ਭਾਰਤ-ਚੀਨ ਦੀ 1962 ਦੀ ਜੰਗ ਵੇਲੇ ਯੁੱਧਬੰਦੀ ਬਣਾਏ ਗਏ ਭਾਰਤੀ ਫੌਜੀਆਂ ਨਾਲ ਕੀ ਹੋਇਆ ਸੀ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਪਹਾੜੀ ਰਸਤਿਆਂ 'ਤੇ ਦੋ ਦਿਨ ਲਗਾਤਾਰ ਚੱਲਣ ਦੇ ਬਾਅਦ ਬ੍ਰਿਗੇਡੀਅਰ ਪਰਸ਼ੂਰਾਮ ਜੌਨ ਦਾਲਵੀ ਨੂੰ ਇੱਕ ਖੁੱਲ੍ਹੀ ਜਿਹੀ ਜਗ੍ਹਾ ਨਜ਼ਰ ਆਈ। ਉਹ ਸਭ ਤੋਂ ਅੱਗੇ ਚੱਲ ਰਹੇ ਸਨ, ਉਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਸੱਤ ਸਾਥੀ ਸਨ।
ਉਹ ਜਿਵੇਂ ਹੀ ਤੰਗ ਰਸਤੇ 'ਤੇ ਦਾਖਲ ਹੋਏ, ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਚੀਨੀ ਇਨਫੈਂਟਰੀ ਕੰਪਨੀ ਵਿੱਚ ਪਾਇਆ। ਉਸੀ ਸਮੇਂ ਉਨ੍ਹਾਂ ਨੇ ਦੇਖਿਆ ਕਿ ਕਰੀਬ ਇੱਕ ਦਰਜਨ ਬੰਦੂਕਾਂ ਦੀਆਂ ਨਾਲਾਂ ਉਨ੍ਹਾਂ ਨੂੰ ਘੂਰ ਰਹੀਆਂ ਹਨ।
ਬ੍ਰਿਗੇਡੀਅਰ ਦਾਲਵੀ ਨੇ ਆਪਣੀ ਘੜੀ 'ਤੇ ਨਜ਼ਰ ਮਾਰੀ। 22 ਅਕਤੂਬਰ 1962 ਦੀ ਸਵੇਰ ਦੇ ਠੀਕ 9 ਵੱਜ ਕੇ 22 ਮਿੰਟ ਹੋਏ ਸਨ। ਉਹ ਅਤੇ ਉਨ੍ਹਾਂ ਦੇ ਸੱਤ ਸਾਥੀ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਬੰਦੀ ਬਣ ਚੁੱਕੇ ਸਨ। ਹੁਣ ਉਹ ਚਿਹਰੇ 'ਤੇ ਚੇਚਕ ਦੇ ਦਾਗ ਵਾਲੇ ਇੱਕ ਸਖ਼ਤ ਚੀਨੀ ਕੈਪਟਨ ਦੇ ਰਹਿਮ 'ਤੇ ਸਨ।
ਇਹ ਵੀ ਪੜ੍ਹੋ

ਤਸਵੀਰ ਸਰੋਤ, MICHAEL DALVI
ਬ੍ਰਿਗੇਡੀਅਰ ਦਾਲਵੀ ਆਪਣੀ ਕਿਤਾਬ 'ਹਿਮਾਲਿਅਨ ਬਲੰਡਰ' ਵਿੱਚ ਲਿਖਦੇ ਹਨ, ''ਪਿਛਲੇ 66 ਘੰਟਿਆਂ ਤੋਂ ਮੈਂ ਕੁਝ ਨਹੀਂ ਖਾਇਆ ਸੀ।"
"ਮੈਂ 10500 ਫੁੱਟ ਦੀ ਉੱਚਾਈ ਤੋਂ ਹੋਰ ਉੱਪਰ 18500 ਫੁੱਟ ਤੱਕ ਚੜ੍ਹਿਆ ਸੀ ਅਤੇ ਫਿਰ 10500 ਫੁੱਟ ਹੇਠ ਇੱਕ ਜਲਧਾਰਾ ਦੀ ਤਰ੍ਹਾਂ ਉਤਰ ਆਇਆ ਸੀ।"
"ਮੈਂ ਬੁਰੀ ਤਰ੍ਹਾਂ ਥੱਕ ਗਿਆ ਸੀ ਅਤੇ ਭੁੱਖਾ ਸੀ। ਮੇਰੀ ਦਾੜ੍ਹੀ ਵਧੀ ਹੋਈ ਸੀ। ਝਾੜੀਆਂ ਵਿਚਕਾਰ ਤੁਰਦੇ ਰਹਿਣ ਅਤੇ ਕੰਡੇਦਾਰ ਢਲਾਣਾਂ 'ਤੇ ਫਿਸਲਣ ਕਾਰਨ ਮੇਰੇ ਕੱਪੜੇ ਲੀਰੋ ਲੀਰ ਹੋ ਗਏ ਸਨ।''

ਤਸਵੀਰ ਸਰੋਤ, PUBLISHER
ਬ੍ਰਿਗੇਡੀਅਰ ਦਾਲਵੀ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ
ਬ੍ਰਿਗੇਡੀਅਰ ਦਾਲਵੀ ਨੂੰ ਚੀਨੀਆਂ ਨੇ ਤਿੱਬਤ ਵਿੱਚ ਸੇਥੌਂਗ ਕੈਂਪ ਵਿੱਚ ਭਾਰਤੀ ਸੈਨਿਕਾਂ ਤੋਂ ਅਲੱਗ ਬਿਲਕੁਲ ਇਕਾਂਤਵਾਸ ਵਿੱਚ ਰੱਖਿਆ ਸੀ। ਹਮੇਸ਼ਾਂ ਮਹਿਫਲਾਂ ਦੀ ਸ਼ਾਨ ਰਹਿਣ ਵਾਲੇ ਦਾਲਵੀ ਕੁਝ ਦਿਨਾਂ ਵਿੱਚ ਹੀ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਸਨ।
