ਵੰਡ ਦਾ ਸੰਤਾਪ: 75 ਸਾਲ ਬਾਅਦ ਮਿਲੇ ਭੈਣ-ਭਰਾ ਦੇ ਵਿਛੋੜੇ ਦੀ ਪੀੜ੍ਹਾ, 'ਰਾਤੀ ਬਾਦਸ਼ਾਹ ਸੀ, ਸਵੇਰੇ ਮਸਕੀਨ ਹੋ ਗਏ'

ਵੀਡੀਓ ਕੈਪਸ਼ਨ, ਭਾਰਤ ਅਤੇ ਪਾਕਿਸਤਾਨ ਦੀ ਵੰਡ ਕਾਰਨ 75 ਸਾਲਾਂ ਪਹਿਲਾਂ ਦੇ ਵਿਛੜੇ ਭੈਣ-ਭਰਾ ਹੁਣ ਮਿਲੇ
    • ਲੇਖਕ, ਗਗਨਦੀਪ ਸਿੰਘ ਜੱਸੋਵਾਲ (ਪਟਿਆਲਾ ਤੋਂ) ਅਤੇ ਐਮ. ਏ. ਜਰਾਲ (ਪਾਕਿਸਤਾਨ ਸ਼ਾਸਿਤ ਕਸ਼ਮੀਰ ਤੋਂ)
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਅਤੇ ਪਾਕਿਸਤਾਨ ਦੀ ਵੰਡ ਕਾਰਨ 75 ਸਾਲਾਂ ਦੇ ਵਿਛੋੜੇ ਤੋਂ ਬਾਅਦ ਗੁਆਚੇ ਹੋਏ ਭੈਣ-ਭਰਾ ਮੋਹਿੰਦਰ ਕੌਰ ਅਤੇ ਅਬਦੁਲ ਸ਼ੇਖ ਅਜ਼ੀਜ਼ ਮੁੜ ਇਕੱਠੇ ਹੋਏ।

“ਜਦੋਂ ਦੇ ਅਸੀਂ ਮਿਲੇ ਹਾਂ, ਹੋਰ ਜ਼ਿਆਦਾ ਖਿੱਚ ਹੋ ਗਈ ਹੈ ਕਿ ਅਸੀਂ ਮੁੜ ਕਦੋਂ ਮਿਲਾਂਗੇ ਕਿਉਂਕਿ ਸਾਡੇ ਮੁੜ ਮਿਲਣ ਤੋਂ ਬਾਅਦ ਇੱਕ ਦੂਜੇ ਲਈ ਤਾਂਘ ਹੋਰ ਵੱਧ ਗਈ ਹੈ।"

ਇਹ ਸ਼ਬਦ ਭਾਰਤ ਦੇ ਪੰਜਾਬ ਸੂਬੇ ਦੇ ਪਟਿਆਲਾ ਸ਼ਹਿਰ ਦੀ 85 ਸਾਲਾ ਮੋਹਿੰਦਰ ਕੌਰ ਨੇ ਆਪਣੇ ਭਰਾ ਅਬਦੁਲ ਸ਼ੇਖ ਅਜ਼ੀਜ਼ ਨਾਲ 75 ਸਾਲਾਂ ਬਾਅਦ ਦੁਬਾਰਾ ਮਿਲਣ ਦੀ ਖੁਸ਼ੀ ਵਿੱਚ ਕਹੇ। ਇਸ ਨਾਲ ਹੀ ਮੋਹਿੰਦਰ ਕੌਰ ਭਾਵੁਕ ਹੋ ਗਏ ਤੇ ਹੰਝੂ ਕੇਰਨ ਲੱਗੇ।

ਪਾਕਿਸਤਾਨ ਦੇ ਰਹਿਣ ਵਾਲੇ ਅਬਦੁਲ ਸ਼ੇਖ ਅਜ਼ੀਜ਼ ਨੇ ਦੱਸਿਆ, "ਮੈਂ ਆਪਣੇ ਹਾਲਾਤ ਦੇਖੇ ਤੇ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਸਾਰਾ ਪਰਿਵਾਰ ਖਿੰਡ ਗਿਆ ਹੈ। ਮੇਰੇ ਮਾਂ-ਪਿਓ, ਭੈਣਾਂ ਅਤੇ ਭਰਾ ਸਭ ਵਿੱਛੜ ਗਏ ਤੇ ਮੈਂ ਇਕੱਲਾ ਰਹਿ ਗਿਆ ਸੀ ਪਰ ਮੈਂ ਆਪਣੇ ਆਪ ਨੂੰ ਜ਼ਿੰਦਾ ਰੱਖਿਆ।"

ਪਿਛਲੇ ਤਿੰਨ ਸਾਲਾਂ ਤੋਂ ਫੋਨ ਤੇ ਸੰਪਰਕ ਵਿੱਚ ਰਹਿਣ ਦੇ ਬਾਵਜੂਦ, ਮੋਹਿੰਦਰ ਕੌਰ ਅਤੇ ਉਨ੍ਹਾਂ ਦੇ ਭਰਾ ਅਬਦੁਲ ਸ਼ੇਖ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 19 ਮਈ ਨੂੰ ਕਰਤਾਰਪੁਰ ਸਾਹਿਬ ਲਾਂਘੇ 'ਤੇ ਆਪਣੇ ਪਰਿਵਾਰਾਂ ਸਮੇਤ ਮਿਲੇ ਸਨ।

ਜਦੋਂ ਅੰਗਰੇਜ਼ਾਂ ਨੇ 1947 ਵਿੱਚ ਭਾਰਤ ਛੱਡਿਆ ਤਾਂ ਉਨ੍ਹਾਂ ਨੇ ਇਸ ਖ਼ੇਤਰ ਨੂੰ ਦੋ ਆਜ਼ਾਦ ਦੇਸ਼ਾਂ - ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਦਿੱਤਾ ਸੀ।

ਇਸ ਵੰਡ ਨਾਲ ਲਗਭਗ 1.2 ਕਰੋੜ ਲੋਕ ਸ਼ਰਨਾਰਥੀ ਬਣ ਗਏ ਸਨ ਅਤੇ ਕਰੀਬ 5 ਲੱਖ ਤੋਂ 10 ਲੱਖ ਦੇ ਵਿਚਕਾਰ ਲੋਕ ਮਾਰੇ ਗਏ ਸਨ।

ਮੋਹਿੰਦਰ ਕੌਰ ਅਤੇ ਅਬਦੁਲ ਸ਼ੇਖ ਅਜ਼ੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੰਡ ਸਮੇਂ ਮੋਹਿੰਦਰ ਕੌਰ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਦਾਦੀ ਭਾਨੀ, ਮਾਤਾ ਭਗਵੰਤ ਕੌਰ, ਉਨ੍ਹਾਂ ਦੇ ਤਿੰਨ ਭਰਾ ਅਤਰ ਸਿੰਘ, ਹਰਬੰਸ ਸਿੰਘ, ਅਰਜਨ ਸਿੰਘ ਅਤੇ ਉਨ੍ਹਾਂ ਦੀ ਵੱਡੀ ਭੈਣ ਜਸਵੰਤ ਕੌਰ ਸਮੇਤ ਕੁੱਲ 7 ਮੈਂਬਰ ਸਨ।

