ਵਿਆਹ 'ਚ 'ਥੋੜ੍ਹੀ-ਬਹੁਤ ਧੱਕਾ-ਮੁੱਕੀ' ਕੋਈ 'ਵੱਡੀ ਗੱਲ ਨਹੀਂ', ਘਰੇਲੂ ਹਿੰਸਾ ਨੂੰ ਚੁਣੌਤੀ ਦਿੰਦੀ ਫ਼ਿਲਮ ਨੂੰ ਲੈ ਕੇ ਕੀ ਛਿੜੀ ਹੈ ਚਰਚਾ

ਤਸਵੀਰ ਸਰੋਤ, The Unicorn Films
- ਲੇਖਕ, ਗੀਤਾ ਪਾਂਡੇ
- ਰੋਲ, ਵੁਮੈਨ ਅਤੇ ਸੋਸ਼ਲ ਅਫੇਅਰਜ਼ ਐਡੀਟਰ, ਭਾਰਤ
- ਪੜ੍ਹਨ ਦਾ ਸਮਾਂ: 8 ਮਿੰਟ
ਇੱਕ ਰਿਵਾਇਤੀ ਸੋਚ ਹੈ ਕਿ ਵਿਆਹੀ ਕੁੜੀ ਦਾ ਘਰ ਉਸਦੇ ਸਹੁਰਿਆਂ ਦਾ ਘਰ ਹੀ ਹੁੰਦਾ ਅਤੇ ਉਸਨੂੰ ਹਰ ਹਾਲ 'ਚ ਆਪਣੇ ਪਤੀ ਨਾਲ ਹੀ ਰਹਿਣਾ ਚਾਹੀਦਾ ਹੈ, ਫਿਰ ਭਾਵੇਂ ਪਤੀ ਉਸ ਨਾਲ ਚਾਹੇ ਜਿੰਨਾ ਮਰਜ਼ੀ ਮਾੜਾ ਵਤੀਰਾ ਕਰੇ। ਪਰ ਭਾਰਤ 'ਚ ਇੱਕ ਛੋਟੀ ਪ੍ਰਮੋਸ਼ਨਲ ਫ਼ਿਲਮ ਇਸ ਰਵਾਇਤੀ ਸੋਚ ਨੂੰ ਚੁਣੌਤੀ ਦੇ ਰਹੀ ਹੈ।
ਇਸ ਪ੍ਰਮੋਸ਼ਨਲ ਫ਼ਿਲਮ ਵਿੱਚ ਘਰੇਲੂ ਹਿੰਸਾ ਨੂੰ ਦਿਖਾਇਆ ਗਿਆ ਹੈ ਅਤੇ ਇਸ ਨੇ ਪੂਰੇ ਦੇਸ਼ ਵਿੱਚ ਲੋਕਾਂ ਦੇ ਦਿਲ ਜਿੱਤ ਲਏ ਹਨ।
ਸਾਢੇ ਤਿੰਨ ਮਿੰਟ ਦੀ 'ਬੈਂਡ ਬਾਜਾ ਬਿਟੀਆ' - ਇੱਕ ਅਜਿਹੇ ਪਿਤਾ ਦੀ ਦਿਲ ਛੂਹ ਲੈਣ ਵਾਲੀ ਕਹਾਣੀ ਹੈ ਜੋ ਆਪਣੀ ਧੀ ਨੂੰ ਉਸਦੇ ਹਿੰਸਕ ਸਹੁਰਿਆਂ ਤੋਂ ਵਾਪਸ ਲਿਆਉਣ ਜਾਂਦਾ ਹੈ ਅਤੇ ਇੱਕਲਾ ਨਹੀਂ ਜਾਂਦਾ ਸਗੋਂ ਵਿਰੋਧ ਵਜੋਂ ਵਿਆਹ ਵਾਲਾ ਬੈਂਡ ਵੀ ਨਾਲ ਲੈ ਕੇ ਜਾਂਦਾ ਹੈ।
ਫ਼ਿਲਮ ਦਾ ਜ਼ੋਰਦਾਰ ਤੇ ਸਪੱਸ਼ਟ ਸੁਨੇਹਾ

ਤਸਵੀਰ ਸਰੋਤ, The Unicorn Films
ਫ਼ਿਲਮ ਦੀ ਸ਼ੁਰੂਆਤ ਪਿਤਾ ਨਾਲ ਹੁੰਦੀ ਹੈ, ਜਿਨ੍ਹਾਂ ਦਾ ਰੋਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗਜਰਾਜ ਰਾਵ ਨੇ ਨਿਭਾਇਆ ਹੈ। ਪਿਤਾ ਨੂੰ ਆਪਣੀ ਧੀ ਸੁਰਭੀ ਦਾ ਫੋਨ ਆਉਂਦਾ ਹੈ।
"ਫਿਰ ਤੋਂ?" ਉਹ ਪੁੱਛਦੇ ਹਨ। ਉਸ ਪਿਤਾ ਦੇ ਚਿਹਰੇ 'ਤੇ ਨਜ਼ਰ ਆਇਆ ਦਰਦ ਉਸ ਪਰੇਸ਼ਾਨ ਕਰਨ ਵਾਲੀ ਖ਼ਬਰ ਨੂੰ ਦਰਸਾਉਂਦਾ ਹੈ ਜੋ ਉਸਨੇ ਹੁਣੇ-ਹੁਣੇ ਸੁਣੀ ਹੈ।
ਪਰਿਵਾਰ ਅਤੇ ਦੋਸਤਾਂ ਤੋਂ ਉਨ੍ਹਾਂ ਨੂੰ ਉਹੀ ਪੁਰਾਣੀ ਸਲਾਹ ਮਿਲਦੀ ਹੈ - "ਉਹੀ ਉਸਦਾ ਘਰ ਹੈ, ਉਸਦੀ ਕਿਸਮਤ ਹੈ।" ਜਾਂ, "ਉਸਨੂੰ ਐਡਜਸਟ ਕਰਨ ਲਈ ਕਹੋ", ਵਿਆਹ ਵਿੱਚ "ਥੋੜ੍ਹੀ-ਬਹੁਤ ਧੱਕਾ-ਮੁੱਕੀ" ਕੋਈ "ਵੱਡੀ ਗੱਲ ਨਹੀਂ" ਹੈ। ''ਇੱਕ ਵਾਰ ਸੁਰਭੀ ਦਾ ਬੱਚਾ ਹੋ ਜਾਵੇ, ਤਾਂ "ਚੀਜ਼ਾਂ ਆਪਣੇ ਆਪ ਠੀਕ ਹੋ ਜਾਣਗੀਆਂ"।
ਬੀਬੀਸੀ ਨਾਲ ਕਰਦਿਆਂ ਗਜਰਾਜ ਰਾਵ ਕਹਿੰਦੇ ਹਨ, "ਭਾਰਤ ਵਿੱਚ ਕਿਹਾ ਜਾਂਦਾ ਹੈ ਕਿ ਦੁਲਹਨ ਡੋਲੀ 'ਤੇ ਸਵਾਰ ਹੋ ਕੇ ਪਤੀ ਦੇ ਘਰ ਆਉਂਦੀ ਹੈ ਅਤੇ ਆਪਣੀ ਮੌਤ ਤੋਂ ਬਾਅਦ ਅਰਥੀ 'ਤੇ ਹੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਪਿਤਾ ਦੀ ਜ਼ਿੰਮੇਵਾਰੀ ਉਸ ਦਿਨ ਖਤਮ ਹੋ ਜਾਂਦੀ ਹੈ ਜਿਸ ਦਿਨ ਉਹ ਆਪਣੀ ਧੀ ਦਾ ਵਿਆਹ ਕਰ ਦਿੰਦਾ ਹੈ।"
ਪਰ ਰਾਵ ਜਿਸ ਪਿਤਾ ਦਾ ਕਿਰਦਾਰ ਪਰਦੇ 'ਤੇ ਨਿਭਾਉਂਦੇ ਹਨ, ਉਹ ਪਿਤਾ ਆਪਣੀ ਧੀ ਤੋਂ ਅੱਖਾਂ ਨਹੀਂ ਫੇਰਦੇ। ਜਦੋਂ ਉਹ ਆਪਣੀ ਧੀ ਨੂੰ ਬਚਾਉਣ ਜਾਂਦੇ ਹਨ, ਤਾਂ ਉਹ ਸੱਚਮੁੱਚ ਵਿਆਹ ਦਾ ਬੈਂਡ ਕਿਰਾਏ 'ਤੇ ਲੈ ਕੇ ਨੱਚਦੇ-ਗਾਉਂਦੇ ਜਾਂਦੇ ਹਨ। ਜਦੋਂ ਕੁੜੀ ਦੀ ਵਿਦਾਈ ਬੈਂਡ-ਵਾਜਿਆਂ ਨਾਲ ਹੋਈ ਸੀ ਤਾਂ ਉਸਦੀ ਵਾਪਸੀ ਵੀ ਬੈਂਡ ਵਾਜਿਆਂ ਨਾਲ ਹੋਣੀ ਚਾਹੀਦੀ ਹੈ।
ਰਾਵ ਕਹਿੰਦੇ ਹਨ, "ਇਹ ਪਿਤਾ ਲਈ ਸ਼ਰਮ ਦੀ ਗੱਲ ਨਹੀਂ ਹੈ। ਉਹ ਉਸਦਾ ਉਸੇ ਧੂਮਧਾਮ ਨਾਲ ਸਵਾਗਤ ਕਰਨਾ ਚਾਹੁੰਦਾ ਹੈ ਜਿਸ ਧੂਮਧਾਮ ਨਾਲ ਉਸਨੇ ਉਸਨੂੰ ਵਿਦਾ ਕੀਤਾ ਸੀ। ਉਸਦੀ ਵਾਪਸੀ ਦਾ ਜਸ਼ਨ ਮਨਾ ਕੇ, ਉਹ ਆਪਣਾ ਮਾਣ ਦਿਖਾ ਰਿਹਾ ਹੈ ਕਿ ਉਹ ਉਸਦੇ ਦਰਦ ਅਤੇ ਤਕਲੀਫ਼ ਨੂੰ ਖਤਮ ਕਰ ਰਿਹਾ ਹੈ।"