ਚੀਨੀ ਕਦੇ-ਕਦੇ ਉਨ੍ਹਾਂ ਨਾਲ ਟੇਬਲ ਟੈਨਿਸ, ਤਾਸ਼ ਅਤੇ ਸ਼ਤਰੰਜ ਖੇਡਦੇ ਸਨ। ਚੀਨੀਆਂ ਕੋਲ ਉਨ੍ਹਾਂ ਨੂੰ ਪੜ੍ਹਨ ਨੂੰ ਦੇਣ ਲਈ ਕੋਈ ਵੀ ਅੰਗਰੇਜ਼ੀ ਕਿਤਾਬ ਨਹੀਂ ਸੀ। ਹਫ਼ਤਿਆਂ ਬਾਅਦ ਉਨ੍ਹਾਂ ਨੂੰ ਇੱਕ ਪੈੱਨ ਅਤੇ ਲਿਖਣ ਲਈ ਕੁਝ ਕਾਗਜ਼ ਦਿੱਤੇ ਗਏ ਸਨ।
ਉਨ੍ਹਾਂ ਦੇ ਬੇਟੇ ਮਾਈਕਲ ਦਾਲਵੀ ਦੱਸਦੇ ਹਨ, ''ਮੇਰੇ ਪਿਤਾ ਉਨ੍ਹਾਂ ਕਾਗਜ਼ਾਂ 'ਤੇ ਉਨ੍ਹਾਂ ਕਿਤਾਬਾਂ ਦੇ ਨਾਂ ਲਿਖਿਆ ਕਰਦੇ ਸਨ, ਜਿਨ੍ਹਾਂ ਨੂੰ ਉਹ ਪੜ੍ਹ ਚੁੱਕੇ ਸਨ। ਉਹ ਉਨ੍ਹਾਂ ਫ਼ਿਲਮਾਂ ਦੇ ਨਾਮ ਵੀ ਲਿਖਦੇ ਸਨ ਜਿਨ੍ਹਾਂ ਨੂੰ ਉਹ ਦੇਖ ਚੁੱਕੇ ਹਨ।"
"ਉਹ ਉਨ੍ਹਾਂ ਸਾਰੇ ਅਭਿਨੇਤਾਵਾਂ ਅਤੇ ਅਭਿਨੇਤਰੀਆਂ ਦੇ ਨਾਮ ਲਿਖਦੇ ਸਨ ਜੋ ਉਨ੍ਹਾਂ ਨੂੰ ਯਾਦ ਸਨ। ਹਰ ਹਫ਼ਤੇ ਚੀਨੀ ਕਮਿਸ਼ਨਰ ਆ ਕੇ ਉਨ੍ਹਾਂ ਕਾਗਜ਼ਾਂ ਨੂੰ ਫਾੜ ਦਿੰਦਾ ਸੀ।”
ਇਹ ਵੀ ਪੜ੍ਹੋ
ਉਨ੍ਹਾਂ ਦੱਸਿਆ ਕਿ ਖਾਣੇ ਵਿੱਚ ਉਨ੍ਹਾਂ ਨੂੰ ਦਿਨ ਦੇ ਦੋ ਸਮੇਂ ਆਲੂ ਦਿੱਤਾ ਜਾਂਦਾ ਸੀ। ਹਾਂ, ਕ੍ਰਿਸਮਸ ਦੀ ਰਾਤ ਨੂੰ ਉਨ੍ਹਾਂ ਨੂੰ ਚਿਕਨ ਖਾਣ ਨੂੰ ਦਿੱਤਾ ਗਿਆ ਸੀ। ਉਨ੍ਹਾਂ ਨੇ ਉਹ ਚਿਕਨ ਚੀਨੀ ਸੈਨਿਕਾਂ ਨਾਲ ਵੰਡ ਕੇ ਖਾਧਾ ਸੀ। ਮਹੀਨੇ ਵਿੱਚ ਇੱਕ ਵਾਰ ਉਨ੍ਹਾਂ ਦੇ ਵਾਲ ਕੱਟੇ ਜਾਂਦੇ ਸਨ।
ਉਨ੍ਹਾਂ ਦੀ ਹਜ਼ਾਮਤ ਬਣਾਉਣ ਲਈ ਰੋਜ਼ਾਨਾ ਇੱਕ ਨਾਈ ਆਉਂਦਾ ਸੀ। ਚੀਨੀਆਂ ਨੂੰ ਉਨ੍ਹਾਂ 'ਤੇ ਇੰਨਾ ਵਿਸ਼ਵਾਸ ਨਹੀਂ ਸੀ ਕਿ ਉਹ ਉਨ੍ਹਾਂ ਨੂੰ ਖੁਦ ਆਪਣੀ ਹਜ਼ਾਮਤ ਕਰਨ ਦੇਣ। ਅਪ੍ਰੈਲ 1963 ਵਿੱਚ ਸਾਰੇ ਭਾਰਤੀ ਯੁੱਧ ਬੰਦੀਆਂ ਨੂੰ ਬੀਜਿੰਗ ਸ਼ਿਫਟ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ, “ਚੀਨੀ ਸਰਕਾਰ ਦੀ ਕੋਸ਼ਿਸ਼ ਸੀ ਕਿ ਉਨ੍ਹਾਂ ਬੰਦੀਆਂ ਨੂੰ ਮੇਅ ਡੇਅ ਦੀ ਪਰੇਡ ਵਿੱਚ ਹਥਕੜੀਆਂ ਅਤੇ ਬੇੜੀਆਂ ਨਾਲ ਚੀਨੀ ਜਨਤਾ ਨੂੰ ਦਿਖਾਇਆ ਜਾਵੇ। ਬ੍ਰਿਗੇਡੀਅਰ ਦਾਲਵੀ ਦੇ ਸਖ਼ਤ ਵਿਰੋਧ ਦੇ ਬਾਅਦ ਚੀਨੀਆਂ ਨੇ ਇਹ ਵਿਚਾਰ ਛੱਡ ਦਿੱਤਾ।''

ਤਸਵੀਰ ਸਰੋਤ, MICHAEL DALVI
ਕਰਨਲ ਕੇ.ਕੇ. ਤਿਵਾਰੀ ਦੀ ਬੇਇੱਜ਼ਤੀ
ਬ੍ਰਿਗੇਡੀਅਰ ਦਾਲਵੀ ਦੀ ਤਰ੍ਹਾਂ ਕਰਨਲ ਕੇ.ਕੇ. ਤਿਆਰੀ ਇੰਨੇ ਖੁਸ਼ਕਿਸਮਤ ਨਹੀਂ ਸਨ।