ਭੈਣ ਭਰਾ
ਤਸਵੀਰ ਕੈਪਸ਼ਨ, ਵਿਛੋੜੇ ਦੀ ਪੀੜ ਤੇ ਬਚਪਨ ਦੀਆਂ ਯਾਦਾਂ ਸਾਂਝੀਆਂ ਹੋਈਆਂ

ਬੀਬੀਸੀ ਪੰਜਾਬੀ ਨੇ ਮੋਹਿੰਦਰ ਕੌਰ ਨਾਲ ਪਟਿਆਲਾ (ਭਾਰਤ) ਵਿੱਚ ਉਨ੍ਹਾਂ ਦੇ ਘਰ ਵਿੱਚ ਗੱਲਬਾਤ ਕੀਤੀ ਗਈ ਅਤੇ ਬੀਬੀਸੀ ਉਰਦੂ ਨੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਮੁਜ਼ੱਫਰਾਬਾਦ ਜ਼ਿਲ੍ਹੇ ਦੇ ਪਿੰਡ ਕੁਟਲੀ ਵਿੱਚ ਅਬਦੁਲ ਸ਼ੇਖ ਅਜ਼ੀਜ਼ ਨਾਲ ਗੱਲਬਾਤ ਕੀਤੀ ਗਈ ।

ਮੌਜੂਦਾ ਸਮੇਂ ਮੋਹਿੰਦਰ ਕੌਰ ਭਾਰਤ ਵਿੱਚ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਰਹਿੰਦੇ ਹਨ। ਜਦ ਕਿ ਸ਼ੇਖ ਅਬਦੁਲ ਅਜ਼ੀਜ਼ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਰਹਿੰਦੇ ਹਨ।

ਜਿਸ ਮੁਹੱਲੇ ਵਿੱਚ ਮੋਹਿੰਦਰ ਕੌਰ ਰਹਿੰਦੇ ਹਨ, ਉੱਥੇ ਜ਼ਿਆਦਾਤਰ ਪਾਕਿਸਤਾਨ ਤੋਂ ਆਏ ਲੋਕ ਰਹਿੰਦੇ ਹਨ।

ਆਪਣੀ ਭੈਣ ਨੂੰ ਮਿਲਣ ਤੋਂ ਬਾਅਦ ਅਬਦੁਲ ਸ਼ੇਖ ਅਜ਼ੀਜ਼ ਉਰਫ਼ ਅਰਜਨ ਸਿੰਘ ਪਹਿਲੀ ਵਾਰ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੇ ਮੁਜ਼ੱਫਰਾਬਾਦ ਜ਼ਿਲੇ ਵਿਚ ਆਪਣੇ ਜੱਦੀ ਪਿੰਡ ਕੁਟਲੀ ਵਿੱਚ 4 ਜੂਨ ਨੂੰ ਗਏ।

ਪਾਕਿਸਤਾਨ ਵਿੱਚ ਰਹਿਣ ਦੇ ਬਾਵਜੂਦ ਅਬਦੁਲ ਅਜ਼ੀਜ਼ ਪਿਛਲੇ 75 ਸਾਲਾਂ ਵਿੱਚ ਕਦੇ ਆਪਣੇ ਜੱਦੀ ਪਿੰਡ ਨਹੀਂ ਗਏ ਸਨ ।

ਅਬਦੁਲ ਨੇ ਆਪਣੇ ਪਿੰਡ ਦੀਆਂ ਕੁਝ ਸੜਕਾਂ ਅਤੇ ਇੱਕ ਛੱਪੜ ਨੂੰ ਪਛਾਣਿਆ।

ਉਨ੍ਹਾਂ ਨੇ ਯਾਦ ਕਰਦਿਆਂ ਕਿਹਾ ਕਿ ਜਦੋਂ ਉਹ ਬੱਚੇ ਸੀ ਤਾਂ ਉਸ ਸਮੇਂ ਇਹ ਛੱਪੜ ਬਹੁਤ ਸਾਫ਼ ਹੁੰਦਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿੰਡ ਵਿੱਚ ਆਪਣੇ ਜੱਦੀ ਘਰ ਬਾਰੇ ਕੁਝ ਪਤਾ ਨਹੀਂ ਹੈ, ਬਾਅਦ ਵਿੱਚ ਉਹ ਪਿੰਡ ਦੀ ਮਸਜਿਦ ਵਿੱਚ ਗਏ ।

ਭੈਣ-ਭਰਾ ਦਾ ਮੁੜ ਮਿਲਣ ਕਿਵੇਂ ਸੰਭਵ ਹੋਇਆ

ਹਰਜੀਤ ਸਿੰਘ
ਤਸਵੀਰ ਕੈਪਸ਼ਨ, ਹਰਜੀਤ ਸਿੰਘ ਨੇ ਆਪਣੀ ਮਾਂ ਮੋਹਿੰਦਰ ਕੌਰ ਦਾ ਇੱਕ ਵੀਡੀਓ ਦਸੰਬਰ 2019 ਵਿੱਚ ਐਡਵੋਕੇਟ ਹਰਪਾਲ ਸਿੰਘ ਨਾਲ ਸਾਂਝੀ ਕੀਤੀ ਸੀ

ਮੋਹਿੰਦਰ ਕੌਰ ਦੇ ਬੇਟੇ ਹਰਜੀਤ ਸਿੰਘ ਨੇ ਦੱਸਿਆ ਕਿ ਮੇਰੀ ਮਾਂ ਪਾਕਿਸਤਾਨ ਵਿੱਚ ਪਿੱਛੇ ਰਹਿ ਗਏ ਆਪਣੇ ਪਰਿਵਾਰ ਨੂੰ ਯਾਦ ਕਰਕੇ ਹਮੇਸ਼ਾ ਰੋਂਦੇ ਰਹਿੰਦੇ ਸੀ।

ਉਹ ਸਾਨੂੰ ਕਹਿੰਦੇ ਸਨ ਕਿ ਜੇ ਮੇਰਾ ਕੋਈ ਪਰਿਵਾਰਕ ਮੈਂਬਰ ਪਾਕਿਸਤਾਨ ਰਹਿ ਰਿਹਾ ਹੋਵੇ ਤਾਂ ਉਸ ਨੂੰ ਅਸੀਂ ਲੱਭੀਏ ।

ਹਰਜੀਤ ਕਹਿੰਦੇ ਹਨ, ‘‘ਮੈਨੂੰ ਵੀ ਆਪਣੀ ਮਾਂ ਦਾ ਦਰਦ ਮਹਿਸੂਸ ਹੁੰਦਾ ਸੀ ਅਤੇ ਮੈਂ ਫਿਰ ਆਪਣੇ ਪਰਿਵਾਰਕ ਮੈਂਬਰ ਨੂੰ ਪਾਕਿਸਤਾਨ ਵਿੱਚ ਲੱਭਣ ਦੀ ਖੋਜ ਸ਼ੁਰੂ ਕੀਤੀ।’’

