ਕਲਕੱਤਾ: ਉਹ ਸ਼ਹਿਰ ਜਿੱਥੋਂ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਭੇਜੇ ਗਏ ਕਿਵੇਂ ਬਣਿਆ ਸੀ 'ਮਿੰਨੀ ਪੰਜਾਬ'

ਕਲਕੱਤੇ 'ਚ ਪੰਜਾਬੀ

ਤਸਵੀਰ ਸਰੋਤ, Manjit Singh Chahal

ਤਸਵੀਰ ਕੈਪਸ਼ਨ, ਪੰਜਾਬੀ ਪਹਿਲੀ ਵਿਸ਼ਵ ਜੰਗ ਮਗਰੋਂ ਕਲਕੱਤੇ ਵਸਣੇ ਸ਼ੁਰੂ ਹੋਏ ਅਤੇ ਟਰਾਂਸਪੋਰਟ ਦੇ ਕੰਮ ਵਿੱਚ ਸ਼ੁਰੂਆਤ ਕੀਤੀ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

‘ਓਨਿਕ ਰਾਤ ਹੋਏ ਗਛੇ ਸਰਦਾਰ ਜੀ ਅਰ ਟੈਕਸੀ ਤੇ ਜਾਬੀ’

ਬੰਗਲਾ ਭਾਸ਼ਾ ਦਾ ਇਹ ਵਾਕ ਕੋਲਕਾਤਾ ’ਚ ਇੱਕ ਹਦਾਇਤ ਵਜੋਂ ਵਰਤਿਆ ਜਾਂਦਾ ਸੀ।

ਇਸ ਦਾ ਮਤਲਬ ਹੈ – ‘ਹੁਣ ਰਾਤ ਪੈ ਗਈ ਐ ਸਰਦਾਰ ਜੀ ਦੀ ਟੈਕਸੀ 'ਤੇ ਹੀ ਜਾਵੀਂ’।

ਕੋਲਕਾਤਾ ਰਹਿੰਦੇ ਸਥਾਨਕ ਇਤਿਹਾਸਕਾਰ ਅਤੇ ਪੇਸ਼ੇ ਵਜੋਂ ਵਕੀਲ ਮਨਜੀਤ ਦੱਸਦੇ ਹਨ ਕਿ ਇਹ ਵਾਕ ਕੋਲਕਾਤਾ ਵਿਚਲੇ ਪੰਜਾਬੀ ਟੈਕਸੀ ਡਰਾਇਵਰਾਂ ’ਤੇ ਸਥਾਨਕ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਸੀ।

ਦਰਅਸਲ ਪਹਿਲੀ ਵਿਸ਼ਵ ਜੰਗ ਦੇ ਅੰਤ ਤੋਂ ਲੈ ਕੇ 1980 ਵਿਆਂ ਦੇ ਅਖ਼ੀਰ ਤੱਕ ਕੋਲਕਾਤਾ ਸ਼ਹਿਰ ਵਿੱਚ ਟਰਾਂਸਪੋਰਟ ਦੇ ਕਾਰੋਬਾਰ ’ਤੇ ਪੰਜਾਬੀਆਂ ਦਾ ਦਬਦਬਾ ਰਿਹਾ।

ਪੰਜਾਬੀਆਂ ਦੇ ਕੈਨੇਡਾ, ਅਮਰੀਕਾ ਸਣੇ ਹੋਰ ਪੱਛਮੀ ਮੁਲਕਾਂ ਵਿੱਚ ਰੁਜ਼ਗਾਰ ਲਈ ਪਰਵਾਸ ਦੀ ਕਹਾਣੀ ਵੀ ਕੋਲਕਾਤਾ ਨੇੜਲੇ ਬਜ ਬਜ ਘਾਟ ਦੇ ਜ਼ਿਕਰ ਤੋਂ ਬਿਨਾ ਅਧੂਰੀ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਾਲ 1914 ਵਿੱਚ ਕੈਨੇਡਾ ਦੀ ਵੈਨਕੂਵਰ ਬੰਦਰਗਾਹ ਤੋਂ ਕਈ ਦਿਨਾਂ ਬਾਅਦ ਵਾਪਸ ਮੋੜਿਆ ਗਿਆ ਪਰਵਾਸੀਆਂ ਨਾਲ ਭਰਿਆ ਸਮੁੰਦਰੀ ਜਹਾਜ਼ ‘ਕਾਮਾਗਾਟਾ ਮਾਰੂ’ 23 ਸਤੰਬਰ ਨੂੰ ਕੋਲਕਾਤਾ ਨੇੜਲੇ ਬਜ ਬਜ ਘਾਟ ਵਾਪਸ ਆਇਆ ਸੀ।

ਇੱਥੇ ਜਹਾਜ਼ ਵਿੱਚ ਸਵਾਰ ਮੁਸਾਫ਼ਰਾਂ ਅਤੇ ਬਰਤਾਨਵੀ ਪੁਲਿਸ ਵਿਚਾਲੇ ਹਿੰਸਕ ਝੜਪ ਹੋਈ, ਜਿਸ ਵਿੱਚ ਕਈ ਮੁਸਾਫ਼ਿਰ ਮਾਰੇ ਗਏ ਤੇ ਫੜ ਕੇ ਜੇਲ਼੍ਹ ਭੇਜ ਦਿੱਤੇ ਗਏ।

