ਟਾਈਟਨ ਪਣਡੁੱਬੀ ’ਚ ਮਰਨ ਵਾਲੇ ਦਾਊਦ ਦੇ ਬਜ਼ੁਰਗਾਂ ਨੇ ਕਿਵੇਂ ਭਾਰਤ ’ਚ ਅਰਬਾਂ ਦੇ ਵਪਾਰ ਦੀ ਨੀਂਹ ਰੱਖੀ ਸੀ

ਅਹਿਮਦ ਦਾਊਦ

ਤਸਵੀਰ ਸਰੋਤ, DAWOOD FOUNDATION

    • ਲੇਖਕ, ਰਿਆਜ਼ ਸੋਹੇਲ ਅਤੇ ਤਨਵੀਰ ਮਲਿਕ
    • ਰੋਲ, ਬੀਬੀਸੀ ਉਰਦੂ

ਦਾਊਦ ਪਰਿਵਾਰ ਦਾ ਕਾਰੋਬਾਰ ਉਦੋਂ ਸ਼ੁਰੂ ਹੋਇਆ ਜਦੋਂ ਅਹਿਮਦ ਦਾਊਦ, ਇੱਕ ਅਨਾਥ ਨੌਜਵਾਨ ਨੇ ਇੱਕ ਮੰਜੇ ਉੱਤੇ ਕੱਪੜੇ ਦੇ ਥਾਨ ਲਗਾਉਣੇ ਸ਼ੁਰੂ ਕੀਤੇ ਅਤੇ ਫਿਰ ਮੁੰਬਈ (ਉਸ ਸਮੇਂ ਬੰਬਈ) ਵਿੱਚ ਇੱਕ ਧਾਗੇ ਦੀ ਦੁਕਾਨ ਖੋਲ੍ਹੀ।

ਦਾਊਦ ਪਰਿਵਾਰ ਦਾ ਨਾਂ ਪਿਛਲੇ ਕੁਝ ਦਿਨਾਂ ਤੋਂ ਦੇਸ਼-ਵਿਦੇਸ਼ ਦੇ ਮੀਡੀਆ ਵਿੱਚ ਖਾਸ ਚਰਚਾ ਵਿੱਚ ਹੈ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਟਾਈਟਨ ਪਣਡੁੱਬੀ ਹਾਦਸੇ ਵਿਚ ਮਰਨ ਵਾਲੇ ਪੰਜ ਯਾਤਰੀਆਂ ਵਿਚੋਂ ਦੋ ਇਸੇ ਹੀ ਪਰਿਵਾਰ ਨਾਲ ਸਬੰਧਤ ਹਨ।

ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ ਪਣਡੁੱਬੀ 'ਤੇ ਸਵਾਰ ਸਨ, ਜੋ ਕਿ ਸੈਰ-ਸਪਾਟੇ ਦੇ ਮਕਸਦ ਨਾਲ ਅਟਲਾਂਟਿਕ ਮਹਾਸਾਗਰ 'ਚ ਡੁੱਬੇ ਜਹਾਜ਼ 'ਟਾਈਟੈਨਿਕ' ਦੇ ਮਲਬੇ ਨੂੰ ਦਿਖਾਉਣ ਲਈ ਸਮੁੰਦਰ ਦੇ ਤਲ 'ਤੇ ਗਈ ਸੀ।

ਪਰ ਅਧਿਕਾਰੀਆਂ ਮੁਤਾਬਕ ਇਸ ਦੌਰੇ ਦੌਰਾਨ ਪਾਣੀ ਦੇ ਦਬਾਅ ਕਾਰਨ ਪਣਡੁੱਬੀ ਇੱਕ ਜ਼ਬਰਦਸਤ ਧਮਾਕੇ ਦਾ ਸ਼ਿਕਾਰ ਹੋ ਗਈ ਅਤੇ ਇਸ ਵਿੱਚ ਸਵਾਰ ਸਾਰੇ ਪੰਜ ਯਾਤਰੀ ਮਾਰੇ ਗਏ।

ਦਾਊਦ ਪਰਿਵਾਰ ਪਾਕਿਸਤਾਨ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚ ਗਿਣਿਆ ਜਾਂਦਾ ਹੈ। ਸ਼ਹਿਜ਼ਾਦਾ ਦਾਊਦ ਐਂਗਰੋ ਕਾਰਪੋਰੇਸ਼ਨ ਦੇ ਉਪ-ਚੇਅਰਪਰਸਨ ਸਨ। ਇਹ ਕੰਪਨੀ ਖਾਦ, ਭੋਜਨ ਅਤੇ ਊਰਜਾ ਦੇ ਖੇਤਰ ਵਿੱਚ ਕੰਮ ਕਰਦੀ ਹੈ।

ਪਰ ਦਾਊਦ ਪਰਿਵਾਰ ਦਾ ਕਾਰੋਬਾਰ ਦੇਸ਼ ਦੇ ਅੰਦਰ ਅਤੇ ਬਾਹਰ ਵਿਆਪਕ ਤੌਰ 'ਤੇ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ ਇਹ ਪਰਿਵਾਰ ਸਿਹਤ ਅਤੇ ਸਿੱਖਿਆ ਵਰਗੇ ਸਮਾਜਿਕ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ।

ਭਾਰਤ ਤੋਂ ਪਾਕਿਸਤਾਨ

ਦਾਊਦ ਪਰਿਵਾਰ

ਤਸਵੀਰ ਸਰੋਤ, DAWOOD FOUNDATION

ਪਾਕਿਸਤਾਨ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਵਿੱਚੋਂ ਇੱਕ ਦਾਊਦ ਪਰਿਵਾਰ ਨੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਇੱਕ ਛੋਟੀ ਜਿਹੀ ਥਾਂ ਤੋਂ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਕੁਝ ਦਹਾਕਿਆਂ ਵਿੱਚ ਹੀ ਇਸ ਪਰਿਵਾਰ ਦੀ ਗਿਣਤੀ ਇਲਾਕੇ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚ ਹੋਣ ਲੱਗੀ।

ਅੱਜ ਇਸ ਪਰਿਵਾਰ ਦੇ ਦਰਜਨਾਂ ਉਦਯੋਗ ਅਤੇ ਵਪਾਰਕ ਅਦਾਰੇ ਹਨ। ਉਨ੍ਹਾਂ ਦਾ ਕਾਰੋਬਾਰ ਪਾਕਿਸਤਾਨ ਤੋਂ ਬ੍ਰਿਟੇਨ ਤੱਕ ਫੈਲਿਆ ਹੋਇਆ ਹੈ।

ਦਾਊਦ ਪਰਿਵਾਰ ਦੇ ਮੁਖੀ ਅਹਿਮਦ ਦਾਊਦ ਦਾ ਜਨਮ 1905 ਵਿੱਚ ਤਤਕਾਲੀ ਕਾਠੀਆਵਾੜ ਸੂਬੇ ਦੇ ਬਾਂਟਵਾ ਇਲਾਕੇ ਵਿੱਚ ਹੋਇਆ ਸੀ। ਇਹ ਸ਼ਹਿਰ ਹੁਣ ਭਾਰਤ ਦੇ ਗੁਜਰਾਤ ਦੇ ਸੌਰਾਸ਼ਟਰ ਖੇਤਰ ਵਿੱਚ ਹੈ।