ਹਰਜੀਤ ਸਿੰਘ ਦੱਸਦੇ ਹਨ ਕਿ ਉਹ ਦਿੱਲੀ ਪੁਲਿਸ ਵਿੱਚ ਨੌਕਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਵਕੀਲ ਹਰਪਾਲ ਸਿੰਘ ਸੂਦਨ ਬਾਰੇ ਪਤਾ ਲੱਗਾ, ਸੂਦਨ ਵੰਡ ਦੌਰਾਨ ਵੱਖ ਹੋਏ ਕੁਝ ਲੋਕਾਂ ਦਾ ਮੁੜ ਮਿਲਾਪ ਸੰਭਵ ਬਣਾਇਆ ਸੀ ।

ਹਰਜੀਤ ਸਿੰਘ ਅੱਗੇ ਦੱਸਦੇ ਹਨ ਕਿ ਆਪਣੀ ਮਾਤਾ ਜੀ ਦਾ ਵੀਡੀਓ ਸੰਦੇਸ਼ ਰਿਕਾਰਡ ਕੀਤਾ, ਜਿਸ ਵਿੱਚ ਉਹਨਾਂ ਵਲੋਂ ਆਪਣੇ ਪਿੰਡ ਅਤੇ ਪਰਿਵਾਰ ਦੇ ਬੁਨਿਆਦੀ ਵੇਰਵਿਆਂ ਬਾਰੇ ਦੱਸਿਆ।

ਇਸ ਵੀਡੀਓ ਵਿੱਚ ਮਾਤਾ ਜੀ ਨੇ ਦੱਸਿਆ ਕਿ ਮੇਰਾ ਇੱਕ ਭਰਾ ਅਰਜਨ ਸਿੰਘ ਸੀ ਅਤੇ ਸਾਡੇ ਪਿੰਡ ਦਾ ਨਾਮ ਕੁਟਲੀ ਸੀ, ਜੋ ਮੁਜ਼ੱਫਰਾਬਾਦ ਵਿੱਚ ਹੈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਹੋਰ ਭਰਾ ਹਨ, ਅਤਰ ਸਿੰਘ ਅਤੇ ਹਰਬੰਸ ਸਿੰਘ ਤੇ ਕੁਝ ਹੋਰ ਵੇਰਵੇ ਸਾਂਝੇ ਕੀਤੇ ਸਨ।

ਹਰਜੀਤ ਸਿੰਘ ਨੇ ਇਹ ਵੀਡੀਓ ਦਸੰਬਰ 2019 ਵਿੱਚ ਐਡਵੋਕੇਟ ਹਰਪਾਲ ਸਿੰਘ ਨਾਲ ਸਾਂਝੀ ਕੀਤੀ ਸੀ।

ਹਰਪਾਲ ਸਿੰਘ ਸੂਦਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਵੀ ਵੰਡ ਦਾ ਸੰਤਾਪ ਝੱਲਿਆ ਅਤੇ ਕੁਝ ਪਰਿਵਾਰਕ ਮੈਂਬਰ ਗੁਆ ਦਿੱਤੇ ਸਨ।

ਉਨ੍ਹਾਂ ਕਿਹਾ ਕਿ ਮੋਹਿੰਦਰ ਕੌਰ ਦੀ ਵੀਡੀਓ ਪਾਕਿਸਤਾਨ ਵਿੱਚ ਆਪਣੇ ਦੂਰ ਦੇ ਰਿਸ਼ਤੇਦਾਰ ਇਮਰਾਨ ਖਾਨ ਨਾਲ ਸਾਂਝੀ ਕੀਤੀ, ਜਿੰਨ੍ਹਾਂ ਕੋਲ ਵੰਡ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਅਹਿਮ ਜਾਣਕਾਰੀ ਹੈ।

ਬਸ਼ਰਤ ਅਜ਼ੀਜ਼
ਤਸਵੀਰ ਕੈਪਸ਼ਨ, ਅਬਦੁਲ ਅਜ਼ੀਜ਼ ਦੇ ਬੇਟੇ ਬਸ਼ਰਤ ਅਜ਼ੀਜ਼

ਹਰਪਾਲ ਸਿੰਘ ਨੇ ਅੱਗੇ ਕਿਹਾ ਕਿ ਉਹ ਜਨਵਰੀ 2020 ਵਿੱਚ ਅਬਦੁਲ ਸ਼ੇਖ ਅਜ਼ੀਜ਼ ਉਰਫ ਅਰਜਨ ਸਿੰਘ ਦਾ ਪਤਾ ਲਗਾਉਣ ਵਿੱਚ ਕਾਮਯਾਬ ਰਹੇ।

ਅਬਦੁਲ ਅਜ਼ੀਜ਼ ਦੇ ਬੇਟੇ ਬਸ਼ਰਤ ਅਜ਼ੀਜ਼ ਨੇ ਦੱਸਿਆ ਕਿ ਇਮਰਾਨ ਖਾਨ ਜਦੋ ਮੇਰੇ ਪਿਤਾ ਕੋਲ ਆਏ ਅਤੇ ਉਨ੍ਹਾਂ ਨੂੰ ਮੋਹਿੰਦਰ ਕੌਰ ਦਾ ਵੀਡੀਓ ਸੰਦੇਸ਼ ਦਿਖਾਇਆ ਤਾਂ ਮੇਰੇ ਪਿਤਾ ਨੇ ਤੁਰੰਤ ਆਪਣੀ ਭੈਣ ਦਾ ਚਿਹਰਾ ਅਤੇ ਆਵਾਜ਼ ਪਛਾਣ ਲਈ।

ਮੋਹਿੰਦਰ ਕੌਰ ਦੇ ਪੁੱਤ ਹਰਜੀਤ ਸਿੰਘ ਨੇ ਯਾਦ ਕਰਦਿਆਂ ਦੱਸਿਆ ਕਿ 13 ਜਨਵਰੀ, 2020 ਨੂੰ ਸਾਡੇ ਪਰਿਵਾਰ ਵਿੱਚ ਇੱਕ ਵਿਆਹ ਸਮਾਗਮ ਸੀ ਜਦੋਂ ਸਾਨੂੰ ਵਕੀਲ ਹਰਪਾਲ ਸਿੰਘ ਦਾ ਫੋਨ ਆਇਆ ਕਿ ਮੇਰੇ ਮਾਮਾ ਜੀ ਦਾ ਪਤਾ ਲੱਗ ਗਿਆ ਹੈ।

ਹਰਜੀਤ ਸਿੰਘ ਨੇ ਕਿਹਾ, ‘‘ਉਸ ਤੋਂ ਬਾਅਦ ਅਸੀਂ ਮਿਲਣ ਦਾ ਫੈਸਲਾ ਕੀਤਾ ਅਤੇ ਇਸ ਲਈ ਇੱਕੋ ਇੱਕ ਢੁਕਵੀਂ ਜਗ੍ਹਾਂ ਸੀ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ।’’

ਅਬਦੁਲ ਅਜ਼ੀਜ਼ ਦੇ ਬੇਟੇ ਬਸ਼ਰਤ ਅਜ਼ੀਜ਼ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਿਲਣੀ ਨੂੰ ਜਲਦੀ ਤੋਂ ਜਲਦੀ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਸਨ ਕਿਉਂਕਿ ਦੋਵੇਂ ਭਰਾ ਅਤੇ ਭੈਣ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਹਨ ।

