ਟਾਇਟੈਨਿਕ ਦਾ ਮਲਬਾ ਦੇਖਣ ਗਈ ਪਣਡੁੱਬੀ ’ਚ ਸਵਾਰ ਪੰਜ ਲੋਕਾਂ ਦੀ ਮੌਤ, ਜਾਣੋ ਭਾਲ ਕਿਵੇਂ ਮੁੱਕੀ

ਤਸਵੀਰ ਸਰੋਤ, AMERICAN PHOTO ARCHIVE/PA
18 ਜੂਨ ਤੋਂ ਅਟਲਾਂਟਿਕ ਮਹਾਸਾਗਰ ਵਿੱਚ ਲਾਪਤਾ ਹੋਈ ਟਾਇਟਨ ਸਬਮਰਸੀਬਲ ਵਿੱਚ ਸਵਾਰ ਸਾਰੇ ਪੰਜਾਂ ਲੋਕਾਂ ਦੀ ਮੌਤ ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਯੂਐੱਸ ਕੋਸਟ ਗਾਰਡ ਨੇ ਕੀਤੀ ਹੈ, ਜੋ ਹੋਰ ਏਜੰਸੀਆਂ ਦੇ ਨਾਲ ਇਸ ਪਣਡੁੱਬੀ ਦੀ ਭਾਲ ਵਿੱਚ ਲੱਗੇ ਸਨ।
ਪਣਡੁੱਬੀ ਦੇ ਕੁਝ ਹਿੱਸੇ ਵੀਰਵਾਰ (22 ਜੂਨ) ਨੂੰ ਟਾਇਟੈਨਿਕ ਦੇ ਮਲਬੇ ਤੋਂ ਲਗਭਗ 1,600 ਫੁੱਟ ਦੀ ਦੂਰੀ 'ਤੇ ਮਿਲੇ।
ਇਸ ਪਣਡੁੱਬੀ ਨੂੰ ਚਲਾਉਣ ਵਾਲੀ ਕੰਪਨੀ ਓਸ਼ੀਅਨਗੇਟ ਮੁਤਾਬਕ ਇਸ ਵਿੱਚ ਸਵਾਰ ਪੰਜੇ ਲੋਕ ‘‘ਸੱਚੇ ਖੋਜੀ’’ ਸਨ।
ਯੂਐੱਸ ਕੋਸਟ ਗਾਰਡ ਦਾ ਮੰਨਣਾ ਹੈ ਕਿ ਇੱਕ ਵਿਨਾਸ਼ਕਾਰੀ ਧਮਾਕਾ ਸੀ, ਜਿਸ ਵਿੱਚ ਪੰਜਾਂ ਦੀ ਮੌਤ ਹੋ ਗਈ।
ਇਸ ਪਣਡੁੱਬੀ ਵਿੱਚ ਸਵਾਰ ਪੰਜ ਲੋਕਾਂ ਵਿੱਚ ਓਸ਼ੀਅਨਗੇਟ ਕੰਪਨੀ ਦੇ ਸੀਈਓ ਵੀ ਸ਼ਾਮਲ ਸਨ।
ਕਿਵੇਂ ਮਿਲਿਆ ਪਣਡੁੱਬੀ ਦਾ ਮਲਬਾ?

ਤਸਵੀਰ ਸਰੋਤ, Reuters
ਟਾਇਟਨ ਸਬਮਰਸੀਬਲ ਪਣਡੁੱਬੀ ਦੇ ਮਲਬੇ ਨੂੰ ਪਾਣੀ ਦੇ ਅੰਦਰ ਰਿਮੋਟ ਰਾਹੀਂ ਚੱਲਣ ਵਾਲੇ ਇੱਕ ਵਾਹਨ ਰਾਹੀਂ ਲੱਭਿਆ ਗਿਆ। ਇਸ ਨੂੰ ਆਰਓਵੀ ਕਿਹਾ ਜਾਂਦਾ ਹੈ।
ਪਣਡੁੱਬੀ ਦੇ ਵੱਖ-ਵੱਖ ਹਿੱਸੇ ਮਿਲੇ ਸਨ, ਜਿਸ ਤੋਂ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਟਾਇਟਨ ਸਬਮਰਸੀਬਲ ਦੇ ਹਨ। ਇਸ ਵਿੱਚ ਪਣਡੁੱਬੀ ਦਾ ਪਿਛਲਾ ਹਿੱਸਾ ਵੀ ਸ਼ਾਮਲ ਸੀ।
ਯੂਐੱਸ ਕੋਸਟ ਗਾਰਡ ਦੇ ਰੀਅਰ ਐਡਮਿਰਲ ਜੌਹਨ ਮੌਗਰ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਜਵਾਬ ਨਹੀਂ ਹੈ ਕਿ ਕੀ ਜਹਾਜ਼ ਵਿੱਚ ਸਵਾਰ ਪੰਜ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਸੰਭਾਵਨਾ ਹੈ।