ਉਨ੍ਹਾਂ ਦੇ ਪਿਤਾ ਇੱਕ ਵਪਾਰੀ ਸਨ। ਅਹਿਮਦ ਤੀਜੀ ਜਮਾਤ ਤੱਕ ਹੀ ਪੜ੍ਹੇ ਸਨ। ਉਨ੍ਹਾਂ ਦੇ ਪਿਤਾ ਦਾ ਬਚਪਨ ਵਿੱਚ ਹੀ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਦਾਦਾ ਜੀ ਨੇ ਕੀਤਾ।

'ਅਹਿਮਦ ਦਾਊਦ ਏਕ ਪੈਕਰ-ਏ-ਔਸਫ਼' (ਅਹਿਮਦ ਦਾਊਦ: ਸਰਵਗੁਣ ਸੰਪੰਨ) ਸਿਰਲੇਖ ਵਾਲੀ ਕਿਤਾਬ ਦੇ ਲੇਖਕ ਉਸਮਾਨ ਬਾਟਲੀਵਾਲਾ ਲਿਖਦੇ ਹਨ ਕਿ 16 ਸਾਲ ਦੀ ਉਮਰ ਵਿੱਚ ਅਹਿਮਦ ਦਾਊਦ ਨੇ ਮੇਜ਼ 'ਤੇ ਕੱਪੜੇ ਲਗਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ, ਜਦਕਿ ਦਾਊਦ ਇਨਵੈਸਟਮੈਂਟ ਦੀ ਵੈੱਬਸਾਈਟ ਮੁਤਾਬਕ, ਅਨਾਥ ਨੌਜਵਾਨ ਅਹਿਮਦ ਦਾਊਦ ਨੇ 1920 'ਚ ਮੁੰਬਈ 'ਚ ਧਾਗੇ ਦੀ ਦੁਕਾਨ ਖੋਲ੍ਹੀ ਸੀ।

ਦਾਊਦ ਪਰਿਵਾਰ

ਤਸਵੀਰ ਸਰੋਤ, DAWOOD FOUNDATION

ਅਹਿਮਦ ਦਾਊਦ ਨੂੰ ਕਈ ਵਾਰ ਮਿਲ ਚੁੱਕੇ ਉਸਮਾਨ ਬਾਟਲੀਵਾਲਾ ਦਾ ਕਹਿਣਾ ਹੈ ਕਿ ਸੇਠ ਅਹਿਮਦ ਦਸਦੇ ਸਨ ਕਿ ਉਨ੍ਹਾਂ ਦੀ ਮਾਂ ਇਕ ਪ੍ਰਤਿਭਾਸ਼ਾਲੀ ਅਤੇ ਬੁੱਧੀਮਾਨ ਔਰਤ ਸੀ। ਉਹ ਆਪਣੇ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੀ ਸੀ, ਜਿਸ ਕਾਰਨ ਉਨ੍ਹਾਂ ਨੂੰ ਅੱਗੇ ਵਧਣ ਦੀ ਹਿੰਮਤ ਮਿਲੀ।

ਮੇਮਨ ਭਾਈਚਾਰੇ 'ਤੇ ਕਿਤਾਬ ਦੇ ਲੇਖਕ ਉਮਰ ਅਬਦੁਲ ਰਹਿਮਾਨ ਲਿਖਦੇ ਹਨ ਕਿ ਉਨ੍ਹਾਂ ਨੇ ਇੱਕ ਕਾਟਨ ਜਿਨਿੰਗ (ਰੂਈ ਬਿਨ੍ਹਣਾ) ਪ੍ਰੈਸਿੰਗ ਫੈਕਟਰੀ ਤੋਂ ਇਲਾਵਾ ਇੱਕ ਤੇਲ ਮਿੱਲ ਅਤੇ ਵੈਜੀਟੇਬਲ ਆਇਲ ਦੀ ਫੈਕਟਰੀ ਲਗਾਈ ਸੀ।

ਦੇਖਦੇ ਹੀ ਦੇਖਦੇ ਦਾਊਦ ਪਰਿਵਾਰ ਦੇ ਦਫ਼ਤਰ ਅਤੇ ਉਨ੍ਹਾਂ ਦੀਆਂ ਸ਼ਾਖਾਵਾਂ ਕਲਕੱਤਾ (ਕੋਲਕਾਤਾ), ਮਦਰਾਸ (ਚੇੱਨਈ), ਕਾਨਪੁਰ, ਮਥੁਰਾ, ਲੁਧਿਆਣਾ ਅਤੇ ਦਿੱਲੀ ਵਰਗੀਆਂ ਥਾਵਾਂ ਤੱਕ ਫੇਲ ਗਈਆਂ।

ਉਸਮਾਨ ਲਿਖਦੇ ਹਨ ਕਿ ਜਦੋਂ ਉਨ੍ਹਾਂ ਨੇ ਖਾਣ ਵਾਲੇ ਤੇਲ ਦੀ ਫੈਕਟਰੀ ਲਗਾਈ, ਉਸ ਤੋਂ ਬਾਅਦ ਉਨ੍ਹਾਂ ਦਾ ਕਾਰੋਬਾਰ ਖੂਬ ਵਧਿਆ ਅਤੇ ਸਫਲਤਾਪੂਰਵਕ ਚੱਲਿਆ। ਉਨ੍ਹਾਂ ਦੇ ਭਰਾ ਸੁਲੇਮਾਨ ਦਾਊਦ, ਅਲੀ ਮੁਹੰਮਦ ਦਾਊਦ, ਸਿੱਦੀਕ ਦਾਊਦ ਅਤੇ ਸੱਤਾਰ ਦਾਊਦ ਵੀ ਇਸ ਕਾਰੋਬਾਰ ਨਾਲ ਜੁੜੇ ਹੋਏ ਸਨ।

ਉਪ-ਮਹਾਂਦੀਪ ਦੀ ਵੰਡ ਅਤੇ ਪਾਕਿਸਤਾਨ ਦੀ ਸਥਾਪਨਾ ਤੋਂ ਬਾਅਦ ਉਹ ਬ੍ਰਿਟੇਨ ਚਲੇ ਗਏ, ਜਿੱਥੇ ਉਹ ਕੁਝ ਸਮਾਂ ਰਹੇ। ਬਾਅਦ ਵਿੱਚ ਉਥੋਂ ਪਾਕਿਸਤਾਨ ਚਲੇ ਗਏ। ਉਨ੍ਹਾਂ ਨੇ ਮੈਨਚੈਸਟਰ ਅਤੇ ਪਾਕਿਸਤਾਨ ਵਿੱਚ ਦਾਊਦ ਪ੍ਰਾਈਵੇਟ ਲਿਮਟਿਡ ਨਾਮ ਦੀ ਇੱਕ ਕੰਪਨੀ ਬਣਾਈ।

