'ਅਗਨੀਵੀਰ ਨਿਯਮਿਤ ਫੌਜੀਆਂ ਵਾਂਗ ਲਾਭ ਦਾ ਦਾਅਵਾ ਨਹੀਂ ਕਰ ਸਕਦੇ', ਅਗਨੀਵੀਰਾਂ ਬਾਰੇ ਮੰਗਾਂ ਨੂੰ ਕੇਂਦਰ ਸਰਕਾਰ ਨੇ ਕੀ ਕਹਿ ਕੇ ਨਕਾਰਿਆ

ਤਸਵੀਰ ਸਰੋਤ, BBC\Apleshkarkare
- ਲੇਖਕ, ਅਲਪੇਸ਼ ਕਰਕਰੇ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕਿਉਂਕਿ ਅਗਨੀਵੀਰ ਨਿਯਮਿਤ ਫੌਜੀਆਂ ਦੇ ਬਰਾਬਰ ਸਥਿਤੀ ਵਿੱਚ ਨਹੀਂ ਹਨ, ਇਸ ਲਈ ਜੰਗ ਜਾਂ ਫੌਜੀ ਕਾਰਵਾਈ ਵਿੱਚ ਉਨ੍ਹਾਂ ਦੀ ਮੌਤ ਹੋਣ 'ਤੇ ਉਨ੍ਹਾਂ ਦੇ ਪਰਿਵਾਰ ਨਿਯਮਿਤ ਫੌਜੀਆਂ ਵਾਂਗ ਪੈਨਸ਼ਨ ਲਾਭ ਦਾ ਦਾਅਵਾ ਨਹੀਂ ਕਰ ਸਕਦੇ।
ਕੇਂਦਰ ਸਰਕਾਰ ਨੇ ਬੌਂਬੇ ਹਾਈ ਕੋਰਟ ਵਿੱਚ ਇਹ ਸਪਸ਼ਟੀਕਰਨ 'ਓਪਰੇਸ਼ਨ ਸਿੰਦੂਰ' ਦੌਰਾਨ ਮਾਰੇ ਗਏ ਅਗਨੀਵੀਰ ਮੁਰਲੀ ਨਾਇਕ ਦੇ ਮਾਤਾ ਦੀ ਪਟੀਸ਼ਨ ਦੇ ਜਵਾਬ ਵਿੱਚ ਦਾਖ਼ਲ ਇੱਕ ਹਲਫ਼ਨਾਮੇ ਵਿੱਚ ਦਿੱਤਾ।
ਬੌਂਬੇ ਹਾਈਕੋਰਟ ਨੇ 22 ਅਪ੍ਰੈਲ, 2026 ਨੂੰ ਹੋਈ ਸੁਣਵਾਈ ਦੌਰਾਨ ਮੁਰਲੀ ਨਾਇਕ ਦੇ ਮਾਤਾ ਦੀ ਪਟੀਸ਼ਨ 'ਤੇ ਜਵਾਬ ਦੇਣ ਵਿੱਚ ਦੇਰੀ ਲਈ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਸੀ ਅਤੇ ਭਾਰੀ ਜੁਰਮਾਨਾ ਲਗਾਉਣ ਦੀ ਚੇਤਾਵਨੀ ਵੀ ਦਿੱਤੀ ਸੀ।
ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਜੋਤਿਬਾਈ ਨਾਇਕ ਵੱਲੋਂ ਦਾਇਰ ਪਟੀਸ਼ਨ ਦੇ ਜਵਾਬ ਵਿੱਚ 6 ਮਈ, 2026 ਨੂੰ ਇੱਕ ਹਲਫ਼ਨਾਮਾ ਪੇਸ਼ ਕੀਤਾ।
ਹਲਫ਼ਨਾਮੇ ਵਿੱਚ ਕੀ ਲਿਖਿਆ ਹੈ?