ਕੋਲਕਾਤਾ ਨੂੰ ਅੰਗ੍ਰੇਜ਼ਾਂ ਵੱਲੋਂ ਕਲਕੱਤਾ ਕਿਹਾ ਜਾਂਦਾ ਸੀ, ਇਸ ਦਾ ਨਾਂ ਅਧਿਕਾਰਤ ਤੌਰ ਉੱਤੇ 2001 ਵਿੱਚ ਕੋਲਕਾਤਾ ਰੱਖਿਆ ਗਿਆ।

 ਗੁਰਨਾਮ ਸਿੰਘ

ਤਸਵੀਰ ਸਰੋਤ, Manjit Singh Chahal

ਤਸਵੀਰ ਕੈਪਸ਼ਨ, ਲੁਧਿਆਣਾ ਤੋਂ ਕਲਕੱਤਾ ਵਸੇ ਗੁਰਨਾਮ ਸਿੰਘ ਨੂੰ ਸਾਲ 1925 ਵਿੱਚ ਜਾਰੀ ਹੋਏ ਡਰਾਇਵਿੰਗ ਲਾਇਸੰਸ

ਕੋਲਕਾਤਾ ਸਾਲ 1911 ਤੱਕ ਬਰਤਾਵਨਵੀ ਹਕੂਮਤ ਦੀ ਰਾਜਧਾਨੀ ਰਿਹਾ..ਇਸ ਨੂੰ ‘ਮਹਿਲਾਂ ਦਾ ਸ਼ਹਿਰ’ ਤੇ ਕਿਤੇ-ਕਿਤੇ ‘ਲੰਡਨ ਆਫ ਦੀ ਈਸਟ’ ਵੀ ਲਿਖਿਆ ਮਿਲਦਾ ਹੈ।

ਕੋਲਕਾਤਾ ਰਹਿੰਦੇ ਪੰਜਾਬੀ ਹਾਲ ਫਿਲਹਾਲ ਉਸ ਵੇਲੇ ਮੁੜ ਚਰਚਾ ਵਿੱਚ ਆਏ ਸਨ, ਜਦੋਂ ਬੰਗਾਲ ਦੇ ਸੰਦੇਸ਼ਖ਼ਾਲੀ ਵਿੱਚ ਇੱਕ ਭਾਜਪਾ ਆਗੂ ਵੱਲੋਂ ਕਥਿਤ ਤੌਰ ’ਤੇ ਸਿੱਖ ਆਈਪੀਐੈੱਸ ਅਫ਼ਸਰ ਨੂੰ 'ਖਾਲਿਸਤਾਨੀ' ਕਿਹਾ ਗਿਆ ਸੀ।

ਭਾਜਪਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਸੀ।

ਇਸ ਘਟਨਾ ਦੇ ਰੋਸ ਮਗਰੋਂ ਕੋਲਕਾਤਾ ਵਿਚਲੇ ਸਿੱਖ ਭਾਈਚਾਰੇ ਵੱਲੋਂ ਭਾਜਪਾ ਦੇ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ ਸੀ।

ਬਲਵਿੰਦਰ ਸਿੰਘ

ਤਸਵੀਰ ਸਰੋਤ, Manjit Singh Chahal

ਤਸਵੀਰ ਕੈਪਸ਼ਨ, ਬਲਵਿੰਦਰ ਸਿੰਘ ਦੀ ਤਸਵੀਰ

ਪਿਛਲੇ ਕਈ ਸਾਲਾਂ ਤੋਂ ਕੋਲਕਾਤਾ ’ਚ ਪੰਜਾਬੀਆਂ ਦੇ ਇਤਿਹਾਸ ਬਾਰੇ ਖੋਜ ਕਰ ਰਹੇ ਮਨਜੀਤ ਸਿੰਘ ਚਾਹਲ ਕਹਿੰਦੇ ਹਨ ਕਿ 1920ਵਿਆਂ ਤੋਂ ਬਾਅਦ ਦੇ ਦਹਾਕਿਆਂ ਵਿੱਚ ਪੰਜਾਬੀਆਂ ਵਿੱਚ ਕੋਲਕਾਤਾ ਵੱਲ ਆਉਣ ਦਾ ਰੁਝਾਨ ਪੂਰੀ ਚੜ੍ਹਤ ਵਿੱਚ ਸੀ।

ਉਹ ਕਹਿੰਦੇ ਹਨ, “ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿੰਨਾ ਰੁਝਾਨ ਪੰਜਾਬੀਆਂ ਦਾ ਅਜੋਕੇ ਸਮੇਂ ਵਿੱਚ ਕੈਨੇਡਾ ਸਣੇ ਹੋਰ ਪੱਛਮੀ ਦੇਸ਼ਾਂ ਵੱਲ ਹੈ, ਇੰਨੀ ਹੀ ਗਰਮਜੋਸ਼ੀ 1920 ਵਿਆਂ ਦੌਰਾਨ ਕਲਕੱਤਾ ਤੇ ਸ਼ੰਘਾਈ ਜਿਹੇ ਸ਼ਹਿਰਾਂ ਵੱਲ ਵੀ ਸੀ।”

ਉਹ ਕਹਿੰਦੇ ਹਨ, “ਥੋੜ੍ਹੇ ਹੀ ਸਮੇਂ ਵਿੱਚ ਪੰਜਾਬੀਆਂ ਨੇ ਕਲਕੱਤਾ ਦੇ ਸਥਾਨਕ ਸਭਿਆਚਾਰ ਵਿੱਚ ਆਪਣੀ ਵਿਲੱਖਣ ਥਾਂ ਬਣਾ ਲਈ ਸੀ, ਜੋ ਕਿ ਅੱਜ ਤੱਕ ਵੀ ਕਾਇਮ ਹੈ।”