ਪਾਕਿਸਤਾਨ ਵਿੱਚ ਫੌਜੀ ਸ਼ਾਸਕਾਂ ਦੇ ਸ਼ੁਰੂਆਤੀ ਦੌਰ ਅਤੇ ਦਾਊਦ ਪਰਿਵਾਰ

ਦਾਊਦ ਪਰਿਵਾਰ ਦਾ ਕਾਰੋਬਾਰ

ਤਸਵੀਰ ਸਰੋਤ, DAWOOD FOUNDATION

ਪਾਕਿਸਤਾਨ ਵਿੱਚ ਫੌਜੀ ਸ਼ਾਸਨ ਦਾਊਦ ਪਰਿਵਾਰ ਲਈ ਅਨੁਕੂਲ ਰਿਹਾ ਹੈ, ਚਾਹੇ ਉਹ ਫੀਲਡ ਮਾਰਸ਼ਲ ਅਯੂਬ ਖਾਨ ਦਾ ਹੋਵੇ ਜਾਂ ਜਨਰਲ ਜ਼ਿਆਉਲ ਹੱਕ ਦਾ ਦੌਰ ਹੋਵੇ।

ਉਸਮਾਨ ਬਾਟਲੀਵਾਲਾ ਲਿਖਦੇ ਹਨ ਕਿ ਅਹਿਮਦ ਦਾਊਦ ਨੇ ਪਾਕਿਸਤਾਨ ਵਿੱਚ ਕਪਾਹ ਦੀ ਦਲਾਲੀ ਸ਼ੁਰੂ ਕੀਤੀ ਸੀ।

ਅਯੂਬ ਖ਼ਾਨ ਦੇ ਸ਼ਾਸਨ ਦੌਰਾਨ ਕਰਾਚੀ ਅਤੇ ਬੋਰੇਵਾਲਾ ਵਿੱਚ ਟੈਕਸਟਾਈਲ ਫੈਕਟਰੀਆਂ ਦਾ ਹਾਲ ਬੁਰਾ ਸੀ।

ਇਹ ਫੈਕਟਰੀਆਂ ਸਰਕਾਰੀ ਸੰਸਥਾ, ਪਾਕਿਸਤਾਨ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ (ਪੀਆਈਡੀਸੀ) ਦੇ ਅਧੀਨ ਸਨ ਪਰ ਸੰਸਥਾ ਇਨ੍ਹਾਂ ਨੂੰ ਚਲਾਉਣ ਦੇ ਯੋਗ ਨਹੀਂ ਸੀ।

ਇਸ ਲਈ ਅਯੂਬ ਖ਼ਾਨ ਨੂੰ ਸਲਾਹ ਦਿੱਤੀ ਗਈ ਸੀ ਕਿ ਜੇਕਰ ਇਹ ਫੈਕਟਰੀਆਂ ਅਹਿਮਦ ਦਾਊਦ ਨੂੰ ਦੇ ਦਿੱਤੀਆਂ ਜਾਣ ਤਾਂ ਉਹ ਚੰਗਾ ਕੰਮ ਕਰਨਗੀਆਂ। ਜਦੋਂ ਅਹਿਮਦ ਦਾਊਦ ਨੂੰ ਇਹ ਪੇਸ਼ਕਸ਼ ਕੀਤੀ ਗਈ, ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਭਰਾਵਾਂ ਨੇ ਇਸ ਨੂੰ ਸਵੀਕਾਰ ਕਰ ਲਿਆ।

ਕਿਤਾਬ ਵਿੱਚ ਲਿਖਿਆ ਗਿਆ ਹੈ ਕਿ ਹਾਲ ਹੀ ਦੇ ਨਿੱਜੀਕਰਨ ਦੇ ਤਰੀਕੇ ਅਨੁਸਾਰ, ਉਸ ਵੇਲੇ ਇਸ ਕੰਮ ਲਈ ਨਾ ਤਾਂ ਕੋਈ ਬੋਲੀ ਲੱਗੀ ਅਤੇ ਨਾ ਹੀ ਨਿਲਾਮੀ ਹੋਈ। ਫੈਕਟਰੀਆਂ ਉਨ੍ਹਾਂ ਨੂੰ ਸੌਂਪ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੇ ਰਕਮ ਅਦਾ ਕੀਤੀ।

ਇਸ ਤੋਂ ਪਹਿਲਾਂ ਉਨ੍ਹਾਂ ਕੋਲ ਲਾਂਢੀ (ਕਰਾਚੀ) ਵਿੱਚ ਦਾਊਦ ਕਾਟਨ ਮਿੱਲ ਸੀ, ਜੋ 1952 ਤੋਂ ਕੰਮ ਕਰ ਰਹੀ ਸੀ।

ਲਾਈਨ
ਲਾਈਨ

ਪੱਛਮੀ ਪਾਕਿਸਤਾਨ ਤੋਂ ਬਾਅਦ ਉਹ ਆਪਣੀ ਕਿਸਮਤ ਅਜ਼ਮਾਉਣ ਲਈ ਪੂਰਬੀ ਪਾਕਿਸਤਾਨ (ਬੰਗਲਾਦੇਸ਼) ਵੀ ਗਏ।

ਇਹ ਮੌਕਾ ਵੀ ਅਯੂਬ ਖ਼ਾਨ ਦੀ ਸਰਕਾਰ ਵੇਲੇ ਹੀ ਨਸੀਬ ਆਇਆ। ਉੱਥੇ ਕਰਣਫੂਲੀ ਪੇਪਰ ਮਿੱਲਜ਼ ਅਤੇ ਕਰਣਫੂਲੀ ਟੈਕਸਟਾਈਲ ਮਿੱਲਾਂ ਦਾ ਮਜ਼ਦੂਰਾਂ ਦੇ ਧਰਨੇ ਅਤੇ ਹੋਰ ਮੁੱਦਿਆਂ ਕਾਰਨ ਬੁਰਾ ਹਾਲ ਸੀ।

ਉਸਮਾਨ ਬਾਟਲੀਵਾਲਾ ਦੇ ਅਨੁਸਾਰ, ਕਾਲਾਬਾਗ ਦੇ ਨਵਾਬ ਨੇ ਸੇਠ ਅਹਿਮਦ ਨੂੰ ਪੇਸ਼ਕਸ਼ ਕੀਤੀ ਕਿ ਉਹ ਇਨ੍ਹਾਂ ਮਿੱਲਾਂ ਨੂੰ ਖਰੀਦ ਲੈਣ। ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਅਤੇ ਸਖ਼ਤ ਮਿਹਨਤ ਕੀਤੀ ਜੋ ਰੰਗ ਵੀ ਲੈ ਕੇ ਆਈ। ਉਸ ਸਮੇਂ ਪਾਕਿਸਤਾਨ ਵਿੱਚ ਪੇਪਰ ਮਿੱਲ ਇੱਕੋ-ਇੱਕ ਮਿੱਲ ਸੀ, ਜਿੱਥੇ ਬਾਂਸ ਤੋਂ ਕਾਗਜ਼ ਬਣਾਇਆ ਜਾਂਦਾ ਸੀ।