ਹਰਜੀਤ ਨੇ ਦੱਸਿਆ, "ਸਾਡੇ ਪਰਿਵਾਰ ਦੇ ਬਹੁਤ ਸਾਰੇ ਮੈਂਬਰਾਂ ਕੋਲ ਪਾਸਪੋਰਟ ਨਹੀਂ ਸਨ, ਖਾਸ ਤੌਰ 'ਤੇ ਮੇਰੀ ਮਾਤਾ ਜੀ ਕੋਲ, ਫਿਰ ਅਸੀਂ ਨਵੇਂ ਪਾਸਪੋਰਟਾਂ ਲਈ ਅਰਜ਼ੀਆਂ ਦਿੱਤੀਆਂ ।"

"ਕੋਰੋਨਾ ਮਹਾਂਮਾਰੀ ਦੇ ਕਾਰਨ ਕਰਤਾਰਪੁਰ ਲਾਂਘਾ ਬੰਦ ਹੋ ਗਿਆ ਫਿਰ 2022 ਵਿੱਚ ਮੇਰੇ ਮਾਤਾ ਜੀ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ, ਇਸ ਕਰਕੇ ਮੁੜ ਮਿਲਣੀ ਵਿੱਚ ਦੇਰੀ ਹੋਈ ਪਰ ਅੰਤ ਵਿੱਚ ਮਈ ਮਹੀਨੇ ਮਿਲਣੀ ਸੰਭਵ ਹੋਈ।"

ਮੋਹਿੰਦਰ ਕੌਰ ਦੇ ਦੂਸਰੇ ਪੁੱਤਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਇੱਕ ਜਾਣਕਾਰ ਮਹਿਲਾ, ਸ਼ੀਲਾ ਜੋ ਦੋ ਦਹਾਕੇ ਪਹਿਲਾਂ ਪਾਕਿਸਤਾਨ ਤੋਂ ਭਾਰਤ ਆਏ ਸੀ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਸਾਡਾ ਛੋਟਾ ਮਾਮਾ ਅਜੇ ਜ਼ਿੰਦਾ ਹੈ, ਜੋ ਰਾਵਲਪਿੰਡੀ ਵਿੱਚ ਰਹਿ ਰਿਹਾ ਹੈ।

ਹਰਬੰਸ ਸਿੰਘ ਦੱਸਦੇ ਹਨ, “ਅਸੀਂ 2004 ਵਿੱਚ ਰਾਵਲਪਿੰਡੀ ਦੇ ਸ਼ੇਖ ਮੁਹੱਲੇ ਨੂੰ ਉਰਦੂ ਵਿੱਚ ਲਿਖੇ ਦੋ ਪੱਤਰ ਭੇਜੇ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਕਾਰਨ ਸਾਡੇ ਮਾਤਾ ਜੀ ਬਹੁਤ ਪਰੇਸ਼ਾਨ ਰਹੇ ਅਤੇ ਉਨ੍ਹਾਂ ਨੇ ਆਪਣੇ ਮਾਮਾ ਦਾ ਪਤਾ ਲਗਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ।”

ਕਰਤਾਰਪੁਰ

ਤਸਵੀਰ ਸਰੋਤ, Mohinder Kaur Family

ਤਸਵੀਰ ਕੈਪਸ਼ਨ, ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਮਿਲਣੀ ਦੌਰਾਨ ਮੋਹਿੰਦਰ ਕੌਰ ਅਤੇ ਅਬਦੁਲ ਸ਼ੇਖ ਅਜ਼ੀਜ਼
ਲਾਈਨ

ਇਹ ਵੀ ਪੜ੍ਹੋ:

ਲਾਈਨ

ਭੈਣ-ਭਰਾ ਦਾ ਵਿਛੋੜਾ ਕਿਵੇਂ ਹੋਇਆ ਸੀ

ਕਰਤਾਰਪੁਰ

ਤਸਵੀਰ ਸਰੋਤ, Mohinder Kaur Family

ਤਸਵੀਰ ਕੈਪਸ਼ਨ, ਮੋਹਿੰਦਰ ਕੌਰ ਅਤੇ ਅਬਦੁਲ ਅਜ਼ੀਜ਼ ਆਪਣੇ ਪਰਿਵਾਰਾਂ ਨਾਲ ਕਰਤਾਰਪੁਰ ਵਿਖੇ

ਅਬਦੁਲ ਅਜ਼ੀਜ਼ ਨੇ ਕਿਹਾ, “ਵੰਡ ਦੇ ਸਮੇਂ ਦੰਗਿਆਂ ਦੀਆਂ ਅਫਵਾਹਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਉਨ੍ਹਾਂ ਦੇ ਪਿੰਡ ਕੁਟਲੀ ਵਿੱਚ ਸਿੱਖ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਜੰਗਲ ਵੱਲ ਚੱਲ ਪਏ ਸਨ। ਉਨ੍ਹਾਂ ਨੇ ਬਚਣ ਲਈ ਆਪਣੇ ਦਾਦੀ ਦੇ ਨਾਲ ਇੱਕ ਨਦੀ ਦਾ ਪੁਲ਼ ਪਾਰ ਕੀਤਾ।"

ਅਬਦੁਲ ਨੇ ਕਿਹਾ ਕਿ ਉਸ ਸਮੇਂ ਮੁਜ਼ੱਫਰਾਬਾਦ ਵਿੱਚ ਹੋਈ ਗੋਲੀਬਾਰੀ ਅਤੇ ਮਾਰਕੀਟ ਨੂੰ ਲੱਗੀ ਅੱਗ ਅਜੇ ਵੀ ਯਾਦ ਹੈ ਅਤੇ ਉਹ ਆਪਣੀ ਦਾਦੀ ਅਤੇ ਆਪਣੀਆਂ ਦੋ ਭੈਣਾਂ ਨਾਲ ਭਾਰਤ ਲਈ ਰਵਾਨਾ ਹੋਏ ਸਨ ।

ਅਬਦੁਲ ਅਜ਼ੀਜ਼ ਨੇ ਦੱਸਿਆ ਕਿ ਜਦੋਂ ਉਹ ਆਪਣੀ ਵੱਡੀ ਭੈਣ ਜਸਵੰਤ ਕੌਰ ਨਾਲ ਸ਼ਰਨਾਰਥੀ ਸਮੂਹ ਵਿੱਚ ਯਾਤਰਾ ਕਰ ਰਹੇ ਸਨ ਤਾਂ ਕਿਸੇ ਕਾਰਨ ਉਹ ਤੇ ਉਨ੍ਹਾਂ ਦੀ ਭੈਣ ਅੱਗੇ ਭੱਜਣ ਲੱਗੇ, ਜਿਸ ਕਾਰਨ ਉਹ ਆਪਣੀ ਦਾਦੀ ਅਤੇ ਛੋਟੀ ਭੈਣ ਮੋਹਿੰਦਰ ਕੌਰ ਤੋਂ ਵੱਖ ਹੋ ਗਏ।