ਜਦੋਂ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟੀ ਹੋਈ ਧੀ ਭੱਜ ਕੇ ਆਪਣੇ ਪਿਤਾ ਦੀਆਂ ਬਾਹਾਂ ਵਿੱਚ ਆਉਂਦੀ ਹੈ, ਤਾਂ ਫ਼ਿਲਮ ਦਾ ਸੁਨੇਹਾ ਬਹੁਤ ਜ਼ੋਰਦਾਰ ਅਤੇ ਸਪੱਸ਼ਟ ਹੁੰਦਾ ਹੈ: ਇੱਕ ਧੀ ਹਮੇਸ਼ਾ ਲਈ ਧੀ ਹੁੰਦੀ ਹੈ।
ਲਗਭਗ ਤਿੰਨ ਵਿੱਚੋਂ ਇੱਕ ਭਾਰਤੀ ਮਹਿਲਾ ਘਰੇਲੂ ਹਿੰਸਾ ਦਾ ਸਾਹਮਣਾ ਕਰਦੀ ਹੈ

ਤਸਵੀਰ ਸਰੋਤ, The Unicorn Films
ਆਧਿਕਾਰਤ ਅੰਕੜੇ ਦੱਸਦੇ ਹਨ ਕਿ ਲਗਭਗ ਤਿੰਨ ਵਿੱਚੋਂ ਇੱਕ ਭਾਰਤੀ ਮਹਿਲਾ ਘਰੇਲੂ ਹਿੰਸਾ ਦਾ ਸਾਹਮਣਾ ਕਰਦੀ ਹੈ। ਬੁਰਾ ਵਤੀਰਾ ਅਤੇ ਇੱਥੋਂ ਤੱਕ ਕਿ ਦਹੇਜ ਦੇ ਝਗੜਿਆਂ ਵਿੱਚ ਨਵੀਆਂ ਲਾੜੀਆਂ ਦੀ ਹੱਤਿਆ, ਅਜੇ ਵੀ ਰੋਜ਼ਾਨਾ ਸੁਰਖੀਆਂ ਬਣਦੀਆਂ ਹਨ।
ਸਿਰਫ਼ ਸਾਲ 2023 ਵਿੱਚ ਹੀ ਦਹੇਜ ਨਾਲ ਜੁੜੀਆਂ ਮੌਤਾਂ ਵਿੱਚ 6,150 ਤੋਂ ਵੱਧ ਮਹਿਲਾਵਾਂ ਦੀ ਮੌਤ ਹੋ ਗਈ, ਜਦਕਿ ਪਤੀਆਂ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਮਾੜੇ ਵਤੀਰੇ ਦੇ 133,676 ਮਾਮਲੇ ਪੁਲਿਸ ਨੇ ਦਰਜ ਕੀਤੇ।
ਕੈਂਪੇਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕਈ ਮਹਿਲਾਵਾਂ ਮਾੜੇ ਵਤੀਰੇ ਵਾਲੇ ਵਿਆਹੁਤਾ ਰਿਸ਼ਤੇ 'ਚ ਇਸ ਲਈ ਫਸੀਆਂ ਰਹਿੰਦੀਆਂ ਹਨ ਕਿਉਂਕਿ ਉਨ੍ਹਾਂ ਦੇ ਮਾਪਿਆਂ ਅਤੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਬਹੁਤ ਘੱਟ ਸਹਿਯੋਗ ਮਿਲਦਾ ਹੈ।
ਇਸ ਲਈ ਇੱਕ ਆਮ ਪਿਤਾ ਦਾ ਆਪਣੀ ਧੀ ਨਾਲ ਚੁੱਪਚਾਪ ਖੜ੍ਹਾ ਹੋਣਾ, ਆਨਲਾਈਨ ਲੋਕਾਂ ਦੇ ਦਿਲਾਂ ਵਿੱਚ ਉਤਰ ਗਿਆ ਹੈ, ਜਿਸਨੂੰ ਲੱਖਾਂ ਵਿਊਜ਼ ਅਤੇ ਬਹੁਤ ਤਾਰੀਫ਼ ਮਿਲੀ ਹੈ।
