12 ਸਾਲ ਦੀ ਬੱਚੀ ਦੀ ਨੱਕ ਅਤੇ ਅੱਖਾਂ 'ਚ ਫੰਗਸ ਕਿਵੇਂ ਹੋਈ, ਇਹ ਫੰਗਸ ਕੀ ਹੈ ਅਤੇ ਇਸਦਾ ਇਲਾਜ ਕਿਵੇਂ ਕੀਤਾ ਗਿਆ

ਇੱਕ ਬੱਚੀ ਦੀ ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ
    • ਲੇਖਕ, ਲਕਸ਼ਮੀ ਪਟੇਲ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਅੱਖਾਂ ’ਚੋਂ ਪਾਣੀ ਆਉਣਾ, ਨੱਕ ਬੰਦ ਹੋਣਾ ਜਾਂ ਸੁੰਘਣ ਦੀ ਸਮਰੱਥਾ ਘਟਣਾ ਵਰਗੇ ਆਮ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਗੁਜਰਾਤ ਦੇ ਸੋਲਾ ਸਿਵਿਲ ਹਸਪਤਾਲ 'ਚ ਇੱਕ 12 ਸਾਲ ਦੀ ਕੁੜੀ ਦੀਆਂ ਅੱਖਾਂ, ਨੱਕ ਅਤੇ ਦਿਮਾਗ ਦੇ ਕੁਝ ਹਿੱਸਿਆਂ ਵਿੱਚੋਂ ਫੰਗਸ ਕੱਢਣ ਲਈ ਸਰਜਰੀ ਕੀਤੀ ਗਈ।

ਇਸ ਫੰਗਲ ਇਨਫੈਕਸ਼ਨ ਨੂੰ ਡਾਕਟਰੀ ਭਾਸ਼ਾ 'ਚ ਐਲਰਜਿਕ ਫੰਗਲ ਰਾਈਨੋਸਿਨੁਸਾਇਟਿਸ ਕਿਹਾ ਜਾਂਦਾ ਹੈ।

ਜੇ ਇਸ ਕਿਸਮ ਦੇ ਫੰਗਲ ਇਨਫੈਕਸ਼ਨ ਦਾ ਲੰਬੇ ਸਮੇਂ ਤੱਕ ਇਲਾਜ ਨਾ ਕੀਤਾ ਜਾਵੇ ਤਾਂ ਇਸਦਾ ਪ੍ਰਭਾਵਿਤ ਹਿੱਸਿਆਂ 'ਤੇ ਮਾਰੂ ਅਸਰ ਪੈ ਸਕਦਾ ਹੈ, ਜਿਵੇਂ ਅੱਖਾਂ ਦੀ ਰੌਸ਼ਨੀ ਅਤੇ ਦਿਮਾਗ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।

ਬਨਾਸਕਾਂਠਾ ਜ਼ਿਲ੍ਹੇ ਦੇ ਲਖਾਣੀ ਤਹਿਸੀਲ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ 12 ਸਾਲ ਦੀ ਕੁੜੀ ਪਿਛਲੇ ਤਿੰਨ ਮਹੀਨਿਆਂ ਤੋਂ ਅੱਖਾਂ ’ਚੋਂ ਪਾਣੀ ਆਉਣ, ਨੱਕ ਬੰਦ ਹੋਣ ਅਤੇ ਚੱਕਰ ਆਉਣ ਦੀ ਸਮੱਸਿਆ ਨਾਲ ਪੀੜਤ ਸੀ।

ਸ਼ੁਰੂਆਤ 'ਚ ਮਾਤਾ-ਪਿਤਾ ਨੂੰ ਲੱਗਾ ਕਿ ਇਹ ਲੱਛਣ ਸਰਦੀ-ਜ਼ੁਕਾਮ ਦੇ ਹਨ। ਪਹਿਲਾਂ ਬੱਚੀ ਦਾ ਇਲਾਜ ਸਥਾਨਕ ਡਾਕਟਰਾਂ ਨੇ ਕੀਤਾ ਪਰ ਉਸਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ। ਫਿਰ ਬੱਚੀ ਨੂੰ ਇਲਾਜ ਲਈ ਵਿਸਨਗਰ, ਡੀਸਾ ਅਤੇ ਅਹਿਮਦਾਬਾਦ ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ। ਬੱਚੀ ਨੂੰ ਲਗਾਤਾਰ ਅੱਖਾਂ ’ਚੋਂ ਪਾਣੀ ਨਿਕਲਣ ਦੀ ਸਮੱਸਿਆ ਸੀ। ਇਸੇ ਵਜ੍ਹਾ ਕਰਕੇ ਉਸਦਾ ਇਲਾਜ ਅੱਖਾਂ ਦੇ ਮਾਹਰ ਡਾਕਟਰਾਂ ਨੇ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ।

