ਭਵਿੱਖ ਦੀਆਂ 10 ਨੌਕਰੀਆਂ ਜਿਸ ਲਈ ਤੁਹਾਨੂੰ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਚਾਹੀਦਾ ਹੈ

ਵਿਦਿਆਰਥਣਾਂ

ਤਸਵੀਰ ਸਰੋਤ, Getty Images

ਉਹ ਨੌਕਰੀਆਂ ਜਿੰਨਾਂ ਦੀ ਭਵਿੱਖ ਵਿੱਚ ਸਭ ਤੋਂ ਜ਼ਿਆਦਾ ਮੰਗ ਹੋਵੇਗੀ, ਉਹ ਹੁਣ ਸਾਡੇ ਆਲੇ-ਦੁਆਲੇ ਹੀ ਹਨ।

ਇਸ ਡਰ ਦੇ ਬਾਵਜੂਦ ਕਿ ਤਕਨੀਕ ਦਾ ਵਿਕਾਸ ਨੌਕਰੀਆਂ ਦੇ ਇੱਕ ਵੱਡੇ ਹਿੱਸੇ ਨੂੰ ਖਤਮ ਕਰ ਦੇਵੇਗਾ, ਮਾਹਰ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਹੋਣ ਵੱਲ ਇਸ਼ਾਰਾ ਕਰਦੇ ਹਨ।

ਵਰਲਡ ਇਕਨੌਮਿਕ ਫੌਰਮ ਦੀ ਮੈਨੇਜਿੰਗ ਡਾਇਰੈਕਟਰ ਅਤੇ ਸੈਂਟਰ ਫਾਰ ਨਿਊ ਇਕੌਨੋਮੀ ਐਂਡ ਸੁਸਾਇਟੀ ਆਫ਼ ਦਿ ਆਰਗੀਨਾਇਜ਼ੇਸ਼ਨ ਦੀ ਮੁਖੀ ਸਾਦੀਆ ਜ਼ਹੀਦੀ ਕਹਿੰਦੇ ਹਨ, ‘‘ਅਸੀਂ ਸਭ ਨੇ ਦੇਖਿਆ ਹੈ ਕਿ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕੀ ਹੋ ਰਿਹਾ ਹੈ ਅਤੇ ਵੱਖ-ਵੱਖ ਉਦਯੋਗਾਂ ਵਿੱਚ ਇਸ ਨੂੰ ਕਿੰਨੀ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ।’’

ਵਰਲਡ ਇਕਨੌਮਿਕ ਫੌਰਮ ਮੁਤਾਬਕ ਆਉਣ ਵਾਲੇ ਪੰਜ ਸਾਲਾਂ ਵਿੱਚ ਦੋ ਸਭ ਤੋਂ ਵੱਧ ਵਿਕਾਸ ਦੇ ਅਨੁਮਾਨਾਂ ਵਾਲੇ ਉੱਭਰ ਰਹੇ ਪੇਸ਼ੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਾਹਰ ਅਤੇ ਮਸ਼ੀਨ ਲਰਨਿੰਗ ਮਾਹਰ ਹਨ। ਉਨ੍ਹਾਂ ਮੁਤਾਬਕ ਨੌਕਰੀਆਂ ਦੇ ਹੋਰ ਮੌਕੇ ਵੀ ਉੱਭਰ ਰਹੇ ਹਨ।

ਉਦਾਹਰਨ ਦੇ ਤੌਰ ਉੱਤੇ ਵਾਤਾਵਰਣ ਦੀ ਸਥਿਰਤਾ ਜਾਂ ਖੇਤੀਬਾੜੀ ਉਪਕਰਣਾਂ ਦੇ ਸੰਚਾਲਕਾਂ ਵਿੱਚ ਮਾਹਰਾਂ ਦੀ ਭਰਤੀ ਵਿੱਚ ਵਾਧਾ ਹੋ ਰਿਹਾ ਹੈ। ਇਹ ਉਹ ਨੌਕਰੀਆਂ ਹਨ ਜੋ ਟੌਪ 10 ਨੌਕਰੀਆਂ ਦਾ ਹਿੱਸਾ ਹਨ ਅਤੇ ਅਗਲੇ ਪੰਜ ਸਾਲਾਂ ਵਿੱਚ ਸਭ ਤੋਂ ਵੱਧ ਮੰਗ ਵਿੱਚ ਹੋਣਗੀਆਂ।

ਇਹ ਅਨੁਮਾਨ ਸਵਿਟਜ਼ਰਲੈਂਡ ਅਧਾਰਿਤ ਸੰਸਥਾ ਵੱਲੋਂ 803 ਵੱਡੀਆਂ ਕੰਪਨੀਆਂ ਦੇ ਵਿਸਥਾਰ ਵਿੱਚ ਕੀਤੇ ਸਰਵੇਖਣ ਦੇ ਅਧਾਰ 'ਤੇ ਹੈ, ਜੋ ਦੁਨੀਆ ਦੀਆਂ 45 ਅਰਥਵਿਵਸਥਾਵਾਂ ਵਿੱਚ 1 ਕਰੋੜ 10 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਹਨ।

ਇੰਜੀਨੀਅਰ

ਤਸਵੀਰ ਸਰੋਤ, Getty Images

ਵਿਸ਼ਲੇਸ਼ਣ ਤੋਂ ਇਹ ਪਤਾ ਲੱਗਿਆ ਕਿ ਸਰਵੇਖਣ ਵਿੱਚ ਸ਼ਾਮਲ ਕੀਤੀਆਂ ਗਈਆਂ ਲਗਭਗ 75% ਕੰਪਨੀਆਂ ਦਾ ਮੰਨਣਾ ਹੈ ਕਿ ਉਹ ਆਪਣੇ ਕਾਰੋਬਾਰ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨੂੰ ਅਪਣਾਉਣਗੀਆਂ।

