‘ਸਹੁਰਿਆਂ ਨੇ ਮੇਰਾ ਗਲ਼ਾ ਘੁੱਟਿਆ, ਕੁੱਟਿਆ ਅਤੇ ਗ਼ੁਲਾਮ ਬਣਾਇਆ', ਵਿਆਹ ਕਰਵਾ ਕੇ ਯੂਕੇ ਗਈ ਕੁੜੀ ਦੀ ਕਹਾਣੀ

- ਲੇਖਕ, ਨਤਾਸ਼ਾ ਟਰਨੇ
- ਰੋਲ, ਬੀਬੀਸੀ ਪੱਤਰਕਾਰ
ਸਾਰਾ ਦਾ ਜਦੋਂ ਵਿਆਹ ਹੋਇਆ ਉਹ ਮਹਿਜ਼ 21 ਸਾਲਾਂ ਦੀ ਸੀ। ਜਿਸ ਵਿਅਕਤੀ ਨਾਲ ਵਿਆਹ ਲਈ ਮਜ਼ਬੂਰ ਕੀਤਾ ਗਿਆ ਉਸ ਨੇ ਦੁਰ-ਵਿਵਹਾਰ ਸ਼ੁਰੂ ਕਰ ਦਿੱਤਾ। ਸਾਰਾ ਬੇਬੱਸ ਮਹਿਸੂਸ ਕਰਦੀ ਸੀ। ਦੁਨੀਆਂ ਤੋਂ ਅਲੱਗ-ਥਲੱਗ ਇਕੱਲਤਾ ਵਿੱਚ ਘਿਰ ਗਈ ਸੀ।
ਚੇਤਾਵਨੀ: ਇਸ ਖ਼ਬਰ ਵਿੱਚ ਦਿੱਤੇ ਕੁਝ ਵੇਰਵੇ ਤੁਹਾਨੂੰ ਪੇਰਸ਼ਾਨ ਕਰ ਸਕਦੇ ਹਨ
ਉਹ ਦੱਸਦੀ ਹੈ, "ਉਹ ਮੈਨੂੰ ਡਰਾਉਣ ਲਈ ਮੇਰੇ ਚਿਹਰੇ ਨੇੜੇ ਲਾਈਟਰ ਬਾਲਦਾ ਸੀ, ਡਰਾਉਂਦਾ ਸੀ, 'ਮੈਂ ਤੈਨੂੰ ਸਾੜ ਦਿਆਂਗਾ।"
ਸਾਰਾ ਦਾ ਸਹੁਰਾ ਪਰਿਵਾਰ ਯੂਕੇ ਵਿੱਚ ਸੀ ਅਤੇ ਸਾਲ 2022 ਵਿੱਚ ਉਹ ਵੀ ਪਾਕਿਸਤਾਨ ਤੋਂ ਆਪਣੇ ਪਤੀ ਅਤੇ ਸਹੁਰਿਆਂ ਨਾਲ ਰਹਿਣ ਯੂਕੇ ਆ ਗਈ ਜਿੱਥੇ ਉਸ ਦੇ ਪਤੀ ਦਾ ਰਵੱਈਆ ਹੋਰ ਵੀ ਮਾੜਾ ਹੋ ਗਿਆ।
ਜਿਸ ਤਰ੍ਹਾਂ ਦੀ ਖ਼ੁਸ਼ਹਾਲ ਵਿਆਹੁਤਾ ਜ਼ਿੰਦਗੀ ਦਾ ਸਾਰਾ ਦੇ ਮਾਪਿਆਂ ਨੇ ਵਾਅਦਾ ਕੀਤੀ ਸੀ ਉਸ ਦੀ ਜ਼ਿੰਦਗੀ ਓਨੀਂ ਹੀ ਖ਼ਰਾਬ ਸੀ। ਪਤੀ ਉਸ ਦੀ ਕੁੱਟ-ਮਾਰ ਕਰਦਾ ਅਤੇ ਸਹੁਰਿਆਂ ਨੇ ਕਿਸੇ ਗ਼ੁਲਾਮ ਵਾਂਗ ਕੰਮ ਕਰਨ ਲਈ ਮਜ਼ਬੂਰ ਕੀਤਾ।

ਜ਼ਬਰਦਸਤੀ ਵਿਆਹ ਉਹ ਹੁੰਦਾ ਹੈ ਜਿੱਥੇ ਇੱਕ ਜਾਂ ਵਿਆਹ ਕਰਵਾਉਣ ਵਾਲੇ ਦੋਵੇਂ ਲੋਕ ਵਿਆਹ ਲਈ ਸਹਿਮਤੀ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਮਜਬੂਰ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਜਾਂ ਦੁਰਵਿਵਹਾਰ ਦੀ ਵਰਤੋਂ ਕੀਤੀ ਜਾਂਦੀ ਹੈ।