ਤਸਵੀਰ ਸਰੋਤ, Abhishek Chinnappa/Getty Images
ਹਲਫ਼ਨਾਮੇ ਵਿੱਚ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਨਿਯਮਿਤ ਫੌਜੀਆਂ ਅਤੇ ਅਗਨੀਵੀਰਾਂ ਦਾ ਵਰਗੀਕਰਨ ਸੰਵਿਧਾਨਕ ਤੌਰ 'ਤੇ ਵੈਧ ਹੈ। 'ਅਗਨੀਵੀਰ ਯੋਜਨਾ' ਇੱਕ ਛੋਟੇ ਸਮੇਂ ਦੀ ਭਰਤੀ ਯੋਜਨਾ ਹੈ, ਜਿਸਨੂੰ ਮੌਜੂਦਾ ਰਾਸ਼ਟਰੀ ਸੁਰੱਖਿਆ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।
ਹਲਫ਼ਨਾਮੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਅਗਨੀਵੀਰਾਂ ਦੀ ਸੇਵਾ ਮਿਆਦ ਚਾਰ ਸਾਲ ਹੈ। ਅਗਨੀਵੀਰਾਂ ਅਤੇ ਨਿਯਮਿਤ ਫੌਜੀਆਂ ਦੀ ਸਥਿਤੀ ਇੱਕੋ-ਜਿਹੀ ਨਹੀਂ ਹੈ।
'ਨਿਯਮਿਤ ਫੌਜੀਆਂ ਨੂੰ ਮਿਲਣ ਵਾਲੀ ਪੈਨਸ਼ਨ ਅਤੇ ਹੋਰ ਲਾਭ ਉਨ੍ਹਾਂ ਦੀ ਸੇਵਾ ਮਿਆਦ ਨਾਲ ਜੁੜੇ ਹੁੰਦੇ ਹਨ। ਇਸ ਲਈ, ਇਨ੍ਹਾਂ ਦੋ ਵੱਖ-ਵੱਖ ਸ਼੍ਰੇਣੀਆਂ ਦੇ ਵਿਅਕਤੀਆਂ ਵਿੱਚ ਸਮਾਨਤਾ ਸੰਭਵ ਨਹੀਂ ਹੈ।'
ਇਹ ਵਰਗੀਕਰਨ ਅਗਨੀਵੀਰ ਯੋਜਨਾ ਦੇ ਉਦੇਸ਼ਾਂ ਦੇ ਅਨੁਕੂਲ ਹੈ ਅਤੇ ਸੰਵਿਧਾਨ ਦੇ ਅਨੁਛੇਦ 14 ਦੇ ਤਹਿਤ ਵੈਧ ਹੈ। ਇਸ ਲਈ, ਸੰਵਿਧਾਨ ਵਿੱਚ ਸਮਾਨਤਾ ਦੇ ਅਧਿਕਾਰ ਦਾ ਕੋਈ ਉਲੰਘਣ ਨਹੀਂ ਹੈ, ਕਿਉਂਕਿ ਹਥਿਆਰਬੰਦ ਬਲਾਂ ਲਈ ਇੱਕ ਵੱਖਰੀ ਕਾਨੂੰਨੀ ਵਿਵਸਥਾ ਹੈ।
ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਨਿਯਮਿਤ ਫੌਜੀਆਂ ਨੂੰ ਮਿਲਣ ਵਾਲੇ ਪੈਨਸ਼ਨ ਲਾਭ ਜਾਂ ਹੋਰ ਭੱਤੇ ਸਿਰਫ਼ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਲਈ ਰਾਖਵੇਂ ਹਨ। ਅਗਨੀਵੀਰਾਂ ਨੂੰ 'ਅਗਨੀਪਥ ਯੋਜਨਾਵਾਂ' ਤਹਿਤ ਦੇਣ ਯੋਗ ਸਾਰੇ ਵਿੱਤੀ ਅਤੇ ਸੇਵਾ ਸਮਾਪਤੀ ਲਾਭ ਦਿੱਤੇ ਜਾਂਦੇ ਹਨ।
'ਅਗਨੀਪਥ ਯੋਜਨਾ' ਵਿੱਚ ਨਿਯੁਕਤੀ ਲਈ ਨਿਯਮ ਬਣਾਏ ਗਏ ਹਨ। ਇਨ੍ਹਾਂ ਨਿਯਮਾਂ ਵਿੱਚ ਪੈਨਸ਼ਨ ਜਾਂ ਹੋਰ ਲਾਭਾਂ ਦਾ ਪ੍ਰਬੰਧ ਨਹੀਂ ਹੈ। ਹਲਫ਼ਨਾਮੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ 'ਸ਼ਹੀਦਾਂ' ਲਈ ਇੱਕ ਰਕਮ ਨਿਰਧਾਰਤ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਉਚਿਤ ਸਨਮਾਨ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ, ਹਲਫ਼ਨਾਮੇ ਵਿੱਚ ਕੇਂਦਰ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਮਰਹੂਮ ਅਗਨੀਵੀਰ ਮੁਰਲੀ ਨਾਇਕ ਨੂੰ 2.3 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ। ਹਲਫ਼ਨਾਮੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ 'ਜੰਗ ਵਿੱਚ ਮਾਰੇ ਗਏ' ਐਲਾਨਿਆ ਗਿਆ ਹੈ ਅਤੇ ਹਥਿਆਰਬੰਦ ਬਲਾਂ ਵਿੱਚ 'ਸ਼ਹੀਦ' ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ।
ਮੁਰਲੀ ਨਾਇਕ ਦਾ ਅੰਤਿਮ ਸੰਸਕਾਰ ਪੂਰੇ ਫੌਜੀ ਸਨਮਾਨ ਨਾਲ ਕੀਤਾ ਗਿਆ ਅਤੇ ਨਿਯਮਿਤ ਫੌਜੀਆਂ ਵਾਂਗ ਉਨ੍ਹਾਂ ਦੇ ਪਰਿਵਾਰ ਨੂੰ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਵੱਲੋਂ ਇੱਕ ਸ਼ੋਕ ਪੱਤਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ, ਨਾਇਕ ਪਰਿਵਾਰ ਨੂੰ ਅਗਨੀਪਥ ਯੋਜਨਾ ਤਹਿਤ ਮਿਲਣ ਵਾਲੇ ਸਾਰੇ ਵਿੱਤੀ ਅਤੇ ਸੇਵਾ ਸਮਾਪਤੀ ਲਾਭ ਦਿੱਤੇ ਗਏ ਹਨ। ਲਗਭਗ 2.3 ਕਰੋੜ ਰੁਪਏ ਦਾ ਮੁਆਵਜ਼ਾ, ਬੀਮਾ ਕਵਰ ਅਤੇ ਹੋਰ ਮੁਆਵਜ਼ਾ ਵੀ ਦਿੱਤਾ ਗਿਆ ਹੈ।

ਨਾਲ ਹੀ, ਹੋਰ ਅਗਨੀਵੀਰਾਂ ਦੇ ਮਾਮਲਿਆਂ ਵਿੱਚ ਉੱਠੇ ਵਿਵਾਦਾਂ ਦਾ ਵੀ ਇਸ ਹਲਫ਼ਨਾਮੇ ਵਿੱਚ ਜ਼ਿਕਰ ਕੀਤਾ ਗਿਆ ਹੈ। ਅਗਨੀਵੀਰਾਂ ਦੇ ਸਬੰਧ ਵਿੱਚ ਸੁਪਰੀਮ ਕੋਰਟ ਵੱਲੋਂ ਅਤੀਤ ਵਿੱਚ ਦਿੱਤੇ ਗਏ ਫ਼ੈਸਲਿਆਂ ਅਤੇ ਤਰਕਾਂ ਦਾ ਵੀ ਇਸ ਹਲਫ਼ਨਾਮੇ ਵਿੱਚ ਜ਼ਿਕਰ ਕੀਤਾ ਗਿਆ ਹੈ।
ਇਸ ਲਈ, ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਹਲਫ਼ਨਾਮੇ 'ਤੇ ਮੁਰਲੀ ਨਾਇਕ ਦੇ ਮਾਤਾ ਅਤੇ ਉਨ੍ਹਾਂ ਦੇ ਵਕੀਲ ਹੁਣ ਕੀ ਤਰਕ ਦਿੰਦੇ ਹਨ।
ਨਾਇਕ ਪਰਿਵਾਰ ਦੇ ਵਕੀਲਾਂ ਨੇ ਕਿਹਾ ਹੈ ਕਿ ਇਸ ਹਲਫ਼ਨਾਮੇ ਦੀ ਪੂਰੀ ਤਰ੍ਹਾਂ ਕਾਨੂੰਨੀ ਜਾਂਚ ਕੀਤੀ ਜਾਵੇਗੀ ਅਤੇ ਅਦਾਲਤ ਵਿੱਚ ਇਸ 'ਤੇ ਬਹਿਸ ਕੀਤੀ ਜਾਵੇਗੀ।
ਇਸ ਮਾਮਲੇ ਦੀ ਅਗਲੀ ਸੁਣਵਾਈ ਬੌਂਬੇ ਹਾਈ ਕੋਰਟ ਵਿੱਚ 18 ਜੂਨ, 2026 ਨੂੰ ਹੋਵੇਗੀ।
ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਕਿਉਂ ਲਗਾਈ ਫਟਕਾਰ?

