ਭਾਰਤ ਦਾ 'ਮਿੰਨੀ ਇਜ਼ਰਾਇਲ', ਜਿੱਥੇ ਰੈਸਟੋਰੈਂਟਾਂ 'ਚ 'ਮੈਨਿਊ ਵੀ ਹਿਬਰੂ ਭਾਸ਼ਾ' 'ਚ ਮਿਲਦਾ, ਪਰ ਜੰਗ ਕਾਰਨ ਹੁਣ ਦੇਸ਼ ਮੁੜਨ ਲਈ ਕਾਹਲੇ ਹਨ ਇਹ ਲੋਕ

ਤਸਵੀਰ ਸਰੋਤ, Arvind Sharma
- ਲੇਖਕ, ਸੌਰਭ ਚੌਹਾਨ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 7 ਮਿੰਟ
ਹਿਮਾਚਲ ਪ੍ਰਦੇਸ਼ ਦੇ ਦੋ ਸੈਲਾਨੀ ਸਥਲਾਂ 'ਚ ਇਸ ਵੇਲੇ ਅਜੀਬ ਕਿਸਮ ਦੀ ਚੁੱਪ ਪਸਰੀ ਹੈ।
ਧਰਮਸ਼ਾਲਾ ਨੇੜੇ ਮੌਜੂਦ 'ਮਿੰਨੀ ਇਜ਼ਰਾਇਲ' ਕਹੇ ਜਾਣ ਵਾਲੇ ਧਰਮਕੋਟ ਅਤੇ ਕੁੱਲੂ ਦੀ ਪਾਰਵਤੀ ਵੈਲੀ ਵਿੱਚ ਸਥਿਤ ਕਸੋਲ 'ਚ ਦਹਾਕਿਆਂ ਤੋਂ ਇਜ਼ਰਾਇਲੀ ਸੈਲਾਨੀਆਂ ਦੀ ਚਹਿਲ-ਪਹਿਲ ਰਹਿੰਦੀ ਸੀ।
ਹੁਣ ਇਹ ਦੋਵੇਂ ਕਸਬੇ ਲਗਭਗ ਸੁੰਨੇ ਪਏ ਹਨ।
ਨਾ ਸਿਰਫ਼ ਇੱਥੇ ਰੁਕੇ ਇਜ਼ਰਾਇਲੀ ਸੈਲਾਨੀ ਘਰ ਦੀ ਚਿੰਤਾ ਵਿੱਚ ਡੁੱਬੇ ਹਨ, ਸਗੋਂ ਇਸ ਸੰਘਰਸ਼ ਕਾਰਨ ਸਥਾਨਕ ਟੂਰਿਜ਼ਮ ਕਾਰੋਬਾਰ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ।
28 ਫ਼ਰਵਰੀ 2026 ਤੋਂ ਸ਼ੁਰੂ ਹੋਏ ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਾਲੇ ਜੰਗ ਦਾ ਅਸਰ ਹਿਮਾਚਲ ਦੇ ਇਨ੍ਹਾਂ ਦੋ ਕਸਬਿਆਂ 'ਤੇ ਸਾਫ਼ ਨਜ਼ਰ ਆ ਰਿਹਾ ਹੈ।
ਇਜ਼ਰਾਇਲ ਅਤੇ ਅਮਰੀਕਾ ਦੀ ਸਾਂਝੀ ਕਾਰਵਾਈ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਸਣੇ ਕਈ ਸੀਨੀਅਰ ਲੀਡਰ ਮਾਰੇ ਗਏ ਹਨ। ਇਸ ਦੇ ਜਵਾਬ ਵਿੱਚ ਈਰਾਨ ਨੇ ਇਜ਼ਰਾਇਲ, ਖਾੜੀ ਮੁਲਕਾਂ ਅਤੇ ਉੱਥੇ ਮੌਜੂਦ ਅਮਰੀਕੀ ਟਿਕਾਣਿਆਂ 'ਤੇ ਕਈ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਤੋਂ ਬਿਨਾਂ ਕਿਸੇ ਸ਼ਰਤ ਸਰੰਡਰ ਦੀ ਮੰਗ ਕੀਤੀ ਹੈ। ਦੋਹਾਂ ਪੱਖਾਂ ਦੇ ਹਮਲਿਆਂ ਅਤੇ ਖੇਤਰੀ ਤਣਾਅ ਕਾਰਨ ਕਈ ਉਡਾਣਾਂ ਰੱਦ ਹੋ ਗਈਆਂ ਹਨ।
ਇਸ ਵਜ੍ਹਾ ਕਾਰਨ ਹਜ਼ਾਰਾਂ ਯਾਤਰੀ ਫਸੇ ਹੋਏ ਹਨ। ਇਸ ਦਾ ਅਸਰ ਇਜ਼ਰਾਇਲ ਤੋਂ ਭਾਰਤ ਆਉਣ-ਜਾਣ ਵਾਲੀਆਂ ਯਾਤਰਾਵਾਂ 'ਤੇ ਵੀ ਪਿਆ ਹੈ।
ਭਾਰਤ ਦੇ 'ਮਿੰਨੀ ਇਜ਼ਰਾਇਲ' ਵਿੱਚ ਕੀ ਹਨ ਹਾਲਾਤ ?

