ਕੈਂਸਰ ਪੀੜਤ ਬੱਚਿਆਂ ਦੇ ਇਲਾਜ ਲਈ ਇਕੱਠੇ ਕੀਤੇ ਕਰੋੜਾਂ ਰੁਪਏ ਕਿਵੇਂ ਹੜੱਪੇ ਗਏ, ਕਿਵੇਂ ਹੁੰਦਾ ਸਕੈਮ, ਬੀਬੀਸੀ ਦੀ ਜਾਂਚ 'ਚ ਹੋਰ ਕੀ ਖੁਲਾਸੇ ਹੋਏ?

ਤਸਵੀਰ ਸਰੋਤ, Chance Letivka
- ਲੇਖਕ, ਸਿਮੀ ਜੋਲਾਓਸੋ, ਜੈਕ ਗੁਡਮੈਨ, ਸਾਰਾਹ ਬਕਲੇ
- ਰੋਲ, ਬੀਬੀਸੀ, ਆਈ ਇਨਵੈਸਟੀਗੇਸ਼ਨ
- ਪੜ੍ਹਨ ਦਾ ਸਮਾਂ: 14 ਮਿੰਟ
ਚੇਤਵਾਨੀ: ਰਿਪੋਰਟ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।
ਇੱਕ ਛੋਟਾ ਬੱਚਾ ਕੈਮਰੇ ਵੱਲ ਦੇਖ ਰਿਹਾ ਹੈ। ਉਸਦਾ ਰੰਗ ਫਿੱਕਾ ਹੈ ਅਤੇ ਉਸ ਦੇ ਸਿਰ 'ਤੇ ਵਾਲ ਨਹੀਂ ਹਨ।
ਉਹ ਕਹਿ ਰਿਹਾ ਹੈ, "ਮੈਂ ਸੱਤ ਸਾਲਾਂ ਦਾ ਹਾਂ ਅਤੇ ਮੈਨੂੰ ਕੈਂਸਰ ਹੈ, ਕਿਰਪਾ ਕਰਕੇ ਮੇਰੀ ਜਾਨ ਬਚਾਓ ਅਤੇ ਮੇਰੀ ਮਦਦ ਕਰੋ।"
ਖਲੀਲ, ਜਿਸਦੀ ਤਸਵੀਰ ਫਿਲਮ ਦੇ ਇੱਕ ਸੀਨ 'ਚ ਦਿਖਾਈ ਗਈ ਹੈ, ਉਸਦੀ ਮਾਂ ਦੱਸਦੇ ਹਨ ਕਿ ਉਹ ਰਿਕਾਰਡ ਨਹੀਂ ਕਰਨਾ ਚਾਹੁੰਦੇ ਸਨ।
ਬੱਚੇ ਦਾ ਸਿਰ ਮੁੰਨਣ ਲਈ ਕਿਹਾ ਗਿਆ ਸੀ ਅਤੇ ਫਿਰ ਇੱਕ ਫਿਲਮ ਕਰੂ ਨੇ ਉਸ ਨੂੰ ਇੱਕ ਨਕਲੀ ਡ੍ਰਿਪ ਲਗਾ ਦਿੱਤੀ ਅਤੇ ਉਸਦੇ ਪਰਿਵਾਰ ਨੂੰ ਅਜਿਹਾ ਦਿਖਾਵਾ ਕਰਨ ਲਈ ਕਿਹਾ ਜਿਵੇਂ ਉਸਦਾ ਜਨਮਦਿਨ ਹੋਵੇ। ਉਨ੍ਹਾਂ ਨੇ ਉਸ ਨੂੰ ਅੰਗਰੇਜ਼ੀ ਵਿੱਚ ਯਾਦ ਕਰਨ ਅਤੇ ਬੋਲਣ ਲਈ ਇੱਕ ਸਕ੍ਰਿਪਟ ਦਿੱਤੀ ਸੀ।