ਉਹ ਕਹਿੰਦੇ ਹਨ, “ਸ਼ਾਇਦ ਇਸੇ ਕਰਕੇ ਪੰਜਾਬ ਦੀ ਲੋਕ ਧਾਰਾ ਵਿੱਚ ਕਲਕੱਤਾ ਏਦਾਂ ਰਮਿਆ ਹੋਇਆ ਹੈ, ਜਿਵੇਂ ਇਹ ਕੋਈ ਪੰਜਾਬ ਦਾ ਹੀ ਸ਼ਹਿਰ ਹੋਵੇ।”

ਮਹਾਰਾਜਾ ਦਲੀਪ ਸਿੰਘ ਦੀ ਮਹਾਰਾਣੀ ਜਿੰਦ ਕੌਰ ਨਾਲ ਮੁਲਾਕਾਤ

ਮਹਾਰਾਜਾ ਦਲੀਪ ਸਿੰਘ, ਮਹਾਰਾਣੀ ਜਿੰਦ ਕੌਰ

ਤਸਵੀਰ ਸਰੋਤ, BRITISH LIBRARY

ਪੱਛਮ ਬੰਗਾਲ ਦੀ ਜਾਦਵਪੁਰ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰੋਫ਼ੈਸਰ ਰਹਿ ਚੁੱਕੇ ਹਿਮਾਦਰੀ ਬੈਨਰਜੀ ਕਹਿੰਦੇ ਹਨ ਅੰਗਰੇਜ਼ੀ ਸ਼ਾਸਨ ਦੌਰਾਨ ਹੋਏ ਪੰਜਾਬੀਆਂ ਦੇ ਪਰਵਾਸ ਤੋਂ ਪਹਿਲਾਂ ਵੀ ਸਿੱਖ ਗੁਰੂਆਂ ਦੇ ਦੇ ਨਾਲ ਜੁੜੇ ਇਤਿਹਾਸਕ ਅਸਥਾਨਾਂ ਬੰਗਾਲ ਵਿੱਚ ਵੱਖ-ਵੱਖ ਥਾਵਾਂ ’ਤੇ ਮੌਜੂਦ ਸਨ, ਜਿੱਥੇ ਨਾਨਕਪੰਥੀ ਰਹਿੰਦੇ ਸਨ।

ਉਹ ਕਹਿੰਦੇ ਹਨ ਕਿ ਚੀਨ ਵਿੱਚ ਓਪੀਅਮ ਜੰਗ ’ਚ ਜਾਣ ਲਈ ਪੰਜਾਬੀ ਫੌਜੀਆਂ ਨੂੰ ਕੋਲਕਾਤਾ ਤੋਂ ਹੀ ਲੈ ਕੇ ਜਾਇਆ ਜਾਂਦਾ ਸੀ।

ਹਿਮਾਦਰੀ ਅੱਗੇ ਦੱਸਦੇ ਹਨ ਕਿ ਕੋਲਕਾਤਾ ਵਿੱਚ ਹੀ ਸਾਲ 1861 ਵਿੱਚ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਇੱਥੇ ਮਿਲੇ ਸਨ।

ਮਹਾਰਾਜਾ ਦਲੀਪ ਸਿੰਘ ‘ਸ਼ੇਰ ਏ ਪੰਜਾਬ’ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ।

ਅੰਗਰੇਜ਼ਾਂ ਨੇ ਸਾਲ 1849 ਵਿੱਚ ‘ਸਿੱਖ ਰਾਜ’ ਆਪਣੇ ਅਧੀਨ ਕਰ ਲਿਆ ਸੀ।

ਸਪੈਂਸਸ ਹੋਟਲ

ਤਸਵੀਰ ਸਰੋਤ, Manjit Singh Chahal

ਇੰਸਟੀਟਿਊਟ ਆਫ ਸਿੱਖ ਸਟੱਡੀਜ਼ ਮੁਤਾਬਕ ਮਹਾਰਾਜਾ ਦਲੀਪ ਸਿੰਘ ਜਨਵਰੀ 1861 ਵਿੱਚ ਕੋਲਕਾਤਾ ਦੇ ਸਪੈਂਸਸ ਹੋਟਲ ਵਿੱਚ ਰੁਕੇ ਸਨ ਇੱਥੇ ਉਹ ਆਪਣੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਮਿਲੇ ਸਨ।

ਜਿੰਦ ਕੌਰ ਉਸ ਵੇਲੇ 13 ਸਾਲਾਂ ਤੋਂ ਨੇਪਾਲ ਵਿੱਚ ਜਲਾਵਤਨੀ ਕੱਟ ਰਹੇ ਸਨ।

ਚੀਨ ਵਿੱਚੋਂ ਜੰਗ ਤੋਂ ਵਾਪਸ ਪਰਤੇ ਸਿੱਖ ਫੌਜੀਆਂ ਨੇ ਸਪੈਂਸਸ’ ਹੋਟਲ ਦੇ ਬਾਹਰ ਦਲੀਪ ਸਿੰਘ ਦੇ ਹੱਕ ਵਿੱਚ ਵੱਡਾ ਰੋਸ ਮੁਜ਼ਾਹਰਾ ਕੀਤਾ।

