ਸਰੋਗੇਸੀ ਨਾਲ ਪਿਤਾ ਬਣਨ ਵਾਲਾ ਸ਼ਖ਼ਸ: 'ਮੈਨੂੰ ਵਿਆਹ ਨਾ ਹੋਣ ਦਾ ਕੋਈ ਮਲਾਲ ਨਹੀਂ, ਇਹ ਬੱਚੇ ਹੀ ਮੇਰਾ ਸਭ ਕੁਝ ਹਨ’

ਸਰੋਗੇਸੀ
ਤਸਵੀਰ ਕੈਪਸ਼ਨ, ਪ੍ਰੀਤੇਸ਼ ਦਵੇ ਖੁਸ਼ਕਿਸਮਤ ਰਹੇ ਕਿ ਨਵਾਂ ਸਰੋਗੇਸੀ ਕਨੂੰਨ ਲਾਗੂ ਹੋਣ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਉਹ ਸਰੋਗੇਟ ਪਿਤਾ ਬਣੇ।
    • ਲੇਖਕ, ਜੈ ਸ਼ੁਕਲ
    • ਰੋਲ, ਬੀਬੀਸੀ ਪੱਤਰਕਾਰ

ਪ੍ਰੀਤੇਸ਼ ਦਵੇ ਦੀ ਕਿਸਮਤ ਵਿੱਚ ਸਰਕਾਰੀ ਨੌਕਰੀ ਨਹੀਂ ਸੀ, ਇਸੇ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਹੋ ਸਕਿਆ।

ਪਰ ਉਨ੍ਹਾਂ ਨੂੰ ਬੱਚੇ ਬਹੁਤ ਪਸੰਦ ਹਨ ਅਤੇ ਉਹ ਵਿਆਹ ਤੋਂ ਬਿਨਾ ਹੀ ਆਪਣਾ ਪਰਿਵਾਰ ਵਧਾਉਣਾ ਚਾਹੁੰਦੇ ਸਨ।

ਇਸੇ ਦੌਰਾਨ ਉਨ੍ਹਾਂ ਨੇ ਸਰੋਗੇਸੀ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ।

ਉਹ ਸ਼ਾਇਦ ਬਿਨਾਂ ਵਿਆਹ ਤੋਂ ਜੌੜੇ ਬੱਚਿਆਂ ਦੇ ਇਕੱਲੇ ਪਿਤਾ ਬਣਨ ਵਾਲੇ ਕੁਝ ਕੁ ਆਖ਼ਰੀ ਲੋਕਾਂ ਵਿੱਚੋਂ ਇੱਕ ਹਨ।

ਅੱਜ ਉਹ ਆਪਣੇ ਇੱਕ ਪੁੱਤਰ ਅਤੇ ਇੱਕ ਧੀ ਨੂੰ ਪਾਲ ਰਹੇ ਹਨ। ਦੋਵੇਂ ਬੱਚੇ ਇੱਕ ਸਾਲ ਦੇ ਹੋਣ ਵਾਲੇ ਹਨ।

ਪ੍ਰੀਤੇਸ਼ ਦਵੇ ਖੁਸ਼ਕਿਸਮਤ ਰਹੇ ਕਿ ਨਵਾਂ ਸਰੋਗੇਸੀ ਕਨੂੰਨ ਲਾਗੂ ਹੋਣ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਉਹ ਸਰੋਗੇਟ ਪਿਤਾ ਬਣੇ, ਨਹੀਂ ਤਾਂ ਹੁਣ ਅਜਿਹਾ ਕਰਨਾ ਉਨ੍ਹਾਂ ਲਈ ਸੰਭਵ ਨਾ ਹੁੰਦਾ।

ਸਰੋਗੇਟ ਪਿਤਾ ਬਣਨ ਪਿੱਛੇ ਦਾ ਕਾਰਨ?

ਪ੍ਰੀਤੇਸ਼ 37 ਸਾਲਾਂ ਦੇ ਹਨ ਅਤੇ ਇਕੱਲੇ ਹਨ। ਉਨ੍ਹਾਂ ਨੂੰ ਕਈ ਕੁੜੀਆਂ ਦੇ ਰਿਸ਼ਤੇ ਆਉਂਦੇ ਸਨ, ਪਰ ਜਦੋਂ ਹੀ ਉਨ੍ਹਾਂ (ਕੁੜੀਆਂ) ਨੂੰ ਪਤਾ ਲੱਗਦਾ ਕਿ ਦਵੇ ਕੋਲ ਸਰਕਾਰੀ ਨੌਕਰੀ ਨਹੀਂ ਹੈ, ਤਾਂ ਕੁੜੀਆਂ ਵਿਆਹ ਕਰਨ ਤੋਂ ਨਾਂਹ ਕਰ ਦਿੰਦਿਆਂ।

ਚੰਗੀ ਆਰਥਿਕਤਾ ਦੇ ਬਾਵਜੂਦ ਵੀ ਉਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਸੀ। ਉਹ ਜ਼ਿਆਦਾ ਪੜ੍ਹੇ-ਲਿਖੇ ਵੀ ਨਹੀਂ ਹਨ, ਉਨ੍ਹਾਂ ਨੇ ਸਿਰਫ਼ 12ਵੀਂ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ। ਉਹ ਕਹਿੰਦੇ ਹਨ ਕਿ ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਵਿਆਹ ਲਈ ਕੁੜੀ ਨਹੀਂ ਮਿਲੀ।

ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ ਪ੍ਰੀਤੇਸ਼ ਦਵੇ ਕਹਿੰਦੇ ਹਨ ਕਿ, "ਸਾਡੇ ਸਮਾਜ ਵਿੱਚ ਕਈ ਬੰਦੇ ਹਨ, ਜਿਨ੍ਹਾਂ ਨੂੰ ਵਿਆਹ ਲਈ ਕੁੜੀਆਂ ਨਹੀਂ ਮਿਲੀਆਂ, ਕਿਉਂਕਿ ਮਾਤਾ-ਪਿਤਾ ਆਪਣੀਆਂ ਧੀਆਂ ਦਾ ਵਿਆਹ ਸਰਕਾਰੀ ਨੌਕਰੀ ਵਾਲੇ ਨੌਜਵਾਨਾਂ ਨਾਲ ਕਰਨਾ ਪਸੰਦ ਕਰਦੇ ਹਨ। ਸਾਡੇ ਕੋਲ ਜ਼ਮੀਨ ਅਤੇ ਜਾਇਦਾਦ ਹੈ, ਪਰ ਇਹ ਉਨ੍ਹਾਂ ਲਈ ਮਹੱਤਵਪੂਰਨ ਨਹੀਂ ਹੈ, ਉਨ੍ਹਾਂ ਲਈ ਬਸ ਸਰਕਾਰੀ ਨੌਕਰੀ ਅਹਿਮ ਹੈ।"