ਇਹ 2014 ਵਿੱਚ ਸਮਾਜ-ਵਿਰੋਧੀ ਵਿਵਹਾਰ, ਅਪਰਾਧ ਅਤੇ ਪੁਲਿਸਿੰਗ ਐਕਟ ਦੇ ਹਿੱਸੇ ਵਜੋਂ ਯੂਕੇ ਵਿੱਚ ਜ਼ਬਰਦਸਤੀ ਵਿਆਹ ਗ਼ੈਰ-ਕਾਨੂੰਨੀ ਹੋ ਗਿਆ ਸੀ। ਇਹ ਇੱਕ ਸਜ਼ਾਯੋਗ ਕੰਮ ਹੈ ਅਜਿਹਾ ਕੀਤੇ ਜਾਣ ਉੱਤੇ ਸੱਤ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਪਿਛਲੇ ਸਾਲ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਦੇ ਅੰਕੜਿਆਂ ਮੁਤਾਬਕ, ਇਸ ਅਪਰਾਧ ਲਈ ਯੂਕੇ ਵਿੱਚ 30 ਮੁਕੱਦਮੇ ਚੱਲੇ ਸਨ ਜਿਨ੍ਹਾਂ ਅਧੀਨ16 ਲੋਕਾਂ ਨੂੰ ਸਜ਼ਾ ਹੋਈ ਸੀ।
ਪਰ ਕਰਮਾ ਨਿਰਵਾਣ ਵਰਗੇ ਚੈਰਿਟੀ ਸੰਗਠਨ, ਜੋ ਜ਼ਬਰਦਸਤੀ ਵਿਆਹ ਤੋਂ ਪ੍ਰਭਾਵਿਤ ਔਰਤਾਂ ਦੀ ਮਦਦ ਕਰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਦਰਜ ਕੀਤੇ ਗਏ ਮਾਮਲੇ ਪੀੜਤਾਂ ਦੀ ਅਸਲ ਗਿਣਤੀ ਨੂੰ ਨਹੀਂ ਦਰਸਾਉਂਦੇ।
ਡਰਬੀ-ਫ਼ਾਉਂਡਿਡ ਚੈਰਿਟੀ ਦਾ ਕਹਿਣਾ ਹੈ ਕਿ ਇਸਨੂੰ ਪਿਛਲੇ ਸਾਲ ਆਪਣੀ ਹੈਲਪਲਾਈਨ 'ਤੇ 624 ਕਾਲਾਂ ਆਈਆਂ, ਜੋ ਕਿ ਹੋਮ ਆਫਿਸ ਦੇ ਜ਼ਬਰਦਸਤੀ ਵਿਆਹ ਯੂਨਿਟ ਵੱਲੋਂ ਦਰਜ ਕੀਤੀਆਂ ਗਈਆਂ 229 ਕਾਲਾਂ ਨਾਲੋਂ ਲਗਭਗ ਤਿੰਨ ਗੁਣਾ ਜ਼ਿਆਦਾ ਹਨ ।
ਕਈ ਤਰੀਕਿਆਂ ਨਾਲ ਡਰਾਉਣ ਦੇ ਇਲਜ਼ਾਮ

ਅਸੀਂ ਸਾਰਾ ਦਾ ਨਾਮ ਬਦਲ ਦਿੱਤਾ ਹੈ ਅਤੇ ਉਸਦੀ ਪਛਾਣ ਸੁਰੱਖਿਅਤ ਕਰਨ ਇਹ ਵੀ ਖੁਲਾਸਾ ਵੀ ਨਹੀਂ ਕੀਤਾ ਗਿਆ ਕਿ ਉਸਨੂੰ ਯੂਕੇ ਵਿੱਚ ਕਿੱਥੇ ਲਿਆਂਦਾ ਗਿਆ ਸੀ।
