ਭਾਰਤ ਅਤੇ ਪਾਕਿਸਤਾਨ ਵੱਲੋਂ ਲੜਨ ਵਾਲੇ ਦੋ ਸਕੇ ਭਰਾਵਾਂ ਦੀ ਕਹਾਣੀ

ਤਸਵੀਰ ਸਰੋਤ, Saman Ali Khan
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 11 ਮਿੰਟ
ਸਰ ਅਬਦੁਸ ਸਮਦ ਖ਼ਾਂ ਰਾਮਪੁਰ ਰਿਆਸਤ ਦੇ ਮੁੱਖ ਮੰਤਰੀ ਹੁੰਦੇ ਸਨ। ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਯੂਨੁਸ ਖ਼ਾਂ ਪਹਿਲਾਂ ਦੇਹਰਾਦੂਨ ਦੇ ਕਰਨਲ ਬ੍ਰਾਊਨ ਸਕੂਲ ਵਿੱਚ ਪੜ੍ਹੇ। ਇਸ ਤੋਂ ਬਾਅਦ ਉਹ ਭਾਰਤੀ ਫੌਜੀ ਅਕਾਦਮੀ ਲਈ ਚੁਣੇ ਗਏ, ਜਿੱਥੋਂ ਉਨ੍ਹਾਂ ਨੂੰ ਗੜ੍ਹਵਾਲ ਰਾਇਫ਼ਲਜ਼ ਵਿੱਚ ਕਮਿਸ਼ਨ ਮਿਲਿਆ।
ਸਨ 1920 ਵਿੱਚ ਪੈਦਾ ਹੋਏ ਉਨ੍ਹਾਂ ਦੇ ਛੋਟੇ ਪੁੱਤਰ ਸਾਹਿਬਜ਼ਾਦਾ ਯਾਕੂਬ ਖ਼ਾਂ ਵੀ ਬ੍ਰਿਟਿਸ਼ ਭਾਰਤੀ ਫ਼ੌਜ ਲਈ ਚੁਣੇ ਗਏ, ਜਿੱਥੋਂ ਉਨ੍ਹਾਂ ਨੂੰ 1940 ਵਿੱਚ 18ਵੀਂ ਕਿੰਗ ਐਡਵਰਡ ਕੇਵੇਲਰੀ ਵਿੱਚ ਕਮਿਸ਼ਨ ਮਿਲ ਗਿਆ।
ਉਨ੍ਹਾਂ ਦੋਵਾਂ ਨੇ ਦੂਜੇ ਵਿਸ਼ਵ ਯੁੱਧ ਵਿੱਚ ਭਾਗ ਲਿਆ। ਦੋਵਾਂ ਨੂੰ ਇੰਡੀਅਨ ਜਨਰਲ ਸਰਵਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਯਾਕੂਬ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਫ਼ੌਜ ਵੱਲੋਂ ਲੜਨ ਲਈ ਅਫ਼ਰੀਕਾ ਗਏ, ਜਿੱਥੇ ਮਿਸਰ ਅਤੇ ਲੀਬੀਆ ਦੀ ਸਰਹੱਦ ਨੇੜੇ ਟੋਬਰੂਕ ਦੀ ਲੜਾਈ ਦੌਰਾਨ ਇਟਲੀ ਦੀ ਫ਼ੌਜ ਨੇ ਉਨ੍ਹਾਂ ਨੂੰ ਕੈਦੀ ਬਣਾ ਲਿਆ।
ਇਟਲੀ ਵਿੱਚ ਉਹ ਪਾਕਿਸਤਾਨ ਅਤੇ ਭਾਰਤ ਦੇ ਦੋ ਭਵਿੱਖ 'ਚ ਬਣਨ ਵਾਲੇ ਜਨਰਲਾਂ ਯਾਹਿਆ ਖ਼ਾਂ ਅਤੇ ਪੀਪੀ ਕੁਮਾਰਮੰਗਲਮ ਦੇ ਨਾਲ ਕੈਦ ਤੋਂ ਭੱਜ ਨਿਕਲੇ, ਪਰ ਉਨ੍ਹਾਂ ਨੂੰ ਮੁੜ ਫੜ੍ਹ ਲਿਆ ਗਿਆ। ਯਾਹਿਆ ਅਤੇ ਕੁਮਾਰਮੰਗਲਮ ਭੱਜਣ ਵਿੱਚ ਕਾਮਯਾਬ ਰਹੇ।
ਯੁੱਧਬੰਦੀ ਦੌਰਾਨ ਉਨ੍ਹਾਂ ਨੇ ਇਟਾਲੀਅਨ ਅਤੇ ਜਰਮਨ ਭਾਸ਼ਾ ਸਿੱਖੀ। ਦੂਜਾ ਵਿਸ਼ਵ ਯੁੱਧ ਖ਼ਤਮ ਹੁੰਦੇ ਹੀ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ 'ਜੈਕਬ' ਦੇ ਨਾਮ ਨਾਲ ਬੁਲਾਉਂਦੇ ਸਨ। ਇਸ ਦੌਰਾਨ ਉਨ੍ਹਾਂ ਦੇ ਵੱਡੇ ਭਰਾ ਯੂਨੁਸ ਖ਼ਾਂ ਬਰਮਾ ਵਿੱਚ ਤੈਨਾਤ ਰਹੇ।

ਤਸਵੀਰ ਸਰੋਤ, Saman Ali Khan
ਪਰਿਵਾਰ ਦੀ ਵੰਡ
ਜਦੋਂ ਸਨ 1947 ਵਿੱਚ ਭਾਰਤ ਦੀ ਵੰਡ ਹੋਈ ਤਾਂ ਵੱਡੇ ਭਰਾ ਸਾਹਿਬਜ਼ਾਦਾ ਯੂਨੁਸ ਖ਼ਾਂ ਨੇ ਭਾਰਤੀ ਫ਼ੌਜ ਵਿੱਚ ਹੀ ਰਹਿਣ ਦਾ ਫ਼ੈਸਲਾ ਕੀਤਾ, ਜਦਕਿ ਉਨ੍ਹਾਂ ਦੇ ਛੋਟੇ ਭਰਾ ਸਾਹਿਬਜ਼ਾਦਾ ਯਾਕੂਬ ਖ਼ਾਂ ਪਾਕਿਸਤਾਨੀ ਫ਼ੌਜ ਵਿੱਚ ਸ਼ਾਮਲ ਹੋ ਗਏ।