ਸਰੋਗੇਸੀ
ਤਸਵੀਰ ਕੈਪਸ਼ਨ, ਪ੍ਰੀਤੇਸ਼ ਦੀ ਮਾਂ ਦਾਦੀ ਬਣ ਕੇ ਖੁਸ਼ ਹੈ।

ਪ੍ਰੀਤੇਸ਼ ਦੇ ਪਿਤਾ ਭਾਨੂਸ਼ੰਕਰ ਦਵੇ ਮੁਤਾਬਕ, "ਸਾਡੀ ਜਾਤ ਵਿੱਚ 'ਸਾਟਾ' ਪ੍ਰਥਾ ਹੈ, ਇਸਦਾ ਮਤਲਬ ਹੈ ਕਿ ਇੱਕ ਕੁੜੀ ਦੇਣਾ ਅਤੇ ਦੂਜੀ ਲੈਣਾ, ਬਹੁਤ ਭਾਲ ਕਰਨ ਤੋਂ ਬਾਅਦ ਵੀ ਪ੍ਰੀਤੇਸ਼ ਲਈ ਕੁੜੀ ਨਹੀਂ ਮਿਲ ਸਕੀ।"

ਪ੍ਰੀਤੇਸ਼ ਭਾਵਨਗਰ ਵਿੱਚ ਇੱਕ ਸਰਕਾਰੀ ਕੌਮੀ ਬੈਂਕ ਲਈ ਗਾਹਕ ਸੇਵਾ ਕੇਂਦਰ ਚਲਾਉਂਦੇ ਹਨ, ਉਨ੍ਹਾਂ ਦੇ ਮਾਤਾ-ਪਿਤਾ ਸੂਰਤ ਵਿੱਚ ਰਹਿੰਦੇ ਹਨ।

ਉਨ੍ਹਾਂ ਦਾ ਸੂਰਤ ਅਤੇ ਭਾਵਨਗਰ ਵਿਚਾਲੇ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਇਸ ਦੌਰਾਨ ਉਨ੍ਹਾਂ ਨੂੰ ਇਕੱਲਾਪਨ ਮਹਿਸੂਸ ਹੁੰਦਾ ਸੀ ਅਤੇ ਉਹ ਵਿਆਹੇ ਨਾ ਹੁੰਦੇ ਹੋਈ ਵੀ ਪਿਤਾ ਬਣਨਾ ਚਾਹੁੰਦੇ ਸੀ, ਇਸੇ ਲਈ ਕੁਝ ਲੋਕਾਂ ਨੇ ਉਨ੍ਹਾਂ ਨੂੰ ਸਰੋਗੇਸੀ ਦਾ ਸੁਝਾਅ ਦਿੱਤਾ।

ਪ੍ਰੀਤੇਸ਼ ਦਵੇ ਕਹਿੰਦੇ ਹਨ, "ਮੈਂ ਸਰੋਗੇਸੀ ਰਾਹੀਂ ਪਿਤਾ ਬਣਨ ਵਿੱਚ ਮਾਣ ਮਹਿਸੂਸ ਕਰਦਾ ਹਾਂ ਅਤੇ ਆਪਣੇ ਆਪ ਨੂੰ ਭਾਗਾਂ ਵਾਲਾ ਵੀ ਮੰਨਦਾ ਹਾਂ, ਕਿਉਂਕਿ ਹੁਣ ਨਵੇਂ ਕਨੂੰਨ ਦੇ ਮੁਤਾਬਕ ਮੇਰੇ ਵਰਗਾ ਅਣਵਿਆਹਿਆ ਬੰਦਾ ਸਰੋਗੇਸੀ ਰਾਹੀਂ ਪਿਤਾ ਨਹੀਂ ਬਣ ਸਕਦਾ।"

ਅਹਿਮਦਾਬਾਦ ਰਹਿੰਦੇ ਬਾਂਝਪਣ ਦੇ ਮਾਹਰ ਅਤੇ ਪ੍ਰੀਤੇਸ਼ ਦੇ ਸਰੋਗੇਸੀ ਸਲਾਹਕਾਰ ਡਾਕਟਰ ਪਾਰਥ ਬਾਵਿਸੀ ਕਹਿੰਦੇ ਹਨ, "ਉਨ੍ਹਾਂ ਨੂੰ ਵਿਆਹੇ ਨਾ ਹੋਣ ਦਾ ਅਫਸੋਸ ਹੈ, ਉਹ ਇੱਕ ਭਰਿਆ-ਪੂਰਾ ਪਰਿਵਾਰ ਚਾਹੁੰਦੇ ਸਨ, ਇਸ ਲਈ ਉਹ ਆਪਣੀ ਖਾਹਿਸ਼ ਲੈ ਕੇ ਮੇਰੇ ਕੋਲ ਆਏ।"

ਸਰੋਗੇਸੀ

ਜੌੜੇ ਬੱਚਿਆਂ ਦੇ ਪਿਤਾ ਬਣੇ

ਪ੍ਰੀਤੇਸ਼ ਦੇ ਪਿਤਾ ਬਣਨ ਦਾ ਮੌਕਾ ਬਹੁਤ ਮਹੱਤਵਪੂਰਨ ਸੀ। ਪ੍ਰੀਤੇਸ਼ ਕਹਿੰਦੇ ਹਨ, "ਜਦੋਂ ਉਹ ਦੋਵੇਂ ਬੱਚੇ ਮੇਰੀ ਦੁਨੀਆ ਵਿੱਚ ਆਏ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਹੀਂ ਨਹੀਂ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਹੱਸਾਂ ਜਾਂ ਰੋਵਾਂ, ਸ਼ੁਰੂਆਤ ਵਿੱਚ ਉਹ (ਬੱਚੇ) ਕਮਜ਼ੋਰ ਸਨ।”

“ਇਸ ਲਈ ਉਨ੍ਹਾਂ ਨੂੰ ਇਨਕਊਬੇਟਰ ਵਿੱਚ ਰੱਖਿਆ ਗਿਆ, ਜਦੋਂ ਪਹਿਲੀ ਵਾਰ ਮੈਂ ਉਨ੍ਹਾਂ ਨੂੰ ਗੋਦ ਵਿੱਚ ਚੁੱਕਿਆ ਤਾਂ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਚੰਗਾ ਪਲ ਸੀ ਅਤੇ ਮੈਂ ਉਸਨੂੰ ਬਿਆਨ ਨਹੀਂ ਕਰ ਸਕਦਾ।"

ਡਾਕਟਰ ਪਾਰਥ ਬਾਵਸੀ ਦੱਸਦੇ ਹਨ, "ਉਸ ਸਮੇਂ ਪ੍ਰੀਤੇਸ਼ ਨੂੰ ਦੇਖ ਕੇ ਅਜਿਹਾ ਲੱਗਾ ਕਿ ਜਿਵੇਂ ਉਨ੍ਹਾਂ ਨੂੰ ਸਾਰੇ ਸੰਸਾਰ ਦੀਆਂ ਖੁਸ਼ੀਆਂ ਮਿਲ ਗਈਆਂ ਹੋਣ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪ੍ਰੀਤੇਸ਼ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹ ਪਿਤਾ ਬਣ ਚੁੱਕੇ ਹਨ।"

ਸਰੋਗੇਸੀ

ਸਰੋਗੇਸੀ ਬਾਰੇ ਖ਼ਾਸ ਗੱਲਾਂ:

  • ਸਰੋਗੇਸੀ ਰਾਹੀਂ ਕੋਈ ਜੋੜਾ ਬੱਚਾ ਪੈਦਾ ਕਰਨ ਲਈ ਕਿਸੇ ਦੂਸਰੀ ਔਰਤ ਦੀ ਕੁੱਖ ਦਾ ਸਹਾਰਾ ਲੈਂਦਾ ਹੈ।
  • ਇਹ ਕਿਸੇ ਔਰਤ ਕੋਲੋਂ ਆਂਡੇ ਦੀ ਮਦਦ ਲੈਣ ਤੋਂ ਲੈ ਕੇ ਦੂਜੀ ਔਰਤ ਵਲੋਂ ਬੱਚੇ ਨੂੰ ਜਨਮ ਦੇਣ ਦੀ ਪੂਰੀ ਪ੍ਰਕਿਰਿਆ ਹੁੰਦੀ ਹੈ
  • ਸਰੋਗੇਸੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਪਰੰਪਰਾਗਤ ਸਰੋਗੇਸੀ ਅਤੇ ਗਰਭਕਾਲੀਨ ਸਰੋਗੇਸੀ
  • ਨਵੇਂ ਸਰੋਗੇਸੀ ਕਨੂੰਨ ਅਨੁਸਾਰ ਸਿਰਫ਼ ਵਿਆਹੇ ਜੋੜੇ ਹੀ ਸਰੋਗੇਸੀ ਦਾ ਸਹਾਰਾ ਲੈ ਸਕਦੇ ਹਨ
ਸਰੋਗੇਸੀ

ਦਾਦਾ-ਦਾਦੀ ਨੂੰ ਗੋਡੇ-ਗੋਡੇ ਚਾਅ

ਸਰੋਗੇਸੀ
ਤਸਵੀਰ ਕੈਪਸ਼ਨ, ਭਾਨੂਸ਼ੰਕਰ ਕਹਿੰਦੇ ਹਨ, "ਬੱਚਿਆਂ ਤੋਂ ਬਿਨਾਂ ਘਰ ਬਹੁਤ ਸੁੰਨਾ ਜਿਹਾ ਲੱਗਦਾ ਸੀ।''

ਪ੍ਰੀਤੇਸ਼ ਦੇ ਪਿਤਾ ਭਾਨੂਸ਼ੰਕਰ ਦਵੇ ਅਤੇ ਮਾਂ ਦਿਵਯਾਨੀ ਦਵੇ ਨੂੰ ਦਾਦਾ-ਦਾਦੀ ਬਣਨ ਦਾ ਗੋਡੇ-ਗੋਡੇ ਚਾਅ ਚੜ੍ਹਿਆ ਹੋਇਆ ਹੈ।

ਭਾਨੂਸ਼ੰਕਰ ਕਹਿੰਦੇ ਹਨ, "ਬੱਚਿਆਂ ਤੋਂ ਬਿਨਾਂ ਘਰ ਬਹੁਤ ਸੁੰਨਾ ਜਿਹਾ ਲੱਗਦਾ ਸੀ, ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਪੂਰਾ ਘਰ ਖੁਸ਼ੀ ਦੀ ਰੌਸ਼ਨੀ ਨਾਲ ਜਗਮਗ ਕਰਨ ਲੱਗਿਆ ਹੈ। ਕੁਦਰਤ ਦੀ ਕਿਰਪਾ ਨਾਲ ਘਰ ਵਿੱਚ ਪੁੱਤ ਅਤੇ ਧੀ ਦੋਵੇਂ ਹੀ ਆ ਗਏ ਹਨ।"

ਪ੍ਰੀਤੇਸ਼ ਦੀ ਮਾਂ ਦਿਵਯਾਨੀ ਦਵੇ ਕਹਿੰਦੇ ਹਨ, "ਇਨ੍ਹਾਂ ਦੋਵਾਂ ਦੇ ਆਉਣ ਨਾਲ ਸਾਨੂੰ ਇੱਕ ਅਨਮੋਲ ਖਜ਼ਾਨਾ ਮਿਲ ਗਿਆ ਹੈ, ਮੇਰੀ ਦਾਦੀ ਬਣਨ ਦੀ ਖਾਹਿਸ਼ ਵੀ ਪੂਰੀ ਹੋ ਗਈ ਅਤੇ ਭਰਾ ਨੂੰ ਭੈਣ ਅਤੇ ਭੈਣ ਨੂੰ ਭਰਾ ਵੀ ਮਿਲ ਗਿਆ।"

ਪਰਿਵਾਰ ਨੇ ਪੁੱਤ ਦਾ ਨਾਂ ਧੈਰਯ ਅਤੇ ਧੀ ਦਾ ਨਾਂ ਦਿਵਿਆ ਰੱਖਿਆ ਹੈ।

'ਵਿਆਹ ਨਾ ਹੋਣ ਦਾ ਅਫਸੋਸ ਨਹੀਂ'

ਪ੍ਰੀਤੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਚੇ ਹੋਣ ਤੋਂ ਬਾਅਦ ਵਿਆਹ ਨਾ ਹੋਣ ਦਾ ਕੋਈ ਅਫਸੋਸ ਨਹੀਂ ਹੈ।

ਜਦੋਂ ਦਵੇ ਨੂੰ ਇਹ ਪੁੱਛਿਆ ਗਿਆ ਕਿ ਜੇ ਉਨ੍ਹਾਂ ਨੂੰ ਆਪਣੀ ਪਸੰਦ ਦੀ ਕੁੜੀ ਮਿਲ ਜਾਏ ਤਾਂ ਉਹ ਉਸ ਨਾਲ ਵਿਆਹ ਕਰਨਾ ਚਾਹੁਣਗੇ ?

ਤਾਂ ਉਨ੍ਹਾਂ ਕਿਹਾ, "ਧੈਰਯ ਅਤੇ ਦਿਵਿਆ ਦੇ ਆਉਣ ਤੋਂ ਬਾਅਦ, ਮੈਂ ਹੁਣ ਵਿਆਹ ਨਹੀਂ ਕਰਨਾ ਚਾਹੁੰਦਾ, ਮੈਨੂੰ ਨਹੀਂ ਪਤਾ ਕਿ ਮੇਰੀ ਹੋਣ ਵਾਲੀ ਘਰਵਾਲੀ ਬੱਚਿਆਂ ਦੀ ਦੇਖਭਾਲ ਚੰਗੇ ਤਰੀਕੇ ਨਾਲ ਕਰੇਗੀ ਜਾਂ ਨਹੀ, ਇਸ ਲਈ ਮੈਂ ਇਕੱਲਾ ਹੀ ਉਨ੍ਹਾਂ ਦਾ ਖਿਆਲ ਰੱਖ ਕੇ ਖੁਸ਼ ਹਾਂ।"

ਮੇਰੀ ਜ਼ਿੰਦਗੀ ਦਾ ਇੱਕੋ-ਇੱਕ ਟੀਚਾ ਹੈ - ਆਪਣੇ ਬੱਚਿਆਂ ਦੀ ਪਰਵਰਿਸ਼ ਚੰਗੇ ਤਰੀਕੇ ਨਾਲ ਕਰਨਾ।"