ਅਖੀਰ ਇੱਕ ਡਾਕਟਰ ਨੇ ਉਸਨੂੰ ਕੰਨ, ਨੱਕ ਅਤੇ ਗਲੇ ਦੇ ਮਾਹਰ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ ਅਤੇ ਕੁੜੀ ਨੂੰ ਅਹਿਮਦਾਬਾਦ ਦੇ ਸੋਲਾ ਸਿਵਿਲ ਹਸਪਤਾਲ ਲਿਜਾਇਆ ਗਿਆ।

ਬੱਚੀ ਨੂੰ ਸਮੱਸਿਆ ਕੀ ਸੀ ?

ਬੱਚੀ ਦੇ ਪਿਤਾ ਕਰਸਨਭਾਈ ਚੌਧਰੀ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਮੇਰੀ ਧੀ ਦੀਆਂ ਅੱਖਾਂ ’ਚੋਂ ਲਗਾਤਾਰ ਪਾਣੀ ਆ ਰਿਹਾ ਸੀ। ਸ਼ੁਰੂ 'ਚ ਸਾਨੂੰ ਲੱਗਿਆ ਕਿ ਇਹ ਸਧਾਰਨ ਸਰਦੀ-ਜ਼ੁਕਾਮ ਹੈ ਪਰ ਸਮੇਂ ਦੇ ਨਾਲ ਅੱਖਾਂ ’ਚੋਂ ਪਾਣੀ ਨਿਕਲਣ ਦੀ ਸਮੱਸਿਆ ਵੱਧਦੀ ਗਈ। ਉਸਦਾ ਨੱਕ ਵੀ ਬੰਦ ਸੀ।"

"ਜਦੋਂ ਉਸਨੂੰ ਸਰਦੀ-ਜ਼ੁਕਾਮ ਮਹਿਸੂਸ ਹੋਇਆ ਤਾਂ ਅਸੀਂ ਉਸਨੂੰ ਡਾਕਟਰ ਕੋਲ ਲੈ ਗਏ। ਦਵਾਈ ਲੈਣ ਦੇ ਬਾਵਜੂਦ ਉਸਨੂੰ ਆਰਾਮ ਨਹੀਂ ਮਿਲ ਰਿਹਾ ਸੀ। ਬਾਅਦ 'ਚ ਉਸਨੂੰ ਚੱਕਰ ਆਉਣ ਲੱਗੇ। ਉਸਨੂੰ ਅੱਖਾਂ ਤੋਂ ਧੁੰਦਲਾ ਵੀ ਨਜ਼ਰ ਆਉਣ ਲੱਗਾ। ਇਸ ਲਈ ਅਸੀਂ ਉਸਨੂੰ ਅੱਖਾਂ ਦੇ ਡਾਕਟਰ ਕੋਲ ਲੈ ਗਏ, ਫਿਰ ਵੀ ਉਸਨੂੰ ਆਰਾਮ ਨਹੀਂ ਮਿਲਿਆ।"

ਇਸ ਤੋਂ ਬਾਅਦ ਜਦੋਂ ਕੁੜੀ ਨੂੰ ਆਰਾਮ ਨਹੀਂ ਮਿਲ ਰਿਹ ਸੀ ਤਾਂ ਉਸਨੂੰ ਇਲਾਜ ਲਈ ਅਹਿਮਦਾਬਾਦ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ।