ਸਾਰਾ ਯੂਕੇ ਪਹਿਲੀ ਵਾਰ ਆਈ ਸੀ, ਉਹ ਉੱਥੋਂ ਦੀ ਭਾਸ਼ਾ ਨਹੀਂ ਬੋਲਦੀ ਸੀ ਅਤੇ ਉਸਨੂੰ ਦੇਸ਼ ਬਾਰੇ ਵੀ ਬਹੁਤ ਘੱਟ ਪਤਾ ਸੀ।
ਉਹ ਯਾਦ ਕਰਦੀ ਹੈ ਕਿ ਪਰਿਵਾਰ ਅਤੇ ਦੋਸਤਾਂ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਉਹ ਇੰਗਲੈਂਡ ਵਿੱਚ 'ਬਿਹਤਰ ਜ਼ਿੰਦਗੀ' ਦਾ ਆਨੰਦ ਮਾਣੇਗੀ ਅਤੇ ਕੁਝ ਹਫ਼ਤਿਆਂ ਵਿੱਚ ਹੀ ਵਿਆਹੁਤਾ ਜ਼ਿੰਦਗੀ ਵੀ ਲੀਹ 'ਤੇ ਆ ਜਾਵੇਗੀ।
ਸਾਰਾ ਕਹਿੰਦੀ ਹੈ, "ਫਿਰ ਹੌਲੀ-ਹੌਲੀ, ਹਰ ਚੀਜ਼ 'ਤੇ ਪਾਬੰਦੀ ਲੱਗਣ ਲੱਗੀ ਸੀ, 'ਬਾਹਰ ਨਾ ਜਾਓ, ਇਹ ਨਾ ਕਰੋ, ਉਹ ਨਾ ਕਰੋ, ਕੋਈ ਕੰਮ ਨਾ ਕਰੋ, ਸਿਰਫ਼ ਘਰ ਰਹੋ'।"
ਉਹ ਅੱਗੇ ਕਹਿੰਦੇ ਹਨ ਕਿ ਉਸਨੂੰ ਡਰਾਇਆ ਗਿਆ ਸੀ ਕਿ ਜੇਕਰ ਉਹ ਕਦੇ ਸਹੁਰਾ ਘਰ ਛੱਡੇਗੀ ਤਾਂ ਬ੍ਰਿਟਿਸ਼ ਲੋਕਾਂ ਵੱਲੋਂ ਉਸਦਾ ਬਲਾਤਕਾਰ ਕੀਤਾ ਜਾਵੇਗਾ ਜਾਂ ਕਤਲ ਕਰ ਦਿੱਤਾ ਜਾਵੇਗਾ।
ਸਾਰਾ ਕਹਿੰਦੀ ਹੈ, "ਯੂਕੇ ਵਿੱਚ, ਮੈਨੂੰ ਕਿਹਾ ਗਿਆ ਸੀ 'ਤੁਸੀਂ ਬਾਹਰ ਨਹੀਂ ਜਾ ਸਕਦੇ, ਜੇ ਤੁਸੀਂ ਇਕੱਲੇ ਬਾਹਰ ਜਾਂਦੇ ਹੋ, ਤਾਂ ਤੁਹਾਡੇ ਨਾਲ ਬਲਾਤਕਾਰ ਕੀਤਾ ਜਾਵੇਗਾ, ਦਿਨ ਵੇਲੇ ਜਾਂ ਸ਼ਾਮ ਨੂੰ ਇਕੱਲੇ ਬਾਹਰ ਨਾ ਜਾਓ'।"
ਸਾਰਾ ਨੇ ਅਚਾਨਕ ਆਪਣੇ ਆਪ ਨੂੰ ਅਣਚਾਹੇ ਤੌਰ 'ਤੇ ਗੁਲਾਮੀ ਦੀ ਜ਼ਿੰਦਗੀ ਜਿਉਂਦੇ ਪਾਇਆ।
ਉਹ ਕਹਿੰਦੇ ਹਨ ਕਿ ਉਸਦੀ ਸੱਸ ਉਸਨੂੰ ਘਰ ਦੇ ਕੰਮ ਕਰਨ ਲਈ ਮਜਬੂਰ ਕਰਦੀ ਸੀ ਅਤੇ ਉਸਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੀ ਸੀ।
ਸਾਰਾ ਦੱਸਦੀ ਹੈ ਕਿ ਉਸਦੀ ਸੱਸ ਨੇ ਉਸਨੂੰ 'ਨੌਕਰਾਣੀ' ਕਹਿੰਦੀ ਸੀ।
ਜਦੋਂ ਉਸਦਾ ਪਤੀ ਸਰੀਰਕ ਤੌਰ 'ਤੇ ਹਿੰਸਕ ਹੋ ਗਿਆ ਤਾਂ ਉਸਦੀ ਹਾਲਤ ਵਿਗੜ ਗਈ।