ਭਾਨੂਸ਼ੰਕਰ ਦਵੇ ਕਹਿੰਦੇ ਹਨ, "ਸਾਡਾ ਆਪਣੇ ਪੋਤੇ-ਪਤੀਆਂ ਦੇ ਨਾਲ ਖੇਡਣ ਦਾ ਸੁਫਨਾ ਪੂਰਾ ਹੋ ਰਿਹਾ ਹੈ,"

ਦਿਵਿਆਨੀ ਦਵੇ ਕਹਿੰਦੇ ਹਨ, "ਇਨ੍ਹਾਂ ਦੋਵਾਂ ਦਾ ਖਿਆਲ ਰੱਖਦਿਆਂ ਸਾਡਾ ਸਮਾਂ ਕਿਵੇਂ ਨਿਕਲ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ, ਅਸੀਂ ਦੋਵਾਂ ਵਿੱਚ ਕੋਈ ਫਰਕ ਨਹੀਂ ਕਰਦੇ, ਅਸੀਂ ਦੋਵਾਂ ਨੂੰ ਪਿਆਰ ਕਰਦੇ ਹਾਂ।"

ਸਰੋਗੇਸੀ

ਤਸਵੀਰ ਸਰੋਤ, Getty Images

ਸਰੋਗੇਸੀ ਕੀ ਹੈ ?

ਕਈਂ ਔਰਤਾਂ ਬੱਚਾ ਪੈਦਾ ਕਰਨ ਸਬੰਧੀ ਮੁਸ਼ਕਲਾਂ, ਗਰਭਪਾਤ ਜਾਂ ਇਸ ਵਿੱਚ ਜੋਖ਼ਮ ਹੋਣ ਕਾਰਨ ਗਰਭ ਧਾਰਣ ਨਹੀਂ ਕਰ ਪਾਉਂਦੀਆਂ ਜਾਂ ਕਈਂ ਆਪਣੀ ਮਰਜ਼ੀ ਨਾਲ ਗਰਭ ਧਾਰਣ ਨਹੀਂ ਕਰਨਾ ਚਾਹੁੰਦੀਆਂ।

ਇਸ ਦੇ ਚਲਦਿਆਂ ਸਰੋਗੇਸੀ ਦਾ ਵਿਕਲਪ ਉਨ੍ਹਾਂ ਲਈ ਫਾਇਦੇਮੰਦ ਹੈ, ਯਾਨੀ ਕਿ ਜਦੋਂ ਕੋਈ ਜੋੜਾ ਬੱਚਾ ਪੈਦਾ ਕਰਨ ਲਈ ਕਿਸੇ ਦੂਸਰੀ ਔਰਤ ਦੀ ਕੁੱਖ ਦਾ ਸਹਾਰਾ ਲੈਂਦਾ ਹੈ।

ਕਿਸੇ ਦੂਸਰੀ ਔਰਤ ਕੋਲੋਂ ਆਂਡੇ ਦੀ ਮਦਦ ਲੈਣ ਤੋਂ ਲੈ ਕੇ ਦੂਜੀ ਔਰਤ ਵੱਲੋਂ ਜੋੜੇ ਦੇ ਬੱਚੇ ਨੂੰ ਜਨਮ ਦੇਣ ਦੀ ਪੂਰੀ ਪ੍ਰਕਿਰਿਆ ਨੂੰ ਸਰੋਗੇਸੀ ਕਿਹਾ ਜਾਂਦਾ ਹੈ।

ਡਾਕਟਰ ਪਾਰਥ ਬਾਵਿਸੀ ਕਹਿੰਦੇ ਹਨ "ਪ੍ਰੀਤੇਸ਼ ਦੇ ਸ਼ੁਕਰਾਣੂ ਅਤੇ ਇੱਕ ਔਰਤ ਦੇ ਆਂਡੇ (ਜਿਨ੍ਹਾਂ ਦੀ ਪਛਾਣ ਗੁਪਤ ਰੱਖੀ ਗਈ ਹੈ) ਇਕੱਠੈ ਕੀਤੇ ਗਏ। ਫਿਰ ਆਈਵੀਐਫ ਦੇ ਰਾਹੀਂ ਭਰੂਣ ਤਿਆਰ ਕੀਤਾ ਗਿਆ ਅਤੇ ਸਰੋਗੇਟ ਮਾਂ ਦੀ ਕੁੱਖ ਵਿੱਚ ਰੱਖਿਆ (ਟਰਾਂਸਪਲਾਂਟ) ਗਿਆ।

"ਅਸੀਂ ਜੀਵਨ ਦੀ ਸੰਭਾਵਨਾ ਵਧਾਉਣ ਲਈ ਦੋ ਭਰੂਣ ਰੱਖੇ, ਦੋਵੇਂ ਭਰੂਣ ਵਿਕਸਿਤ ਹੋਏ ਅਤੇ ਜੁੜਵਾ ਬੱਚੇ ਪੈਦਾ ਹੋਏ।"

ਇਸ ਸਰੋਗੇਸੀ ਵਿੱਚ ਇੱਕ ਔਰਤ ਅਤੇ ਕਿਸੇ ਦਾਨੀ ਦੀ ਸਹਾਇਤਾ ਨਾਲ ਜੋੜੇ ਲਈ ਗਰਭਵਤੀ ਹੋ ਜਾਂਦੀ ਜਾਂ ਜੋੜੇ ਦੀ ਔਰਤ ਦੇ ਆਂਡੇ ਦੇ ਰਾਹੀਂ, ਦਾਨੀ ਜਾਂ ਜੋੜੇ ਵਿਚਲੇ ਮਰਦੇ ਦੇ ਸ਼ੁਕਰਾਣੂਆਂ ਨਾਲ ਗਰਭਵਤੀ ਹੋ ਜਾਂਦੀ ਹੈ। ਜੋ ਔਰਤ ਕਿਸੇ ਦੂਜੇ ਦੇ ਬੱਚੇ ਨੂੰ ਆਪਣੀ ਕੁੱਖ ਵਿੱਚ ਪਾਲਦੀ ਹੈ ਉਹਨੂੰ ਸਰੋਗੇਟ ਮਾਂ ਕਿਹਾ ਜਾਂਦਾ ਹੈ।

ਸਰੋਗੇਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰੋਗੇਟ ਮਾਂ ਦੇ ਗਰਭ ਵਿੱਚ ਭਰੂਣ ਬਣਦਾ ਹੈ ਅਤੇ ਫੇਰ ਸਰੋਗੇਟ ਮਾਂ ਉਸ ਭਰੂਣ ਨੂੰ 9 ਮਹੀਨੇ ਤੱਕ ਆਪਣੇ ਗਰਭ ਵਿੱਚ ਰੱਖਦੀ ਹੈ।

ਸਰੋਗੇਸੀ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

ਸਰੋਗੇਸੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਪਰੰਪਰਾਗਤ ਸਰੋਗੇਸੀ ਅਤੇ ਗਰਭਕਾਲੀਨ ਸਰੋਗੇਸੀ।