ਤਸਵੀਰ ਸਰੋਤ, Arvind Sharma
ਹਿਮਾਚਲ ਵਿੱਚ ਮਨਾਲੀ ਦੇ ਨੇੜੇ ਕਸੋਲ ਕਸਬੇ ਵਿੱਚ ਦਾਖਲ ਹੁੰਦਿਆਂ ਹੀ ਤੁਹਾਨੂੰ ਤੰਬੂਆਂ ਦੀਆਂ ਲਾਈਨਾਂ ਅਤੇ ਉਨ੍ਹਾਂ ਸਾਹਮਣੇ ਖੜ੍ਹੀਆਂ ਮੋਟਰਸਾਈਕਲਾਂ ਨਜ਼ਰ ਆਉਂਦੀਆਂ ਹਨ।
ਇੱਥੇ ਦੇ ਰੈਸਟੋਰੈਂਟਾਂ ਵਿੱਚ ਮੈਨਿਊ ਹਿਬਰੂ ਭਾਸ਼ਾ ਵਿੱਚ ਮਿਲਦਾ ਹੈ। ਆਮ ਦਿਨਾਂ ਵਿੱਚ ਨਮਸਕਾਰ ਦੀ ਥਾਂ ਤੁਹਾਨੂੰ "ਸ਼ਲੋਮ" ਸੁਣਨ ਨੂੰ ਮਿਲਦਾ ਹੈ ਅਤੇ ਇਧਰ-ਉਧਰ ਘੁੰਮਦੇ ਹੋਏ ਕਈ ਇਜ਼ਰਾਇਲੀਆਂ ਨਾਲ ਤੁਹਾਡਾ ਸਾਹਮਣਾ ਹੋ ਜਾਂਦਾ ਹੈ।
ਇਸੇ ਕਰਕੇ ਇਸ ਇਲਾਕੇ ਨੂੰ 'ਮਿੰਨੀ ਇਜ਼ਰਾਇਲ' ਕਿਹਾ ਜਾਂਦਾ ਹੈ। ਇੱਥੇ ਸ਼ਾਮ ਦੀ ਹਵਾ ਵਿੱਚ ਤਿੱਬਤੀ ਝੰਡੇ ਅਤੇ 'ਸਟਾਰ ਆਫ਼ ਡੇਵਿਡ' ਵਾਲੇ ਇਜ਼ਰਾਇਲੀ ਝੰਡੇ ਵੀ ਲਹਿਰਾਉਂਦੇ ਦਿਖਾਈ ਦਿੰਦੇ ਹਨ।
ਅੱਗੇ ਜਾਣ 'ਤੇ ਤੁਹਾਨੂੰ ਖਬਾਦ ਹਾਊਸ ਵੀ ਦਿਖਾਈ ਦਿੰਦਾ ਹੈ, ਜੋ ਯਹੂਦੀਆਂ ਦਾ ਇੱਕ ਸੱਭਿਆਚਾਰਕ ਅਤੇ ਧਾਰਮਿਕ ਕੇਂਦਰ ਹੈ।
ਧਰਮਕੋਟ ਅਤੇ ਕਸੋਲ ਵਿੱਚ ਰੁਕੇ ਇਜ਼ਰਾਇਲੀ ਸੈਲਾਨੀ, ਜੋ ਆਪਣੇ ਮੁਲਕ 'ਚ ਲਾਜ਼ਮੀ ਫੌਜੀ ਸੇਵਾ ਪੂਰੀ ਕਰਨ ਤੋਂ ਬਾਅਦ ਲੰਬੇ ਸਮੇਂ ਤੱਕ ਇੱਥੇ ਰਹਿੰਦੇ ਹਨ, ਹੁਣ ਘਰ ਵਾਪਸ ਜਾਣ ਦੀ ਕੋਸ਼ਿਸ਼ 'ਚ ਜੁਟੇ ਹਨ।
ਵੱਡੀ ਗਿਣਤੀ 'ਚ ਉਡਾਣਾਂ ਰੱਦ ਹੋਣ, ਏਅਰ ਇੰਡੀਆ ਦੀ ਦਿੱਲੀ- ਤੇਲ ਅਵੀਵ ਸਿੱਧੀ ਉਡਾਣ ਬੰਦ ਹੋਣ ਅਤੇ ਦੁਬਈ ਵਰਗੇ ਟ੍ਰਾਂਜ਼ਿਟ ਹੱਬ ਦੀ ਅਨਿਸ਼ਚਿਤਤਾ ਕਾਰਨ ਸਥਿਤੀ ਹੋਰ ਜਟਿਲ ਹੋ ਗਈ ਹੈ।
