ਹੰਤਾ ਵਾਇਰਸ: ਚਰਚਾ ਵਿੱਚ ਆਏ ਇਸ ਵਾਇਰਸ ਦੇ ਲੱਛਣ ਕੀ ਹਨ, ਫੈਲਦਾ ਕਿਵੇਂ ਹੈ ਤੇ ਕੀ ਇਸਦਾ ਇਲਾਜ ਮੁਹੱਈਆ ਹੈ?

ਹੰਤਾ ਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਮਵੀ ਹੋਂਡੀਅਸ ਨਾਮ ਦੇ ਸਮੁੰਦਰੀ ਜਹਾਜ਼ 'ਤੇ ਸਵਾਰ ਕੁਝ ਵਿਅਕਤੀਆਂ 'ਚ ਸ਼ੱਕੀ ਤੌਰ 'ਤੇ ਹੰਤਾ ਵਾਇਰਸ ਦੀ ਲਾਗ ਪਾਈ ਗਈ
    • ਲੇਖਕ, ਡੋਮਿਨਿਕ ਹਿਊਜ਼
    • ਰੋਲ, ਸਿਹਤ ਪੱਤਰਕਾਰ ਅਤੇ ਲੇਖਕ
    • ਲੇਖਕ, ਫਿਲਿਪਾ ਰੌਕਸੀ ਅਤੇ ਸਮਿਤਾ ਮੁੰਦਾਸਾਦ
    • ਰੋਲ, ਸਿਹਤ ਪੱਤਰਕਾਰ
  • ਪੜ੍ਹਨ ਦਾ ਸਮਾਂ: 8 ਮਿੰਟ

ਜਿਸ ਸਮੁੰਦਰੀ ਜਹਾਜ਼ 'ਤੇ ਹੰਤਾ ਵਾ ਦਾ ਪ੍ਰਕੋਪ ਫੈਲਿਆ ਸੀ, ਉਹ ਇਸ ਹਫ਼ਤੇ ਦੇ ਅੰਤ ਤੱਕ ਕੈਨਰੀ ਆਇਲੈਂਡਜ਼ ਵਿੱਚ ਡੌਕ ਕਰਨ ਵਾਲਾ ਹੈ।

ਐਮਵੀ ਹੋਂਡੀਅਸ ਨਾਮ ਦੇ ਇਸ ਜਹਾਜ਼ ਵਿੱਚ ਸਫ਼ਰ ਕਰ ਰਹੇ ਪੰਜ ਲੋਕਾਂ ਵਿੱਚ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਅੱਠ ਸ਼ੱਕੀ ਮਾਮਲੇ ਇਸ ਨਾਲ ਜੁੜੇ ਹਨ।

ਡਬਲਯੂਐਚਓ ਦੇ ਮੁਤਾਬਕ, ਹੁਣ ਤੱਕ ਪੰਜ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚ ਤਿੰਨ ਮੌਤਾਂ ਵੀ ਸ਼ਾਮਲ ਹਨ।

ਪੁਸ਼ਟੀ ਕੀਤੇ ਗਏ ਮਾਮਲਿਆਂ ਵਿੱਚ ਇੱਕ ਡੱਚ ਮਹਿਲਾ ਸ਼ਾਮਲ ਸਨ, ਜਿਨ੍ਹਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਇੱਕ ਬ੍ਰਿਟਿਸ਼ ਯਾਤਰੀ ਜੋ ਦੱਖਣੀ ਅਫ਼ਰੀਕਾ ਵਿੱਚ ਇੰਟੈਂਸਿਵ ਕੇਅਰ ਵਿੱਚ ਹਨ ਅਤੇ ਇੱਕ ਸਵਿਸ ਯਾਤਰੀ ਹਨ, ਜਿਨ੍ਹਾਂ ਦਾ ਜ਼ਿਊਰਿਖ਼ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਸ਼ੱਕੀ ਮਾਮਲਿਆਂ ਵਿੱਚ ਇੱਕ ਬ੍ਰਿਟਿਸ਼ ਪੁਰਸ਼, ਇੱਕ ਡੱਚ ਕਰੂ ਮੈਂਬਰ ਅਤੇ ਇੱਕ ਜਰਮਨ ਨਾਗਰਿਕ ਸ਼ਾਮਲ ਹਨ। ਇਨ੍ਹਾਂ ਵਿੱਚੋਂ ਦੋ ਇਲਾਜ ਲਈ ਨੀਦਰਲੈਂਡਜ਼ ਪਹੁੰਚ ਚੁੱਕੇ ਹਨ, ਜਦਕਿ ਤੀਜੇ ਵਿਅਕਤੀ ਦੀ ਹਾਲਤ ਸਥਿਰ ਹੈ।

