ਯੂਰਪ ਦੇ ਸ਼ੈਨਗਨ ਵੀਜ਼ਾ ਲਈ ਕਾਲਾ ਬਜ਼ਾਰੀ ਦਾ ਕਾਰੋਬਾਰ ਕਿਵੇਂ ਵਧ-ਫੁੱਲ ਰਿਹਾ ਹੈ

ਤਸਵੀਰ ਸਰੋਤ, Getty Images
- ਲੇਖਕ, ਅਮੀਰਾ ਮਹਾਦਬੀ
- ਰੋਲ, ਬੀਬੀਸੀ ਵਰਲਡ ਸਰਵਿਸ
ਯਜ਼ਾਨ ਇੱਕ ਪਰਿਵਾਰਕ ਇਕੱਠ ਵਿੱਚ ਸ਼ਾਮਲ ਹੋਣ ਲਈ ਇਟਲੀ ਜਾਣ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ।
20 ਸਾਲਾ ਯਜ਼ਾਨ ਸੀਰੀਆ ਤੋਂ ਹਨ ਅਤੇ ਲੰਡਨ ਵਿੱਚ ਪੜ੍ਹਦੇ ਹਨ। ਯਜ਼ਾਨ ਇਟਲੀ ਜਾਣ ਲਈ ਵੀਜ਼ਾ ਮੁਲਾਕਾਤ ਦਾ ਸਮਾਂ ਨਹੀਂ ਲੈ ਸਕੇ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਦੇ ਹੋਏ ਕਿਹਾ, “ਮੈਂ ਦੋ ਮਹੀਨੇ ਕੋਸ਼ਿਸ਼ ਕੀਤੀ, ਮੈਂ ਮੁਲਾਕਾਤ ਲਈ ਸਮਾਂ ਲੈਣ ਦੀ ਕੋਸ਼ਿਸ਼ ਲਈ ਮੈਂ ਸਵੇਰੇ ਚਾਰ ਅਤੇ ਪੰਜ ਵਜੇ ਕੋਸ਼ਿਸ਼ ਕੀਤੀ ਪਰ ਸਥਾਨ ਨਹੀਂ ਮਿਲਿਆ।”
ਇੰਟਰਨੈੱਟ ਤੋਂ ਸਲਾਹ ਦੀ ਭਾਲ
ਮੁਲਾਕਾਤ ਲਈ ਸਮਾਂ ਨਾ ਮਿਲਣ ਦੀ ਇਸ ਪਰੇਸ਼ਾਨੀ ਤੋਂ ਦੁਖੀ ਕੁਝ ਲੋਕਾਂ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਗਰੁੱਪਾਂ ਤੋਂ ਲੈ ਕੇ ਕੋਰਾ ਤੋਂ ਸਲਾਹ ਦੀ ਮੰਗ ਕੀਤੀ। ਇਸ ਦੌਰਾਨ ਕੁਝ ਲੋਕਾਂ ਨੂੰ ਕੁਝ ਫੀਸ ਬਦਲੇ ਮਦਦ ਦੀ ਪੇਸ਼ਕਸ਼ ਵੀ ਮਿਲੀ।
ਸ਼ੈਨਗਨ ਖੇਤਰ ਦੇ 29 ਦੇਸਾਂ ਵਿੱਚ ਵੀਜ਼ਾ ਮੁਲਾਕਾਤ ਲਈ ਸਮਾਂ ਦਵਾਉਣ ਲਈ ਕਾਲਾ ਬਜ਼ਾਰ ਵੱਧ-ਫੁੱਲ ਰਿਹਾ ਹੈ।
ਗੈਰ-ਯੂਰਪੀਅਨ ਦੇਸਾਂ ਦੇ ਨਾਗਰਿਕਾਂ ਨੂੰ ਇਨ੍ਹਾਂ ਦੇਸਾਂ ਵਿੱਚ 90 ਦਿਨਾਂ ਤੋਂ 180 ਦਿਨਾਂ ਦੀ ਯਾਤਰਾ ਕਰਨ ਲਈ ਸ਼ੈਨਗਨ ਵੀਜ਼ਾ ਹਾਸਲ ਕਰਨਾ ਪੈਂਦਾ ਹੈ।

ਤਸਵੀਰ ਸਰੋਤ, Getty Images