ਪਰੰਪਰਾਂਗਤ ਸਰੋਗੇਸੀ ਉਹ ਹੁੰਦੀ ਹੈ ਜਿਸ ਵਿੱਚ ਪਿਤਾ ਜਾਂ ਦਾਨੀ ਦੇ ਸ਼ੁਕਰਾਣੂ ਦਾ ਮਿਲਾਣ ਮਾਂ ਦੇ ਆਂਡਿਆਂ ਨਾਲ ਕੀਤਾ ਜਾਂਦਾ ਹੈ।

ਫਿਰ ਡਾਕਟਰ ਬਣਾਉਟੀ ਢੰਗ ਨਾਲ ਸ਼ੁਕਰਾਣੂਆਂ ਨੂੰ ਸਿੱਧਾ ਔਰਤ ਦੇ ਗਰਭਾਸ਼ਏ ਗਰੀਵਾ, ਫੈਲੋਪੀਅਨ ਟਿਊਬ ਅਤੇ ਗਰਭਾਸ਼ਏ ਵਿੱਚ ਟੀਕੇ ਰਾਹੀਂ ਪਾਇਆ ਜਾਂਦਾ ਹੈ।

ਸਰੋਗੇਟ ਮਾਂ ਦੇ ਗਰਭ ਵਿੱਚ ਭਰੂਣ ਬਣਦਾ ਹੈ ਅਤੇ ਫੇਰ ਸਰੋਗੇਟ ਮਾਂ ਉਸ ਭਰੂਣ ਨੂੰ 9 ਮਹੀਨੇ ਤੱਕ ਆਪਣੇ ਗਰਭ ਵਿੱਚ ਰੱਖਦੀ ਹੈ। ਇਸ ਮਾਮਲੇ ਵਿੱਚ ਸਰੋਗੇਟ ਮਾਂ ਹੀ ਬੱਚੇ ਦੀ ਜੈਵਿਕ ਮਾਂ ਹੁੰਦੀ ਹੈ।

ਜੇ ਇਸ ਮਾਮਲੇ ਵਿੱਚ ਪਿਤਾ ਦੇ ਸ਼ੁਕਰਾਣੂ ਦੀ ਵਰਤੋਂ ਨਹੀਂ ਕੀਤੀ ਗਈ ਤਾਂ ਦਾਨੀ ਬੰਦੇ ਦੇ ਸ਼ੁਕਰਾਣੂਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇ ਦਾਨੀ ਬੰਦੇ ਦੇ ਸ਼ੁਕਰਾਣੂਆਂ ਦੀ ਵਰਤੋਂ ਕੀਤੀ ਗਈ ਹੈ ਤਾਂ ਪਿਤਾ ਖਾਨਦਾਨੀ ਰੂਪ ਵਿੱਚ ਬੱਚੇ ਨਾਲ ਸੰਬੰਧਤ ਨਹੀਂ ਹੁੰਦਾ।

ਗਰਭਕਾਲੀਨ ਸਰੋਗੇਸੀ - ਇਸ ਸਰੋਗੇਸੀ ਵਿੱਚ ਸਰੋਗੇਟ ਮਾਂ ਖਾਨਦਾਨੀ ਰੂਪ ਵਿੱਚ ਬੱਚੇ ਨਾਲ ਸੰਬੰਧਤ ਨਹੀਂ ਹੁੰਦੀ।

ਸਰੋਗੇਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਸਾਰੇ ਆਈਵੀਐਫ ਕੇਂਦਰਾਂ ਵਿੱਚ 'ਜੇਸਟੇਸ਼ਨਲ ਸਰੋਗੇਸੀ' ਵੱਧ ਪ੍ਰਚਲਤ ਹੈ।

ਯਾਨੀ ਕਿ ਗਰਭਕਾਲੀਨ ਸਰੋਗੇਸੀ ਵਿੱਚ ਸਰੋਗੇਟ ਮਾਂ ਦੀ ਆਂਡੇ ਦੀ ਵਰਤੋਂ ਨਹੀਂ ਕੀਤੀ ਜਾਂਦੀ, ਉਹ ਸਿਰਫ ਬੱਚੇ ਨੂੰ ਜਨਮ ਦਿੰਦੀ ਹੈ, ਇਸ ਮਾਮਲੇ ਵਿੱਚ ਸਰੋਗੇਟ ਮਾਂ ਬੱਚੇ ਦੀ ਜੈਵਿਕ ਮਾਂ ਨਹੀਂ ਹੈ, ਗਰਭਕਾਲੀਨ ਸਰੋਗੇਸੀ ਵਿੱਚ ਪਿਤਾ ਦੇ ਸ਼ੁਕਰਾਣੂ ਅਤੇ ਮਾਂ ਦੇ ਆਂਡੇ ਨੂੰ ਰਲਾ ਕੇ ਸਰੋਗੇਟ ਮਾਂ ਦੀ ਕੁੱਖ ਵਿੱਚ ਰੱਖੀ ਜਾਂਦੀ ਹੈ।

ਇਸ ਵਿੱਚ ਆਈਵੀਐਫ ਰਾਹੀਂ ਭਰੂਣ ਬਣਾਇਆ ਜਾਂਦਾ ਹੈ ਅਤੇ ਸਰੋਗੇਟ ਮਾਂ ਦੀ ਕੁੱਖ ਵਿੱਚ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਆਈਵੀਐਫ ਦੀ ਵਰਤੋਂ ਪ੍ਰੰਪਰਾਗਤ ਸਰੋਗੇਸੀ ਵਿੱਚ ਵੀ ਕੀਤੀ ਜਾਂਦੀ ਹੈ।

ਹਾਲਾਂਕਿ, ਪ੍ਰੰਪਰਾਗਤ ਸਰੋਗਸੀ ਵਿੱਚ ਬਣਾਉਟੀ 'ਇੰਟਰਾਟਊਰੀਨ ਇਨਸੇਮੀਨੇਸ਼ਨ' (ਆਈਯੂਆਈ) ਤਰੀਕੇ ਦੀ ਵਰਤੋਂ ਕੀਤੀ ਜਾਂਦੀ ਹੈ। ਆਈਯੂਆਈ ਇੱਕ ਬੇਹੱਦ ਅਸਾਨ ਡਾਕਟਰੀ ਪ੍ਰਕਿਰਿਆ ਹੈ, ਜਿਸ ਵਿੱਚ ਸਰੋਗੇਟ ਮਾਂ ਨੂੰ ਕਈ ਤਰ੍ਹਾਂ ਦੇ ਟੈਸਟ ਅਤੇ ਇਲਾਜ ਵਿੱਚੋਂ ਨਹੀਂ ਲੰਘਣਾ ਪੈਂਦਾ।

ਪ੍ਰੰਪਰਾਗਤ ਸਰੋਗੇਟ ਮਾਂ ਦੇ ਆਂਡੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਧੀ ਵਿੱਚ ਜੋ ਔਰਤ ਬੱਚਾ ਚਾਹੁੰਦੀ ਹੈ ਉਸਨੂੰ ਆਂਡੇ ਦੁਬਾਰਾ ਵਿਕਸਿਤ ਕਰਨ ਦੀ ਪਰੇਸ਼ਾਨੀ ਨਾਲ ਨਹੀਂ ਜੂਝਣਾ ਪੈਂਦਾ।

