ਭਾਰਤ-ਪਾਕ ਵੰਡ ਵੇਲੇ 13 ਸਾਲਾਂ ਦੀ ਉਮਰੇ ਵਿਛੜੀ ਹਸ਼ਮਤ ਬੀਬੀ ਨੇ ਜਦੋਂ 76 ਸਾਲਾਂ ਬਾਅਦ ਦੇਖਿਆ ਆਪਣਾ ਘਰ

ਹਸ਼ਮਤ ਬੀਬੀ ਅਤੇ ਭਤੀਜਾ ਸਵਰਨ ਦੀਨ

ਤਸਵੀਰ ਸਰੋਤ, Ravinder Singh Robin/BBC

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਸਹਿਯੋਗੀ

ਯਾਦਾਂ ਦੀ ਦਲਦਲ ਵਿੱਚ ਡੁੱਬੇ, ਹਸ਼ਮਤ ਬੀਬੀ ਦੀਆਂ ਕਮਜ਼ੋਰ ਅੱਖਾਂ 'ਚੋਂ ਹੰਝੂ ਵਹਿ ਤੁਰੇ, ਜਦੋਂ ਉਹ 1947 ਦੀ ਵੰਡ ਦੇ ਦੁਖਦਾਈ ਵਿਛੋੜੇ ਤੋਂ ਬਾਅਦ, ਭਾਰਤ ਵਿੱਚ ਆਪਣੇ ਬਚਪਨ ਦੇ ਪਿੰਡ ਪਰਤ ਆਏ।

ਭਾਰਤ-ਪਾਕਿਸਤਾਨ ਵੰਡ ਵੇਲੇ ਕਿੰਨੇ ਹੀ ਅਜਿਹੇ ਪਰਿਵਾਰ ਸਨ ਜੋ ਉੱਜੜ ਗਏ ਅਤੇ ਕਿੰਨੇ ਹੀ ਆਪਣਿਆਂ ਤੋਂ ਵੱਖ ਹੋ ਗਏ। ਹਸ਼ਮਤ ਬੀਬੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ।

ਜਿਸ ਵੇਲੇ ਉਹ ਆਪਣਿਆਂ ਤੋਂ ਵੱਖ ਹੋਏ, ਉਨ੍ਹਾਂ ਦੀ ਉਮਰ ਮਹਿਜ਼ 13 ਸਾਲਾਂ ਦੀ ਸੀ।

ਹਸ਼ਮਤ ਬੀਬੀ ਸ਼ਨੀਵਾਰ ਨੂੰ ਅਟਾਰੀ ਜ਼ਮੀਨੀ ਸਰਹੱਦ ਰਾਹੀਂ ਭਾਰਤ ਪਹੁੰਚੇ, ਜਿੱਥੇ ਉਨ੍ਹਾਂ ਦੇ ਭਤੀਜੇ ਸਵਰਨ ਦੀਨ ਅਤੇ ਹੋਰਨਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਹਾਲਾਂਕਿ ਹਸ਼ਮਤ ਬੀਬੀ ਕੁਝ ਸਮੇਂ ਲਈ ਹੀ ਭਾਰਤ ਆਏ ਹਨ। ਭਾਰਤ ਸਰਕਾਰ ਨੇ ਹਸ਼ਮਤ ਬੀਬੀ ਨੂੰ 40 ਦਿਨ ਦਾ ਵੀਜ਼ਾ ਦਿੱਤਾ ਹੈ।

ਹਸ਼ਮਤ ਬੀਬੀ

ਤਸਵੀਰ ਸਰੋਤ, Ravinder Singh Robin/BBC

ਉਨ੍ਹਾਂ ਦੇ ਭਰਾ ਦਾ ਪਰਿਵਾਰ ਖਡੂਰ ਸਾਹਿਬ ਵਿਖੇ ਰਹਿੰਦਾ ਹੈ ਅਤੇ ਉਨ੍ਹਾਂ ਦੇ ਭਤੀਜੇ ਹਸ਼ਮਤ ਬੀਬੀ ਨੂੰ ਲੈ ਕੇ ਜਦੋਂ ਉੱਥੇ ਪਹੁੰਚੇ ਤਾਂ ਹਰ ਕਿਸੇ ਨੇ ਉਨ੍ਹਾਂ ਦਾ ਬਹੁਤ ਸਤਿਕਾਰ ਕੀਤਾ।

