ਅਰਵਿੰਦ ਕੇਜਰੀਵਾਲ ਨੂੰ ਕਥਿਤ ਸ਼ਰਾਬ ਘੁਟਾਲੇ ਵਿੱਚ ਦਿੱਲੀ ਦੀ ਅਦਾਲਤ ਨੇ ਇਲਜ਼ਾਮਾਂ ਤੋਂ ਮੁਕਤ ਕੀਤਾ, ਕੋਰਟ ਨੇ ਸੀਬੀਆਈ ਨੂੰ ਕੀ ਫਟਕਾਰ ਲਾਈ

ਕੇਜਰੀਵਾਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਫੈਸਲਾ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ''ਸੱਚ ਦੀ ਜਿੱਤ ਹੋਈ''
ਪੜ੍ਹਨ ਦਾ ਸਮਾਂ: 7 ਮਿੰਟ

ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਣੇ ਮਨੀਸ਼ ਸਿਸੋਦੀਆ ਅਤੇ ਬਾਕੀ ਨਾਮਜ਼ਦ ਮੁਲਜ਼ਮਾਂ ਨੂੰ ਅਦਾਲਤ ਨੇ ਇਲਜ਼ਾਮਾਂ ਤੋਂ ਮੁਕਤ ਕਰ ਦਿੱਤਾ ਹੈ।

ਇਹ ਫੈਸਲਾ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੁਣਾਇਆ ਅਤੇ ਸੁਣਵਾਈ ਦੌਰਾਨ ਸੀਬੀਆਈ ਨੂੰ ਫਟਕਾਰ ਵੀ ਲਗਾਈ।

ਫੈਸਲਾ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ''ਪਿਛਲੇ ਕੁਝ ਸਾਲਾਂ ਤੋਂ ਭਾਜਪਾ ਜਿਸ ਤਰ੍ਹਾਂ ਨਾਲ ਸ਼ਰਾਬ ਘੁਟਾਲਾ-ਸ਼ਰਾਬ ਘੁਟਾਲਾ ਕਰ ਰਹੀ ਸੀ, ਅਤੇ ਸਾਡੇ 'ਤੇ ਇਲਜ਼ਾਮ ਲਗਾ ਰਹੀ ਸੀ..ਅੱਜ ਅਦਾਲਤ ਨੇ ਸਾਰੇ ਇਲਜ਼ਾਮ ਖਾਰਜ ਕਰ ਦਿੱਤੇ ਅਤੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।''

''ਅਸੀਂ ਹਮੇਸ਼ਾ ਕਹਿੰਦੇ ਸੀ ਕਿ ਸੱਚ ਦੀ ਜਿੱਤ ਹੁੰਦੀ ਹੈ। ਸਾਨੂੰ ਭਾਰਤੀ ਨਿਆਂ ਪ੍ਰਣਾਲੀ 'ਤੇ ਭਰੋਸਾ ਹੈ। ਮੈਂ ਜੱਜ ਸਾਬ੍ਹ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਡੇ ਨਾਲ ਨਿਆਂ ਕੀਤਾ। ਸੱਚ ਦੀ ਜਿੱਤ ਹੋਈ।''

ਅਦਾਲਤ ਨੇ ਕੀ ਕਿਹਾ

ਭਾਵੁਕ ਹੋਏ ਕੇਜਰੀਵਾਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਇਹ ਫੈਸਲਾ ਰਾਊਜ਼ ਐਵੇਨਿਊ ਅਦਾਲਤ ਨੇ ਸੁਣਾਇਆ ਅਤੇ ਸੁਣਵਾਈ ਦੌਰਾਨ ਸੀਬੀਆਈ ਨੂੰ ਫਟਕਾਰ ਵੀ ਲਗਾਈ