ਧਰਮਕੋਟ 'ਚ ਰੁਕੀ ਇੱਕ ਇਜ਼ਰਾਇਲੀ ਸੈਲਾਨੀ ਮਾਇਆ ਨੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ,
"ਮੇਰੇ ਮਾਤਾ ਇਜ਼ਰਾਇਲ 'ਚ ਹਨ ਅਤੇ ਉਹ ਦੱਸਦੇ ਹਨ ਕਿ ਵਾਰ-ਵਾਰ ਬੰਬ ਅਲਰਟ ਆਉਂਦੇ ਹਨ। ਲੋਕਾਂ ਨੂੰ ਸ਼ੈਲਟਰਾਂ 'ਚ ਭੱਜਣਾ ਪੈਂਦਾ ਹੈ। ਇੱਥੋਂ ਕਈ ਲੋਕ ਜਲਦੀ ਘਰ ਵਾਪਸ ਜਾਣਾ ਚਾਹੁੰਦੇ ਹਨ ਪਰ ਉਡਾਣਾਂ ਸੀਮਿਤ ਹਨ ਜਾਂ ਰੱਦ ਹੋ ਰਹੀਆਂ ਹਨ। ਮਹਿੰਗੀਆਂ ਟਿਕਟਾਂ ਵੀ ਇਕ ਵੱਡੀ ਸਮੱਸਿਆ ਬਣ ਗਈ ਹੈ।"
ਇਸੇ ਤਰ੍ਹਾਂ ਨੋਆਮ, ਜੋ ਦੋਸਤਾਂ ਨਾਲ ਇੱਕ ਮਹੀਨੇ ਲਈ ਇੱਥੇ ਆਏ ਸਨ, ਕਹਿੰਦੇ ਹਨ,
"ਦੋ-ਤਿੰਨ ਦਿਨਾਂ ਵਿੱਚ ਮੈਂ ਵੀ ਵਾਪਸ ਮੁੜ ਜਾਵਾਂਗਾ। ਇਜ਼ਰਾਇਲ 'ਚ ਹਾਲਾਤ ਤਣਾਅਪੂਰਨ ਹਨ। ਇੱਥੇ ਰਹਿ ਕੇ ਖ਼ਬਰਾਂ ਤੋਂ ਸਹੀ ਸਥਿਤੀ ਸਮਝ ਨਹੀਂ ਆਉਂਦੀ, ਜਿਸ ਕਾਰਨ ਚਿੰਤਾ ਹੋਰ ਵੱਧ ਜਾਂਦੀ ਹੈ।"
ਇਕ ਹੋਰ ਸੈਲਾਨੀ ਸ਼ਿਰਾ, ਜੋ ਯਹੂਦੀ ਤਿਉਹਾਰ ਪੂਰੀਮ ਮਨਾਉਣ ਅਤੇ ਹੋਲੀ ਦੇਖਣ ਆਏ ਸਨ, ਦੱਸਦੇ ਹਨ,
"ਸਥਾਨਕ ਲੋਕ ਸਾਨੂੰ ਬਹੁਤ ਹੌਸਲਾ ਦੇ ਰਹੇ ਹਨ ਪਰ ਘਰ ਦੀ ਚਿੰਤਾ ਸੁਭਾਵਿਕ ਹੈ। ਮੇਰੇ ਕੁਝ ਜਾਣਕਾਰ ਜੰਗ ਦੇ ਮੋਰਚੇ 'ਤੇ ਹਨ।"