ਦਰਸ਼ਕਾਂ ਦੀ ਜ਼ਬਰਦਸਤ ਪ੍ਰਤੀਕਿਰਿਆ

ਸੋਸ਼ਲ ਮੀਡੀਆ 'ਤੇ ਵੇਖਣ ਵਾਲਿਆਂ ਨੇ ਇਸਨੂੰ "2026 ਦੀ ਸਭ ਤੋਂ ਵਧੀਆ ਐਡ ਫ਼ਿਲਮ" ਅਤੇ "ਇੱਕ ਕ੍ਰਾਂਤੀਕਾਰੀ ਵਿਚਾਰ ਜਿਸਦਾ ਸਮਾਂ ਆਖ਼ਿਰਕਾਰ ਆ ਗਿਆ ਹੈ" ਕਿਹਾ ਹੈ।
ਕਈ ਲੋਕਾਂ ਨੇ ਕਿਹਾ ਕਿ ਇਹ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇੱਕ ਇੰਸਟਾਗ੍ਰਾਮ ਯੂਜ਼ਰ ਨੇ ਲਿਖਿਆ, "ਦੁਨੀਆ ਨੂੰ ਅਜਿਹੇ ਹੋਰ ਪਿਤਾ ਅਤੇ ਮਾਪਿਆਂ ਦੀ ਲੋੜ ਹੈ।"
ਕਈ ਮਹਿਲਾਵਾਂ ਨੇ ਅਜਿਹੇ ਕਈ ਹੋਰ ਪਿਤਾ ਦੀਆਂ ਭਾਵੁਕ ਕਹਾਣੀਆਂ ਸਾਂਝੀਆਂ ਕੀਤੀਆਂ ਜੋ ਅਜਿਹੇ ਪਲਾਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਰਹੇ, ਜਦਕਿ ਕੁਝ ਪਿਤਾ ਆਪਣੀਆਂ ਧੀਆਂ ਨੂੰ ਇਹ ਭਰੋਸਾ ਦੇ ਰਹੇ ਹਨ ਕਿ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਰਾਵ, ਜੋ ਬਾਲੀਵੁੱਡ ਦੇ ਸਭ ਤੋਂ ਵਧੀਆ ਅਦਾਕਾਰਾਂ ਵਿੱਚੋਂ ਇੱਕ ਹਨ ਅਤੇ ਹਿੱਟ ਬਾਲੀਵੁੱਡ ਫ਼ਿਲਮ 'ਬਧਾਈ ਹੋ' ਵਿੱਚ ਆਪਣੇ ਕਿਰਦਾਰ ਲਈ ਮਸ਼ਹੂਰ ਹਨ, ਕਹਿੰਦੇ ਹਨ ਕਿ ਫ਼ਿਲਮ ਨੂੰ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਹੈ।
ਉਹ ਕਹਿੰਦੇ ਹਨ, "ਮੇਰੀ ਜ਼ਿੰਦਗੀ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਏਅਰਪੋਰਟ 'ਤੇ 15-20 ਲੋਕਾਂ ਨੇ ਮੈਨੂੰ ਘੇਰ ਲਿਆ ਅਤੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਫ਼ਿਲਮ ਕਿੰਨੀ ਪਸੰਦ ਆਈ। ਲੋਕਾਂ ਨੇ ਇਸਨੂੰ ਸਵੀਕਾਰ ਕੀਤਾ ਹੈ ਅਤੇ ਖੁੱਲ੍ਹੇ ਦਿਲ ਨਾਲ ਇਸਦਾ ਸਵਾਗਤ ਕੀਤਾ ਹੈ।"
ਵੱਡੀ ਚਿੰਤਾ, 'ਲੋਕ ਕੀ ਕਹਿਣਗੇ?'

ਤਸਵੀਰ ਸਰੋਤ, The Unicorn Films