ਅਦਾਲਤ ਦਾ ਇਹ ਫੈਸਲਾ ਸੀਬੀਆਈ ਵੱਲੋਂ ਦਾਇਰ ਕੀਤੇ ਗਏ ਇੱਕ ਮਾਮਲੇ ਵਿੱਚ ਆਇਆ ਹੈ।

ਲਾਈਵ ਲਾਅ ਦੇ ਅਨੁਸਾਰ, ਅਦਾਲਤ ਨੇ ਫੈਸਲਾ ਸੁਣਾਉਂਦੇ ਸਮੇਂ ਸੀਬੀਆਈ ਦੀ ਜਾਂਚ ਵਿੱਚ ਖਾਮੀਆਂ ਬਾਰੇ ਵੀ ਸਖ਼ਤ ਟਿੱਪਣੀਆਂ ਕੀਤੀਆਂ।

ਅਦਾਲਤ ਨੇ ਕਿਹਾ ਕਿ ਚਾਰਜਸ਼ੀਟ ਦੇ ਹਜ਼ਾਰਾਂ ਪੰਨਿਆਂ ਵਿੱਚ ਅਜਿਹੀ ਸਮੱਗਰੀ ਸੀ ਜੋ ਕਿਸੇ ਵੀ ਗਵਾਹ ਦੀ ਗਵਾਹੀ ਦਾ ਸਮਰਥਨ ਨਹੀਂ ਕਰਦੀ ਸੀ।

ਸਪੈਸ਼ਲ ਜੱਜ ਜਤਿੰਦਰ ਸਿੰਘ ਨੇ ਕਿਹਾ ਕਿ ਚਾਰਜਸ਼ੀਟ ਵਿੱਚ "ਗੁੰਮਰਾਹਕੁੰਨ ਦਾਅਵੇ" ਕੀਤੇ ਗਏ ਹਨ।

ਅਦਾਲਤ ਨੇ ਕਿਹਾ ਕਿ ਸਿਸੋਦੀਆ ਵਿਰੁੱਧ ਪਹਿਲੀ ਨਜ਼ਰੇ ਕੇਸ ਬਣਾਉਣ ਵਿੱਚ ਸੀਬੀਆਈ ਅਸਫਲ ਰਹੀ। ਇਸ ਤੋਂ ਇਲਾਵਾ, ਜੱਜ ਨੇ ਕਿਹਾ ਕਿ ਕੇਜਰੀਵਾਲ ਨੂੰ ਬਿਨਾਂ ਕਿਸੇ ਠੋਸ ਸਬੂਤ ਦੇ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ।

ਰਾਊਜ਼ ਐਵੇਨਿਊ ਅਦਾਲਤ ਨੇ ਮਾਮਲੇ ਦੇ ਸਾਰੇ 23 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦੋਵੇਂ ਆਗੂ ਵੀ ਸ਼ਾਮਲ ਹਨ।

ਭਾਵੁਕ ਹੋਏ ਕੇਜਰੀਵਾਲ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, @ArvindKejriwal

ਤਸਵੀਰ ਕੈਪਸ਼ਨ, ਫੈਸਲਾ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੇਜਰੀਵਾਲ ਭਾਵੁਕ ਹੋ ਗਏ ਤੇ ਉੱਚੀ ਉੱਚੀ ਰੋਣ ਲੱਗੇ

ਪੱਤਰਕਾਰਾਂ ਨਾਲ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ''ਮੋਦੀ ਜੀ ਅਤੇ ਅਮਿਤ ਸ਼ਾਹ ਜੀ ਨੇ ਮਿਲ ਕੇ ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ ਰਚੀ। ਆਮ ਆਦਮੀ ਪਾਰਟੀ ਨੂੰ ਖਤਮ ਕਰਨ ਲਈ, ਪਾਰਟੀ ਦੇ ਸਭ ਤੋਂ ਵੱਡੇ 5 ਆਗੂਆਂ ਨੂੰ ਜੇਲ੍ਹ 'ਚ ਪਾ ਦਿੱਤਾ ਗਿਆ। ਇੱਥੋਂ ਤੱਕ ਕਿ ਸਿਟਿੰਗ ਮੁੱਖ ਮੰਤਰੀ ਨੂੰ, ਜੋ ਅੱਜ ਤੱਕ ਭਾਰਤ ਦੇ ਇਤਿਹਾਸ 'ਚ ਕਦੇ ਨਹੀਂ ਹੋਇਆ, ਘਰੋਂ ਘੜੀਸ ਕੇ ਜੇਲ੍ਹ 'ਚ ਪਾਇਆ ਗਿਆ ਤੇ ਛੇ ਮਹੀਨੇ ਜੇਲ੍ਹ 'ਚ ਰੱਖਿਆ ਗਿਆ।''

''ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੀ ਨੂੰ ਲਗਭਗ 2 ਸਾਲ ਜੇਲ੍ਹ 'ਚ ਰੱਖਿਆ, ਪੂਰਾ ਫਰਜ਼ੀ ਕੇਸ ਸੀ। ਸਾਡੇ 'ਤੇ ਕੀਚੜ ਉਛਾਲਿਆ ਗਿਆ, ਕਿ ਕੇਜਰੀਵਾਲ ਭ੍ਰਿਸ਼ਟ ਹੈ।''

ਇਹ ਕਹਿੰਦੇ ਹੋਏ ਕੇਜਰੀਵਾਲ ਭਾਵੁਕ ਹੋ ਗਏ ਤੇ ਉੱਚੀ ਉੱਚੀ ਰੋਣ ਲੱਗੇ।

ਉਨ੍ਹਾਂ ਕਿਹਾ, ''ਮੈਂ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ, ਸੱਤਾ ਲਈ ਇਸ ਤਰ੍ਹਾਂ ਦੇਸ਼ ਅਤੇ ਸੰਵਿਧਾਨ ਨਾ ਖਿਲਵਾੜ ਨਾ ਕਰੋ। ਸੱਤਾ ਚਾਹੀਦੀ ਹੈ ਤਾਂ ਚੰਗੇ ਕੰਮ ਕਰੋ। ਦੇਸ਼ ਅੱਗੇ ਮਹਿੰਗਾਈ, ਬੇਰੁਜ਼ਗਾਰੀ, ਪ੍ਰਦੂਸ਼ਣ ਵਰਗੀਆਂ ਵੱਡੀਆਂ ਸਮੱਸਿਆਵਾਂ ਹਨ, ਉਨ੍ਹਾਂ ਦਾ ਹੱਲ ਕਰਕੇ ਸੱਤਾ 'ਚ ਆਓ ਨਾ।''

'ਆਪ' ਆਗੂ ਬੋਲੇ 'ਸੱਚ ਦੀ ਜਿੱਤ ਹੋਈ'

ਪੰਜਾਬ ਦੇ ਮੁੱਖ ਮੰਤਰੀ ਅਤੇ 'ਆਪ' ਆਗੂ ਭਗਵੰਤ ਮਾਨ

ਤਸਵੀਰ ਸਰੋਤ, @BhagwantMann

ਅਦਾਲਤ ਦੇ ਫੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਅਤੇ 'ਆਪ' ਆਗੂ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, ''ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।''

'''ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਅਤੇ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੀ ਨੂੰ ਦਿੱਲੀ ਦੀ ਮਾਣਯੋਗ ਅਦਾਲਤ ਵੱਲੋਂ ਸ਼ਰਾਬ ਘੁਟਾਲੇ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਹੈ। ਮਾਣਯੋਗ ਅਦਾਲਤ ਦੇ ਇਸ ਫ਼ੈਸਲੇ ਨੇ ਸੱਚਾਈ ਨੂੰ ਸਭ ਦੇ ਸਾਹਮਣੇ ਲਿਆਂਦਾ ਹੈ। ਸਮੇਂ ਦੇ ਨਾਲ ਬਾਕੀ ਸਾਰੇ ਮਾਮਲਿਆਂ ਦੀ ਸੱਚਾਈ ਸਾਹਮਣੇ ਆਵੇਗੀ।''