ਇੱਕ ਹੋਰ ਇਜ਼ਰਾਇਲੀ ਮਹਿਲਾ ਸੈਲਾਨੀ, ਵਿਲਾ, ਕਰੀਬ 10 ਦਿਨਾਂ ਤੋਂ ਵਾਪਸ ਜਾਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਸਫ਼ਲਤਾ ਹਾਸਲ ਨਹੀਂ ਹੋਈ।
ਟੂਰਿਜ਼ਮ ਕਾਰੋਬਾਰ 'ਤੇ ਅਸਰ ਹੋਰ ਵੀ ਡੂੰਘਾ ਹੈ। ਕਸੋਲ ਅਤੇ ਆਸ-ਪਾਸ ਦੇ ਪਿੰਡ ਜਿਵੇਂ ਕਲਗਾ, ਪੁਲਗਾ ਅਤੇ ਤੋਸ਼ ਵਿੱਚ ਹਰ ਸਾਲ ਅੰਦਾਜ਼ਨ 10 ਹਜ਼ਾਰ ਸੈਲਾਨੀ ਆਉਂਦੇ ਸਨ। ਇਹ ਸਥਾਨਕ ਅਰਥਚਾਰੇ ਦਾ ਇੱਕ ਵੱਡਾ ਆਧਾਰ ਬਣਦੇ ਸਨ। ਧਰਮਕੋਟ 'ਚ ਹਿਬਰੂ ਮੈਨਿਊ ਵਾਲੇ ਕੈਫੇ, ਹੋਮਸਟੇਅ ਅਤੇ ਟ੍ਰੈਕਿੰਗ ਰੂਟਸ ਦੀ ਰੌਣਕ ਉਨ੍ਹਾਂ ਦੀ ਮੌਜੂਦਗੀ ਨਾਲ ਹੀ ਸੀ।
ਮੱਧ-ਪੂਰਬ ਦੇ ਹਾਲਾਤ ਕਾਰਨ ਚਿੰਤਾ

ਤਸਵੀਰ ਸਰੋਤ, Arvind Sharma
ਟੂਰਿਜ਼ਮ ਵਿਭਾਗ ਦੇ ਅੰਕੜਿਆਂ ਮੁਤਾਬਕ 2025 'ਚ ਧਰਮਸ਼ਾਲਾ 'ਚ ਕਰੀਬ 30 ਹਜ਼ਾਰ ਵਿਦੇਸ਼ੀ ਸੈਲਾਨੀ ਆਏ ਸਨ। ਇਹ ਕੋਵਿਡ ਤੋਂ ਬਾਅਦ ਸਭ ਤੋਂ ਵੱਡੀ ਗਿਣਤੀ ਸੀ। ਵਿਭਾਗ ਮੁਤਾਬਕ ਇਨ੍ਹਾਂ ਚੋਂ ਇਜ਼ਰਾਇਲੀ ਸੈਲਾਨੀਆਂ ਦਾ ਹਿੱਸਾ ਕਈ ਥਾਂਵਾਂ 'ਤੇ 70 ਤੋਂ 80 ਫੀਸਦ ਤੱਕ ਦੱਸਿਆ ਜਾਂਦਾ ਹੈ ਪਰ ਸਾਲ 2026 ਵਿੱਚ ਇਹ ਗਿਣਤੀ ਕਾਫੀ ਘੱਟ ਰਹਿਣ ਦਾ ਖਦਸ਼ਾ ਹੈ।
ਫਰਵਰੀ ਤੋਂ ਜੂਨ ਵਿਚਾਲੇ ਆਮ ਤੌਰ 'ਤੇ ਐਡਵਾਂਸ ਬੁਕਿੰਗ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਪਹਿਲਾਂ ਤੋਂ ਆਏ ਕੁਝ ਸੈਲਾਨੀਆਂ ਨੇ ਵੀ ਆਪਣੀ ਯਾਤਰਾ ਦੀ ਮਿਆਦ ਘਟਾ ਦਿੱਤੀ ਹੈ।
