ਪੰਜਾਬ ਦੇ ਦਲਿਤ ਭਾਈਚਾਰੇ ਲਈ ਅੰਬੇਡਕਰ ਨੇ ਕਿਹੜੇ ਖ਼ਾਸ ਕੰਮ ਕੀਤੇ, ਸਿੱਖ ਲੀਡਰਾਂ ਨੂੰ ਕੀ ਮਸ਼ਵਰਾ ਦਿੱਤਾ ਸੀ

ਤਸਵੀਰ ਸਰੋਤ, Getty Images
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਐਤਵਾਰ ਨੂੰ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ 'ਚ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਤੋੜਨ ਦੀ ਕੋਸ਼ਿਸ਼ ਦੀ ਘਟਨਾ ਵਾਪਰੀ। ਇਸ ਮਾਮਲੇ ਵਿੱਚ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਦਲਿਤ ਜਥੇਬੰਦੀਆਂ ਨੇ ਇਸ ਘਟਨਾ ਨੂੰ 'ਸ਼ਰਮਨਾਕ ਤੇ ਨਿੰਦਣਯੋਗ' ਦੱਸਿਆ ਹੈ ਤੇ ਇਸ ਦੇ ਵਿਰੋਧ ਵਿੱਚ ਪੰਜਾਬ ਵਿੱਚ ਪ੍ਰਦਰਸ਼ਨ ਵੀ ਹੋਏ।
ਮਹਾਰਾਸ਼ਟਰ 'ਚ ਵੱਡੇ ਹੋਏ ਡਾ. ਭੀਮ ਰਾਓ ਅੰਬੇਡਕਰ ਦਾ ਜ਼ਿਕਰ ਪੰਜਾਬ ਵਿੱਚ ਦਲਿਤ ਭਾਈਚਾਰੇ ਦੇ ਗੀਤਾਂ ਤੋਂ ਲੈ ਕੇ ਕਾਰਾਂ ਪਿੱਛੇ ਲੱਗੇ ਸਟਿੱਕਰਾਂ 'ਤੇ ਆਮ ਹੈ।
ਡਾ. ਬੀਆਰ ਅੰਬੇਡਕਰ ਦੀ ਜੀਵਨੀ ਲਿਖ ਚੁੱਕੇ ਲੇਖਕ ਹਰਮੇਸ਼ ਜੱਸਲ ਦੱਸਦੇ ਹਨ ਕਿ ਡਾ. ਅੰਬੇਡਕਰ ਦਾ ਪੰਜਾਬ ਨਾਲ ਖ਼ਾਸ ਰਿਸ਼ਤਾ ਹੈ।
ਉਹ ਦੱਸਦੇ ਹਨ ਕਿ ਅੰਬੇਡਕਰ ਨੂੰ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਵਿੱਚ ਸਭ ਤੋਂ ਵੱਧ ਜੋਸ਼ ਨਾਲ ਯਾਦ ਕੀਤਾ ਜਾਂਦਾ ਹੈ।
ਉਨ੍ਹਾਂ ਮੁਤਾਬਕ, ਇਸ ਦਾ ਕਾਰਨ ਪੰਜਾਬ ਵਿੱਚ ਦਲਿਤ ਭਾਈਚਾਰੇ ਦੀ ਬਹੁਗਿਣਤੀ (ਕਰੀਬ 32%) ਅਤੇ ਉਨ੍ਹਾਂ ਦੀ ਹੋਰਾਂ ਸੂਬਿਆਂ ਨਾਲੋਂ ਆਰਥਿਕ ਤੇ ਸਿਆਸੀ ਪੱਧਰ 'ਤੇ ਮਜ਼ਬੂਤ ਸਥਿਤੀ ਹੈ।