ਇਨ੍ਹਾਂ ਵਿੱਚੋਂ ਕਿਸੇ ਦਾ ਵੀ ਹੰਤਾ ਵਾਇਰਸ ਟੈਸਟ ਪਾਜ਼ਿਟਿਵ ਨਹੀਂ ਆਇਆ ਹੈ, ਪਰ ਦੋ ਲੋਕਾਂ ਵਿੱਚ ਇਸ ਦੇ ਲੱਛਣ ਨਜ਼ਰ ਆਏ ਹਨ। ਦੋ ਹੋਰ ਬ੍ਰਿਟਿਸ਼ ਯਾਤਰੀ ਵਾਇਰਸ ਦੇ ਸੰਭਾਵਿਤ ਸੰਪਰਕ ਵਿੱਚ ਆਉਣ ਤੋਂ ਬਾਅਦ ਘਰ ਵਿੱਚ ਆਇਸੋਲੇਸ਼ਨ ਵਿੱਚ ਹਨ।

ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਯਾਤਰਾ ਦੇ ਸ਼ੁਰੂਆਤੀ ਦੌਰ ਵਿੱਚ ਹੀ ਜਹਾਜ਼ ਛੱਡ ਦਿੱਤਾ ਸੀ ਅਤੇ ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਦਿੱਸੇ ਹਨ। ਇਹ ਜਹਾਜ਼ ਅਰਜਨਟੀਨਾ ਤੋਂ ਐਟਲਾਂਟਿਕ ਮਹਾਂਸਾਗਰ ਪਾਰ ਕਰਕੇ ਕੇਪ ਵਰਡੇ ਜਾ ਰਿਹਾ ਸੀ।

ਅਮਰੀਕਾ ਦੇ ਦੋ ਸੂਬਿਆਂ, ਐਰਿਜ਼ੋਨਾ ਅਤੇ ਜਾਰਜੀਆ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਹੈ ਕਿ ਉਹ ਤਿੰਨ ਅਜਿਹੇ ਯਾਤਰੀਆਂ ਦੀ ਨਿਗਰਾਨੀ ਕਰ ਹਨ ਜੋ ਕਰੂਜ਼ ਦੇ ਕੇਪ ਵਰਡੇ ਪਹੁੰਚਣ ਤੋਂ ਪਹਿਲਾਂ ਹੀ ਉਸ ਤੋਂ ਉਤਰ ਕੇ ਅਮਰੀਕਾ ਵਾਪਸ ਆ ਗਏ ਸਨ। ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਹੰਤਾ ਵਾਇਰਸ ਦੇ ਲੱਛਣ ਨਹੀਂ ਦਿਖ ਰਹੇ ਹਨ।

ਕੁੱਲ ਮਿਲਾ ਕੇ, 23 ਦੇਸ਼ਾਂ ਦੇ 146 ਲੋਕ ਅਜੇ ਵੀ ਐਮਵੀ ਹੋਂਡੀਅਸ 'ਤੇ ਸਵਾਰ ਹਨ, ਜੋ ਕੈਨਰੀ ਆਇਲੈਂਡਜ਼ ਵੱਲ ਵੱਧ ਰਿਹਾ ਹੈ। ਉੱਥੇ ਪਹੁੰਚਣ 'ਤੇ ਘਰ ਵਾਪਸ ਜਾਣ ਤੋਂ ਪਹਿਲਾਂ ਉਨ੍ਹਾਂ ਸਾਰੇ ਲੋਕਾਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ।

ਹੰਤਾ ਵਾਇਰਸ ਦਾ ਐਂਡੀਜ਼ ਸਟ੍ਰੇਨ ਕੀ ਹੈ?

ਹੈਂਟਾਵਾਇਰਸ

ਤਸਵੀਰ ਸਰੋਤ, Joao Luiz Bulcao / Hans Lucas / AFP via Getty Images

ਤਸਵੀਰ ਕੈਪਸ਼ਨ, ਜਦੋਂ ਚੂਹਿਆਂ ਦਾ ਮਲ-ਮੂਤਰ ਜਿਸ ਵਿੱਚ ਹੰਤਾ ਵਾਇਰਸ ਮੌਜੂਦ ਹੁੰਦਾ ਹੈ, ਹਵਾ ਵਿੱਚ ਮਿਲ ਜਾਂਦਾ ਹੈ, ਉਦੋਂ ਇਹ ਫੈਲ ਸਕਦਾ ਹੈ