ਅਤੇ ਅਲਜਿਨ ਕਹਿੰਦੀ ਹੈ ਕਿ ਖਲੀਲ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ, ਜਦੋਂ ਉਸਨੂੰ ਰੁਆਉਣ ਲਈ ਉਸਦੇ ਕੋਲ ਕੱਟੇ ਹੋਏ ਪਿਆਜ਼ ਰੱਖੇ ਗਏ ਅਤੇ ਉਸਦੀਆਂ ਅੱਖਾਂ ਦੇ ਹੇਠਾਂ ਮੈਂਥੋਲ ਲਗਾਇਆ ਗਿਆ।
ਅਲਜਿਨ ਇਸ ਲਈ ਸਹਿਮਤ ਹੋ ਗਈ ਸੀ ਕਿਉਂਕਿ, ਭਾਵੇਂ ਇਹ ਸਭ ਇੱਕ ਨਾਟਕ ਸੀ, ਪਰ ਖਲੀਲ ਨੂੰ ਸੱਚਮੁੱਚ ਕੈਂਸਰ ਸੀ। ਉਸਨੂੰ ਦੱਸਿਆ ਗਿਆ ਸੀ ਕਿ ਇਹ ਵੀਡੀਓ ਬਿਹਤਰ ਇਲਾਜ ਲਈ ਪੈਸੇ ਇਕੱਠੇ ਕਰਨ ਵਿੱਚ ਮਦਦ ਕਰੇਗੀ ਅਤੇ ਪੈਸੇ ਇਕੱਠੇ ਵੀ ਹੋਏ - ਖਲੀਲ ਦੇ ਨਾਮ 'ਤੇ ਚਲਾਈ ਗਈ ਮੁਹਿੰਮ ਅਨੁਸਾਰ 27,000 ਡਾਲਰ ਇਕੱਠੇ ਹੋਏ।
ਪਰ ਅਲਜਿਨ ਨੂੰ ਦੱਸਿਆ ਗਿਆ ਕਿ ਮੁਹਿੰਮ ਫੇਲ੍ਹ ਹੋ ਗਈ ਹੈ ਅਤੇ ਉਹ ਕਹਿੰਦੀ ਹੈ ਕਿ ਉਸਨੂੰ ਇਨ੍ਹਾਂ ਪੈਸਿਆਂ ਵਿੱਚੋਂ ਕੁਝ ਵੀ ਨਹੀਂ ਮਿਲਿਆ। ਸਿਰਫ਼ ਉਸ ਦਿਨ ਫਿਲਮਾਉਣ ਦੀ ਫੀਸ ਵਜੋਂ 700 ਡਾਲਰ ਮਿਲੇ। ਇੱਕ ਸਾਲ ਬਾਅਦ, ਖਲੀਲ ਦੀ ਮੌਤ ਹੋ ਗਈ।
ਦੁਨੀਆ ਭਰ ਵਿੱਚ ਬਿਮਾਰ ਜਾਂ ਮਰਨ ਕੰਢੇ ਪਹੁੰਚੇ ਬੱਚਿਆਂ ਦੇ ਲਾਚਾਰ ਮਾਤਾ-ਪਿਤਾ ਨੂੰ ਔਨਲਾਈਨ ਧੋਖਾਧੜੀ ਮੁਹਿੰਮਾਂ ਦੁਆਰਾ ਲੁੱਟਿਆ ਜਾ ਰਿਹਾ ਹੈ, ਜਿਵੇਂ ਕਿ ਬੀਬੀਸੀ ਵਰਲਡ ਸਰਵਿਸ ਨੇ ਖੁਲਾਸਾ ਕੀਤਾ ਹੈ।
ਲੋਕਾਂ ਨੇ ਉਨ੍ਹਾਂ ਮੁਹਿੰਮਾਂ ਲਈ ਪੈਸੇ ਦਿੱਤੇ ਹਨ ਜੋ ਜਾਨ ਬਚਾਉਣ ਵਾਸਤੇ ਇਲਾਜ ਲਈ ਫੰਡ ਇਕੱਠਾ ਕਰਨ ਦਾ ਦਾਅਵਾ ਕਰਦੀਆਂ ਹਨ। ਅਸੀਂ ਅਜਿਹੇ 15 ਪਰਿਵਾਰਾਂ ਦੀ ਪਛਾਣ ਕੀਤੀ ਹੈ ਜੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਕੱਠੇ ਕੀਤੇ ਫੰਡਾਂ ਵਿੱਚੋਂ ਬਹੁਤ ਘੱਟ ਜਾਂ ਕੁਝ ਵੀ ਨਹੀਂ ਮਿਲਿਆ ਅਤੇ ਅਕਸਰ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਇਹ ਵੀਡੀਓ ਜਨਤਕ ਹੋ ਗਈਆਂ ਹਨ।
'ਮੈਂ ਮਰਨਾ ਨਹੀਂ ਚਾਹੁੰਦੀ, ਮੇਰੇ ਇਲਾਜ 'ਤੇ ਬਹੁਤ ਖਰਚ ਆਉਂਦਾ ਹੈ'

ਤਸਵੀਰ ਸਰੋਤ, Chance Letikva
9 ਪਰਿਵਾਰ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ, ਜਿਨ੍ਹਾਂ ਦੀਆਂ ਵੀਡੀਓਜ਼ ਉਸੇ ਧੋਖਾਧੜੀ ਵਾਲੇ ਨੈੱਟਵਰਕ ਦਾ ਹਿੱਸਾ ਜਾਪਦੀਆਂ ਹਨ, ਕਹਿੰਦੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ 'ਤੇ ਇਕੱਠੇ ਕੀਤੇ ਗਏ 4 ਮਿਲੀਅਨ ਡਾਲਰ ਵਿੱਚੋਂ ਕਦੇ ਵੀ ਕੁਝ ਨਹੀਂ ਮਿਲਿਆ।
ਇਸ ਨੈੱਟਵਰਕ ਦੇ ਇੱਕ ਭੇਤੀ ਨੇ ਸਾਨੂੰ ਦੱਸਿਆ ਕਿ ਉਹ ਅਜਿਹੇ "ਸੁੰਦਰ ਬੱਚਿਆਂ" ਦੀ ਭਾਲ ਕਰਦੇ ਸਨ ਜਿਨ੍ਹਾਂ ਦੀ "ਉਮਰ ਤਿੰਨ ਤੋਂ ਨੌਂ ਸਾਲ ਹੋਵੇ ਅਤੇ ਸਿਰ 'ਤੇ ਵਾਲ ਨਾ ਹੋਣ"।
ਅਸੀਂ ਇਸ ਧੋਖਾਧੜੀ ਵਿੱਚ ਇੱਕ ਮੁੱਖ ਖਿਡਾਰੀ ਦੀ ਪਛਾਣ ਕੈਨੇਡਾ ਵਿੱਚ ਰਹਿਣ ਵਾਲੇ ਇਜ਼ਰਾਈਲੀ ਵਿਅਕਤੀ ਏਰੇਜ਼ ਹਾਦਾਰੀ ਵਜੋਂ ਕੀਤੀ ਹੈ।
ਸਾਡੀ ਜਾਂਚ ਅਕਤੂਬਰ 2023 ਵਿੱਚ ਸ਼ੁਰੂ ਹੋਈ, ਜਦੋਂ ਇੱਕ ਪਰੇਸ਼ਾਨ ਕਰਨ ਵਾਲੇ ਯੂਟਿਊਬ ਇਸ਼ਤਿਹਾਰ ਨੇ ਸਾਡਾ ਧਿਆਨ ਖਿੱਚਿਆ।
