ਗੁਰੂ ਰਵਿਦਾਸ ਦਾ ਬੇਗਮਪੁਰਾ ਸੰਕਲਪ ਕੀ ਹੈ? ਗੁਰੂ ਰਵਿਦਾਸ ਦੇ ਜਨਮ ਦਿਹਾੜੇ ਲਈ 'ਆਪ' ਤੇ ਭਾਜਪਾ ਦੀਆਂ ਸਰਗਰਮੀਆਂ ਕੀ ਦੱਸਦੀਆਂ ਹਨ

ਤਸਵੀਰ ਸਰੋਤ, Punjab Government
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 5 ਮਿੰਟ
ਗੁਰੂ ਰਵਿਦਾਸ ਦੇ 649ਵੇਂ ਜਨਮ ਦਿਨ ਦੇ ਸਮਾਗਮਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਫ਼ੀ ਸਰਗਰਮੀਆਂ ਦਿਖਾਈਆਂ ਜਾ ਰਹੀਆਂ ਹਨ।
ਪੰਜਾਬ ਸਰਕਾਰ ਵੱਲੋਂ ਹੁਸ਼ਿਆਪੁਰ ਦੇ ਖੁਰਾਲਗੜ੍ਹ ਸਾਹਿਬ ਵਿਖੇ ਰੱਖੇ ਗਏ ਤਿੰਨ ਦਿਨਾਂ ਸੂਬਾ ਪੱਧਰੀ ਸਮਾਗਮ ਸ਼ੁੱਕਰਵਾਰ ਨੂੰ ਸਮਾਪਤ ਹੋਏ। ਸਰਕਾਰ ਨੇ ਕਿਹਾ ਹੈ ਕਿ ਗੁਰੂ ਰਵਿਦਾਸ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਸਾਲ 2027 ਵਿੱਚ ਇਤਿਹਾਸਕ ਅਤੇ ਵਿਸ਼ਾਲ ਪੱਧਰ 'ਤੇ ਮਨਾਇਆ ਜਾਵੇਗਾ।
ਇਸੇ ਤਹਿਤ 4 ਫਰਵਰੀ ਤੋਂ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ।
ਖੁਰਾਲਗੜ੍ਹ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਅਰਦਾਸ ਹੈ ਕਿ ਮੇਰੀ ਕਲਮ ਹਮੇਸ਼ਾ ਆਮ ਲੋਕਾਂ ਦੇ ਭਲੇ ਲਈ ਚੱਲੇ, ਕਿਸੇ ਨੂੰ ਰੁਜ਼ਗਾਰ ਤੇ ਕਿਸੇ ਨੂੰ ਫ੍ਰੀ ਇਲਾਜ਼ ਮਿਲੇ। ਸੰਤ ਸਮਾਜ ਦੀ ਅਗਵਾਈ 'ਚ ਸੇਵਾ ਜਾਰੀ ਹੈ।"
ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਫਰਵਰੀ ਨੂੰ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਜਲੰਧਰ ਨੇੜੇ ਡੇਰਾ ਸਚਖੰਡ ਬੱਲਾਂ ਦਾ ਦੌਰਾ ਕੀਤਾ ਸੀ। ਡੇਰਾ ਬੱਲਾਂ ਵਿਖੇ ਪਹੁੰਚੇ ਪ੍ਰਧਾਨ ਮੰਤਰੀ ਨੇ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਦੇ ਨਾਮ 'ਤੇ ਰਸਮੀ ਤੌਰ ਉੱਤੇ ਰੱਖਿਆ।
ਜਾਤ-ਪਾਤ ਰਹਿਤ ਸਮਾਜ ਦੀ ਕਲਪਨਾ ਕਰਨ ਵਾਲੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਨੂੰ ਸਾਲ 2027 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਸੂਬੇ ਵਿੱਚ ਦਲਿਤ ਭਾਈਚਾਰੇ ਦੀ ਇੱਕ ਵੱਡੀ ਗਿਣਤੀ ਹੈ।
ਮਾਹਰ ਅਤੇ ਦਲਿਤ ਕਾਰਕੁਨ ਮੰਨਦੇ ਹਨ ਕਿ ਦਲਿਤ ਭਾਈਚਾਰੇ ਨਾਲ ਸਬੰਧਤ ਡੇਰੇ ਪਿਛਲੇ ਸਮੇਂ ਵਿੱਚ ਕਾਫ਼ੀ ਮਜ਼ਬੂਤ ਹੋਏ ਹਨ।
ਗੁਰੂ ਰਵਿਦਾਸ ਕੌਣ ਸਨ ਤੇ ਬੇਗਮਪੁਰਾ ਕੀ ਹੈ?