ਫ਼ਿਲਮ ਦੇ ਡਾਇਰੈਕਟਰ ਪ੍ਰੋਸਿਤ ਰਾਏ, ਜੋ ਇੱਕ ਛੋਟੀ ਧੀ ਦੇ ਪਿਤਾ ਹਨ, ਆਪਣੇ ਆਪ ਨੂੰ "ਇੱਕ ਕੁੜੀ ਦਾ ਪਿਤਾ" ਦੱਸਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਫ਼ਿਲਮ "ਪੁਰਾਣੇ ਵਿਚਾਰਾਂ ਅਤੇ ਪੁਰਾਣੀਆਂ ਕਦਰਾਂ-ਕੀਮਤਾਂ" ਨੂੰ ਚੁਣੌਤੀ ਦੇਣ ਲਈ ਬਣਾਈ ਹੈ।
ਉਹ ਕਹਿੰਦੇ ਹਨ, "ਘਰੇਲੂ ਹਿੰਸਾ ਬਹੁਤ ਜ਼ਿਆਦਾ ਹੈ ਪਰ ਮਾਪੇ ਦਖ਼ਲ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਨੂੰ ਚਿੰਤਾ ਹੁੰਦੀ ਹੈ ਕਿ 'ਲੋਕ ਕੀ ਕਹਿਣਗੇ'? ਅਸੀਂ ਆਪਣੀਆਂ ਧੀਆਂ ਨੂੰ ਐਡਜਸਟ ਕਰਨ ਲਈ ਕਹਿੰਦੇ ਹਾਂ ਅਤੇ ਕਈ ਵਾਰ ਬਹੁਤ ਦੇਰ ਹੋ ਜਾਂਦੀ ਹੈ। ਮੈਂ ਸਿਰਫ਼ ਸਮਾਜ ਨੂੰ ਸ਼ੀਸ਼ਾ ਦਿਖਾ ਰਿਹਾ ਹਾਂ, ਤਾਂ ਜੋ ਉਹ ਸਮਝ ਸਕਣ ਕਿ ਉਨ੍ਹਾਂ ਨੂੰ ਕਿਉਂ ਕੋਈ ਕਦਮ ਚੁੱਕਣਾ ਚਾਹੀਦਾ ਹੈ।"
ਰਾਏ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਕਹਾਣੀ ਇਸ ਲਈ ਚੁਣੀ ਕਿਉਂਕਿ ਉਨ੍ਹਾਂ ਨੂੰ ਇਹ ਪ੍ਰੇਰਣਾਦਾਇਕ ਲੱਗੀ ਅਤੇ "ਉਨ੍ਹਾਂ ਨੂੰ ਲੱਗਿਆ ਕਿ ਅਸੀਂ ਇਸਦਾ ਇਸਤੇਮਾਲ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਧੀਆਂ ਦਾ ਸਹਿਯੋਗ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਕਰ ਸਕਦੇ ਹਾਂ। ਇਸ 'ਤੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਹ ਫ਼ਿਲਮ ਇਸਦੀ ਸ਼ੁਰੂਆਤ ਕਰ ਸਕਦੀ ਹੈ।"
ਅਸਲ ਜ਼ਿੰਦਗੀ 'ਤੇ ਝਾਤ ਪਾਉਂਦੀ ਫ਼ਿਲਮ

ਤਸਵੀਰ ਸਰੋਤ, Getty Images