ਨੌਕਰੀਆਂ 'ਤੇ ਤਕਨੀਕੀ ਪ੍ਰਭਾਵ ਦੇ ਨਜ਼ਰੀਏ ਨਾਲ ਵੱਡੀਆਂ ਕੰਪਨੀਆਂ ਦੇ ਮਾਲਕਾਂ ਦਾ ਅਨੁਮਾਨ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਬੀਤੇ ਪੰਜ ਸਾਲਾਂ ਵਿੱਚ ਗਈਆਂ ਨੌਕਰੀਆਂ ਦੇ ਮੁਕਾਬਲੇ ਵੱਧ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ।

ਵਰਲਡ ਇਕੋਨੌਮਿਕ ਫੌਰਮ ਮੁਤਾਬਕ 10 ਨੌਕਰੀਆਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਸਾਲ 2023 ਤੇ 2027 ਦੇ ਵਿਚਕਾਰ ਸਭ ਤੋਂ ਵੱਧ ਵਿਕਾਸ ਦੀ ਸੰਭਾਵਨਾ ਹੈ।

1. ਆਰਟੀਫ਼ੀਸ਼ੀਅਲ ਇੰਟੈਂਲੀਜੈਂਸ ਅਤੇ ਮਸ਼ੀਨ ਲਰਨਿੰਗ ਮਾਹਰ

ਆਰਟੀਫੀਸ਼ੀਅਲ ਇੰਟੈਲੀਜੈਂਸ

ਤਸਵੀਰ ਸਰੋਤ, Getty Images

ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਕਸਦ ਕੰਪਿਊਟਰਾਂ ਨੂੰ ਮਨੁੱਖੀ ਵਿਚਾਰਾਂ ਦੀ ਨਕਲ ਕਰਨ ਲਈ ਕਾਇਮ ਕਰਨਾ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਮਾਹਰ ਗੁੰਝਲਦਾਰ ਕੰਪਿਊਟਰ ਸਿਸਟਮ ਬਣਾਉਂਦੇ ਹਨ ਜੋ ਲੋਕਾਂ ਵਾਂਗ ਸੋਚ ਸਕਦੇ ਹਨ ਅਤੇ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਨ।

ਇਸ ਦਾ ਧਿਆਨ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਉੱਤੇ ਹੈ ਜੋ ਸਮੱਸਿਆਵਾਂ ਨੂੰ ਹੱਲ ਕਰਨ, ਸਵਾਲਾਂ ਦੇ ਜਵਾਬ ਦੇਣ ਅਤੇ ਆਮ ਤੌਰ 'ਤੇ ਮਨੁੱਖਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਪੂਰਾ ਕਰਨ ਦੇ ਯੋਗ ਹੈ।

ਇਸ ਲਈ ਸਿਸਟਮ ਨੂੰ ਇੱਕ ਸੁਤੰਤਰ ਇੰਟੈਲੀਜੈਂਸ ਦੇ ਤੌਰ 'ਤੇ ਪੂਰੀ ਤਰ੍ਹਾਂ ਖੁਦਮੁਖਤਿਆਰੀ ਨਾਲ ਕੰਮ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜੋ ਵੱਖ-ਵੱਖ ਡਾਟਾ ਦੇ ਵਿਸ਼ਲੇਸ਼ਣ ਕਰਨ ਅਤੇ ਇਸ ਦੇ ਆਪਣੇ ਸਿੱਟੇ ਕੱਢਣ ਦੇ ਯੋਗ ਹੋਵੇ।

ਇਸ ਦੀ ਥਾਂ ਮਸ਼ੀਨ ਲਰਨਿੰਗ ਮਾਹਰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸਿਸਟਮ ਨੂੰ ਕਿਸੇ ਖਾਸ ਸਮੱਸਿਆ ਨੂੰ ਵਧੇਰੇ ਕੁਸ਼ਲਤਾ ਨਾਲ ਹੱਲ ਕਰਨ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ।

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਿਗਿਆਨੀ ਇੱਕ ਸੁਤੰਤਰ ਇੰਟੈਲੀਜੈਂਸ ਬਣਾਉਣ ਲਈ ਕੰਮ ਕਰਦਾ ਹੈ ਜੋ ਬਹੁਤ ਸਾਰੀਆਂ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ। ਦੂਜੇ ਪਾਸੇ ਮਸ਼ੀਨ ਲਰਨਿੰਗ ਮਾਹਰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸਿਸਟਮ ਨੂੰ ਇੱਕ ਸਮੱਸਿਆ ਲਈ ਵਧੇਰੇ ਸਹੀ ਅਤੇ ਤੇਜ਼ ਸਿੱਟੇ 'ਤੇ ਪਹੁੰਚਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ।

ਦੋਵੇਂ ਆਪਣੇ ਗਿਆਨ ਨੂੰ ਹਰ ਕਿਸਮ ਦੇ ਉਦਯੋਗਾਂ ਵਿੱਚ ਲਾਗੂ ਕਰ ਸਕਦੇ ਹਨ।

ਲਾਈਨ

ਇਹ ਵੀ ਪੜ੍ਹੋ:

ਲਾਈਨ

2. ਵਾਤਾਵਰਨ ਸਥਿਰਤਾ ਮਾਹਰ

ਵਾਤਾਵਰਨ ਸਥਿਰਤਾ ਮਾਹਰ

ਤਸਵੀਰ ਸਰੋਤ, Getty Images

ਇਹ ਉਹ ਮਾਹਰ ਹੁੰਦਾ ਹੈ ਜੋ ਆਪਣੇ ਵਾਤਾਵਰਨ ਸਥਿਰਤਾ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਕੰਪਨੀਆਂ ਨਾਲ ਕੰਮ ਕਰਦਾ ਹੈ।

ਤੁਸੀਂ ਇੱਕ ਸਲਾਹਕਾਰ ਹੁੰਦੇ ਹੋ ਜਿਸ ਦੀਆਂ ਜ਼ਿੰਮੇਵਾਰੀਆਂ ਉਸ ਸੰਸਥਾ ਦੇ ਅਧਾਰ 'ਤੇ ਵੱਖ-ਵੱਖ ਹੋ ਸਕਦੀਆਂ ਹਨ ਜਿਸ ਲਈ ਤੁਸੀਂ ਕੰਮ ਕਰਦੇ ਹੋ।

ਇਹ ਸ਼ਖ਼ਸ ਉਦਾਹਰਨ ਦੇ ਤੌਰ ’ਤੇ ਪ੍ਰਦੂਸ਼ਣ ਦੇ ਨਿਕਾਸ ਨੂੰ ਘਟਾਉਣ, ਊਰਜਾ ਦੀ ਖਪਤ ਨੂੰ ਘਟਾਉਣ ਜਾਂ ਨਿਵੇਸ਼ ਦੀਆਂ ਯੋਜਨਾਵਾਂ ਵਿੱਚ ਵਾਤਾਵਰਨ ਨੀਤੀਆਂ ਦੇ ਵਿਕਾਸ ਵਿੱਚ ਹਿੱਸਾ ਲੈਣ ਲਈ ਪ੍ਰੋਜੈਕਟਾਂ ਦੇ ਪ੍ਰਬੰਧਨ ਦਾ ਕੰਮ ਕਰ ਸਕਦਾ ਹੈ।

ਕਿਉਂਕਿ ਤੁਹਾਡੇ ਕੰਮ ਦਾ ਖੇਤਰ ਬਹੁਤ ਵੱਡਾ ਹੈ, ਇਸ ਲਈ ਸਥਿਰਤਾ ਮਾਹਰ ਬਣਨ ਦਾ ਕੋਈ "ਇੱਕ ਰਸਤਾ" ਨਹੀਂ ਹੈ।

ਹਾਲਾਂਕਿ ਇਸ ਕਿਸਮ ਦੇ ਮਾਹਰ ਕੋਲ ਆਮ ਤੌਰ 'ਤੇ ਵਾਤਾਵਰਨ ਵਿਗਿਆਨ ਨਾਲ ਸਬੰਧਤ ਤਾਲੀਮ ਹੁੰਦੀ ਹੈ। ਇਸ ਤਰ੍ਹਾਂ ਦੇ ਮਾਹਰ ਕੋਲ ਨੂੰ ਅੰਕੜਿਆਂ ਨੂੰ ਇਕੱਠਾ ਕਰਨ ਤੇ ਵਿਸ਼ਲੇਸ਼ਣ ਕਰਨ, ਸਮੱਸਿਆਵਾਂ ਦੀ ਪਛਾਣ ਕਰਨ ਅਤੇ ਕੰਪਨੀ ਲਈ ਲਾਭਦਾਇਕ ਹੱਲ ਪੇਸ਼ ਕਰਨ ਲਈ ਹੁਨਰ ਦੀ ਲੋੜ ਹੁੰਦੀ ਹੈ।

3. ਬਿਜ਼ਨਸ ਇੰਟੈਲੀਜੈਂਸ ਵਿਸ਼ਲੇਸ਼ਕ

ਬਿਜ਼ਨਸ ਇੰਟੈਲੀਜੈਂਸ ਵਿਸ਼ਲੇਸ਼ਕ

ਤਸਵੀਰ ਸਰੋਤ, Getty Images

ਇੱਕ ਬਿਜ਼ਨਸ ਇੰਟੈਲੀਜੈਂਸ ਵਿਸ਼ਲੇਸ਼ਕ ਕੰਪਨੀਆਂ ਨੂੰ ਕਾਰੋਬਾਰੀ ਫੈਸਲੇ ਲੈਣ ਵਿੱਚ ਮਦਦ ਕਰਨ ਲਈ ਡੇਟਾ ਸੈੱਟਾਂ ਦਾ ਅਧਿਐਨ ਕਰਦਾ ਹੈ।

ਬਹੁਤ ਸਾਰੀ ਜਾਣਕਾਰੀ ਦੀ ਘੋਖ ਕਰਦੇ ਹੋਏ ਇੱਕ ਵਿਸ਼ਲੇਸ਼ਕ ਕਮਜ਼ੋਰ ਬਿੰਦੂਆਂ ਦੀ ਪਛਾਣ ਕਰਦਾ ਹੈ ਅਤੇ ਕੰਪਨੀ ਦੀ ਕੁਸ਼ਲਤਾ ਅਤੇ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਤਬਦੀਲੀਆਂ ਦੀ ਪੇਸ਼ਕਸ਼ ਕਰਦਾ ਹੈ।