ਫ਼ਿਲਮਸਾਜ਼ ਗੁਰਿੰਦਰ ਅਜ਼ਾਦ ਦੱਸਦੇ ਹਨ ਕਿ ਪੰਜਾਬ ਤੋਂ ਉੱਠੇ ਬਹੁਜਨ ਸਮਾਜ ਪਾਰਟੀ ਬਣਾਉਣ ਵਾਲੇ ਕਾਂਸ਼ੀਰਾਮ ਨੇ ਵੀ ਡਾ. ਅੰਬੇਡਕਰ ਦੇ ਖ਼ਿਆਲਾਂ ਦਾ ਪੰਜਾਬ ਵਿੱਚ ਜ਼ਮੀਨੀ ਪੱਧਰ ਉੱਤੇ ਪ੍ਰਚਾਰ ਕਰਨ ਵਿੱਚ ਰੋਲ ਨਿਭਾਇਆ।
ਪਰ ਇਸ ਦੇ ਨਾਲ ਹੀ ਕੁਝ ਇਤਿਹਾਸਕ ਕਾਰਨ ਵੀ ਹਨ ਜੋ ਪੰਜਾਬ ਵਿੱਚ ਉਨ੍ਹਾਂ ਦੇ 'ਹਰਮਨ ਪਿਆਰੇ' ਹੋਣ ਦੀ ਵਜ੍ਹਾ ਹਨ।
ਇਸ ਰਿਪੋਰਟ 'ਚ ਡਾ. ਭੀਮ ਰਾਓ ਅੰਬੇਡਕਰ ਦੇ ਪੰਜਾਬ ਵਿੱਚ ਇੱਕ ਮਜ਼ਬੂਤ ਨਾਇਕ ਹੋਣ ਦੇ ਕਾਰਨਾਂ ਬਾਰੇ ਝਾਤ ਮਾਰਾਂਗੇ।

ਕਦੋਂ-ਕਦੋਂ ਪੰਜਾਬ ਆਏ ਡਾ. ਅੰਬੇਡਕਰ
ਕਈ ਕਿਤਾਬਾਂ ਲਿਖ ਚੁੱਕੇ ਹਰਮੇਸ਼ ਜੱਸਲ ਦੱਸਦੇ ਹਨ ਕਿ ਡਾ. ਭੀਮ ਰਾਓ ਅੰਬੇਡਕਰ 1936 ਦੇ ਨੇੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸਾਖੀ ਦੇ ਸਮੇਂ ਹੋਈ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਏ ਸਨ।
ਉਹ ਦੱਸਦੇ ਹਨ ਕਿ ਬ੍ਰਿਟਿਸ਼ ਰਾਜ ਵੇਲੇ ਇੱਕ ਸਮੇਂ ਡਾ. ਅੰਬੇਡਕਰ ਸ਼ਿਮਲਾ ਰਹਿੰਦੇ ਸਨ ਅਤੇ ਪੰਜਾਬ ਦੇ ਲੋਕ ਉਨ੍ਹਾਂ ਨੂੰ ਅਕਸਰ ਮਿਲਣ ਜਾਂਦੇ ਰਹਿੰਦੇ ਸਨ।

ਤਸਵੀਰ ਸਰੋਤ, Getty Images
ਉਹ ਦੱਸਦੇ ਹਨ, "ਡਾ. ਅੰਬੇਡਕਰ ਬ੍ਰਿਟਿਸ਼ ਰਾਜ ਵੇਲੇ ਬਣੀ ਫ੍ਰੈਂਚਾਇਜ਼ ਕਮੇਟੀ ਦੇ ਮੈਂਬਰ ਸਨ ਅਤੇ ਸਾਇਮਨ ਕਮਿਸ਼ਨ ਦੇ ਮੈਂਬਰ ਦੇ ਤੌਰ 'ਤੇ ਵੋਟ ਦੇ ਅਧਿਕਾਰ ਲਈ ਪੰਜਾਬ ਵਿੱਚ ਸਰਵੇ ਕਰ ਚੁੱਕੇ ਸਨ।"