ਨਾ ਸਿਰਫ਼ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ, ਸਗੋਂ ਸਾਰੇ ਪਿੰਡ ਸਮੇਤ ਆਲੇ-ਦੁਆਲੇ ਦੇ ਹੋਰ ਲੋਕਾਂ ਨੇ ਵੀ ਉਨ੍ਹਾਂ ਦੇ ਗਲ਼ 'ਚ ਹਾਰ ਪਾਏ, ਉਨ੍ਹਾਂ ਨੂੰ ਪਿਆਰ ਨਾਲ ਗਲ਼ੇ ਲਗਾਇਆ ਤੇ ਖੂਬ ਖੁਸ਼ੀ ਮਨਾਈ।

ਕੀ ਹੋਇਆ ਸੀ ਵੰਡ ਵੇਲੇ

ਹਸ਼ਮਤ ਬੀਬੀ

ਤਸਵੀਰ ਸਰੋਤ, Ravinder Singh Robin/BBC

1947 ਵਿਚ ਭਾਰਤ-ਪਾਕ ਵੰਡ ਦੀਆਂ ਹਫੜਾ-ਦਫੜੀ ਭਰੀਆਂ ਘਟਨਾਵਾਂ ਦੌਰਾਨ ਹਸ਼ਮਤ ਬੀਬੀ, ਜਿਨ੍ਹਾਂ ਦੀ ਉਮਰ 13 ਸਾਲ ਸੀ, ਕਪੂਰਥਲਾ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਗਏ ਸਨ।

ਉਸੇ ਦੌਰਾਨ ਇਸ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਕਿਸਮਤ ਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਵੱਖ ਕਰ ਦਿੱਤਾ ਅਤੇ ਉਨ੍ਹਾਂ ਦੇ ਹੀ ਕਿਸੇ ਹੋਰ ਰਿਸ਼ਤੇਦਾਰ ਨਾਲ ਮਿਲਵਾ ਦਿੱਤਾ। ਉਨ੍ਹਾਂ ਰਿਸ਼ਤੇਦਾਰਾਂ ਸਮੇਤ ਹਸ਼ਮਤ ਬੀਬੀ ਨੂੰ ਫੌਜ ਨੇ ਪਾਕਿਸਤਾਨ ਪਹੁੰਚਾ ਦਿੱਤਾ ਸੀ।

ਇਸ ਮਗਰੋਂ, ਹਸ਼ਮਤ ਬੀਬੀ ਪਾਕਿਸਤਾਨੀ ਪੰਜਾਬ ਸੂਬੇ ਦੇ ਸਾਹੀਵਾਲ ਜ਼ਿਲ੍ਹੇ ਦੀ ਚਿਚਾਵਟਨੀ ਤਹਿਸੀਲ ਦੇ ਚੱਕ ਵਿੱਚ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਰਹਿਣ ਲੱਗ ਪਏ ਸਨ।

ਹਸ਼ਮਤ ਬੀਬੀ

ਦੂਜੇ ਪਾਸੇ, ਹਸ਼ਮਤ ਬੀਬੀ ਦੇ ਭਰਾ ਭਾਰਤ ਵਿੱਚ ਹੀ ਰਹਿ ਗਏ ਸਨ। ਹਾਲਾਂਕਿ ਉਹ ਤੀਹ ਵਰ੍ਹਿਆਂ ਪਹਿਲਾਂ ਪਾਕਿਸਤਾਨ ਜਾ ਕੇ ਆਪਣੀ ਭੈਣ ਨੂੰ ਮਿਲ ਕੇ ਵੀ ਆਏ ਸਨ ਅਤੇ ਉਨ੍ਹਾਂ ਦੇ ਭਤੀਜੇ ਵੀ ਪਿਛਲੇ ਸਾਲ ਆਪਣੀ ਭੂਆ ਨੂੰ ਮਿਲਣ ਗਏ ਸਨ। ਪਰ ਹਸ਼ਮਤ ਬੀਬੀ 76 ਵਰ੍ਹਿਆਂ ਬਾਅਦ ਭਾਰਤ ਪਰਤੇ ਹਨ।

ਬੀਬੀਸੀਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਸਾਰੀਆਂ ਬਸੰਤਾਂ ਵੇਖਿਆ ਹਨ ਪਰ ਇਹ ਸੁਆਲ ਹਾੜ ਦੇ ਮਹੀਨੇ ਦੀ ਅੱਜ ਦੀ ਬਸੰਤ ਸਭ ਤੋਂ ਸੋਹਣੀ ਹੈ।

'ਭਰਾ ਦੇ ਜੰਮੇ ਮੇਰੇ ਭਰਾ ਹੀ ਹਨ'

ਹਸ਼ਮਤ ਬੀਬੀ

ਤਸਵੀਰ ਸਰੋਤ, Ravinder Singh Robin/BBC

ਹਸ਼ਮਤ ਬੀਬੀ ਭਾਰਤ ਆਪਣੇ ਭਰਾ ਦੇ ਘਰ ਪਹੁੰਚ ਕੇ ਬਹੁਤ ਭਾਵੁਕ ਹੋਏ। ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੇਰਾ ਜੰਮਣ, ਸਭ ਕੁਝ ਇੱਥੇ ਹੀ ਹੈ, ਇੱਥੇ ਆਈ ਹਾਂ ਮੈਂ ਅੱਜ।

ਉਨ੍ਹਾਂ ਕਿਹਾ, ''ਮੇਰੇ ਭਰਾ ਹੁਣ ਨਹੀਂ ਰਹੇ, ਭਰਜਾਈ ਵੀ ਨਹੀਂ ਰਹੇ, ਭਤੀਜਾ ਭਰਾ ਹੀ ਹੈ ਸਮਝੋ। ਇਹ ਭਰਾ ਦੇ ਜੰਮੇ ਮੇਰੇ ਭਰਾ ਹੀ ਹਨ।''

ਇਹੀ ਕਹਿੰਦੇ-ਕਹਿੰਦੇ ਉਨ੍ਹਾਂ ਦੀਆਂ ਮੁੜ ਅੱਖਾਂ ਭਰ ਆਉਂਦੇ ਹਨ ਤੇ ਕਹਿੰਦੇ ਹਨ, ''ਸ਼ੁਕਰ ਹੈ ਉਸ ਮਾਲਕ ਦਾ।''

ਉਨ੍ਹਾਂ ਦੱਸਿਆ ਕਿ ਵੰਡ ਵੇਲੇ ਉਹ ਅਤੇ ਉਨ੍ਹਾਂ ਦਾ ਇੱਕ ਭਰਾ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਸੀ। ਉਨ੍ਹਾਂ ਦੀ ਵੀ ਉੱਧਰ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ।

ਜਦਕਿ ਉਨ੍ਹਾਂ ਦਾ ਇੱਕ ਭਰਾ ਭਾਰਤ ਵਿੱਚ ਹੀ ਰਹਿ ਗਿਆ ਸੀ ਜੋ ਫਿਰ 32 ਸਾਲਾਂ ਬਾਅਦ ਉਨ੍ਹਾਂ ਨੂੰ ਮਿਲਣ ਪਾਕਿਸਤਾਨ ਗਿਆ ਸੀ।

ਲਾਈਨ

‘ਮੈਂ ਆਪਣਾ ਘਰ ਦੇਖ ਲਿਆ’