ਤਸਵੀਰ ਸਰੋਤ, Bhushan Koyande/Hindustan Times via Getty Images
ਅਗਨੀਵੀਰ ਮੁਰਲੀ ਨਾਇਕ ਦੀ ਪਿਛਲੇ ਸਾਲ ਮਈ ਵਿੱਚ 'ਓਪ੍ਰੇਸ਼ਨ ਸਿੰਦੂਰ' ਦੌਰਾਨ ਜੰਮੂ-ਕਸ਼ਮੀਰ ਵਿੱਚ ਹੋਈ ਗੋਲੀਬਾਰੀ ਵਿੱਚ ਮੌਤ ਹੋ ਗਈ ਸੀ।
ਉਨ੍ਹਾਂ ਦੇ ਮਾਤਾ ਨੇ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਜੰਗ ਵਿੱਚ 'ਸ਼ਹੀਦ' ਹੋਏ ਨਿਯਮਿਤ ਫੌਜੀਆਂ ਵਾਂਗ ਉਨ੍ਹਾਂ ਨੂੰ ਵੀ ਮਰਨੋਪਰਾਂਤ ਲਾਭ ਦਿੱਤੇ ਜਾਣ।
ਬੌਂਬੇ ਹਾਈ ਕੋਰਟ ਨੇ 22 ਅਪ੍ਰੈਲ ਨੂੰ ਸੁਣਵਾਈ ਦੌਰਾਨ ਪਟੀਸ਼ਨ 'ਤੇ ਜਵਾਬ ਦੇਣ ਵਿੱਚ ਦੇਰੀ ਲਈ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਸੀ ਅਤੇ ਭਾਰੀ ਜੁਰਮਾਨਾ ਲਗਾਉਣ ਦੀ ਚੇਤਾਵਨੀ ਦਿੱਤੀ ਸੀ।
ਜਸਟਿਸ ਰਵਿੰਦਰ ਘੁਗੇ ਅਤੇ ਹਿਤੇਨ ਵੇਨੇਗਾਂਵਕਰ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਇਸ ਪਟੀਸ਼ਨ ਦੇ ਜਵਾਬ ਵਿੱਚ ਹਲਫ਼ਨਾਮਾ ਦਾਖ਼ਲ ਕਰਨ ਲਈ 6 ਮਈ ਤੱਕ ਦਾ ਸਮਾਂ ਦਿੱਤਾ ਸੀ।
ਅਦਾਲਤ ਨੇ ਧਿਆਨ ਦਿੱਤਾ ਕਿ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਅਤੇ ਫਿਰ ਜਨਵਰੀ ਮਹੀਨੇ ਵਿੱਚ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਪਰ ਕੋਈ ਜਵਾਬ ਦਾਖ਼ਲ ਨਹੀਂ ਕੀਤਾ ਗਿਆ।
ਜਸਟਿਸ ਘੁਗੇ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ, "ਇਹ ਪਟੀਸ਼ਨ ਪਿਛਲੇ ਸਾਲ ਤੋਂ ਲੰਬਿਤ ਹੈ। ਪਟੀਸ਼ਨਕਰਤਾ ਨੇ ਪਿਛਲੇ ਸਾਲ ਜੁਲਾਈ ਵਿੱਚ ਸਰਕਾਰ ਨੂੰ ਲਿਖੇ ਪੱਤਰ ਵਿੱਚ ਪਟੀਸ਼ਨ ਵਿੱਚ ਉਠਾਏ ਗਏ ਮੁੱਦਿਆਂ 'ਤੇ ਟਿੱਪਣੀ ਕੀਤੀ ਹੈ। ਹਲਫ਼ਨਾਮੇ ਵਿੱਚ ਜਵਾਬ ਦਾਖ਼ਲ ਕਰਨਾ ਜ਼ਰੂਰੀ ਹੈ। ਜੇਕਰ ਅਗਲੀ ਤਾਰੀਖ ਤੱਕ ਜਵਾਬ ਅਤੇ ਹਲਫ਼ਨਾਮਾ ਦਾਖ਼ਲ ਨਹੀਂ ਕੀਤਾ ਗਿਆ, ਤਾਂ ਅਸੀਂ ਭਾਰੀ ਜੁਰਮਾਨਾ ਲਗਾਵਾਂਗੇ।"
ਅਦਾਲਤ ਨੇ ਇਹ ਵੀ ਕਿਹਾ ਕਿ ਅੱਗੇ ਕੋਈ ਹੋਰ ਮਿਆਦ ਨਹੀਂ ਦਿੱਤੀ ਜਾਵੇਗੀ।
ਪਟੀਸ਼ਨ ਵਿੱਚ ਕੀ ਕਿਹਾ ਗਿਆ ਹੈ?