ਇਸ ਤੋਂ ਬਾਅਦ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਸੀ।

ਮਨਜੀਤ ਸਿੰਘ ਚਾਹਲ ਕਹਿੰਦੇ ਹਨ ਕਿ ਕੋਲਕਾਤਾ ਸ਼ੁਰੂਆਤ ਵਿੱਚ ਹੋਰ ਮੁਲਕਾਂ ਵਿੱਚ ਜਾਣ ਲਈ ਇੱਕ ‘ਗੇਟਵੇਅ’ ਹੀ ਸੀ, ਪਰ ਇੱਥੇ ਵਪਾਰਕ ਮੌਕਿਆਂ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਇੱਥੇ ਵਸਣ ਦਾ ਮਨ ਬਣਾਇਆ।

ਇਹ ਵੀ ਪੜ੍ਹੋ-

ਕੋਲਕਾਤਾ ਵਿੱਚ ਟੈਕਸੀ ਡਰਾਇਵਰਾਂ ਵਜੋਂ ਸ਼ੁਰੂਆਤ

ਬਲਬੀਰ ਸਿੰਘ ਗਰੇਵਾਲ

ਤਸਵੀਰ ਸਰੋਤ, Grewal Family

ਤਸਵੀਰ ਕੈਪਸ਼ਨ, ਕਲਕੱਤੇ ਚ ਬੱਸ ਚਲਾਉਣ ਵਾਲੇ ਬਲਬੀਰ ਸਿੰਘ ਗਰੇਵਾਲ ਦੀ ਤਸਵੀਰ

ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਬਾਰੇ ਖੋਜ ਕਰ ਚੁੱਕੇ ਹਿਮਾਦਰੀ ਬੈਨਰਜੀ ਲਿਖਦੇ ਹਨ ਕਿ ਰੁਜ਼ਗਾਰ ਦੀ ਲੋੜ ਅਤੇ ਇੱਜ਼ਤ ਤੋਂ ਇਲਾਵਾ ਪਰਵਾਸੀ ਪੰਜਾਬੀਆਂ ਦਾ ਟਰਾਂਸਪੋਰਟ ਸੈਕਟਰ ਵਿੱਚ ਪਹੁੰਚਣ ਦਾ ਕਾਰਨ ਇਹ ਸੀ ਕਿ ਉੁਨ੍ਹਾਂ ਨੇ ਬ੍ਰਿਟਿਸ਼-ਇੰਡੀਅਨ ਆਰਮੀ ਦੀ ‘ਮੈਕੇਨਾਇਜ਼ਡ ਡਿਵਿਜ਼ਨ’ ਵਿੱਚ ਕੰਮ ਕੀਤਾ ਸੀ।

ਉਹ ਲਿਖਦੇ ਹਨ ਕਿ ਪੰਜਾਬੀਆਂ ਨੇ ਵੱਡੇ ਕਾਰਖ਼ਾਨਿਆਂ, ਹੋਟਲਾਂ ਅਤੇ ਗੋਦਾਮਾਂ ਵਿੱਚ ਸੁਰੱਖਿਆ ਮੁਲਾਜ਼ਮਾਂ ਵਜੋਂ ਵੀ ਕੰਮ ਕੀਤਾ।

ਪਰਵਾਸੀ ਪੰਜਾਬੀਆਂ ਦੇ ਵਿੱਚ ਜੱਟ ਸਿੱਖਾਂ ਦੇ ਨਾਲ-ਨਾਲ ਰਾਮਗੜ੍ਹੀਏ ਸਿੱਖ, ਖੱਤਰੀ ਅਤੇ ਥੋੜ੍ਹੀ ਗਿਣਤੀ ਵਿੱਚ ਆਹਲੂਵਾਈਏ ਵੀ ਸ਼ਾਮਲ ਸਨ।

ਬੈਨਰਜੀ ਲਿਖਦੇ ਹਨ ਕਿ ਬਹੁਤੇ ਪਰਵਾਸੀ ਮਾਲਵਾ ਦੇ ਲੁਧਿਆਣਾ ਤੋਂ ਆਏ ਸਨ।

ਕਲਕੱਤੇ ਦੇ ਡਰਾਇਵਰ

ਤਸਵੀਰ ਸਰੋਤ, Manjit Singh Chahal

ਤਸਵੀਰ ਕੈਪਸ਼ਨ, ਅਮਰ ਸਿੰਘ ਸਕੀਰਾ ਤੇ ਉਨ੍ਹਾਂ ਦੇ ਨਾਲਦਿਆਂ ਦੀ 1937-40 ਦੇ ਦਰਮਿਆਨ ਖਿੱਚੀ ਗਈ ਤਸਵੀਰ

ਹਿਮਾਦਰੀ ਅੱਗੇ ਲਿਖਦੇ ਹਨ ਕਿ ਟੈਕਸੀਆਂ 1907 ਵਿੱਚ ਚੱਲਣੀਆਂ ਸ਼ੁਰੂ ਹੋਈਆਂ ਸਨ, ਪਰ ਪੰਜਾਬੀ ਸਿੱਖ ਇਸ ਪੇਸ਼ੇ ਵਿੱਚ 1920ਵਿਆਂ ਵਿੱਚ ਪਹਿਲੀ ਵਿਸ਼ਵ ਜੰਗ ਤੋਂ ਬਾਅਦ ਆਏ।

ਇਸ ਮਗਰੋਂ ਪੰਜਾਬੀਆਂ ਨੇ ਕਲਕੱਤਾ ਟੈਕਸੀ ਐਸੋਸੀਏਸ਼ਨ ਵਿੱਚ ਦਬਦਬਾ ਵਧਾਇਆ, ਕੋਲਕਾਤਾ ਦੇ ਬੱਸ ਸਿੰਡੀਕੇਟ ਵਿੱਚ 1928 ਤੋਂ ਹੀ ਪੰਜਾਬੀ ਸਿੱਖਾਂ ਦਾ ਦਬਦਬਾ ਸੀ।