ਡੋਮੀਨਿਕ ਲਾਪਿਏਰ ਅਤੇ ਲੈਰੀ ਕਾਲਿੰਸ ਆਪਣੀ ਮਸ਼ਹੂਰ ਕਿਤਾਬ 'ਫ਼ਰੀਡਮ ਐਟ ਮਿਡਨਾਈਟ' ਵਿੱਚ ਯਾਕੂਬ ਖ਼ਾਂ ਦੇ ਪਾਕਿਸਤਾਨ ਜਾਣ ਦਾ ਵੇਰਵਾ ਦਿੰਦਿਆਂ ਲਿਖਦੇ ਹਨ, "ਜਦੋਂ ਯਾਕੂਬ ਖ਼ਾਂ ਨੇ ਰਾਤ ਦੇ ਖਾਣੇ ਦੌਰਾਨ ਆਪਣੀ ਮਾਂ ਨੂੰ ਪਾਕਿਸਤਾਨ ਜਾਣ ਦਾ ਆਪਣਾ ਫ਼ੈਸਲਾ ਸੁਣਾਇਆ ਤਾਂ ਉਹ ਇਹ ਸੁਣ ਕੇ ਸੁੰਨ ਰਹਿ ਗਏ। ਉਹ ਬਹੁਤ ਨਾਰਾਜ਼ ਵੀ ਹੋਏ।"
"ਉਨ੍ਹਾਂ ਕਿਹਾ- ਅਸੀਂ ਦੋ ਸਦੀਆਂ ਤੋਂ ਇੱਥੇ ਰਹੇ ਹਾਂ। ਸਾਡੇ ਖ਼ਾਨਦਾਨ ਦੀਆਂ ਕਬਰਾਂ ਇੱਥੇ ਹਨ। ਮੈਂ ਸਿਆਸਤ ਨਹੀਂ ਸਮਝਦੀ। ਪਰ ਇੱਕ ਮਾਂ ਦੇ ਤੌਰ 'ਤੇ ਮੇਰੀਆਂ ਇੱਛਾਵਾਂ ਸਵਾਰਥੀ ਹਨ। ਮੈਨੂੰ ਡਰ ਹੈ ਕਿ ਅਸੀਂ ਹਮੇਸ਼ਾ ਲਈ ਜੁਦਾ ਹੋ ਰਹੇ ਹਾਂ।"
ਪਰ ਯਾਕੂਬ ਨਹੀਂ ਮੰਨੇ ਅਤੇ ਅਗਲੀ ਹੀ ਸਵੇਰ ਉਨ੍ਹਾਂ ਨੇ ਰਾਮਪੁਰ ਛੱਡ ਦਿੱਤਾ।
ਲਾਪਿਏਰ ਅਤੇ ਕਾਲਿੰਸ ਨੇ ਲਿਖਿਆ ਹੈ, "ਵਿਦਾ ਲੈਂਦੇ ਸਮੇਂ ਉਨ੍ਹਾਂ ਦੀ ਮਾਂ ਨੇ ਚਿੱਟੀ ਸਾੜੀ ਪਹਿਨੀ ਹੋਈ ਸੀ, ਜੋ ਕਿ ਸੋਗ ਦਾ ਪ੍ਰਤੀਕ ਸੀ। ਉਨ੍ਹਾਂ ਨੇ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਉਨ੍ਹਾਂ ਨੂੰ ਵਿਦਾ ਕੀਤਾ। 25 ਸਾਲਾਂ ਤੋਂ ਉਨ੍ਹਾਂ ਦੇ ਰਸੋਈਏ ਰਹੇ ਰਾਮਲਾਲ ਅਤੇ ਉਨ੍ਹਾਂ ਦੇ ਡਰਾਈਵਰ ਕੁੰਦਨ ਸਿੰਘ ਨੇ ਉਨ੍ਹਾਂ ਨੂੰ ਭਰੀਆਂ ਅੱਖਾਂ ਨਾਲ ਵਿਦਾਈ ਦਿੱਤੀ।"
"ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਕਿ ਉਹ ਪਾਕਿਸਤਾਨ ਵਿੱਚ ਟਿਕ ਜਾਣ ਤੋਂ ਕੁਝ ਦਿਨਾਂ ਬਾਅਦ ਆ ਕੇ ਆਪਣਾ ਸਾਰਾ ਸਮਾਨ ਲੈ ਜਾਣਗੇ। ਯਾਕੂਬ ਕਦੇ ਵੀ ਆਪਣੇ ਪੁਸ਼ਤੈਨੀ ਘਰ ਵਾਪਸ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਨੇ ਕਦੇ ਆਪਣੀ ਮਾਂ ਦਾ ਚਿਹਰਾ ਵੇਖਿਆ।"

ਤਸਵੀਰ ਸਰੋਤ, Vikas Publishing House
ਦੋਵੇਂ ਭਰਾ ਕਸ਼ਮੀਰ ਦੇ ਫਰੰਟ 'ਤੇ
ਭਾਰਤ ਛੱਡਣ ਤੋਂ ਕੁਝ ਮਹੀਨਿਆਂ ਅੰਦਰ ਹੀ ਸਾਹਿਬਜ਼ਾਦਾ ਯਾਕੂਬ ਖ਼ਾਂ ਕਸ਼ਮੀਰ ਦੀਆਂ ਬਰਫ਼ ਨਾਲ ਢਕੀਆਂ ਪਹਾੜੀਆਂ ਵਿੱਚ ਪਾਕਿਸਤਾਨੀ ਫ਼ੌਜ ਦੀ ਇੱਕ ਬਟਾਲੀਅਨ ਦੀ ਅਗਵਾਈ ਕਰ ਰਹੇ ਸਨ।
ਲਾਪਿਏਰ ਅਤੇ ਕਾਲਿੰਸ ਲਿਖਦੇ ਹਨ, "ਪਾਕਿਸਤਾਨੀ ਫੌਜੀਆਂ ਨੂੰ ਰੋਕਣ ਦੀ ਕੋਸ਼ਿਸ਼ ਗੜ੍ਹਵਾਲ ਰੈਜੀਮੈਂਟ ਦੀ ਇੱਕ ਕੰਪਨੀ ਕਰ ਰਹੀ ਸੀ। ਉਸ ਕੰਪਨੀ ਦੀ ਅਗਵਾਈ ਵੀ ਯਾਕੂਬ ਖ਼ਾਂ ਵਾਂਗ ਇੱਕ ਮੁਸਲਮਾਨ ਅਫ਼ਸਰ ਕਰ ਰਿਹਾ ਸੀ।"