ਅਬਦੁਲ ਅਜ਼ੀਜ਼ ਉਸ ਸਮੇਂ 5 ਸਾਲਾਂ ਦੇ ਸਨ, ਉਹ ਯਾਦ ਕਰਕੇ ਹਨ, ‘‘ਦਾਦੀ ਭਾਨੀ ਨੇ ਮੇਰੇ ਵੱਡੇ ਭਰਾਵਾਂ - ਅਤਰ ਸਿੰਘ ਅਤੇ ਹਰਬੰਸ ਸਿੰਘ ਨੂੰ ਆਪਣੀ ਮਾਂ ਨੂੰ ਪਿੰਡ ਕੁਟਲੀ ਤੋਂ ਲਿਆਉਣ ਲਈ ਕਿਹਾ ਤਾਂ ਜੋ ਉਹ ਆਪਣੀ ਜਾਨ ਬਚਾ ਸਕਣ।’’

"ਹਾਲਾਂਕਿ, ਜਦੋਂ ਅਤਰ ਸਿੰਘ, ਹਰਬੰਸ ਸਿੰਘ ਅਤੇ ਉਨ੍ਹਾਂ ਦੀ ਮਾਂ ਕਦੇ ਵਾਪਸ ਨਹੀਂ ਆਏ ਤਾਂ ਇਹ ਮੰਨਿਆ ਕਿ ਉਨ੍ਹਾਂ ਨੂੰ ਭੀੜ ਵੱਲੋਂ ਮਾਰ ਦਿੱਤਾ ਗਿਆ ਸੀ।"

ਅਬਜ਼ੁਲ ਅਜ਼ੀਜ਼ ਦੇ ਪੁੱਤਰ ਬਸ਼ਰਤ ਅਜ਼ੀਜ਼ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਬਦੁਲ ਅਜ਼ੀਜ਼ ਅਤੇ ਵੱਡੀ ਭੈਣ, ਜਸਵੰਤ ਕੌਰ ਨੂੰ ਉਨ੍ਹਾਂ ਦੀ ਇਕ “ਭੂਆ" ਨੇ ਬਚਾਇਆ ਅਤੇ ਇੱਕ ਸਈਅਦ ਪਰਿਵਾਰ ਨਾਲ ਛੱਡ ਦਿੱਤਾ।

ਇਸ ਦੌਰਾਨ ਅਦਬੁਲ ਅਜ਼ੀਜ਼ ਨੂੰ ਸਈਅਦ ਪਰਿਵਾਰ ਦੇ ਭਰਾ ਨੇ ਰੱਖ ਲਿਆ ਤੇ ਉਨ੍ਹਾਂ ਦੀ ਵੱਡੀ ਭੈਣ ਨੂੰ ਦੂਸਰੇ ਭਰਾ ਨੇ ਰੱਖ ਲਿਆ ਸੀ ।

ਅਬਜ਼ੁਲ ਅਜ਼ੀਜ਼
ਤਸਵੀਰ ਕੈਪਸ਼ਨ, ਅਬਜ਼ੁਲ ਅਜ਼ੀਜ਼ ਆਪਣੇ ਪੁੱਤਰ ਬਸ਼ਰਤ ਅਜ਼ੀਜ਼ ਨਾਲ

ਬਸ਼ਰਤ ਅੱਗੇ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੂੰ ਆਪਣੀ ਭੈਣ ਨਾਲ ਖੁੱਲ ਕੇ ਮਿਲਣ ਨਹੀਂ ਦਿੰਦੇ ਸਨ, ਹਾਲਾਂਕਿ ਕਈ ਵਾਰ ਮੇਰੇ ਪਿਤਾ ਦੀ ਭੈਣ ਆਪਣੇ ਭਰਾ ਨੂੰ ਮਿਲਣ ਆਉਂਦੀ ਸੀ।

"ਇੱਕ ਵਾਰ ਜਦੋਂ ਮੇਰੇ ਪਿਤਾ ਦੀ ਭੈਣ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਮੇਰੇ ਪਿਤਾ ਨੂੰ ਮਿਲਣ ਨਾ ਆਈ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਸਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਮੇਰੇ ਪਿਤਾ ਇਹ ਦੁਖਦਾਈ ਖ਼ਬਰ ਸੁਣ ਕੇ ਬਹੁਤ ਰੋਏ ਸਨ,"

ਮੋਹਿੰਦਰ ਕੌਰ ਉਸ ਵਕਤ 7 ਜਾਂ 8 ਸਾਲਾਂ ਦੀ ਬੱਚੀ ਸਨ। ਮੋਹਿੰਦਰ ਕੌਰ ਦੱਸਦੇ ਹਨ, ‘‘ਮੈਂ ਤੇ ਮੇਰੇ ਦੋ ਭੈਣ ਭਰਾ ਜਸਵੰਤ ਕੌਰ ਅਤੇ ਅਰਜਨ ਸਿੰਘ ਆਪਣੀ ਦਾਦੀ ਦੇ ਨਾਲ ਇੱਕ ਸ਼ਰਨਾਰਥੀ ਸਮੂਹ ਵਿੱਚ ਭਾਰਤ ਵੱਲ ਆ ਰਹੇ ਸੀ। ਅਸੀਂ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਵਿਚ ਦਾਖਲ ਹੋ ਕੇ ਕਾਂਗੜਾ ਸ਼ਹਿਰ (ਹੁਣ ਹਿਮਾਚਲ ਪ੍ਰਦੇਸ਼) ਵਿੱਚ ਇਕ ਸ਼ਰਨਾਰਥੀ ਕੈਂਪ ਵਿਚ ਪਹੁੰਚੇ।’’

"ਮੇਰੀ ਦਾਦੀ ਦੀ ਕਾਂਗੜਾ ਦੇ ਸ਼ਰਨਾਰਥੀ ਕੈਂਪ ਵਿੱਚ ਮੌਤ ਹੋ ਗਈ ਸੀ ਫਿਰ ਮੇਰੇ ਚਾਚਾ ਜੋ ਪੁਲਿਸ ਵਿੱਚ ਸਨ, ਉਨ੍ਹਾਂ ਨੇ ਮੈਨੂੰ ਬਚਾਇਆ।"

ਮੋਹਿੰਦਰ ਕੌਰ ਅੱਗੇ ਕਹਿੰਦੇ ਹਨ, "ਮੈਂ ਆਪਣੇ ਭਰਾ ਬਾਰੇ ਪਤਾ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸਭ ਵਿਅਰਥ ਗਈਆਂ।’’

ਮੋਹਿੰਦਰ ਕੌਰ ਜਿਉਂ-ਜਿਉਂ ਵੱਡੇ ਹੁੰਦੇ ਗਏ ਤਾਂ ਆਪਣੇ ਇਲਾਕੇ ਵਿੱਚ ਜੋ ਲੋਕ ਪਾਕਿਸਤਾਨ ਆਉਂਦੇ ਰਹਿੰਦੇ, ਉਨ੍ਹਾਂ ਤੋਂ ਆਪਣੇ ਭਰਾ ਬਾਰੇ ਪੁੱਛਦੇ ਰਹਿੰਦੇ।

ਕਰਤਾਰਪੁਰ

ਤਸਵੀਰ ਸਰੋਤ, Mohinder Kaur Family

ਤਸਵੀਰ ਕੈਪਸ਼ਨ, ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ (ਪਾਕਿਸਤਾਨ) ਵਿੱਚ ਮਈ ਮਹੀਨੇ ਮਿਲੇ ਸਨ ਮੋਹਿੰਦਰ ਕੌਰ ਅਤੇ ਅਬਦੁਲ ਸ਼ੇਖ ਅਜ਼ੀਜ਼

ਮੋਹਿੰਦਰ ਅਤੇ ਅਬਦੁਲ ਦੇ ਵੱਖ ਹੋਣ ਤੋਂ ਬਾਅਦ ਕੀ ਹੋਇਆ?