ਬਰਾਬਰੀ ਵਾਲੇ ਸਮਾਜ ਦੀ ਗੱਲ ਕਰਨ ਵਾਲੇ ਗੁਰੂ ਰਵਿਦਾਸ ਇੱਕ ਸਮਾਜ ਸੁਧਾਰਕ, ਚਿੰਤਕ ਅਤੇ ਭਗਤੀ ਲਹਿਰ ਦੇ ਕਵੀ ਸਨ। ਉਨ੍ਹਾਂ ਦੇ ਬਹੁਤ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹਨ। ਇਸ ਤੋਂ ਇਲਾਵਾ ਵੀ ਉਨ੍ਹਾਂ ਦੀਆਂ ਹੋਰ ਵੀ ਕਾਫ਼ੀ ਰਚਨਾਵਾਂ ਮਿਲਦੀਆਂ ਹਨ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਰੌਣਕੀ ਰਾਮ ਮੁਤਾਬਕ ਗੁਰੂ ਰਵਿਦਾਸ ਮੋਚੀ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਉਸ ਸਮੇਂ ਜਦੋਂ ਰੱਬ ਦਾ ਨਾਮ ਲੈਣ ਲਈ ਉੱਚ ਜਾਤੀ ਵਿੱਚੋਂ ਹੋਣਾ ਜਰੂਰੀ ਸੀ, ਕਿਹਾ ਸੀ ਕਿ ਰੱਬ ਦਾ ਨਾਮ ਲੈਣ ਲਈ ਜਾਤੀ ਨਹੀਂ, ਸਗੋਂ ਇਨਸਾਨੀ ਜਾਮਾ ਜ਼ਰੂਰੀ ਹੈ।

ਤਸਵੀਰ ਸਰੋਤ, Getty Images
ਗੁਰੂ ਰਵਿਦਾਸ ਦੇ ਸ਼ਬਦ 'ਬੇਗਮਪੁਰਾ ਸਹਰ ਕੋ ਨਾਉ॥' ਵਿੱਚ ਉਨ੍ਹਾਂ ਦੇ ਉਸ ਸਮਾਜ ਦੀ ਕਲਪਨਾ ਕੀਤੀ ਹੈ ਜਿਸ ਵਿੱਚ ਸਾਰੇ ਲੋਕ ਬਰਾਬਰ ਹੋਣਗੇ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਗੁਰਨਾਮ ਕੌਰ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ, "ਜਿਵੇਂ ਕਿ ਇਸ ਦੇ ਨਾਮ 'ਬੇਗਮਪੁਰਾ' ਤੋਂ ਹੀ ਸਪੱਸ਼ਟ ਹੈ, ਅਜਿਹੇ ਸਥਾਨ, ਸ਼ਹਿਰ, ਸਮਾਜ, ਦੇਸ ਜਾਂ ਰਾਜ ਦਾ ਸੰਕਲਪ ਹੈ ਜਿਸ ਵਿਚ ਕਿਸੇ ਕਿਸਮ ਦਾ ਕੋਈ ਗ਼ਮ ਨਾ ਹੋਵੇ, ਹਰ ਤਰ੍ਹਾਂ ਦੇ ਗਮ ਤੋਂ ਸੁਰਖਰੂ। ਇਹ ਅਜਿਹੇ ਸਥਾਨ ਦੀ ਪ੍ਰਾਪਤੀ ਹੈ ਜਿਸ ਵਿਚ ਰਹਿਣ ਵਾਲਿਆਂ ਨੂੰ ਕਿਸੇ ਕਿਸਮ ਦਾ ਕੋਈ ਦੁੱਖ, ਤਕਲੀਫ, ਚਿੰਤਾ ਜਾਂ ਫਿਕਰ ਨਹੀਂ ਹੈ।"