"ਉਸ ਨੇ ਜੁਲਾਈ 1947 ਵਿੱਚ ਪਾਕਿਸਤਾਨ ਨਾ ਜਾਣ ਅਤੇ ਭਾਰਤੀ ਫ਼ੌਜ ਵਿੱਚ ਹੀ ਰਹਿਣ ਦਾ ਫ਼ੈਸਲਾ ਕੀਤਾ ਸੀ। ਉਹ ਅਫ਼ਸਰ ਵੀ ਰਾਮਪੁਰ ਦਾ ਹੀ ਰਹਿਣ ਵਾਲਾ ਸੀ। ਉਸ ਦਾ ਨਾਮ ਸੀ- ਯੂਨੁਸ ਖ਼ਾਂ। ਉਹ ਸਾਹਿਬਜ਼ਾਦਾ ਯਾਕੂਬ ਖ਼ਾਂ ਦਾ ਵੱਡਾ ਸਕਾ ਭਰਾ ਸੀ।"
ਦੋਵੇਂ ਭਰਾ ਕਸ਼ਮੀਰ ਵਿੱਚ ਜੰਗ ਦੇ ਮੈਦਾਨ ਵਿੱਚ ਇੱਕ-ਦੂਜੇ ਦੇ ਆਹਮੋ-ਸਾਹਮਣੇ ਸਨ। ਦੋਵੇਂ ਮੇਜਰ ਦੇ ਅਹੁਦੇ 'ਤੇ ਸਨ ਅਤੇ ਦੋਵੇਂ ਆਪੋ-ਆਪਣੀ ਬਟਾਲੀਅਨ ਦੀ ਅਗਵਾਈ ਕਰ ਰਹੇ ਸਨ।

ਤਸਵੀਰ ਸਰੋਤ, Saman Ali Khan
ਗੋਲ਼ੀ ਚੱਲਣ ਦੇ ਵੱਖ-ਵੱਖ ਵੇਰਵੇ
ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਆਪਣੇ ਲੇਖ 'ਦਿ ਸਟੋਰੀ ਆਫ਼ ਟੂ ਖ਼ਾਨਜ਼' ਵਿੱਚ ਲਿਖਦੇ ਹਨ, "ਮੇਜਰ ਯੂਨੁਸ ਖ਼ਾਂ ਦੀ ਬੰਦੂਕ ਤੋਂ ਚੱਲੀ ਗੋਲ਼ੀ ਨੇ ਉਨ੍ਹਾਂ ਦੇ ਛੋਟੇ ਭਰਾ ਯਾਕੂਬ ਖ਼ਾਂ ਨੂੰ ਜ਼ਖ਼ਮੀ ਕਰ ਦਿੱਤਾ।"
"ਜਦੋਂ ਯੂਨੁਸ ਖ਼ਾਂ ਨੂੰ ਪਤਾ ਲੱਗਾ ਕਿ ਜ਼ਖ਼ਮੀ ਹੋਣ ਵਾਲਾ ਵਿਅਕਤੀ ਉਨ੍ਹਾਂ ਦਾ ਛੋਟਾ ਭਰਾ ਹੈ ਤਾਂ ਉਨ੍ਹਾਂ ਨੇ ਚੀਕ ਕੇ ਕਿਹਾ, 'ਦੁਖੀ ਨਾ ਹੋ 'ਛੋਟੇ', ਅਸੀਂ ਫੌਜੀ ਹਾਂ ਅਤੇ ਅਸੀਂ ਆਪਣਾ ਫਰਜ਼ ਨਿਭਾਇਆ ਹੈ।' ਬਾਅਦ ਵਿੱਚ ਉਸ ਸਮੇਂ ਬਤੌਰ ਕਰਨਲ ਕੰਮ ਕਰ ਰਹੇ ਸੈਮ ਮਾਨੇਕਸ਼ਾ ਨੇ ਯੂਨੁਸ ਖ਼ਾਂ ਦੀ ਬਹਾਦਰੀ ਦੀ ਤਾਰੀਫ਼ ਕੀਤੀ ਸੀ।"
ਪਰ ਕਰਨਲ ਯੂਨੁਸ ਦੀ ਨੂੰਹ ਸਮਨ ਅਲੀ ਖ਼ਾਂ ਦਾ ਮੰਨਣਾ ਹੈ ਕਿ ਇਹ ਕਹਾਣੀ ਪੂਰੀ ਨਾਲ ਤਰ੍ਹਾਂ ਸਹੀ ਨਹੀਂ ਹੈ।
ਉਹ ਕਹਿੰਦੇ ਹਨ, "ਦੋਵੇਂ ਭਰਾ ਕਸ਼ਮੀਰ ਦੀ ਲੜਾਈ ਵਿੱਚ ਇੱਕ-ਦੂਜੇ ਦੇ ਆਹਮੋ-ਸਾਹਮਣੇ ਜ਼ਰੂਰ ਸਨ, ਪਰ ਯੂਨੁਸ ਨੇ ਯਾਕੂਬ 'ਤੇ ਗੋਲ਼ੀ ਨਹੀਂ ਚਲਾਈ ਸੀ। ਮੈਂ ਆਪਣੀ ਸੱਸ ਅਤੇ ਆਪਣੇ ਪਤੀ ਤੋਂ ਇਸ ਬਾਰੇ ਪੁੱਛਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ ਸੀ। ਮੇਰੀ ਸੱਸ ਨੂੰ ਉਨ੍ਹਾਂ ਨੇ ਦੱਸਿਆ ਸੀ ਕਿ ਸਾਨੂੰ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਅਸੀਂ ਦੋਵੇਂ ਭਰਾ ਇੱਕੋ ਮੋਰਚੇ 'ਤੇ ਲੜ ਰਹੇ ਸੀ।"

ਯੂਨੁਸ ਦਾ ਵਧਾਈ ਸੰਦੇਸ਼
ਇਸ ਤੋਂ ਬਾਅਦ ਦੋਵਾਂ ਭਰਾਵਾਂ ਵਿਚਕਾਰ ਅਗਲੇ 12 ਸਾਲਾਂ ਤੱਕ ਕੋਈ ਸੰਪਰਕ ਨਹੀਂ ਰਿਹਾ ਅਤੇ ਦੋਵੇਂ ਆਪਣੀਆਂ-ਆਪਣੀਆਂ ਫ਼ੌਜਾਂ ਲਈ ਕੰਮ ਕਰਦੇ ਰਹੇ।
ਜਦੋਂ ਸਨ 1960 ਵਿੱਚ ਸਾਹਿਬਜ਼ਾਦਾ ਯਾਕੂਬ ਖ਼ਾਂ ਨੇ ਕਲਕੱਤਾ ਦੀ ਇੱਕ ਭਾਰਤੀ ਕੁੜੀ ਤੂਬਾ ਖ਼ਲੀਲੀ ਨਾਲ ਵਿਆਹ ਕੀਤਾ ਤਾਂ ਉਨ੍ਹਾਂ ਦੇ ਵੱਡੇ ਭਰਾ ਯੂਨੁਸ ਨੇ ਉਨ੍ਹਾਂ ਨੂੰ ਵਧਾਈ ਦਾ ਸੰਦੇਸ਼ ਭੇਜਿਆ ਸੀ।