ਉਹ ਕਹਿੰਦੀ ਹੈ, "ਕਦੇ-ਕਦੇ ਉਹ ਮੇਰੇ 'ਤੇ ਕੁਝ ਵੀ ਸੁੱਟਦਾ ਸੀ, ਉਹ ਮੈਨੂੰ ਧੱਕੇ ਦਿੰਦਾ ਸੀ, ਕਦੇ ਮੈਨੂੰ ਲੱਤਾਂ ਮਾਰਦਾ ਸੀ।"
ਸਾਰਾ ਲਈ ਹਾਲਾਤ ਹੋਰ ਵੀ ਅਸਹਿ ਹੋ ਗਏ, ਜਦੋਂ ਉਸਨੂੰ ਅਹਿਸਾਸ ਹੋਇਆ ਕਿ ਉਸਦੇ ਪਤੀ ਅਤੇ ਉਸਦੇ ਪਰਿਵਾਰ ਨੇ ਉਸ ਦੇ ਫ਼ੋਨ ਦਾ ਵਾਈਫਾਈ ਬੰਦ ਕਰ ਦਿੱਤਾ ਹੈ।
'ਉਸਨੇ ਮੇਰੀ ਗਰਦਨ ਫੜ ਲਈ'

ਪਾਕਿਸਤਾਨ ਵਿੱਚ ਆਪਣੇ ਘਰ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਅਤੇ ਡਰੀ ਹੋਈ ਅਤੇ ਇਕੱਲੀ ਮਹਿਸੂਸ ਕਰਨ ਵਾਲੀ ਸਾਰਾ ਕਹਿੰਦੀ ਹੈ ਕਿ ਉਸਨੇ ਆਪਣੇ ਪਤੀ ਨੂੰ ਪੁੱਛਣ ਦੀ ਹਿੰਮਤ ਕੀਤੀ ਕਿ ਉਸਦੇ ਕੋਲ ਵਾਈਫਾਈ ਕਿਉਂ ਨਹੀਂ ਹੈ।
ਪਰ ਨਤੀਜੇ ਬਹੁਤ ਭਿਆਨਕ ਸਨ।
ਉਹ ਕਹਿੰਦੀ ਹੈ ਕਿ ਉਸਨੇ ਗੁੱਸੇ ਵਿੱਚ ਹਮਲਾ ਕੀਤਾ, ਟੀਵੀ ਰਿਮੋਟ ਅਤੇ ਚਾਬੀਆਂ ਉਸ ਵੱਲ ਸੁੱਟੀਆਂ, ਜੋ ਉਸਦੇ ਮੂੰਹ 'ਤੇ ਲੱਗੀਆਂ।
ਸਾਰਾ ਕਹਿੰਦੀ ਹੈ, "ਉਸਨੇ ਮੇਰੀ ਗਰਦਨ ਫੜ ਲਈ। ਉਸਨੇ ਮੈਨੂੰ ਕੰਧ ਨਾਲ ਧੱਕਾ ਦਿੱਤਾ। ਉਸਨੇ ਮੇਰੇ ਸਿਰ 'ਤੇ ਤਿੰਨ ਤੋਂ ਚਾਰ ਵਾਰੀ ਵਾਰ ਕੀਤਾ।"
ਉਸਨੂੰ ਮਹਿਸੂਸ ਹੋਇਆ ਕਿ ਉਸਦਾ ਸਾਹ ਘੁੱਟ ਰਿਹਾ ਹੈ ਅਤੇ ਉਸਨੇ ਸੋਚਿਆ ਕਿ ਉਹ ਮਰ ਜਾਵੇਗੀ।

ਸਾਰਾ ਨੇ ਯਾਦ ਕੀਤਾ ਕਿ ਜਦੋਂ ਉਸ ਦਿਨ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਦੀ ਸੱਸ ਇਹ ਸਭ ਦੇਖ ਰਹੀ ਸੀ ਅਤੇ ਉਸ ਨੇ ਸਾਰਾ ਨੂੰ ਕਿਹਾ ਸੀ ਕਿ ਉਸਨੂੰ ਚੁੱਪ ਰਹਿਣਾ ਚਾਹੀਦਾ ਸੀ।
ਸਾਰਾ ਕਹਿੰਦੀ ਹੈ ਅਤੇ ਫਿਰ ਉਸ ਰਾਤ ਉਸਦਾ ਪਤੀ 'ਦਰਵਾਜ਼ੇ ਦੇ ਨੇੜੇ ਸੌਂ ਗਿਆ ਤਾਂ ਜੋ ਮੈਂ ਬਾਹਰ ਨਾ ਆਵਾਂ'।