ਇਹ ਫ਼ਿਲਮ ਅਸਲ ਜ਼ਿੰਦਗੀ ਨਾਲ ਜੁੜੇ ਕੁੱਝ ਮਾਮਲਿਆਂ 'ਤੇ ਵੀ ਝਾਤ ਪਵਾਉਂਦੀ ਹੈ, ਜਿਨ੍ਹਾਂ ਵਿੱਚ ਪਿਤਾ ਨੇ ਰਿਵਾਇਤ ਨੂੰ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਅਤੇ ਆਪਣੀਆਂ ਧੀਆਂ ਨੂੰ ਮਾੜੇ ਵਤੀਰੇ ਵਾਲੇ ਜਾਂ ਨਾਖੁਸ਼ ਵਿਆਹਾਂ ਤੋਂ ਬਚਾਇਆ।
ਅਜਿਹਾ ਪਹਿਲਾ ਮਾਮਲਾ ਅਕਤੂਬਰ 2023 ਵਿੱਚ ਝਾਰਖੰਡ ਸੂਬੇ ਤੋਂ ਸਾਹਮਣੇ ਆਇਆ ਸੀ, ਜਿੱਥੇ ਇੱਕ ਕਾਰੋਬਾਰੀ ਪ੍ਰੇਮ ਗੁਪਤਾ ਨੇ ਆਪਣੀ ਧੀ ਸਾਕਸ਼ੀ ਨੂੰ ਘਰ ਲਿਆਉਣ ਲਈ ਵਿਆਹ ਦਾ ਬੈਂਡ ਕਿਰਾਏ 'ਤੇ ਲਿਆ ਸੀ।
ਉਨ੍ਹਾਂ ਦੀ ਕੁੜੀ ਦੇ ਵਿਆਹ ਨੂੰ ਇੱਕ ਸਾਲ ਹੋ ਗਿਆ ਸੀ ਅਤੇ ਗੁਪਤਾ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਨੇ ਵੀ ਉਸਨੂੰ ਐਡਜਸਟ ਕਰਨ ਦੀ ਸਲਾਹ ਦਿੱਤੀ ਸੀ।
ਉਨ੍ਹਾਂ ਕਿਹਾ, "ਭਾਰਤ ਵਿੱਚ ਧੀਆਂ ਨੂੰ ਉਨ੍ਹਾਂ ਦੇ ਮਾਪੇ ਦੱਸਦੇ ਹਨ ਕਿ ਵਿਆਹ ਤੋਂ ਬਾਅਦ ਤੂੰ ਆਪਣੇ ਪਤੀ ਅਤੇ ਉਸਦੇ ਪਰਿਵਾਰ ਦੀ ਹੋ ਗਈ ਹੈਂ। ਤੇਰਾ ਜੀਣਾ-ਮਰਨਾ ਉਨ੍ਹਾਂ ਦੇ ਹੀ ਨਾਲ ਹੈ। ਜ਼ਿਆਦਾਤਰ ਲੋਕਾਂ ਵਾਂਗ, ਮੈਨੂੰ ਵੀ ਚਿੰਤਾ ਸੀ ਕਿ ਲੋਕ ਕੀ ਕਹਿਣਗੇ।"
ਪਰ ਜਿਵੇਂ-ਜਿਵੇਂ ਉਸਦਾ ਰਿਸ਼ਤਾ ਖਰਾਬ ਹੁੰਦਾ ਗਿਆ, ਉਹ ਚਿੰਤਤ ਹੋਣ ਲੱਗੇ "ਕਿ ਉਹ ਤਣਾਅ ਵਿੱਚ ਆ ਜਾਵੇਗੀ ਅਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਸਕਦੀ ਹੈ।"
"ਉਸਦਾ ਪਿਤਾ ਹੋਣ ਦੇ ਨਾਤੇ ਮੈਨੂੰ ਲੱਗਿਆ ਕਿ ਮੈਂ ਉਸਨੂੰ ਇਕੱਲਾ ਨਹੀਂ ਛੱਡ ਸਕਦਾ। ਅਸੀਂ ਨਰਾਤਿਆਂ ਦਾ ਪਹਿਲਾ ਦਿਨ ਚੁਣਿਆ - ਨੌ ਦਿਨਾਂ ਦਾ ਹਿੰਦੂ ਤਿਉਹਾਰ ਜਦੋਂ ਅਸੀਂ ਦੇਵੀ ਦੁਰਗਾ ਦੀ ਪੂਜਾ ਕਰਦੇ ਹਾਂ। ਇਸਨੂੰ ਨਵੇਂ ਕੰਮ ਸ਼ੁਰੂ ਕਰਨ ਅਤੇ ਜ਼ਰੂਰੀ ਕੰਮ ਕਰਨ ਲਈ ਸ਼ੁਭ ਸਮਾਂ ਮੰਨਿਆ ਜਾਂਦਾ ਹੈ। ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ।"