ਧਰਮਸ਼ਾਲਾ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਭਾਂਬਾ ਕਹਿੰਦੇ ਹਨ, "ਵਿਦੇਸ਼ੀ ਸੈਲਾਨੀਆਂ ਵਿੱਚ ਇਜ਼ਰਾਇਲੀ ਸਭ ਤੋਂ ਵੱਡਾ ਹਿੱਸਾ ਹਨ। ਸਰਦੀਆਂ 'ਚ ਧਾਰਮਿਕ ਸੈਲਾਨੀ ਆਉਂਦੇ ਹਨ ਪਰ ਗਰਮੀਆਂ 'ਚ ਐਡਵੇਂਚਰ ਟੂਰਿਜ਼ਮ ਜ਼ਿਆਦਾ ਹੁੰਦਾ ਹੈ। ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਬੁਕਿੰਗ ਰੱਦ ਹੋ ਰਹੀਆਂ ਹਨ। ਮਾਨਸੂਨ 'ਚ ਆਈ ਆਫ਼ਤ ਤੋਂ ਬਾਅਦ ਅਸੀਂ ਚੰਗੇ ਸੀਜ਼ਨ ਦੀ ਉਮੀਦ ਕਰ ਰਹੇ ਸੀ ਪਰ ਹੁਣ ਸਿਆਸੀ ਸਥਿਤੀ ਵਿਗੜਨ ਕਾਰਨ ਕੌਮਾਂਤਰੀ ਸੈਲਾਨੀ ਲੰਬੀਆਂ ਛੁੱਟੀਆਂ ਨਹੀਂ ਲੈਣਾ ਚਾਹੁੰਣਗੇ।"
ਮਨਾਲੀ ਦੀ ਹੋਟਲ ਕਾਰੋਬਾਰੀ ਵਿਸ਼ਾ ਚੌਹਾਨ ਦੱਸਦੇ ਹਨ ਕਿ ਨਾ ਸਿਰਫ਼ ਇਜ਼ਰਾਇਲੀ ਬਲਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀ ਵੀ ਪ੍ਰਭਾਵਿਤ ਹੋਏ ਹਨ।
ਉਹ ਦੱਸਦੇ ਹਨ, "ਸਾਡੇ ਇੱਥੇ 15 ਤੋਂ 20 ਲੋਕਾਂ ਦੇ ਦੋ ਵੱਡੇ ਇਜ਼ਰਾਇਲੀ ਗਰੁੱਪ ਦੀ ਬੁਕਿੰਗ ਜੰਗ ਸ਼ੁਰੂ ਹੁੰਦਿਆਂ ਹੀ ਰੱਦ ਹੋ ਗਈ। ਜ਼ਿਆਦਾਤਰ ਇਜ਼ਰਾਇਲੀ ਹੁਣ ਇੱਥੇ ਨਹੀਂ ਹਨ। ਜੇਕਰ ਜੰਗ ਲੰਬੀ ਚੱਲੀ ਤਾਂ ਆਉਣ ਵਾਲੇ ਟੂਰਿਜ਼ਮ ਸੀਜ਼ਨ 'ਚ ਵੱਡਾ ਨੁਕਸਾਨ ਹੋਵੇਗਾ।"

ਤਸਵੀਰ ਸਰੋਤ, Arvind Sharma