ਹਸ਼ਮਤ ਬੀਬੀ

ਤਸਵੀਰ ਸਰੋਤ, Ravinder Singh Robin/BBC

ਉਹ ਕਹਿੰਦੇ ਹਨ ਕਿ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ।

''ਮੈਨੂੰ ਕੋਈ ਉਮੀਦ ਨਹੀਂ ਸੀ ਪਰ ਸ਼ੁਕਰ ਹੈ ਉਸ ਅੱਲ੍ਹਾ ਦਾ ਜਿਸ ਨੇ ਮੁੜ ਕੇ ਮੇਲ ਕਰਵਾਏ, ਮੈਂ ਆਪਣਾ ਘਰ ਦੇਖ ਲਿਆ।''

''ਸਾਡੇ ਪਿਓ ਦੇ ਮਕਾਨ ਕੱਚੇ ਸਨ, ਜਿਨ੍ਹਾਂ ਦੀਆਂ ਸੋਹਣੀਆਂ ਸ਼ਤੂਤੀ ਛੱਤਾਂ ਸਨ। ਵੱਡੇ-ਵੱਡੇ ਸਰਦਾਰ ਵੀ ਸਾਡੇ ਬਾਪ ਦੇ ਥੱਲੇ ਸਨ।''

''ਅੱਗੇ ਸਾਡਾ ਭਰਾ ਸੀ, ਸ਼ੁਕਰ ਹੈ ਆਲੇ-ਦੁਆਲੇ ਵਾਲਿਆਂ ਨੇ ਇਨ੍ਹਾਂ ਨੂੰ ਪਰਦੇ 'ਚ ਰੱਖਿਆ। ਇਹ ਦੇਖ ਕੇ ਕਿ ਮੁਸਲਮਾਨ ਹੈ, ਕੋਈ ਵੱਢਣ ਆਉਂਦਾ ਸੀ, ਕੋਈ ਮਾਰਨ ਆਉਂਦਾ ਸੀ ਅਤੇ ਫੌਜ ਆਉਂਦੀ ਸੀ। ਪਰ ਆਲੇ-ਦੁਆਲੇ ਵਾਲੇ ਕਹਿ ਦਿੰਦੇ ਸਨ ਕਿ ਇੱਥੇ ਕੋਈ ਨਹੀਂ ਹੈ।''

ਹਸ਼ਮਤ ਬੀਬੀ

ਉਹ ਕਹਿੰਦੇ ਹਨ ਕਿ ਉਹ ਸਭ ਮਾਰ-ਕਾਟ ਮੇਰੇ ਯਾਦ ਹੈ ਪਰ ਹੁਣ ਬੁਢਾਪੇ ਕਾਰਨ ਜ਼ਿਆਦਾ ਗੱਲ ਨਹੀਂ ਕਰ ਪਾਉਂਦੀ।

''ਅਸੀਂ ਵਿਆਹ ਗਏ ਸੀ ਮੇਰੇ ਨਾਨਕੇ, ਉੱਥੇ ਮੁਸਲਮਾਨਾਂ ਨੂੰ ਵੱਢਣ ਆ ਗਏ। ਤਾਂ ਮੁਸਲਮਾਨ ਉੱਧਰ ਵੱਲ ਨੂੰ ਭੱਜ ਗਏ।''

''ਭਰਾ ਮੇਰਾ ਇੱਧਰ ਨੂੰ ਆ ਗਿਆ ਤੇ ਮੇਰੀ ਇੱਕ ਭੈਣ ਨੇ ਮੈਨੂੰ ਉੱਥੇ ਰੱਖ ਲਿਆ ਕਿ ਅਸੀਂ ਦੋਵੇਂ ਭੈਣਾਂ ਫਿਰ ਮੁੜ ਆਵਾਂਗੇ, ਪਰ ਮੈਨੂੰ ਤਾਂ ਮੁੜ ਕੇ ਆਉਣ ਦਾ ਹੁਕਮ ਹੀ ਨਾ ਹੋਇਆ।''

'ਨਜ਼ਰ ਨਾ ਆਵੇ ਮੇਰੇ ਬਾਬਲ ਜੀ ਦਾ ਦੇਸ਼'