ਕਰਸਨਭਾਈ ਚੌਧਰੀ ਕਹਿੰਦੇ ਹਨ, “ਸਾਡੇ ਇੱਕ ਜਾਣਕਾਰ ਡਾਕਟਰ ਨੇ ਸਾਨੂੰ ਦੱਸਿਆ ਕਿ ਸਾਡੀ ਕੁੜੀ ਨੂੰ ਅੱਖਾਂ ਦੀ ਕੋਈ ਸਮੱਸਿਆ ਨਹੀਂ ਹੈ ਬਲਕਿ ਕੰਨ, ਨੱਕ ਅਤੇ ਗਲੇ ਦੀ ਸਮੱਸਿਆ ਹੈ। ਉਦੋਂ ਅਸੀਂ ਉਸਨੂੰ ਇੱਕ ਨਿੱਜੀ ਹਸਪਤਾਲ 'ਚ ਕੰਨ, ਨੱਕ ਅਤੇ ਗਲੇ ਦੇ ਮਾਹਰ ਡਾਕਟਰ ਕੋਲ ਲੈ ਗਏ। ਉੱਥੇ ਸਾਨੂੰ ਦੱਸਿਆ ਗਿਆ ਕਿ ਇਲਾਜ ਦਾ ਖਰਚਾ ਚਾਰ ਲੱਖ ਰੁਪਏ ਆਵੇਗਾ। ਇਸ ਲਈ ਸਾਡੇ ਇੱਕ ਜਾਣਕਾਰ ਦੀ ਸਲਾਹ 'ਤੇ ਅਸੀਂ ਸੋਲਾ ਸਿਵਿਲ ਹਸਪਤਾਲ ਆਏ।”

ਉਨ੍ਹਾਂ ਨੇ ਦੱਸਿਆ, "ਸੋਲਾ ਹਸਪਤਾਲ 'ਚ ਡਾ. ਨੀਨਾਬੇਨ ਨੇ ਸਾਨੂੰ ਦੱਸਿਆ ਕਿ ਸਾਡੀ ਕੁੜੀ ਦੀ ਨੱਕ, ਅੱਖ ਅਤੇ ਦਿਮਾਗ ਦੇ ਜੋੜ 'ਤੇ ਫੰਗਸ ਹੈ, ਜਿਸਨੂੰ ਸਰਜਰੀ ਜ਼ਰੀਏ ਕੱਢਣਾ ਪਵੇਗਾ। ਮੇਰੀ ਬੇਟੀ ਨੂੰ ਇੱਕ ਹਫ਼ਤੇ ਲਈ ਸੋਲਾ ਸਿਵਿਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਉਸਦੀ ਸਰਜਰੀ ਹੋਈ। ਫਿਲਹਾਲ ਉਹ ਠੀਕ ਹੈ। ਉਸਨੂੰ ਚੱਕਰ ਆਉਣਾ ਅਤੇ ਅੱਖਾਂ ’ਚੋਂ ਪਾਣੀ ਆਉਣਾ ਵੀ ਬੰਦ ਹੋ ਗਿਆ ਹੈ। ਉਹ ਆਪਣੀਆਂ ਦਵਾਈਆਂ ਨਿਯਮਿਤ ਤੌਰ 'ਤੇ ਲੈ ਰਹੀ ਹੈ।"

ਇਹ ਫੰਗਸ ਕੀ ਹੈ ਅਤੇ ਇਹ ਕਿਵੇਂ ਪੈਦਾ ਹੁੰਦਾ ਹੈ?

ਡਾਕਟਰ ਨੀਨਾ ਭਾਲੋਦੀਆ ਦਾ ਬਿਆਨ

ਸੋਲਾ ਸਿਵਲ ਹਸਪਤਾਲ ਦੇ ਕੰਨ, ਨੱਕ ਅਤੇ ਗਲਾ ਵਿਭਾਗ ਦੀ ਮੁਖੀ ਡਾ. ਨੀਨਾ ਭਾਲੋਦੀਆ ਨੇ ਕੁੜੀ ਦਾ ਇਲਾਜ ਕੀਤਾ।