ਬਾਅਦ ਵਿੱਚ ਮੇਜਰ ਜਨਰਲ ਬਣੇ ਕਰਨਲ ਤਿਵਾਰੀ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੇ ਪੁੱਡੂਚੇਰੀ ਦੇ ਘਰ ਵਿੱਚ ਉਸ ਲੜਾਈ ਨੂੰ ਯਾਦ ਕਰਦੇ ਹੋਏ ਮੈਨੂੰ ਦੱਸਿਆ ਸੀ, ''ਇੱਕ ਚੀਨੀ ਅਫ਼ਸਰ ਨੇ ਮੇਰੀ ਵਰਦੀ 'ਤੇ ਲੱਗੇ ਰੈਂਕ ਨੂੰ ਦੇਖ ਲਿਆ ਸੀ ਅਤੇ ਉਹ ਮੇਰੇ ਨਾਲ ਬਹੁਤ ਬੇਇੱਜ਼ਤੀ ਨਾਲ ਪੇਸ਼ ਆ ਰਿਹਾ ਸੀ। ਮੇਰੇ ਕੋਲ ਹੀ ਪਏ ਇੱਕ ਜ਼ਖ਼ਮੀ ਗੋਰਖਾ ਸੈਨਿਕ ਨੇ ਮੈਨੂੰ ਪਛਾਣ ਕੇ ਕਿਹਾ, ''ਸਾਬ ਪਾਣੀ।'' ਮੈਂ ਕੁੱਦ ਕੇ ਉਸਦੀ ਮਦਦ ਕਰਨ ਲਈ ਅੱਗੇ ਵਧਿਆ।''

ਤਸਵੀਰ ਸਰੋਤ, CLAUDE ARPI
ਉਨ੍ਹਾਂ ਕਿਹਾ, ''ਉਦੋਂ ਚੀਨੀ ਸੈਨਿਕ ਨੇ ਮੈਨੂੰ ਮਾਰਿਆ ਅਤੇ ਆਪਣੀ ਸੀਮਤ ਅੰਗਰੇਜ਼ੀ ਨਾਲ ਮੇਰੇ 'ਤੇ ਚੀਖਿਆ, ''ਬੇਵਕੂਫ਼ ਕਰਨਲ ਬੈਠ ਜਾ। ਤੂੰ ਕੈਦੀ ਹੈਂ। ਜਦੋਂ ਤੱਕ ਮੈਂ ਤੈਨੂੰ ਕਹਾਂ ਨਾ ਤੂੰ ਹਿੱਲ ਨਹੀਂ ਸਕਦਾ, ਨਹੀਂ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਂਗਾ।''
"ਥੋੜ੍ਹੀ ਦੇਰ ਬਾਅਦ ਸਾਡੇ ਤੋਂ ਨਾਮਕਾ ਚੂ ਨਦੀ ਦੇ ਨਜ਼ਦੀਕ ਤੋਂ ਇੱਕ ਤੰਗ ਰਸਤੇ 'ਤੇ ਮਾਰਚ ਕਰਾਇਆ ਗਿਆ।"
"ਪਹਿਲੇ ਤਿੰਨ ਦਿਨਾਂ ਤੱਕ ਸਾਨੂੰ ਕੁਝ ਵੀ ਖਾਣ ਨੂੰ ਨਹੀਂ ਦਿੱਤਾ ਗਿਆ। ਉਸਦੇ ਬਾਅਦ ਪਹਿਲੀ ਵਾਰ ਸਾਨੂੰ ਉਬਲੇ ਹੋਏ ਨਮਕੀਨ ਚਾਵਲ ਅਤੇ ਸੁੱਕੀ ਤਲੀ ਹੋਈ ਮੂਲੀ ਦਾ ਖਾਣਾ ਦਿੱਤਾ ਗਿਆ।''

ਤਸਵੀਰ ਸਰੋਤ, MICHAEL DALVi
ਪੁਆਲ ਨੂੰ ਗੱਦੇ ਦੀ ਤਰ੍ਹਾਂ ਵਰਤਿਆ
ਮੇਜਰ ਜਨਰਲ ਤਿਵਾਰੀ ਨੇ ਮੈਨੂੰ ਅੱਗੇ ਦੱਸਿਆ, ''ਮੈਨੂੰ ਪਹਿਲੇ ਦੋ ਦਿਨਾਂ ਤੱਕ ਇੱਕ ਹਨੇਰੇ ਅਤੇ ਸਿਲ੍ਹ ਵਾਲੇ ਕਮਰੇ ਵਿੱਚ ਇਕੱਲਾ ਰੱਖਿਆ ਗਿਆ। ਇਸਦੇ ਬਾਅਦ ਕਰਨਲ ਰਿਖ ਨੂੰ ਮੇਰੇ ਕਮਰੇ ਵਿੱਚ ਲਿਆਂਦਾ ਗਿਆ ਜੋ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਸਨ।"
"ਸਾਨੂੰ ਨਾਸ਼ਤਾ ਸਵੇਰੇ ਸੱਤ ਤੋਂ ਸਾਢੇ ਦਸ ਤੋਂ ਗਿਆਰਾਂ ਵਜੇ ਤੱਕ, ਰਾਤ ਦਾ ਖਾਣਾ ਤਿੰਨ ਤੋਂ ਸਾਢੇ ਤਿੰਨ ਵਜੇ ਦੇ ਵਿਚਕਾਰ ਦਿੱਤਾ ਜਾਂਦਾ ਸੀ।''
''ਜਿਨ੍ਹਾਂ ਘਰਾਂ ਵਿੱਚ ਸਾਨੂੰ ਠਹਿਰਾਇਆ ਗਿਆ ਸੀ, ਉਨ੍ਹਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਗਾਇਬ ਸਨ। ਸ਼ਾਇਦ ਚੀਨੀਆਂ ਨੇ ਉਨ੍ਹਾਂ ਦੀ ਵਰਤੋਂ ਈਂਧਣ ਦੇ ਤੌਰ 'ਤੇ ਕਰ ਲਈ ਸੀ।"