ਹਸ਼ਮਤ ਬੀਬੀ

ਤਸਵੀਰ ਸਰੋਤ, Ravinder Singh Robin/BBC

ਉਹ ਕਹਿੰਦੇ ਹਨ, ''ਜੂਨ ਦੀ ਬਸੰਤ ਬਹੁਤ ਸੋਹਣੀ ਹੈ। ਪਿਓ ਦੀ ਵਾੜੀ ਵੇਖ ਲਈ, ਭਰਾ ਦੇ ਜੰਮੇ ਵੇਖ ਲਏ, ਰੂਹ ਖੁਸ਼ ਹੋ ਗਈ, ਠੰਡਾਂ ਪੈ ਗਈਆਂ।''

ਇਸ ਦੌਰਾਨ ਹਸ਼ਮਤ ਬੀਬੀ ਨੇ ਇੱਕ ਗੀਤ ਵੀ ਸੁਣਾਇਆ। ਉਨ੍ਹਾਂ ਦੇ ਇਸ ਗੀਤ ਵਿੱਚ ਵਿਛੋੜੇ ਦਾ ਦਰਦ ਸਾਫ਼ ਝਲਕ ਰਿਹਾ ਸੀ।

ਆਪਣੇ ਗੀਤ ਦੇ ਮਤਲਬ ਸਮਝਾਉਂਦਿਆਂ ਉਨ੍ਹਾਂ ਦੱਸਿਆ ਕਿ ''ਵਿਛੋੜਾ ਪੈ ਗਿਆ, ਕੋਈ ਦੁਖੀ ਸੀ ਮੇਰੇ ਵਰਗੀ। ਉਸ ਨੇ ਘਾਹ ਪੁੱਟਣ ਜਾਣਾ, ਨਾਲੇ ਰੋਣਾ। ਫਿਰ ਕਹਿਣਾ ਕਿ ਉੱਚੇ ਚੜ੍ਹ ਕੇ ਵੇਖਦੀ ਹਾਂ ਤੇ ਨੀਵੇਂ ਬੈਠ ਕੇ ਰੋਂਦੀ ਹਾਂ ਪਰ ਨਜ਼ਰ ਨਾ ਆਵੇ ਮੇਰੇ ਬਾਬਲ ਜੀ ਦਾ ਦੇਸ਼।''

'ਪਹਿਲਾਂ ਚਿੱਠੀ-ਪੱਤਰ ਆਉਂਦੇ ਸੀ'

ਸਵਰਨ ਦੀਨ

ਤਸਵੀਰ ਸਰੋਤ, Ravinder Singh Robin/BBC

ਹਸ਼ਮਤ ਬੀਬੀ ਦੇ ਭਤੀਜੇ ਸਵਰਨ ਦੀਨ ਕਹਿੰਦੇ ਹਨ, ਵੰਡ ਤੋਂ ਬਾਅਦ ਉਨ੍ਹਾਂ ਦੀ ਭੂਆ ਅੱਜ ਆਈ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਉਹ ਪਿਛਲੇ ਸਾਲ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਦੇ ਭੂਆ ਨੇ ਕਿਹਾ ਸੀ ਕਿ ਉਹ ਵੀ ਭਾਰਤ ਆਉਣਾ ਚਾਹੁੰਦੇ ਹਨ। ਉਹ ਕਹਿੰਦੇ ਹਨ ਕਿ ਉਦੋਂ ਤੋਂ ਹੀ ਉਨ੍ਹਾਂ ਨੇ ਥੋੜ੍ਹੀ-ਥੋੜ੍ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ।

ਉਨ੍ਹਾਂ ਦੱਸਿਆ, ''ਦੋ ਵਾਰ ਪਹਿਲਾਂ ਪਾਕਿਸਤਾਨ ਵੱਲੋਂ ਕਾਗਜ਼ ਮੋੜ ਦਿੱਤੇ ਗਏ ਸਨ ਤੇ ਹੁਣ ਤੀਜੀ ਵਾਰ ਉਨ੍ਹਾਂ ਨੇ ਕਾਗਜ਼ ਰੱਖ ਲਏ।''