17 ਜਨਵਰੀ, 1969 ਨੂੰ ਨਿਊਯਾਰਕ ਟਾਈਮਜ਼ ਨੇ ਅਹਿਮਦ ਦਾਊਦ ਪਰਿਵਾਰ ਨੂੰ ਪਾਕਿਸਤਾਨ ਦਾ ਦੂਜਾ ਸਭ ਤੋਂ ਅਮੀਰ ਪਰਿਵਾਰ ਦੱਸਿਆ, ਜਿਸ ਦੀ ਜਾਇਦਾਦ ਉਸ ਸਮੇਂ 200 ਕਰੋੜ ਡਾਲਰ ਸੀ।

ਉਨ੍ਹਾਂ ਕੋਲ ਕਪਾਹ, ਊਨ, ਟੈਕਸਟਾਈਲ, ਧਾਗਾ, ਰਸਾਇਣ, ਮਾਈਨਿੰਗ, ਬੈਂਕਿੰਗ, ਬੀਮਾ, ਕਾਗਜ਼ ਅਤੇ ਖਾਦ ਦੇ ਕਾਰਖਾਨੇ ਸਨ।

1971 ਵਿੱਚ ਪੂਰਬੀ ਪਾਕਿਸਤਾਨ ਦੇ ਵੱਖ ਹੋਣ ਕਾਰਨ, ਕਰਣਫੂਲੀ ਪੇਪਰ ਮਿੱਲਜ਼, ਦਾਊਦ ਮਾਈਨਿੰਗ ਅਤੇ ਦਾਊਦ ਸ਼ਿਪਿੰਗ ਸਮੇਤ ਕਈ ਫੈਕਟਰੀਆਂ ਅਤੇ ਕਾਰੋਬਾਰ ਪ੍ਰਭਾਵਿਤ ਹੋਏ। ਉਸਮਾਨ ਬਾਟਲੀਵਾਲਾ ਦੱਸਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਦਾ 30 ਤੋਂ 35 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।

'ਪਾਕਿਸਤਾਨ ਦੇ ਸਭ ਤੋਂ ਅਮੀਰ' 22 ਪਰਿਵਾਰ ਅਤੇ ਦਾਊਦ ਪਰਿਵਾਰ

ਜ਼ਿਆਉਲ ਹੱਕ ਦੇ ਨਾਲ ਅਹਿਮਦ ਦਾਊਦ

ਤਸਵੀਰ ਸਰੋਤ, DAWOOD FOUNDATION

ਤਸਵੀਰ ਕੈਪਸ਼ਨ, ਜ਼ਿਆਉਲ ਹੱਕ ਦੇ ਨਾਲ ਅਹਿਮਦ ਦਾਊਦ

ਫੀਲਡ ਮਾਰਸ਼ਲ ਜਨਰਲ ਅਯੂਬ ਖਾਨ ਦੇ ਸ਼ਾਸਨ ਦੌਰਾਨ, ਡਾਕਟਰ ਮਹਿਬੂਬੁੱਲ ਹੱਕ ਨੇ ਬਜਟ ਭਾਸ਼ਣ ਦੌਰਾਨ ਦੱਸਿਆ ਸੀ ਕਿ ਪਾਕਿਸਤਾਨ ਦੀ 60 ਤੋਂ 80 ਫੀਸਦੀ ਦੌਲਤ 'ਤੇ ਸਿਰਫ 22 ਪਰਿਵਾਰਾਂ ਦਾ ਕਬਜ਼ਾ ਹੈ, ਪਰ ਉਨ੍ਹਾਂ ਨੇ ਉਨ੍ਹਾਂ ਪਰਿਵਾਰਾਂ ਦੇ ਨਾਂ ਨਹੀਂ ਦੱਸੇ ਸਨ।

ਪਰ ਇਸ ਭੇਦ ਦੇ ਖੁਲਾਸੇ ਨਾਲ ਇੱਕ ਪ੍ਰਤੀਰੋਧੀ ਆਵਾਜ਼ ਨੇ ਜਨਮ ਲਿਆ ਅਤੇ ਪਾਕਿਸਤਾਨ ਦੇ ਅਵਾਮੀ ਕਵੀ ਹਬੀਬ ਜਾਲਿਬ ਨੇ ਲਿਖਿਆ:

ਬੀਸ ਘਰਾਨੇ ਹੈਂ ਆਬਾਦ, ਔਰ ਕਰੋੜੋਂ ਹੈਂ ਨਾਸ਼ਾਦ

ਹਮ ਪਰ ਅਬ ਤਕ ਜਾਰੀ ਹੈ, ਕਾਲੀ ਸਦੀਯੋਂ ਕੀ ਬੇਦਾਦ

ਸਦਰ ਅਯੂਬ ਜ਼ਿੰਦਾਬਾਦ

(ਨਾਸ਼ਾਦ - ਗਰੀਬ/ਬੇਸਹਾਰਾ, ਬੇਦਾਦ - ਅੱਤਿਆਚਾਰ)

ਜਦੋਂ ਜ਼ੁਲਫ਼ਕਾਰ ਅਲੀ ਭੁੱਟੋ ਸਮਾਜਵਾਦ ਦੇ ਨਾਅਰੇ ਨਾਲ ਸੱਤਾ ਵਿੱਚ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਪਰਿਵਾਰਾਂ ਨੂੰ ਚੇਤਾਵਨੀ ਦਿੱਤੀ ਕਿ ਇਸ ਸਮੇਂ ਪਾਕਿਸਤਾਨ ਨੂੰ ਪੂੰਜੀ ਦੀ ਲੋੜ ਹੈ, ਇਸ ਲਈ ਇਹ ਪਰਿਵਾਰ ਆਪਣੀ ਪੂੰਜੀ ਵਾਪਸ ਲੈ ਕੇ ਆਉਣ, ਨਹੀਂ ਤਾਂ ਉਹ ਉਨ੍ਹਾਂ ਨੂੰ ਗ੍ਰਿਫਤਾਰ ਕਰ ਲੈਣਗੇ।

ਬਾਅਦ ਵਿੱਚ ਉਨ੍ਹਾਂ ਨੇ ਦਾਊਦ ਪਰਿਵਾਰ ਸਮੇਤ ਕਈ ਪਰਿਵਾਰਾਂ ਦੀ ਜਾਇਦਾਦ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ, ਭਾਵ ਉਨ੍ਹਾਂ ਦਾ ਰਾਸ਼ਟਰੀਕਰਨ ਕਰ ਦਿੱਤਾ।

ਉਸਮਾਨ ਬਾਟਲੀਵਾਲਾ ਅਨੁਸਾਰ, ਉਨ੍ਹਾਂ 22 ਪਰਿਵਾਰਾਂ ਵਿੱਚੋਂ 14 ਮੇਮਨ ਪਰਿਵਾਰ ਸਨ ਅਤੇ ਦਾਊਦ ਪਰਿਵਾਰ ਦੂਜੇ ਨੰਬਰ ’ਤੇ ਸੀ।