ਭਾਰਤ ਦੇ ਸਾਰੇ ਆਈਵੀਐਫ ਕੇਂਦਰਾਂ ਵਿੱਚ 'ਜੇਸਟੇਸ਼ਨਲ ਸਰੋਗੇਸੀ' ਵੱਧ ਪ੍ਰਚਲਤ ਹੈ ਕਿਉਂਕਿ ਪ੍ਰੰਪਰਾਗਤ ਸਰੋਗੇਟ ਮਾਂ ਬੱਚੇ ਦੀ ਜੈਵਿਕ ਮਾਂ ਹੁੰਦੀ ਹੈ, ਜਿਸ ਉੱਤੇ ਵਿਵਾਦ ਹੋਣ ਦਾ ਖਤਰਾ ਰਹਿੰਦਾ ਹੈ।

ਇਸ ਸਰੋਗੇਸੀ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।

ਇੱਕ ਹੈ ਪਰਉਪਕਾਰੀ ਸਰੋਗਸੀ ਦੂਜੀ ਹੈ ਵਪਾਰਕ ਸਰੋਗਸੀ।

ਪਰਉਪਕਾਰੀ ਸਰੋਗਸੀ - ਜਦੋਂ ਕੋਈ ਜੋੜਾ ਕਿਸੇ ਸਰੋਗੇਟ ਔਰਤ ਨੂੰ ਆਪਣੇ ਨਾਲ ਰਹਿਣ ਦਾ ਸੱਦਾ ਦਿੰਦਾ ਹੈ, ਸਰੋਗੇਟ ਔਰਤ ਕੋਈ ਰਿਸ਼ਤੇਦਾਰ ਜਾਂ ਅਣਜਾਣ ਹੋ ਸਕਦੀ ਹੈ, ਇਸ ਮਾਮਲੇ ਵਿੱਚ ਜੋੜਾ ਸਰੋਗੇਟ ਮਾਂ ਦਾ ਸਾਰਾ ਖਰਚਾ ਚੁੱਕਦਾ ਹੈ।

ਵਪਾਰਕ ਸਰੋਗੇਸੀ - ਜਿਸ ਵਿੱਚ ਸਰੋਗੇਟ ਮਾਂ ਨੂੰ ਬੱਚੇ ਨੰ ਜਨਮ ਦੇਣ ਲਈ ਮੁਆਵਜ਼ਾ ਦਿੱਤਾ ਜਾਂਦਾ ਹੈ, ਨਵੇਂ ਕਨੂੰਨ ਦੇ ਮੁਤਾਬਕ ਵਪਾਰਕ ਸਰੋਗੇਸੀ ਉੱਤੇ ਰੋਕ ਲਾ ਦਿੱਤੀ ਗਈ ਹੈ।

ਸਰੋਗੇਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮਲਿੰਗੀ ਮਰਦਾਂ ਨੂੰ ਵੀ ਸਰੋਗੇਸੀ ਦੀ ਵਰਤੋਂ ਕਰਨ ਸੀ ਮਨਾਹੀ ਹੈ

ਇਕੱਲਾ ਮਰਦ ਕਿਉਂ ਨਹੀਂ ਬਣ ਸਕਦਾ ਸਰੋਗੇਟ ਪਿਤਾ

ਨਵੇਂ ਸਰੋਗੇਸੀ ਕਨੂੰਨ, ਸਰੋਗੇਸੀ ਰੈਗੂਲੇਸ਼ਨ ਐਕਟ ਦੇ ਅਨੁਸਾਰ ਸਿਰਫ਼ ਵਿਆਹੇ ਜੋੜੇ ਹੀ ਸਰੋਗੇਸੀ ਦਾ ਸਹਾਰਾ ਲੈ ਸਕਦੇ ਹਨ।

ਕੋਈ ਵੀ ਇਕੱਲਾ ਬੰਦਾ ਸਰੋਗੇਸੀ ਦਾ ਫਾਇਦਾ ਨਹੀਂ ਚੁੱਕ ਸਕਦਾ, ਇਕੱਲੀਆਂ ਔਰਤਾਂ ਜ਼ਰੂਰ ਹੁਣ ਵੀ ਇਸਦਾ ਲਾਹਾ ਲੈ ਸਕਦੀਆਂ ਹਨ, ਪਰ ਬੱਸ ਉਸ ਸਮੇਂ ਜਦੋਂ ਉਹ ਤਲਾਕਸ਼ੁਦਾ ਜਾਂ ਵਿਧਵਾ ਹੋਣ ਅਤੇ ਉਨ੍ਹਾਂ ਦੀ ਉਮਰ 35 ਤੋਂ 45 ਸਾਲਾਂ ਦੇ ਵਿੱਚ ਹੋਵੇ।

ਸਮਲਿੰਗੀ ਮਰਦਾਂ ਨੂੰ ਵੀ ਸਰੋਗੇਸੀ ਦੀ ਵਰਤੋਂ ਕਰਨ ਦੀ ਮਨਾਹੀ ਹੈ, ਜਾਣਕਾਰ ਦੱਸਦੇ ਹਨ ਪਹਿਲਾਂ ਅਜਿਹਾ ਨਹੀਂ ਸੀ, ਫਿਲਮ ਨਿਰਦੇਸ਼ਕ ਕਰਨ ਜੌਹਰ ਅਤੇ ਅਦਾਕਾਰ ਤੁਸ਼ਾਰ ਕਪੂਰ ਵੀ ਸਰੋਗੇਸੀ ਦੀ ਸਹਾਇਤਾ ਨਾਲ ਹੀ ਇਕੱਲੇ ਪਿਤਾ ਬਣੇ।

ਗੁਜਰਾਤ ਦੀ 'ਬੇਬੀ ਫੈਕਟਰੀ' ਕਹੇ ਜਾਣ ਵਾਲੇ ਆਣੰਦ ਸ਼ਹਿਰ ਵਿੱਚ ਸਰੋਗੇਸੀ ਦੇ ਲਈ ਕਲੀਨਿਕ (ਦਵਾਖਾਨਾ) ਚਲਾਉਣ ਵਾਲੇ ਡਾਕਟਰ ਨੈਨਾ ਪਟੇਲ ਕਹਿੰਦੇ ਹਨ, "ਕਾਨੂੰਨ ਦੀ ਇਹ ਧਾਰਾ ਮਰਦ ਦੇ ਬੱਚਾ ਪੈਦਾ ਕਰਨ ਦੇ ਹੱਕ ਦੀ ਉਲੰਘਣਾ ਕਰਦੀ ਹੈ।"

ਸਰੋਗੇਸੀ

ਤਸਵੀਰ ਸਰੋਤ, Getty Images

ਡਾਕਟਰ ਪਾਰਥ ਬਾਵਿਸੀ ਨੇ ਵੀ ਇਸ ਉੱਤੇ ਆਪਣਾ ਵਿਰੋਧ ਜਤਾਉਂਦਿਆਂ ਕਿਹਾ ਕਿ "ਅੱਜ ਪ੍ਰੀਤੇਸ਼ ਵਰਗੇ ਕਈਂ ਮਰਦ ਹੋਣਗੇ ਜੋ ਪਸੰਦ ਦਾ ਜੀਵਨ ਸਾਥੀ ਨਾ ਮਿਲਣ ਕਾਰਨ ਵਿਆਹ ਨਹੀਂ ਕਰਨਗੇ, ਤਾਂ ਪਿਤਾ ਬਣਨ ਦੀਆਂ ਉਹਨਾਂ ਦੀਆਂ ਭਾਵਨਾਵਾਂ ਦਾ ਕੀ ਹੋਵੇਗਾ?”