''20-25 ਸਾਲ ਪਹਿਲਾਂ ਸਾਡੇ ਮਾਂ-ਬਾਪ ਗਏ ਸੀ, ਫਿਰ ਵੱਡਾ ਭਰਾ ਗਿਆ। ਇੱਕ ਹੋਰ ਸਾਡਾ ਭਾਈ ਹੈ, ਉਹ ਵੀ ਗਿਆ ਸੀ। ਉਸ ਤੋਂ ਪਹਿਲਾਂ ਜ਼ਿਆਦਾ ਚਿੱਠੀ ਪੱਤਰ ਹੀ ਆਉਂਦੇ ਸਨ। ਫਿਰ ਫੋਨ 'ਤੇ ਰਾਬਤਾ ਹੋ ਗਿਆ।''

''ਵੰਡ ਵੇਲੇ ਬਹੁਤ ਲੋਕ ਉੱਜੜੇ, ਕਈ ਵੀਡੀਓ ਦੇਖਦੇ ਹਾਂ। ਕੁਝ ਸਰਦਾਰ ਤਾਂ ਇੱਧਰੋਂ ਸਿਰਫ਼ ਆਪਣਾ ਘਰ ਦੇਖਣ ਉੱਧਰ ਜਾਂਦੇ ਹਨ, ਉੱਥੋਂ ਮਿੱਟੀ ਚੁੱਕ ਕੇ ਲੈ ਕੇ ਆਉਂਦੇ ਹਨ। ਕਿਉਂਕਿ ਉਨ੍ਹਾਂ ਦੀ ਰੂਹ ਉੱਥੇ ਜੁੜੀ ਹੈ।''

ਇਕਬਾਲ ਖਾਨ

ਤਸਵੀਰ ਸਰੋਤ, Ravinder Singh Robin/BBC

ਉਨ੍ਹਾਂ ਦੇ ਇੱਕ ਹੋਰ ਭਤੀਜੇ ਇਕਬਾਲ ਖਾਨ ਨੇ ਕਿਹਾ ਕਿ ਅਸੀਂ ਆਪਣੀ ਭੂਆ ਨੂੰ ਦੇਖ ਕੇ ਬਹੁਤ ਖੁਸ਼ ਹੋਏ ਹਾਂ।

ਉਹ ਕਹਿੰਦੇ ਹਨ, ''ਸਾਨੂੰ ਦਾ ਲੱਗਦਾ ਹੀ ਨਹੀਂ ਸੀ ਕਿ ਭੂਆ ਆ ਸਕੇਗੀ। ਅਸੀਂ ਤਾਂ ਇੱਕ-ਦੋ ਵਾਰ ਜਾ ਕੇ ਮਿਲ ਆਏ ਸੀ। ਪਰ ਇਹ ਚਮਤਕਾਰ ਹੀ ਹੋ ਗਿਆ।''

ਇਕਬਾਲ ਸਿੰਘ ਨੇ ਕਿਹਾ, ''ਇਸ ਦੇ ਲਈ ਸਾਨੂੰ ਕਾਫੀ ਮਸ਼ੱਕਤਾਂ ਕਰਨੀਆਂ ਪਈਆਂ। ਕਾਫੀ ਕਾਗਜ਼ ਪੱਤਰ ਉਧਰ ਭੇਜਣੇ ਪਏ। ਉਨ੍ਹਾਂ ਅਫਸਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਦੌਰਾਨ ਸਾਡੀ ਮਦਦ ਕੀਤੀ।''

ਨਾਲ ਹੀ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਪ੍ਰਬੰਧ ਕਰਨ ਕਿ ਵਿੱਛੜੇ ਹੋਏ ਲੋਕ ਇੱਕ-ਦੂਜੇ ਨੂੰ ਮਿਲ ਸਕਣ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)