"ਜਦੋਂ ਸਾਨੂੰ ਅੰਦਰ ਲਿਆਂਦਾ ਜਾ ਰਿਹਾ ਸੀ ਤਾਂ ਅਸੀਂ ਦੇਖਿਆ ਕਿ ਉੱਥੇ ਪੁਆਲ ਦਾ ਢੇਰ ਲੱਗਿਆ ਹੋਇਆ ਸੀ। ਅਸੀਂ ਚੀਨੀਆਂ ਤੋਂ ਪੁੱਛਿਆ ਕਿ ਕੀ ਅਸੀਂ ਇਨ੍ਹਾਂ ਦੀ ਵਰਤੋਂ ਕਰ ਸਕਦੇ ਹਾਂ। ਉਨ੍ਹਾਂ ਨੇ ਸਾਡੀ ਗੁਜ਼ਾਰਿਸ਼ ਮੰਨ ਲਈ। ਇਸਦੇ ਬਾਅਦ ਤਾਂ ਅਸੀਂ ਉਸ ਪੁਆਲ ਨੂੰ ਗੱਦੇ ਦੇ ਤੌਰ 'ਤੇ ਵੀ ਵਰਤਿਆ ਅਤੇ ਕੰਬਲ ਦੇ ਤੌਰ 'ਤੇ ਵੀ।"

ਤਸਵੀਰ ਸਰੋਤ, CLAUD ARPI
ਲਤਾ ਮੰਗੇਸ਼ਕਰ ਦਾ ਗੀਤ ਅਤੇ ਬਹਾਦੁਰਸ਼ਾਹ ਜ਼ਫ਼ਰ ਦੀਆਂ ਗਜ਼ਲਾਂ
ਚੀਨੀ ਜੇਲ੍ਹਾਂ ਵਿੱਚ ਆਪਣੇ ਦਿਨਾਂ ਨੂੰ ਯਾਦ ਕਰਦੇ ਹੋਏ ਮੇਜਰ ਜਨਰਲ ਤਿਵਾਰੀ ਨੇ ਦੱਸਿਆ, ''ਚੀਨੀ ਅਕਸਰ ਪਬਲਿਕ ਅਡਰੈੱਸ ਸਿਸਟਮ 'ਤੇ ਭਾਰਤੀ ਸੰਗੀਤ ਵਜਾਉਂਦੇ ਸਨ। ਇੱਕ ਗੀਤ ਵਾਰ-ਵਾਰ ਵਜਾਇਆ ਜਾਂਦਾ ਸੀ, ਉਹ ਸੀ ਲਤਾ ਮੰਗੇਸ਼ਕਰ ਦਾ 'ਆਜਾ ਰੇ ਮੈਂ ਤੋਂ ਅਬ ਸੇ ਖੜ੍ਹੀ ਇਸ ਪਾਰ।' ਇਹ ਗੀਤ ਸੁਣ ਕੇ ਸਾਨੂੰ ਘਰ ਦੀ ਯਾਦ ਸਤਾਉਣ ਲੱਗਦੀ ਸੀ।"
"ਸਾਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਇੱਕ ਦਿਨ ਚੀਨੀ ਔਰਤ ਨੇ ਆ ਕੇ ਸਾਨੂੰ ਬਹਾਦੁਰਸ਼ਾਹ ਜ਼ਫ਼ਰ ਦੀਆਂ ਕੁਝ ਗ਼ਜ਼ਲਾਂ ਸੁਣਾਈਆਂ। ਸ਼ਾਇਦ ਇਹ ਉਰਦੂ ਬੋਲਣ ਵਾਲੀ ਔਰਤ ਲਖਨਊ ਵਿੱਚ ਕਈ ਸਾਲਾਂ ਤੱਕ ਰਹੀ ਹੋਵੇਗੀ।''
1962 ਦੇ ਯੁੱਧ ਵਿੱਚ ਚੀਨ ਨੇ 3942 ਭਾਰਤੀਆਂ ਨੂੰ ਯੁੱਧਬੰਦੀ ਬਣਾਇਆ ਸੀ ਜਦੋਂਕਿ ਭਾਰਤ ਦੇ ਹੱਥ ਚੀਨ ਦਾ ਇੱਕ ਵੀ ਯੁੱਧਬੰਦੀ ਨਹੀਂ ਲੱਗਿਆ ਸੀ।
ਭਾਰਤ ਨੇ 1951 ਵਿੱਚ ਯੁੱਧਬੰਦੀਆਂ ਨਾਲ ਸਬੰਧਿਤ ਜੇਨੇਵਾ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ ਜਦੋਂਕਿ ਚੀਨ ਨੇ ਜੁਲਾਈ 1952 ਵਿੱਚ ਇਸ ਸਮਝੌਤੇ ਨੂੰ ਮਾਨਤਾ ਦਿੱਤੀ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਸੁਰਿੰਦਰ ਚੋਪੜਾ ਨੇ 'ਇੰਡੀਅਨ ਜਰਨਲ ਆਫ ਪੌਲਿਟਿਕਲ ਸਾਇੰਸ' ਦੇ ਅਕਤੂਬਰ, 1968 ਦੇ ਅੰਕ ਵਿੱਚ 'ਸਾਇਨੋ-ਇੰਡੀਅਨ ਬਾਰਡਰ ਕਨਫਿਲਿਕਟ ਐਂਡ ਦਿ ਟਰੀਟਮੈਂਟ ਆਫ਼ ਪ੍ਰਿਜ਼ਨਰ ਆਫ ਵਾਰ' ਸਿਰਲੇਖ ਨਾਲ ਇੱਕ ਲੇਖ ਲਿਖਿਆ ਸੀ।
ਇਸ ਵਿੱਚ ਉਨ੍ਹਾਂ ਨੇ ਚੀਨ ਵਿੱਚ ਰਹੇ ਇੱਕ ਭਾਰਤੀ ਯੁੱਧਬੰਦੀ ਨੂੰ ਦੱਸਿਆ, ''ਜਿਸ ਦਿਨ ਮੈਨੂੰ ਫੜਿਆ ਗਿਆ, ਉੱਥੇ ਮੇਰੇ ਨਾਲ 15-18 ਹੋਰ ਜ਼ਖ਼ਮੀ ਸੈਨਿਕ ਸਨ।"
"ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਤੁਰੰਤ ਜ਼ਰੂਰਤ ਸੀ, ਉਹ ਦਰਦ ਨਾਲ ਚੀਖ ਰਹੇ ਸਨ, ਪਰ ਚੀਨੀਆਂ ਨੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ।"
"ਕਿਸੇ ਵੀ ਜ਼ਖ਼ਮੀ ਨੂੰ ਪਹਿਲੇ 48 ਘੰਟਿਆਂ ਵਿੱਚ ਖਾਣ ਲਈ ਕੁਝ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਦੀ ਦਰਦ ਭਰੀ ਅਪੀਲ ਦੇ ਬਾਵਜੂਦ ਉਨ੍ਹਾਂ ਨੂੰ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਦਿੱਤੀ ਗਈ। ਇਹ ਜੇਨੇਵਾ ਸਮਝੌਤੇ ਦੀ ਧਾਰਾ 12-15 ਦੀ ਘੋਰ ਉਲੰਘਣਾ ਸੀ।''

ਤਸਵੀਰ ਸਰੋਤ, Getty Images
ਚੀਨੀਆਂ ਨੇ ਲਈ ਵਾਧੂ ਜਾਣਕਾਰੀ
ਇਹੀ ਨਹੀਂ ਜੇਨੇਵਾ ਸਮਝੌਤੇ ਦੀ ਧਾਰਾ 17 ਅਨੁਸਾਰ ਬੰਦੀ ਬਣਾਏ ਜਾਣ ਦੇ ਬਾਅਦ ਯੁੱਧਬੰਦੀ ਤੋਂ ਸਿਰਫ਼ ਉਸਦਾ ਨਾਮ, ਸੈਨਾ ਰੈਜੀਮੈਂਟਲ ਨੰਬਰ, ਪਦ ਨਾਮ ਅਤੇ ਜਨਮ ਮਿਤੀ ਪੁੱਛੀ ਜਾ ਸਕਦੀ ਹੈ, ਪਰ ਚੀਨੀਆਂ ਨੇ ਭਾਰਤੀ ਯੁੱਧਬੰਦੀਆਂ ਤੋਂ ਇੱਕ ਫਾਰਮ ਭਰਵਾਇਆ ਜਿਸ ਵਿੱਚ ਪੁੱਛਿਆ ਗਿਆ ਸੀ-
1. ਤੁਹਾਡੇ ਕੋਲ ਕਿੰਨੀ ਜ਼ਮੀਨ ਹੈ?
2. ਤੁਹਾਡੇ ਕਿੰਨੇ ਘਰ ਹਨ?
3. ਤੁਹਾਡੀ ਸਾਲਾਨਾ ਆਮਦਨ ਕਿੰਨੀ ਹੈ?
4. ਤੁਹਾਡੇ ਪਰਿਵਾਰ ਵਿੱਚ ਕਿੰਨੇ ਮੈਂਬਰ ਹਨ?
5. ਤੁਸੀਂ ਕਿਸ ਰਾਜਨੀਤਕ ਦਲ ਦੇ ਸਮਰਥਕ ਹੋ?
6. ਤੁਸੀਂ ਕਿੰਨੇ ਦੇਸ਼ਾਂ ਦਾ ਦੌਰਾ ਕੀਤਾ ਹੈ?
ਸੁਰਿੰਦਰ ਚੋਪੜਾ ਲਿਖਦੇ ਹਨ ਕਿ 'ਜਦੋਂ ਭਾਰਤੀ ਸੈਨਿਕਾਂ ਨੇ ਇਹ ਜਾਣਕਾਰੀ ਲੈਣ ਦਾ ਵਿਰੋਧ ਕੀਤਾ ਤਾਂ ਚੀਨੀਆਂ ਨੇ ਕਿਹਾ ਕਿ ਇਹ ਜਾਣਕਾਰੀ ਤੁਹਾਡੀ ਆਪਣੀ ਸਰਕਾਰ ਨੇ ਤੁਹਾਡੀ ਪਛਾਣ ਲਈ ਮੰਗਵਾਈ ਹੈ। ਇਸਦੇ ਇਲਾਵਾ ਸੈਨਿਕਾਂ ਤੋਂ ਸੈਨਾ ਦੀ ਤਾਇਨਾਤੀ, ਉਨ੍ਹਾਂ ਦੇ ਹਥਿਆਰਾਂ ਅਤੇ ਉਨ੍ਹਾਂ ਦੇ ਅਫ਼ਸਰਾਂ ਬਾਰੇ ਵੀ ਪੁੱਛਿਆ ਗਿਆ ਜੋ ਕਿ ਜੇਨੇਵਾ ਸਮਝੌਤੇ ਦੀ ਸਾਫ਼ ਉਲੰਘਣਾ ਸੀ।'

ਤਸਵੀਰ ਸਰੋਤ, Getty Images
ਜਵਾਨਾਂ ਨੂੰ ਅਫ਼ਸਰਾਂ ਦੀ ਬੇਇੱਜ਼ਤੀ ਕਰਨ ਲਈ ਉਕਸਾਇਆ ਗਿਆ
ਜੇਨੇਵਾ ਸਮਝੌਤੇ ਦੀ ਧਾਰਾ 11 ਵਿੱਚ ਕਿਹਾ ਗਿਆ ਹੈ ਕਿ ਯੁੱਧਬੰਦੀਆਂ ਨੂੰ ਦਿੱਤਾ ਜਾਣ ਵਾਲਾ ਭੋਜਨ ਮਾਤਰਾ, ਗੁਣਵੱਤਾ ਅਤੇ ਭਿੰਨਤਾ ਵਿੱਚ ਬੰਦੀ ਬਣਾਉਣ ਵਾਲੇ ਦੇਸ਼ ਦੇ ਸੈਨਿਕਾਂ ਦੇ ਬਰਾਬਰ ਹੋਣਾ ਚਾਹੀਦਾ ਹੈ, ਪਰ ਚੀਨ ਵਿੱਚ ਭਾਰਤੀ ਯੁੱਧਬੰਦੀਆਂ ਨੂੰ ਰੋਜ਼ਾਨਾ 1400 ਕੈਲਰੀ ਤੋਂ ਜ਼ਿਆਦਾ ਭੋਜਨ ਨਹੀਂ ਮਿਲਿਆ ਜਦੋਂਕਿ ਉਹ ਭਾਰਤ ਵਿੱਚ ਰੋਜ਼ਾਨਾ 2500 ਕੈਲਰੀ ਭੋਜਨ ਦੇ ਆਦੀ ਸਨ।