''ਇਨਕਲਾਬ ਜ਼ਿੰਦਾਬਾਦ।''

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਆਗੂ ਆਤਿਸ਼ੀ

ਤਸਵੀਰ ਸਰੋਤ, @AtishiAAP

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਆਗੂ ਆਤਿਸ਼ੀ ਨੇ ਐਕਸ 'ਤੇ ਪੋਸਟ ਕਰਦਿਆਂ ਲਿਖਿਆ, ''ਸੱਤਿਆਮੇਵ ਜਯਤੇ!''

ਉਨ੍ਹਾਂ ਕਿਹਾ, ''ਭਾਵੇਂ ਕਿੰਨੇ ਵੀ ਝੂਠੇ ਇਲਜ਼ਾਮ ਲਗਾਏ, ਭਾਵੇਂ ਕਿੰਨਾ ਵੀ ਜ਼ੁਲਮ ਕੀਤਾ, ਆਖਿਰਕਾਰ ਸੱਚ ਦੀ ਜਿੱਤ ਹੋਈ।''

''ਅੱਜ, ਪੂਰੇ ਦੇਸ਼ ਦੇ ਸਾਹਮਣੇ ਹੈ - ਭਾਜਪਾ ਦੀ ਸਾਜ਼ਿਸ਼ ਅਤੇ ਅਰਵਿੰਦ ਕੇਜਰੀਵਾਲ ਦੀ ਕੱਟੜ ਈਮਾਨਦਾਰੀ।''

'ਆਪ' ਆਗੂ ਅਮਨ ਅਰੋੜਾ

ਤਸਵੀਰ ਸਰੋਤ, @AroraAmanSunam

'ਆਪ' ਆਗੂ ਅਮਨ ਅਰੋੜਾ ਨੇ ਇਸ ਬਾਰੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, ''ਕਿਹਾ ਜਾਂਦਾ ਹੈ ਨਾ ਕਿ 'ਨਿਆਂ ਵਿੱਚ ਦੇਰੀ ਹੋ ਸਕਦੀ ਹੈ ਪਰ ਨਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।'

ਉਨ੍ਹਾਂ ਲਿਖਿਆ, ''ਮਾਣਯੋਗ ਅਦਾਲਤ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਭਾਜਪਾ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਇਹ ਸਭ ਆਮ ਆਦਮੀ ਪਾਰਟੀ ਦੀ ਈਮਾਨਦਾਰੀ ਦੀ ਸਿਆਸਤ ਨੂੰ ਬਦਨਾਮ ਕਰਨ ਅਤੇ ਨੁਕਸਾਨ ਪਹੁੰਚਾਉਣ ਲਈ ਕੀਤਾ ਸੀ। ਦੇਸ਼ ਦੇ ਲੋਕ ਆਉਣ ਵਾਲੇ ਦਿਨਾਂ ਵਿੱਚ ਸਾਜ਼ਿਸ਼ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਦੇਣਗੇ।''

ਹੋਰ ਪਾਰਟੀਆਂ ਦੇ ਆਗੂ ਕੀ ਸਵਾਲ ਚੁੱਕ ਰਹੇ?

ਅਮਰਿੰਦਰ ਸਿੰਘ ਰਾਜਾ ਵੜਿੰਗ

ਤਸਵੀਰ ਸਰੋਤ, ANi

ਤਸਵੀਰ ਕੈਪਸ਼ਨ, ਅਮਰਿੰਦਰ ਸਿੰਘ ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ''ਬਹੁਤ ਵੱਡੇ ਇਲਜ਼ਾਮ ਲਗਾਏ ਕੇਂਦਰ ਸਰਕਾਰ ਨੇ, ਸੁਣਿਆ ਜਾਂਦਾ ਹੈ ਕਿ ਗੰਭੀਰ ਮਾਮਲਿਆਂ 'ਚ ਹੀ ਡੇਢ-ਡੇਢ ਸਾਲ ਬਾਅਦ ਜ਼ਮਾਨਤ ਹੁੰਦੀ ਹੈ। ਸਾਰੇ ਜਣੇ, 6 ਮਹੀਨੇ, ਸਾਲ, ਸਵਾ ਸਾਲ ਅੰਦਰ ਰਹੇ, ਫਿਰ ਜ਼ਮਾਨਤਾਂ ਹੋਈਆਂ।''