ਕੋਵਿਡ ਤੋਂ ਬਾਅਦ ਕੌਮਾਂਤਰੀ ਸਫਰ ਵਿੱਚ ਵਾਧਾ
ਕੋਵਿਡ ਮਹਾਮਾਰੀ ਤੋਂ ਬਾਅਦ ਸਫਰੀ ਪਾਬੰਦੀਆਂ ਹਟਣ ਤੋਂ ਕੌਮਾਂਤਰੀ ਸੈਰ-ਸਪਾਟੇ ਦੀ ਮੰਗ ਵਧੀ ਹੈ।
ਸਾਲ 2023 ਵਿੱਚ ਯੂਰਪੀ ਯੂਨੀਅਨ ਨੇ ਇੱਕ ਕਰੋੜ ਸ਼ੈਨਗਨ ਵੀਜ਼ਾ ਜਾਰੀ ਕੀਤੇ ਸਨ, ਜੋ ਕਿ ਉਸ ਤੋਂ ਪਿਛਲੇ ਸਾਲ 2022 ਵਿੱਚ 73 ਲੱਖ ਸੀ।
ਸੰਯੁਕਤ ਰਾਸ਼ਟਰ ਟੂਰਿਜ਼ਮ ਮੁਤਾਬਕ, ਸਾਲ 2024 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਅੰਦਾਜ਼ਨ 2.85 ਕਰੋੜ ਲੋਕ ਕੌਮਾਂਤਰੀ ਸਫਰ ਉੱਤੇ ਨਿਕਲੇ। ਇਹ 2023 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਹੋਏ ਕੌਮਾਂਤਰੀ ਸਫਰ ਨਾਲੋਂ 20% ਜ਼ਿਆਦਾ ਸੀ।
ਸ਼ੈਨਗਨ ਵੀਜ਼ਾ ਅਰਜ਼ੀਆਂ ਨਿੱਜੀ ਅਦਾਰਿਆਂ ਵੱਲੋਂ ਲਈਆਂ ਜਾਂਦੀਆਂ ਹਨ, ਜੋ ਯੂਰਪੀ ਸਰਕਾਰਾਂ ਦੇ ਨੁਮਾਇੰਦੇ ਵਜੋਂ ਕੰਮ ਕਰਦੇ ਹਨ।
ਇਹ ਅਦਾਰੇ ਚਾਹਵਾਨਾਂ ਤੋਂ ਅਰਜ਼ੀਆਂ ਇਕੱਠੀਆਂ ਕਰਦੇ ਹਨ ਅਤੇ ਉਨ੍ਹਾਂ ਦੇ ਬਾਇਓਮੀਟਰਿਕ ਡੇਟਾ ਦਾ ਪੰਜੀਕਰਣ ਕਰਦੇ ਹਨ।
ਜਦੋਂ ਅਸੀਂ ਦੋ ਆਊਟਸੋਰਸਿੰਗ ਏਜੰਸੀਆਂ, ਟੀਐੱਲਐੱਸ ਕੰਟੈਕਟ ਅਤੇ ਵੀਐੱਫਐੱਸ ਗਲੋਬਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਵੈਬਸਾਈਟ ਉੱਤੇ ਦਰਸਾਏ ਗਏ ਮੁਲਾਕਾਤ ਦੇ ਸਥਾਨ ਉਨ੍ਹਾਂ ਦੇਸਾਂ ਦੇ ਕਾਊਂਸਲੇਟ ਵੱਲੋਂ ਨਿਰਧਾਰਿਤ ਕੀਤੇ ਜਾਂਦੇ ਹਨ।
ਯੂਰਪੀ ਯੂਨੀਅਨ ਕਮਿਸ਼ਨ ਦੇ ਬੁਲਾਰੇ ਕ੍ਰਿਸਟੀਅਨ ਵਿਗਨਾਡ ਨੇ ਬੀਬੀਸੀ ਨੂੰ ਦੱਸਿਆ ਕਿ ਕੋਵਿਡ ਸਫ਼ਰੀ ਪਾਬੰਦੀਆਂ ਕਾਰਨ ਕੁਝ ਦੇਸਾਂ ਨੂੰ ਆਪਣੇ ਸਟਾਫ਼ ਵਿੱਚ ਕਮੀ ਕਰਨੀ ਪਈ ਅਤੇ ਬਾਹਰੀ ਲੋਕਾਂ ਨਾਲ ਮੁਲਾਕਾਤ ਉੱਤੇ ਰੋਕ ਲਾਉਣੀ ਪਈ ਸੀ।