ਹੰਤਾ ਵਾਇਰਸ ਦਾ ਨਾਮ ਦੱਖਣੀ ਕੋਰੀਆ ਦੀ ਇੱਕ ਨਦੀ ਦੇ ਨਾਮ 'ਤੇ ਰੱਖਿਆ ਗਿਆ ਹੈ। ਇਹ ਕਿਸੇ ਇੱਕ ਬਿਮਾਰੀ ਨੂੰ ਨਹੀਂ, ਸਗੋਂ ਵਾਇਰਸਾਂ ਦੇ ਇੱਕ ਪੂਰੇ ਪਰਿਵਾਰ ਨੂੰ ਦਰਸਾਉਂਦਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਤਾਬਕ, ਇਨ੍ਹਾਂ ਵਾਇਰਸਾਂ ਦੀਆਂ 20 ਤੋਂ ਵੱਧ ਵੱਖ-ਵੱਖ ਪ੍ਰਜਾਤੀਆਂ ਹਨ। ਇਨ੍ਹਾਂ ਵਿੱਚੋਂ ਲਗਭਗ ਸਭ ਦਾ ਸਬੰਧ ਰੋਡੈਂਟਸ- ਭਾਵ ਕੁਤਰਣ ਵਾਲੇ ਜਾਨਵਰਾਂ ਤੋਂ ਹੋਣ ਵਾਲੇ ਸੰਕਰਮਣ ਨਾਲ ਹੈ, ਜੋ ਆਮ ਤੌਰ 'ਤੇ ਚੂਹਿਆਂ ਅਤੇ ਕਾਟੋਆਂ ਦੇ ਸੁੱਕੇ ਮਲ-ਮੂਤਰ ਤੋਂ ਹੁੰਦਾ ਹੈ।

ਇਸ ਦੀ ਇੱਕ ਕਿਸਮ 'ਐਂਡੀਜ਼ ਵਾਇਰਸ' ਦੇ ਨਾਮ ਨਾਲ ਜਾਣੀ ਜਾਂਦੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਇਨਸਾਨਾਂ ਤੋਂ ਇਨਸਾਨਾਂ ਵਿੱਚ ਫੈਲਦਾ ਹੈ, ਹਾਲਾਂਕਿ ਅਜਿਹਾ ਬਹੁਤ ਘੱਟ ਹੁੰਦਾ ਹੈ।

ਦੱਖਣੀ ਅਫ਼ਰੀਕਾ ਦੇ ਸਿਹਤ ਮੰਤਰੀ ਦੇ ਮੁਤਾਬਕ, ਦੋ ਯਾਤਰੀਆਂ ਵਿੱਚ ਇਸ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ ਇੱਕ ਬ੍ਰਿਟਿਸ਼ ਵਿਅਕਤੀ ਜੋ ਜੋਹਾਨਸਬਰਗ ਦੇ ਹਸਪਤਾਲ ਵਿੱਚ ਭਰਤੀ ਹਨ ਅਤੇ ਇੱਕ ਡੱਚ ਮਹਿਲਾ ਜਿਨ੍ਹਾਂ ਦੀ ਮੌਤ ਹੋ ਗਈ ਹੈ।

ਐਂਡੀਜ਼ ਵਾਇਰਸ ਮੁੱਖ ਤੌਰ 'ਤੇ ਅਰਜਨਟੀਨਾ ਅਤੇ ਚਿਲੀ ਵਿੱਚ ਪਾਇਆ ਜਾਂਦਾ ਹੈ।

ਸਾਲ 2018 ਦੇ ਅੰਤ ਵਿੱਚ, ਅਰਜਨਟੀਨਾ ਵਿੱਚ ਇਸ ਵਾਇਰਸ ਦਾ ਪ੍ਰਕੋਪ ਫੈਲਿਆ ਸੀ। ਇਸ ਦਾ ਪਤਾ ਉਨ੍ਹਾਂ ਲੋਕਾਂ ਤੋਂ ਲੱਗਿਆ ਸੀ, ਜਿਨ੍ਹਾਂ ਨੇ ਇੱਕ ਪਾਰਟੀ ਵਿੱਚ ਹਿੱਸਾ ਲਿਆ ਸੀ।

ਮੰਨਿਆ ਜਾਂਦਾ ਹੈ ਕਿ ਵਾਇਰਸ ਨਾਲ ਸੰਕਰਮਿਤ ਇੱਕੋ ਵਿਅਕਤੀ ਨੇ ਅਣਜਾਣੇ ਵਿੱਚ 34 ਲੋਕਾਂ ਵਿੱਚ ਇਹ ਵਾਇਰਸ ਫੈਲਾ ਦਿੱਤਾ ਸੀ, ਜਿਨ੍ਹਾਂ ਵਿੱਚੋਂ 11 ਲੋਕਾਂ ਦੀ ਮੌਤ ਹੋ ਗਈ ਸੀ।

ਅੱਗੇ ਕੀ ਹੋ ਸਕਦਾ ਹੈ

ਐਮਵੀ ਹੋਂਡੀਅਸ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, 23 ਦੇਸ਼ਾਂ ਦੇ 146 ਲੋਕ ਅਜੇ ਵੀ ਐਮਵੀ ਹੋਂਡੀਅਸ 'ਤੇ ਸਵਾਰ ਹਨ

