇ ਰਹੇ।
ਰਾਜਵੀਰ ਯਾਦ ਕਰਦੇ ਹਨ, "ਇਹ ਬਹੁਤ ਡਰਾਉਣਾ ਅਤੇ ਅਜੀਬ ਸੀ।''
ਉਹ ਅਗਸਤ ਦੇ ਅਖੀਰ ਵਿੱਚ ਆਪਣੇ ਪੁੱਤਰ ਨਾਲ ਇੰਗਲੈਂਡ ਵਾਪਸ ਆ ਗਏ।
ਉਹ ਜੂਨ ਵਿੱਚ ਉਸ ਦਾ ਪਹਿਲਾ ਜਨਮਦਿਨ ਮਨਾਉਣਗੇ।

ਇਹ ਜੋੜਾ ਵਿਦੇਸ਼ੀਆਂ 'ਤੇ ਰੋਕ ਲਗਾਉਣ ਵਾਲੇ ਯੂਕਰੇਨੀ ਬਿੱਲ ਦਾ ਵਿਰੋਧ ਕਰਦਾ ਹੈ, ਉਨ੍ਹਾਂ ਦਾ ਤਰਕ ਹੈ ਕਿ ਸਰੋਗੇਸੀ ਏਜੰਸੀ ਉਨ੍ਹਾਂ ਦੀ ਜ਼ਿੰਦਗੀ ਵਿੱਚ "ਖੁਸ਼ੀ ਅਤੇ ਆਨੰਦ" ਲੈ ਆਈ ਹੈ।
37 ਸਾਲਾ ਹਿੰਮਤਰਾਜ ਕਹਿੰਦੇ ਹਨ, "ਉਨ੍ਹਾਂ ਨੇ ਸਾਨੂੰ ਉਹ ਦਿੱਤਾ ਜਿਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਸੰਭਵ ਹੋਵੇਗਾ, ਉਨ੍ਹਾਂ ਨੇ ਸਾਨੂੰ ਇੱਕ ਪਰਿਵਾਰ ਬਣਾ ਦਿੱਤਾ ਹੈ।"
ਹਿੰਮਤਰਾਜ ਅਤੇ ਉਨ੍ਹਾਂ ਦੇ ਪਤਨੀ ਰਾਜਵੀਰ ਨੇ ਆਪਣੇ ਬੱਚੇ ਨੂੰ ਜਨਮ ਦੇਣ ਵਾਲੀ ਸਰੋਗੇਟ ਮਾਂ ਨਾਲ ਇੱਕ ਵਾਰ ਮਿਲਣ ਦੀ ਇੱਛਾ ਜਤਾਈ ਅਤੇ ਉਨ੍ਹਾਂ ਲਈ ਚਾਕਲੇਟ ਅਤੇ ਫੁੱਲ ਲੈ ਕੇ ਗਏ।
ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਲੱਗਦਾ ਕਿ ਉਸ ਮਹਿਲਾ ਦਾ ਸ਼ੋਸ਼ਣ ਹੋਇਆ ਹੈ।
ਹਿੰਮਤਰਾਜ ਕਹਿੰਦੇ ਹਨ, "ਇਹ ਸਪਸ਼ਟ ਤੌਰ 'ਤੇ ਉਨ੍ਹਾਂ ਦਾ ਆਪਣਾ ਫ਼ੈਸਲਾ ਸੀ ਅਤੇ ਉਨ੍ਹਾਂ ਲਈ ਗੁਜ਼ਾਰੇ ਦਾ ਇੱਕ ਜ਼ਰੀਆ ਸੀ। ਅਤੇ ਜੇਕਰ ਇਹ ਕੁਝ ਅਜਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਮਦਦ ਮਿਲਦੀ ਹੈ, ਤਾਂ ਮੈਨੂੰ ਪੂਰਾ ਯਕੀਨ ਹੈ ਕਿ ਅਖੀਰ 'ਚ ਹਰ ਕੋਈ ਇਸ ਨਤੀਜੇ ਨਾਲ ਸੰਤੁਸ਼ਟ ਹੈ।"
ਕਰੀਨਾ ਵੀ ਇਸ ਵਿਚਾਰ ਨੂੰ ਖ਼ਾਰਜ ਕਰਦੇ ਹਨ ਕਿ ਕਮਰਸ਼ੀਅਲ ਸਰੋਗੇਸੀ ਸ਼ੋਸ਼ਣ ਕਰਵਾ ਵਾਲੀ ਹੁੰਦੀ ਹੈ।
ਕਰੀਨਾ ਕਹਿੰਦੇ ਹਨ, "ਕੋਈ ਵੀ ਸਾਡੇ 'ਤੇ ਜ਼ੋਰ-ਜ਼ਬਰਦਸਤੀ ਨਹੀਂ ਕਰ ਰਿਹਾ ਹੈ। ਇਹ ਮੇਰਾ ਸਰੀਰ ਹੈ, ਮੇਰਾ ਫ਼ੈਸਲਾ ਹੈ... ਤੁਹਾਨੂੰ ਖੁਸ਼ੀ ਦੇਣ ਦੇ ਬਦਲੇ ਮੈਨੂੰ ਮੇਰਾ ਇਨਾਮ ਮਿਲੇਗਾ।"
ਉਹ ਇਸ ਕਾਨੂੰਨ ਵਿੱਚ ਬਦਲਾਅ ਦਾ ਵਿਰੋਧ ਕਰਦੇ ਹੋਏ ਕਹਿੰਦੇ ਹਨ ਕਿ ਇਸ ਨਾਲ ਘਰ ਖਰੀਦਣ ਦੀ ਉਨ੍ਹਾਂ ਦੀ ਯੋਜਨਾ "ਪੂਰੀ ਤਰ੍ਹਾਂ ਚੌਪਟ" ਹੋ ਜਾਵੇਗੀ।
ਆਪਣੇ ਪੇਟ ਵੱਲ ਦੇਖਦਿਆਂ ਉਹ ਕਹਿੰਦੇ ਹਨ, "ਮੈਨੂੰ ਪਤਾ ਹੈ ਕਿ ਇਹ ਮੇਰਾ ਬੱਚਾ ਨਹੀਂ ਹੈ, ਪਰ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਉਸ ਨਾਲ ਗੱਲਾਂ ਕਰਦੀ ਹਾਂ। ਜਦੋਂ ਉਹ ਪੇਟ ਵਿੱਚ ਹਿਲਜੁਲ ਕਰਦੀ ਹੈ, ਤਾਂ ਮੈਂ ਉਸ ਨੂੰ ਕਹਿੰਦੀ ਹਾਂ ਕਿ ਉਸ ਦੇ ਮਾਪੇ ਉਸ ਦਾ ਇੰਤਜ਼ਾਰ ਕਰ ਰਹੇ ਹਨ।"
"ਮੈਂ ਬੱਸ ਇਹੀ ਉਮੀਦ ਕਰਦੀ ਹਾਂ ਕਿ ਉਸ ਦੀ ਜ਼ਿੰਦਗੀ ਚੰਗੀ ਹੋਵੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