ਆਮ ਤੌਰ 'ਤੇ ਇਹ ਵਿਸ਼ਲੇਸ਼ਕ ਕੰਪਨੀ ਦੇ ਅੰਦਰ ਅਧਿਐਨ ਕਰਦਾ ਹੈ, ਅੰਕੜਿਆਂ ਦੀ ਸਮੀਖਿਆ ਕਰਦਾ ਹੈ, ਉਦਯੋਗ ਅਤੇ ਮੁਕਾਬਲੇ ਵਿੱਚ ਸ਼ਾਮਲ ਕੰਪਨੀਆਂ ਦੇ ਅੰਕੜੇ ਦਾ ਵਿਸ਼ਲੇਸ਼ਣ ਕਰਦਾ ਹੈ, ਮੌਕਿਆਂ ਦੀ ਪਛਾਣ ਕਰਦਾ ਹੈ ਅਤੇ ਵਪਾਰਕ ਚੁਣੌਤੀਆਂ ਨੂੰ ਕਿਵੇਂ ਹੱਲ ਕਰਨਾ ਹੈ, ਇਸ ਬਾਰੇ ਪੇਸ਼ਕਸ਼ ਕਰਦਾ ਹੈ।

ਇਹ ਵਿਸ਼ਲੇਸ਼ਕ ਉਹ ਪੇਸ਼ੇਵਰ ਹੁੰਦਾ ਹੈ ਜੋ ਕੰਪਿਊਟਰ ਵਿਗਿਆਨ, ਡੇਟਾ ਵਿਗਿਆਨ, ਅੰਕੜੇ, ਵਪਾਰ ਪ੍ਰਸ਼ਾਸਨ, ਅਰਥ ਸ਼ਾਸਤਰ ਅਤੇ ਹੋਰ ਸਬੰਧਤ ਖੇਤਰਾਂ ਦੇ ਗਿਆਨ ਨੂੰ ਮਿਲਾਉਂਦਾ ਹੈ।

4. ਇੰਫੋਰਮੇਸ਼ਨ ਸਕਿਊਰਿਟੀ ਵਿਸ਼ਲੇਸ਼ਕ

ਕੰਪਨੀਆਂ ਕ੍ਰੈਡਿਟ ਕਾਰਡ ਨੰਬਰ, ਪਾਸਵਰਡ ਅਤੇ ਲੱਖਾਂ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਸਮੇਤ ਸੰਵੇਦਨਸ਼ੀਲ ਕਾਰੋਬਾਰ ਜਾਂ ਗਾਹਕ ਦੇ ਡੇਟਾ ਲੀਕ ਹੋਣ ਦਾ ਸਾਹਮਣਾ ਕਰ ਰਹੀਆਂ ਹਨ।

ਇੰਫੋਰਮੇਸ਼ਨ ਸਕਿਊਰਿਟੀ ਵਿਸ਼ਲੇਸ਼ਕ ਕੰਪਿਊਟਰ ਨੈੱਟਵਰਕ, ਸਿਸਟਮ, ਡਾਟਾਬੇਸ ਅਤੇ ਕਿਸੇ ਵੀ ਕਿਸਮ ਦੀ ਸੰਵੇਦਨਸ਼ੀਲ ਜਾਣਕਾਰੀ ਨੂੰ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਕੰਮ ਕਰਦਾ ਹੈ।

ਇਸ ਦੇ ਲਈ ਵਿਸ਼ਲੇਸ਼ਕ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਡਿਜ਼ਾਇਨਿੰਗ, ਨਿਗਰਾਨੀ, ਰੱਖਿਆ ਪ੍ਰਣਾਲੀਆਂ ਨੂੰ ਅਪਡੇਟ ਕਰਨਾ ਅਤੇ ਸਾਈਬਰ ਹਮਲਿਆਂ ਦਾ ਜਵਾਬ ਦੇਣਾ ਉਸ ਦਾ ਕੰਮ ਹੁੰਦਾ ਹੈ।

ਬਤੌਰ ਵਿਸ਼ਲੇਸ਼ਕ ਕੰਮ ਸ਼ੁਰੂ ਕਰਨ ਵਾਲਿਆਂ ਨੂੰ ਕੰਪਿਊਟਰ ਸਾਇੰਸ ਜਾਂ ਕੰਪਿਊਟਰ ਇੰਜਨੀਅਰਿੰਗ ਵਿੱਚ ਘੱਟੋ-ਘੱਟ ਇੱਕ ਬੈਚਲਰ ਡਿਗਰੀ (ਸਨਾਤਕ) ਦੀ ਲੋੜ ਹੁੰਦੀ ਹੈ।