ਉਹ ਅੱਗੇ ਦੱਸਦੇ ਹਨ ਜਦੋਂ ਡਾ. ਅੰਬੇਡਕਰ ਨੇ ਸੰਵਿਧਾਨ ਸਭਾ ਲਈ ਕਲਕੱਤੇ ਤੋਂ ਚੋਣਾਂ ਲੜੀਆਂ ਤਾਂ ਉਸ ਵੇਲੇ ਪੰਜਾਬ ਦੇ ਚਮੜੇ ਦੇ ਵਪਾਰੀ ਸੇਠ ਕਿਸ਼ਨ ਦਾਸ ਨਾਲ ਉਨ੍ਹਾਂ ਦੀ ਸਾਂਝ ਰਹੀ।
ਸੇਠ ਕਿਸ਼ਨ ਦਾਸ ਪੰਜਾਬ ਸ਼ਡਿਊਲ ਕਾਸਟ ਫੈੱਡਰੇਸ਼ਨ ਦੇ ਪ੍ਰਧਾਨ ਸਨ ਤੇ ਕਲਕੱਤੇ (ਹੁਣ ਕੋਲਕਾਤਾ) ਵਿੱਚ ਵੀ ਉਨ੍ਹਾਂ ਦਾ ਵਪਾਰ ਸੀ।
ਅਜ਼ਾਦੀ ਤੋਂ ਬਾਅਦ ਜਦੋਂ ਸ਼ਡਿਊਲ ਕਾਸਟ ਫੈਡਰੇਸ਼ਨ ਨੇ ਚੋਣਾਂ ਵਿੱਚ ਹਿੱਸਾ ਲਿਆ ਤਾਂ ਡਾ ਅੰਬੇਡਕਰ 27 ਅਕਤੂਬਰ 1951 ਨੂੰ ਜਲੰਧਰ ਦੀ ਬੂਟਾਂ ਮੰਡੀ ਵਿੱਚ ਹੋਈ ਕਾਨਫਰੰਸ ਵਿੱਚ ਸ਼ਾਮਲ ਹੋਏ ਅਤੇ 'ਇਤਿਹਾਸਕ ਭਾਸ਼ਣ' ਦਿੱਤਾ।
ਇਸ ਮਗਰੋਂ ਉਨ੍ਹਾਂ ਨੇ ਲੁਧਿਆਣਾ ਸਣੇ ਹੋਰ ਸ਼ਹਿਰਾਂ ਵਿੱਚ ਵੀ ਭਾਸ਼ਣ ਦਿੱਤੇ।

ਤਸਵੀਰ ਸਰੋਤ, UGC
ਡਾ. ਅੰਬੇਡਕਰ ਦੇ ਪੰਜਾਬ ਦੇ ਦਲਿਤ ਭਾਈਚਾਰੇ ਲਈ ਖ਼ਾਸ ਕੰਮ
ਡਾ. ਅੰਬੇਡਕਰ ਨੂੰ ਭਾਰਤ ਭਰ ਦੇ ਦਲਿਤ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਵਾਲੀ ਸ਼ਖ਼ਸੀਅਤ ਵਜੋਂ ਯਾਦ ਕੀਤਾ ਜਾਂਦਾ ਹੈ।
ਹਰਮੇਸ਼ ਜੱਸਲ ਦੱਸਦੇ ਹਨ ਕਿ ਹਾਲਾਂਕਿ ਅੰਬੇਡਕਰ ਵੱਲੋਂ ਭਾਰਤ ਭਰ ਦੇ ਦਲਿਤ ਭਾਈਚਾਰੇ ਦੇ ਹੱਕਾਂ ਲਈ ਕੰਮ ਕੀਤਾ ਗਿਆ ਪਰ ਪੰਜਾਬ ਦੇ ਦਲਿਤ ਵੀ ਉਨ੍ਹਾਂ ਨੂੰ ਕੁਝ ਖਾਸ ਕੰਮਾਂ ਲਈ ਯਾਦ ਕਰਦੇ ਹਨ।