ਸਟਾਫ ਦੀ ਕਮੀ ਕਾਰਨ ਉਹ ਪਾਬੰਦੀਆਂ ਹਟਣ ਤੋਂ ਬਾਅਦ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਪਹਿਲਾਂ ਜਿੰਨੇ ਤਿਆਰ ਨਾ ਰਹੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਰਪੀ ਯੂਨੀਅਨ ਕਮਿਸ਼ਨ ਮੁਲਾਕਾਤ ਮਿਲਣ ਵਿੱਚ ਲੱਗਣ ਵਾਲਾ ਸਮਾਂ ਘਟਾਉਣ ਲਈ ਕਦਮ ਚੁੱਕ ਰਿਹਾ ਹੈ। ਜਿਸ ਵਿੱਚ 10 ਯੂਰੋ ਦੀ ਵੀਜ਼ਾ ਫ਼ੀਸ ਵਧਾਉਣਾ ਵੀ ਸ਼ਾਮਿਲ ਹੈ, ਤਾਂ ਜੋ ਵੀਜ਼ਾ ਐਪਲੀਕੇਸ਼ਨਾਂ ਨੂੰ ਅੱਗੇ ਵਧਾਉਣ ਲਈ ਹੋਰ ਸਟਾਫ਼ ਰੱਖਿਆ ਜਾ ਸਕੇ।
ਰੋਮਾਨੀਆ ਅਤੇ ਬੁਲਗਾਰੀਆ ਸ਼ੈਨਗਨ ਖੇਤਰ ਵਿੱਚ 31 ਮਾਰਚ 2023 ਨੂੰ ਸ਼ਾਮਲ ਹੋਏ ਸਨ।

ਵੀਜ਼ਾ ਸ਼ੌਪਿੰਗ
ਯਾਤਰੀਆਂ ਨੇ ਆਪਣੀ ਵੀਜ਼ਾ ਅਰਜ਼ੀ ਉਸ ਸੰਬੰਧਿਤ ਦੇਸ ਨੂੰ ਦੇਣੀ ਪੈਂਦੀ ਹੈ, ਜਿੱਥੇ ਉਹ ਪਹਿਲਾਂ ਦਾਖਲ ਹੋਣਗੇ। ਜੇ ਉਨ੍ਹਾਂ ਨੇ ਆਪਣੀ ਫੇਰੀ ਦੌਰਾਨ ਇੱਕ ਤੋਂ ਜ਼ਿਆਦਾ ਦੇਸਾਂ ਵਿੱਚ ਜਾਣਾ ਹੋਵੇ ਤਾਂ ਉਹ ਉਸ ਦੇਸ ਨੂੰ ਸੂਚਿਤ ਕਰਦੇ ਹਨ, ਜਿੱਥੇ ਉਹ ਸਭ ਤੋਂ ਜ਼ਿਆਦਾ ਦੇਰ ਤੱਕ ਰੁਕਣਗੇ।
ਕੁਝ ਦੇਸਾਂ ਦੇ ਕਾਊਂਸਲੇਟ ਕੋਲ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਅਰਜ਼ੀਆਂ ਆ ਰਹੀਆਂ ਹਨ। ਕੁਝ ਯਾਤਰੀ ਵੀਜ਼ਾ ਲੈਣ ਲਈ ਮਹਿੰਗਾ ਰਸਤਾ ਅਪਣਾ ਰਹੇ ਹਨ, ਜਿਸ ਨੂੰ ‘ਵੀਜ਼ਾ ਸ਼ੌਪਿੰਗ’ ਕਿਹਾ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਟਰੈਵਲ ਏਜੰਟਸ ਫੈਡਰੇਸ਼ਨ ਆਫ਼ ਇੰਡੀਆ ਦੇ ਉਪ ਪ੍ਰਧਾਨ ਅਨਿਲ ਕਲਸੀ ਨੇ ਕਿਹਾ, “ਲੋਕ ਜਿਹੜੇ ਵੀ ਦੇਸ ਦਾ ਸਮੇਂ ਸਿਰ ਵੀਜ਼ਾ ਮਿਲ ਰਿਹਾ ਹੈ, ਚੁਣਨ ਲਈ ਮਜਬੂਰ ਹਨ।”