ਉਹ ਦੱਸਦੇ ਹਨ ਕਿ ਟੈਕਸੀਆਂ ਦੇ ਮਾਲਕ ਆਪਣੀ ਜਾਤ ਵਾਲੇ ਡਰਾਇਵਰ ਨੂੰ ਹੀ ਤਰਜੀਹ ਦਿੰਦੇ ਸਨ।

‘ਕਲਕੱਤਾ ਇੰਨ ਅਰਬਨ ਹਿਸਟਰੀ’ ਕਿਤਾਬ ਮੁਤਾਬਕ ਇੱਕ ਫ਼ਰਾਂਸੀਸੀ ਕੰਪਨੀ ਨੇ ਕਈ ਸਿੱਖਾਂ ਨੂੰ ਡਰਾਇਵਰੀ ਦੀ ਸਿਖਲਾਈ ਦਿੱਤੀ ਸੀ।

ਮਨਜੀਤ ਸਿੰਘ ਚਾਹਲ ਦੱਸਦੇ ਹਨ ਕਿ ਸਥਾਨਕ ਪੱਧਰ ਉੱਤੇ ਸਾਂਭੇ ਗਏ ਦਸਤਾਵੇਜ਼ਾਂ ਵਿੱਚ 1925 ਵਿੱਚ ਲੁਧਿਆਣਾ ਦੇ ਗੁਰਨਾਮ ਸਿੰਘ ਨੂੰ ਜਾਰੀ ਹੋਇਆ ਡਰਾਇਵਿੰਗ ਲਾਇਸੰਸ ਵੀ ਸ਼ਾਮਲ ਹੈ।

ਉਹ ਦੱਸਦੇ ਹਨ ਕਿ ਗੁਰਨਾਮ ਸਿੰਘ ਸਥਾਨਕ ਇਲਾਕੇ ਭਵਾਨੀਪੋਰ ਦੇ ਰਹਿਣ ਵਾਲੇ ਸਨ।

ਇਹ ਵੀ ਪੜ੍ਹੋ-

ਚਾਹਲ ਮੁਤਾਬਕ ਉਨ੍ਹਾਂ ਨੇ ਆਪਣੇ ਅਧਿਐਨ ਵਿੱਚ ਕੌਮਾਂਤਰੀ ਅਖ਼ਬਾਰਾਂ ਵਿੱਚ ਪੰਜਾਬੀ ਡਰਾਇਵਰਾਂ ਬਾਰੇ ਛਪੀਆਂ ਖ਼ਬਰਾਂ ਵੀ ਇਕੱਠੀਆਂ ਕੀਤੀਆਂ ਹਨ।

ਹਿਮਾਦਰੀ ਬੈਨਰਜੀ ਦੱਸਦੇ ਹਨ ਕਿ ਭਵਾਨੀਪੋਰ, ਡਨਲਪ ਬ੍ਰਿਜ ਇਲਾਕੇ ਤੋਂ ਇਲਾਵਾ ਅਲੀਪੋਰ ਵੀ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਸਨ।

ਭਵਾਨੀਪੋਰ ਦੇ ਵਸਨੀਕ ਮਨਜੀਤ ਦੱਸਦੇ ਹਨ ਕਿ ਪੰਜਾਬੀਆਂ ਨੇ ਇੱਥੇ ਆ ਕੇ ਆਪਣੇ ਰਹਿਣ-ਸਹਿਣ ਜਾਂ ਮਾਹੌਲ ਪੰਜਾਬੀਅਤ ਵਾਲਾ ਬਣਾਇਆ, ਕਈ ਘਰਾਂ ਵਿੱਚ ਮੱਝਾਂ ਰੱਖਣਾ ਆਮ ਸੀ।

ਗ਼ਦਰ ਲਹਿਰ ਅਤੇ ਆਜ਼ਾਦੀ ਸੰਗਰਾਮੀਆਂ ਦਾ ਕੇਂਦਰ

ਕੋਲਕਾਤਾ ਵਿੱਚ ਐਕਟਿਵ ਰਹੇ ਆਜ਼ਾਦੀ ਘੁਲਾਟੀਆਂ ਵਿੱਚ ਮੋਹਰੀ ਨਾਂਅ ਅੰਮ੍ਰਿਤਸਰ ਦੇ ਪਿੰਡ ਸਰਹਾਲੀ ਦੇ ਗੁਰਦਿੱਤ ਸਿੰਘ ਦਾ ਹੈ।

ਗੁਰਦਿੱਤ ਸਿੰਘ ਦਾ ਸਿੰਘਾਪੁਰ ਵਿੱਚ ਇੱਕ ਸਫ਼ਲ ਵਪਾਰ ਸੀ, ਉਨ੍ਹਾਂ ਨੇ ਹੀ ‘ਕਾਮਾਗਾਟਾ ਮਾਰੂ’ ਨਾਂ ਦਾ ਸਮੁੰਦਰੀ ਜਹਾਜ਼ ਕਿਰਾਏ ’ਤੇ ਲਿਆ ਸੀ ਜਿਸ ਵਿੱਚ ਪਰਵਾਸੀਆਂ ਨੂੰ ਲੈ ਕੇ ਉਹ ਵੈਨਕੂਵਰ ਗਏ ਸਨ।