“ਜੇ ਭਾਰਤ ਵਿੱਚ ਲਿੰਗ-ਅਨੁਪਾਤ ਨੂੰ ਦੇਖੀਏ ਤਾਂ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਘੱਟ ਹੈ, ਅਜਿਹੇ ਮਾਮਲਿਆਂ ਵਿੱਚ ਮਰਦਾਂ ਦੀਆਂ ਪਿਤਾ ਬਣਨ ਦੀਆਂ ਭਾਵਨਾਵਾਂ ਦਾ ਸਨਮਾਨ ਕੀਤੀ ਜਾਣਾ ਚਾਹੀਦਾ ਹੈ।"

ਹਾਲਾਂਕਿ, ਪੂਰੇ ਦੇਸ਼ ਦੀਆਂ ਕਈਂ ਅਦਾਲਤਾਂ ਵਿੱਚ ਕਨੂੰਨ ਦੀ ਉਸ ਧਾਰਾ ਨੂੰ ਚੁਣੌਤੀ ਦਿੰਦੇ ਹੋਏ ਕਈ ਅਪੀਲਾਂ ਦਾਇਰ ਕੀਤੀਆਂ ਗਈਆਂ ਹਨ, ਇਸ ਤਹਿਤ ਇਕੱਲੇ ਮਰਦ, ਅਤੇ ਇਕੱਲੀਆਂ ਔਰਤਾਂ ਸਰੋਗੇਸੀ ਦੇ ਰਾਹੀ ਵੀ ਬੱਚੇ ਪੈਦਾ ਨਹੀਂ ਕਰ ਸਕਦੇ।

ਇਹ ਸੰਵਿਧਾਨ ਦੀ ਧਾਰਾ 13 ਅਤੇ 21 ਦੀ ਉਲੰਘਣੈ ਹੈ।

ਇੰਡੀਅਨ ਸੋਸਾਇਟੀ ਫਾਰ ਅਸਿਸਟੇਡ ਰਿਪਰੋਡਕਸ਼ਨਟ ਦੇ ਸਾਬਕਾ ਪ੍ਰਧਾਨ ਡਾਕਟਰ ਮਨੀਸ਼ ਬੈਂਕਰ ਕਹਿੰਦੇ ਹਨ, "ਹਾਲਾਂਕਿ ਕਈਂ ਅਦਾਲਤਾਂ ਵਿੱਚ ਇਸ ਮਾਮਲੇ ਦੀ ਸੁਣਵਾਈ ਹੋ ਰਹੀ ਹੈ, ਕਾਨੂੰਨ ਹਾਲੇ ਵੀ ਲਾਗੂ ਹੈ, ਸਰਕਾਰ ਨੇ ਕੋਰਟ ਵਿੱਚ ਆਪਣਾ ਪੱਖ ਰੱਖਿਆ ਹੈ ਅਤੇ ਸਰਕਾਰ ਦੇ ਜਵਾਬ ਤੋਂ ਏਦਾਂ ਲੱਗ ਰਿਹਾ ਹੈ ਕਿ ਸਰਕਾਰ ਇਸ ਮਾਮਲੇ 'ਤੇ ਕੋਈ ਸਮਝੌਤਾ ਕਰਨ ਨੁੰ ਤਿਆਰ ਨਹੀਂ ਹੈ।"

ਦੱਸ ਦੇਈਏ ਕਿ 5 ਅਪ੍ਰੈਲ, 2023 ਨੂੰ 'ਦ ਪ੍ਰਿੰਟ' ਵਿੱਚ ਛਪੀ ਇੱਕ ਰਿਪੋਰਟ ਦੇ ਮੁਤਾਬਕ, ਇਸ ਮਾਮਲੇ 'ਤੇ ਸੁਪਰੀਮ ਕੋਰਟ ਵਿੱਚ ਦਾਇਰ ਇੱਕ ਪਟੀਸ਼ਨ ਦੇ ਜਵਾਬ ਵਿੱਚ ਸਰਕਾਰ ਨੇ ਸਰੋਗੇਸੀ ਦੀਆਂ ਨਵੀਆਂ ਧਾਰਾਵਾਂ ਨੂੰ "ਸਮਾਜਿਕ ਅਤੇ ਨੈਤਿਕਤਾ ਦਾ ਮਿਲਾਪ ਦੱਸਿਆ ਸੀ ਅਤੇ ਇਨ੍ਹਾਂ ਸਖਤ ਧਾਰਾਵਾਂ ਵਿੱਚ ਢਿੱਲ੍ਹ ਦੇਣ ਤੋਂ ਨਾਂਹ ਕਰ ਦਿੱਤੀ ਸੀ।"

ਕੀ ਹੈ ਨਵਾਂ ਸਰੋਗੇਸੀ ਕਨੂੰਨ ?

ਨਵੇਂ ਕਨੂੰਨ ਦੇ ਤਹਿਤ ਸਿਰਫ਼ ਬੱਚਿਆਂ ਤੋਂ ਵਾਂਝੇ ਜੋੜੇ ਹੀ ਸਰੋਗੇਸੀ ਦਾ ਲਾਹਾ ਲੈ ਸਕਦੇ ਹਨ।

ਉਨ੍ਹਾਂ ਦੀ ਉਮਰ 25 ਤੋਂ 50 ਦੇ ਵਿਚਕਾਰ ਹੋਣੀ ਚਾਹੀਦੀ ਹੈ, ਉਨ੍ਹਾਂ ਦਾ ਕੋਈ ਬੱਚਾ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕੋਈ ਬੱਚਾ ਗੋਦ ਲਿਆ ਹੋਵੇ।

ਕੋਈ ਔਰਤ ਸਰੋਗੇਸੀ ਦਾ ਲਾਹਾ ਤਾਂ ਹੀ ਲੈ ਸਕਦੀ ਹੈ, ਜਦੋਂ ਉਹ ਵਿਧਵਾ ਜਾਂ ਤਲਾਕਸ਼ੁਦਾ ਹੋਵੇ ਅਤੇ ਉਸਦੀ ਉਮਰ 35 ਤੋਂ 45 ਸਾਲ ਦੇ ਵਿੱਚ ਹੋਵੇ।