ਇਸਦੇ ਇਲਾਵਾ ਸੀਨੀਅਰ ਅਧਿਕਾਰੀਆਂ ਦੀ ਹਰ ਜਗ੍ਹਾ ਬੇਇੱਜ਼ਤੀ ਕੀਤੀ ਗਈ। ਇੱਕ ਸੀਨੀਅਰ ਅਧਿਕਾਰੀ ਨੇ ਇੱਕ ਹਲਫ਼ਨਾਮੇ ਵਿੱਚ ਕਿਹਾ, ''ਚੀਨੀਆਂ ਨੇ ਸਾਨੂੰ ਵਾਰ-ਵਾਰ ਕਿਹਾ ਕਿ ਹੁਣ ਅਸੀਂ ਅਫ਼ਸਰ ਨਹੀਂ ਰਹੇ।"
"ਉਨ੍ਹਾਂ ਨੇ ਸਾਡੇ ਜਵਾਨਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਫ਼ਸਰਾਂ ਨੂੰ ਸਲਾਮ ਕਰਨ ਦੀ ਕੋਈ ਜ਼ਰੂਰਤ ਨਹੀਂ, ਬਲਕਿ ਉਨ੍ਹਾਂ ਨੇ ਜਵਾਨਾਂ ਨੂੰ ਆਪਣੇ ਅਫ਼ਸਰਾਂ ਪ੍ਰਤੀ ਸਨਮਾਨ ਦਿਖਾਉਣ ਲਈ ਪ੍ਰੋਤਸਾਹਨ ਨਹੀਂ ਦਿੱਤਾ।”
ਉਨ੍ਹਾਂ ਕਿਹਾ ਕਿ ਜਦੋਂ ਵੀ ਸਾਡੇ ਜਵਾਨ ਸਾਨੂੰ ਸਲਾਮ ਕਰਦੇ ਚੀਨੀ ਉਨ੍ਹਾਂ 'ਤੇ ਚੀਖਦੇ ਅਤੇ ਕਹਿੰਦੇ ਕਿ ਇਨ੍ਹਾਂ ਅਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਹੈ। ਇਹ ਵੀ ਤੁਹਾਡੀ ਤਰ੍ਹਾਂ ਯੁੱਧਬੰਦੀ ਹਨ।"
ਉਨ੍ਹਾਂ ਕਿਹਾ, “ਇਸ ਦਾ ਇੱਕਮਾਤਰ ਉਦੇਸ਼ ਸੀ ਸਾਡੇ ਸੈਨਿਕਾਂ ਵਿੱਚ ਅਨੁਸ਼ਾਸਨਹੀਣਤਾ ਨੂੰ ਪ੍ਰੋਤਸਾਹਨ ਦੇਣਾ, ਸਾਡੇ ਤੋਂ ਸਾਡੇ ਜਵਾਨਾਂ ਦੇ ਸਾਹਮਣੇ ਰਾਸ਼ਨ, ਈਂਧਣ ਅਤੇ ਪਾਣੀ ਚੁੱਕਵਾਇਆ ਜਾਂਦਾ ਅਤੇ ਕੈਂਪ ਵਿੱਚ ਝਾੜੂ ਲਗਾਉਣ ਲਈ ਕਿਹਾ ਜਾਂਦਾ। ਕੁਝ ਜਵਾਨਾਂ 'ਤੇ ਚੀਨੀਆਂ ਦੀ ਇਸ ਮੁਹਿੰਮ ਦਾ ਅਸਰ ਵੀ ਪਿਆ।''

ਤਸਵੀਰ ਸਰੋਤ, Getty Images
ਖੂਨ ਨਾਲ ਭਰੀਆਂ ਪੱਟੀਆਂ ਨੂੰ ਧੋ ਕੇ ਦੁਬਾਰਾ ਵਰਤਿਆ
2 ਰਾਜਪੂਤ ਯੂਨਿਟ ਦੇ ਮੇਜਰ ਓਂਕਾਰ ਨਾਥ ਦੁਬੇ ਨੂੰ ਨਾਮਕਾ ਛੂ ਦੀ ਲੜਾਈ ਵਿੱਚ 16 ਗੋਲੀਆਂ ਲੱਗੀਆਂ ਸਨ। ਜ਼ਖ਼ਮੀ ਹੋਣ ਤੋਂ ਬਾਅਦ ਚੀਨੀਆਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ।
ਉਨ੍ਹਾਂ ਨਾਲ 70 ਜਵਾਨ ਲੜ ਰਹੇ ਸਨ ਜਿਸ ਵਿੱਚੋਂ ਸਿਰਫ਼ ਤਿੰਨ ਜੀਵਤ ਬਚੇ ਸਨ। ਇਸ ਸਮੇਂ ਵਾਰਾਣਸੀ ਵਿੱਚ ਰਹੇ ਮੇਜਰ ਦੁਬੇ ਨੂੰ ਤਿੱਬਤ ਵਿੱਚ ਲਹਾਸਾ ਕੋਲ ਮਾਮਾਂਰਗ ਕੈਂਪ ਵਿੱਚ ਯੁੱਧਬੰਦੀ ਦੇ ਤੌਰ 'ਤੇ ਰੱਖਿਆ ਗਿਆ ਸੀ।
ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਮੇਜਰ ਓਂਕਾਰਨਾਥ ਦੁਬੇ ਦੱਸਦੇ ਹਨ, ''ਟੁੱਟੇ ਹੋਏ ਘਰਾਂ ਵਿੱਚ ਹੀ ਹਸਪਤਾਲ ਬਣਾ ਦਿੱਤਾ ਗਿਆ ਸੀ। ਉਹ ਨਾਮ ਦਾ ਹੀ ਹਸਪਤਾਲ ਸੀ।"