ਉਹ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ਗਰਮਸੁਰ ਵਾਲੀ ਕਾਂਗਰਸੀ ਵਿਚਾਰਧਾਰਾ ਦੇ ਵੀ ਨਜ਼ਦੀਕ ਸਨ।

ਹਿਮਾਦਰੀ ਲਿਖਦੇ ਹਨ ਕਿ ਗੁਰਦਿੱਤ ਸਿੰਘ ਕੋਲਕਾਤਾ-ਸਿੱਖ ਰਾਜਨੀਤੀ ਵਿੱਚ ਕਰੀਬ ਦੋ ਦਹਾਕੇ ਐਕਟਿਵ ਰਹੇ।

ਆਪਣੀ ਕਿਤਾਬ ਪੰਜਾਬੀ ਫ੍ਰੀਡਮ ਫਾਈਟਰਜ਼ ਇੰਨ ਕੋਲਕਾਤਾ ਵਿੱਚ ਅਜਿਹੀਆਂ ਦਰਜਨਾਂ ਸ਼ਖ਼ਸੀਅਤਾਂ ਦਾ ਜ਼ਿਕਰ ਕੀਤਾ ਹੈ ਜੋ ਪੰਜਾਬ ਤੋਂ ਕੋਲਕਾਤਾ ਗਏ ਅਤੇ ਉੱਥੇ ਅਜ਼ਾਦੀ ਦੀ ਲਹਿਰ ਵਿੱਚ ਭਾਗ ਲਿਆ।

ਇਨ੍ਹਾਂ ਵਿੱਚ ਗੁਰਦਿੱਤ ਸਿੰਘ (ਕਾਮਾਗਾਟਾ ਮਾਰੂ) ਮਨਸ਼ਾ ਸਿੰਘ ‘ਦੁਖੀ’, ਨਿਰੰਜਨ ਸਿੰਘ ‘ਤਾਲਿਬ’ ਦੇ ਨਾਮ ਵੀ ਸ਼ਾਮਲ ਹਨ।

ਮਨਸ਼ਾ ਸਿੰਘ ਦੁਖੀ ਅਤੇ ਹੋਰ ਕਾਰਕੁਨਾਂ ਨੇ 1923 ਵਿੱਚ ਲੋਕਾਂ ਨੂੰ ਜਾਗਰੁਕ ਕਰਨ ਦੇ ਮਕਸਦ ਨਾਲ ‘ਕਾਵਿ ਕੁਟੀਆ’ ਨਾਂ ਹੇਠ ਕਵਿਤਾਵਾਂ ਛਾਪਣੀਆਂ ਸ਼ੁਰੂ ਕੀਤੀਆਂ ਅਤੇ ਸਾਲ 1930 ਵਿੱਚ ਦੇਸ਼ ਦਰਪਣ ਨਾਂ ਦੀ ਪੰਜਾਬੀ ਅਖ਼ਬਾਰ ਦੀ ਸ਼ੁਰੂਆਤ ਵੀ ਕੀਤੀ।

ਹਿਮਾਦਰੀ ਬੈਨਰਜੀ ਦੱਸਦੇ ਹਨ ਕਿ ਉਹ ਚਾਹੇ 1923 ਵਿੱਚ ਨਾਭਾ ਦੇ ਰਾਜਾ ਰਿਪੁਦਮਨ ਸਿੰਘ ਨੂੰ ਗੱਦੀਓਂ ਲਾਹੇ ਜਾਣ ਤੋਂ ਬਾਅਦ ਦਾ ਸਮਾਂ ਹੋਵੇ ਜਾਂ 1969 ਵਿੱਚ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਲਈ ਮਰਨ ਵਰਤ ਉੱਤੇ ਬੈਠੇ ਦਰਸ਼ਨ ਸਿੰਘ ਫ਼ੇਰੂਮਾਨ ਦੀ ਮੌਤ ਦਾ, ਕੋਲਕਾਤਾ ਵਿਚਲੇ ਪੰਜਾਬੀ ਭਾਈਚਾਰੇ ਨੇ ਇਸ ਵਿੱਚ ਵੱਡੇ ਪੱਧਰ ਉੱਤੇ ਹਿੱਸਾ ਲਿਆ।

1946 ਵਿੱਚ ਕਲੱਕੱਤੇ ਦੇ ਦੰਗਿਆਂ ਵਿੱਚ ਪੰਜਾਬੀ ਟੈਕਸੀ ਡਰਾਇਵਰ

ਮੇਜਰ ਸਿੰਘ ਚਾਹਲ

ਤਸਵੀਰ ਸਰੋਤ, Manjit Singh Chahal

ਤਸਵੀਰ ਕੈਪਸ਼ਨ, ਲੁਧਿਆਣਾ ਤੋਂ ਕਲਕੱਤਾ ਵਸੇ ਮੇਜਰ ਸਿੰਘ ਚਾਹਲ ਦੀ ਸਾਲ 1945 ਦੀ ਤਸਵੀਰ

16 ਅਗਸਤ 1946 ਨੂੰ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਹ ਵੱਲੋਂ ਪਾਕਿਸਤਾਨ ਦੀ ਮੰਗ ਰੱਖਣ ਲਈ ‘ਡਾਇਰੈਕਟ ਐਕਸ਼ਨ ਡੇਅ’ ਦਾ ਐਲਾਨ ਕੀਤਾ ਗਿਆ ਸੀ।