ਸਾਰਾ ਨੂੰ ਯਾਦ ਹੈ ਕਿ ਉਸਦੇ ਪਤੀ ਦੇ ਹਮਲੇ ਤੋਂ ਬਾਅਦ ਉਹ ਕਿੰਨੀ ਡਰੀ ਹੋਈ ਸੀ। ਉਸ ਦਾ ਕਹਿਣਾ ਹੈ ਕਿ ਉਸਦਾ 'ਚਿਹਰਾ ਸੁੱਜਿਆֹ' ਹੋਇਆ ਸੀ।
ਉਹ ਅੱਗੇ ਕਹਿੰਦੀ ਹੈ, "ਮੈਨੂੰ ਨਹੀਂ ਪਤਾ ਕਿ ਮੈਂ ਕੀ ਕੀਤਾ, ਮੈਂ ਇਹ ਕਿਵੇਂ ਕੀਤਾ, ਪਰ ਮੈਂ ਸਾਰੀ ਰਾਤ ਸੋਚਣ ਅਤੇ ਰੋਣ ਤੋਂ ਬਾਅਦ, ਸਵੇਰੇ ਛੇ ਵਜੇ ਪੁਲਿਸ ਨੂੰ ਬੁਲਾਇਆ।"
ਪੰਜ ਮਿੰਟ ਬਾਅਦ, ਸਾਰਾ ਨੇ ਅਧਿਕਾਰੀਆਂ ਨੂੰ ਦਰਵਾਜ਼ਾ ਖੜਕਾਉਂਦੇ ਸੁਣਿਆ।
ਉਸਨੂੰ ਯਾਦ ਹੈ ਕਿ ਇੱਕ ਆਦਮੀ ਉੱਪਰ ਆ ਕੇ ਉਸਦੇ ਬੈੱਡਰੂਮ ਵਿੱਚ ਇੱਕ ਕੋਨੇ ਵਿੱਚ ਝੁਕਿਆ ਹੋਇਆ ਸੀ।
ਸਾਰਾ ਕਹਿੰਦੀ ਹੈ, "ਜਦੋਂ ਉਹ ਆਇਆ ਅਤੇ ਮੈਨੂੰ ਦੇਖਿਆ, ਮੇਰਾ ਸਰੀਰ ਬਹੁਤ ਕੰਬ ਰਿਹਾ ਸੀ। ਮੈਨੂੰ ਠੰਢ ਲੱਗ ਰਹੀ ਸੀ, ਮੇਰੇ ਦਿਲ ਦੀ ਧੜਕਣ ਤੇਜ਼ ਸੀ, ਮੇਰਾ ਬਲੱਡ ਪ੍ਰੈਸ਼ਰ ਘੱਟ ਸੀ।"
ਪੁਲਿਸ ਨੇ ਸਾਰਾ ਨੂੰ ਉਸ ਘਰ ਤੋਂ ਬਾਹਰ ਕੱਢ ਲਿਆ ਅਤੇ ਦਸੰਬਰ 2022 ਵਿੱਚ ਉਸਨੂੰ ਲੀਡਜ਼ ਦੇ ਇੱਕ ਆਸਰਾ ਸਥਾਨ 'ਚ ਪਨਾਹ ਮਿਲੀ।
ਸਾਰਾ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਉਹ ਕਹਿੰਦੀ ਹੈ ਕਿ ਉਹ ਕੋਈ ਹੋਰ ਕਾਰਵਾਈ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਪਾਕਿਸਤਾਨ ਵਿੱਚ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਚਿੰਤਤ ਸੀ। ਉਸ 'ਤੇ ਕਿਸੇ ਵੀ ਅਪਰਾਧ ਦਾ ਇਲਜ਼ਾਮ ਨਹੀਂ ਲਗਾਇਆ ਗਿਆ ਸੀ।
ਅਖੀਰ ਪਿਛਲੇ ਸਾਲ ਜੁਲਾਈ ਵਿੱਚ ਸਾਰਾ ਨੇ ਆਪਣੇ ਦੁਰਵਿਵਹਾਰ ਕਰਨ ਵਾਲੇ ਪਤੀ ਨੂੰ ਤਲਾਕ ਦੇ ਦਿੱਤਾ।