ਅਬਦੁਲ ਨੇ 33 ਸਾਲ ਸਈਅਦ ਪਰਿਵਾਰ ਨਾਲ ਬਿਤਾਏ ਤੇ ਉਨ੍ਹਾਂ ਦੇ ਘਰੇਲੂ ਅਤੇ ਕਾਰੋਬਾਰ ਨਾਲ ਸਬੰਧਤ ਕੰਮ ਕਰਦੇ ਰਹੇ। ਆਖ਼ਰਕਾਰ, ਉਨ੍ਹਾਂ ਨੇ ਵਿਆਹ ਕਰਵਾ ਲਿਆ ਅਤੇ ਰਾਵਲਪਿੰਡੀ ਚਲੇ ਗਏ।

ਅਬਦੁਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣਾ ਪੂਰਾ ਪਰਿਵਾਰ ਗੁਆਉਣ ਤੋਂ ਬਾਅਦ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰਨ ਲਈ ਕਈ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ।

ਮੋਹਿੰਦਰ ਕੌਰ ਕਾਂਗੜਾ ਦੇ ਸ਼ਰਨਾਰਥੀ ਕੈਂਪ ਤੋਂ ਬਾਅਦ ਆਪਣੇ ਚਾਚਾ ਨਾਲ ਸ਼ੁਰੂ ਵਿੱਚ ਭੋਪਾਲ ਚਲੇ ਗਏ ਅਤੇ ਫਿਰ ਪਟਿਆਲਾ ਵਿੱਚ ਵਸ ਗਏ। ਇੱਥੇ ਹੀ ਉਹ ਵੱਡੇ ਹੋਏ ਅਤੇ ਵਿਆਹ ਹੋਇਆ।

ਵੰਡ ਦੌਰਾਨ ਮੋਹਿੰਦਰ ਅਤੇ ਅਬਦੁਲ ਦੇ ਵਿਛੋੜੇ ਤੋਂ ਬਾਅਦ ਉਨ੍ਹਾਂ ਨੂੰ ਭਾਵਨਾਤਮਕ ਪੀੜਾਂ ਦਾ ਸਾਹਮਣਾ ਕਰਨਾ ਪਿਆ ਅਤੇ ਪਰ ਉਹ ਆਪਣੇ ਲਈ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਿੱਚ ਕਾਮਯਾਬ ਰਹੇ।

ਤਿੰਨ ਸਾਲਾਂ ਤੋਂ ਮੋਬਾਈਲ ’ਤੇ ਗੱਲਬਾਤ ਹੁੰਦੀ ਰਹੀ

ਕਰਤਾਰਪੁਰ

ਤਸਵੀਰ ਸਰੋਤ, Mohinder Kaur Family

ਤਸਵੀਰ ਕੈਪਸ਼ਨ, ਕਰਤਾਰਪੁਰ ਕੋਰੀਡੋਰ (ਡੇਰਾ ਬਾਬਾ ਨਾਨਕ) ਵਿਖੇ ਮੋਹਿੰਦਰ ਕੌਰ ਆਪਣੇ ਪਰਿਵਾਰ ਨਾਲ

ਪਿਛਲੇ ਤਿੰਨ ਸਾਲਾਂ ਤੋਂ ਮੋਹਿੰਦਰ ਅਤੇ ਅਬਦੁਲ ਨੇ ਫੋਨ ਰਾਹੀਂ ਸੰਪਰਕ ਬਣਾ ਕੇ ਰੱਖਿਆ। ਪਹਿਲੀ ਵਾਰ ਜਨਵਰੀ 2020 ਵਿੱਚ ਕਾਲ ਕੀਤੀ ਤੇ ਫਿਰ ਰੋਜ਼ਾਨਾ ਵੀਡੀਓ ਕਾਲਾਂ ਕਰਦੇ ਹੁੰਦੇ ਸੀ।

ਮੁੜ ਮਿਲਣ ਉੱਤੇ ਮੋਹਿੰਦਰ ਤੇ ਅਬਦੁਲ ਦੇ ਨਾ ਸਿਰਫ਼ ਧਰਮ ਵੱਖਰੇ ਸਨ ਸਗੋਂ ਉਨ੍ਹਾਂ ਦੀਆਂ ਭਾਸ਼ਾਵਾਂ ਵੀ ਵੱਖਰੀਆਂ ਸਨ, ਅਬਦੁਲ ਅਜ਼ੀਜ਼ ਦਾ ਪਰਿਵਾਰ ਉਰਦੂ ਬੋਲਦਾ ਸੀ ਅਤੇ ਮੋਹਿੰਦਰ ਕੌਰ ਦਾ ਪਰਿਵਾਰ ਪੰਜਾਬੀ ਵਿੱਚ ਗੱਲਬਾਤ ਕਰਦਾ ਸੀ।

ਅਬਦੁਲ ਅਜ਼ੀਜ਼ ਨੂੰ 75 ਸਾਲਾਂ ਬਾਅਦ ਆਪਣੀ ਭੈਣ ਮੋਹਿੰਦਰ ਕੌਰ ਨਾਲ ਦੁਬਾਰਾ ਮਿਲਣ ਉੱਤੇ ਬਹੁਤ ਖੁਸ਼ੀ ਹੋਈ।

ਅਬਦੁਲ ਅਜ਼ੀਜ਼ ਨੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਸ਼ੁਰੂ ਵਿੱਚ ਫ਼ੋਨ ਉੱਤੇ ਹੋਈ ਸੀ ਤੇ ਫਿਰ ਮੇਰੀ ਭੈਣ ਨੇ ਪਾਸਪੋਰਟ ਬਣਾਉਣ ਲਈ ਅਰਜ਼ੀ ਦਿੱਤੀ ਸੀ ਪਰ ਕੋਵਿਡ -19 ਮਹਾਂਮਾਰੀ ਦੇ ਫੈਲਣ ਨਾਲ ਉਨ੍ਹਾਂ ਦੀਆਂ ਮੁੜ ਮਿਲਣ ਦੀ ਯੋਜਨਾਵਾਂ ਵਿੱਚ ਵਿਘਨ ਪਿਆ ਅਤੇ ਅਖ਼ੀਰ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਵਿਖੇ ਮੁੜ ਮਿਲਣ ਦਾ ਮੌਕਾ ਮਿਲਿਆ।