''ਮੈਂ ਹੈਰਾਨ ਰਹਿ ਗਈ ਕਿ ਬੈਂਡ-ਵਾਜਾ ਮੇਰੇ ਲਈ ਸੀ'

ਸਾਕਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਘਰ ਲਿਜਾਣ ਲਈ ਆ ਰਹੇ ਹਨ, ਪਰ ਜਦੋਂ ਉਨ੍ਹਾਂ ਨੇ ਜਸ਼ਨ ਦਾ ਬੈਂਡ ਵੱਜਦਾ ਸੁਣਿਆ, ਤਾਂ ਉਹ ਸਾਕਸ਼ੀ ਹੋ ਗਏ।
ਉਨ੍ਹਾਂ ਕਿਹਾ, "ਮੇਰਾ ਵਿਆਹ ਟੁੱਟ ਗਿਆ ਸੀ ਅਤੇ ਮੈਂ ਆਪਣਾ ਸਹੁਰਾ ਘਰ ਛੱਡ ਰਹੀ ਸੀ। ਮੈਨੂੰ ਲੱਗਿਆ ਕਿ ਬੈਂਡ ਕਿਸੇ ਹੋਰ ਦੀ ਬਾਰਾਤ ਨਾਲ ਹੋਵੇਗਾ। ਮੈਨੂੰ ਸੱਚਮੁੱਚ ਹੈਰਾਨੀ ਹੋਈ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਮੇਰੇ ਲਈ ਸੀ।"
ਉਸ ਵੇਲੇ ਇੱਕ ਵਾਇਰਲ ਵੀਡੀਓ ਵਿੱਚ ਸਾਕਸ਼ੀ ਮੁਸਕੁਰਾਉਂਦੇ ਹੋਏ ਨਜ਼ਰ ਆ ਰਹੇ ਸਨ, ਜਦੋਂ ਉਹ ਆਪਣੇ ਸਾਬਕਾ ਪਤੀ ਦੇ ਘਰੋਂ ਇੱਕ ਸੂਟਕੇਸ ਬਾਹਰ ਕੱਢ ਰਹੇ ਸਨ, ਜਦਕਿ ਬੈਂਡ ਵੱਜ ਰਿਹਾ ਸੀ ਅਤੇ ਪਟਾਖੇ ਚੱਲ ਰਹੇ ਸਨ।
ਉਨ੍ਹਾਂ ਬੀਬੀਸੀ ਨੂੰ ਦੱਸਿਆ, "ਮੇਰੇ ਪਿਤਾ ਨੇ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ।"
ਗੁਪਤਾ ਕਹਿੰਦੇ ਹਨ, "ਮੈਂ ਇਹ ਆਪਣੀ ਧੀ ਨੂੰ ਮੁਸਕੁਰਾਉਂਦੇ ਹੋਏ ਦੇਖਣ ਲਈ ਕੀਤਾ। ਮੈਂ ਇਹ ਉਸਦੀ ਖੁਸ਼ੀ ਲਈ ਕੀਤਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਵਾਇਰਲ ਹੋ ਜਾਵੇਗਾ। ਮੈਂ ਕੋਈ ਉਦਾਹਰਨ ਸੈੱਟ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ, ਪਰ ਮੈਨੂੰ ਲੱਗਦਾ ਹੈ ਕਿ ਮੈਂ ਕਰ ਦਿੱਤਾ।"
ਉਹ ਅੱਗੇ ਕਹਿੰਦੇ ਹਨ ਕਿ ਕੁਝ ਪਿਤਾ ਅਜਿਹੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਇਸ ਮਿਸਾਲ ਨੂੰ ਅਪਣਾਇਆ ਹੈ।
ਧੀਆਂ ਦਾ ਇੱਕ ਘਰ ਹਮੇਸ਼ਾ ਹੁੰਦਾ ਹੈ...