ਉਸ ਦੌਰਾਨ ਦਾਊਦ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਅਤੇ ਜਦੋਂ ਉਹ ਰਿਹਾਅ ਹੋਏ ਤਾਂ ਅਮਰੀਕਾ ਚਲੇ ਗਏ। ਉਸ ਸਮੇਂ ਉਨ੍ਹਾਂ ਨੂੰ ‘ਦੋ ਅਰਬ ਰੁਪਏ ਦਾ ਨੁਕਸਾਨ’ ਹੋਇਆ ਸੀ।

ਲਾਈਨ

ਪਣਡੁੱਬੀ ਦੇ ਲਾਪਤਾ ਹੋਣ ਤੋਂ ਲੈ ਕੇ ਮਿਲਣ ਤੱਕ ਦੀਆਂ ਮੁੱਖ ਗੱਲਾਂ

  • 18 ਜੂਨ (ਐਤਵਾਰ) ਦੀ ਦੇਰ ਸ਼ਾਮ ਕਰੀਬ ਸਾਢੇ ਅੱਠ ਵਜੇ ਟਾਇਟਨ ਸਬਮਰਸੀਬਲ ਨਾਮ ਦੀ ਪਣਡੁੱਬੀ ਲਾਪਤਾ ਹੋ ਗਈ ਸੀ।
  • ਇਹ ਪਣਡੁੱਬੀ ਮੱਧ ਅਟਲਾਂਟਿਕ ਮਹਾਸਾਗਰ ਵਿੱਚ ਸੈਲਾਨੀਆਂ ਨੂੰ ਟਾਇਟੈਨਿਕ ਦਾ ਮਲਬਾ ਦਿਖਾਉਣ ਗਈ ਸੀ।
  • ਓਸ਼ੀਅਨਗੇਟ ਕੰਪਨੀ ਵੱਲੋਂ ਚਲਾਈ ਜਾਣ ਵਾਲੀ ਪਣਡੁੱਬੀ ਵਿੱਚ ਪਾਇਲਟ ਸਣੇ ਚਾਰ ਲੋਕ ਸਵਾਰ ਸਨ।
  • ਯੁਐੱਸ ਕੋਸਟ ਗਾਰਡ ਮੁਤਾਬਕ ਮਹਾਸਾਗਰ ਵਿੱਚ ਜਾਣ ਦੇ ਪੌਣੇ ਦੋ ਘੰਟੇ ਬਾਅਦ ਪਣਡੁੱਬੀ ਨਾਲ ਰਾਬਤਾ ਟੁੱਟ ਗਿਆ ਸੀ।
  • ਪਣਡੁੱਬੀ ਦੀ ਭਾਲ ਵਿੱਚ ਕੈਨੇਡਾ ਤੇ ਅਮਰੀਕਾ ਦੀਆਂ ਜਾਂਚ ਏਜੰਸੀਆਂ ਦਿਨ-ਰਾਤ ਕੋਸ਼ਿਸ਼ਾਂ ਵਿੱਚ ਲੱਗੀਆਂ ਰਹੀਆਂ।
  • ਟਾਇਟੈਨੇਟਿਕ ਦੇ ਮਲਬੇ ਨੂੰ ਦੇਖਣ ਲਈ ਇਸ ਪਣਡੁੱਬੀ ਦਾ ਸਫ਼ਰ ਨਿਊਫਾਉਂਡਲੈਂਡ ਦੇ ਸੈਂਟ ਜੌਨਸ ਤੋਂ ਸ਼ੁਰੂ ਹੁੰਦਾ ਹੈ।
  • ਮੌਜੂਦਾ ਸਮੇਂ ਅੱਠ ਦਿਨਾਂ ਦੇ ਟੂਰ ਦੀ ਕੀਮਤ ਲਗਭਗ ਦੋ ਕਰੋੜ ਰੁਪਏ ਹੈ।
  • ਟੂਰ ਦੌਰਾਨ ਪਣਡੁੱਬੀ ਟਾਇਟੈਨਿਕ ਜਹਾਜ਼ ਦੇ ਮਲਬੇ ਕੋਲ ਸਮੰਦਰ ਵਿੱਚ 3800 ਮੀਟਰ ਹੇਠਾਂ ਡੁਬਕੀ ਲਗਾਉਂਦੀ ਹੈ।
  • ਇਸ ਪਣਡੁੱਬੀ ਦਾ ਭਾਰ 10,432 ਕਿੱਲੋ ਹੈ ਅਤੇ ਲੰਬਾਈ 22 ਫੁੱਟ ਹੈ। ਇਹ ਪਣਡੁੱਬੀ 96 ਘੰਟਿਆਂ ਤੱਕ ਪੰਜ ਲੋਕਾਂ ਨੂੰ ਰੱਖ ਸਕਦੀ ਹੈ।
  • 22 ਜੂਨ (ਵੀਰਵਾਰ) ਨੂੰ ਯੂਐੱਸ ਕੋਸਟ ਗਾਰਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਣਡੁੱਬੀ ਦਾ ਮਲਬਾ ਮਿਲਿਆ ਹੈ ਅਤੇ ਇਸ ਵਿੱਚ ਸਵਾਰ ਪੰਜੇ ਲੋਕਾਂ ਦੀ ਮੌਤ ਹੋ ਗਈ ਹੈ।
ਲਾਈਨ

ਅਹਿਮਦ ਦਾਊਦ ਨੇ ਅਮਰੀਕਾ 'ਚ ਆਇਲ ਐਕਸਪਲੋਰੇਸ਼ਨ ਕੰਪਨੀ ਨਾਲ ਕਾਰੋਬਾਰ ਸ਼ੁਰੂ ਕੀਤਾ ਅਤੇ ਇੱਕ ਜਗ੍ਹਾ 'ਤੇ ਡ੍ਰਿਲ ਕੀਤੀ ਤਾਂ ਉੱਥੋਂ ਪੈਟਰੋਲ ਨਿਕਲ ਆਇਆ।

ਜਦੋਂ ਜਨਰਲ ਜ਼ਿਆਉਲ ਹੱਕ ਨੇ ਭੁੱਟੋ ਸਰਕਾਰ ਨੂੰ ਬੇਦਖਲ ਕਰਕੇ ਪਾਕਿਸਤਾਨ ਦੀ ਸੱਤਾ 'ਤੇ ਕਬਜ਼ਾ ਕੀਤਾ ਤਾਂ ਅਹਿਮਦ ਦਾਊਦ ਦੇ ਚੰਗੇ ਦਿਨ ਫਿਰ ਆ ਗਏ।

ਜਨਰਲ ਜ਼ਿਆਉਲ ਹੱਕ ਦੇ ਸ਼ਾਸਨ ਦੌਰਾਨ ਅਹਿਮਦ ਦਾਊਦ ਪਾਕਿਸਤਾਨ ਵਾਪਸ ਆ ਗਏ ਅਤੇ ਉਨ੍ਹਾਂ ਦੇ ਉਦਯੋਗ ਅਤੇ ਪੂੰਜੀ ਨਿਵੇਸ਼ ਮੁੜ ਸ਼ੁਰੂ ਹੋ ਗਏ। ਅਹਿਮਦ ਦਾਊਦ ਦੇ ਜਨਰਲ ਜ਼ਿਆਉਲ ਹੱਕ ਨਾਲ ਚੰਗੇ ਸਬੰਧ ਸਨ।