ਮੋਹਿੰਦਰ ਕੌਰ ਨੇ ਦੱਸਿਆ, “2022 ਵਿੱਚ ਮੈਂ ਬਿਮਾਰ ਹੋ ਗਈ ਸੀ ਤੇ ਮੇਰਾ ਭਰਾ ਹਰ ਰੋਜ਼ ਫੋਨ ਕਰਕੇ ਮੇਰਾ ਹਾਲ ਚਾਲ ਪੁੱਛਦਾ ਸੀ। ਮੈਂ ਵੀ ਆਪਣੀ ਬਿਮਾਰੀ ਦੌਰਾਨ ਦਿਲੋਂ ਅਰਦਾਸ ਕਰਦੀ ਸੀ ਕਿ ਬਸ ਇਕ ਵਾਰ ਆਪਣੇ ਛੋਟੇ ਭਰਾ ਨੂੰ ਮੁੜ ਮਿਲਣ ਦਾ ਮੌਕਾ ਮਿਲੇ।"

ਮੋਹਿੰਦਰ ਕੌਰ ਕਹਿੰਦੇ ਹਨ ਕਿ ਮੁੜ ਮਿਲਣ ਤੋਂ ਬਾਅਦ ਮੇਰੇ ਤੇ ਮੇਰੇ ਭਰਾ ਵਿਚਕਾਰ ਬੰਧਨ ਹੋਰ ਮਜ਼ਬੂਤ ਹੋ ਗਿਆ ਹੈ ਅਤੇ ਮੈਨੂੰ ਹੁਣ ਅਗਲੀ ਮੁਲਾਕਾਤ ਦੀ ਤਾਂਘ ਹੈ।

ਕਰਤਾਰਪੁਰ ਸਾਹਿਬ ਵਿਖੇ ਮੁੜ ਮਿਲਣੀ ਸਮੇਂ ਮੋਹਿੰਦਰ ਅਤੇ ਉਨ੍ਹਾਂ ਦੇ ਭਰਾ ਅਬਦੁਲ ਨੇ ਆਪਣੇ-ਆਪਣੇ ਪਰਿਵਾਰਾਂ ਅਤੇ ਜੀਵਨ ਦੀਆਂ ਚੁਣੌਤੀਆਂ ਬਾਰੇ ਗੱਲਬਾਤ ਕਰਦਿਆਂ ਤਿੰਨ ਤੋਂ ਚਾਰ ਘੰਟੇ ਬਿਤਾਏ।

ਮੋਹਿੰਦਰ ਕੌਰ ਕਹਿੰਦੇ ਹਨ ਕਿ ਉਨ੍ਹਾਂ ਨੇ ਕੁਟਲੀ ਪਿੰਡ ਵਿੱਚ ਆਪਣੇ ਬਚਪਨ ਸਮੇਂ ਘਰ ਦੇ ਪਲਾਂ ਨੂੰ ਆਪਣੇ ਭਰਾ ਦੇ ਨਾਲ ਯਾਦ ਕੀਤ।

ਭਾਵੇਂ ਕਿ ਵੰਡ ਦੌਰਾਨ ਉਨ੍ਹਾਂ ਦੀ ਛੋਟੀ ਉਮਰ ਦੇ ਕਾਰਨ ਉਨ੍ਹਾਂ ਦੀਆਂ ਕਾਫੀ ਯਾਦਾਂ ਫਿੱਕੀਆਂ ਹੋ ਗਈਆਂ ਹਨ।

ਪਰਿਵਾਰਾਂ ਨੇ ਮੁੜ-ਮਿਲਣ ਦਾ ਅਨੁਭਵ ਕਿਵੇਂ ਕੀਤਾ?

ਜਸਲੀਨ
ਤਸਵੀਰ ਕੈਪਸ਼ਨ, ਮੋਹਿੰਦਰ ਕੌਰ ਦੀ ਪੋਤੀ ਜਸਲੀਨ

ਹਰਜੀਤ ਸਿੰਘ ਤੇ ਬਸ਼ਰਤ ਅਜ਼ੀਜ਼ 75 ਸਾਲਾਂ ਦੇ ਅਰਸੇ ਤੋਂ ਬਾਅਦ ਆਪਣੇ ਨਵੇਂ ਰਿਸ਼ਤੇਦਾਰਾਂ ਨਾਲ ਮਿਲਣ ’ਤੇ ਖੁਸ਼ੀ ਮਹਿਸੂਸ ਕਰ ਰਹੇ ਹਨ।

ਬਸ਼ਰਤ ਨੇ ਕਿਹਾ ਕਿ ਧਾਰਮਿਕ ਵਖਰੇਵਿਆਂ ਦੀ ਕੋਈ ਮਹੱਤਤਾ ਨਹੀਂ ਹੈ, ਕਿਉਂਕਿ ਉਨ੍ਹਾਂ ਦਾ ਤਾਂ ਖੂਨ ਦਾ ਰਿਸ਼ਤਾ ਹੈ ।

ਮੋਹਿੰਦਰ ਦੀ ਪੋਤੀ ਜਸਲੀਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਨਵੇਂ ਭੈਣ ਭਰਾਵਾਂ ਨਾਲ ਮਿਲਣ ਦੀ ਬਹੁਤ ਉਤਸੁਕਤਾ ਸੀ ਤੇ ਭਾਵੁਕ ਅਨੁਭਵ ਸੀ। ਮੇਰੇ ਦਾਦੀ ਹਮੇਸ਼ਾ ਸਾਨੂੰ ਵੰਡ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਸਨ।

ਜਸਲੀਨ ਕਹਿੰਦੇ ਹਨ, ‘‘ਇਸ ਮੁੜ -ਮਿਲਣ ਨੇ ਤਿੰਨ ਪੀੜ੍ਹੀਆਂ ਨੂੰ ਇਕੱਠਾ ਕੀਤਾ ਅਤੇ ਉਹ ਆਪਣੇ ਪਾਕਿਸਤਾਨ ਦੇ ਰਿਸ਼ਤੇਦਾਰਾਂ ਨਾਲ ਸੋਸ਼ਲ-ਮੀਡੀਆ ’ਤੇ ਸੰਪਰਕ ਵਿੱਚ ਸਨ।’’

“ਮੇਰੀਆਂ ਭੈਣਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਭਾਰਤੀ ਮਹਿੰਦੀ ਬਹੁਤ ਪਸੰਦ ਹੈ ਤੇ ਮੈਂ ਉਨ੍ਹਾਂ ਲਈ ਮਹਿੰਦੀ ਸਮੇਤ ਤੋਹਫ਼ੇ ਲੈ ਕੇ ਗਈ ਅਤੇ ਉਹ ਬਹੁਤ ਖੁਸ਼ ਹੋਏ। ਸਾਡੀ ਪਹਿਲੀ ਮੁਲਾਕਾਤ ਦੌਰਾਨ ਅਸੀਂ ਆਪਣੇ ਨਿੱਜੀ ਜੀਵਨ, ਸੰਗੀਤ ਅਤੇ ਹੋਰ ਵੱਖ-ਵੱਖ ਵਿਸ਼ਿਆਂ ਬਾਰੇ ਗੱਲਬਾਤ ਕੀਤੀ।”

