ਜੰਗ ਦੇ ਕਿਹੜੇ ਵੀਡੀਓਜ਼ ਤੇ ਤਸਵੀਰਾਂ ਨਕਲੀ ਹਨ? ਏਆਈ ਨਾਲ ਬਣੇ ਵੀਡੀਓਜ਼ ਨੂੰ ਕਰੋੜਾਂ ਵਾਰ ਦੇਖਿਆ ਗਿਆ ਜਿਨ੍ਹਾਂ ਤੋਂ ਪੈਸੇ ਕਮਾਏ ਗਏ

- ਲੇਖਕ, ਥੌਮਸ ਕੋਪਲੈਂਡ
- ਰੋਲ, ਬੀਬੀਸੀ ਵੈਰੀਫਾਈ
- ਪੜ੍ਹਨ ਦਾ ਸਮਾਂ: 7 ਮਿੰਟ
ਇੰਟਰਨੈੱਟ 'ਤੇ ਈਰਾਨ ਨਾਲ ਅਮਰੀਕਾ ਤੇ ਇਜ਼ਰਾਈਲ ਦੀ ਜੰਗ ਬਾਰੇ ਬਹੁਤ ਸਾਰੇ ਵੀਡੀਓ ਦੇਖਣ ਨੂੰ ਮਿਲ ਰਹੇ ਹਨ ਪਰ ਇਹ ਸਾਰੇ ਅਸਲੀ ਨਹੀਂ ਹਨ।
ਮਾਹਿਰਾਂ ਨੇ ਬੀਬੀਸੀ ਵੈਰੀਫਾਈ ਨੂੰ ਦੱਸਿਆ ਹੈ ਕਿ ਈਰਾਨ ਨਾਲ ਅਮਰੀਕਾ-ਇਜ਼ਰਾਈਲ ਜੰਗ ਬਾਰੇ ਏਆਈ ਨਾਲ ਬਣੀ ਗਲਤ ਜਾਣਕਾਰੀ ਦੀ ਇੱਕ ਅਜਿਹੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਜੋ ਪਹਿਲਾਂ ਕਦੇ ਨਹੀਂ ਦੇਖੀ ਗਈ।
ਮਾਹਿਰਾਂ ਮੁਤਬਕ, ਆਨਲਾਈਨ ਕ੍ਰੀਏਟਰਜ਼ ਦੀ ਜੈਨੇਰੇਟਿਵ ਏਆਈ ਟੈਕਨੋਲੋਜੀ ਤੱਕ ਵਧਦੀ ਪਹੁੰਚ ਕਾਰਨ ਅਜਿਹਾ ਹੋ ਰਿਹਾ ਹੈ ਅਤੇ ਉਹ ਇਸ ਕੰਟੈਂਟ ਨੂੰ ਮੋਨਿਟਾਈਜ਼ ਵੀ ਕਰ ਰਹੇ ਹਨ।
ਸਾਡੇ ਵਿਸ਼ਲੇਸ਼ਣ ਵਿੱਚ ਅਜਿਹੇ ਕਈ ਉਦਾਹਰਣ ਮਿਲੇ ਹਨ ਜਿਨ੍ਹਾਂ ਵਿੱਚ ਏਆਈ ਨਾਲ ਬਣੇ ਵੀਡੀਓ ਅਤੇ ਬਣਾਉਟੀ ਸੈਟੇਲਾਈਟ ਇਮੇਜਰੀ ਦਾ ਇਸਤੇਮਾਲ ਕਰਕੇ ਜੰਗ ਬਾਰੇ ਝੂਠੇ ਅਤੇ ਗੁੰਮਰਾਹ ਕਰਨ ਵਾਲੇ ਦਾਅਵੇ ਕੀਤੇ ਜਾ ਰਹੇ ਹਨ। ਅਜਿਹੇ ਕੰਟੈਂਟ ਨੂੰ ਕੁੱਲ ਮਿਲਾ ਕੇ ਕਰੋੜਾਂ ਵਿਊਜ਼ ਮਿਲੇ ਹਨ।