ਉਹ ਦੱਸਦੇ ਹਨ "ਅਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ 'ਪੰਜਾਬ ਲੈਂਡ ਏਲੀਏਸ਼ਨ ਐਕਟ' ਲਾਗੂ ਸੀ। ਇਸ ਮੁਤਾਬਕ ਜਿਹੜਾ ਪੰਜਾਬੀ ਖੇਤੀ ਨਹੀਂ ਕਰਦਾ ਉਹ ਜ਼ਮੀਨ ਨਹੀਂ ਖ਼ਰੀਦ ਸਕਦਾ ਸੀ।"
ਉਹ ਅੱਗੇ ਦੱਸਦੇ ਹਨ, "ਇਹ ਐਕਟ ਸਾਲ 1950 ਵਿੱਚ ਖ਼ਤਮ ਕੀਤਾ ਗਿਆ। ਡਾਕਟਰ ਅੰਬੇਡਕਰ ਇਸ ਐਕਟ ਦੇ ਖ਼ਿਲਾਫ਼ ਸਨ ਤੇ ਇਸ ਨੂੰ ਖ਼ਤਮ ਕਰਵਾਉਣ 'ਚ ਉਨ੍ਹਾਂ ਦਾ ਰੋਲ ਰਿਹਾ ਸੀ।”
ਹਰਮੇਸ਼ ਦੱਸਦੇ ਹਨ ਕਿ 1947 ਦੀ ਭਾਰਤ-ਪਾਕ ਵੰਡ ਵਿੱਚ ਅਜਿਹੇ ਕਈ ਦਲਿਤ ਸਨ ਜੋ ਪਾਕਿਸਤਾਨ ਵਿੱਚ ਫਸ ਗਏ ਸਨ। ਇਸ ਦਾ ਕਾਰਨ ਸੀ ਕਿ ਉਨ੍ਹਾਂ ਕੋਲ ਨਿਕਲਣ ਲਈ ਸਾਧਨਾਂ ਦੀ ਕਮੀ ਸੀ।
ਉਹ ਦੱਸਦੇ ਹਨ, "ਡਾ. ਅੰਬੇਡਕਰ ਨੇ ਰੱਖਿਆ ਮੰਤਰੀ ਤੱਕ ਪਹੁੰਚ ਕੀਤੀ ਜਿਸ ਮਗਰੋਂ ਮਹਾਰ ਰੈਜੀਮੈਂਟ ਨੇ ਦਲਿਤ ਅਤੇ ਸਿੱਖ ਲੋਕਾਂ ਨੂੰ ਪਾਕਿਸਤਾਨ ਤੋਂ ਸੁਰੱਖਿਅਤ ਭਾਰਤ ਲਿਆਂਦਾ।"
ਤੀਜੇ ਕੰਮ ਬਾਰੇ ਉਹ ਦੱਸਦੇ ਹਨ, "ਜਿਸ ਵੇਲੇ ਡਾ ਅੰਬੇਡਕਰ ਦਾ ਗਾਂਧੀ ਨਾਲ ਪੂਨਾ ਪੈਕਟ ਹੋਇਆ ਤਾਂ ਉਸ ਵੇਲੇ ਇਹ ਗੱਲ ਚੱਲੀ ਸੀ ਕਿ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਰਾਖਵੇਂਕਰਨ ਦੀ ਜ਼ਰੂਰਤ ਨਹੀਂ ਹੈ।"
'ਪੂਨਾ ਪੈਕਟ 1932' ਦੇ ਤਹਿਤ ਬ੍ਰਿਟਿਸ਼ ਭਾਰਤ ਵਿੱਚ ਵਿਧਾਨ ਸਭਾਵਾਂ ਵਿੱਚ ਦਲਿਤ ਭਾਈਚਾਰੇ ਲਈ ਰਾਖਵੀਆਂ ਸੀਟਾਂ ਵਧਾਈਆਂ ਗਈਆਂ ਸਨ।