ਮੌਗਰ ਨੇ ਅੱਗੇ ਕਿਹਾ ਕਿ ਆਰਓਵੀ ਵਾਹਨ ਅਜੇ ਖ਼ੇਤਰ ਵਿੱਚ ਹੀ ਰਹਿਣਗੇ ਕਿਉਂਕਿ ਜੋ ਕੁਝ ਵਾਪਰਿਆ ਹੈ ਉਸ ਦੀ ਜਾਂਚ ਜਾਰੀ ਹੈ। ਪਰ ਖੋਜ ਕਰਮਚਾਰੀਆਂ, ਮੈਡੀਕਲ ਮਾਹਰਾਂ ਅਤੇ ਤਕਨੀਕੀ ਲੋਕਾਂ ਨੂੰ ਅਗਲੇ 24 ਘੰਟਿਆਂ ਵਿੱਚ ਘਰ ਭੇਜ ਦਿੱਤਾ ਜਾਵੇਗਾ।

ਪਣਡੁੱਬੀ ਦੇ ਲਾਪਤਾ ਹੋਣ ਤੋਂ ਲੈ ਕੇ ਮਿਲਣ ਤੱਕ ਦੀਆਂ ਮੁੱਖ ਗੱਲਾਂ
- 18 ਜੂਨ (ਐਤਵਾਰ) ਦੀ ਦੇਰ ਸ਼ਾਮ ਕਰੀਬ ਸਾਢੇ ਅੱਠ ਵਜੇ ਟਾਇਟਨ ਸਬਮਰਸੀਬਲ ਨਾਮ ਦੀ ਪਣਡੁੱਬੀ ਲਾਪਤਾ ਹੋ ਗਈ।
- ਇਹ ਪਣਡੁੱਬੀ ਮੱਧ ਅਟਲਾਂਟਿਕ ਮਹਾਸਾਗਰ ਵਿੱਚ ਸੈਲਾਨੀਆਂ ਨੂੰ ਟਾਇਟੈਨਿਕ ਦਾ ਮਲਬਾ ਦਿਖਾਉਣ ਗਈ ਸੀ।
- ਓਸ਼ੀਅਨਗੇਟ ਕੰਪਨੀ ਵੱਲੋਂ ਚਲਾਈ ਜਾਣ ਵਾਲੀ ਪਣਡੁੱਬੀ ਵਿੱਚ ਪਾਇਲਟ ਸਣੇ ਚਾਰ ਲੋਕ ਸਵਾਰ ਸਨ।
- ਯੁਐੱਸ ਕੋਸਟ ਗਾਰਡ ਮੁਤਾਬਕ ਮਹਾਸਾਗਰ ਵਿੱਚ ਜਾਣ ਦੇ ਪੌਣੇ ਦੋ ਘੰਟੇ ਬਾਅਦ ਪਣਡੁੱਬੀ ਨਾਲ ਰਾਬਤਾ ਟੁੱਟ ਗਿਆ ਸੀ।
- ਪਣਡੁੱਬੀ ਦੀ ਭਾਲ ਵਿੱਚ ਕੈਨੇਡਾ ਤੇ ਅਮਰੀਕਾ ਦੀਆਂ ਜਾਂਚ ਏਜੰਸੀਆਂ ਦਿਨ-ਰਾਤ ਕੋਸ਼ਿਸ਼ਾਂ ਵਿੱਚ ਲੱਗੀਆਂ ਰਹੀਆਂ।
- ਟਾਇਟੈਨੇਟਿਕ ਦੇ ਮਲਬੇ ਨੂੰ ਦੇਖਣ ਲਈ ਇਸ ਪਣਡੁੱਬੀ ਦਾ ਸਫ਼ਰ ਨਿਊਫਾਉਂਡਲੈਂਡ ਦੇ ਸੈਂਟ ਜੌਨਸ ਤੋਂ ਸ਼ੁਰੂ ਹੁੰਦਾ ਹੈ।
- ਮੌਜੂਦਾ ਸਮੇਂ ਅੱਠ ਦਿਨਾਂ ਦੇ ਟੂਰ ਦੀ ਕੀਮਤ ਲਗਭਗ ਦੋ ਕਰੋੜ ਰੁਪਏ ਹੈ।
- ਟੂਰ ਦੌਰਾਨ ਪਣਡੁੱਬੀ ਟਾਇਟੈਨਿਕ ਜਹਾਜ਼ ਦੇ ਮਲਬੇ ਕੋਲ ਸਮੰਦਰ ਵਿੱਚ 3800 ਮੀਟਰ ਹੇਠਾਂ ਡੁਬਕੀ ਲਗਾਉਂਦੀ ਹੈ।
- ਇਸ ਪਣਡੁੱਬੀ ਦਾ ਭਾਰ 10,432 ਕਿੱਲੋ ਹੈ ਅਤੇ ਲੰਬਾਈ 22 ਫੁੱਟ ਹੈ। ਇਹ ਪਣਡੁੱਬੀ 96 ਘੰਟਿਆਂ ਤੱਕ ਪੰਜ ਲੋਕਾਂ ਨੂੰ ਰੱਖ ਸਕਦੀ ਹੈ।
- 22 ਜੂਨ (ਵੀਰਵਾਰ) ਨੂੰ ਯੂਐੱਸ ਕੋਸਟ ਗਾਰਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਣਡੁੱਬੀ ਦਾ ਮਲਬਾ ਮਿਲਿਆ ਹੈ ਅਤੇ ਇਸ ਵਿੱਚ ਸਵਾਰ ਪੰਜੇ ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:
ਕੌਣ ਸਨ ਪਣਡੁੱਬੀ ਵਿੱਚ ਸਵਾਰ ਪੰਜ ਲੋਕ?