ਉਸਮਾਨ ਬਾਟਲੀਵਾਲਾ ਅਨੁਸਾਰ, ਉਨ੍ਹਾਂ ਕੋਲ 20 ਅਜਿਹੇ ਪ੍ਰੋਜੈਕਟ ਸਨ ਜੋ ਉਨ੍ਹਾਂ ਨੇ ਆਪਣੇ ਭਰਾਵਾਂ ਸੁਲੇਮਾਨ ਦਾਊਦ, ਅਲੀ ਮੁਹੰਮਦ ਦਾਊਦ, ਸਿੱਦੀਕ ਦਾਊਦ ਅਤੇ ਸੱਤਾਰ ਦਾਊਦ ਵਿੱਚ ਵੰਡੇ ਦਿੱਤੇ ਅਤੇ ਹਰ ਇੱਕ ਦੇ ਹਿੱਸੇ ਜੋ ਉਦਯੋਗ ਆਇਆ, ਉਨ੍ਹਾਂ ਨੇ ਉਸ ਨੂੰ ਅੱਗੇ ਵਧਾਇਆ।

ਰਜ਼ਾਕ ਦਾਊਦ

ਤਸਵੀਰ ਸਰੋਤ, APP

ਤਸਵੀਰ ਕੈਪਸ਼ਨ, ਰਜ਼ਾਕ ਦਾਊਦ ਡਿਸਕਾਨ ਇੰਜੀਨੀਅਰਿੰਗ ਕੰਪਨੀ ਦੇ ਮਾਲਕ ਹਨ

ਦਾਊਦ ਪਰਿਵਾਰ ਦੇ ਅਹਿਮ ਅਹੁਦੇਦਾਰ

ਦਾਊਦ ਫਾਊਂਡੇਸ਼ਨ ਦੀ ਅਗਵਾਈ ਇਸ ਸਮੇਂ ਅਹਿਮਦ ਦਾਊਦ ਦੇ ਪੁੱਤਰ ਹੁਸੈਨ ਦਾਊਦ ਕਰ ਰਹੇ ਹਨ।

ਪਾਕਿਸਤਾਨ ਵਿੱਚ ਦਾਊਦ ਪਰਿਵਾਰ ਦਾ ਇਕ ਹੋਰ ਮਸ਼ਹੂਰ ਨਾਂ ਰਜ਼ਾਕ ਦਾਊਦ ਹੈ, ਜੋ ਸਾਬਕਾ ਫੌਜੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੇ ਸਮੇਂ ਵਣਜ ਸਲਾਹਕਾਰ ਸਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਵਿੱਚ ਵੀ ਵਣਜ-ਵਪਾਰ ਮੰਤਰਾਲਾ ਸੰਭਾਲ ਰਹੇ ਸਨ।

ਰਜ਼ਾਕ ਦਾਊਦ ਸੁਲੇਮਾਨ ਦਾਊਦ ਦੇ ਪੁੱਤਰ ਹਨ, ਜੋ ਅਹਿਮਦ ਦਾਊਦ ਦੇ ਭਰਾ ਸਨ। ਰਜ਼ਾਕ ਦਾਊਦ ਡਿਸਕਾਨ ਇੰਜੀਨੀਅਰਿੰਗ ਕੰਪਨੀ ਦੇ ਮਾਲਕ ਹਨ।

ਦੂਜੇ ਪਾਸੇ ਸ਼ਹਿਜ਼ਾਦਾ ਦਾਊਦ ਦੇ ਪਿਤਾ ਹੁਸੈਨ ਦਾਊਦ ਅਤੇ ਉਨ੍ਹਾਂ ਦਾ ਪਰਿਵਾਰ ਐਂਗਲੋ ਕਾਰਪੋਰੇਸ਼ਨ ਅਤੇ ਦਾਊਦ ਹਰਕਿਊਲਸ ਕਾਰਪੋਰੇਸ਼ਨ ਦੇ ਮਾਲਕ ਹਨ।

ਟਾਈਟਨ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸ਼ਹਿਜ਼ਾਰਾ ਦਾਊਦ ਐਂਗਰੋ ਦੇ ਵਾਈਸ ਚੇਅਰਮੈਨ ਸਨ।

ਅਹਿਮਦ ਦਾਊਦ ਅਤੇ ਅਮਰੀਕੀ ਰਾਸ਼ਟਰਪਤੀ ਆਈਜਨਹਾਵਰ

ਤਸਵੀਰ ਸਰੋਤ, DAWOOD FOUNDATION

ਤਸਵੀਰ ਕੈਪਸ਼ਨ, ਅਹਿਮਦ ਦਾਊਦ ਅਤੇ ਅਮਰੀਕੀ ਰਾਸ਼ਟਰਪਤੀ ਆਈਜਨਹਾਵਰ

ਐਂਗਰੋ ਅਤੇ ਦਾਊਦ ਹਰਕਿਊਲਿਸ ਕਾਰਪੋਰੇਸ਼ਨ

ਵਪਾਰਕ ਅਦਾਰਿਆਂ ਦੀ ਕਾਰਗੁਜ਼ਾਰੀ ਅਤੇ ਰੇਟਿੰਗ 'ਤੇ ਕੰਮ ਕਰਨ ਵਾਲੀ ਪਾਕਿਸਤਾਨ ਕ੍ਰੈਡਿਟ ਰੇਟਿੰਗ ਏਜੰਸੀ (ਪਾਕਰਾ) ਦੇ ਅਨੁਸਾਰ, ਐਂਗਰੋ ਕਾਰਪੋਰੇਸ਼ਨ ਦੀ ਸਥਾਪਨਾ 1965 ਵਿੱਚ ਕੀਤੀ ਗਈ ਸੀ ਪਰ ਉਸ ਸਮੇਂ ਇਸ ਦਾ ਨਾਮ ਈਸੋ ਪਾਕਿਸਤਾਨ ਫਰਟੀਲਾਈਜ਼ਰ ਕੰਪਨੀ ਸੀ, ਜੋ ਕਿ ਮਾੜੀ ਗੈਸ ਫ਼ੀਲਡ ਦੀ ਖੋਜ ਤੋਂ ਬਾਅਦ ਸਥਾਪਿਤ ਕੀਤੀ ਗਈ ਸੀ।

ਵਿਦੇਸ਼ੀ ਭਾਈਵਾਲਾਂ ਦੇ ਬਾਹਰ ਨਿਕਲਣ ਤੋਂ ਬਾਅਦ, ਇਸ ਦਾ ਨਾਮ ਬਦਲ ਕੇ ਐਂਗਰੋ ਕੈਮੀਕਲ ਰੱਖਿਆ ਗਿਆ, ਜੋ ਕਿ ਖਾਦਾਂ ਦੇ ਖੇਤਰ ਵਿੱਚ ਕੰਮ ਕਰ ਰਹੀ ਸੀ ਅਤੇ ਹੋਰ ਖੇਤਰਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਸ ਨੂੰ ਐਂਗਰੋ ਕਾਰਪੋਰੇਸ਼ਨ ਦਾ ਨਾਮ ਦਿੱਤਾ ਗਿਆ, ਜਿਸ ਦੇ ਅਧੀਨ ਦਸ ਤੋਂ ਵੱਧ ਕੰਪਨੀਆਂ ਕੰਮ ਕਰਦੀਆਂ ਹਨ।