ਯਾਕੂਬ ਖ਼ਾਂ ਦੇ ਭਾਣਜੀ ਮੁਨੀਜ਼ਾ ਸ਼ਮਸੀ ਆਪਣੇ ਲੇਖ 'ਇਨ ਮੇਮੋਰੀਅਮ ਸਾਹਿਬਜ਼ਾਦਾ ਯਾਕੂਬ ਖ਼ਾਂ ਮਾਈ ਅੰਕਲ' ਵਿੱਚ ਲਿਖਦੇ ਹਨ, "ਵਿਆਹ ਵੇਲੇ ਮਾਮੂ ਬ੍ਰਿਗੇਡੀਅਰ ਸਨ। ਉਨ੍ਹਾਂ ਦੇ ਵਿਆਹ ਵਿੱਚ ਸ਼ਿਰਕਤ ਕਰਨ ਲਈ ਨਵਾਬ ਅਤੇ ਬੇਗ਼ਮ ਰਾਮਪੁਰ ਖ਼ਾਸ ਤੌਰ 'ਤੇ ਭਾਰਤ ਤੋਂ ਕਰਾਚੀ ਆਏ ਸਨ ਅਤੇ ਰਾਸ਼ਟਰਪਤੀ ਅਯੂਬ ਖ਼ਾਂ ਨੇ ਉਨ੍ਹਾਂ ਦੋਵਾਂ ਨੂੰ ਰਾਜ ਮਹਿਮਾਨ ਦਾ ਦਰਜਾ ਦਿੱਤਾ ਸੀ। ਕੁਝ ਹੀ ਮਹੀਨਿਆਂ ਬਾਅਦ ਉਹ ਪਾਕਿਸਤਾਨੀ ਫ਼ੌਜ ਦੇ ਸਭ ਤੋਂ ਨੌਜਵਾਨ ਮੇਜਰ ਜਨਰਲ ਬਣ ਗਏ ਸਨ।"
ਸਨ 1965 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗ ਵਿੱਚ ਸਾਹਿਬਜ਼ਾਦਾ ਯਾਕੂਬ ਖ਼ਾਂ ਇੱਕ ਪਾਕਿਸਤਾਨੀ ਡਿਵੀਜ਼ਨ ਦੀ ਅਗਵਾਈ ਕਰ ਰਹੇ ਸਨ।

ਫੌਜੀ ਕਾਰਵਾਈ ਦੇ ਪੱਖ ਵਿੱਚ ਨਹੀਂ ਸਨ ਯਾਕੂਬ
ਸਨ 1971 ਤੱਕ ਆਉਂਦੇ-ਆਉਂਦੇ ਇਹੀ ਸਾਹਿਬਜ਼ਾਦਾ ਯਾਕੂਬ ਖ਼ਾਂ ਪਾਕਿਸਤਾਨੀ ਫ਼ੌਜ ਵਿੱਚ ਲੈਫ਼ਟੀਨੈਂਟ ਜਨਰਲ ਬਣ ਚੁੱਕੇ ਸਨ। ਉਨ੍ਹਾਂ ਨੂੰ ਪੂਰਬੀ ਪਾਕਿਸਤਾਨ ਵਿੱਚ ਪਾਕਿਸਤਾਨੀ ਫ਼ੌਜ ਦਾ ਕਮਾਂਡਰ ਬਣਾਇਆ ਗਿਆ ਸੀ।
ਜਦੋਂ ਮਾਰਚ 1971 ਵਿੱਚ ਉਨ੍ਹਾਂ ਨੂੰ ਸ਼ੇਖ਼ ਮੁਜੀਬ-ਉਰ-ਰਹਿਮਾਨ ਦੀ ਅਗਵਾਈ ਵਾਲੀ ਅਵਾਮੀ ਲੀਗ ਦੇ ਖ਼ਿਲਾਫ਼ ਫੌਜੀ ਅਭਿਆਨ ਸ਼ੁਰੂ ਕਰਨ ਦਾ ਹੁਕਮ ਮਿਲਿਆ ਤਾਂ ਯਾਕੂਬ ਖ਼ਾਂ ਨੇ ਫੌਜੀ ਤਾਨਾਸ਼ਾਹ ਜਨਰਲ ਯਾਹਿਆ ਖ਼ਾਂ ਨੂੰ ਸਲਾਹ ਦਿੱਤੀ ਕਿ ਉਹ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸਰਕਾਰ ਦੇ ਖ਼ਿਲਾਫ਼ ਬੰਦੂਕ ਦੀ ਤਾਕਤ ਦਾ ਇਸਤੇਮਾਲ ਨਾ ਕਰਨ।
ਪਾਕਿਸਤਾਨ ਦੇ ਮਸ਼ਹੂਰ ਲੇਖਿਕਾ ਅਤੇ ਯਾਕੂਬ ਦੇ ਭਾਣਜੀ ਮੁਨੀਜ਼ਾ ਸ਼ਮਸੀ ਲਿਖਦੇ ਹਨ, "ਸੰਨ 1971 ਦੇ ਉਨ੍ਹਾਂ ਦਿਨਾਂ ਵਿੱਚ ਜਦੋਂ ਦੋਵਾਂ ਪੱਖਾਂ ਵਿਚਕਾਰ ਗੱਲਬਾਤ ਨਾਕਾਮ ਹੁੰਦੀ ਚਲੀ ਗਈ ਤਾਂ ਗਵਰਨਰ ਐਡਮਿਰਲ ਅਹਸਨ ਅਤੇ ਮੇਰੇ ਮਾਮੂ ਦੋਵਾਂ ਨੇ ਸਲਾਹ ਦਿੱਤੀ ਕਿ ਸਮੱਸਿਆ ਦਾ ਸਿਰਫ਼ ਸਿਆਸੀ ਹੱਲ ਹੀ ਨਿਕਲ ਸਕਦਾ ਹੈ। ਪਰ ਯਾਹਿਆ ਖ਼ਾਂ ਅਤੇ ਉਨ੍ਹਾਂ ਦੇ ਸਲਾਹਕਾਰ ਫੌਜੀ ਹੱਲ 'ਤੇ ਉਤਾਰੂ ਸਨ।"
"ਮਾਮੂ ਨੂੰ ਆਉਣ ਵਾਲੇ ਸੰਕਟ ਬਾਰੇ ਪੂਰਾ ਅੰਦਾਜ਼ਾ ਸੀ। ਉਨ੍ਹਾਂ ਨੇ ਇਸ ਫ਼ੈਸਲੇ ਦਾ ਹਿੱਸਾ ਬਣਨ ਦੀ ਬਜਾਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਬਿਹਤਰ ਸਮਝਿਆ। 5 ਮਾਰਚ 1971 ਨੂੰ ਉਨ੍ਹਾਂ ਨੇ ਆਪਣਾ ਅਸਤੀਫ਼ਾ ਜਨਰਲ ਯਾਹਿਆ ਖ਼ਾਂ ਨੂੰ ਭੇਜ ਦਿੱਤਾ। ਸ਼ੁਰੂ ਵਿੱਚ ਉਨ੍ਹਾਂ ਨੂੰ ਯਾਹਿਆ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ, ਪਰ ਬਾਅਦ ਦੀਆਂ ਘਟਨਾਵਾਂ ਨੇ ਸਿੱਧ ਕਰ ਦਿੱਤਾ ਕਿ ਉਹ ਸਹੀ ਸਨ।"