ਤਸਵੀਰ ਸਰੋਤ, BBC\Alpeshkarkare
ਮੁਰਲੀ ਨਾਇਕ ਦੇ ਮਾਤਾ ਨੇ ਵਕੀਲ ਸੰਦੇਸ਼ ਮੋਰੇ, ਹੇਮੰਤ ਘੜੀਗਾਂਵਕਰ ਅਤੇ ਹਿਤੇਂਦਰ ਗਾਂਧੀ ਰਾਹੀਂ ਦਾਇਰ ਪਟੀਸ਼ਨ ਵਿੱਚ ਤਰਕ ਦਿੰਦਿਆਂ ਕਿਹਾ, "ਅਗਨੀਵੀਰ ਨਿਯਮਿਤ ਫੌਜੀਆਂ ਵਾਂਗ ਫਰਜ਼ ਨਿਭਾਉਂਦੇ ਹਨ ਅਤੇ ਉਨ੍ਹਾਂ ਹੀ ਖ਼ਤਰਿਆਂ ਦਾ ਸਾਹਮਣਾ ਕਰਦੇ ਹਨ, ਫਿਰ ਵੀ ਇਸ ਛੋਟੇ ਸਮੇਂ ਦੇ ਭਰਤੀ ਪ੍ਰੋਗਰਾਮ ਤਹਿਤ ਭਰਤੀ ਕੀਤੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਲੰਬੇ ਸਮੇਂ ਦੀ ਪੈਨਸ਼ਨ ਅਤੇ ਹੋਰ ਕਲਿਆਣਕਾਰੀ ਲਾਭਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ।"
ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ "ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਗਨੀਪਥ ਯੋਜਨਾ ਸਪਸ਼ਟ ਤੌਰ 'ਤੇ ਅਗਨੀਵੀਰਾਂ ਨੂੰ ਸੇਵਾ ਤੋਂ ਬਾਅਦ ਪੈਨਸ਼ਨ ਅਤੇ ਹੋਰ ਲੰਬੇ ਸਮੇਂ ਵਾਲੇ ਕਲਿਆਣਕਾਰੀ ਲਾਭਾਂ ਤੋਂ ਵਾਂਝਾ ਕਰਦੀ ਹੈ, ਜੋ ਆਮ ਤੌਰ 'ਤੇ ਨਿਯਮਿਤ ਫੌਜੀਆਂ ਨੂੰ ਉਪਲੱਬਧ ਹੁੰਦੇ ਹਨ।"
ਇਸ ਪਟੀਸ਼ਨ ਅਨੁਸਾਰ, ਇਹ ਕਿਹਾ ਗਿਆ ਸੀ ਕਿ ਨਾਇਕ ਪਰਿਵਾਰ ਨੂੰ ਲਗਭਗ ਇੱਕ ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਕਰਮ ਮਿਲੀ ਸੀ, ਪਰ ਉਨ੍ਹਾਂ ਨੂੰ ਨਿਯਮਿਤ ਪਰਿਵਾਰਕ ਪੈਨਸ਼ਨ ਜਾਂ ਕੋਈ ਹੋਰ ਲਾਭ ਨਹੀਂ ਮਿਲਿਆ।
ਪਟੀਸ਼ਨ ਵਿੱਚ ਸਰਕਾਰ ਨੂੰ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਕਿ ਸੇਵਾ ਦੌਰਾਨ ਮਾਰੇ ਗਏ ਅਗਨੀਵੀਰਾਂ ਦੇ ਪਰਿਵਾਰਾਂ ਨੂੰ ਪੈਨਸ਼ਨ, ਸੰਸਥਾਗਤ ਮਾਨਤਾ ਅਤੇ ਕਲਿਆਣਕਾਰੀ ਉਪਾਅ ਸਮੇਤ ਬਰਾਬਰ ਮਰਨ ਓਪਰਾਂਤ ਲਾਭ ਪ੍ਰਦਾਨ ਕੀਤੇ ਜਾਣ।