ਕੁਝ ਯਾਤਰੀ ਕੁਝ ਵਾਧੂ ਪੈਸੇ ਖਰਚ ਕੇ ਯੂਰਪੀ ਯੂਨੀਅਨ ਦੇ ਨਿਯਮਾਂ ਦੀ ਪਾਲਣਾ ਲਈ, ਜਿੱਥੇ ਉਨ੍ਹਾਂ ਨੇ ਜਾਣਾ ਹੈ ਉਸ ਤੋਂ ਇਲਾਵਾ ਇੱਕ ਦੇਸ ਵਾਧੂ ਜਾਣਾ ਚਾਹੁੰਦੇ ਹਨ ਜਿੱਥੇ ਵੀਜ਼ਾ ਮੁਲਾਕਾਤ ਦੇ ਜ਼ਿਆਦਾ ਸਮੇਂ ਉਪਲਭਦ ਹਨ।
ਯੂਰਪੀ ਯੂਨੀਅਨ ਕਮਿਸ਼ਨ ਦੇ ਕ੍ਰਿਸਟੀਨ ਵਿਗਨਾਡ ਮੁਤਾਬਕ ਹਾਲਾਂਕਿ ਇਹ ਤਰੀਕਾ ਮੁਲਾਕਾਤਾਂ ਦੀ ਕਮੀ ਕਾਰਨ ਅਪਣਾਇਆ ਜਾ ਰਿਹਾ ਹੈ ਪਰ ਇਸ ਕਾਰਨ ਉਡੀਕ ਸਮੇਂ ਵਿੱਚ ਵਾਧਾ ਹੋਇਆ ਹੈ।
ਜਦੋਂ ਪਿਛਲੇ ਸਾਲ ਮੁਲਾਕਾਤਾਂ ਦੀ ਕਮੀ ਬਾਰੇ ਪੁੱਛਿਆ ਗਿਆ ਤਾਂ ਲੰਡਨ ਵਿੱਚ ਫਰਾਂਸ ਦੀ ਅੰਬੈਸੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਕਾਰਨ ਵੀਜ਼ਾ ਸ਼ੌਪਿੰਗ ਵਿੱਚ ਵਾਧਾ ਹੋਵੇਗਾ।
ਕਈ ਲੋਕਾਂ ਲਈ, ਖਰੀਦਾਰੀ ਕਰਨਾ ਬਹੁਤ ਮਹਿੰਗਾ ਹੈ ਖਰਚੀਲਾ ਹੈ ਜਿਸ ਕਾਰਨ ਕਾਲੇ ਬਜ਼ਾਰੀ ਨੂੰ ਉਤਸ਼ਾਹ ਮਿਲ ਰਿਹਾ ਹੈ। ਜਿਸ ਕਾਰਨ ਯਾਤਰੀ ਨੂੰ ਆਪਣੇ ਪਸੰਦ ਦੇ ਦੇਸ ਦੇ ਵੀਜ਼ੇ ਦੀ ਮੁਲਾਕਾਤ ਦਾ ਸਮਾਂ ਜਲਦੀ ਮਿਲਣ ਦੀ ਉਮੀਦ ਹੋ ਜਾਂਦੀ ਹੈ।
ਕਾਲੇ ਬਜ਼ਾਰ ਵਿੱਟ ਰੋਬੋਟ ਦੀ ਵਰਤੋਂ
ਨਿਰਵਾਨਾ ਜੋ ਕਿ ਇੱਕ ਮਿਸਤਰੀ ਹਨ ਅਤੇ ਲੰਡਨ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਇਟਲੀ ਵਿੱਚ ਆਪਣੇ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਜਲਦੀ ਵੀਜ਼ਾ ਹਾਸਲ ਕਰਨ ਲਈ ਲਗਭਗ 130 ਡਾਲਰ ਕਾਲੇ ਬਜ਼ਾਰ ਵਿੱਚ ਭੁਗਤਾਨ ਕੀਤੇ।