"ਮੈਂ ਮਰਨਾ ਨਹੀਂ ਚਾਹੁੰਦੀ," ਘਾਨਾ ਦੀ ਅਲੈਗਜ਼ੈਂਡਰਾ ਨਾਮ ਦੀ ਇੱਕ ਕੁੜੀ ਰੋਂਦੇ ਹੋਏ ਅਜਿਹਾ ਕਹਿ ਰਹੀ ਸੀ ਕਿ ਮੇਰੇ ਇਲਾਜ 'ਤੇ ਬਹੁਤ ਖਰਚਾ ਆਉਂਦਾ ਹੈ।
ਉਸ ਲਈ ਚਲਾਈ ਗਈ ਇੱਕ ਮੁਹਿੰਮ ਰਾਹੀਂ ਲਗਭਗ 7 ਲੱਖ ਡਾਲਰ ਇਕੱਠੇ ਕੀਤੇ ਗਏ ਸਨ।
ਅਸੀਂ ਯੂਟਿਊਬ 'ਤੇ ਦੁਨੀਆ ਭਰ ਦੇ ਬਿਮਾਰ ਬੱਚਿਆਂ ਦੀਆਂ ਹੋਰ ਵੀਡੀਓਜ਼ ਦੇਖੀਆਂ, ਜੋ ਸਾਰੀਆਂ ਇੱਕੋ ਜਿਹੀਆਂ ਸਨ। ਬਹੁਤ ਵਧੀਆ ਤਰੀਕੇ ਨਾਲ ਬਣਾਈਆਂ ਗਈਆਂ ਅਤੇ ਜਿਨ੍ਹਾਂ ਰਾਹੀਂ ਭਾਰੀ ਮਾਤਰਾ ਵਿੱਚ ਫੰਡ ਇਕੱਠਾ ਕੀਤਾ ਗਿਆ ਸੀ। ਇਹ ਸਾਰੀਆਂ ਵੀਡੀਓਜ਼ ਭਾਵਨਾਤਮਕ ਭਾਸ਼ਾ ਵਰਤਦੇ ਹੋਏ ਮਾਮਲੇ ਨੂੰ ਬਹੁਤ ਗੰਭੀਰ ਦਿਖਾਉਂਦੀਆਂ ਸਨ।
ਅਸੀਂ ਇਸਦੀ ਹੋਰ ਜਾਂਚ ਕਰਨ ਦਾ ਫੈਸਲਾ ਕੀਤਾ।
ਜਿਨ੍ਹਾਂ ਮੁਹਿੰਮਾਂ ਦੀ ਅੰਤਰਰਾਸ਼ਟਰੀ ਪੱਧਰ 'ਤੇ ਸਭ ਤੋਂ ਵੱਧ ਪਹੁੰਚ ਸੀ ਉਹ 'ਚਾਂਸ ਲੇਟਿਕਵਾ' (ਚਾਂਸ ਫਾਰ ਹੋਪ) ਨਾਮਕ ਸੰਸਥਾ ਦੇ ਅਧੀਨ ਸਨ। ਜੋ ਇਜ਼ਰਾਈਲ ਅਤੇ ਅਮਰੀਕਾ ਵਿੱਚ ਰਜਿਸਟਰਡ ਹੈ।
ਵੀਡੀਓਜ਼ ਵਿੱਚ ਦਿਖਾਏ ਗਏ ਬੱਚਿਆਂ ਦੀ ਪਛਾਣ ਕਰਨਾ ਮੁਸ਼ਕਲ ਸੀ। ਅਸੀਂ ਕੋਲੰਬੀਆ ਅਤੇ ਫਿਲੀਪੀਨਜ਼ ਵਰਗੇ ਦੂਰ-ਦੁਰਾਡੇ ਦੇਸ਼ਾਂ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੱਭਣ ਲਈ ਜੀਓਲੋਕੇਸ਼ਨ, ਸੋਸ਼ਲ ਮੀਡੀਆ ਅਤੇ ਚਿਹਰੇ ਦੀ ਪਛਾਣ ਕਰਨ ਵਾਲੇ ਸੌਫਟਵੇਅਰ ਦੀ ਵਰਤੋਂ ਕੀਤੀ।