'ਆਖ਼ਰੀ ਸਮੇਂ ਵੱਧ ਤੋਂ ਵੱਧ ਸਮਾਂ ਇਕੱਠੇ ਬਿਤਾਉਣ ਦੀ ਇੱਛਾ'

ਕਰਤਾਰਪੁਰ

ਤਸਵੀਰ ਸਰੋਤ, Mohinder Kaur Family

ਤਸਵੀਰ ਕੈਪਸ਼ਨ, ਪਰਿਵਾਰਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਯਾਤਰਾ ਨੂੰ ਆਸਾਨ ਬਣਾਉਣ ਦੀ ਅਪੀਲ ਕੀਤੀ ਹੈ

ਅਬਦੁਲ ਅਤੇ ਮੋਹਿੰਦਰ ਆਪਣੀ ਜ਼ਿੰਦਗੀ ਦੇ ਬਾਕੀ ਰਹਿੰਦੇ ਸਾਲਾਂ ਦੌਰਾਨ ਵੱਧ ਤੋਂ ਵੱਧ ਸਮਾਂ ਇਕੱਠੇ ਬਿਤਾਉਣ ਦੀ ਇੱਛਾ ਰੱਖਦੇ ਹਨ।

ਉਨ੍ਹਾਂ ਦੇ ਪਰਿਵਾਰਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਯਾਤਰਾ ਨੂੰ ਆਸਾਨ ਬਣਾਉਣ ਦੀ ਅਪੀਲ ਕੀਤੀ ਹੈ।

ਅਬਦੁਲ ਅਜ਼ੀਜ਼ ਨੇ ਕਿਹਾ, "ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਸਾਨੂੰ ਸੌਖੇ ਤਰੀਕੇ ਨਾਲ ਵੀਜ਼ਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਅਸੀਂ ਆਸਾਨੀ ਨਾਲ ਭਾਰਤ ਦੀ ਯਾਤਰਾ ਕਰ ਸਕੀਏ। ਅਸੀਂ ਤਾਂ ਬਸ ਪਿਆਰ ਸਾਂਝਾ ਕਰਨਾ ਹੈ, ਹੋਰ ਕੀ ਕਰਨਾ ਹੈ?"

ਮੋਹਿੰਦਰ ਕੌਰ ਨੇ ਕਿਹਾ ਉਹ ਚਾਹੁੰਦੇ ਹਨ ਕਿ ਮੇਰਾ ਭਰਾ ਅਬਦੁਲ ਅਜ਼ੀਜ਼ ਮੇਰੇ ਕੋਲ ਭਾਰਤ ਆਵੇ ਤੇ ਅਸੀਂ ਇਕੱਠੇ ਹੋਰ ਸਮਾਂ ਬਿਤਾ ਸਕੀਏ ।

ਅਬਦੁਲ ਦੇ ਪੁੱਤਰ ਬਸ਼ਰਤ ਨੇ ਕਿਹਾ ਕਿ, "ਮੈਂ ਸੁਝਾਅ ਦੇਵਾਂਗਾ ਕਿ ਸਰਕਾਰ ਇੱਕ ਅੰਤਰ-ਦੇਸ਼ੀ ਬੱਸ ਸੇਵਾ ਨੂੰ ਦੁਬਾਰਾ ਸ਼ੁਰੂ ਕਰੇ ਤਾਂ ਜੋ ਉਨ੍ਹਾਂ ਦੇ ਪਿਤਾ ਵਰਗੇ ਯਾਤਰੀ ਆਸਾਨੀ ਨਾਲ ਸਫ਼ਰ ਕਰ ਸਕਣ।"

ਕਰਤਾਰਪੁਰ ਕੋਰੀਡੋਰ ਨੇ ਮੁੜ ਮਿਲਣ ਸੌਖ਼ਾ ਬਣਾਇਆ

ਕਰਤਾਰਪੁਰ

ਤਸਵੀਰ ਸਰੋਤ, Mohinder Kaur Family

ਤਸਵੀਰ ਕੈਪਸ਼ਨ, ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਰਾਵੀ ਨਦੀ ਦੇ ਪਾਰ ਹੈ

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਦੋਵਾਂ ਪਰਿਵਾਰਾਂ ਦੀ ਮੁੜ ਮਿਲਨੀ ਸੰਭਵ ਹੋ ਸਕੀ।

ਇਹ ਗੁਰਦਆਰਾ ਸਿੱਖ ਧਰਮ ਵਿੱਚ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਇਸ ਅਸਥਾਨ ਉੱਤੇ ਜਯੋਤੀ ਜੋਤ ਸਮਾਏ ਸਨ।

ਇਹ ਸਥਾਨ ਸਿੱਖ ਧਰਮ ਵਿੱਚ ਸਭ ਤੋਂ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਇਹ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਰਾਵੀ ਨਦੀ ਦੇ ਪਾਰ ਹੈ ਅਤੇ ਭਾਰਤ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰੇ ਤੋਂ ਲਗਭਗ ਚਾਰ ਕਿਲੋਮੀਟਰ ਦੂਰ ਸਥਿਤ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਨਵੰਬਰ 2019 ਵਿੱਚ ਉਦਘਾਟਨ ਤੋਂ ਬਾਅਦ, ਕਰਤਾਰਪੁਰ ਕੋਰੀਡੋਰ ਨੇ ਹਜ਼ਾਰਾਂ ਲੋਕਾਂ ਨੂੰ ਯਾਤਰਾ ਦੀ ਸਹੂਲਤ ਦਿੱਤੀ ਹੈ।

ਇਹ ਭਾਰਤੀ ਸ਼ਰਧਾਲੂਆਂ ਲਈ ਗੁਰਦੁਆਰੇ ਤੱਕ ਵੀਜ਼ਾ-ਫਰੀ ਕੋਰੀਡੋਰ ਹੈ।

ਇਸ ਮੁਲਾਕਾਤ ਅਸਥਾਨ ਦੀ ਮਹੱਤਤਾ ਧਾਰਮਿਕ ਯਾਤਰਾਵਾਂ ਤੋਂ ਪਰੇ ਹੈ, ਕਿਉਂਕਿ ਵੰਡ ਦੌਰਾਨ ਵੱਖ ਹੋਏ ਪਰਿਵਾਰਾਂ ਲਈ ਕਰਤਾਰਪੁਰ ਲਾਂਘਾ ਮੁੜ -ਮਿਲਣ ਦੀ ਜਗ੍ਹਾ ਵਜੋਂ ਕੰਮ ਕਰਦਾ ਹੈ।

ਹਾਲਾਂਕਿ, ਕੋਵਿਡ -19 ਮਹਾਂਮਾਰੀ ਦੇ ਫੈਲਣ ਕਾਰਨ ਮਾਰਚ 2020 ਵਿੱਚ ਕਰਤਾਰਪੁਰ ਦੀ ਯਾਤਰਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ।

ਲੰਬੇ ਸਮੇਂ ਤੋਂ ਬੰਦ ਹੋਣ ਤੋਂ ਬਾਅਦ ਨਵੰਬਰ 2021 ਵਿੱਚ ਦੁਬਾਰਾ ਖੋਲ੍ਹ ਦਿੱਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)