37 ਸਾਲਾ ਨਿਰਵਾਨਾ ਨੇ ਦੱਸਿਆ, “ਲਾੜੀ ਦੇ ਬਹੁਤ ਸਾਰੇ ਦੋਸਤ ਅਤੇ ਰਿਸ਼ਤੇਦਾਰ ਇਸ ਲਈ ਵਿਆਹ ’ਤੇ ਜਾਣ ਤੋਂ ਰਹਿ ਰਹੇ ਹਨ ਕਿਉਂਕਿ ਉਨ੍ਹਾਂ ਦੀ ਵੀਜ਼ਾ ਮੁਲਾਕਾਤ ਸਮੇਂ ਸਿਰ ਨਹੀਂ ਹੋ ਰਹੀ ਹੈ।”
ਉਨ੍ਹਾਂ ਨੇ ਆਪਣੇ ਕਿਸੇ ਦੋਸਤ ਵੱਲੋਂ ਦੱਸੇ ਇੱਕ ਪਲੇਟਫਾਰਮ ਦੀ ਵਰਤੋਂ ਕੀਤੀ ਜੋ ਕਿ ਫ਼ੀਸ ਚੁਕਾਉਣ ਬਦਲੇ ਗਾਹਕਾਂ ਲਈ ਵੀਜ਼ਾ ਮੁਲਾਕਾਤ ਰਾਖਵੀਂ ਕਰਨ ਲਈ ‘ਬੋਟ’ ਦੀ ਵਰਤੋਂ ਕਰਦਾ ਸੀ।
ਟੈਲੀਗ੍ਰਾਮ ਉੱਤੇ ਇਹ ‘ਬੋਟ’ ਸੇਵਾ ਗਾਹਕਾਂ ਨੂੰ ਤਿੰਨ ਦਿਨਾਂ ਦੇ ਅੰਦਰ ਵੀਜ਼ਾ ਮੁਲਾਕਾਤ ਲੈ ਕੇ ਦੇਣ ਦਾ ਵਾਅਦਾ ਕਰਦੀ ਹੈ। ਅਸੀਂ ਸੇਵਾ ਦੇਣ ਵਾਲੀ ਫਰਮ ਦਾ ਨਾਮ ਲਕੋ ਦਿੱਤਾ ਹੈ।
ਬੋਟ (ਰੋਬੋਟ)- ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਫੁਰਤੀ ਅਤੇ ਸਟੀਕਤਾ ਦੇ ਨਾਲ ਮਨੁੱਖੀ ਸਰਗਰਮੀ ਦੀ ਨਕਲ ਕਰਦਾ ਹੈ।
ਕਾਲੇ ਬਜ਼ਾਰ ਵਾਲੇ ਵੀਜ਼ਾ ਮੁਲਾਕਾਤਾਂ ਰਾਖਵੀਆਂ ਕਰਨ ਲਈ ਇਨ੍ਹਾਂ ਦੀ ਵਰਤੋਂ ਕਰਦੇ ਹਨ। ਮੁਲਾਕਾਤ ਸਥਾਨ ਜਾਰੀ ਹੁੰਦੇ ਹੀ ਉਹ ਇਨ੍ਹਾਂ ਬੋਟਸ ਦੀ ਮਦਦ ਨਾਲ ਉਹ ਭਰ ਦਿੰਦੇ ਹਨ।
ਸਿਰੀਨ ਨੇ ਇੱਕ ਕੌਨਸਰਟ ਦੇ ਸਿਲਸਿਲੇ ਵਿੱਚ ਲੰਡਨ ਤੋਂ ਨੀਦਰਲੈਂਡਸ ਜਾਣਾ ਸੀ। ਤਿੰਨ ਮਹੀਨੇ ਕੋਸ਼ਿਸ਼ ਕਰਨ ਤੋਂ ਬਾਅਦ ਉਨ੍ਹਾਂ ਨੇ ਇੱਕ ਬੌਟ ਡਾਊਨਲੋਡ ਕਰਨ ਲਈ 30 ਪੌਂਡ ਦਾ ਭੁਗਤਾਨ ਕੀਤਾ।
ਦਾਅਵਾ ਕੀਤਾ ਗਿਆ ਸੀ ਕਿ ਵੀਐੱਫਐੱਸ ਗਲੋਬਲ ਦੀ ਵੈਬਸਾਈਟ ਉੱਤੇ ਮੁਲਾਕਾਤ ਦਾ ਸਮਾਂ ਉਪਲਭਦ ਹੁੰਦੇ ਹੀ, ਇਹ ਬੋਟ ਤੁਰੰਤ ਹੀ ਉਨ੍ਹਾਂ ਨੂੰ ਨੋਟੀਫਿਕੇਸ਼ਨ ਭੇਜ ਦੇਵੇਗਾ।

26 ਸਾਲਾ ਲਿਬਨਾਨ ਵਾਸੀ ਨੂੰ ਕਾਲੇ ਬਜ਼ਾਰ ਵਿੱਚ ਆਪਣੀ ਜਾਣਕਾਰੀ ਸਾਂਝੀ ਕਰਨ ਦੇ ਮੁਕਾਬਲੇ ਇਹ ਸੁਰੱਖਿਅਤ ਵਿਕਲਪ ਲੱਗਿਆ।