ਗਜਰਾਜ ਰਾਵ ਕਹਿੰਦੇ ਹਨ ਕਿ 'ਬੈਂਡ ਬਾਜਾ ਬਿਟੀਆ' ਦੇ ਨਾਲ ਉਹ ਆਪਣੇ ਸੰਦੇਸ਼ ਨੂੰ ਮੁੱਖ ਧਾਰਾ ਤੱਕ ਲੈ ਜਾਣਾ ਚਾਹੁੰਦੇ ਹਨ ਅਤੇ ਉਮੀਦ ਕਰਦੇ ਹਨ ਕਿ ਇੱਕ ਦਿਨ ਇਹ ਆਮ ਗੱਲ ਹੋ ਜਾਵੇਗੀ ਕਿ ਮਾਪੇ ਆਪਣੀਆਂ ਧੀਆਂ ਨੂੰ ਦੱਸਣ ਕਿ ਉਨ੍ਹਾਂ ਦਾ ਇੱਕ ਘਰ ਹਮੇਸ਼ਾ ਹੈ ਅਤੇ ਉਨ੍ਹਾਂ ਨੂੰ ਉੱਥੇ ਰਹਿਣ ਦਾ ਹੱਕ ਹੈ।
ਉਹ ਕਹਿੰਦੇ ਹਨ, "ਮੈਨੂੰ ਪਤਾ ਹੈ ਕਿ ਇਹ ਇੱਕ ਲੰਮਾ ਸਫਰ ਹੈ ਅਤੇ ਚੀਜ਼ਾਂ ਇੱਕ ਪਲ ਵਿੱਚ ਨਹੀਂ ਬਦਲਣਗੀਆਂ। ਸਾਡੀ ਕੋਸ਼ਿਸ਼ ਸਮੁੰਦਰ ਵਿੱਚ ਇੱਕ ਬੂੰਦ ਵਾਂਗ ਹੈ, ਪਰ ਘੱਟੋ-ਘੱਟ ਇਹ ਇੱਕ ਕੋਸ਼ਿਸ਼ ਤਾਂ ਹੈ।"
"ਰਿਵਾਇਤ ਨੂੰ ਚੁਣੌਤੀ ਦੇਣ ਲਈ ਲੋਕਾਂ ਨੂੰ ਹਿੰਮਤ ਚਾਹੀਦੀ ਹੈ ਅਤੇ ਸ਼ਾਇਦ ਸਾਡੀ ਫ਼ਿਲਮ ਉਨ੍ਹਾਂ ਨੂੰ ਪ੍ਰੇਰਿਤ ਕਰ ਸਕੇ, ਸ਼ਾਇਦ ਇਹ ਪਰਿਵਾਰਾਂ ਲਈ ਇੱਕ ਰਾਹ ਦਿਖਾਉਣ ਵਾਲੀ ਰੌਸ਼ਨੀ ਦਾ ਕੰਮ ਕਰ ਸਕੇ ਕਿ ਉਨ੍ਹਾਂ ਨੂੰ ਆਪਣੀਆਂ ਧੀਆਂ ਦੀ ਮਦਦ ਕਰਨ ਦੀ ਲੋੜ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