ਤਸਵੀਰ ਸਰੋਤ, Getty Images
ਭੁੱਟੋ ਨੂੰ ਫ਼ਾਂਸੀ ਨਾ ਦੇਣ ਦੀ ਸਲਾਹ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਨੂੰ ਪਤਾ ਸੀ ਕਿ ਸਾਹਿਬਜ਼ਾਦਾ ਯਾਕੂਬ ਖ਼ਾਂ ਨੂੰ ਫ੍ਰੈਂਚ, ਜਰਮਨ, ਇਟਾਲੀਅਨ, ਰੂਸੀ, ਫ਼ਾਰਸੀ ਅਤੇ ਅਰਬੀ ਸਮੇਤ 10 ਭਾਸ਼ਾਵਾਂ 'ਚ ਮੁਹਾਰਤ ਹਾਸਲ ਸੀ।
ਢਾਕਾ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਥੋੜ੍ਹੀ-ਥੋੜ੍ਹੀ ਬਾਂਗਲਾ ਵੀ ਸਿੱਖ ਲਈ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਸੰਨ 1972 ਵਿੱਚ ਫਰਾਂਸ ਵਿੱਚ ਪਾਕਿਸਤਾਨ ਦਾ ਰਾਜਦੂਤ ਨਿਯੁਕਤ ਕੀਤਾ। ਜਦੋਂ ਜਨਰਲ ਜ਼ਿਆ-ਉਲ-ਹਕ ਨੇ 1977 ਵਿੱਚ ਭੁੱਟੋ ਦਾ ਤਖ਼ਤਾ ਪਲਟਿਆ ਤਾਂ ਯਾਕੂਬ ਮਾਸਕੋ ਵਿੱਚ ਪਾਕਿਸਤਾਨ ਦੇ ਰਾਜਦੂਤ ਸਨ।
ਹਾਮਿਦ ਮੀਰ ਲਿਖਦੇ ਹਨ, "ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ ਸਾਹਿਬਜ਼ਾਦਾ ਯਾਕੂਬ ਖ਼ਾਂ ਨੇ ਜਨਰਲ ਜ਼ਿਆ ਨੂੰ ਸਲਾਹ ਦਿੱਤੀ ਕਿ ਉਹ ਭੁੱਟੋ ਨੂੰ ਫ਼ਾਂਸੀ ਨਾ ਚੜਾਉਣ ਦੇਣ, ਪਰ ਜ਼ਿਆ ਨੇ ਉਨ੍ਹਾਂ ਦੀ ਸਲਾਹ ਨਹੀਂ ਮੰਨੀ। ਉਨ੍ਹਾਂ ਨਾਲ ਅਲੱਗ ਰਾਇ ਰੱਖਣ ਦੇ ਬਾਵਜੂਦ ਜ਼ਿਆ ਨੇ ਸੰਨ 1982 ਵਿੱਚ ਸਾਹਿਬਜ਼ਾਦਾ ਯਾਕੂਬ ਖ਼ਾਂ ਨੂੰ ਪਾਕਿਸਤਾਨ ਦਾ ਵਿਦੇਸ਼ ਮੰਤਰੀ ਨਿਯੁਕਤ ਕੀਤਾ।"

ਤਸਵੀਰ ਸਰੋਤ, Getty Images
35 ਸਾਲ ਬਾਅਦ ਦੋਵਾਂ ਭਰਾਵਾਂ ਦੀ ਦਿੱਲੀ ਵਿੱਚ ਮੁਲਾਕਾਤ
ਉਸੇ ਸਾਲ ਯਾਕੂਬ ਖ਼ਾਂ ਵਿਦੇਸ਼ ਮੰਤਰੀ ਵਜੋਂ ਨਵੀਂ ਦਿੱਲੀ ਆਏ ਸਨ।
ਸਾਹਿਬਜ਼ਾਦਾ ਯੂਨੁਸ ਦੇ ਨੂੰਹ ਸਮਨ ਖ਼ਾਂ ਯਾਦ ਕਰਦੇ ਹਨ, "ਦਿੱਲੀ ਵਿੱਚ ਹੀ ਯਾਕੂਬ ਅਤੇ ਉਨ੍ਹਾਂ ਦੇ ਵੱਡੇ ਭਰਾ ਯੂਨੁਸ ਵਿਚਕਾਰ 35 ਸਾਲਾਂ ਬਾਅਦ ਮੁਲਾਕਾਤ ਹੋਈ। ਉਸ ਸਮੇਂ ਮੈਂ ਵੀ ਉੱਥੇ ਮੌਜੂਦ ਸੀ। ਮੇਰੇ ਪਿਤਾ ਨੇ ਉਨ੍ਹਾਂ ਦੋਵਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਸੀ।"
"ਮੈਨੂੰ ਉਹ ਦ੍ਰਿਸ਼ ਅੱਜ ਵੀ ਯਾਦ ਹੈ ਜਦੋਂ ਉਹ ਗੱਡੀ ਤੋਂ ਉਤਰ ਕੇ ਅੰਦਰ ਆਏ। ਦੋਵਾਂ ਭਰਾਵਾਂ ਨੇ ਇੱਕ-ਦੂਜੇ ਨੂੰ ਗਲ਼ੇ ਲਗਾਇਆ ਅਤੇ ਬੁਰੀ ਤਰ੍ਹਾਂ ਰੋਏ।"