ਇਸ ਮਗਰੋਂ ਪੰਜਾਬ ਵਿੱਚ ਆਦਿ ਧਰਮ ਲਹਿਰ ਦੇ ਮੋਢੀ ਅਤੇ ਅੰਬੇਡਕਰ ਦੇ ਨਜ਼ਦੀਕੀ ਆਗੂ ਬਾਬੂ ਮੰਗੂ ਰਾਮ ਭੁੱਖ ਹੜਤਾਲ ਉੱਤੇ ਬੈਠੇ ਅਤੇ ਡਾ. ਸਾਬ੍ਹ ਨੂੰ ਕਿਹਾ ਕਿ ਪੰਜਾਬ ਵਿੱਚ ਵੀ ਦਲਿਤ ਭਾਈਚਾਰੇ ਨੂੰ ਰਾਖਵਾਂਕਰਨ ਦਿੱਤਾ ਜਾਣਾ ਚਾਹੀਦਾ ਹੈ।
ਇਸ ਮਗਰੋਂ ਦਲਿਤ ਭਾਈਚਾਰੇ ਨੂੰ ਪੰਜਾਬ ਵਿੱਚ 8 ਸੀਟਾਂ ਉੱਤੇ ਰਾਖਵਾਂਕਰਨ ਮਿਲਿਆ ਸੀ।

ਤਸਵੀਰ ਸਰੋਤ, Getty Images
ਜਦੋਂ ਅੰਬੇਡਕਰ ਨੇ ਅਕਾਲੀਆਂ ਨੂੰ ਪੰਜਾਬੀ ਸੂਬੇ ਦੀ ਮੰਗ ਕਰਨ ਦੀ ਸਲਾਹ ਦਿੱਤੀ
ਦਲਿਤ ਭਾਈਚਾਰੇ ਤੋਂ ਇਲਾਵਾ ਡਾ. ਅੰਬੇਡਕਰ ਦਾ ਪੰਜਾਬ ਦੀ ਅਕਾਲੀ ਸਿਆਸਤ ਉੱਤੇ ਵੀ ਪ੍ਰਭਾਵ ਰਿਹਾ।
ਦਿੱਲੀ ਰਹਿੰਦੇ ਫ਼ਿਲਮਸਾਜ਼ ਅਤੇ ਲੇਖਕ ਗੁਰਿੰਦਰ ਅਜ਼ਾਦ ਦੱਸਦੇ ਹਨ ਕਿ ਡਾਕਟਰ ਅੰਬੇਡਕਰ ਦਾ ਅਕਾਲੀ ਆਗੂਆਂ ਨਾਲ ਵੀ ਮਿਲਾਪ ਰਿਹਾ।
ਉਹ ਦੱਸਦੇ ਹਨ, "ਅਜੀਤ ਸਿੰਘ ਸਰਹੱਦੀ ਦੀ ਕਿਤਾਬ ਪੰਜਾਬੀ ਸੂਬੇ ਦੀ ਗਾਥਾ ਵਿੱਚ ਦਰਜ ਹੈ ਕਿ ਸਾਲ 1948 ਵਿੱਚ ਅੰਬੇਡਕਰ ਵੱਲੋਂ ਅਕਾਲੀ ਆਗੂਆਂ ਨੂੰ ਸਿੱਖ ਹੋਮਲੈਂਡ ਦੀ ਥਾਂ ਪੰਜਾਬੀ ਸੂਬੇ ਦੀ ਮੰਗ ਕਰਨ ਦੀ ਸਲਾਹ ਦਿੱਤੀ ਗਈ ਸੀ।"
ਇਸ ਬਾਰੇ ਜ਼ਿਕਰ ਹਰਚਰਨ ਸਿੰਘ ਬਾਜਵਾ ਦੀ ਕਿਤਾਬ 'ਫਿਫਟੀ ਈਅਰਜ਼ ਆਫ ਪੰਜਾਬ ਪਾਲਿਟਿਸ 1920-1970' ਵਿੱਚ ਵੀ ਮਿਲਦਾ ਹੈ।
ਗੁਰਿੰਦਰ ਅਜ਼ਾਦ ਦੱਸਦੇ ਹਨ ਕਿ ਆਪਣੇ ਅੰਤਿਮ ਸਮੇਂ ਦੌਰਾਨ ਡਾ. ਅੰਬੇਡਕਰ ਦਿੱਲੀ ਰਹਿਣ ਲੱਗ ਗਏ ਸਨ ਜਿੱਥੇ ਉਨ੍ਹਾਂ ਦੇ ਸਾਥੀ ਰਹੇ ਕਾਰਕੁਨ ਲਾਹੌਰੀ ਰਾਮ ਬਾਲੀ ਅਤੇ ਕੇਸੀ ਸੁਲੇਖ ਉਨ੍ਹਾਂ ਨੂੰ ਮਿਲਦੇ ਰਹੇ।