ਤਸਵੀਰ ਸਰੋਤ, DAWOOD FAMILY/LOTUS EYE PHOTOGRAPHY/REUTERS
ਇਸ ਪਣਡੁੱਬੀ 'ਤੇ ਸਵਾਰ ਪੰਜ ਯਾਤਰੀਆਂ 'ਚ ਪਾਕਿਸਤਾਨੀ ਮੂਲ ਦੇ ਅਰਬਪਤੀ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ ਦਾਊਦ, ਬ੍ਰਿਟਿਸ਼ ਅਰਬਪਤੀ ਕਾਰੋਬਾਰੀ ਹਾਮਿਸ਼ ਹਾਰਡਿੰਗ, ਫਰਾਂਸੀਸੀ ਖੋਜੀ ਪਾਲ ਹੈਨਰੀ ਨਰਗਲੇਟ ਅਤੇ ਯਾਤਰਾ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਓਸ਼ੀਅਨਗੇਟ ਦੇ ਮੁੱਖ ਕਾਰਜਕਾਰੀ ਸਟਾਕਟਨ ਰਸ਼ ਸ਼ਾਮਲ ਸਨ।
ਹਾਮਿਸ਼ ਹਾਰਡਿੰਗ: ਬ੍ਰਿਟੇਨ ਦੇ ਅਰਬਪਤੀ ਕਾਰੋਬਾਰੀ ਦੇ ਪਰਿਵਾਰ ਮੁਤਾਬਕ ਉਹ ਵੀ ਇਸ ਪਣਡੁੱਬੀ ਵਿੱਚ ਸਵਾਰ ਸਨ।
58 ਸਾਲ ਦੇ ਹਾਮਿਸ਼ ਨੇ ਟੂਰ ਉੱਤੇ ਜਾਣ ਤੋਂ ਐਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਕਿਹਾ ਸੀ, ‘‘ਮੈਨੂੰ ਇਹ ਦੱਸਦਿਆਂ ਮਾਣ ਹੋ ਰਿਹਾ ਹੈ ਕਿ ਮੈਂ ਟਾਇਟੈਨਿਕ ਦੇ ਮਲਬੇ ਤੱਕ ਜਾਣ ਵਾਲੀ ਮੁਹਿੰਮ ਵਿੱਚ ਸ਼ਾਮਲ ਹਾਂ।’’
ਹਾਰਡਿੰਗ ਦੀ ਕੰਪਨੀ ਨੇ ਪਰਿਵਾਰ ਵੱਲੋਂ ਜਾਰੀ ਆਪਣੇ ਬਿਆਨ ਵਿੱਚ ਕਿਹਾ, ‘‘ਉਹ ਇੱਕ ਜਨੂੰਨੀ ਖੋਜੀ ਸਨ, ਉਨ੍ਹਾਂ ਨੇ ਆਪਣੀ ਜ਼ਿੰਦਗੀ ਆਪਣੇ ਪਰਿਵਾਰ, ਕਾਰੋਬਾਰ ਅਤੇ ਰੋਮਾਂਚ ਲਈ ਗੁਜ਼ਾਰੀ।’’

ਤਸਵੀਰ ਸਰੋਤ, DAWOOD FAMILY
ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ: ਸ਼ਹਿਜ਼ਾਦਾ ਦਾਊਦ ਪਾਕਿਸਤਾਨ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋਂ ਇੱਕ ਹਨ। ਦਾਊਦ 48 ਸਾਲ ਦੇ ਸਨ ਅਤੇ ਉਨ੍ਹਾਂ ਦੇ ਪੁੱਤਰ ਦੀ ਉਮਰ 19 ਸਾਲ ਸੀ।