ਐਂਗਰੋ ਕਾਰਪੋਰੇਸ਼ਨ ਪਾਕਿਸਤਾਨ ਸਟਾਕ ਮਾਰਕੀਟ ਵਿੱਚ ਇੱਕ ਸੂਚੀਬੱਧ ਕੰਪਨੀ ਹੈ, ਜਿਸ ਦੇ ਜ਼ਿਆਦਾਤਰ ਸ਼ੇਅਰ ਦਾਊਦ ਦੇ ਪਰਿਵਾਰਕ ਅਦਾਰਿਆਂ ਅਤੇ ਇਸ ਦੇ ਲੋਕਾਂ ਕੋਲ ਹਨ।

ਸ਼ਹਿਜ਼ਾਦਾ ਦਾਊਦ ਐਂਗਰੋ ਕਾਰਪੋਰੇਸ਼ਨ ਦੇ ਉਪ-ਚੇਅਰਮੈਨ ਸਨ ਜਦਕਿ ਉਨ੍ਹਾਂ ਦੇ ਪਿਤਾ ਹੁਸੈਨ ਦਾਊਦ ਇਸ ਦੇ ਚੇਅਰਮੈਨ ਹਨ। ਸ਼ਹਿਜ਼ਾਦਾ ਦਾਊਦ ਦੇ ਭਰਾ ਸਮਦ ਦਾਊਦ ਇਸ ਦੇ ਨਿਰਦੇਸ਼ਕ ਹਨ।

ਹੁਸੈਨ ਦਾਊਦ ਅਤੇ ਉਨ੍ਹਾਂ ਦੇ ਪਰਿਵਾਰ ਦੀ ਦੂਜੀ ਵੱਡੀ ਕੰਪਨੀ ਦਾਊਦ ਹਰਕਿਊਲਿਸ ਕਾਰਪੋਰੇਸ਼ਨ ਹੈ, ਜਿਸ ਦੇ ਸ਼ੇਅਰ ਦਾਊਦ ਕਾਰਪੋਰੇਸ਼ਨ ਵਿੱਚ ਵੀ ਹਨ।

ਹੁਸੈਨ ਦਾਊਦ ਦਾਊਦ ਹਰਕਿਊਲਿਸ ਕਾਰਪੋਰੇਸ਼ਨ ਦੇ ਚੇਅਰਮੈਨ ਹਨ ਜਦਕਿ ਉਨ੍ਹਾਂ ਦੇ ਪੁੱਤਰ ਸਮਦ ਦਾਊਦ ਇਸ ਦੇ ਉਪ ਚੇਅਰਮੈਨ ਹਨ ਅਤੇ ਸ਼ਹਿਜ਼ਾਦਾ ਦਾਊਦ ਇਸ ਦੇ ਨਿਰਦੇਸ਼ਕ ਸਨ।

ਹਾਲਾਂਕਿ ਹੁਸੈਨ ਦਾਊਦ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ, ਐਂਗਲੋ ਕਾਰਪੋਰੇਸ਼ਨ ਅਤੇ ਦਾਊਦ ਹਰਕਿਊਲਿਸ ਕਾਰਪੋਰੇਸ਼ਨ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕੰਪਨੀਆਂ ਹਨ, ਜਿਨ੍ਹਾਂ ਵਿੱਚ ਆਮ ਲੋਕਾਂ ਤੋਂ ਇਲਾਵਾ ਸੰਸਥਾਵਾਂ ਦੇ ਵੀ ਹਿੱਸੇ ਹਨ, ਪਰ ਇਨ੍ਹਾਂ ਦੇ ਜ਼ਿਆਦਾਤਰ ਹਿੱਸੇ ਦਾਊਦ ਪਰਿਵਾਰ ਕੋਲ ਹੀ ਹਨ।

'ਪਾਕਰਾ' ਦੇ ਅਨੁਸਾਰ, ਐਂਗਲੋ ਕਾਰਪੋਰੇਸ਼ਨ ਦੇ ਬੋਰਡ 'ਤੇ ਸਪਾਂਸਰਿੰਗ ਪਰਿਵਾਰ ਭਾਵ ਦਾਊਦ ਪਰਿਵਾਰ ਦੇ ਸਭ ਤੋਂ ਵੱਧ ਮੈਂਬਰ ਹਨ।

ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ

ਤਸਵੀਰ ਸਰੋਤ, DAWOOD FAMILY

ਤਸਵੀਰ ਕੈਪਸ਼ਨ, ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ

ਪਾਕਿਸਤਾਨ ਵਿੱਚ ਦਾਊਦ ਪਰਿਵਾਰ ਦੀਆਂ ਕੰਪਨੀਆਂ ਅਤੇ ਸੰਪਤੀਆਂ

ਹੁਸੈਨ ਦਾਊਦ ਅਤੇ ਉਨ੍ਹਾਂ ਦੇ ਬੱਚੇ ਦਾਊਦ ਹਰਕਿਊਲਿਸ ਕਾਰਪੋਰੇਸ਼ਨ ਅਤੇ ਐਂਗਰੋ ਕਾਰਪੋਰੇਸ਼ਨ ਵਿੱਚ ਸਭ ਤੋਂ ਵੱਧ ਸ਼ੇਅਰਾਂ ਦੇ ਮਾਲਕ ਹਨ। ਇਹ ਦੋਵੇਂ ਕਾਰਪੋਰੇਸ਼ਨਾਂ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ।

ਦਾਊਦ ਹਰਕਿਊਲਸ ਗਰੁੱਪ ਦੀ ਸਾਲਾਨਾ ਰਿਪੋਰਟ ਮੁਤਾਬਕ, ਇਹ ਗਰੁੱਪ ਆਪਣੀਆਂ ਵੱਖ-ਵੱਖ ਸਹਿਯੋਗੀ ਕੰਪਨੀਆਂ ਅਤੇ ਸਹਾਇਕ ਕੰਪਨੀਆਂ ਰਾਹੀਂ ਪੂੰਜੀ ਨਿਵੇਸ਼ ਕਰਦਾ ਹੈ। ਜਿਵੇਂ, ਐਂਗਰੋ ਕਾਰਪੋਰੇਸ਼ਨ ਵਿੱਚ ਐਂਗਰੋ ਫਰਟੀਲਾਈਜ਼ਰਜ਼ ਦੇ 56 ਫੀਸਦੀ ਸ਼ੇਅਰ ਹਨ।