ਹਾਲਾਂਕਿ ਇਹ ਪੱਕੇ ਤੌਰ 'ਤੇ ਪਤਾ ਲਗਾਉਣਾ ਮੁਸ਼ਕਲ ਸੀ ਕਿ ਮੁਹਿੰਮ ਦੀਆਂ ਵੈੱਬਸਾਈਟਾਂ 'ਤੇ ਦਿਖਾਈ ਦੇ ਰਹੀ ਕੁੱਲ ਰਕਮ ਅਸਲੀ ਸੀ ਜਾਂ ਨਹੀਂ, ਪਰ ਅਸੀਂ ਉਨ੍ਹਾਂ ਵਿੱਚੋਂ ਦੋ ਨੂੰ ਥੋੜ੍ਹੇ ਜਿਹੇ ਪੈਸੇ ਦਾਨ ਕੀਤੇ ਅਤੇ ਦੇਖਿਆ ਕਿ ਕੁੱਲ ਰਕਮ ਵਿੱਚ ਉਨੀ ਹੀ ਰਾਸ਼ੀ ਦਾ ਵਾਧਾ ਹੋ ਗਿਆ।
ਗੰਭੀਰ ਬੱਚਿਆਂ ਦੇ ਨਾਮ 'ਤੇ ਗਲਤ ਢੰਗ ਨਾਲ ਇਕੱਠਾ ਕੀਤਾ ਜਾਂਦਾ ਪੈਸਾ
ਅਸੀਂ ਇਕ ਅਜਿਹੀ ਮਹਿਲਾ ਨਾਲ ਵੀ ਗੱਲ ਕੀਤੀ ਜੋ ਕਹਿੰਦੀ ਹੈ ਕਿ ਉਸ ਨੇ ਅਲੈਗਜ਼ੈਂਡਰਾ ਦੀ ਮੁਹਿੰਮ ਲਈ 180 ਡਾਲਰ ਦਿੱਤੇ ਸਨ ਅਤੇ ਉਸ ਤੋਂ ਬਾਅਦ ਉਸ ਨੂੰ ਹੋਰ ਪੈਸਿਆਂ ਲਈ ਬੇਨਤੀਆਂ ਦੀ ਝੜੀ ਲੱਗ ਗਈ, ਜੋ ਸਾਰੀਆਂ ਇਸ ਤਰ੍ਹਾਂ ਲਿਖੀਆਂ ਗਈਆਂ ਸਨ ਜਿਵੇਂ ਅਲੈਗਜ਼ੈਂਡਰਾ ਅਤੇ ਉਸ ਦੇ ਪਿਤਾ ਨੇ ਭੇਜੀਆਂ ਹੋਣ।
ਫਿਲੀਪੀਨਜ਼ ਵਿੱਚ ਅਲਜਿਨ ਤਬਾਸਾ ਨੇ ਸਾਨੂੰ ਦੱਸਿਆ ਕਿ ਉਸ ਦਾ ਪੁੱਤਰ ਖਲੀਲ ਆਪਣੇ ਸੱਤਵੇਂ ਜਨਮਦਿਨ ਤੋਂ ਤੁਰੰਤ ਬਾਅਦ ਬਿਮਾਰ ਹੋ ਗਿਆ ਸੀ।
ਉਹ ਕਹਿੰਦੇ ਹਨ, "ਜਦੋਂ ਸਾਨੂੰ ਪਤਾ ਲੱਗਾ ਕਿ ਇਹ ਕੈਂਸਰ ਹੈ ਤਾਂ ਅਜਿਹਾ ਮਹਿਸੂਸ ਹੋਇਆ ਜਿਵੇਂ ਮੇਰੀ ਪੂਰੀ ਦੁਨੀਆ ਹੀ ਉੱਜੜ ਗਈ ਹੋਵੇ।"
ਅਲਜਿਨ ਕਹਿੰਦੀ ਹੈ ਕਿ ਸੇਬੂ ਸ਼ਹਿਰ ਦੇ ਉਨ੍ਹਾਂ ਦੇ ਸਥਾਨਕ ਹਸਪਤਾਲ ਵਿੱਚ ਇਲਾਜ ਬਹੁਤ ਸੁਸਤ ਸੀ ਅਤੇ ਉਸਨੇ ਮਦਦ ਲਈ ਹਰ ਉਸ ਵਿਅਕਤੀ ਨੂੰ ਮੈਸੇਜ ਕੀਤਾ ਸੀ ਜਿਸ ਬਾਰੇ ਉਹ ਸੋਚ ਸਕਦੀ ਸੀ। ਇੱਕ ਵਿਅਕਤੀ ਨੇ ਉਸ ਦਾ ਸੰਪਰਕ 'ਰੋਈ ਯਨਸੀਏਰਟੋ' ਨਾਂਅ ਦੇ ਇੱਕ ਸਥਾਨਕ ਕਾਰੋਬਾਰੀ ਨਾਲ ਕਰਵਾਇਆ, ਜਿਸ ਨੇ ਖਲੀਲ ਦੀ ਇੱਕ ਵੀਡੀਓ ਮੰਗੀ ਸੀ, ਜਿਸ ਬਾਰੇ ਹੁਣ ਪਿੱਛੇ ਮੁੜ ਕੇ ਦੇਖਦਿਆਂ ਅਲਜਿਨ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਅਸਲ ਵਿੱਚ ਇੱਕ 'ਆਡੀਸ਼ਨ' ਸੀ।
ਫਿਰ ਦਸੰਬਰ 2022 ਵਿੱਚ ਕੈਨੇਡਾ ਤੋਂ ਇੱਕ ਹੋਰ ਵਿਅਕਤੀ ਆਇਆ, ਜਿਸ ਨੇ ਆਪਣੀ ਜਾਣ-ਪਛਾਣ "ਇਰੇਜ਼" ਵਜੋਂ ਕਰਵਾਈ। ਉਸਨੇ ਫਿਲਮਾਉਣ ਦੀ ਫੀਸ ਪਹਿਲਾਂ ਹੀ ਦੇ ਦਿੱਤੀ ਸੀ, ਅਤੇ ਵਾਅਦਾ ਕੀਤਾ ਸੀ ਕਿ ਜੇਕਰ ਫਿਲਮ ਰਾਹੀਂ ਬਹੁਤ ਜ਼ਿਆਦਾ ਦਾਨ ਇਕੱਠਾ ਹੋਇਆ ਤਾਂ ਉਹ ਹਰ ਮਹੀਨੇ 1,500 ਡਾਲਰ ਹੋਰ ਦੇਣਗੇ।
ਇਰੇਜ਼ ਨੇ ਇੱਕ ਸਥਾਨਕ ਹਸਪਤਾਲ ਵਿੱਚ ਖਲੀਲ ਦੀ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਵਾਰ-ਵਾਰ ਰੀ-ਟੇਕ ਲਏ। ਅਲਜਿਨ ਦੱਸਦੇ ਹਨ ਕਿ ਇਹ ਸ਼ੂਟਿੰਗ ਲਗਾਤਾਰ 12 ਘੰਟੇ ਚੱਲੀ।
ਮਹੀਨਿਆਂ ਬਾਅਦ, ਪਰਿਵਾਰ ਕਹਿੰਦਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਸੀ ਕਿ ਵੀਡੀਓ ਨੇ ਕਿਵੇਂ ਪ੍ਰਦਰਸ਼ਨ ਕੀਤਾ ਜਾਂ ਕਿੰਨਾ ਫੰਡ ਇਕੱਠਾ ਕੀਤਾ। ਅਲਜਿਨ ਨੇ ਇਰੇਜ਼ ਨੂੰ ਮੈਸੇਜ ਕੀਤਾ, ਜਿਸ ਨੇ ਉਸ ਨੂੰ ਦੱਸਿਆ ਕਿ ਵੀਡੀਓ "ਸਫਲ ਨਹੀਂ ਰਹੀ"।
ਉਹ ਕਹਿੰਦੇ ਹਨ, "ਇਸ ਲਈ ਮੈਂ ਇਹੀ ਸਮਝਿਆ ਕਿ ਵੀਡੀਓ ਤੋਂ ਕੋਈ ਪੈਸਾ ਨਹੀਂ ਬਣਿਆ।"