ਉਨ੍ਹਾਂ ਦੇ ਮੁਤਾਬਕ, "ਅੱਬਾਜਾਨ ਨੇ ਯਾਕੂਬ ਨੂੰ ਉਨ੍ਹਾਂ ਦੇ ਪੁਰਾਣੇ ਉਪਨਾਮ ਨੱਟਾ ਕਹਿ ਕੇ ਪੁਕਾਰਿਆ। ਯਾਕੂਬ ਲੰਬੇ ਸਨ, ਪਰ ਉਨ੍ਹਾਂ ਦੇ ਦੋਵੇਂ ਭਰਾ ਉਨ੍ਹਾਂ ਨਾਲੋਂ ਵੀ ਵੱਧ ਲੰਮੇ ਸਨ, ਇਸ ਲਈ ਉਹ ਉਨ੍ਹਾਂ ਨੂੰ ਨੱਟਾ ਕਹਿੰਦੇ ਸਨ। ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਦੋ ਫ਼ੌਜ ਵਿੱਚ ਕੰਮ ਕਰ ਚੁੱਕੇ ਲੋਕ, ਜਿਨ੍ਹਾਂ ਨੂੰ ਬਹੁਤ ਰਫ਼-ਟਫ਼ ਮੰਨਿਆ ਜਾਂਦਾ ਹੈ, ਇਸ ਤਰ੍ਹਾਂ ਖੁੱਲ੍ਹੇਆਮ ਰੋ ਰਹੇ ਸਨ।"
"ਉਨ੍ਹਾਂ ਵਿਚਕਾਰ ਜੋ ਖੂਨ ਦਾ ਰਿਸ਼ਤਾ ਸੀ, ਉਹ ਉਸ ਵੇਲੇ ਫੁੱਟ-ਫੁੱਟ ਕੇ ਸਾਹਮਣੇ ਆਇਆ। ਜਦੋਂ ਉਹ ਬੈਠੇ ਤਾਂ ਦੋਵਾਂ ਨੇ ਆਪਣੇ ਬਚਪਨ ਦੀਆਂ ਗੱਲਾਂ ਬਹੁਤ ਸ਼ਿੱਦਤ ਨਾਲ ਯਾਦ ਕੀਤੀਆਂ। ਦੋਵਾਂ ਨੇ ਕਸ਼ਮੀਰ ਵਿੱਚ ਹੋਈ ਲੜਾਈ ਦਾ ਕੋਈ ਜ਼ਿਕਰ ਨਹੀਂ ਕੀਤਾ।"

ਤਸਵੀਰ ਸਰੋਤ, Saman Ali Khan
ਸੇਵਾਮੁਕਤੀ ਤੋਂ ਬਾਅਦ ਅਲੀਗੜ੍ਹ ਵਿੱਚ ਵਸੇ
ਇਸ ਦੌਰਾਨ ਯੂਨੁਸ ਖ਼ਾਂ ਭਾਰਤ ਦੇ ਆਖ਼ਰੀ ਗਵਰਨਰ ਜਨਰਲ ਸੀ. ਰਾਜਗੋਪਾਲਾਚਾਰੀ ਅਤੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਦੇ ਏਡੀਸੀ ਰਹੇ।
ਯੂਨੁਸ 'ਤੇ ਖੋਜ ਕਰਨ ਵਾਲੇ ਨਿਹਾਰਿਕਾ ਸਿੰਘ ਦੱਸਦੇ ਹਨ, "ਬਾਅਦ ਵਿੱਚ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਗਵਰਨਰ ਦੇ ਏਡੀਸੀ ਵਜੋਂ ਵੀ ਕੰਮ ਕੀਤਾ। ਉਹ ਸੰਨ 1962 ਦੇ ਭਾਰਤ-ਚੀਨ ਯੁੱਧ ਦੇ ਸਮੇਂ ਕਸ਼ਮੀਰ ਵਿੱਚ ਅਤੇ 1965 ਦੇ ਭਾਰਤ-ਪਾਕਿਸਤਾਨ ਯੁੱਧ ਦੇ ਸਮੇਂ ਬਰੇਲੀ ਵਿੱਚ ਤੈਨਾਤ ਸਨ। ਉਹ ਇੱਕ ਦੇਸ਼ਭਗਤ, ਮਾਣਮੱਤੇ ਅਤੇ ਸਾਦਾ ਜੀਵਨ ਜਿਉਣ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਸਨ।"
"ਉਹ ਬਹੁਤ ਘੱਟ ਬੋਲਦੇ ਸਨ। ਉਨ੍ਹਾਂ ਨੂੰ ਪਿੱਛੇ ਰਹਿਣਾ ਪਸੰਦ ਸੀ। ਸਨ 1969 ਵਿੱਚ ਉਹ ਭਾਰਤੀ ਫ਼ੌਜ ਤੋਂ ਸੇਵਾਮੁਕਤ ਹੋ ਗਏ। ਉਨ੍ਹਾਂ ਦੇ ਪੁੱਤਰ ਨਦੀਮ ਖ਼ਾਂ ਨੇ ਮੈਨੂੰ ਦੱਸਿਆ ਸੀ ਕਿ ਭਾਰਤੀ ਫ਼ੌਜ ਤੋਂ ਸੇਵਾਮੁਕਤ ਹੋਣ ਦੇ ਅਗਲੇ ਦਿਨ ਕਰਨਲ ਯੂਨੁਸ ਰੋਜ਼ਾਨਾ ਵਾਂਗ ਤਿਆਰ ਹੋ ਕੇ ਆਰਮੀ ਯੂਨੀਫ਼ਾਰਮ ਪਹਿਨ ਕੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਰਹੇ ਸਨ ਕਿ ਉਸੇ ਵੇਲੇ ਉਨ੍ਹਾਂ ਨੂੰ ਯਾਦ ਆਇਆ ਕਿ ਉਹ ਸੇਵਾਮੁਕਤ ਹੋ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਸਨ।''
ਯੂਨੁਸ ਖ਼ਾਂ ਦੇ ਨੂੰਹ ਸਮਨ ਅਲੀ ਖ਼ਾਂ ਦੱਸਦੇ ਹਨ, "ਮੇਰਾ ਵਿਆਹ ਉਨ੍ਹਾਂ ਦੇ ਵਿਚਕਾਰਲੇ ਪੁੱਤਰ ਨਾਲ ਹੋਇਆ ਸੀ। ਉਨ੍ਹਾਂ ਦਾ ਪਾਲਣ-ਪੋਸ਼ਣ ਬਹੁਤ ਹੀ ਅਨੁਸ਼ਾਸਨ ਨਾਲ ਹੋਇਆ ਸੀ। ਉਨ੍ਹਾਂ ਦੇ ਹਰ ਕੰਮ ਦਾ ਸਮਾਂ ਤੈਅ ਹੁੰਦਾ ਸੀ। ਸ਼ਾਮ ਨੂੰ ਸੈਰ ਕਰਨ ਜਾਂਦੇ ਸਨ। ਉਨ੍ਹਾਂ ਨੂੰ ਚੰਗੇ ਕੱਪੜੇ ਪਹਿਨਣ ਦਾ ਸ਼ੌਕ ਸੀ।"