ਕਾਨੂੰਨ ਕਿਸੇ ਵਿਧਵਾ ਜਾਂ ਤਲਾਕਸ਼ੁਦਾ ਮਹਿਲਾ ਨੂੰ ਸਰੋਗੇਸੀ ਲਈ ਆਪਣੇ ਆਂਡੇ ਦਾਨ ਕਰਨ ਦੀ ਇਜ਼ਾਜਤ ਦਿੰਦਾ ਹੈ, ਉਹਨਾਂ ਦੀ ਉਮਰ 35 ਤੋਂ 45 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ।

ਜਿਹੜੇ ਜੋੜੇ ਸਰੋਗੇਸੀ ਦੇ ਤਹਿਤ ਬੱਚਾ ਪੈਦਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰੋਗੇਸੀ ਦੇ ਲਈ ਇੱਕ ਖਾਸ ਸਰਕਾਰੀ ਮੈਡੀਕਲ ਬੋਰਡ ਨਾਲ ਸੰਪਰਕ ਕਰਨਾ ਪੈਂਦਾ ਹੈ। ਬੋਰਡ ਦੀ ਮਨਜੂਰੀ ਤੋਂ ਬਾਅਦ ਹੀ ਸਰੋਗੇਸੀ ਦੀ ਪ੍ਰਕਿਰਆ ਅੱਗੇ ਵੱਧ ਸਕਦੀ ਹੇ।

ਇੱਕ ਵਾਰੀ ਜਦੋਂ ਜੋੜੇ ਅਤੇ ਸਰੋਗੇਟ ਨੇ ਪ੍ਰਮਾਣ ਪੱਤਰ ਹਾਸਲ ਕਰ ਲਿਆ ਤਾਂ ਉਹ 'ਅਸਿਸਟੇਡ ਰਿਪਰੋਡਕਟਿਵ ਅਥਾਰਟੀਟ' (ਏਟੀਆਰ) ਨਾਲ ਸੰਪਰਕ ਕਰ ਸਕਦੇ ਹਨ।

ਸਰੋਗੇਟ ਔਰਤਾਂ ਅਤੇ ਜੋੜਿਆਂ ਨੂੰ ਆਪਣਾ ਅਧਾਰ ਕਾਰਡ ਲਿੰਕ ਕਰਵਾਉਣਾ ਪਏਗਾ ਤਾਂ ਜੋ ਇਸ ਸਿਸਟਮ ਵਿੱਚ ਸ਼ਾਮਿਲ ਲੋਕਾਂ ਦੇ ਬਾਇੳਮੈਟ੍ਰਿਕਸ ਦਾ ਰਿਕਾਰਡ ਰਹੇ। ਜੇਕਰ ਆਉਣ ਵਾਲੇ ਦਿਨਾਂ ਵਿੱਚ ਕੋਈ ਸੁਆਲ ਉੱਠੇ ਤਾਂ ਰਿਕਾਰਡ ਦੀ ਸਹਾਇਤਾ ਨਾਲ ਉਸਦਾ ਹੱਲ ਕੱਢਿਆ ਜਾ ਸਕੇ।

ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਨੂੰ 10 ਸਾਲ ਤੱਕ ਦੀ ਜੇਲ੍ਹ ਅਤੇ 25 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।

ਜੇਕਰ ਜੋੜੇ ਦੀ ਮੌਤ ਬੱਚੇ ਦੇ ਜੰਮਣ ਤੋਂ ਪਹਿਲਾਂ ਮੌਤ ਹੋ ਜਾਂਦੀ ਤਾਂ ਬੱਚੇ ਨੂੰ ਪਾਲਣ ਦੀ ਜ਼ਿੰਮੇਵਾਰੀ ਜੋੜੇ ਵਲੋਂ ਨਾਮਜ਼ਦ ਕੀਤੇ ਗਏ ਵਿਅਕਤੀ ਦੀ ਜ਼ਿੰਮੇਵਾਰੀ ਹੋਵੇਗੀ, ਇਹ ਜਿੰਮੇਵਾਰੀ ਸਰੋਗੇਟ ਮਾਂ ਦੀ ਨਹੀਂ ਹੈ।

ਏਕਤਾ ਕਪੂਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਕਤਾ ਕਪੂਰ

ਮਸ਼ਹੂਰ ਹਸਤੀਆਂ ਜਿਨ੍ਹਾਂ ਨੇ ਸਰੋਗੇਸੀ ਦਾ ਸਹਾਰਾ ਲਿਆ

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਸਰੋਗੇਸੀ ਦੀ ਸਹਾਇਤਾ ਨਾਲ ਮਾਤਾ-ਪਿਤਾ ਬਣੇ ਹਨ।

ਬਾਲੀਵੁੱਡ ਅਦਾਕਾਰਾ ਪ੍ਰਿਤੀ ਜ਼ਿੰਟਾ ਅਤੇ ਉਨ੍ਹਾਂ ਦੇ ਪਤੀ ਜੀਨ ਗੁਡਇਨਫ ਵੀ ਸਰੋਗੇਸੀ ਦੇ ਜਰੀਏ ਜੁੜਵਾ ਬੱਚਿਆਂ ਦੇ ਮਾਂ-ਪਿੳ ਬਣੇ। ਸਰੋਗੇਸੀ ਦੀ ਸਹਾਇਤਾ ਨਾਲ ਉਹ ਆਪਣੀ ਧੀ ਸਮਿਸ਼ਾ ਦੀ ਮਾਂ ਬਣੇ।

ਫਿਲਮ ਨਿਰਦੇਸ਼ਕ ਕਰਨ ਜੌਹਰ ਸਰੋਗੇਸੀ ਦੇ ਰਾਹੀ ਇਕੱਲੇ ਪਿਤਾ ਬਣੇ। 2017 ਵਿੱਚ ਉਹ ਜੁੜਵਾ ਬੱਚਿਆਂ ਦੇ ਪਿਤਾ ਬਣੇ।

ਅਦਾਕਾਰਾ ਲੀਜ਼ਾ ਰੇ ਵੀ ਸਰੋਗੇਸੀ ਦੀ ਸਹਾਇਤਾ ਨਾਲ ਮਾਂ ਬਣੇ। ਸੰਨੀ ਲਿਉਨ ਨੇ ਪਹਿਲਾਂ ਦੋ ਬੱਚਿਆਂ ਨੂੰ ਗੋਦ ਲਿਆ ਅਤੇ ਬਾਅਦ ਵਿੱਚ ਉਹ ਸਰੋਗੇਸੀ ਦੀ ਸਹਾਇਤਾ ਨਾਲ ਦੋ ਬੱਚਿਆਂ ਦੇ ਮਾਂ ਬਣੇ।

ਸ਼ਾਹਰੁਖ ਖਾਨ ਅਤੇ ਗੌਰੀ ਖਾਨ ਵੀ ਸਰੋਗੇਸੀ ਦੀ ਸਹਾਇਤਾ ਨਾਲ 2013 ਵਿੱਚ ਮਾਤਾ-ਪਿਤਾ ਬਣੇ।ਉਨ੍ਹਾਂ ਦੇ ਪੁੱਤ ਦਾ ਨਾਂ ਅਬਰਾਹਮ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)