ਇਹ ਵੀ ਮੰਗ ਕੀਤੀ ਗਈ ਕਿ ਸੰਬੰਧਤ ਅਧਿਕਾਰੀਆਂ ਨੂੰ ਪਟੀਸ਼ਨ ਕਰਤਾ ਦੀ ਇਸ ਬੇਨਤੀ 'ਤੇ ਵਿਚਾਰ ਕਰਨ ਦਾ ਨਿਰਦੇਸ਼ ਦਿੱਤਾ ਜਾਵੇ ਕਿ ਇਹ ਲਾਭ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਪ੍ਰਦਾਨ ਕੀਤੇ ਜਾਣ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਨਾਇਕ ਨੂੰ ਜੂਨ 2023 ਵਿੱਚ ਅਗਨੀਪਥ ਯੋਜਨਾ ਤਹਿਤ ਭਾਰਤੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ।
ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਮਾਤਾ ਨੇ ਕਈ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਹਨਾਂ ਲਾਭਾਂ ਦੇ ਬਰਾਬਰ ਲਾਭ ਪ੍ਰਾਪਤ ਹੋਣ, ਜੋ ਫਰਜ਼ ਦੀ ਰਾਹ ਵਿੱਚ ਮਾਰੇ ਗਏ ਆਮ ਫੌਜੀਆਂ ਦੇ ਪਰਿਵਾਰਾਂ ਨੂੰ ਦਿੱਤੇ ਜਾਂਦੇ ਹਨ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
ਪਟੀਸ਼ਨ ਵਿੱਚ ਅੱਗੇ ਕਿਹਾ ਗਿਆ ਕਿ ਭਾਵੇਂ ਪੂਰੀ ਅਗਨੀਪਥ ਯੋਜਨਾ ਦੀ ਵੈਧਤਾ ਨੂੰ ਚੁਣੌਤੀ ਨਹੀਂ ਦਿੱਤੀ ਗਈ ਸੀ, ਪਰ ਇਹ ਪਹਿਲ 'ਵਿਤਕਰੇ ਵਾਲੀ' ਸੀ ਅਤੇ ਮੌਲਿਕ ਅਧਿਕਾਰਾਂ ਦਾ ਉਲੰਘਣ ਕਰਦੀ ਸੀ।
ਮੁਰਲੀ ਨਾਇਕ ਕੌਣ ਸਨ?

ਤਸਵੀਰ ਸਰੋਤ, BBC\Apleshkarkare
ਅਗਨੀਵੀਰ ਯੋਜਨਾ ਤਹਿਤ ਫੌਜ ਵਿੱਚ ਭਰਤੀ ਹੋਏ ਮੁਰਲੀ ਸ਼੍ਰੀਰਾਮ ਨਾਇਕ (ਉਮਰ 23 ਸਾਲ) ਦੀ ਪੋਸਟਿੰਗ ਜੰਮੂ-ਕਸ਼ਮੀਰ ਦੇ ਉਰੀ ਵਿੱਚ ਸੀ।
ਲੰਘੇ ਸਾਲ, ਪਾਕਿਸਤਾਨ ਨੇ 8 ਮਈ ਦੀ ਰਾਤ ਨੂੰ ਪੰਜਾਬ, ਰਾਜਸਥਾਨ ਅਤੇ ਗੁਜਰਾਤ ਵਿੱਚ ਭਾਰਤੀ ਫੌਜੀਆਂ ਦੇ ਟਿਕਾਣਿਆਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿੱਚ ਜੰਮੂ-ਕਸ਼ਮੀਰ ਦੇ ਅਵੰਤੀਪੋਰਾ, ਸ਼੍ਰੀਨਗਰ, ਜੰਮੂ ਅਤੇ ਪਠਾਨਕੋਟ ਵੀ ਸ਼ਾਮਲ ਸਨ। ਹਮਲੇ ਵਿੱਚ ਮੁਰਲੀ ਨਾਇਕ ਦੀ ਮੌਤ ਹੋ ਗਈ ਸੀ।
ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਬੀਬੀਸੀ ਮਰਾਠੀ ਨੇ ਮੁਰਲੀ ਨਾਇਕ ਦੇ ਮਾਮਾ ਲਕਸ਼ਮਣ ਨਾਇਕ ਨਾਲ ਗੱਲ ਕੀਤੀ ਸੀ।