ਹਰ ਮੁਲਕ ਦੇ ਹਿਸਾਬ ਨਾਲ ਸਾਈਬਰ ਸੁਰੱਖਿਆ ਵਿੱਚ ਖਾਸ ਕੋਰਸ ਹੁੰਦੇ ਹਨ।

5. ਫਿਨਟੈੱਕ ਇੰਜੀਨੀਅਰ

ਫਿਨਟੈੱਕ ਇੰਜੀਨੀਅਰ

ਤਸਵੀਰ ਸਰੋਤ, Getty Images

ਦੁਨੀਆਂ ਵਿੱਚ ਫਿਨਟੈੱਕ ਇੰਡਸਟਰੀ ਇੱਕ ਸਭ ਤੋਂ ਤੇਜ਼ੀ ਨਾਲ ਵੱਧਦਾ ਸਾਫ਼ਟਵੇਅਰ ਇਕੋ ਸਿਸਟਮ ਹੈ।

ਫਿਨਟੈਕ ਇੰਜੀਨੀਅਰ ਤਕਨੀਕੀ ਵਿੱਤ ਵਿੱਚ ਮਾਹਰ ਹੁੰਦੇ ਹਨ, ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਅਧਾਰਿਤ ਇੰਟੈਲੀਜੈਂਟ ਬੈਂਕਿੰਗ, ਵਿੱਤੀ ਦੁਨੀਆ ਅੰਦਰ ਗਾਹਕਾਂ ਦੀ ਸੰਤੁਸ਼ਟੀ ਨਾਲ ਸਬੰਧਤ ਪ੍ਰਣਾਲੀਆਂ ਦਾ ਪ੍ਰਬੰਧਨ, ਡਿਜੀਟਲ ਭੁਗਤਾਨ ਪ੍ਰਕਿਰਿਆ, ਕ੍ਰਿਪਟੋਗ੍ਰਾਫੀ ਦੇ ਅਧਾਰ 'ਤੇ ਸਰਹੱਦ ਪਾਰ ਲੈਣ-ਦੇਣ, ਡਿਜੀਟਲ ਸੰਪਤੀ ਪ੍ਰਬੰਧਨ, ਜਾਂ ਜੋਖਮ ਪ੍ਰਬੰਧਨ ਲਈ ਡੇਟਾ ਵਿਸ਼ਲੇਸ਼ਣ।

ਫਿਨਟੈੱਕ ਇੰਜੀਨੀਅਰ ਆਮ ਤੌਰ 'ਤੇ ਕੰਪਿਊਟਰ ਵਿਗਿਆਨ ਦਾ ਅਧਿਐਨ ਕਰਦਾ ਹੈ ਅਤੇ ਫਿਨਟੈੱਕ ਵਿੱਚ ਮੁਹਾਰਤ ਰੱਖਦਾ ਹੈ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਬਾਰੇ ਗਿਆਨ ਪ੍ਰਾਪਤ ਕਰਦਾ ਹੈ।

ਇਹ ਇੰਜੀਨੀਅਰ ਵੱਖ-ਵੱਖ ਪ੍ਰੋਗਰਾਮਿੰਗ ਭਾਸ਼ਾਵਾਂ ਨੂੰ ਸੰਭਾਲਦਾ ਹੈ, ਜਿਵੇਂ ਕਿ JavaScript, Python, Ruby, PHP, HTML ਅਤੇ CSS। ਵੱਡੇ ਡੇਟਾਬੇਸ ਅਤੇ ਕਲਾਉਡ ਪਲੇਟਫਾਰਮਾਂ ਨਾਲ ਕੰਮ ਵੀ ਕਰਦਾ ਹੈ।

6. ਡੇਟਾ ਵਿਸ਼ਲੇਸ਼ਕ ਅਤੇ ਡੇਟਾ ਵਿਗਿਆਨੀ

ਪਹਿਲੀ ਨਜ਼ਰ ਵਿੱਚ ਇਨ੍ਹਾਂ ਦੋਵਾਂ ਪੇਸ਼ੇਵਰਾਂ ਦਾ ਕੰਮ ਕਾਫ਼ੀ ਇੱਕੋ-ਜਿਹਾ ਜਾਪਦਾ ਹੈ।

ਦੋਵੇਂ ਡੇਟਾ ਵਿੱਚ ਰੁਝਾਨਾਂ ਜਾਂ ਪੈਟਰਨ ਦੀ ਭਾਲ ਕਰਦੇ ਹਨ ਜੋ ਉਨ੍ਹਾਂ ਦੇ ਗਾਹਕਾਂ ਲਈ ਉਪਯੋਗੀ ਹਨ।

ਫਰਕ ਇਹ ਹੈ ਕਿ ਵਿਗਿਆਨੀ ਦੀ ਵੱਧ ਜ਼ਿੰਮੇਵਾਰੀ ਹੁੰਦੀ ਹੈ ਅਤੇ ਇਸ ਲਈ ਉਹ ਆਮ ਤੌਰ 'ਤੇ ਸੀਨੀਅਰ ਪੱਧਰ 'ਤੇ ਹੁੰਦਾ ਹੈ।

ਵਿਗਿਆਨੀ ਮਸ਼ੀਨ ਲਰਨਿੰਗ ਦੀ ਵਰਤੋਂ ਕਰਦੇ ਹੋਏ ਡੇਟਾ ਬਾਰੇ ਆਪਣੇ ਖੁਦ ਦੇ ਸਵਾਲ ਤਿਆਰ ਕਰਨ ਜਾਂ ਮਾਡਲਾਂ ਨੂੰ ਵਿਕਸਤ ਕਰਨ 'ਤੇ ਕੰਮ ਕਰਦਾ ਹੈ, ਜਦਕਿ ਵਿਸ਼ਲੇਸ਼ਕ ਉਨ੍ਹਾਂ ਟੀਮਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਟੀਚੇ ਹਨ।

ਬਹੁਤ ਸਾਰੇ ਡੇਟਾ ਵਿਗਿਆਨੀ ਵਿਸ਼ਲੇਸ਼ਕ ਜਾਂ ਅੰਕੜਾ ਵਿਗਿਆਨੀ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਸਕਦੇ ਹਨ। ਜੋ ਵੀ ਹੋਵੇ ਦੋਵਾਂ ਪੇਸ਼ੇਵਰਾਂ ਕੋਲ ਅਰਥ ਭਰਪੂਰ ਜਾਣਕਾਰੀ ਕੱਢਣ ਅਤੇ ਇਸ ਦੀ ਵਿਆਖਿਆ ਕਰਨ ਦੀ ਸਮਰੱਥਾ ਹੁੰਦੀ ਹੈ ਅਤੇ ਦੋਵੇਂ ਅੰਕੜੇ ਤੇ ਐਡਵਾਂਸਡ ਪ੍ਰੋਗਰਾਮਿੰਗ ਦੇ ਖੇਤਰ ਵਿੱਚ ਕੰਮ ਕਰਦੇ ਹਨ।