ਕਵੀਨਜ਼ਲੈਂਡ ਯੂਨੀਵਰਸਿਟੀ ਆਫ਼ ਟੈਕਨੋਲੋਜੀ ਦੇ ਡਿਜ਼ਿਟਲ ਮੀਡੀਆ ਮਾਹਿਰ ਟਿਮੋਥੀ ਗ੍ਰਾਹਮ ਕਹਿੰਦੇ ਹਨ, "ਇਹ ਪੈਮਾਨਾ (ਸਕੇਲ) ਵਾਕਈ ਚਿੰਤਾਜਨਕ ਹੈ ਅਤੇ ਹੁਣ ਇਸ ਜੰਗ ਨੇ ਇਸਨੂੰ ਅਣਗੋਲਿਆਂ ਕਰਨਾ ਨਾਮੁਮਕਿਨ ਬਣਾ ਦਿੱਤਾ ਹੈ।"
ਉਹ ਕਹਿੰਦੇ ਹਨ, "ਜਿਸ ਕੰਮ ਲਈ ਪਹਿਲਾਂ ਪ੍ਰੋਫੈਸ਼ਨਲ ਵੀਡੀਓ ਪ੍ਰੋਡਕਸ਼ਨ ਦੀ ਲੋੜ ਹੁੰਦੀ ਸੀ, ਉਹ ਹੁਣ ਏਆਈ ਟੂਲਜ਼ ਨਾਲ ਮਿੰਟਾਂ ਵਿੱਚ ਕੀਤਾ ਜਾ ਸਕਦਾ ਹੈ। ਜੰਗ ਨਾਲ ਜੁੜੇ ਨਕਲੀ ਪਰ ਭਰੋਸੇਯੋਗ ਫੁਟੇਜ ਬਣਾਉਣ 'ਚ ਹੁਣ ਲਗਭਗ ਕੋਈ ਰੁਕਾਵਟ ਨਹੀਂ ਹੈ।''
ਅਮਰੀਕਾ ਅਤੇ ਇਜ਼ਰਾਈਲ ਨੇ 28 ਫ਼ਰਵਰੀ ਨੂੰ ਈਰਾਨ 'ਤੇ ਹਮਲੇ ਸ਼ੁਰੂ ਕੀਤੇ ਸਨ। ਇਨ੍ਹਾਂ ਹਮਲਿਆਂ ਦੇ ਜਵਾਬ ਵਿੱਚ ਈਰਾਨ ਨੇ ਇਜ਼ਰਾਈਲ ਦੇ ਨਾਲ-ਨਾਲ ਕਈ ਖਾੜੀ ਦੇਸ਼ਾਂ ਅਤੇ ਇਲਾਕੇ ਵਿੱਚ ਯੂਐਸ ਫੌਜੀ ਟਿਕਾਣਿਆਂ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਹਨ।
ਕਈ ਲੋਕ ਤਾਜ਼ਾ ਜਾਣਕਾਰੀ ਪ੍ਰਾਪਤ ਕਰਨ ਅਤੇ ਸ਼ੇਅਰ ਕਰਨ ਲਈ ਤੇ ਤੇਜ਼ੀ ਨਾਲ ਬਦਲਦੇ ਇਸ ਹਫ਼ਤੇ ਦੇ ਟਕਰਾਅ ਨੂੰ ਸਮਝਣ ਵਿੱਚ ਮਦਦ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ।
ਇਹ ਇੱਕ ਵੱਡੀ ਸਮੱਸਿਆ ਹੈ

ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ਨੇ ਇਸ ਹਫ਼ਤੇ ਐਲਾਨ ਕੀਤਾ ਕਿ ਜੇ ਕ੍ਰੀਏਟਰ ਬਿਨਾਂ ਕਿਸੇ ਲੇਬਲ ਦੇ (ਇਹ ਦੱਸੇ ਬਿਨਾਂ ਕਿ ਕੰਟੈਂਟ ਏਆਈ ਨਾਲ ਬਣਿਆ ਹੈ) ਹਥਿਆਰਬੰਦ ਟਕਰਾਅ ਵਾਲੇ ਏਆਈ ਨਾਲ ਕੀਤੇ ਵੀਡੀਓ ਪੋਸਟ ਕਰਦੇ ਹਨ, ਤਾਂ ਉਨ੍ਹਾਂ ਨੂੰ ਐਕਸ ਦੇ ਮੋਨੇਟਾਈਜ਼ੇਸ਼ਨ ਪ੍ਰੋਗਰਾਮ ਤੋਂ ਕੁਝ ਸਮੇਂ ਲਈ ਸਸਪੈਂਡ ਕਰ ਦਿੱਤਾ ਜਾਵੇਗਾ।