ਡਬਲਯੂਐਚਓ ਇਸ ਵਿਚਾਰ (ਧਾਰਣਾ) 'ਤੇ ਕੰਮ ਕਰ ਰਿਹਾ ਹੈ ਕਿ ਇਹ ਵਾਇਰਸ ਜਹਾਜ਼ 'ਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਬਹੁਤ ਨਜ਼ਦੀਕੀ ਸੰਪਰਕ ਨਾਲ ਅਤੇ ਚੂਹਿਆਂ ਵਰਗੇ ਜੀਵਾਂ ਦੇ ਸੰਪਰਕ ਨਾਲ ਫੈਲ ਸਕਦਾ ਹੈ।

ਹੁਣ ਜਦੋਂ ਐਂਡੀਜ਼ ਵਾਇਰਸ ਦੀ ਪੁਸ਼ਟੀ ਹੋ ਗਈ ਹੈ, ਤਾਂ ਜਹਾਜ਼ 'ਤੇ ਮੌਜੂਦ ਯਾਤਰੀਆਂ ਅਤੇ ਕਰੂ ਲਈ ਉਸ ਤਰ੍ਹਾਂ ਦੀ ਸੋਸ਼ਲ ਡਿਸਟੈਂਸਿੰਗ (ਆਪਸ ਵਿੱਚ ਦੂਰੀ) ਦੀ ਪਾਲਣਾ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ, ਜਿਵੇਂ ਕਿ ਅਸੀਂ ਕੋਵਿਡ ਮਹਾਂਮਾਰੀ ਦੌਰਾਨ ਕੀਤੀ ਸੀ।

ਲਾਗ ਦੇ ਖ਼ਤਰੇ ਨੂੰ ਘੱਟ ਕਰਨ ਲਈ ਯਾਤਰੀਆਂ ਨੂੰ ਫ਼ਿਲਹਾਲ ਉਨ੍ਹਾਂ ਦੇ ਕੈਬਿਨ ਤੱਕ ਹੀ ਸੀਮਿਤ ਰੱਖਿਆ ਗਿਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਲਾਗ ਵਾਲੇ ਮਰੀਜ਼ਾਂ ਨੂੰ ਅਲੱਗ ਰੱਖਣਾ, ਨਿਯਮਿਤ ਤੌਰ 'ਤੇ ਹੱਥ ਧੋਣਾ, ਨਜ਼ਦੀਕੀ ਸੰਪਰਕਾਂ ਦਾ ਪਤਾ ਲਗਾਉਣਾ ਅਤੇ ਉਨ੍ਹਾਂ 'ਤੇ ਨਜ਼ਰ ਰੱਖਣਾ, ਅਤੇ ਲਾਗ ਫੈਲਣ ਤੋਂ ਰੋਕਣ ਦੇ ਉਪਾਅ ਕਰਨਾ- ਇਹ ਸਾਰੇ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਬਹੁਤ ਅਹਿਮ ਹੋਣਗੇ।

ਲਾਗ ਦੀ ਸ਼ੁਰੂਆਤ ਕਿੱਥੋਂ ਅਤੇ ਕਿਵੇਂ ਹੋਈ?

ਅਜੇ ਵੀ ਇਹ ਸਪਸ਼ਟ ਨਹੀਂ ਹੈ ਕਿ ਇਸ ਲਾਗ ਦੀ ਸ਼ੁਰੂਆਤ ਕਿੱਥੋਂ ਅਤੇ ਕਿਵੇਂ ਹੋਈ। ਇੱਕ ਡੱਚ ਜੋੜਾ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਨੇ ਅਪ੍ਰੈਲ ਦੀ ਸ਼ੁਰੂਆਤ ਵਿੱਚ ਜਹਾਜ਼ 'ਤੇ ਚੜ੍ਹਨ ਤੋਂ ਪਹਿਲਾਂ ਦੱਖਣੀ ਅਮਰੀਕਾ ਦੀ ਯਾਤਰਾ ਕੀਤੀ ਸੀ।

ਹੋ ਸਕਦਾ ਹੈ ਕਿ ਆਪਣੀ ਯਾਤਰਾ ਦੌਰਾਨ ਉਨ੍ਹਾਂ ਵਿੱਚੋਂ ਕੋਈ ਇੱਕ ਜਾਂ ਦੋਵੇਂ ਇਸ ਵਾਇਰਸ ਦੇ ਸੰਪਰਕ ਵਿੱਚ ਆਏ ਹੋਣ।

ਇਹ ਕਰੂਜ਼ ਦੂਰ-ਦੁਰਾਡੇ ਵਾਲੇ ਜੰਗਲੀ ਇਲਾਕਿਆਂ ਦਾ ਦੌਰਾ ਕਰ ਰਿਹਾ ਸੀ, ਇਸ ਲਈ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਕਰੂਜ਼ ਯਾਤਰਾ ਦੌਰਾਨ ਕੋਈ ਯਾਤਰੀ ਇਸ ਵਾਇਰਸ ਦੇ ਸੰਪਰਕ ਵਿੱਚ ਆ ਗਿਆ ਹੋਵੇ।