ਉਹ ਅੱਗੇ ਲਿਖਦੇ ਹਨ, "ਅਜਿਹਾ ਸਮਾਜ ਜਿਸ ਵਿਚ ਊਚ-ਨੀਚ, ਜਾਤ-ਪਾਤ, ਰੰਗ, ਨਸਲ ਆਦਿ ਦਾ ਕਿਸੇ ਕਿਸਮ ਦਾ ਕੋਈ ਵਖਰੇਵਾਂ ਨਹੀਂ ਹੈ। ਸਭ ਲਈ ਸਮਾਜਕ ਨਿਆਂ ਇੱਕੋ ਜਿਹਾ ਪ੍ਰਾਪਤ ਹੈ। ਇਹ ਇੱਕ ਅਜਿਹੇ 'ਵੈਲਫੇਅਰ ਸਟੇਟ' ਦਾ ਸੰਕਲਪ ਹੈ ਜਿਸ ਵਿਚ ਮਨੁੱਖ ਨੂੰ ਕੋਈ ਦੁਨਿਆਵੀ ਜਾਇਦਾਦ ਬਣਾਉਣ ਦੀ ਜਾਂ ਉਸ 'ਤੇ ਕਿਸੇ ਕਿਸਮ ਦਾ ਮਸੂਲ ਦੇਣ ਦੀ ਵੀ ਕੋਈ ਚਿੰਤਾ ਨਹੀਂ ਹੈ।"
ਦਲਿਤ ਸਮਾਜ ਦੇ ਚਿੰਤਕ ਬਲਬੀਰ ਮਾਧੋਪੁਰੀ ਕਹਿੰਦੇ ਹਨ, "ਬੇਗਮਪੁਰਾ ਦੇ ਸਕੰਲਪ ਵਿੱਚ ਜਾਤ ਰਹਿਤ ਸਮਾਜ ਦੀ ਕਲਪਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹ ਕਹਿੰਦੇ ਹਨ ਕਿ ਉਹ ਨਾਗਰਿਕ ਸਾਡਾ ਦੋਸਤ ਹੈ ਜੋ ਇਸ ਫ਼ਿਲਾਸਫ਼ੀ ਨੂੰ ਮੰਨਦਾ ਹੈ।"
ਸਰਕਾਰੀ ਸਮਾਗਮ ਤੇ 'ਦਲਿਤ ਮਾਣ'

ਤਸਵੀਰ ਸਰੋਤ, X/Bhagwant Maan/NarendraModi
ਪੰਜਾਬ ਦੀ ਸਿਆਸਤ ਵਿੱਚ ਡੇਰਿਆਂ ਦੀ ਕਾਫ਼ੀ ਵੱਡੀ ਭੂਮਿਕਾ ਰਹਿੰਦੀ ਹੈ। ਸੂਬੇ ਵਿੱਚ ਦਲਿਤ ਭਾਈਚਾਰੇ ਦੀ ਅਬਾਦੀ 32 ਫ਼ੀਸਦੀ ਹੈ, ਜੋ ਦੇਸ ਦੇ ਸਾਰੇ ਸੂਬਿਆਂ ਵਿੱਚ ਸਭ ਤੋਂ ਵੱਧ ਹੈ।
ਪੰਜਾਬ ਦੇ ਵੱਖ-ਵੱਖ ਡੇਰਿਆਂ ਨਾਲ ਦਲਿਤ ਭਾਈਚਾਰੇ ਦੇ ਲੋਕ ਜੁੜੇ ਹੋਏ ਹਨ, ਇਨ੍ਹਾਂ ਵਿੱਚੋਂ ਡੇਰਾ ਬੱਲਾਂ ਵੀ ਇੱਕ ਹੈ ਜੋ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ ਤੋਂ ਆਪਣੀ ਤਾਕਤ ਹਾਸਲ ਕਰਦਾ ਹੈ।