ਟੂਰ ਆਰਗੇਨਾਈਜ਼ਰ ਪ੍ਰੇਮ ਸਾਗਰ, ਜੋ ਧਰਮਕੋਟ 'ਚ ਹੋਮਸਟੇਅ ਵੀ ਚਲਾਉਂਦੇ ਹਨ, ਕਹਿੰਦੇ ਹਨ, "ਇਹ ਪਹਿਲੀ ਵਾਰ ਨਹੀਂ ਹੈ। ਸਾਲ 2023-24 ਦੀ ਗਾਜ਼ਾ ਜੰਗ ਅਤੇ 2025 ਦੇ ਜੂਨ ਸੰਘਰਸ਼ 'ਚ ਵੀ ਇਸੇ ਤਰ੍ਹਾਂ ਨੁਕਸਾਨ ਹੋਇਆ ਸੀ। ਹੁਣ ਮੱਧ-ਪੂਰਬ ਅਤੇ ਯੂਰਪ ਦੇ ਸੈਲਾਨੀ ਅਲਰਟ ਹਨ। ਏਅਰਪੋਰਟ 'ਤੇ ਫਸੇ ਮੁਸਾਫ਼ਰਾਂ ਦੀਆਂ ਤਸਵੀਰਾਂ ਦੇਖ ਲੋਕ ਯਾਤਰਾ ਟਾਲ ਰਹੇ ਹਨ।"
ਸਥਾਨਕ ਵਾਸੀ ਸੁਧਾ ਕਪੂਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਇੱਕ ਛੋਟਾ ਜਿਹਾ ਮਕਾਨ ਹੈ ਅਤੇ ਹੋਮਸਟੇਅ ਲਈ ਦੋ ਕਮਰੇ ਉਪਲਬਧ ਹਨ।
ਉਹ ਕਹਿੰਦੇ ਹਨ, "ਇਸ ਹੋਮਸਟੇਅ ਨਾਲ ਸਾਡਾ ਘਰ ਚੱਲਦਾ ਹੈ ਪਰ ਇਸ ਵਾਰ ਹੁਣ ਤੱਕ ਕੋਈ ਬੁਕਿੰਗ ਨਹੀਂ ਆਈ ਹੈ। ਇਹ ਇਲਾਕਾ ਇਜ਼ਰਾਇਲੀ ਸੈਲਾਨੀਆਂ ਦੀਆਂ ਪਸੰਦੀਦਾ ਥਾਂਵਾਂ ਚੋਂ ਇੱਕ ਹੈ, ਇਸ ਲਈ ਇੱਥੋਂ ਦਾ ਕਾਰੋਬਾਰ ਕਾਫੀ ਹੱਦ ਤੱਕ ਉਨ੍ਹਾਂ 'ਤੇ ਹੀ ਨਿਰਭਰ ਕਰਦਾ ਹੈ ਪਰ ਇਸ ਵਾਰ ਲੱਗ ਰਿਹਾ ਹੈ ਕਿ ਟੂਰਿਸਟ ਸੀਜ਼ਨ ਚੰਗਾ ਨਹੀਂ ਰਹੇਗਾ। ਜੰਗ ਕਾਰਨ ਜੋ ਨੁਕਸਾਨ ਉੱਥੇ ਹੋ ਰਿਹਾ ਹੈ, ਉਸਦਾ ਅਸਰ ਇੱਥੇ ਵੀ ਦੇਖਣ ਨੂੰ ਮਿਲ ਰਿਹਾ ਹੈ।"
ਟੂਰਿਜ਼ਮ ਕਾਰੋਬਾਰੀ ਵਿਵੇਕ ਸੂਦ ਮੁਤਾਬਿਕ ਮੌਜੂਦਾ ਹਾਲਾਤ ਚਿੰਤਾਜਨਕ ਹਨ। ਉਹ ਕਹਿੰਦੇ ਹਨ, "ਆਮ ਦਿਨਾਂ ਵਿੱਚ ਦਿੱਲੀ ਤੋਂ ਤੇਲ ਅਵੀਵ ਦੀ ਇਕੋਨੋਮੀ ਕਲਾਸ ਦਾ ਇੱਕ ਪਾਸੇ ਦਾ ਕਿਰਾਇਆ 20 ਹਜ਼ਾਰ ਤੋਂ 50 ਹਜ਼ਾਰ ਵਿਚਾਲੇ ਰਹਿੰਦਾ ਹੈ ਪਰ ਮਾਰਚ 2026 'ਚ ਜੰਗ ਕਾਰਨ ਉਡਾਣਾਂ ਮੁਲਤਵੀ ਹੋਣ, ਏਅਰਸਪੇਸ ਬੰਦ ਹੋਣ ਅਤੇ ਰੂਟ ਬਦਲਣ ਕਾਰਨ ਕਿਰਾਏ 'ਚ ਭਾਰੀ ਉਛਾਲ ਆਇਆ ਹੈ। ਹੁਣ ਇਕਤਰਫਾ ਕਿਰਾਇਆ ਇੱਕ ਲੱਖ ਤੋਂ ਡੇਢ ਲੱਖ ਰੁਪਏ ਤੱਕ ਪਹੁੰਚ ਗਿਆ ਹੈ।"
ਹੋਰਨਾਂ ਮੁਲਕਾਂ ਦੇ ਸੈਲਾਨੀਆਂ 'ਤੇ ਵੀ ਅਸਰ
ਜੰਗ ਦਾ ਅਸਰ ਸਿਰਫ਼ ਇਜ਼ਰਾਇਲੀ ਸੈਲਾਨੀਆਂ ਤੱਕ ਸੀਮਿਤ ਨਹੀਂ ਹੈ। ਇਸ ਦਾ ਅਸਰ ਯੂਰਪ, ਅਮਰੀਕਾ ਅਤੇ ਏਸ਼ੀਆ ਤੋਂ ਆਉਣ ਵਾਲੇ ਸੈਲਾਨੀਆਂ 'ਤੇ ਵੀ ਪੈ ਰਿਹਾ ਹੈ।
ਟੂਰ ਗਾਈਡ ਵਿਕਰਮ ਕਪੂਰ ਦਾ ਕਹਿਣਾ ਹੈ ਕਿ ਧਰਮਸ਼ਾਲਾ 'ਚ ਦਲਾਈ ਲਾਮਾ ਦੇ ਦਰਸ਼ਨ ਲਈ ਆਉਣ ਵਾਲੇ ਕੁਝ ਸੈਲਾਨੀ ਵੀ ਆਪਣੀ ਯਾਤਰਾ ਰੱਦ ਕਰ ਰਹੇ ਹਨ।
ਹਿਮਾਚਲ ਦੀ ਟੂਰਿਜ਼ਮ ਅਰਥਵਿਵਸਥਾ ਸੂਬੇ ਦੀ ਜੀਡੀਪੀ 'ਚ ਕਰੀਬ 7 ਤੋਂ 8 ਫੀਸਦ ਯੋਗਦਾਨ ਪਾਉਂਦੀ ਹੈ। ਮਸ਼ਰੂਫੀਅਤ ਵਾਲੇ ਗਰਮੀ ਦੇ ਸੀਜ਼ਨ (ਮਈ ਤੋਂ ਅਗਸਤ) ਤੋਂ ਪਹਿਲਾਂ ਹੀ ਇਹ ਇਲਾਕਾ ਇਸ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਜੇਕਰ ਜੰਗ ਜਲਦ ਖ਼ਤਮ ਨਾ ਹੋਈ ਤਾਂ ਸਥਾਨਕ ਹੋਟਲ, ਕੈਫੇ, ਹੋਮਸਟੇਅ ਅਤੇ ਛੋਟੇ ਕਾਰੋਬਾਰੀਆਂ ਲਈ ਇਹ ਵੱਡਾ ਝਟਕਾ ਸਾਬਿਤ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)





