ਐਕਸ ਦੇ ਮੋਨੇਟਾਈਜ਼ੇਸ਼ਨ ਪ੍ਰੋਗਰਾਮ ਤਹਿਤ ਅਜਿਹੇ ਯੋਗ ਉਪਭੋਗਤਾਵਾਂ ਨੂੰ ਪੈਸੇ ਦਿੱਤੇ ਜਾਂਦੇ ਹਨ ਜਿਨ੍ਹਾਂ ਦੀਆਂ ਪੋਸਟਾਂ 'ਤੇ ਵੱਡੀ ਗਿਣਤੀ ਵਿੱਚ ਵਿਊਜ਼, ਲਾਈਕਸ, ਸ਼ੇਅਰ ਅਤੇ ਕਮੈਂਟ ਆਉਂਦੇ ਹਨ। (ਅਜੋਕੇ ਸਮੇਂ ਦੁਨੀਆਂ ਭਰ ਵਿੱਚ ਲੋਕ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕੰਟੈਂਟ ਰਾਹੀਂ ਪੈਸੇ ਕਮਾ ਰਹੇ ਹਨ - ਐਕਸ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੈ।)
ਆਕਸਫ਼ੋਰਡ ਇੰਟਰਨੈਟ ਇੰਸਟੀਚਿਊਟ ਵਿੱਚ ਈਰਾਨ 'ਤੇ ਖੋਜ ਕਰਨ ਵਾਲੇ ਮਾਹਸਾ ਅਲੀਮਰਦਾਨੀ ਕਹਿੰਦੇ ਹਨ, "ਇਹ ਇੱਕ ਖਾਸ ਸੰਕੇਤ ਹੈ ਕਿ ਉਨ੍ਹਾਂ ਨੇ ਨੋਟ ਕਰ ਲਿਆ ਹੈ ਕਿ ਇਹ ਇੱਕ ਵੱਡੀ ਸਮੱਸਿਆ ਹੈ।"
ਅਸੀਂ ਟਿੱਕ ਟੌਕ ਅਤੇ ਮੈਟਾ (ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੈਰੇਂਟ ਕੰਪਨੀ) ਤੋਂ ਪੁੱਛਿਆ ਹੈ ਕਿ ਕੀ ਉਹ ਵੀ ਐਕਸ ਵਰਗਾ ਕੋਈ ਕਦਮ ਚੁੱਕਣ ਬਾਰੇ ਸੋਚ ਰਹੇ ਹਨ, ਪਰ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।
ਈਰਾਨ ਨਾਲ ਅਮਰੀਕਾ-ਇਜ਼ਰਾਈਲ ਜੰਗ ਬਾਰੇ ਏਆਈ ਨਾਲ ਬਣੀ ਗਲਤ ਜਾਣਕਾਰੀ