ਉਹ ਕਹਿੰਦੀ ਹੈ ਕਿ ਉਹ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੀ ਸੀ, ਕਿਉਂਕਿ ਉੱਥੇ ਤਲਾਕਸ਼ੁਦਾ ਔਰਤਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਅਤੇ ਉਹ ਚਿੰਤਤ ਸੀ ਕਿ ਉਸਨੂੰ ਦੂਜਾ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਜਾਵੇਗਾ।
ਸਾਰਾ ਕਹਿੰਦੀ ਹੈ, "ਪਰਿਵਾਰ ਦੇ ਮੈਂਬਰਾਂ ਅਜਿਹਾ ਕਰਦੇ ਹਨ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਸਦਾ ਦੁਬਾਰਾ ਵਿਆਹ ਕਰਵਾਉਣਾ ਚਾਹੁਣਗੇ।"
ਉਹ ਹੁਣ ਯੂਕੇ ਵਿੱਚ ਸੈਟਲ ਹੋ ਗਈ ਹੈ, ਅੰਗਰੇਜ਼ੀ ਸਿੱਖ ਰਹੀ ਹੈ ਅਤੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਜਿਉਣਾ ਸ਼ੁਰੂ ਕਰ ਰਹੀ ਹੈ।
ਸਾਰਾ ਨੇ ਜ਼ਬਰਦਸਤੀ ਵਿਆਹ ਨੂੰ ਰੋਕਣ ਦੀ ਅਪੀਲ ਕੀਤੀ ਹੈ।
ਉਹ ਕਹਿੰਦੀ ਹੈ, "ਜ਼ਬਰਦਸਤੀ ਵਿਆਹ ਕਰਵਾ ਕੇ, ਤੁਸੀਂ ਕਿਸੇ ਹੋਰ ਵਿਅਕਤੀ ਦੀ ਜ਼ਿੰਦਗੀ ਬਰਬਾਦ ਕਰ ਰਹੇ ਹੋ।"
"ਇਹ ਨਹੀਂ ਕਿ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਮੁੰਡਿਆਂ ਦੀ ਵੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਸਾਨੂੰ ਪਹਿਲਾਂ ਇਸ ਬਾਰੇ ਸੋਚਣਾ ਚਾਹੀਦਾ ਹੈ, ਇਸਨੂੰ ਦੇਖਣਾ ਚਾਹੀਦਾ ਹੈ, ਇਸਨੂੰ ਸਮਝਣਾ ਚਾਹੀਦਾ ਹੈ।"
ਸਾਰਾ ਯੂਕੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਜ਼ਬਰਦਸਤੀ ਵਿਆਹ ਪੀੜਤਾਂ ਵਿੱਚੋਂ ਇੱਕ ਹੈ। ਵਰਤਮਾਨ ਵਿੱਚ ਪ੍ਰਭਾਵਿਤ ਲੋਕਾਂ ਦੀ ਗਿਣਤੀ ਦਾ ਪਤਾ ਲਾਉਣ ਲਈ ਕੋਈ ਭਰੋਸੇਯੋਗ ਅੰਕੜੇ ਨਹੀਂ ਹਨ।