ਉਨ੍ਹਾਂ ਸਵਾਲ ਕੀਤਾ ''ਜੇ ਇੰਨੇ ਅੱਡੇ ਇਲਜ਼ਾਮ ਨਹੀਂ ਸਨ ਤਾਂ ਡੇਢ ਸਾਲ ਅੰਦਰ ਕਿਉਂ ਰੱਖਿਆ, ਤੇ ਜੇ ਇਲਜ਼ਾਮ ਸਨ ਤਾਂ ਫਿਰ ਕਲੀਨ ਚਿੱਟ ਕਿਵੇਂ ਮਿਲੀ?''

ਉਨ੍ਹਾਂ ਮੀਡੀਆ ਨੂੰ ਕਿਹਾ ਕਿ ''ਤੁਸੀਂ ਇਹ ਸਵਾਲ ਭਾਜਪਾ, ਮਾਣਯੋਗ ਮੋਦੀ ਜੀ, ਅਮਿਤ ਸ਼ਾਹ ਜੀ ਨੂੰ ਤੇ ਕੇਜਰੀਵਾਲ ਸਾਬ੍ਹ ਨੂੰ ਪੁੱਛੋਗੇ ਕਿ ਇਹ ਕਿਵੇਂ ਹੋਇਆ ਤਾਂ ਬਿਹਤਰ ਜਵਾਬ ਮਿਲ ਸਕਦਾ ਹੈ।''

ਨਾਲ ਹੀ ਉਨ੍ਹਾਂ ਕੇਜਰੀਵਾਲ ਨੂੰ ਰਿਹਾਅ ਹੋਣ 'ਤੇ ਵਧਾਈ ਦਿੱਤੀ।

ਕੀ ਸੀ ਕਥਿਤ ਸ਼ਰਾਬ ਘੁਟਾਲਾ?

ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ
ਤਸਵੀਰ ਕੈਪਸ਼ਨ, ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ

ਦਿੱਲੀ ਵਿੱਚ ਕਥਿਤ ਸ਼ਰਾਬ ਘੁਟਾਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੀਬੀਆਈ ਨੇ 26 ਫਰਵਰੀ 2023 ਨੂੰ ਮਨੀਸ਼ ਸਿਸੋਦੀਆ ਨੂੰ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਦੌਰਾਨ ਗ੍ਰਿਫਤਾਰ ਕੀਤਾ ਸੀ।

ਮਨੀਸ਼ ਸਿਸੋਦੀਆ ਦੀ ਅਗਵਾਈ ਵਿੱਚ ਨਵੰਬਰ 2021 ਵਿੱਚ ਦਿੱਲੀ ਵਿੱਚ ਨਵੀਂ ਆਬਕਾਰੀ ਨੀਤੀ ਨੂੰ ਲਿਆਂਦਾ ਗਿਆ ਸੀ।

ਹਾਲਾਂਕਿ, ਅਗਸਤ 2022 ਵਿੱਚ, ਦਿੱਲੀ ਸਰਕਾਰ ਨੇ ਇਸ ਨਵੀਂ ਸ਼ਰਾਬ ਨੀਤੀ ਨੂੰ ਰੱਦ ਕਰ ਦਿੱਤਾ ਸੀ।

ਇਲਜ਼ਾਮ ਹਨ ਕਿ ਇਸ ਨੀਤੀ ਨੂੰ ਲਾਗੂ ਕਰਨ ਵਿੱਚ ਵੱਡਾ ਘਪਲਾ ਹੋਇਆ ਹੈ। ਇਸ ਨਵੀਂ ਨੀਤੀ ਤਹਿਤ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਸ਼ਰਾਬ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਾ ਸੀ ਅਤੇ ਸ਼ਰਾਬ ਦਾ ਕਾਰੋਬਾਰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਆਉਣਾ ਸੀ।