ਬੀਬੀਸੀ ਵੈਰੀਫਾਈ ਨੇ ਏਆਈ ਨਾਲ ਬਣੇ ਇੱਕ ਵੀਡੀਓ ਦਾ ਇੱਕ ਆਮ ਉਦਾਹਰਨ ਟ੍ਰੈਕ ਕੀਤਾ, ਜਿਸ ਵਿੱਚ ਇਜ਼ਰਾਈਲ ਦੇ ਸ਼ਹਿਰ ਤੇਲ ਅਵੀਵ 'ਤੇ ਮਿਜ਼ਾਇਲਾਂ ਡਿੱਗਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਅਤੇ ਪਿੱਛੇ ਧਮਾਕਿਆਂ ਦੀ ਆਵਾਜ਼ ਆ ਰਹੀ ਹੈ।
ਇਸ ਵੀਡੀਓ ਨੂੰ 300 ਤੋਂ ਵੱਧ ਪੋਸਟਾਂ ਵਿੱਚ ਦਿਖਾਇਆ ਗਿਆ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਹਜ਼ਾਰਾਂ ਵਾਰ ਸ਼ੇਅਰ ਕੀਤਾ ਗਿਆ ਹੈ।
ਕੁਝ ਐਕਸ ਉਪਭੋਗਤਾਵਾਂ ਨੇ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ ਪਲੇਟਫ਼ਾਰਮ ਦੇ ਏਆਈ ਚੈਟਬੋਟ ਗ੍ਰੋਕ (Grok) ਦਾ ਇਸਤੇਮਾਲ ਕੀਤਾ। ਪਰ ਬੀਬੀਸੀ ਵੈਰੀਫਾਈ ਵੱਲੋਂ ਦੇਖੇ ਗਏ ਕਈ ਮਾਮਲਿਆਂ ਵਿੱਚ ਗ੍ਰੋਕ ਨੇ ਗਲਤ ਤਰੀਕੇ ਨਾਲ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਏਆਈ ਨਾਲ ਬਣਿਆ ਵੀਡੀਓ ਅਸਲੀ ਹੈ।
ਇੱਕ ਹੋਰ ਨਕਲੀ ਵੀਡੀਓ, ਜਿਸਨੂੰ ਲੱਖਾਂ ਵਾਰ ਦੇਖਿਆ ਗਿਆ ਹੈ, ਦਾਅਵਾ ਕਰਦਾ ਹੈ ਕਿ ਦੁਬਈ ਦੇ ਬੁਰਜ ਖਲੀਫ਼ਾ ਸਕਾਈਸਕ੍ਰੇਪਰ ਵਿੱਚ ਅੱਗ ਲੱਗੀ ਹੋਈ ਹੈ, ਜਦਕਿ ਲੋਕਾਂ ਦੀ ਭੀੜ ਇਮਾਰਤ ਵੱਲ ਦੌੜਦੀ ਹੋਈ ਦਿਖਾਈ ਦਿੰਦੀ ਹੈ।
ਏਆਈ ਨਾਲ ਬਣਿਆ ਇਹ ਫੁਟੇਜ ਉਸ ਸਮੇਂ ਤੇਜ਼ੀ ਨਾਲ ਆਨਲਾਈਨ ਫੈਲਿਆ ਜਦੋਂ ਸ਼ਹਿਰ ਵਿੱਚ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੂੰ ਲੈ ਕੇ ਲੋਕਾਂ ਅਤੇ ਸੈਲਾਨੀਆਂ ਵਿੱਚ ਕਾਫ਼ੀ ਚਿੰਤਾ ਸੀ।