ਡਾ. ਨੀਨਾ ਭਾਲੋਦੀਆ ਨੇ ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ ਕਿਹਾ, "ਜਦੋਂ ਇਸ ਬੱਚੀ ਨੂੰ ਇਲਾਜ ਲਈ ਹਸਪਤਾਲ ਲਿਆਇਆ ਗਿਆ ਤਾਂ ਉਸਨੂੰ ਨੱਕ ਬੰਦ ਹੋਣ ਅਤੇ ਅੱਖਾਂ ਤੋਂ ਪਾਣੀ ਆਉਣ ਦੀ ਸਮੱਸਿਆ ਸੀ। ਉਸਦੀ ਖੱਬੀ ਅੱਖ ਥੋੜ੍ਹੀ ਸੁੱਜੀ ਹੋਈ ਸੀ ਅਤੇ ਉਸਦੀ ਸੁੰਘਣ ਦੀ ਸਮਰੱਥਾ ਨਹੀਂ ਸੀ। ਲੱਛਣਾਂ ਦੇ ਆਧਾਰ 'ਤੇ ਬੱਚੀ ਦਾ ਐਮਆਰਆਈ ਅਤੇ ਸੀਟੀ ਸਕੈਨ ਕਰਵਾਇਆ ਗਿਆ। ਜਿਸ ਨਾਲ ਅੱਖ ਦੇ ਕੋਨੇ, ਨੱਕ ਅਤੇ ਦਿਮਾਗ 'ਚ ਫੰਗਸ ਪਾਇਆ ਗਿਆ। ਬੱਚੀ ਨੂੰ ਐਲਰਜਿਕ ਫੰਗਲ ਰਾਈਨੋਸਿਨੁਸਾਇਟਿਸ ਦਾ ਪਤਾ ਲੱਗਾ। ਅਸੀਂ ਬਿਨਾਂ ਕੋਈ ਕੱਟ ਲਾਏ ਮਾਈਕ੍ਰੋਸਕੋਪ ਦੀ ਮਦਦ ਨਾਲ ਸਰਜਰੀ ਕਰਕੇ ਇਸ ਫੰਗਸ ਨੂੰ ਕੱਢ ਦਿੱਤਾ।"

ਇਸ ਫੰਗਸ ਬਾਰੇ ਅਤੇ ਇਹ ਕਿਵੇਂ ਫੈਲਦਾ ਹੈ, ਇਸ ਬਾਰੇ ਗੱਲ ਕਰਦੇ ਹੋਏ ਡਾ. ਨੀਨਾ ਭਾਲੋਦੀਆ ਨੇ ਕਿਹਾ ਕਿ ਮਰੀਜ਼ਾਂ 'ਚ ਦੋ ਤਰ੍ਹਾਂ ਦੀ ਐਲਰਜੀ ਸਬੰਧੀ ਸਰਦੀ-ਜ਼ੁਕਾਮ ਦੇਖਣ ਨੂੰ ਮਿਲਦਾ ਹੈ।

ਪਹਿਲੀ ਕਿਸਮ ਉਹ ਹੈ ਜਦੋਂ ਰੋਗੀ ਨੂੰ ਕਿਸੇ ਚੀਜ਼ ਤੋਂ ਐਲਰਜੀ ਹੁੰਦੀ ਹੈ, ਜਿਵੇਂ ਕੋਈ ਗੰਧ ਜਾਂ ਕਣ, ਧੂੜ ਜਾਂ ਧੂੰਆਂ, ਜਿਸ ਕਾਰਨ ਸਰਦੀ ਹੋ ਜਾਂਦੀ ਹੈ।

ਜਦੋਂਕਿ ਹੋਰ ਤਰ੍ਹਾਂ ਦਾ ਸਰਦੀ-ਜ਼ੁਕਾਮ, ਰੋਗੀ ਦੀ ਸਾਹ ਪ੍ਰਣਾਲੀ 'ਚ ਵਾਇਰਲ ਜਾਂ ਬੈਕਟੀਰੀਆ ਹੋਣ ਕਾਰਨ ਹੁੰਦਾ ਹੈ। ਇਹ ਵਾਇਰਸ ਜਾਂ ਬੈਕਟੀਰੀਆ ਐਲਰਜੀ ਪੈਦਾ ਕਰਦੇ ਹਨ, ਜਿਸ ਨਾਲ ਚਮੜੀ 'ਤੇ ਧੱਫੜ ਪੈ ਜਾਂਦੇ ਹਨ।