ਵਾਇਰਸ ਦੀ ਅੱਗੇ ਦੀ ਜੈਨੇਟਿਕ ਜਾਂਚ ਨਾਲ ਸ਼ਾਇਦ ਇਹ ਪਤਾ ਲਗਾਉਣ ਵਿੱਚ ਮਦਦ ਮਿਲ ਸਕੇ ਕਿ ਇਹ ਸਭ ਤੋਂ ਪਹਿਲਾਂ ਜਹਾਜ਼ 'ਤੇ ਕਿਵੇਂ ਪਹੁੰਚਿਆ।

ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਦੀ ਆਬਾਦੀ ਲਈ ਇਸ ਵਾਇਰਸ ਦੀ ਲਾਗ ਦਾ ਖ਼ਤਰਾ ਬਹੁਤ ਘੱਟ ਹੈ। ਫ਼ਿਲਹਾਲ, ਜਹਾਜ਼ ਤੋਂ ਬਾਹਰ ਲਾਗ ਫੈਲਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।

ਹੰਤਾ ਵਾਇਰਸ ਕਿਵੇਂ ਫੈਲਦਾ ਹੈ?

ਇਹ ਆਮ ਤੌਰ 'ਤੇ ਉਦੋਂ ਫੈਲਦਾ ਹੈ, ਜਦੋਂ ਲੋਕ ਚੂਹਿਆਂ ਜਾਂ ਕਾਟੋਆਂ (ਕੁਤਰਣ ਵਾਲੇ ਜਾਨਵਰਾਂ) ਦੇ ਮਲ, ਮੂਤਰ ਅਤੇ ਲਾਰ ਦੇ ਸਿੱਧੇ ਸੰਪਰਕ ਵਿੱਚ ਆਉਂਦੇ ਹਨ।

ਅਜਿਹਾ ਆਮ ਤੌਰ 'ਤੇ ਵਾਇਰਸ ਨੂੰ ਸਾਹ ਰਾਹੀਂ ਅੰਦਰ ਲੈਣ ਨਾਲ ਹੁੰਦਾ ਹੈ। ਮਿਸਾਲ ਵਜੋਂ ਜਦੋਂ ਚੂਹਿਆਂ ਦਾ ਮਲ-ਮੂਤਰ ਜਿਸ ਵਿੱਚ ਹੰਤਾ ਵਾਇਰਸ ਮੌਜੂਦ ਹੁੰਦਾ ਹੈ, ਹਵਾ ਵਿੱਚ ਮਿਲ ਜਾਂਦਾ ਹੈ, ਉਦੋਂ ਇਹ ਫੈਲ ਸਕਦਾ ਹੈ।

ਇਹ ਵਾਇਰਸ ਕਿਸੇ ਚੂਹੇ ਜਾਂ ਕਾਟੋ ਵਰਗੇ ਕੁਤਰਣ ਵਾਲੇ ਜਾਨਵਰ ਦੇ ਕੱਟਣ ਨਾਲ ਵੀ ਫੈਲ ਸਕਦਾ ਹੈ।

ਐਂਡੀਜ਼ ਹੀ ਇੱਕ ਅਜਿਹਾ ਸਟ੍ਰੇਨ ਹੈ ਜਿਸ ਬਾਰੇ ਪਤਾ ਹੈ ਕਿ ਉਹ ਇੱਕ ਇਨਸਾਨ ਤੋਂ ਦੂਜੇ ਇਨਸਾਨ ਵਿੱਚ ਫੈਲਦਾ ਹੈ, ਹਾਲਾਂਕਿ ਅਜਿਹਾ ਬਹੁਤ ਘੱਟ ਹੁੰਦਾ ਹੈ।

ਜਿੱਥੇ ਇਹ ਲਾਗ ਇੱਕ ਇਨਸਾਨ ਤੋਂ ਦੂਜੇ ਇਨਸਾਨ ਵਿੱਚ ਫੈਲਦੀ ਹੈ, ਉੱਥੇ ਅਜਿਹਾ ਲਾਗ ਵਾਲੇ ਵਿਅਕਤੀ ਦੇ ਬਹੁਤ ਨੇੜੇ ਅਤੇ ਲੰਮੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਕਾਰਨ ਹੁੰਦਾ ਹੈ।

ਹੰਤਾ ਵਾਇਰਸ ਜਿਸ ਤਰ੍ਹਾਂ ਫੈਲਦਾ ਹੈ, ਉਹ ਫ਼ਲੂ ਤੋਂ ਵੱਖਰਾ ਹੈ। ਫ਼ਲੂ ਖੰਘਣ ਜਾਂ ਛਿੱਕਣ 'ਤੇ ਨਿਕਲਣ ਵਾਲੀਆਂ ਛੋਟੀਆਂ-ਛੋਟੀਆਂ ਬੂੰਦਾਂ (ਡਰੌਪਲੈਟਸ) ਰਾਹੀਂ ਫੈਲਦਾ ਹੈ।