ਜਦੋਂ ਇਹ ਨਵੀਂ ਨੀਤੀ ਲਿਆਂਦੀ ਗਈ ਸੀ ਤਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਸ ਦਾ ਮਕਸਦ ਮਾਲੀਆ ਵਧਾਉਣਾ, ਸ਼ਰਾਬ ਦੀ ਕਾਲਾਬਾਜ਼ਾਰੀ ਨੂੰ ਰੋਕਣਾ, ਵਿਕਰੀ ਲਾਇਸੈਂਸ ਦੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਅਤੇ ਸ਼ਰਾਬ ਖਰੀਦਣ ਦੇ ਤਜ਼ਰਬੇ ਨੂੰ ਬਿਹਤਰ ਬਣਾਉਣਾ ਹੈ।

ਇਸ ਨਵੀਂ ਨੀਤੀ ਤਹਿਤ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਵਰਗੇ ਨਵੇਂ ਕਦਮ ਵੀ ਸ਼ਾਮਲ ਕੀਤੇ ਗਏ ਸਨ। ਇੰਨਾ ਹੀ ਨਹੀਂ ਸ਼ਰਾਬ ਵੇਚਣ ਵਾਲਿਆਂ ਨੂੰ ਵੀ ਸ਼ਰਾਬ ਦੀ ਕੀਮਤ 'ਚ ਛੋਟ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ।

ਜੁਲਾਈ 2022 ਵਿੱਚ, ਦਿੱਲੀ ਦੇ ਤਤਕਾਲੀ ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਉਪ ਰਾਜਪਾਲ ਨੂੰ ਭੇਜੀ ਇੱਕ ਰਿਪੋਰਟ ਵਿੱਚ ਸ਼ਰਾਬ ਨੀਤੀ ਵਿੱਚ ਕਈ ਬੇਨਿਯਮੀਆਂ ਦਾ ਦਾਅਵਾ ਕੀਤਾ ਸੀ ਅਤੇ ਇਲਜ਼ਾਮ ਲਗਾਇਆ ਸੀ ਕਿ ਮਨੀਸ਼ ਸਿਸੋਦੀਆ ਨੇ ਵਿਕਰੇਤਾਵਾਂ ਨੂੰ ਲਾਇਸੈਂਸ ਦੇਣ ਦੇ ਬਦਲੇ ਰਿਸ਼ਵਤ ਲਈ ਸੀ।

ਇਸ ਰਿਪੋਰਟ ਦੇ ਆਧਾਰ 'ਤੇ ਉਪ ਰਾਜਪਾਲ ਨੇ ਸੀਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਸੀ ਅਤੇ ਦਿੱਲੀ ਸਰਕਾਰ ਨੂੰ ਨਵੀਂ ਸ਼ਰਾਬ ਨੀਤੀ ਵਾਪਸ ਲੈਣੀ ਪਈ ਸੀ।

ਸੀਬੀਆਈ ਨੇ ਅਗਸਤ 2022 ਵਿੱਚ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਖਰੇ ਤੌਰ 'ਤੇ ਜਾਂਚ ਕਰ ਰਿਹਾ ਹੈ। ਈਡੀ ਨੇ ਇਸ ਜਾਂਚ ਦੌਰਾਨ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ।

ਅਰਵਿੰਦ ਕੇਜਰੀਵਾਲ ਨੂੰ ਈਡੀ ਨੇ 21 ਮਾਰਚ 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)