ਫੇਕ ਕੰਟੈਂਟ ਦਾ ਲੋਕਾਂ 'ਤੇ ਕੀ ਅਸਰ ਹੁੰਦਾ ਹੈ

ਅਲੀਮਰਦਾਨੀ ਕਹਿੰਦੇ ਹਨ, "ਇਸ ਤਰ੍ਹਾਂ ਦੇ ਨਕਲੀ ਵੀਡੀਓ ਲੋਕਾਂ ਦੇ ਉਸ ਭਰੋਸੇ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ ਜੋ ਉਨ੍ਹਾਂ ਨੂੰ ਆਨਲਾਈਨ ਵੇਖੀ ਗਈ ਵੈਰੀਫਾਈਡ ਜਾਣਕਾਰੀ 'ਤੇ ਹੁੰਦਾ ਹੈ। ਅਤੇ ਇਸ ਤਰ੍ਹਾਂ ਨਾਲ ਲੋਕਾਂ ਲਈ ਅਸਲੀ ਤੱਥਾਂ ਨੂੰ ਡਾਕਿਊਮੈਂਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।"
ਬੀਬੀਸੀ ਵੈਰੀਫਾਈ ਨੇ ਇਸ ਜੰਗ ਦੀ ਇੱਕ ਨਵੀਂ ਗੱਲ ਦਾ ਵਿਸ਼ਲੇਸ਼ਣ ਕੀਤਾ ਹੈ, ਉਹ ਹੈ ਏਆਈ ਨਾਲ ਬਣੀ ਸੈਟੇਲਾਈਟ ਇਮੇਜਰੀ ਦਾ ਸਾਹਮਣੇ ਆਉਣਾ।
ਅਸੀਂ ਲੜਾਈ ਦੇ ਪਹਿਲੇ ਦਿਨ ਬਹਿਰੀਨ ਵਿੱਚ ਯੂਐਸ ਨੇਵੀ ਦੇ ਫਿਫ਼ਥ ਫਲੀਟ ਹੈੱਡਕੁਆਰਟਰ 'ਤੇ ਈਰਾਨੀ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੂੰ ਦਿਖਾਉਣ ਵਾਲੇ ਕਈ ਅਸਲੀ ਵੀਡੀਓਜ਼ ਦੀ ਪੁਸ਼ਟੀ ਕੀਤੀ।
ਫਿਰ ਅਗਲੇ ਦਿਨ ਇੱਕ ਨਕਲੀ ਤਸਵੀਰ ਇੰਟਰਨੈਟ 'ਤੇ ਸ਼ੇਅਰ ਹੋਣ ਲੱਗੀ, ਜਿਸਨੂੰ ਕਿ ਸਰਕਾਰੀ ਅਖ਼ਬਾਰ ਦਿ ਤੇਹਰਾਨ ਟਾਈਮਜ਼ ਨੇ ਐਕਸ 'ਤੇ ਸ਼ੇਅਰ ਕੀਤਾ ਸੀ। ਇਸ ਬਾਰੇ ਦਾਅਵਾ ਕੀਤਾ ਗਿਆ ਕਿ ਬੇਸ ਨੂੰ ਭਾਰੀ ਨੁਕਸਾਨ ਹੋਇਆ ਹੈ।