ਸੇਵਾ ਦੇਣ ਵਾਲੇ ਇੱਕ ਟੈਲੀਗ੍ਰਾਮ ਚੈਨਲ ਨੇ ਦਾਅਵਾ ਕੀਤਾ ਕਿ ਉਹ ਗਾਹਕਾਂ ਨੂੰ ਤਿੰਨ ਦਿਨਾਂ ਦੇ ਅੰਦਰ ਵੀਜ਼ਾ ਮੁਲਾਕਾਤ ਲਈ ਸਮਾਂ ਲੈ ਕੇ ਦੇਵੇਗਾ।
ਲੇਕਿਨ ਬੋਟ ਵੀ ਸਿਰੀਨ ਦੀ ਮਦਦ ਨਹੀਂ ਕਰ ਸਕਿਆ।
ਹੁਣ ਸਿਰੀਨ ਨੂੰ ਲਗਦਾ ਹੈ ਕਿ ਹੋਰ ਵੀ ਹਜ਼ਾਰਾਂ ਲੋਕ ਜਿਨ੍ਹਾਂ ਨੇ ਇਹ ਪੈਸੇ ਦਿੱਤੇ ਸਨ, ਉਨ੍ਹਾਂ ਨੂੰ ਵੀ ਇਹੀ ਨੋਟੀਫਿਕੇਸ਼ਨ ਮਿਲੀ ਹੋਵੇਗੀ। ਜਦੋਂ ਵੀ ਉਨ੍ਹਾਂ ਨੇ ਨੋਟੀਫਿਕੇਸ਼ਨ ਉੱਤੇ ਕਾਰਵਾਈ ਕੀਤੀ, ਉਹ ਸਮਾਂ ਪਹਿਲਾਂ ਹੀ ਲਿਆ ਜਾ ਚੁੱਕਿਆ ਸੀ।
ਸਿਰੀਨ ਨੇ ਕਰੀਬ ਇੱਕ ਸਾਲ ਪਹਿਲਾਂ ਕੌਨਸਰਟ ਲਈ ਟਿਕਟਾਂ ਖ਼ਰੀਦ ਲਈਆਂ ਸਨ ਪਰ ਹੁਣ ਉਨ੍ਹਾਂ ਨੂੰ ਲਗਦਾ ਹੈ, ਉਹ ਇਹ ਨਹੀਂ ਦੇਖ ਸਕਣਗੇ, “ਇਹ ਇੱਕ ਦਰਦਨਾਕ ਪ੍ਰਕਿਰਿਆ ਸੀ ਅਤੇ ਅਖੀਰ ਵਿੱਚ ਮੈਂ ਤਿਆਗ ਦਿੱਤੀ।”
ਵੀਜ਼ਾ ਏਜੰਸੀਆਂ ਅਤੇ ਕਾਊਂਸਲੇਟ ਇਸ ਧੋਖਾਧੜੀ ਦਾ ਮੁਕਾਬਲਾ ਕਰਨ ਲਈ ਤਕਨੀਕ ਦਾ ਸਹਾਰਾ ਲੈ ਰਹੀਆਂ ਹਨ।
ਟੀਐੱਲਐੱਸ ਕੰਟੈਕਟ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਇੱਕ ਵਾਰ ਵਰਤਿਆ ਜਾਣ ਵਾਲੇ ਪਾਸਵਰਡ (ਓਟੀਪੀ) ਵਰਗੀਆਂ ਚੀਜ਼ਾਂ ਦੀ ਵਰਤੋਂ ਕਰ ਰਹੇ ਹਨ। ਇਹ ਸਵੈ-ਚਾਲਿਤ ਤਰੀਕੇ ਨਾਲ ਕਿਸੇ ਵੀ ਸਮੇਂ ਨਵੇਂ ਮੁਲਾਕਾਤ ਸਥਾਨ ਜਾਰੀ ਕਰ ਰਹੇ ਹਨ, ਤਾਂ ਜੋ ਪੇਸ਼ੀਨਗੋਈ ਅਤੇ ਕਿਆਸ ਦੀ ਸੰਭਾਵਨਾ ਨੂੰ ਖਤਮ ਕੀਤਾ ਜਾ ਸਕੇ।
ਵੀਐੱਫਐੱਸ ਗਲੋਬਲ ਵੀ ਅਜਿਹੇ ਕਦਮ ਚੁੱਕ ਰਹੀ ਹੈ। ਵੀਐੱਫਐੱਸ ਨੇ ਬੀਬੀਸੀ ਨੂੰ ਦੱਸਿਆ ਕਿ ਰੋਬੋਟ ਰਾਹੀਂ ਹੋਣ ਵਾਲੀਆਂ ਬੁਕਿੰਗ ਨੂੰ “ਬੇਹੱਦ ਗੰਭੀਰਤਾ” ਨਾਲ ਲਿਆ ਜਾ ਰਿਹਾ ਹੈ।