ਪਾਕਿਸਤਾਨ ਮੂਲ ਦੇ ਸ਼ਹਿਜ਼ਾਦਾ ਦਾਊਦ ਅੱਜ ਕੱਲ ਬ੍ਰਿਟੇਨ ਵਿੱਚ ਰਹਿੰਦੇ ਸਨ। ਉਨ੍ਹਾਂ ਦਾ ਪਰਿਵਾਰ ਬ੍ਰਿਟੇਨ ਦੇ ਸਰੇ ਇਲਾਕੇ ਵਿੱਚ ਰਹਿੰਦਾ ਹੈ।
ਦਾਊਦ ਦੇ ਪਰਿਵਾਰ ਨੇ ਜਾਰੀ ਬਿਆਨ ਵਿੱਚ ਬਚਾਅ ਟੀਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ‘‘ਮਿਲੇ ਪਿਆਰ ਅਤੇ ਸਮਰਥਨ ਨਾਲ ਗਦਗਦ ਹਨ ਅਤੇ ਮਨੁੱਖਤਾ ਦਿਖਾਉਣ ਲਈ ਧੰਨਵਾਦੀ’’ ਹਨ।
ਪਾਲ ਹੈਨਰੀ ਨਰਗਲੇਟ: ਪਣਡੁੱਬੀ ਵਿੱਚ ਸਵਾਰ ਫਰਾਂਸੀਸੀ ਖੋਜੀ ਬਾਰੇ ਮਾਹਰ ਡੇਵਿਡ ਮੀਰਨਜ਼ ਨੇ ਕਿਹਾ ਕਿ ਉਨ੍ਹਾਂ ਆਪਣੇ ਦੋਸਤ ਨੂੰ ਗੁਆ ਦਿੱਤਾ ਹੈ।
ਡੇਵਿਡ ਮੁਤਾਬਕ ਨਰਗਲੇਟ ਡੁੰਘੇ ਸਮੁੰਦਰ ਦੀ ਖੋਜ ਵਿੱਚ ‘‘ਵੱਡਾ ਨਾਮ’’ ਸਨ।
ਨਰਗਲੇਟ ਦੇ ਮਤਰੇਏ ਪੁੱਤਰ ਨੇ ਕਿਹਾ ‘‘ਉਨ੍ਹਾਂ ਦਾ ਦੂਜਾ ਘਰ ਸਮੰਦਰ ਸੀ।’’

ਸਟਾਕਟਨ ਰਸ਼: ਉਹ ਪਣਡੁੱਬੀ ਦੇ ਟੂਰ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਓਸ਼ੀਅਨਗੇਟ ਦੇ ਸੀਈਓ ਸਨ।
ਉਹ ਇੱਕ ਤਜਰਬੇਕਾਰ ਇੰਜੀਨੀਅਰ ਸਨ, ਉਨ੍ਹਾਂ ਨੇ ਕਈ ਏਅਰਕ੍ਰਾਫ਼ਟ ਬਣਾਏ ਸਨ। ਰਸ਼ ਨੇ ਕਈ ਛੋਟੀਆਂ ਪਣਡੁੱਬੀਆਂ ਉੱਤੇ ਵੀ ਕੰਮ ਕੀਤਾ ਸੀ।
ਸਟਾਕਟਨ ਰਸ਼ ਨੇ 2009 ਵਿੱਚ ਓਸ਼ੀਅਨਗੇਟ ਕੰਪਨੀ ਦੀ ਸਥਾਪਨਾ ਕੀਤੀ ਸੀ, ਇਹ ਕੰਪਨੀ ਆਪਣੇ ਗਾਹਕਾਂ ਨੂੰ ਡੁੰਘੇ ਸਮੰਦਰ ਵਿੱਚ ਸਫ਼ਰ ਕਰਨ ਦਾ ਮੌਕਾ ਦਿੰਦੀ ਹੈ।
ਇਹ ਕੰਪਨੀ 2021 ਵਿੱਚ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਇਸ ਨੇ ਟਾਇਟੈਨਿਕ ਦੇ ਮਲਬੇ ਵਾਲੀ ਥਾਂ ਤੱਕ ਜਾਨ ਲਈ ਟੂਰ ਦੀ ਸ਼ੁਰੂਆਤ ਕੀਤੀ।