ਡਬਲਯੂਐਚਓ ਦੀ ਅਧਿਕਾਰੀ ਡਾਕਟਰ ਮਾਰੀਆ ਵੈਨ ਕੇਰਖੋਵ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਇੱਕ-ਦੂਜੇ ਤੋਂ ਕਾਫ਼ੀ ਦੂਰ ਰਹਿੰਦੇ ਹੋਏ ਹੋਣ ਵਾਲੇ ਆਮ ਸੰਪਰਕ ਦੀ ਗੱਲ ਨਹੀਂ ਕਰ ਰਹੇ ਹਾਂ।"

ਇਹ ਵਾਇਰਸ ਕਿੰਨਾ ਘਾਤਕ ਹੈ?

ਬੁੱਧਵਾਰ ਨੂੰ ਜਦੋਂ ਜਹਾਜ਼ ਕੇਪ ਵਰਡੇ ਵਿੱਚ ਰੁਕਿਆ, ਤਾਂ ਵਾਇਰਸ ਨਾਲ ਸੰਕਰਮਿਤ ਪਾਏ ਗਏ ਤਿੰਨ ਲੋਕਾਂ ਨੂੰ ਜਹਾਜ਼ ਤੋਂ ਉਤਾਰ ਕੇ ਇਲਾਜ ਲਈ ਨੀਦਰਲੈਂਡਜ਼ ਲਿਜਾਇਆ ਗਿਆ

ਤਸਵੀਰ ਸਰੋਤ, Elton Monteiro / EPA

ਤਸਵੀਰ ਕੈਪਸ਼ਨ, ਬੁੱਧਵਾਰ ਨੂੰ ਜਦੋਂ ਜਹਾਜ਼ ਕੇਪ ਵਰਡੇ ਵਿੱਚ ਰੁਕਿਆ, ਤਾਂ ਵਾਇਰਸ ਨਾਲ ਸੰਕਰਮਿਤ ਪਾਏ ਗਏ ਤਿੰਨ ਲੋਕਾਂ ਨੂੰ ਜਹਾਜ਼ ਤੋਂ ਉਤਾਰ ਕੇ ਇਲਾਜ ਲਈ ਨੀਦਰਲੈਂਡਜ਼ ਲਿਜਾਇਆ ਗਿਆ

ਇਹ ਵਾਇਰਸ ਦੋ ਗੰਭੀਰ ਬਿਮਾਰੀਆਂ ਪੈਦਾ ਕਰ ਸਕਦਾ ਹੈ। ਪਹਿਲੀ ਬਿਮਾਰੀ, ਹੰਤਾ ਵਾਇਰਸ ਪਲਮੋਨਰੀ ਸਿੰਡਰੋਮ (ਐਚਪੀਐਸ) ਹੈ - ਜੋ ਅਕਸਰ ਥਕਾਵਟ, ਬੁਖ਼ਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ ਨਾਲ ਸ਼ੁਰੂ ਹੁੰਦੀ ਹੈ ਅਤੇ ਬਾਅਦ ਵਿੱਚ ਸਿਰਦਰਦ, ਚੱਕਰ ਆਉਣਾ, ਕੰਬਣੀ ਅਤੇ ਪੇਟ ਨਾਲ ਸਬੰਧਤ ਸਮੱਸਿਆਵਾਂ ਹੁੰਦੀਆਂ ਹਨ।

ਪਰ ਇਹ ਵੀ ਸੰਭਵ ਹੈ ਕਿ ਇਸ ਤੋਂ ਬਾਅਦ ਸਾਹ ਨਾਲ ਜੁੜੇ ਲੱਛਣ ਸਾਹਮਣੇ ਆਉਣ। ਯਾਨੀ ਸਾਹ ਲੈਣ ਵਿੱਚ ਗੰਭੀਰ ਦਿੱਕਤ। ਇਸ ਹਾਲਤ ਵਿੱਚ ਮਰੀਜ਼ਾਂ ਨੂੰ ਤੁਰੰਤ ਡਾਕਟਰੀ ਮਦਦ ਦੀ ਲੋੜ ਹੁੰਦੀ ਹੈ।

ਇਹ ਐਂਡੀਜ਼ ਸਟ੍ਰੇਨ ਨਾਲ ਹੋਣ ਵਾਲੀਆਂ ਮੁੱਖ ਬਿਮਾਰੀਆਂ ਵਿੱਚੋਂ ਇੱਕ ਹੈ, ਜਿਸ ਦੀ ਮੌਤ ਦਰ 20-40% ਹੈ।