ਉਹ ਕਹਿੰਦੇ ਹਨ, "ਹਰ ਸਰਦੀ-ਜ਼ੁਕਾਮ ਨਾਲ ਫੰਗਸ ਨਹੀਂ ਹੁੰਦਾ। ਕੁਝ ਮਾਮਲਿਆਂ 'ਚ ਅਜਿਹਾ ਦੇਖਿਆ ਜਾਂਦਾ ਹੈ। ਸ਼ੁਰੂਆਤ 'ਚ ਨੱਕ ਚੋਂ ਪੱਸ ਵਰਗਾ ਚਿਪਚਿਪਾ ਪਦਾਰਥ ਨਿਕਲਦਾ ਹੈ ਜੋਕਿ ਫੰਗਸ ਹੁੰਦਾ ਹੈ। ਜੇਕਰ ਸ਼ੁਰੂਆਤ 'ਚ ਹੀ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਫੰਗਸ ਸਾਇਨਸ ਤੱਕ ਫੈਲ ਜਾਂਦਾ ਹੈ। ਜਿਸ ਨਾਲ ਸਾਇਨਸ ਦੇ ਆਸ-ਪਾਸ ਦੇ ਹਿੱਸਿਆਂ 'ਚ ਫੰਗਸ ਹੋ ਜਾਂਦਾ ਹੈ।”

“ਉਦਾਹਰਨ ਦੇ ਤੌਰ 'ਤੇ ਅੱਖਾਂ ਦੇ ਆਸ-ਪਾਸ, ਦਿਮਾਗ ਦੇ ਸਾਹਮਣੇ ਜਾਂ ਮੱਧ ਵਾਲੇ ਭਾਗ ਦੇ ਉੱਪਰੀ ਹਿੱਸੇ 'ਚ, ਜਿੱਥੇ ਅੱਖ ਦੀ ਨਸ ਹੁੰਦੀ ਹੈ, ਜਿੱਥੇ ਦਿਮਾਗ ਦੀ ਧਮਣੀ ਹੁੰਦੀ ਹੈ, ਉੱਥੇ ਇਹ ਫੰਗਸ ਪੈਦਾ ਹੁੰਦਾ ਹੈ। ਇਹ ਫੰਗਸ ਉਸ ਹਿੱਸੇ ਨੂੰ ਨਸ਼ਟ ਕਰ ਦਿੰਦਾ ਹੈ ਜਾਂ ਉਸ ਹਿੱਸੇ ਦੀਆਂ ਧਮਣੀਆਂ 'ਚ ਖੂਨ ਦੇ ਧੱਕੇ ਬਣ ਜਾਂਦੇ ਹਨ।"

ਉਨ੍ਹਾਂ ਨੇ ਅੱਗੇ ਕਿਹਾ, "ਇਹ ਫੰਗਸ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਕੋਵਿਡ 19 ਦੇ ਦੌਰਾਨ, ਇੱਕ ਨਾਮ ਜੋ ਚਰਚਾ ਵਿੱਚ ਸੀ, ਉਹ ਸੀ ਮਿਊਕੋਰਮਾਇਕੋਸਿਸ। ਇਹ ਮਿਊਕੋਰਮਾਇਕੋਸਿਸ ਵੀ ਇੱਕ ਤਰ੍ਹਾਂ ਦਾ ਫੰਗਸ ਹੈ। ਜਿਨ੍ਹਾਂ ਮਰੀਜ਼ਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਕਮਜ਼ੋਰ ਹੁੰਦੀ ਹੈ, ਜਿਵੇਂ ਕਿ ਕਿਡਨੀ ਰੋਗ, ਦਿਲ ਦੇ ਰੋਗ, ਸ਼ੂਗਰ ਦੀ ਬਿਮਾਰੀ, ਬਲੱਡ ਪ੍ਰੈਸ਼ਰ ਜਾਂ ਕੋਈ ਹੋਰ ਗੰਭੀਰ ਬਿਮਾਰੀ, ਅਜਿਹੇ ਮਾਮਲਿਆਂ 'ਚ ਮਿਊਕੋਰਮਾਇਕੋਸਿਸ ਨਾਂਅ ਦਾ ਫੰਗਸ ਹੁੰਦਾ ਹੈ।”