ਪਰ ਅਸੀਂ ਉਸ ਨੂੰ ਦੱਸਿਆ ਕਿ ਨਵੰਬਰ 2024 ਤੱਕ ਇਸ ਮੁਹਿੰਮ ਨੇ ਕਥਿਤ ਤੌਰ 'ਤੇ 27,000 ਡਾਲਰ ਇਕੱਠੇ ਕੀਤੇ ਸਨ ਅਤੇ ਇਹ ਅਜੇ ਵੀ ਆਨਲਾਈਨ ਸੀ।
ਅਲਜਿਨ ਕਹਿੰਦੇ ਹਨ, "ਜੇ ਮੈਨੂੰ ਪਤਾ ਹੁੰਦਾ ਕਿ ਅਸੀਂ ਇੰਨੇ ਪੈਸੇ ਇਕੱਠੇ ਕੀਤੇ ਹਨ ਤਾਂ ਮੈਂ ਇਹ ਸੋਚੇ ਬਿਨਾਂ ਨਹੀਂ ਰਹਿ ਸਕਦੀ ਕਿ ਸ਼ਾਇਦ ਖਲੀਲ ਅੱਜ ਵੀ ਸਾਡੇ ਵਿੱਚ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਸਾਡੇ ਨਾਲ ਅਜਿਹਾ ਕਿਵੇਂ ਕਰ ਸਕਦੇ ਹਨ।"
ਫਿਲਮਿੰਗ ਵਿਚ ਆਪਣੀ ਭੂਮਿਕਾ ਬਾਰੇ ਪੁੱਛਣ 'ਤੇ ਰੋਈ ਯਨਸੀਏਰਟੋ ਨੇ ਇਨਕਾਰ ਕੀਤਾ ਕਿ ਉਸ ਨੇ ਪਰਿਵਾਰਾਂ ਨੂੰ ਬੱਚਿਆਂ ਦਾ ਸਿਰ ਮੁੰਡਵਾਉਣ ਲਈ ਨਹੀਂ ਆਖਿਆ ਸੀ ਅਤੇ ਆਖਿਆ ਕਿ ਉਸ ਨੂੰ ਪਰਿਵਾਰਾਂ ਨੂੰ ਲੱਭਣ ਲਈ ਕੋਈ ਪੈਸਾ ਨਹੀਂ ਮਿਲਿਆ।
ਉਸਨੇ ਕਿਹਾ ਕਿ ਫੰਡਾਂ ਨਾਲ ਜੋ ਹੋਇਆ ਉਸ 'ਤੇ ਉਸਦਾ "ਕੋਈ ਕੰਟਰੋਲ" ਨਹੀਂ ਸੀ ਅਤੇ ਫਿਲਮਾਉਣ ਵਾਲੇ ਦਿਨ ਤੋਂ ਬਾਅਦ ਪਰਿਵਾਰਾਂ ਨਾਲ ਉਸਦਾ ਕੋਈ ਸੰਪਰਕ ਨਹੀਂ ਸੀ। ਜਦੋਂ ਅਸੀਂ ਉਸਨੂੰ ਦੱਸਿਆ ਕਿ ਉਨ੍ਹਾਂ ਨੂੰ ਮੁਹਿੰਮਾਂ ਦੇ ਦਾਨ ਵਿੱਚੋਂ ਕੁਝ ਵੀ ਨਹੀਂ ਮਿਲਿਆ ਹੈ ਤਾਂ ਉਸਨੇ ਕਿਹਾ ਕਿ ਉਹ "ਹੈਰਾਨ" ਸੀ ਅਤੇ "ਪਰਿਵਾਰਾਂ ਲਈ ਬਹੁਤ ਦੁਖੀ" ਸੀ।