ਇਹ ਨਕਲੀ ਤਸਵੀਰ ਫ਼ਰਵਰੀ 2025 ਵਿੱਚ ਬਹਿਰੀਨ ਵਿੱਚ ਇੱਕ ਯੂਐਸ ਨੇਵਲ ਬੇਸ ਦੀ ਅਸਲੀ ਸੈਟੇਲਾਈਟ ਇਮੇਜਰੀ 'ਤੇ ਆਧਾਰਿਤ ਲੱਗਦੀ ਹੈ, ਜੋ ਆਨਲਾਈਨ ਜਨਤਕ ਤੌਰ 'ਤੇ ਉਪਲੱਬਧ ਹੈ।
ਗੂਗਲ ਦੇ SynthID ਵਾਟਰਮਾਰਕ ਡਿਟੈਕਟਰ ਮੁਤਾਬਕ, ਇਹ ਨਕਲੀ ਤਸਵੀਰ ਗੂਗਲ ਦੇ ਏਆਈ ਟੂਲ ਨਾਲ ਬਣਾਈ ਜਾਂ ਐਡਿਟ ਕੀਤੀ ਗਈ ਸੀ।
ਬਾਹਰ ਖੜ੍ਹੀਆਂ ਤਿੰਨ ਗੱਡੀਆਂ ਵੀ ਅਸਲੀ ਸੈਟੇਲਾਈਟ ਇਮੇਜਰੀ ਅਤੇ ਏਆਈ ਤਸਵੀਰ ਦੋਹਾਂ ਵਿੱਚ ਠੀਕ ਉਸੇ ਜਗ੍ਹਾ 'ਤੇ ਖੜ੍ਹੀਆਂ ਹਨ - ਭਾਵੇਂ ਕਿਹਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਇੱਕ ਸਾਲ ਦੇ ਅੰਤਰ 'ਤੇ ਲਈਆਂ ਗਈਆਂ ਹਨ।
ਸੌਖੇ ਅਤੇ ਸਸਤੇ ਏਆਈ ਟੂਲਜ਼ ਦੀ ਭਰਮਾਰ

ਗੂਗਲ ਦੇ ਏਆਈ ਟੂਲਜ਼, ਜਿਸ ਵਿੱਚ ਉਸਦਾ ਵੀਡੀਓ ਜਨਰੇਟਰ Veo ਵੀ ਸ਼ਾਮਲ ਹੈ, ਮਸ਼ਹੂਰ ਏਆਈ ਪਲੇਟਫ਼ਾਰਮਾਂ ਦੀ ਵਧਦੀ ਸੂਚੀ ਵਿੱਚ ਸ਼ਾਮਲ ਹੈ, ਜਿਵੇਂ ਓਪਨਏਆਈ (OpenAI) ਦਾ ਸੋਰਾ ਮਾਡਲ (Sora), ਚੀਨ ਦੀ ਏਆਈ ਐਪ ਸੀਡਾਂਸ (Seedance) ਅਤੇ ਗ੍ਰੋਕ (Grok) ਜੋ ਐਕਸ (X) ਵਿੱਚ ਹੀ ਬਣਿਆ ਹੋਇਆ ਹੈ।
ਜਨਰੇਟਿਵ ਏਆਈ ਮਾਹਿਰ ਹੈਨਰੀ ਅਜਦਰ ਕਹਿੰਦੇ ਹਨ, "ਬਹੁਤ ਅਸਲੀ ਲੱਗਣ ਵਾਲੀਆਂ ਏਆਈ ਮੈਨਿਪੂਲੇਸ਼ਨ ਬਣਾਉਣ ਲਈ ਹੁਣ ਜਿੰਨੇ ਤਰ੍ਹਾਂ-ਤਰ੍ਹਾਂ ਦੇ ਟੂਲ ਉਪਲੱਬਧ ਹਨ, ਇੰਨੇ ਪਹਿਲਾਂ ਕਦੇ ਨਹੀਂ ਦੇਖੇ ਗਏ।"
ਉਹ ਕਹਿੰਦੇ ਹਨ, "ਅਸੀਂ ਕਦੇ ਨਹੀਂ ਦੇਖਿਆ ਕਿ ਇਹ ਟੂਲ ਇੰਨੇ ਜ਼ਿਆਦਾ ਉਪਲੱਬਧ, ਵਰਤੋਂ ਵਿੱਚ ਇੰਨੇ ਸੌਖੇ ਅਤੇ ਇੰਨੇ ਸਸਤੇ ਹੋਣ।"