ਇੱਕ ਹੋਰ ਪੇਸ਼ੇਵਰ ਜੋ ਇਸ ਕਿਸਮ ਦੀ ਵਿਸ਼ੇਸ਼ਤਾ ਦਾ ਹਿੱਸਾ ਹੈ ਉਹ ਡੇਟਾ ਇੰਜੀਨੀਅਰ ਹੈ, ਜੋ ਡੇਟਾ ਦੀ ਘਾਤਕ ਮਾਤਰਾ ਨੂੰ ਸੰਭਾਲਦਾ ਹੈ ਅਤੇ ਉਨ੍ਹਾਂ ਨੂੰ ਬਦਲਣ ਤੇ ਟ੍ਰਾਂਸਫਰ ਕਰਨ ਲਈ ਡਿਜੀਟਲ ਬੁਨਿਆਦੀ ਢਾਂਚੇ ਦਾ ਵਿਕਾਸ ਕਰਦਾ ਹੈ।

ਹਾਰਵਰਡ ਬਿਜ਼ਨਸ ਰਿਵਿਊ ਮੁਤਾਬਕ ਡੇਟਾ ਸਾਇੰਸ ਮੌਜੂਦਾ ਸਮੇਂ ਵਿੱਚ ਹੈ ਅਤੇ ਭਵਿੱਖ ਵਿੱਚ ਸਭ ਤੋਂ ਵੱਧ ਲੋੜੀਂਦੀ ਨੌਕਰੀ ਹੋਵੇਗੀ। ਇਹੀ ਨਹੀਂ ਨਾਲ ਹੀ ਖੇਤਰ ਨਾਲ ਸਬੰਧਤ ਪੇਸ਼ੇ ਵੀ ਲੋੜੀਂਦੀਆਂ ਨੌਕਰੀਆਂ ਵਿੱਚ ਹੋਣਗੇ।

7. ਰੋਬੋਟਿਕਸ ਇੰਜੀਨੀਅਰ

ਰੋਬੋਟਿਕਸ ਇੰਜੀਨੀਅਰ

ਤਸਵੀਰ ਸਰੋਤ, Getty Images

ਰੋਬੋਟਿਕ ਇੰਜੀਨੀਅਰ ਰੋਬੋਟਿਕਸ ਸਿਸਟਮ ਬਣਾਉਣ ਵਿੱਚ ਮਦਦ ਕਰਦਾ ਹੈ ਜੋ ਮਨੁੱਖੀ ਅਤੇ ਗੈਰ-ਮਨੁੱਖੀ ਕੰਮਾਂ ਨੂੰ ਕਰਨ ਲਈ ਵਰਤੇ ਜਾਂਦੇ ਹਨ।

ਇਹ ਇੰਜੀਨੀਅਰ ਰੋਬੋਟਿਕ ਪ੍ਰਣਾਲੀਆਂ ਦੇ ਪ੍ਰੋਟੋਟਾਈਪਾਂ ਨੂੰ ਡਿਜ਼ਾਈਨ ਕਰਦਾ ਹੈ, ਮਸ਼ੀਨਾਂ ਦਾ ਨਿਰਮਾਣ, ਰੱਖ-ਰਖਾਅ ਅਤੇ ਮੁਰੰਮਤ ਕਰਦਾ ਹੈ, ਨਾਲ ਹੀ ਖੋਜ ਕਰਦਾ ਹੈ ਅਤੇ ਮੌਜੂਦਾ ਰੋਬੋਟ ਲਈ ਨਵੀਆਂ ਐਪਲੀਕੇਸ਼ਨਾਂ ਵਿਕਸਿਤ ਕਰਦਾ ਹੈ।

ਇੰਜੀਨੀਅਰ ਜੋ ਰੋਬੋਟ ਡਿਜ਼ਾਇਨ ਕਰਦਾ ਹੈ, ਉਨ੍ਹਾਂ ਦੀ ਵਰਤੋਂ ਦੂਜੇ ਗ੍ਰਹਿ ਦੀ ਖੋਜ ਕਰਨ, ਹਸਪਤਾਲਾਂ ਵਿੱਚ ਸਰਜੀਕਲ ਪ੍ਰਕਿਰਿਆਵਾਂ ਵਿੱਚ ਸੁਧਾਰ ਕਰਨ ਜਾਂ ਇੱਕ ਕਾਰ ਫੈਕਟਰੀ ਵਿੱਚ ਉਤਪਾਦਨ ਦੇ ਤਰੀਕੇ ਤੱਕ ਦੇ ਮਕਸਦ ਲਈ ਕੀਤੀ ਜਾਂਦੀ ਹੈ।