"ਜਦੋਂ ਉਹ ਹਿੰਦੁਸਤਾਨੀ ਲਿਬਾਸ ਪਹਿਨਦੇ ਸਨ ਤਾਂ ਉਨ੍ਹਾਂ ਦਾ ਕੁੜਤਾ-ਪਜਾਮਾ ਅਤੇ ਸ਼ੇਰਵਾਨੀ ਬਹੁਤ ਵਧੀਆ ਢੰਗ ਨਾਲ ਸਿਲਾਈ ਕੀਤੇ ਹੋਏ ਹੁੰਦੇ ਸਨ। ਜਦੋਂ ਉਹ ਅੰਗਰੇਜ਼ੀ ਕੱਪੜੇ ਪਹਿਨਦੇ ਸਨ ਤਾਂ ਬਿਲਕੁਲ ਬ੍ਰਿਟਿਸ਼ ਅੰਦਾਜ਼ ਵਿੱਚ ਪਹਿਨਦੇ ਸਨ। ਸਰਦੀਆਂ ਅਤੇ ਗਰਮੀਆਂ ਵਿੱਚ ਉਨ੍ਹਾਂ ਦਾ ਖਾਣਾ ਵੱਖ-ਵੱਖ ਤਰ੍ਹਾਂ ਦਾ ਹੁੰਦਾ ਸੀ।"
"ਸਰਦੀਆਂ ਵਿੱਚ ਉਹ ਗਰਮ ਸੂਪ ਅਤੇ ਗਰਮ ਪੁਡਿੰਗ ਲੈਣਾ ਪਸੰਦ ਕਰਦੇ ਸਨ, ਜਦਕਿ ਗਰਮੀਆਂ ਵਿੱਚ ਉਹ ਠੰਢਾ ਸੂਪ ਅਤੇ ਸਲਾਦ ਖਾਣਾ ਪਸੰਦ ਕਰਦੇ ਸਨ। ਫੌਜੀ ਹੋਣ ਦੇ ਬਾਵਜੂਦ ਉਹ ਬਹੁਤ ਭਾਵੁਕ ਕਿਸਮ ਦੇ ਇਨਸਾਨ ਸਨ। ਉਹ ਉਨ੍ਹਾਂ ਲੋਕਾਂ ਦਾ ਬਹੁਤ ਧਿਆਨ ਰੱਖਦੇ ਸਨ ਜਿਨ੍ਹਾਂ ਕੋਲ ਸਾਧਨਾਂ ਦੀ ਘਾਟ ਸੀ। ਉਹ ਬਹੁਤ ਉੱਚ ਨੈਤਿਕ ਚਰਿੱਤਰ ਵਾਲੇ ਵਿਅਕਤੀ ਸਨ।"

ਤਸਵੀਰ ਸਰੋਤ, Getty Images
ਫ਼ੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਯੂਨੁਸ ਖ਼ਾਂ ਨੇ ਅਲੀਗੜ੍ਹ ਵਿੱਚ 'ਆਫ਼ਤਾਬ ਮੰਜ਼ਿਲ' ਨੂੰ ਆਪਣਾ ਘਰ ਬਣਾਇਆ। ਉਨ੍ਹਾਂ ਨੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਆਨਰੇਰੀ (ਬਿਨਾਂ ਤਨਖ਼ਾਹ ਦੇ) ਪ੍ਰਸ਼ਾਸਨਿਕ ਅਧਿਕਾਰੀ ਵਜੋਂ ਕੰਮ ਕੀਤਾ। 30 ਜਨਵਰੀ 1984 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਅਲੀਗੜ੍ਹ ਵਿੱਚ ਹੀ ਦਫ਼ਨਾਇਆ ਗਿਆ।
ਉਨ੍ਹਾਂ ਦੇ ਛੋਟੇ ਭਰਾ ਸਾਹਿਬਜ਼ਾਦਾ ਯਾਕੂਬ ਖ਼ਾਂ ਪਾਕਿਸਤਾਨੀ ਵਿਦੇਸ਼ ਮੰਤਰੀ ਦੇ ਤੌਰ 'ਤੇ ਕਈ ਸਾਲਾਂ ਤੱਕ ਕੰਮ ਕਰਦੇ ਰਹੇ। ਯਾਕੂਬ ਨੂੰ ਉਰਦੂ ਸ਼ਾਇਰੀ, ਖ਼ਾਸ ਕਰਕੇ ਗ਼ਾਲਿਬ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਪੇਂਟਿੰਗ ਦਾ ਵੀ ਸ਼ੌਕ ਰੱਖਦੇ ਸਨ।
ਮੁਨੀਜ਼ਾ ਸ਼ਮਸੀ ਲਿਖਦੇ ਹਨ, "ਉਨ੍ਹਾਂ ਦੇ ਕੱਪੜੇ ਬਹੁਤ ਸਟਾਈਲਿਸ਼ ਹੁੰਦੇ ਸਨ। ਉਨ੍ਹਾਂ ਦੇ ਸੂਟ ਅਤੇ ਇੱਥੋਂ ਤੱਕ ਕਿ ਸ਼ੇਰਵਾਨੀ ਵੀ ਲੰਡਨ ਦੇ ਮਸ਼ਹੂਰ ਸੇਵਿਲ ਰੋ ਵਿੱਚ ਸਿਲਾਈ ਹੁੰਦੇ ਸਨ। ਅਫ਼ਗ਼ਾਨਿਸਤਾਨ ਵਿੱਚ ਸੋਵੀਅਤ ਫੌਜੀਆਂ ਦਾ ਵਿਰੋਧ ਕਰਨ ਵਾਲੀ ਪਾਕਿਸਤਾਨੀ ਵਿਦੇਸ਼ ਨੀਤੀ ਦਾ ਉਹ ਅਹਿਮ ਹਿੱਸਾ ਸਨ।"