ਇਸ ਦਿਨ ਸ਼ਾਂਤਮਈ ਪ੍ਰਦਰਸ਼ਨ ਹੋਣੇ ਸਨ ਪਰ ਹਿੰਦੂ-ਮੁਸਲਿਮ ਦੰਗੇ ਭੜਕ ਗਏ।

ਚਾਰ ਦਿਨ ਚੱਲੀ ਹਿੰਸਾ ਵਿੱਚ ਕਈ ਹਜ਼ਾਰ ਮੌਤਾਂ ਹੋਈਆਂ।

ਕਿਤਾਬ ‘ਕਲਕੱਤਾ ਦ ਸਟੌਰਮੀ ਡੈਕੇਡਸ’ ਵਿੱਚ ਛਪੇ ਨਾਰੀਆਕੀ ਨਾਕਾਜ਼ੋਟੋ ਦੇ ਲੇਖ ਮੁਤਾਬਕ ਕੋਲਕਾਤਾ ਵਿਚਲੇ ਪੰਜਾਬੀ ਸਿੱਖਾਂ ਦੀ ਵੱਖ-ਵੱਖ ਹਿੰਸਕ ਘਟਨਾਵਾਂ ਵਿੱਚ ਸ਼ਮੂਲੀਅਤ ਹੋਣ ਦੀ ਰਿਪੋਰਟਾਂ ਮਿਲੀਆਂ। ਇਸ ਦੇ ਨਾਲ-ਨਾਲ ਕਈ ਸਿੱਖਾਂ ਨੇ ਬਚਾਅ ਕਾਰਜਾਂ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ।

ਹਿਮਾਦਰੀ ਲਿਖਦੇ ਹਨ ਕਿ 1946 ਵਿੱਚ ਦੰਗਿਆਂ ਦੇ ਦੌਰਾਨ ਸਿੱਖ ਡਰਾਇਵਰਾਂ ਨੇ ‘ਹਿੰਦੂਆਂ ਦੀਆਂ ਜਾਨਾਂ ਬਚਾਈਆਂ ਸਨ।’

ਮਨਜੀਤ ਸਿੰਘ ਚਾਹਲ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਦਾਦਾ ਅਤੇ ਹੋਰਨਾਂ ਕੋਲੋਂ ਕਈ ਹਿੰਦੂ ਅਤੇ ਮੁਸਲਮਾਨਾਂ ਨੂੰ ਸਿੱਖ ਟੈਕਸੀ ਡਰਾਇਵਰਾਂ ਵੱਲੋਂ ਬਚਾਏ ਜਾਣ ਦੇ ਕਿੱਸੇ ਸੁਣੇ ਹਨ।

ਕੋਲਕਾਤਾ ਵਿੱਚ ਬਣੀਆਂ ਪੰਜਾਬੀ ਫ਼ਿਲਮਾਂ

ਕਲਕੱਤਾ

ਤਸਵੀਰ ਸਰੋਤ, Hulton Deutsch

ਤਸਵੀਰ ਕੈਪਸ਼ਨ, ਕਲਕੱਤਾ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਦੀ ਇੱਕ ਬੇਤਰੀਕ ਤਸਵੀਰ

ਜਿੱਥੇ ਅਜੋਕੇ ਕਈ ਪੰਜਾਬੀ ਗੀਤਾਂ ਜਾਂ ਆਮ ਗੱਲਬਾਤ ਵਿੱਚ ਕੋਲਕਾਤਾ ਦਾ ਜ਼ਿਕਰ ਆਮ ਹੈ, ਉੱਥੇ ਹੀ ਪੰਜਾਬੀ ਸਿਨੇਮਾ ਦੇ ਸ਼ੁਰੂਆਤੀ ਦੌਰ ਵਿੱਚ ਉੱਥੇ ਕਈ ਫ਼ਿਲਮਾਂ ਵੀ ਬਣੀਆਂ ਸਨ।

ਬੰਬਈ ਅਤੇ ਲਾਹੌਰ ਤੋਂ ਕਲਕੱਤਾ ਭਾਰਤੀ ਫ਼ਿਲਮਾਂ ਦਾ ਕੇਂਦਰ ਰਿਹਾ ਹੈ।

ਫ਼ਿਲਮ ਇਤਿਹਾਸਕਾਰ ਮਨਦੀਪ ਸਿੰਘ ਸਿੱਧੂ ਦੱਸਦੇ ਹਨ ਉਸ ਵੇਲੇ ਕਈ ਪੰਜਾਬੀ ਕੋਲਕਾਤਾ ਵਿੱਚ ਫ਼ਿਲਮਾਂ ਵਿੱਚ ਕੰਮ ਕਰਦੇ ਸਨ, ਇਨ੍ਹਾਂ ਵਿੱਚ ਇੱਕ ਪੰਜਾਬੀ ਫ਼ਿਲਮ ਡਾਇਰੈਕਟਰ ਕ੍ਰਿਸ਼ਨ ਦੇਵ ਮਹਿਰਾ ਵੀ ਸਨ।

ਉਨ੍ਹਾਂ ਨੇ ਸਾਲ 1935 ਵਿੱਚ ਸ਼ੀਲਾ(ਉਰਫ ਪਿੰਡ ਦੀ ਕੁੜੀ) ਫ਼ਿਲਮ ਵੀ ਬਣਾਈ ਸੀ। ਮਨਦੀਪ ਦੱਸਦੇ ਹਨ ਕਿ ਇਨ੍ਹਾਂ ਫ਼ਿਲਮਾਂ ਵਿੱਚ ਪੰਜਾਬ ਤੋਂ ਗਏ ਅਦਾਕਾਰ ਜਾਂ ਲੋਕ ਵੀ ਕੰਮ ਕਰਦੇ ਸਨ।