ਸ਼ੈਨਗਨ ਨਾਮ ਉੱਤਰ-ਪੂਰਬੀ ਲਗਜ਼ਮਬਰਗ ਦੇ ਇੱਕ ਕਸਬੇ ਤੋਂ ਆਉਂਦਾ ਹੈ ਜਿੱਥੇ ਫਰਾਂਸ, ਜਰਮਨੀ, ਬੈਲਜੀਅਮ, ਲਗਜ਼ਮਬਰਗ ਅਥੇ ਨੀਦਰਲੈਂਡਸ ਨੇ ਮੂਲ ਰੂਪ ਵਿੱਚ ਸ਼ੈਨਗਨ ਸਮਝੌਤੇ ਉੱਤੇ ਸਾਲ 1985 ਵਿੱਚ ਦਸਤਖ਼ਤ ਕੀਤੇ ਸਨ।

ਤਸਵੀਰ ਸਰੋਤ, Getty Images
ਕੋਈ 'ਨਿੱਜੀ ਬੁੱਕਿੰਗ ਖਿੜਕੀਆਂ ਨਹੀਂ ਹਨ'
ਅਹਿਮਦ (ਬਦਲਿਆ ਹੋਇਆ ਨਾਮ) ਇੱਕ ਟਰੈਵਲ ਏਜੰਸੀ ਦੇ ਮਾਲਕ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਲੇ ਬਜ਼ਾਰ ਵਿੱਚ ਕੰਮ ਨਹੀਂ ਕਰਦੇ ਲੇਕਿਨ ਜਾਣਦੇ ਹਨ ਕਿ ਇਹ ਕਿਵੇਂ ਕੰਮ ਕਰਦੀ ਹੈ।
ਉਹ ਦਾਅਵਾ ਕਰਦੇ ਹਨ ਕਿ ਕਾਲੇ ਬਜ਼ਾਰ ਦੇ ਕੁਝ ਡੀਲਰ ਅਤੇ ਟਰੈਵਲ ਏਜੰਸੀਆਂ ਦੇ ਮਾਲਕ ਜੋ ਗਾਹਕਾਂ ਲਈ ਵੀਜ਼ਾ ਮੁਲਾਕਾਤ ਦੇਖ ਰਹੇ ਹਨ- ਵੀਜ਼ਾ ਸੇਵਾ ਦੀ ਏਜੰਸੀ ਦੇ ਮੁਲਾਜ਼ਮਾ ਨਾਲ ਰਿਸ਼ਤੇ ਬਣਾ ਕੇ ਅਜਿਹਾ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਮੁਲਾਜ਼ਮ ਅਕਸਰ ਨਵੀਆਂ ਮੁਲਾਕਾਤਾਂ ਲਈ ਸਮਾਂ ਸਥਾਨਾਂ ਦੇ ਜਾਰੀ ਹੋਣ ਦੀ ਸਟੀਕ ਤਰੀਕ ਅਤੇ ਸਮਾਂ ਇਨ੍ਹਾਂ ਨੂੰ ਦੱਸ ਦਿੰਦੇ ਹਨ।
ਅਹਿਮਦ ਕਹਿੰਦੇ ਹਨ,“ਦੋਵਾਂ ਪਾਰਟੀਆਂ ਵਿਚਕਾਰ ਹੋਏ ਇਕਰਾਰ ਮੁਤਾਬਕ, ਟਰੈਵਲ ਏਜੰਸੀਆਂ ਜਾਂ ਕਾਲਾ ਬਾਜ਼ਾਰ ਦੇ ਡੀਲਰ ਵੀ ਇਸ ਅਗਾਉਂ ਸਮੇਂ ਤੋਂ ਲਾਭ ਲੈ ਸਕਦੇ ਹਨ।”
ਵੀਜ਼ੇ ਦੀ ਕਾਲੇ ਬਜ਼ਾਰੀ ਵਿੱਚ ਸਰਗਰਮ ਵੱਖ-ਵੱਖ ਸਰੋਤਾਂ ਤੋਂ ਇੱਕ ਜਿਹੇ ਦਾਅਵੇ ਸੁਣਨ ਤੋਂ ਬਾਅਦ ਬੀਬੀਸੀ ਨੇ ਟਿੱਪਣੀ ਲਈ ਸਰਕਾਰ ਦੇ ਨੁਮਾਇੰਦੇ ਵਜੋਂ ਕੰਮ ਕਰਨ ਵਾਲੀਆਂ ਵੀਜ਼ਾ ਸੇਵਾ ਏਜੰਸੀਆਂ ਨਾਲ ਸੰਪਰਕ ਕੀਤਾ।