ਟੈਕਨੋਲੋਜੀ ਪਾਲਿਸੀ ਨਾਨ-ਪ੍ਰਾਫਿਟ ਵ੍ਹਾਟ ਟੂ ਫਿਕਸ (What To Fix) ਦੇ ਐਕਜ਼ੀਕਿਊਟਿਵ ਡਾਇਰੈਕਟਰ ਵਿਕਟੁਆਹ ਰਿਓ ਕਹਿੰਦੇ ਹਨ, "ਇਸ ਨਾਲ ਆਨਲਾਈਨ ਏਆਈ-ਜਨਰੇਟਡ ਕੰਟੈਂਟ ਵਿੱਚ ਵਾਧਾ ਹੋਇਆ ਹੈ, ਕਿਉਂਕਿ ਸੋਸ਼ਲ ਮੀਡੀਆ 'ਤੇ ਪਾਈਪਲਾਈਨ ਹੁਣ ਲਗਭਗ ਪੂਰੀ ਤਰ੍ਹਾਂ ਸਵੈਚਲਿਤ (ਆਟੋਮੇਟਿਡ) ਹੋ ਸਕਦੀ ਹੈ।"
ਐਕਸ ਦੇ ਪ੍ਰੋਡਕਟ ਹੈੱਡ ਨੇ ਬੀਤੇ ਮੰਗਲਵਾਰ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਏਆਈ ਨਾਲ ਬਣੇ ਵੀਡੀਓ ਫੈਲਾਉਣ ਵਾਲੇ "99%" ਅਕਾਊਂਟ, "ਮੋਨਿਟਾਈਜ਼ੇਸ਼ਨ ਦਾ ਗੇਮ" ਖੇਡਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਐਪ ਦੇ ਕ੍ਰੀਏਟਰ ਰਿਵੈਨਿਊ ਸ਼ੇਅਰਿੰਗ ਪ੍ਰੋਗਰਾਮ ਰਾਹੀਂ ਪੈਸੇ ਕਮਾਉਣ ਲਈ ਅਜਿਹਾ ਕੰਟੈਂਟ ਪੋਸਟ ਕਰ ਰਹੇ ਸਨ ਜਿਸ ਨਾਲ ਬਹੁਤ ਜ਼ਿਆਦਾ ਐਂਗੇਜਮੈਂਟ ਮਿਲੇ।
ਪਲੇਟਫ਼ਾਰਮ ਇਹ ਪ੍ਰਕਾਸ਼ਿਤ ਨਹੀਂ ਕਰਦਾ ਕਿ ਕਿੰਨੇ ਅਕਾਊਂਟ ਇਸ ਪ੍ਰੋਗਰਾਮ ਦਾ ਹਿੱਸਾ ਹਨ, ਜਾਂ ਉਹ ਕਿੰਨਾ ਪੈਸਾ ਕਮਾ ਸਕਦੇ ਹਨ।
ਪਰ ਗ੍ਰਾਹਮ ਦਾ ਅਨੁਮਾਨ ਹੈ ਕਿ ਐਕਸ "ਹਰ ਮਿਲੀਅਨ ਵੈਰੀਫਾਈਡ ਯੂਜ਼ਰ ਇੰਪ੍ਰੈਸ਼ਨ 'ਤੇ ਲਗਭਗ ਅੱਠ ਤੋਂ 12 ਡਾਲਰ" ਦੇ ਸਕਦਾ ਹੈ। But Graham estimates that X could pay about "eight to 12 dollars per million verified user impressions".