ਉਹ ਦੱਸਦੇ ਹਨ ਕਿ ਲਾਹੌਰੀ ਰਾਮ ਬਾਲੀ ਨੇ ਪੰਜਾਬ ਵਿੱਚ ਭੀਮ ਪਤ੍ਰਿਕਾ ਨਾਮ ਦੀ ਮੈਗਜ਼ੀਨ ਕੱਢੀ ਸੀ।

ਡਾ. ਅੰਬੇਡਕਰ ਦੇ ਉਭਾਰ ਵਿੱਚ ਕਾਂਸ਼ੀਰਾਮ ਦੀ ਭੂਮਿਕਾ
ਗੁਰਿੰਦਰ ਅਜ਼ਾਦ ਦੱਸਦੇ ਹਨ ਕਿ ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿੱਚ ਡਾ. ਅੰਬੇਡਕਰ ਦੇ ਇੱਕ ਨਾਇਕ ਵਜੋਂ ਉਭਾਰ ਵਿੱਚ ਬਹੁਜਨ ਸਮਾਜ ਪਾਰਟੀ ਅਤੇ 'ਬਾਮਸੇਫ਼' ਦੇ ਸੰਸਥਾਪਕ ਕਾਂਸ਼ੀਰਾਮ ਨੇ ਮੁੱਖ ਰੋਲ ਨਿਭਾਇਆ।
ਬਾਮਸੇਫ਼ ਦਾ ਪੂਰਾ ਨਾਮ 'ਆਲ ਇੰਡੀਆ ਬੈਕਵਰਡ ਐਂਡ ਮਾਈਨਾਰਿਟੀ ਕਮੀਊਨੀਟੀਜ਼ ਇੰਪਲਾਈਜ਼ ਫੈਡਰੇਸ਼ਨ' ਹੈ।
ਉਹ ਦੱਸਦੇ ਹਨ ਕਿ ਕਾਂਸ਼ੀਰਾਮ ਨੇ ਹੀ ਪੰਜਾਬ ਵਿੱਚ ਕਹਾਣੀਆਂ ਰਾਹੀਂ ਡਾ ਭੀਮ ਰਾਓ ਅੰਬੇਡਕਰ, ਜਯੋਤੀਰਾਓ ਫੂਲੇ ਅਤੇ ਸ਼ਾਹੂ ਮਹਾਰਾਜ ਦੀਆਂ ਸ਼ਖ਼ਸੀਅਤਾਂ ਨੂੰ ਘਰ-ਘਰ ਪ੍ਰਚਾਰਿਆ ਸੀ।
ਇਸ ਦੌਰਾਨ ਬੈਨਰਾਂ ਉੱਤੇ ਡਾ. ਅੰਬੇਡਕਰ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਲੱਗਦੀਆਂ ਸਨ।
ਅੰਮ੍ਰਿਤਸਰ ਵਿੱਚ ਡਾ. ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਸ਼ਖ਼ਸ ਦੀ ਪਛਾਣ ਅਕਾਸ਼ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ ਉੱਥੇ ਹੀ ਦਲਿਤ ਜਥੇਬੰਦੀਆਂ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਬੰਦ ਕਰਵਾ ਕੇ ਰੋਸ ਦਰਸਾਇਆ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