“ਜਦੋਂਕਿ ਇਸ ਮਾਮਲੇ 'ਚ ਜੋ ਫੰਗਸ ਦੇਖਿਆ ਗਿਆ ਹੈ, ਉਹ ਐਲਰਜਿਕ ਫੰਗਲ ਰਾਈਨੋਸਿਨੁਸਿਟਿਸ" ਨਾਂਅ ਦਾ ਫੰਗਸ ਹੈ। ਇਸ 'ਚ ਮਰੀਜ਼ ਦੀ ਰੋਗ ਨਾਲ ਲੜਨ ਦੀ ਸਮਰੱਥਾ ਚੰਗੀ ਹੁੰਦੀ ਹੈ ਪਰ ਇਹ ਕਿਸੇ ਵਾਇਰਸ ਦੀ ਵਜ੍ਹਾ ਨਾ ਹੋਣ ਵਾਲੀ ਐਲਰਜੀ ਕਾਰਨ ਹੁੰਦਾ ਹੈ।"

ਇਸ ਫੰਗਲ ਇਨਫੈਕਸ਼ਨ ਨੂੰ ਡਾਕਟਰੀ ਭਾਸ਼ਾ ’ਚ ਐਲਰਜਿਕ ਫੰਗਲ ਰਾਈਨੋਸਿਨੁਸਾਇਟਿਸ ਕਿਹਾ ਜਾਂਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸਨੂੰ ਡਾਕਟਰੀ ਭਾਸ਼ਾ 'ਚ ਐਲਰਜਿਕ ਫੰਗਲ ਰਾਈਨੋਸਿਨੁਸਾਇਟਿਸ ਕਿਹਾ ਜਾਂਦਾ ਹੈ

ਕੀ ਇਹ ਫੰਗਸ ਸਿਰਫ਼ ਅੱਖਾਂ, ਕੰਨਾਂ ਅਤੇ ਦਿਮਾਗ ਵਿੱਚ ਹੀ ਹੁੰਦਾ ਹੈ?

ਇਸ ਸਵਾਲ ਦੇ ਜਵਾਬ 'ਚ ਡਾ. ਭਾਲੋਦੀਆ ਨੇ ਕਿਹਾ, "ਇਹ ਫੰਗਲ ਇਨਫੈਕਸ਼ਨ ਨੱਕ ਤੋਂ ਸ਼ੁਰੂ ਹੁੰਦਾ ਹੈ। ਕਿਉਂਕਿ ਜਦੋਂ ਮਰੀਜ਼ ਸਾਹ ਲੈਂਦਾ ਹੈ ਤਾਂ ਹਵਾ 'ਚ ਮੌਜੂਦ ਕਣ ਉਸਦੇ ਨੱਕ 'ਚ ਚਲੇ ਜਾਂਦੇ ਹਨ। ਇਸ ਲਈ ਜੇਕਰ ਕੋਈ ਵਾਇਰਸ ਮੌਜੂਦ ਹੋਵੇ ਤਾਂ ਅਜਿਹੀ ਸਥਿਤੀ 'ਚ ਵਾਇਰਸ ਨੱਕ 'ਚ ਆ ਜਾਂਦਾ ਹੈ। ਹਾਲਾਂਕਿ ਇਹ ਫੰਗਲ ਇਨਫੈਕਸ਼ਨ ਅੱਖਾਂ, ਨੱਕ, ਗਲੇ 'ਚ ਹੋ ਸਕਦਾ ਹੈ ਪਰ ਜੇਕਰ ਇਹ ਲਾਗ ਹੋਰ ਫੈਲ ਜਾਵੇ ਤਾਂ ਇਹ ਫੇਫੜਿਆਂ ਅਤੇ ਦਿਮਾਗ ਤੱਕ ਵੀ ਪਹੁੰਚ ਸਕਦਾ ਹੈ।"