ਬੇਹੱਦ ਦੁਖੀ ਲਕਸ਼ਮਣ ਨਾਇਕ ਨੇ ਕਿਹਾ ਸੀ, "ਸਾਡੇ ਪਰਿਵਾਰ ਦਾ ਹੱਸਮੁੱਖ ਪੁੱਤਰ ਦੇਸ਼ ਲਈ ਲੜਿਆ। ਸਾਡਾ ਪੂਰਾ ਪਰਿਵਾਰ ਉਸ 'ਤੇ ਮਾਣ ਕਰਦਾ ਹੈ। ਹਾਲਾਂਕਿ, ਮੁਰਲੀ ਦੀ ਮੌਤ ਨਾਲ ਹੀ ਪਰਿਵਾਰ ਨੇ ਆਪਣਾ ਸਹਾਰਾ ਗੁਆ ਦਿੱਤਾ ਹੈ।"
ਉਨ੍ਹਾਂ ਅੱਗੇ ਕਿਹਾ, "ਮੁਰਲੀ ਬਹੁਤ ਸ਼ਾਂਤ ਅਤੇ ਸਮਝਦਾਰ ਸੀ ਅਤੇ ਛੋਟੀ ਉਮਰ ਵਿੱਚ ਹੀ ਰਾਸ਼ਟਰੀ ਸੇਵਾ ਵਿੱਚ ਸ਼ਾਮਲ ਹੋ ਗਿਆ ਸੀ। ਪਰਿਵਾਰ ਖੁਸ਼ ਸੀ ਕਿ ਉਹ ਫੌਜੀ ਸੇਵਾ ਵਿੱਚ ਸ਼ਾਮਲ ਹੋ ਗਿਆ ਸੀ। ਪਰ ਅਜੇ ਉਸਦੇ ਜਾਣ ਦਾ ਸਮਾਂ ਨਹੀਂ ਸੀ। ਘਰ ਵਿੱਚ ਸਿਰਫ਼ ਉਸਦੇ ਮਾਤਾ-ਪਿਤਾ ਹੀ ਹਨ। ਹੁਣ ਉਨ੍ਹਾਂ ਦਾ ਕੋਈ ਨਹੀਂ ਹੈ, ਉਨ੍ਹਾਂ ਦਾ ਕੀ ਹੋਵੇਗਾ?"
ਮੁਰਲੀ ਨਾਇਕ ਦਾ ਪਰਿਵਾਰ ਆਂਧਰਾ ਪ੍ਰਦੇਸ਼ ਦੇ ਸਤਿਆਸਾਈ ਜ਼ਿਲ੍ਹੇ ਦੇ ਗੋਰੰਟਲਾ ਤਾਲੁਕਾ ਦੇ ਕਲਕੀ ਤਾਂਡਾ ਨਾਲ ਸਬੰਧਿਤ ਹੈ। ਉਨ੍ਹਾਂ ਦੇ ਪਿਤਾ ਸ਼੍ਰੀਰਾਮ ਨਾਇਕ ਅਤੇ ਮਾਤਾ ਜੋਤਿਬਾਈ ਨਾਇਕ ਕੰਮ ਦੇ ਸਿਲਸਿਲੇ ਵਿੱਚ ਮੁੰਬਈ ਆਏ ਸਨ।
ਉਹ ਮੁੰਬਈ ਦੇ ਘਾਟਕੋਪਰ ਦੇ ਕਾਮਰਾਜ ਨਗਰ ਇਲਾਕੇ ਵਿੱਚ ਰਹਿੰਦੇ ਸਨ। ਸ਼੍ਰੀਰਾਮ ਨਾਇਕ ਮੁੰਬਈ ਵਿੱਚ ਅਕੁਸ਼ਲ ਮਜ਼ਦੂਰ ਵਜੋਂ ਕੰਮ ਕਰਦੇ ਸਨ, ਜਦਕਿ ਉਨ੍ਹਾਂ ਦੇ ਮਾਤਾ ਜੋਤਿਬਾਈ ਘਰੇਲੂ ਸੁਆਣੀ ਹਨ।
ਮੁਰਲੀ ਨਾਇਕ ਦਾ ਜਨਮ 23 ਅਕਤੂਬਰ 2000 ਨੂੰ ਮੁੰਬਈ ਦੇ ਰਾਜਾਵਾੜੀ ਹਸਪਤਾਲ ਵਿੱਚ ਹੋਇਆ ਸੀ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਤੋਂ ਬੈਚਲਰ ਡਿਗਰੀ ਪ੍ਰਾਪਤ ਕੀਤੀ ਸੀ।
'ਅਸੀਂ ਅਨਾਥ ਹੋ ਗਏ'

ਮੁਰਲੀ ਦੇ ਪਿਤਾ ਸ਼੍ਰੀਰਾਮ ਨਾਇਕ ਨੇ ਕਿਹਾ ਸੀ, "ਸਵੇਰੇ 9 ਵਜੇ ਇੱਕ ਅਧਿਕਾਰੀ ਦਾ ਫ਼ੋਨ ਆਇਆ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਸਰਹੱਦ 'ਤੇ ਪਾਕਿਸਤਾਨੀ ਗੋਲੀਬਾਰੀ ਵਿੱਚ ਗੋਲੀ ਲੱਗਣ ਨਾਲ ਮੁਰਲੀ ਦੀ ਮੌਤ ਹੋ ਗਈ ਹੈ।"