ਉਹ ਦੱਸਦੇ ਹਨ ਕਿ ਦਿਲਚਸਪ ਤੱਥ ਇਹ ਹੈ ਕਿ ਇਨ੍ਹਾਂ ਫ਼ਿਲਮਾਂ ਦੀ ਸ਼ੂਟਿੰਗ ਵੀ ਕੋਲਕਾਤਾ ਹੀ ਹੁੰਦੀ ਹੈ, ਇੱਥੇ ਹੀ ਪ੍ਰਸਿੱਧ ਫ਼ਿਲਮ ਅਦਾਕਾਰਾ ਨੂਰ ਜਹਾਂ ਨੇ ਵੀ ਬਾਲ ਕਲਾਕਾਰ ਵਜੋਂ ਆਪਣੀ ਪਹਿਲੀ ਫ਼ਿਲਮ ਕੀਤੀ ਸੀ।

1984 ਅਤੇ ਕਲਕੱਤਾ

31 ਅਕਤੂਬਰ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉਨ੍ਹਾਂ ਦੇ ਸਿੱਖ ਸੁਰੱਖਿਆ ਮੁਲਾਜ਼ਮਾਂ ਵੱਲੋਂ ਕਤਲ ਤੋਂ ਬਾਅਦ ਦਿੱਲੀ, ਬੋਕਾਰੋ ਸਣੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਸਿੱਖ ਕਤਲੇਆਮ ਹੋਇਆ।

ਉਸ ਵੇਲੇ ਪੱਛਮ ਬੰਗਾਲ ਵਿੱਚ ਜਯੋਤੀ ਬਾਸੂ ਦੀ ਸਰਕਾਰ ਸੀ।

ਪੱਛਮ ਬੰਗਾਲ ਖ਼ਾਸ ਕਰਕੇ ਕਲਕੱਤਾ ਵਿੱਚ ਸਿੱਖਾਂ ਖ਼ਿਲਾਫ਼ ਹਿੰਸਾ ਦੀਆਂ ਵਾਰਦਾਤਾਂ ਕਾਫ਼ੀ ਘੱਟ ਹੋਈਆਂ ਸਨ।

ਕੋਲਕਾਤਾ ਵਿੱਚ ਅਜੋਕੇ ਪੰਜਾਬੀ

ਕਲਕੱਤੇ 'ਚ ਪੰਜਾਬੀ

ਤਸਵੀਰ ਸਰੋਤ, Getty Imags

ਤਸਵੀਰ ਕੈਪਸ਼ਨ, ਕਲਕੱਤੇ ਵਿੱਚ ਫਰਵਰੀ 2024 ਵਿੱਚ ਹੋਏ ਇੱਕ ਰੋਸ ਪ੍ਰਦਰਸ਼ਨ ਦੀ ਤਸਵੀਰ

2011 ਦੀ ਮਰਦਮਸ਼ੁਮਾਰੀ ਮੁਤਾਬਕ ਪੱਛਮੀ ਬੰਗਾਲ ਵਿੱਚ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ 55 ਹਜ਼ਾਰ ਦੇ ਕਰੀਬ ਹੈ।

ਹਿਮਾਦਰੀ ਬੈਨਰਜੀ ਕਹਿੰਦੇ ਹਨ ਕਿ ਪਿਛਲੇ ਚਾਰ ਦਹਾਕਿਆਂ ਵਿੱਚ ਕੋਲਕਾਤਾ ਵਿੱਚ ਪੰਜਾਬੀਆਂ ਦੀ ਗਿਣਤੀ ਘਟੀ ਹੈ।

ਉਹ ਕਹਿੰਦੇ ਹਨ ਕਿ ਇਸਦਾ ਕਾਰਨ ਪੰਜਾਬੀਆਂ ਦਾ ਪਿਛਲੇ ਸਮੇਂ ਵਿੱਚ ਮੌਕਿਆਂ ਦੀ ਤਲਾਸ਼ ਵਿੱਚ ਹੋਰਨਾਂ ਇਲਾਕਿਆਂ ਵਿੱਚ ਜਾਣਾ ਹੈ।

ਮਨਜੀਤ ਸਿੰਘ ਚਾਹਲ ਮੁਤਾਬਕ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਵਿੱਚ ਪਰਵਾਸ ਤੋਂ ਇਲਾਵਾ ਇੱਥੋਂ ਪੰਜਾਬੀ ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਅਤੇ ਯੂਐੱਸ ਵੀ ਜਾ ਚੁੱਕੇ ਹਨ।

ਉਹ ਦੱਸਦੇ ਹਨ ਕਿ ਫਿਰ ਹਰੀਕ੍ਰਾਂਤੀ ਤੋਂ ਬਾਅਦ ਲੋਕਾਂ ਦਾ ਰੁਝਾਨ ਇੱਧਰ ਵੱਲ੍ਹ ਘੱਟ ਗਿਆ, ਆਰਥਿਕ ਕਾਰਨਾਂ ਕਰਕੇ ਪੰਜਾਬੀਆਂ ਨੇ ਟਰਾਂਸਪੋਰਟ ਦੇ ਵਪਾਰ ਵਿੱਚ ਵੀ ਹਿੱਸੇਦਾਰੀ ਘਟੀ ਤੇ ਲੋਕ ਹੋਰ ਪੇਸ਼ਿਆਂ ਨਾਲ ਜੁੜਨ ਲੱਗੇ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)