ਅਹਿਮਦਾਬਾਦ ਦੇ ਸੋਲਾ ਸਿਵਿਲ ਹਸਪਤਾਲ ਦੀ ਤਸਵੀਰ

ਤਸਵੀਰ ਸਰੋਤ, gmersmchsola.com

ਤਸਵੀਰ ਕੈਪਸ਼ਨ, ਬੱਚੀ ਦੀ ਸਰਜਰੀ ਅਹਿਮਦਾਬਾਦ ਦੇ ਸੋਲਾ ਸਿਵਿਲ ਹਸਪਤਾਲ 'ਚ ਕੀਤੀ ਗਈ

ਸਮੇਂ 'ਤੇ ਇਲਾਜ ਨਾ ਹੋਣ ਦੇ ਕੀ ਗੰਭੀਰ ਨਤੀਜੇ ਹੋ ਸਕਦੇ ਹਨ ?

ਡਾ. ਭਾਲੋਦੀਆ ਨੇ ਕਿਹਾ, "ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ 'ਚ ਮਰੀਜ਼ ਦੀ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ। ਜੇਕਰ ਦਿਮਾਗ ਦੀ ਦੀਵਾਰ 'ਤੇ ਫੰਗਸ ਵੱਧ ਜਾਂਦਾ ਹੈ ਤਾਂ ਦੀਵਾਰ ਪਤਲੀ ਹੋ ਕੇ ਖਤਮ ਹੋਣ ਲੱਗਦੀ ਹੈ, ਜਿਸ ਕਾਰਨ ਦਿਮਾਗ ਦਾ ਤਰਲ ਪਦਾਰਥ ਨੱਕ ਰਾਹੀਂ ਬਾਹਰ ਆਉਣ ਲੱਗਦਾ ਹੈ, ਜਿਸ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ।"

ਉਹ ਕਹਿੰਦੇ ਹਨ, "ਜੇਕਰ ਤੁਹਾਡੀ ਇੱਕ ਜਾਂ ਦੋਵੇਂ ਨਾਸਾਂ ਲੰਬੇ ਸਮੇਂ ਤੱਕ ਬੰਦ ਰਹਿਣ, ਸੁੰਘਣ ਦੀ ਸਮਰੱਥਾ ਘੱਟ ਜਾਵੇ, ਅੱਖਾਂ ਚੋਂ ਪਾਣੀ ਆਵੇ, ਅੱਖਾਂ ਦੀ ਰੌਸ਼ਨੀ 'ਚ ਕਮੀ ਜਾਂ ਅੱਖਾਂ ਘੁੰਮਣ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਹਾਨੂੰ ਤੁਰੰਤ ਕੰਨ, ਨੱਕ ਅਤੇ ਗਲੇ ਦੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ।"

"ਇਸ ਫੰਗਸ ਨੂੰ ਸਰਜਰੀ ਜ਼ਰੀਏ ਹਟਾਇਆ ਜਾ ਸਕਦਾ ਹੈ। ਖਾਸ ਤੌਰ 'ਤੇ ਅੱਖਾਂ ਦੇ ਕੋਨਿਆਂ, ਨੱਕ ਅਤੇ ਦਿਮਾਗ 'ਚ ਮੌਜੂਦ ਫੰਗਸ ਨੂੰ ਕੱਢਿਆ ਜਾਂਦਾ ਹੈ। ਸਰਜਰੀ ਤੋਂ ਬਾਅਦ ਤਿੰਨ ਤੋਂ ਛੇ ਮਹੀਨਿਆਂ ਤੱਕ ਐਂਟੀ-ਫੰਗਲ ਦਵਾਈ ਦਿੱਤੀ ਜਾਂਦੀ ਹੈ। ਮਰੀਜ਼ ਨੂੰ ਸਮੇਂ-ਸਮੇਂ 'ਤੇ ਨੱਕ ਦੀ ਸਫਾਈ ਵੀ ਕਰਵਾਉਣੀ ਪੈਂਦੀ ਹੈ। ਇਲਾਜ ਤੋਂ ਬਾਅਦ ਅੱਖਾਂ ਦੀ ਰੌਸ਼ਨੀ 'ਚ ਵੀ ਸੁਧਾਰ ਦੇਖਣ ਨੂੰ ਮਿਲਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)