ਰਿਪੋਰਟ ਦੇ ਅਨੁਸਾਰ, 2022 ਤੋਂ ਇਸ ਸਮੂਹ ਨੇ ਊਰਜਾ, ਭੋਜਨ ਅਤੇ ਖੇਤੀਬਾੜੀ, ਪੈਟਰੋ ਕੈਮੀਕਲ, ਰਸਾਇਣਕ ਸਟੋਰੇਜ, ਨਵਿਆਉਣਯੋਗ ਊਰਜਾ, ਸੂਚਨਾ ਤਕਨਾਲੋਜੀ ਅਤੇ ਡਿਜੀਟਲ ਖੇਤਰਾਂ ਵਿੱਚ ਸੱਤ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ।

ਕਾਰਪੋਰੇਸ਼ਨ ਕੋਲ 'ਐਂਗਰੋ ਐਗਜ਼ਿਮ ਐਗਰੀ' ਵਿੱਚ 100 ਫੀਸਦੀ ਸ਼ੇਅਰ ਹਨ। ਇਸ ਕੋਲ ਐਂਗਰੋ ਐਨਰਜੀ ਟਰਮੀਨਲ ਵਿੱਚ 56 ਫੀਸਦੀ ਸ਼ੇਅਰ ਹਨ ਜਦਕਿ ਐਂਗਰੋ ਐਨਰਜੀ ਲਿਮਟਿਡ ਵਿੱਚ 100 ਫੀਸਦੀ ਸ਼ੇਅਰ ਹਨ।

ਹੁਸੈਨ ਦਾਊਦ ਦੀ ਪਰਿਵਾਰਕ ਕੰਪਨੀ ਐਂਗਰੋ ਕਾਰਪੋਰੇਸ਼ਨ ਸਿੰਧ ਸਰਕਾਰ ਦੀ ਐਂਗਰੋ ਕੋਲ ਮਾਈਨਿੰਗ ਕੰਪਨੀ ਵਿੱਚ 11 ਫੀਸਦੀ ਸ਼ੇਅਰਾਂ ਦੀ ਮਾਲਕ ਹੈ। ਕੰਪਨੀ ਦੀ ਸਾਲਾਨਾ ਰਿਪੋਰਟ ਮੁਤਾਬਕ, ਕੈਮੀਕਲ ਸੈਕਟਰ 'ਚ ਐਂਗਰੋ ਪੋਲੀਮਰ ਅਤੇ ਕੈਮੀਕਲ 'ਚ ਨਿਗਮ ਦੀ 56 ਫੀਸਦੀ ਹਿੱਸੇਦਾਰੀ ਹੈ।

ਐਂਗਰੋ ਕਾਰਪੋਰੇਸ਼ਨ ਦੀ ਵੈੱਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਅਨੁਸਾਰ, ਇਹ ਲਗਭਗ 750 ਅਰਬ ਰੁਪਏ ਦੀ ਕੁੱਲ ਜਾਇਦਾਦ ਦੀ ਮਾਲਕ ਹੈ।

ਦਾਊਦ ਪਰਿਵਾਰ

ਤਸਵੀਰ ਸਰੋਤ, DAWOOD FAMILY

ਐਂਗਰੋ ਕਾਰਪੋਰੇਸ਼ਨ ਦੀ 2022 ਦੀ ਸਾਲਾਨਾ ਰਿਪੋਰਟ ਅਨੁਸਾਰ, ਇਸ ਨੇ ਪੂਰੇ ਸਾਲ ਵਿੱਚ 46 ਅਰਬ ਦਾ ਮੁਨਾਫਾ ਕਮਾਇਆ। ਦਾਊਦ ਹਰਕਿਊਲਿਸ ਕਾਰਪੋਰੇਸ਼ਨ ਦੇ ਸਾਲਾਨਾ ਵਿੱਤੀ ਨਤੀਜਿਆਂ ਦੇ ਅਨੁਸਾਰ, 2022 ਵਿੱਚ ਇਸ ਦਾ ਮੁਨਾਫਾ ਸਾਢੇ ਤਿੰਨ ਅਰਬ ਰੁਪਏ ਤੋਂ ਵੱਧ ਸੀ।

ਸਾਲਾਨਾ ਰਿਪੋਰਟ ਮੁਤਾਬਕ, ਦਾਊਦ ਹਰਕਿਊਲਜ਼ ਕਾਰਪੋਰੇਸ਼ਨ ਵੱਖ-ਵੱਖ ਖੇਤਰਾਂ 'ਚ ਦੋ ਹਜ਼ਾਰ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਦੇ ਰਹੀ ਹੈ, ਜਦਕਿ ਦੂਜੇ ਪਾਸੇ ਐਂਗਰੋ ਕਾਰਪੋਰੇਸ਼ਨ ਦੀਆਂ ਵੱਖ-ਵੱਖ ਕੰਪਨੀਆਂ 'ਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਸਾਢੇ ਤਿੰਨ ਹਜ਼ਾਰ ਤੋਂ ਵੱਧ ਹੈ।

ਐਂਗਰੋ ਕਾਰਪੋਰੇਸ਼ਨ ਦੇ ਅਨੁਸਾਰ, ਇਸ ਨੇ ਸਾਲ 2022 ਵਿੱਚ ਸਮਾਜਿਕ ਖੇਤਰ ਵਿੱਚ 84 ਕਰੋੜ ਰੁਪਏ ਖਰਚ ਕੀਤੇ, ਜਿਸ ਵਿੱਚ ਸਿਹਤ, ਸਿੱਖਿਆ, ਬੁਨਿਆਦੀ ਢਾਂਚਾ ਅਤੇ ਵਾਤਾਵਰਣ ਦੀ ਬਿਹਤਰੀ ਆਦਿ ਸ਼ਾਮਲ ਹਨ।

ਕਾਰਪੋਰੇਸ਼ਨ ਦੇ ਅਨੁਸਾਰ, ਉਸ ਨੇ 2022 ਵਿੱਚ ਸਰਕਾਰ ਨੂੰ ਟੈਕਸਾਂ ਵਿੱਚ 29.5 ਕਰੋੜ ਡਾਲਰ ਜਮ੍ਹਾ ਕਰਵਾਏ, ਜਦਕਿ ਇਸ ਦੀ ਸਹਾਇਕ ਕੰਪਨੀ ਐਂਗਰੋ ਐਨਰਜੀ ਨੇ ਪਾਕਿਸਤਾਨ ਵਿੱਚ 90,000 ਘਰਾਂ ਨੂੰ ਬਿਜਲੀ ਪ੍ਰਦਾਨ ਕੀਤੀ।

ਪਾਕਿਸਤਾਨ ਕ੍ਰੈਡਿਟ ਰੇਟਿੰਗ ਏਜੰਸੀ ਦੇ ਮੁਤਾਬਕ, ਦਾਊਦ ਗਰੁੱਪ ਦੀ ਮਲਕੀਅਤ ਵਾਲੀ ਐਂਗਰੋ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ਲਗਾਤਾਰ ਬਿਹਤਰ ਰਹੀ ਹੈ। ਇਸ ਦੀ ਲੰਬੀ ਮਿਆਦ ਦੀ ਕਾਰਗੁਜ਼ਾਰੀ ਪਲੱਸ ਏਏ ਹੈ ਅਤੇ ਇਸ ਦੀ ਕੁੱਲ ਸਥਿਤੀ ਮਜ਼ਬੂਤ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)