ਰੋਬੋਟਿਕਸ ਇੰਜੀਨੀਅਰ ਬਣਨ ਦੇ ਕਰੀਅਰ ਨੂੰ ਵਿਕਸਤ ਕਰਨ ਦਾ ਪਹਿਲਾ ਕਦਮ ਰੋਬੋਟਿਕਸ ਵਿੱਚ ਇੱਕ ਡਿਗਰੀ ਲੈਣਾ ਹੈ ਅਤੇ ਇਸ ਤੋਂ ਇੱਕ ਵਿਸ਼ੇਸ਼ਤਾ ਵੱਲ ਵੱਧਣਾ ਹੈ। ਰੋਬੋਟਿਕਸ ਦੇ ਕੰਪਿਊਟਰ ਵਿਗਿਆਨ ਖੇਤਰ 'ਤੇ ਜਾਂ ਮਕੈਨੀਕਲ ਇੰਜੀਨੀਅਰਿੰਗ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਨਾਲ ਸਬੰਧਤ ਹੁਨਰਾਂ ਦੀ ਲੋੜ ਵਾਲੇ ਹਿੱਸਿਆਂ ਦੇ ਡਿਜ਼ਾਈਨ 'ਤੇ ਕੇਂਦਰਿਤ ਹੋ ਸਕਦੀ ਹੈ।

8. ਇਲੈਕਟ੍ਰੋਟੈਕਨੌਲਿਜੀ ਇੰਜੀਨੀਅਰ

ਇਲੈਕਟ੍ਰੋਟੈਕਨੌਲਿਜੀ ਇੰਜੀਨੀਅਰ

ਤਸਵੀਰ ਸਰੋਤ, Getty Images

ਇਹ ਪੇਸ਼ਾ ਸਿਸਟਮ, ਕੰਪੋਨੈਂਟ, ਮੋਟਰਾਂ ਅਤੇ ਇਲੈਕਟ੍ਰੋਨਿਕ, ਇਲੈਕਟ੍ਰੀਕਲ ਅਤੇ ਦੂਰਸੰਚਾਰ ਉਪਕਰਣਾਂ ਦੇ ਸੰਚਾਲਨ ਨੂੰ ਡਿਜ਼ਾਈਨ ਕਰਨ ਅਤੇ ਚਲਾਉਣ ਲਈ ਕੰਮ ਕਰਦਾ ਹੈ।

ਇਲੈਕਟ੍ਰੋਟੈਕਨੌਲਿਜੀ ਇੰਜੀਨੀਅਰ ਇੱਕ ਕੰਪਨੀ ਵਿੱਚ ਸਾਰੇ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਸਿਸਟਮ ਦੀ ਕਾਰਗੁਜ਼ਾਰੀ ਅਤੇ ਸੁਰੱਖਿਆ ਦੀ ਨਿਗਰਾਨੀ ਕਰਨ ਲਈ ਕੰਟਰੋਲ ਸਿਸਟਮ ਦਾ ਇੰਚਾਰਜ ਹੁੰਦਾ ਹੈ।

ਅਜਿਹੇ ਇੰਜੀਨੀਅਰ ਦਾ ਗਿਆਨ ਉਸ ਨੂੰ ਵੱਖ-ਵੱਖ ਕਿਸਮਾਂ ਦੇ ਬਿਜਲੀ ਉਤਪਾਦਨ, ਪ੍ਰਸਾਰਣ ਅਤੇ ਵੰਡ ਪ੍ਰਣਾਲੀਆਂ ਵਿੱਚ ਕੰਮ ਕਰਨ ਦੀ ਖੁੱਲ੍ਹ ਦਿੰਦਾ ਹੈ।

ਤੁਸੀਂ ਇਲੈਕਟ੍ਰੀਕਲ, ਇਲੈਕਟ੍ਰੋਨਿਕ ਅਤੇ ਦੂਰਸੰਚਾਰ ਪ੍ਰਣਾਲੀਆਂ ਦੀ ਕਾਰਗੁਜ਼ਾਰੀ ਅਤੇ ਸੁਰੱਖਿਆ ਦੀ ਨਿਗਰਾਨੀ ਕਰਨ ਲਈ ਕੰਟੋਰਲ ਮਾਪਦੰਡ ਵੀ ਸਥਾਪਤ ਕਰ ਸਕਦੇ ਹੋ।

ਟੈਕਨਾਲੋਜੀ ਇੰਜੀਨੀਅਰਿੰਗ ਇੱਕ ਵਿਆਪਕ ਸ਼ਬਦ ਹੈ ਜਿਸ ਵਿੱਚ ਇਲੈਕਟ੍ਰੀਕਲ ਇੰਜੀਨੀਅਰ, ਇਲੈਕਟ੍ਰੋਨਿਕ ਇੰਜੀਨੀਅਰ ਅਤੇ ਦੂਰਸੰਚਾਰ ਇੰਜੀਨੀਅਰ ਵਰਗੇ ਵਿਸ਼ੇਸ਼ ਪੇਸ਼ੇਵਰ ਸ਼ਾਮਲ ਹੁੰਦੇ ਹਨ।

ਇਹ ਪੇਸ਼ੇਵਰ ਮੁਹਾਰਤ ਦੇ ਹਰੇਕ ਖੇਤਰ ਵਿੱਚ ਤਕਨੀਸ਼ੀਅਨ ਨਾਲ ਕੰਮ ਕਰਦੇ ਹਨ।

9. ਖੇਤਾਬੀੜੀ ਨਾਲ ਜੁੜੇ ਆਪਰੇਟਰ

ਖੇਤੀਬਾੜੀ

ਤਸਵੀਰ ਸਰੋਤ, Getty Images

ਅਜਿਹੇ ਆਪਰੇਟਰ ਦਾ ਮੁੱਖ ਕੰਮ ਖੇਤੀਬਾੜੀ ਗਤੀਵਿਧੀਆਂ ਵਿੱਚ ਸਹਾਇਤਾ ਲਈ ਮਸ਼ੀਨਰੀ ਚਲਾਉਣਾ ਹੈ, ਜਿਵੇਂ ਕਿ ਵਾਢੀ, ਬਿਜਾਈ, ਫਸਲਾਂ ਦੀ ਕਾਸ਼ਤ ਅਤੇ ਕਟਾਈ, ਪਸ਼ੂਆਂ ਨੂੰ ਚਰਾਉਣਾ, ਉਨ੍ਹਾਂ ਦੀ ਰਹਿੰਦ-ਖੂੰਹਦ ਨੂੰ ਹਟਾਉਣਾ।