ਉਨ੍ਹਾਂ ਕਿਹਾ, "ਅਸੀਂ ਮੁੰਬਈ ਵਿੱਚ ਰਹਿੰਦੇ ਸੀ। ਮੁਰਲੀ ਤਿੰਨ ਮਹੀਨੇ ਪਹਿਲਾਂ ਘਰ ਆਇਆ ਸੀ। 20 ਦਿਨਾਂ ਬਾਅਦ ਉਹ ਵਾਪਸ ਡਿਊਟੀ 'ਤੇ ਚਲਾ ਗਿਆ। ਪੁੱਤਰ ਨੇ ਦੇਸ਼ ਲਈ ਲੜਾਈ ਲੜੀ। ਉਹ ਸਾਡਾ ਇਕਲੌਤਾ ਪੁੱਤਰ ਸੀ, ਅਸੀਂ ਉਸ 'ਤੇ ਨਿਰਭਰ ਸੀ। ਹੁਣ ਉਹ ਚਲਾ ਗਿਆ, ਮੈਂ ਅਤੇ ਮੇਰੀ ਪਤਨੀ ਅਨਾਥ ਹੋ ਗਏ ਹਾਂ।"
"ਮੇਰੀ ਸਿਰਫ਼ ਇੱਕ ਹੀ ਇੱਛਾ ਹੈ। ਮੇਰੇ ਪੁੱਤਰ ਦੀ ਇੱਕ ਮੂਰਤੀ ਜ਼ਿਲ੍ਹੇ ਵਿੱਚ ਸਥਾਪਿਤ ਕੀਤੀ ਜਾਵੇ। ਮੈਨੂੰ ਖੁਸ਼ੀ ਹੋਵੇਗੀ ਜੇ ਕੋਈ ਮੈਨੂੰ ਉਸਨੂੰ ਨਮਸਕਾਰ ਕਰਦੇ ਹੋਏ ਵੇਖੇ।"
ਮੁਰਲੀ ਦੇ ਮਾਤਾ ਜੋਤੀਬਾਈ ਨੇ ਕਿਹਾ ਸੀ, "ਉਸਨੇ ਮੇਰੇ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ। ਉਸਨੇ ਪੁੱਛਿਆ, 'ਕੀ ਤੁਸੀਂ ਠੀਕ ਹੋ? ਕੀ ਤੁਸੀਂ ਖਾਣਾ ਖਾ ਲਿਆ?' ਪਰ ਮੇਰਾ ਇਕਲੌਤਾ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਹੈ," ਇਹ ਕਹਿੰਦੇ ਹੋਏ ਉਹ ਫੁੱਟ-ਫੁੱਟ ਕੇ ਰੋਣ ਲੱਗ ਪਏ।
ਫੌਜ ਵਿੱਚ ਅਗਨੀਵੀਰ

ਤਸਵੀਰ ਸਰੋਤ, BBC\Apleshkarkare
ਮੁਰਲੀ ਨਾਇਕ ਨੂੰ ਦਸੰਬਰ 2022 ਵਿੱਚ ਅਗਨੀਵੀਰ ਯੋਜਨਾ ਤਹਿਤ ਫੌਜ ਵਿੱਚ ਭਰਤੀ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਨਾਸਿਕ ਦੇ ਦੇਵਲਾਲੀ ਵਿੱਚ ਨੌਂ ਮਹੀਨੇ ਦੀ ਟ੍ਰੇਨਿੰਗ ਪ੍ਰਾਪਤ ਕੀਤੀ। ਟ੍ਰੇਨਿੰਗ ਤੋਂ ਬਾਅਦ, ਉਨ੍ਹਾਂ ਦੀ ਪਹਿਲੀ ਪੋਸਟਿੰਗ ਅਸਮ ਵਿੱਚ ਹੋਈ ਸੀ।
ਅਸਮ ਵਿੱਚ ਕੁਝ ਮਹੀਨੇ ਸੇਵਾ ਨਿਭਾਉਣ ਤੋਂ ਬਾਅਦ, ਉਨ੍ਹਾਂ ਦੀ ਪੋਸਟਿੰਗ ਪੰਜਾਬ ਵਿੱਚ ਕੀਤੀ ਗਈ ਸੀ।ਘਟਨਾ ਦੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਤਾਇਨਾਤੀ ਕਸ਼ਮੀਰ ਵਿੱਚ ਹੋਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