ਟੀਐੱਲਐੱਸ ਕੰਟੈਕਟ ਨੇ ਕਿਹਾ ਕਿ ਅਜਿਹੇ ਦਾਅਵੇ ਝੂਠੇ ਹਨ ਅਤੇ “ਸ਼ਾਇਦ ਕਾਲਾ ਬਜ਼ਾਰੀਆਂ ਤੋਂ ਪੈਦਾ ਹੋਏ ਹਨ ਜੋ ਆਪਣੇ-ਆਪ ਨੂੰ ਭਰੋਸਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।”
ਕੰਪਨੀ ਨੇ ਅੱਗੇ ਕਿਹਾ, “ਸਾਡੀ ਸੰਸਥਾ ਵਿੱਚ ਬਹੁਤ ਸੀਮਤ ਅਤੇ ਸੀਨੀਅਰ ਮੁਲਾਜ਼ਮਾਂ ਦੀ ਹੀ ਸਾਡੇ ਅਪੌਇੰਟਮੈਂਟ ਸੂਚੀਆਂ ਤੱਕ ਪਹੁੰਚ ਹੁੰਦੀ ਹੈ। ਸਾਡੀਆਂ ਆਈਟੀ ਪ੍ਰਣਾਲੀਆਂ ਤੇ ਸਰਕਾਰ ਦੇ ਵੀਜ਼ਾ ਵਿਭਾਗਾਂ ਦੁਆਰਾ ਉਨ੍ਹਾਂ ਦੀਆਂ ਗਤੀਵਿਧੀਆਂ ਉੱਤੇ ਨੇੜਿਉਂ ਨਜ਼ਰ ਰੱਖੀ ਜਾਂਦੀ ਹੈ।”
ਵੀਐੱਫਐੱਸ ਗਲੋਬਲ ਦੇ ਮਿਡਲ ਈਸਟ ਅਤੇ ਉੱਤਰੀ ਅਮਰੀਕਾ ਦੇ ਮੁਖੀ ਅਰਿਪ੍ਰਸਾਦ ਵਿਸ਼ਵਾਨਾਥਨ ਨੇ ਬੀਬੀਸੀ ਨੂੰ ਦੱਸਿਆ, ਕੰਪਨੀ ਕੋਲ ਅਜਿਹੀਆਂ “ਬੇਕਾਇਦਗੀਆਂ ਦੀ ਕੋਈ ਜਾਣਕਾਰੀ ਨਹੀਂ ਹੈ, ਲੇਕਿਨ ਉਹ ਜਾਂਚ ਕਰਨਗੇ।”
ਵੀਐੱਫਐੱਸ ਦਾ ਕਹਿਣਾ ਹੈ ਕਿ ਕੋਈ "ਨਿੱਜੀ ਬੁੱਕਿੰਗ ਖਿੜਕੀਆਂ ਨਹੀਂ ਹਨ” ਅਤੇ “ਮੁਲਾਕਾਤ ਲਈ ਸਮੇਂ ਦੇ ਸਥਾਨ ਸਾਰਿਆਂ ਲਈ ਜਨਤਕ ਤੌਰ ਉੱਤੇ ਇੱਕੋ ਸਮੇਂ ਉਪਲਭਦ ਹੁੰਦੇ ਹਨ।”
ਭਾਵੇਂ ਕਿ ਯੂਰਪੀ ਕਮਿਸ਼ਨ ਦਾ ਵੀਜ਼ਾ ਪ੍ਰਕਿਰਿਆ ਵਿੱਚ ਦਖਲ ਹੈ। ਵਿਗਨਾਡ ਦਾ ਕਹਿਣਾ ਹੈ ਕਿ ਬਾਹਰੀ ਸੇਵਾ ਪ੍ਰਦਾਤਾ ਆਪਣੇ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਅਤੇ ਯੂਰਪੀ ਯੂਨੀਅਨ ਦੇ ਵੀਜ਼ਾ ਨਿਯਮਾਂ ਅਤੇ ਵੀਜ਼ਾ ਕੋਡ ਦੀਆਂ ਮੱਦਾਂ ਦੀ ਪਾਲਣਾ ਕਰਨ ਇਹ ਯਕੀਨੀ ਬਣਾਉਣਾ ਯੂਰਪੀ ਯੂਨੀਅਨ ਦੇ ਮੈਂਬਰ ਦੇਸਾਂ ਦੀ ਜ਼ਿੰਮੇਵਾਰੀ ਹੈ।