ਖੇਤੀਬਾੜੀ ਨਾਲ ਜੁੜੇ ਆਪਰੇਟਰ ਅਜਿਹੇ ਕੰਮ ਵੀ ਕਰ ਸਕਦੇ ਹਨ ਜਿਵੇਂ ਕਿ ਸਿੰਜਾਈ, ਵਾਹਨ ਚਲਾਉਣਾ ਜਾਂ ਵਾਢੀ ਤੋਂ ਬਾਅਦ ਉਪਕਰਣਾਂ ਨੂੰ ਸੰਭਾਲਣਾ।

ਟਰੈਕਟਰਾਂ ਤੋਂ ਇਲਾਵਾ ਉਹ ਖਾਦ ਸਪ੍ਰੈਡਰ ਜਾਂ ਟਰੱਕਾਂ ਸਣੇ ਲੋਡਿੰਗ ਮਸ਼ੀਨ, ਕਲੀਨਰ ਅਤੇ ਡਰਾਇਰ ਚਲਾ ਸਕਦੇ ਹਨ।

ਅਜਿਹੇ ਆਪਰੇਟਰ ਜ਼ਮੀਨੀ ਕੰਮ ਵਿੱਚ ਜ਼ਰੂਰੀ ਹਨ ਤਾਂ ਜੋ ਕੰਮ ਕੁਸ਼ਲਤਾ ਨਾਲ ਹੋਵੇ।

10. ਡਿਜੀਟਲ ਟ੍ਰਾਂਸਫੋਰਮੈਸ਼ਨ ਮਾਹਰ

ਡਿਜੀਟਲ ਟ੍ਰਾਂਸਫੋਰਮੈਸ਼ਨ

ਤਸਵੀਰ ਸਰੋਤ, Getty Images

ਜਿਵੇਂ ਤਕਨੀਕੀ ਵਿਕਾਸ ਇੱਕ ਬੇਮਿਸਾਲ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ, ਡਿਜੀਟਲ ਟ੍ਰਾਂਸਫੋਰਮੈਸ਼ਨ ਮਾਹਰ ਕੰਪਨੀਆਂ ਵਿੱਚ ਉਪਲਬਧ ਸਾਧਨਾਂ ਦਾ ਲਾਭ ਲੈ ਕੇ ਕਾਰੋਬਾਰ ਨੂੰ ਵਿਕਸਤ ਕਰਨਾ ਇੱਕ ਮੁੱਖ ਪੇਸ਼ਾ ਬਣਦਾ ਨਜ਼ਰ ਆ ਰਿਹਾ ਹੈ।

ਇਸ ਪੇਸ਼ੇਵਰ ਨੂੰ ਆਪਣੇ ਆਪ ਨੂੰ ਉਸ ਕੰਪਨੀ ਵਿੱਚ "ਲੀਨ" ਕਰਨ ਦੀ ਲੋੜ ਹੈ ਜਿਸ ਲਈ ਉਹ ਕੰਮ ਕਰ ਰਿਹਾ ਹੈ।

ਉਹ ਮਾਹਰਾਂ ਦੀ ਟੀਮ ਦਾ ਹਿੱਸਾ ਹੈ ਜੋ ਕੰਪਨੀ ਦੀਆਂ ਮੌਜੂਦਾ ਤਕਨੀਕਾਂ ਨੂੰ ਅਪਡੇਟ ਕਰਨ, ਨਵੀਆਂ ਤਕਨੀਕਾਂ ਨੂੰ ਲਿਆਉਣ, ਕੰਪਨੀ ਦੇ ਕਰਮਚਾਰੀਆਂ ਨੂੰ ਸਿਖਲਾਈ ਦੇਣ, ਵੱਖ-ਵੱਖ ਕੰਮ ਕਰਨ ਦੇ ਤਰੀਕੇ ਤੇ ਨਵੇਂ ਤਕਨੀਕੀ ਸਾਧਨਾਂ ਦੇ ਅਨੁਕੂਲ ਕੰਮ ਦੇ ਮਾਡਲਾਂ ਵਿੱਚ ਤਬਦੀਲੀ ਵਿੱਚ ਸਹਿਯੋਗ ਕਰਨ ਵਰਗੇ ਕੰਮ ਕਰਦਾ ਹੈ।

ਡਿਜੀਟਲ ਟ੍ਰਾਂਸਫੋਰਮੈਸ਼ਨ ਮਾਹਰ ਸੂਚਨਾ ਤਕਨਾਲੋਜੀ, ਕੰਪਿਊਟਰ ਵਿਗਿਆਨ ਆਦਿ ਦੀ ਪੜ੍ਹਾਈ ਨਾਲ ਕਰੀਅਰ ਸ਼ੁਰੂ ਕਰ ਸਕਦਾ ਹੈ ਅਤੇ ਫਿਰ ਵਿਸ਼ੇਸ਼ਤਾ ਪ੍ਰਾਪਤ ਕਰ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)