"ਉੱਥੇ ਐਕਸ ਰੇ ਦੀ ਕੋਈ ਮਸ਼ੀਨ ਨਹੀਂ ਸੀ, ਉੱਥੇ ਹੀ ਮੇਰੇ ਸਰੀਰ ਤੋਂ 15 ਗੋਲੀਆਂ ਕੱਢੀਆਂ ਗਈਆਂ। ਜਦੋਂ ਮੈਂ ਜਨਵਰੀ 1963 ਵਿੱਚ ਭਾਰਤ ਪਰਤਿਆ ਤਾਂ 16ਵੀਂ ਗੋਲੀ ਭਾਰਤੀ ਸੈਨਾ ਦੇ ਡਾਕਟਰਾਂ ਨੇ ਕੱਢੀ।”

ਤਸਵੀਰ ਸਰੋਤ, MAJOR OMKAR NATH DUBEY
ਉਨ੍ਹਾਂ ਕਿਹਾ, “ਚੀਨ ਵਿੱਚ ਮੇਰੇ ਜ਼ਖ਼ਮਾਂ ਵਿੱਚ ਲੱਗੀਆਂ ਖੂਨ ਨਾਲ ਭਰੀਆਂ ਪੱਟੀਆਂ ਨੂੰ ਪਾਣੀ ਵਿੱਚ ਉਬਾਲਣ ਅਤੇ ਸੁਕਾਉਣ ਤੋਂ ਬਾਅਦ ਦੁਬਾਰਾ ਸਾਡੇ ਸਰੀਰ 'ਤੇ ਲਗਾ ਦਿੱਤਾ ਜਾਂਦਾ ਸੀ। ਉਨ੍ਹਾਂ ਕੋਲ ਤਾਜ਼ੀਆਂ ਪੱਟੀਆਂ ਅਤੇ ਰੂੰਈ ਤੱਕ ਨਹੀਂ ਸੀ।''
ਮੇਜਰ ਦੁਬੇ ਅੱਗੇ ਦੱਸਦੇ ਹਨ, ''ਸਾਨੂੰ ਸੌਣ ਲਈ ਇੱਕ ਚਟਾਈ ਦਿੱਤੀ ਗਈ ਸੀ ਜਿਸ 'ਤੇ ਵਿਛਾਉਣ ਲਈ ਬਹੁਤ ਪਤਲਾ ਗੱਦਾ ਦਿੱਤਾ ਗਿਆ ਸੀ। ਸਾਡੀਆਂ ਰਜਾਈਆਂ ਵੀ ਬਹੁਤ ਗੰਦੀਆਂ ਸਨ ਅਤੇ ਇੱਕ ਰਜਾਈ ਨਾਲ ਅਸੀਂ ਕਈ ਲੋਕ ਕੰਮ ਚਲਾਉਂਦੇ ਸੀ। ਖਾਣਾ ਬਹੁਤ ਹੀ ਖਰਾਬ ਸੀ। ਚਾਵਲ ਨਾਲ ਉੱਥੋਂ ਦੀ ਇੱਕ ਘਾਹ ਦੀ ਸਬਜ਼ੀ ਦਿੱਤੀ ਜਾਂਦੀ ਸੀ।''
ਮੇਜਰ ਓਂਕਾਰਨਾਥ ਦੁਬੇ ਦੱਸਦੇ ਹਨ ਕਿ ''ਚੀਨੀਆਂ ਦਾ ਵਿਵਹਾਰ ਗੋਰਖਾ ਸੈਨਿਕਾਂ ਪ੍ਰਤੀ ਸਾਡੇ ਲੋਕਾਂ ਦੀ ਤੁਲਨਾ ਵਿੱਚ ਬਿਹਤਰ ਸੀ। ਉਨ੍ਹਾਂ ਨੂੰ ਖਾਣਾ ਵੀ ਸਾਡੇ ਤੋਂ ਬਿਹਤਰ ਮਿਲਦਾ ਸੀ।''
ਚੀਨੀ ਉਨ੍ਹਾਂ ਨੂੰ ਕਿਹਾ ਕਰਦੇ ਸਨ ਕਿ ਨੇਪਾਲੀ ਅਤੇ ਚੀਨੀ ਭਾਈ-ਭਾਈ ਹਨ। ਉਨ੍ਹਾਂ ਨੇ ਨੇਪਾਲ ਨੂੰ ਸਿੱਧੇ ਇਨ੍ਹਾਂ ਗੋਰਖਾ ਯੁੱਧਬੰਦੀਆਂ ਨੂੰ ਵਾਪਸ ਭੇਜਣ ਦੀ ਪੇਸ਼ਕਸ਼ ਕੀਤੀ ਸੀ ਜਿਸਨੂੰ ਨੇਪਾਲ ਨੇ ਅਸਵੀਕਾਰ ਕਰ ਦਿੱਤਾ ਸੀ।

ਤਸਵੀਰ ਸਰੋਤ, MAJOR DUBEY
ਹਿੰਦੀ ਚੀਨੀ ਭਾਈ-ਭਾਈ ਦਾ ਗੀਤ
ਬ੍ਰਿਗੇਡੀਅਰ ਅਮਰਜੀਤ ਬਹਿਲ 1962 ਵਿੱਚ ਸੈਂਕਿੰਡ ਲੈਫਟੀਨੈਂਟ ਦੇ ਪਦ 'ਤੇ ਕੰਮ ਕਰ ਰਹੇ ਸਨੇ
ਬ੍ਰਿਗੇਡੀਅਰ ਬਹਿਲ ਨੇ ਮੈਨੂੰ ਦੱਸਿਆ ਸੀ, ''ਸਾਡੀਆਂ ਸਾਰੀਆਂ ਗੋਲੀਆਂ ਖਤਮ ਹੋ ਗਈਆਂ ਸਨ। ਇਸ ਲਈ ਸਾਨੂੰ ਨਾ ਚਾਹੁੰਦੇ ਹੋਏ ਵੀ ਯੁੱਧਬੰਦੀ ਬਣਨਾ ਪਿਆ।"
"ਚੀਨੀ ਸੈਨਿਕਾਂ ਨੇ ਮੇਰੇ ਸਿਰ 'ਤੇ ਪਿਸਤੌਲ ਦਾ ਬਟ ਮਾਰਿਆ ਅਤੇ ਮੇਰੀ ਪਿਸਤੌਲ ਖੋਹ ਲਈ। ਫਿਰ ਮੈਨੂੰ ਸ਼ੇਨ ਈ ਯੁੱਧਬੰਦੀ ਕੈਂਪ ਵਿੱਚ ਪਹੁੰਚਾਇਆ ਗਿਆ। ਇਸ ਕੈਂਪ ਵਿੱਚ ਲਗਭਗ 500 ਯੁੱਧਬੰਦੀ ਸਨ।”