ਇਸ ਪ੍ਰਕਿਰਿਆ ਨੂੰ ਬਦਲਣ ਲਈ ਗ੍ਰਹਿ ਦਫ਼ਤਰ ਨੇ ਕਿਹਾ ਹੈ ਕਿ ਉਹ ਸਨਮਾਨ-ਅਧਾਰਤ ਦੁਰਵਿਵਹਾਰ 'ਤੇ ਕਾਰਵਾਈ ਕਰਨ ਦੇ ਉਪਾਵਾਂ ਦੇ ਇੱਕ ਹਿੱਸੇ ਵਜੋਂ, ਇੱਕ ਪ੍ਰਚਲਨ ਅਧਿਐਨ ਸ਼ੁਰੂ ਕਰੇਗਾ ਜੋ ਇਹ ਦੇਖੇਗਾ ਕਿ ਜ਼ਬਰਦਸਤੀ ਵਿਆਹ ਕਿਸ ਪੱਧਰ ਉੱਤੇ ਹੋ ਰਹੇ ਹਨ।
ਇਹ ਵਿਭਾਗ ਨੌਟਿੰਘਮ ਯੂਨੀਵਰਸਿਟੀ ਅਤੇ ਬਰਮਿੰਘਮ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀ ਇੱਕ ਟੀਮ ਨਾਲ ਮਿਲ ਕੇ ਇੱਕ ਡੇਟਾ ਟੂਲ ਤਿਆਰ ਕਰ ਰਿਹਾ ਹੈ ਤਾਂ ਜੋ ਅਜਿਹਾ ਕੀਤਾ ਜਾ ਸਕੇ।
ਨਾਟਿੰਘਮ ਯੂਨੀਵਰਸਿਟੀ ਵਿੱਚ ਰਾਜਨੀਤਿਕ ਸਿਧਾਂਤ ਦੀ ਐਸੋਸੀਏਟ ਪ੍ਰੋਫੈਸਰ ਡਾਕਟਰ ਹੈਲਨ ਮੈਕਕੇਬ ਕਹਿੰਦੇ ਹਨ, "ਅਸੀਂ ਸਰਕਾਰ ਨੂੰ ਸਿਫ਼ਾਰਸ਼ ਕੀਤੀ ਸੀ ਕਿ ਉਨ੍ਹਾਂ ਨੂੰ ਕੁਝ ਨਵੇਂ ਡੇਟਾ ਦੀ ਲੋੜ ਹੈ।"

ਡਾਕਟਰ ਮੈਕਕੇਬ ਦਾ ਕਹਿਣਾ ਹੈ ਕਿ ਇਹ ਇੰਗਲੈਂਡ ਅਤੇ ਵੇਲਜ਼ ਵਿੱਚ ਆਪਣੀ ਕਿਸਮ ਦਾ ਪਹਿਲਾ ਅਧਿਐਨ ਹੋਵੇਗਾ ਅਤੇ ਇਹ ਸਥਾਪਿਤ ਕਰਨ ਵਿੱਚ ਮਦਦ ਕਰ ਸਕਦਾ ਹੈ ਕਿ ਕਿੰਨੇ ਲੋਕ ਪ੍ਰਭਾਵਿਤ ਹਨ, ਕੀ ਜ਼ਬਰਦਸਤੀ ਵਿਆਹ ਵਧ ਰਿਹਾ ਹੈ ਅਤੇ ਇਸਨੂੰ ਘਟਾਉਣ ਵਿੱਚ ਮਦਦ ਕਰਨ ਲਈ ਨੀਤੀ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ।
ਡਾਕਟਰ ਮੈਕਕੇਬ ਕਹਿੰਦੇ ਹਨ, "ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ, ਅਸੀਂ ਇਹ ਨਹੀਂ ਦੱਸ ਸਕਦੇ ਕਿ ਪੁਲਿਸ ਨੂੰ ਆਪਣਾ ਅਭਿਆਸ ਬਦਲਣਾ ਚਾਹੀਦਾ ਹੈ ਜਾਂ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਜਾਂ ਕੁਝ ਹੋਰ, ਬਿਨ੍ਹਾਂ ਕੁਝ ਮੁੱਢਲੇ ਡੇਟਾ ਦੇ ਕਿ ਕਿੰਨੇ ਲੋਕ ਸ਼ਾਮਲ ਹਨ।"