ਹਾਮਿਦ ਮੀਰ ਲਿਖਦੇ ਹਨ, "ਸੰਨ 1986 ਵਿੱਚ ਜਦੋਂ ਜਨਰਲ ਜ਼ਿਆ ਨੇ ਕਾਰਗਿਲ 'ਤੇ ਕਬਜ਼ਾ ਕਰਨ ਦੀ ਆਪਣੀ ਯੋਜਨਾ ਆਪਣੇ ਵਿਦੇਸ਼ ਮੰਤਰੀ ਨੂੰ ਦੱਸੀ ਤਾਂ ਉਨ੍ਹਾਂ ਨੇ ਉਸਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਪਰ ਜ਼ਿਆ ਨੇ ਉਨ੍ਹਾਂ ਦੀ ਸਲਾਹ ਦਾ ਸਨਮਾਨ ਕੀਤਾ ਅਤੇ ਉਹ ਯੋਜਨਾ ਤਿਆਗ ਦਿੱਤੀ ਗਈ।"
"ਕੁਝ ਸਾਲਾਂ ਬਾਅਦ ਬੇਨਜ਼ੀਰ ਭੁੱਟੋ ਨੇ ਵੀ ਕਾਰਗਿਲ ਦੀਆਂ ਪਹਾੜੀਆਂ 'ਤੇ ਕਬਜ਼ਾ ਕਰਨ ਲਈ ਆਪਣੇ ਫੌਜੀ ਕਮਾਂਡਰਾਂ ਦੀ ਸਲਾਹ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਨਾਲ ਸਾਂਝੀ ਕੀਤੀ। ਇਸ ਵਾਰ ਵੀ ਸਾਹਿਬਜ਼ਾਦਾ ਨੇ ਇਸ ਦਾ ਵਿਰੋਧ ਕਰਦੇ ਹੋਏ ਬੇਨਜ਼ੀਰ ਭੁੱਟੋ ਨੂੰ ਅਜਿਹਾ ਨਾ ਕਰਨ ਲਈ ਮਨਾ ਲਿਆ।"
"ਸੰਨ 1999 ਵਿੱਚ ਤੀਜੀ ਵਾਰ ਪਾਕਿਸਤਾਨੀ ਫੌਜ ਨੇ ਇਸ ਯੋਜਨਾ ਨੂੰ ਸਰਕਾਰ ਨੂੰ ਭਰੋਸੇ ਵਿੱਚ ਲਏ ਬਿਨ੍ਹਾਂ ਲਾਗੂ ਕਰਨ ਦੀ ਮੁੜ ਕੋਸ਼ਿਸ਼ ਕੀਤੀ, ਜਿਸ ਕਾਰਨ ਪਾਕਿਸਤਾਨ ਦੀ ਕਾਫ਼ੀ ਕਿਰਕਿਰੀ ਹੋਈ ਅਤੇ ਉਸਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।"

ਤਸਵੀਰ ਸਰੋਤ, Getty Images
ਸਾਹਿਬਜ਼ਾਦਾ ਯਾਕੂਬ ਖ਼ਾਨ ਦਾ ਦੇਹਾਂਤ
ਸਾਹਿਬਜ਼ਾਦਾ ਯਾਕੂਬ ਖ਼ਾਨ ਸਭ ਤੋਂ ਲੰਬੇ ਸਮੇਂ ਤੱਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਰਹੇ ਸਨ। ਉਨ੍ਹਾਂ ਨੇ ਜ਼ਿਆ-ਉਲ-ਹਕ ਤੋਂ ਇਲਾਵਾ ਬੇਨਜ਼ੀਰ ਭੁੱਟੋ ਅਤੇ ਨਵਾਜ਼ ਸ਼ਰੀਫ਼ ਨਾਲ ਵੀ ਕੰਮ ਕੀਤਾ ਸੀ। ਉਨ੍ਹਾਂ ਦੀ ਅਗਵਾਈ ਵਿੱਚ ਹੀ ਅਫ਼ਗ਼ਾਨਿਸਤਾਨ ਤੋਂ ਸੋਵੀਅਤ ਫੌਜੀਆਂ ਦੀ ਵਾਪਸੀ ਬਾਰੇ ਗੱਲ ਤੈਅ ਹੋਈ ਸੀ।
ਆਪਣੇ ਅੰਤਿਮ ਦਿਨਾਂ ਵਿੱਚ ਉਹ ਨਵਾਜ਼ ਸ਼ਰੀਫ਼ ਸਰਕਾਰ ਦੇ ਗ਼ੈਰ-ਰਸਮੀ ਸਲਾਹਕਾਰ ਵਜੋਂ ਕੰਮ ਕਰ ਰਹੇ ਸਨ।
ਹਾਮਿਦ ਮੀਰ ਲਿਖਦੇ ਹਨ, "ਇੱਕ ਵਾਰ ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੀ ਆਤਮਕਥਾ ਲਿਖਣੀ ਚਾਹੀਦੀ ਹੈ ਤਾਂ ਉਨ੍ਹਾਂ ਦਾ ਜਵਾਬ ਸੀ, ਮੈਂ ਆਪਣੀਆਂ ਉਪਲੱਬਧੀਆਂ ਅਤੇ ਦੁੱਖਾਂ ਦਾ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ। ਮੈਂ ਆਪਣੇ ਭਰਾ ਦਾ ਜ਼ਿਕਰ ਕੀਤੇ ਬਿਨ੍ਹਾਂ ਆਪਣੀ ਕਹਾਣੀ ਨਹੀਂ ਕਹਿ ਸਕਦਾ, ਜਿਨ੍ਹਾਂ ਨੇ ਭਾਰਤ ਦੀ ਸੇਵਾ ਕੀਤੀ ਸੀ। ਅਸੀਂ ਇੱਕ ਦੂਜੇ ਦੇ ਖ਼ਿਲਾਫ਼ ਲੜੇ ਸੀ। ਉਸ ਨੇ ਆਪਣਾ ਕੰਮ ਕੀਤਾ ਅਤੇ ਮੈਂ ਆਪਣਾ।"
ਆਪਣੇ ਵੱਡੇ ਭਰਾ ਦੀ ਮੌਤ ਤੋਂ ਤਕਰੀਬਨ 32 ਸਾਲ ਬਾਅਦ, ਛੋਟੇ ਭਰਾ ਨੇ 26 ਜਨਵਰੀ, 2016 ਨੂੰ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