ਉਨ੍ਹਾਂ ਦੱਸਿਆ, “ਭਾਰਤੀ ਜਵਾਨ ਹੀ ਸਾਡਾ ਖਾਣਾ ਬਣਾਉਂਦੇ ਸਨ। ਇਸਦਾ ਇੱਕ ਫਾਇਦਾ ਮੈਨੂੰ ਇਹ ਹੋਇਆ ਕਿ ਮੈਨੂੰ ਸਵੇਰੇ ਸਵੇਰੇ ਫਿੱਕੀ ਬਲੈਕ ਟੀ ਮਿਲ ਜਾਂਦੀ ਸੀ। ਖਾਣੇ ਵਿੱਚ ਸਾਨੂੰ ਦੋਵੇਂ ਵਕਤ ਰੋਟੀ, ਚਾਵਲ ਅਤੇ ਮੂਲੀ ਦੀ ਸਬਜ਼ੀ ਹੀ ਦਿੱਤੀ ਜਾਂਦੀ ਸੀ। ਉੱਥੇ ਹਰ ਸਮੇਂ ''ਗੂੰਜ ਰਹਾ ਹੈ ਚਾਰੋਂ ਓਰ, ਹਿੰਦੀ ਚੀਨੀ ਭਾਈ-ਭਾਈ'- ਇਹ ਗੀਤ ਵੱਜਦਾ ਰਹਿੰਦਾ ਸੀ। ਇਹ ਗੀਤ ਸੁਣ ਸੁਣ ਕੇ ਸਾਡੇ ਕੰਨ ਪੱਕ ਗਏ ਸਨ।''
ਇਹ ਵੀ ਪੜ੍ਹੋ

ਬ੍ਰਿਗੇਡੀਅਰ ਬਹਿਲ ਨੇ ਅੱਗੇ ਕਿਹਾ, ''ਯੁੱਧਬੰਦੀ ਦੇ ਤੌਰ 'ਤੇ ਸੈਨਿਕਾਂ ਨਾਲ ਸਖ਼ਤੀ ਵੀ ਹੁੰਦੀ ਹੈ ਅਤੇ ਮਾਰ ਕੁਟਾਈ ਵੀ। ਮੇਰੇ ਨਾਲ ਵੀ ਅਜਿਹਾ ਹੋਇਆ, ਪਰ ਮੈਂ ਉਸ ਸਮੇਂ ਜਵਾਨ ਸੀ, ਇਸ ਲਈ ਮੈਂ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ।
ਚੀਨੀ ਸੈਨਿਕ ਅਧਿਕਾਰੀ ਅਨੁਵਾਦਕ ਦੀ ਮਦਦ ਨਾਲ ਭਾਰਤੀ ਯੁੱਧਬੰਦੀਆਂ ਨਾਲ ਗੱਲ ਕਰਦੇ ਸਨ ਅਤੇ ਉਨ੍ਹਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਸਨ ਕਿ ਭਾਰਤ ਅਮਰੀਕਾ ਦਾ ਪਿੱਠੂ ਹੈ, 'ਪਰ ਸਾਡੇ 'ਤੇ ਉਸਦਾ ਕੋਈ ਅਸਰ ਨਹੀਂ ਹੋਇਆ'।
ਫਿਰ ਉਹ ਦਿਨ ਵੀ ਆਇਆ ਜਦੋਂ ਬਹਿਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਛੱਡਣ ਦਾ ਐਲਾਨ ਹੋਇਆ।
ਬਹਿਲ ਯਾਦ ਕਰਦੇ ਹਨ, ''ਇਹ ਸੁਣ ਕੇ ਸਾਨੂੰ ਇੰਨੀ ਖੁਸ਼ੀ ਹੋਈ ਕਿ ਸਮਾਂ ਲੰਘਾਏ ਨਹੀਂ ਲੰਘ ਰਿਹਾ ਸੀ। ਅਗਲੇ ਵੀਹ ਦਿਨ ਵੀਹ ਮਹੀਨੇ ਦੀ ਤਰ੍ਹਾਂ ਲੱਗੇ ਸਨ। ਸਾਨੂੰ ਗੁਮਲਾ ਵਿੱਚ ਛੱਡਿਆ ਗਿਆ। ਸੀਮਾ ਪਾਰ ਕਰਦੇ ਹੀ ਅਸੀਂ ਭਾਰਤ ਦੀ ਧਰਤੀ ਨੂੰ ਚੁੰਮਿਆ ਅਤੇ ਬੋਲਿਆ 'ਮਾਤਰਭੂਮੀ ਯੇ ਦੇਵਤੁਲਯ ਯੇ ਭਾਰਤ ਭੂਮੀ ਹਮਾਰੀ।''
ਬਹਿਲ ਇਹ ਦੱਸਦੇ ਹੋਏ ਕਾਫ਼ੀ ਭਾਵੁਕ ਹੋ ਗਏ ਅਤੇ ਉਨ੍ਹਾਂ ਦਾ ਗਲਾ ਭਰ ਆਇਆ। ਉਨ੍ਹਾਂ ਨੇ ਕਿਹਾ ਭਾਰਤ ਵਿੱਚ ਕਦਮ ਰੱਖਣ ਦੇ ਬਾਅਦ ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਚੰਗੀ ਚਾਹ ਮਿਲੀ। ਇਸ ਵਿੱਚ ਦੁੱਧ ਵੀ ਸੀ ਅਤੇ ਚੀਨੀ ਵੀ ਅਤੇ ਇਹ ਚਾਹ ਉਨ੍ਹਾਂ ਲਈ ਅੰਮ੍ਰਿਤ ਦੀ ਤਰ੍ਹਾਂ ਸੀ।
ਇਹ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