ਗ੍ਰਹਿ ਦਫ਼ਤਰ ਯੂਨੀਵਰਸਿਟੀਆਂ ਵੱਲੋਂ ਕੀਤੇ ਗਏ ਵਿਵਹਾਰਕਤਾ ਅਧਿਐਨ 'ਤੇ ਕੰਮ ਕਰਨ ਲਈ ਤਿਆਰ ਹੈ, ਤਾਂ ਜੋ ਇਹ ਜ਼ਬਰਦਸਤੀ ਵਿਆਹ ਅਤੇ ਔਰਤਾਂ ਦੇ ਜਣਨ ਅੰਗਾਂ ਨਾਲ ਹੋਣ ਵਾਲੇ ਅਪਰਾਧਾਂ ਨੂੰ ਮਾਪਣ ਲਈ ਇੱਕ ਟੂਲ ਦੀ ਜਾਂਚ ਅਤੇ ਵਿਕਾਸ ਕਰਕੇ।
ਇਸ ਦੇ ਮਾਰਚ ਤੱਕ ਮੁਕੰਮਲ ਹੋਣ ਦੀ ਆਸ ਹੈ ਅਤੇ ਇਸਦਾ ਮਕਸਦ ਸਰਕਾਰ ਨੂੰ ਸਮੱਸਿਆ ਦੇ ਪੈਮਾਨੇ ਨੂੰ ਸਮਝਣ ਅਤੇ ਲੋੜੀਂਦੇ ਸਰੋਤਾਂ ਦੀ ਪਛਾਣ ਕਰਨ ਵਿੱਚ ਮਦਦ ਕਰਨਾ ਹੈ।
ਔਰਤਾਂ ਅਤੇ ਕੁੜੀਆਂ ਵਿਰੁੱਧ ਸੁਰੱਖਿਆ ਅਤੇ ਹਿੰਸਾ ਬਾਰੇ ਮੰਤਰੀ ਜੈਸ ਫਿਲਿਪਸ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਸਰਕਾਰ ਇਸ ਦੁਰਵਿਵਹਾਰ ਨਾਲ ਨਜਿੱਠਣ ਲਈ ਕਾਨੂੰਨਾਂ ਅਤੇ ਹੋਰ ਉਪਾਵਾਂ ਵਿੱਚ ਬਦਲਾਅ ਲਿਆ ਰਹੀ ਹੈ ਅਤੇ ਫਰੰਟ-ਲਾਈਨ ਸਟਾਫ਼ ਲਈ ਇੱਕ ਸਪੱਸ਼ਟ ਦਿਸ਼ਾ-ਨਿਰਦੇਸ਼ ਨਿਰਧਾਰਤ ਕਰ ਰਹੀ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਅਪਰਾਧਾਂ ਨਾਲ ਉਸ ਗੰਭੀਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ ਜਿਸਦੇ ਉਹ ਹੱਕਦਾਰ ਹਨ।"
"ਇਹ ਅਪਰਾਧ ਕਰਨ ਵਾਲਿਆਂ ਨੂੰ ਮੇਰਾ ਸੁਨੇਹਾ ਸਪੱਸ਼ਟ ਤੇ ਸਿੱਧਾ ਹੈ, ਅਸੀਂ ਤੁਹਾਨੂੰ ਨਿਆਂ ਦੇ ਕਟਹਿਰੇ ਵਿੱਚ ਖੜਾ ਕਰਾਂਗੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