ਰਾਜਨੀਤੀ ਸ਼ਾਸਤਰ ਦੇ ਸਾਬਕਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਮੁਤਾਬਕ, "ਧਾਰਮਿਕ ਸਮਾਗਮਾਂ ਦੀ ਲੋਕਾਂ ਵਿੱਚ ਪੇਸ਼ਕਾਰੀ ਕਰਨਾ ਵਧਿਆ ਹੈ। ਧਾਰਮਿਕ ਸਮਾਗਮਾਂ ਦੀ ਪੇਸ਼ਕਾਰੀ ਦਾ ਸਿਆਸਤ ਨਾਲ ਵੀ ਡੂੰਘਾ ਰਿਸ਼ਤਾ ਬਣ ਜਾਂਦਾ ਹੈ। ਜੇਕਰ ਇਨ੍ਹਾਂ ਨੂੰ ਬਿਲਕੁਲ ਨਿੱਜੀ ਛੱਡ ਦਿੱਤਾ ਜਾਵੇ ਤਾਂ ਰਾਜਨੀਤਿਕ ਪਾਰਟੀਆਂ ਲਈ ਸੰਭਾਵਨਾਵਾਂ ਘੱਟ ਜਾਂਦੀਆਂ ਹਨ। ਲੇਕਿਨ ਜੇ ਉਸ ਨੇ ਲੋਕਾਂ ਨੂੰ ਇਕੱਠੇ ਕਰਨਾ ਹੈ ਤਾਂ ਉਹ ਉਨ੍ਹਾਂ ਦੇ ਹਰ ਚਿੰਨ੍ਹ ਨੂੰ ਪਬਲਿਕ ਫਿਗਰ ਬਣਾਉਂਦੀ ਹੈ। ਜਿੱਥੇ ਲੋਕਾਂ ਦੀ ਥਾਂ ਬਣ ਜਾਂਦੀ ਹੈ ਅਤੇ ਇੱਕ ਭਾਈਚਾਰ ਇਕੱਠਾ ਹੋ ਜਾਂਦਾ ਹੈ।"

ਉਹ ਕਹਿੰਦੇ ਹਨ, "ਜੇ ਇੱਕ ਦੇਸ ਦਾ ਪ੍ਰਧਾਨ ਮੰਤਰੀ ਕਿਸੇ ਦੇ ਪੈਰੀਂ ਹੱਥ ਲਗਾਉਂਦਾ ਹੈ, ਜਿਸ ਨੂੰ ਇੱਕ ਭਾਈਚਾਰੇ ਦੇ ਲੋਕ ਮੰਨਦੇ ਹਨ, ਤਾਂ ਉਸ ਭਾਈਚਾਰੇ ਨੂੰ ਲੱਗਦਾ ਹੈ ਕਿ 'ਹਾਂ ਸਾਡੀ ਪਛਾਣ ਹੋਈ ਹੈ', ਜਾਂ 'ਪੁੱਛ-ਪ੍ਰਤੀਤ ਵਧੀ ਹੈ'। ਸਿਆਸਤ ਵਿੱਚ ਪੁੱਛ-ਪ੍ਰਤੀਤ ਦਾ ਵਧਣਾ ਮਾਣ ਤਾਂ ਮਹਿਸੂਸ ਕਰਵਾਉਂਦਾ ਹੀ ਹੈ। ਇੱਕ ਪ੍ਰਧਾਨ ਮੰਤਰੀ ਤੋਂ ਵੱਡੀ ਸ਼ਕਤੀ ਕੀ ਹੋ ਸਕਦੀ ਹੈ।"
ਕਿਸਾਨਾਂ ਦੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਰੋਧੀ ਪ੍ਰਦਰਸ਼ਨਾਂ ਅਤੇ ਟਕਰਾਵਾਂ ਨੂੰ ਦੇਖਦਿਆਂ ਜਤਿੰਦਰ ਸਿੰਘ ਕਹਿੰਦੇ ਹਨ, "ਭਗਵੰਤ ਮਾਨ ਦੀ ਵੀ ਕਿਸਾਨਾਂ ਨਾਲ ਵਿਰੋਧਤਾ ਬਣ ਜਾਂਦੀ ਹੈ ਅਤੇ ਭਾਜਪਾ ਦੇ ਵੀ ਕਿਸਾਨਾਂ ਨਾਲ ਟਕਰਾਅ ਹੋਏ ਹਨ। ਇਸ ਲਈ ਸ਼ਾਇਦ ਦੋਵਾਂ ਨੂੰ ਲੱਗਦਾ ਹੈ ਕਿ ਕਿਸਾਨਾਂ ਤੋਂ ਬਿਨਾਂ ਕੋਈ ਹੋਰ ਗਠਜੋੜ ਵੋਟਾਂ ਲਈ ਲਿਆਉਣਾ ਪਵੇਗਾ।"