ਇਸ ਬਿਮਾਰੀ ਦਾ ਇਨਕਿਊਬੇਸ਼ਨ ਪੀਰੀਅਡ (ਰੋਗ ਦੇ ਪਨਪਣ ਦਾ ਸਮਾਂ) ਵੀ ਇੱਕ ਮੁਸ਼ਕਲ ਪੈਦਾ ਕਰਨ ਵਾਲਾ ਪੱਖ ਹੈ। ਇਸ ਦੇ ਲੱਛਣ ਨਜ਼ਰ ਆਉਣ ਵਿੱਚ ਇੱਕ ਤੋਂ ਅੱਠ ਹਫ਼ਤਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ।

ਦੂਜੀ ਬਿਮਾਰੀ, ਹੈਮੋਰੇਜਿਕ ਫੀਵਰ ਵਿਦ ਰੀਨਲ ਸਿੰਡਰੋਮ (ਐਚਐਫ਼ਆਰਐਸ) ਹੈ, ਜੋ ਸ਼ੁਰੂ ਵਿੱਚ ਫ਼ਲੂ ਵਰਗੀ ਲੱਗਦੀ ਹੈ ਅਤੇ ਅੱਗੇ ਚੱਲ ਕੇ ਇਹ ਕਿਡਨੀ 'ਤੇ ਅਸਰ ਪਾ ਸਕਦੀ ਹੈ ਅਤੇ ਲੋਅ ਬਲੱਡ ਪ੍ਰੈਸ਼ਰ, ਸਰੀਰ ਦੇ ਅੰਦਰ ਖੂਨ ਵਗਣਾ (ਇੰਟਰਨਲ ਬਲੀਡਿੰਗ) ਅਤੇ ਕਿਡਨੀ ਦੇ ਪੂਰੀ ਤਰ੍ਹਾਂ ਫੇਲ ਹੋਣ ਦਾ ਕਾਰਨ ਬਣ ਸਕਦੀ ਹੈ।

ਕੀ ਹੰਤਾ ਵਾਇਰਸ ਦੀ ਕੋਈ ਵੈਕਸੀਨ ਜਾਂ ਇਲਾਜ ਹੈ?

ਐਮਵੀ ਹੋਂਡੀਅਸ ਜਹਾਜ਼ ਤੋਂ ਕੱਢ ਕੇ ਛੋਟੀ ਕਿਸ਼ਤੀ ਵਿੱਚ ਲਿਆਂਦੇ ਜਾ ਰਹੇ ਲਾਗ ਵਾਲੇ ਦੇ ਸ਼ੱਕੀ ਲੋਕ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਐਮਵੀ ਹੋਂਡੀਅਸ ਜਹਾਜ਼ ਤੋਂ ਕੱਢ ਕੇ ਛੋਟੀ ਕਿਸ਼ਤੀ ਵਿੱਚ ਲਿਆਂਦੇ ਜਾ ਰਹੇ ਲਾਗ ਵਾਲੇ ਦੇ ਸ਼ੱਕੀ ਲੋਕ

ਹੈਂਟਾਵਾਇਰਸ ਲਾਗ ਲਈ ਕੋਈ ਖ਼ਾਸ ਇਲਾਜ ਨਹੀਂ ਹੈ, ਪਰ ਸ਼ੁਰੂਆਤੀ ਸਮੇਂ ਵਿੱਚ ਮਿਲੇ ਇਲਾਜ ਨਾਲ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਰਹਿੰਦੀ ਹੈ।

ਇਸਦੇ ਲਈ ਸੁਝਾਏ ਗਏ ਇਲਾਜ ਵਿੱਚ ਆਕਸੀਜਨ ਥੈਰੇਪੀ, ਮਕੈਨਿਕਲ ਵੈਂਟੀਲੇਸ਼ਨ ਅਤੇ ਇੱਥੋਂ ਤੱਕ ਕਿ ਡਾਇਲਿਸਿਸ ਵੀ ਸ਼ਾਮਲ ਹੋ ਸਕਦਾ ਹੈ।

ਜੋ ਮਰੀਜ਼ ਗੰਭੀਰ ਲੱਛਣਾਂ ਕਾਰਨ ਬਹੁਤ ਜ਼ਿਆਦਾ ਬਿਮਾਰ ਹੁੰਦੇ ਹਨ, ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਅਤੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਇਲਾਜ ਦੀ ਲੋੜ ਪੈ ਸਕਦੀ ਹੈ।

ਇਸਦੇ ਇਲਾਜ ਦੇ ਨਵੇਂ ਤਰੀਕਿਆਂ ਦਾ ਟ੍ਰਾਇਲ ਵੀ ਚੱਲ ਰਿਹਾ ਹੈ।

ਅਜੇ ਇਸ ਵਾਇਰਸ ਤੋਂ ਬਚਾਅ ਲਈ ਕੋਈ ਵੀ ਵੈਕਸੀਨ ਵੱਡੇ ਪੱਧਰ 'ਤੇ ਉਪਲੱਬਧ ਨਹੀਂ ਹੈ।

ਹਾਲਾਂਕਿ, ਚੀਨ ਅਤੇ ਦੱਖਣੀ ਕੋਰੀਆ ਵਿੱਚ ਇਸ ਵਾਇਰਸ ਦੇ ਉਨ੍ਹਾਂ ਸਟ੍ਰੇਨਾਂ (ਕਿਸਮਾਂ) ਦੇ ਖ਼ਿਲਾਫ਼ ਕੁਝ ਵੈਕਸੀਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਉੱਥੇ ਆਮ ਹਨ।

ਦੁਨੀਆ ਭਰ ਵਿੱਚ ਹੰਤਾ ਵਾਇਰਸ ਦੇ ਕਿੰਨੇ ਮਾਮਲੇ ਪਾਏ ਗਏ ਹਨ?

ਅਦਾਕਾਰ ਜੀਨ ਹੈਕਮੈਨ ਆਏ ਉਨ੍ਹਾਂ ਦੇ ਪਤਨੀ ਬੈਟਸੀ ਅਰਾਕਾਵਾ

ਤਸਵੀਰ ਸਰੋਤ, Tribune News Service via Getty Images

ਤਸਵੀਰ ਕੈਪਸ਼ਨ, ਅਦਾਕਾਰ ਜੀਨ ਹੈਕਮੈਨ ਆਏ ਉਨ੍ਹਾਂ ਦੇ ਪਤਨੀ ਬੈਟਸੀ ਅਰਾਕਾਵਾ (ਫਾਈਲ ਫੋਟੋ)

ਨੈਸ਼ਨਲ ਇੰਸਟੀਟਿਊਟਸ ਆਫ਼ ਹੈਲਥ ਦੀ ਇੱਕ ਰਿਪੋਰਟ ਦੇ ਅਨੁਸਾਰ, ਦੁਨੀਆ ਭਰ ਵਿੱਚ ਹਰ ਸਾਲ ਐਚਐਫ਼ਆਰਐਸ ਦੇ ਕਰੀਬ 1.5 ਲੱਖ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਯੂਰਪ ਅਤੇ ਏਸ਼ੀਆ ਵਿੱਚ ਹੁੰਦੇ ਹਨ। ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚੋਂ ਅੱਧੇ ਤੋਂ ਵੱਧ ਮਾਮਲੇ ਆਮ ਤੌਰ 'ਤੇ ਚੀਨ ਵਿੱਚ ਹੁੰਦੇ ਹਨ।

ਅਮਰੀਕਾ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 1993 ਤੋਂ 2023 ਦੇ ਵਿਚਕਾਰ ਦੇਸ਼ ਵਿੱਚ ਹੰਤਾ ਵਾਇਰਸ ਦੇ 890 ਮਾਮਲੇ ਸਾਹਮਣੇ ਆਏ ਸਨ।

ਕੀ ਹਾਲ ਵਿੱਚ ਹੰਤਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ?

ਫ਼ਰਵਰੀ 2025 ਵਿੱਚ, ਆਸਕਰ ਜੇਤੂ ਅਦਾਕਾਰ ਜੀਨ ਹੈਕਮੈਨ ਦੇ ਪਤਨੀ ਬੈਟਸੀ ਅਰਾਕਾਵਾ ਦੀ ਮੌਤ ਹੰਤਾ ਵਾਇਰਸ ਨਾਲ ਜੁੜੀ ਇੱਕ ਸਾਂਹ ਸਬੰਧੀ ਬਿਮਾਰੀ ਕਾਰਨ ਹੋਈ ਸੀ।

ਮੈਡੀਕਲ ਟੈਸਟ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਅਰਾਕਾਵਾ ਨੂੰ ਐਚਪੀਐਸ ਦੀ ਲਾਗ ਲੱਗ ਗਈ ਸੀ, ਜੋ ਅਮਰੀਕਾ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਆਮ ਸਟ੍ਰੇਨ ਹੈ ਅਤੇ ਇਸੇ ਕਾਰਨ ਉਨ੍ਹਾਂ ਦੀ ਮੌਤ ਹੋਈ।

ਉਨ੍ਹਾਂ ਦੇ ਘਰ (ਜਿੱਥੇ ਉਨ੍ਹਾਂ ਦੀ ਮੌਤ ਹੋਈ ਸੀ) ਦੇ ਬਾਹਰੀ ਕਮਰਿਆਂ ਵਿੱਚ ਪੰਛੀਆਂ ਦੇ ਆਲ੍ਹਣੇ ਅਤੇ ਕੁਝ ਮਰੇ ਹੋਏ ਚੂਹੇ ਮਿਲੇ ਸਨ।