''ਉਨ੍ਹਾਂ ਨੇ ਗਲਤ ਜਾਣਕਾਰੀ ਫੈਲਾਉਣ ਨੂੰ ਸਭ ਤੋਂ ਵੱਡਾ ਬਿਜ਼ਨਸ ਬਣਾ ਲਿਆ ਹੈ''

ਗ੍ਰਾਹਮ ਨੇ ਅੱਗੇ ਕਿਹਾ, ਮੋਨਿਟਾਈਜ਼ੇਸ਼ਨ ਦੀ "ਯੋਗਤਾ ਲਈ ਕ੍ਰੀਏਟਰਾਂ ਨੂੰ ਤਿੰਨ ਮਹੀਨਿਆਂ ਵਿੱਚ ਪੰਜ ਮਿਲੀਅਨ ਆਰਗੈਨਿਕ ਇੰਪ੍ਰੈਸ਼ਨ ਪੂਰੇ ਕਰਨੇ ਪੈਂਦੇ ਹਨ, ਨਾਲ ਹੀ ਐਕਸ ਪ੍ਰੀਮੀਅਮ ਸਬਸਕ੍ਰਿਪਸ਼ਨ ਵੀ ਰੱਖਣਾ ਹੁੰਦਾ ਹੈ।"
ਉਹ ਕਹਿੰਦੇ ਹਨ, "ਇੱਕ ਵਾਰ ਜਦੋਂ ਤੁਸੀਂ ਇਸ ਵਿੱਚ ਸ਼ਾਮਲ ਹੋ ਜਾਂਦੇ ਹੋ, ਤਾਂ ਵਾਇਰਲ ਏਆਈ ਨਾਲ ਬਣਿਆ ਕੰਟੈਂਟ ਪੈਸੇ ਕਮਾਉਣ ਦਾ ਅਸਲ ਸਾਧਨ ਬਣ ਜਾਂਦਾ ਹੈ।''
''ਉਨ੍ਹਾਂ ਨੇ ਗਲਤ ਜਾਣਕਾਰੀ ਫੈਲਾਉਣ ਨੂੰ ਸਭ ਤੋਂ ਵੱਡਾ ਬਿਜ਼ਨਸ ਬਣਾ ਲਿਆ ਹੈ।"
ਐਕਸ ਨੇ ਕ੍ਰੀਏਟਰ ਰਿਵੈਨਿਊ ਸ਼ੇਅਰਿੰਗ ਪ੍ਰੋਗਰਾਮ ਬਾਰੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਕੋਈ ਟਿੱਪਣੀ ਕੀਤੀ।
ਮਾਹਿਰਾਂ ਨੇ ਬੀਬੀਸੀ ਵੈਰੀਫਾਈ ਨੂੰ ਦੱਸਿਆ ਹੈ ਕਿ ਕਈ ਸੋਸ਼ਲ ਮੀਡੀਆ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਏਆਈ ਨਾਲ ਬਣੇ ਕੰਟੈਂਟ ਦੇ ਫੈਲਾਅ ਦੇ ਸਕੇਲ ਤੇ ਸਪੀਡ (ਜਿੰਨੀ ਤੇਜ਼ੀ ਨਾਲ ਇਹ ਬਣਦਾ ਅਤੇ ਸ਼ੇਅਰ ਹੁੰਦਾ ਹੈ ) ਨੂੰ ਠੀਕ ਕਰਨ ਲਈ ਆਪਣੇ ਮੋਡਰੇਸ਼ਨ ਅਤੇ ਡਿਟੈਕਸ਼ਨ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਇਸ ਸਮੱਸਿਆ ਦਾ ਕੋਈ ਆਸਾਨ ਹੱਲ ਨਹੀਂ ਹੈ।
ਗ੍ਰਾਹਮ ਕਹਿੰਦੇ ਹਨ, "ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਅਸਲ ਟਕਰਾਅ ਐਂਗੇਜਮੈਂਟ ਤੋਂ ਹੋਣ ਵਾਲੀ ਮੋਨਿਟਾਈਜ਼ੇਸ਼ਨ ਅਤੇ ਸਹੀ ਜਾਣਕਾਰੀ ਵਿੱਚ ਹੈ ਅਤੇ ਕਿਸੇ ਵੀ ਪਲੇਟਫ਼ਾਰਮ ਨੇ ਇਸ ਟਕਰਾਅ ਨੂੰ ਪੂਰੀ ਤਰ੍ਹਾਂ ਹੱਲ ਨਹੀਂ ਕੀਤਾ ਹੈ ਜਾਂ ਸ਼ਾਇਦ ਕਦੇ ਕਰੇਗਾ ਵੀ ਨਹੀਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



