ਤਸਵੀਰ ਸਰੋਤ, X/NarendraModi
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਖੋਜਾਰਥੀ ਅਤੇ ਦਲਿਤ ਸਮਾਜ ਦੇ ਕਾਰਕੁਨ ਗੁਰਦੀਪ ਸਿੰਘ ਕਹਿੰਦੇ ਹਨ, "ਪੰਜਾਬ ਦੇ ਲੋਕ ਡੇਰਿਆਂ ਨਾਲ ਚੱਲਦੇ ਹਨ ਅਤੇ ਪਿਛਲੇ ਸਮੇਂ ਵਿੱਚ ਦਲਿਤ ਭਾਈਚਾਰੇ ਨੇ ਆਪਣੀ ਏਕਤਾ ਦਿਖਾਈ ਹੈ। ਉਨ੍ਹਾਂ ਨਾਲ ਸਬੰਧਤ ਡੇਰੇ ਮਜਬੂਤ ਹੋਏ ਹਨ। ਚਰਨਜੀਤ ਸਿੰਘ ਚੰਨੀ ਦੇ ਇੱਕ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਦਲਿਤ ਭਾਈਚਾਰੇ ਦੇ ਵੋਟਾਂ ਉੱਪਰ ਧਿਆਨ ਕੇਂਦਰਿਤ ਕਰ ਰਹੀਆਂ ਹਨ। ਸਿਆਸਤਦਾਨਾਂ ਦਾ ਡੇਰਿਆਂ ਵਿੱਚ ਜਾਣਾ ਉਸ ਨਾਲ ਜੁੜੇ ਲੋਕਾਂ ਨੂੰ ਖੁਸ਼ ਕਰਨ ਦੀ ਤਰੀਕਾ ਹੈ।"
ਦਲਿਤ ਭਾਈਚਾਰੇ ਦੇ ਮਸਲਿਆਂ ਬਾਰੇ ਲਿਖਣ ਵਾਲੇ ਲੇਖਕ ਬਲਬੀਰ ਮਾਧੋਪੁਰੀ ਮੁਤਾਬਕ, "ਦਲਿਤ ਭਾਈਚਾਰੇ ਦੇ ਡੇਰਿਆਂ ਅਤੇ ਗੁਰੂ ਰਵਿਦਾਸ ਦੇ ਸਮਾਗਮਾਂ ਵਿੱਚ ਜਾਣਾ ਵੋਟਾਂ ਨਾਲ ਜੁੜਿਆ ਹੋਇਆ ਹੈ, ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਸਭ ਤੋਂ ਵੱਧ ਗਿਣਤੀ ਦਲਿਤ ਭਾਈਚਾਰੇ ਦੀ ਹੈ। ਕੁਝ ਹਿੱਸਾ ਇਨ੍ਹਾਂ ਵੱਲ ਜਾ ਸਕਦਾ ਹੈ ਪਰ ਇਹ ਜਰੂਰੀ ਵੀ ਨਹੀਂ ਕਿ ਦਲਿਤ ਸਮਾਜ 'ਆਪ' ਅਤੇ ਭਾਜਪਾ ਨੂੰ ਵੋਟ ਪਾਉਣ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