'ਚਾਂਸ ਲੇਟਿਕਵਾ' ਦੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ 'ਤੇ ਇਰੇਜ਼ ਨਾਮ ਦਾ ਕੋਈ ਵੀ ਵਿਅਕਤੀ ਦਿਖਾਈ ਨਹੀਂ ਦਿੰਦਾ। ਪਰ ਜਿਨ੍ਹਾਂ ਦੋ ਮੁਹਿੰਮਾਂ ਦੀ ਅਸੀਂ ਜਾਂਚ ਕੀਤੀ, ਉਨ੍ਹਾਂ ਦਾ ਪ੍ਰਚਾਰ 'ਵਾਲਜ਼ ਆਫ ਹੋਪ' ਨਾਂਅ ਦੀ ਇੱਕ ਹੋਰ ਸੰਸਥਾ ਦੁਆਰਾ ਵੀ ਕੀਤਾ ਗਿਆ ਸੀ, ਜੋ ਇਜ਼ਰਾਈਲ ਅਤੇ ਕੈਨੇਡਾ ਵਿੱਚ ਰਜਿਸਟਰਡ ਹੈ। ਦਸਤਾਵੇਜ਼ਾਂ ਵਿੱਚ ਕੈਨੇਡਾ ਵਿੱਚ ਡਾਇਰੈਕਟਰ ਵਜੋਂ ਇਰੇਜ਼ ਹਦਾਰੀ ਦਾ ਨਾਮ ਦਰਜ ਹੈ।
ਅਸੀਂ ਮਿਸਟਰ ਹਦਾਰੀ ਨੂੰ ਫਿਲੀਪੀਨਜ਼ ਵਿੱਚ ਇੱਕ ਮੁਹਿੰਮ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਪੁੱਛਿਆ। ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਵੀਡੀਓਜ਼ ਫਿਲਮਾਉਣ ਲਈ ਪਰਿਵਾਰਾਂ 'ਤੇ ਦਬਾਅ
ਅਸੀਂ ਕੁਝ ਹੋਰ ਪਰਿਵਾਰਾਂ ਕੋਲ ਗਏ ਜਿਨ੍ਹਾਂ ਦੀਆਂ ਮੁਹਿੰਮਾਂ ਜਾਂ ਤਾਂ ਮਿਸਟਰ ਹਦਾਰੀ ਦੁਆਰਾ ਆਯੋਜਿਤ ਕੀਤੀਆਂ ਗਈਆਂ ਸਨ, ਜਾਂ ਉਨ੍ਹਾਂ ਨਾਲ ਜੁੜੀਆਂ ਹੋਈਆਂ ਸਨ, ਇੱਕ ਕੋਲੰਬੀਆ ਵਿੱਚ ਇੱਕ ਦੂਰ-ਦੁਰਾਡੇ ਆਦਿਵਾਸੀ ਭਾਈਚਾਰੇ ਵਿੱਚ ਅਤੇ ਦੂਜਾ ਯੂਕਰੇਨ ਵਿੱਚ।
ਖਲੀਲ ਦੇ ਕੇਸ ਵਾਂਗ ਹੀ, ਸਥਾਨਕ ਵਿਚੋਲਿਆਂ ਨੇ ਮਦਦ ਦੀ ਪੇਸ਼ਕਸ਼ ਕਰਨ ਲਈ ਸੰਪਰਕ ਕੀਤਾ ਸੀ। ਬੱਚਿਆਂ ਨੂੰ ਫਿਲਮਾਇਆ ਗਿਆ ਅਤੇ ਮਾਮੂਲੀ ਫੀਸ ਦੇ ਬਦਲੇ ਉਨ੍ਹਾਂ ਨੂੰ ਰੁਆਇਆ ਗਿਆ ਜਾਂ ਨਕਲੀ ਹੰਝੂ ਕੱਢਣ ਲਈ ਮਜਬੂਰ ਕੀਤਾ ਗਿਆ, ਪਰ ਉਨ੍ਹਾਂ ਨੂੰ ਕਦੇ ਵੀ ਕੋਈ ਹੋਰ ਪੈਸਾ ਨਹੀਂ ਮਿਲਿਆ।
ਉੱਤਰ-ਪੱਛਮੀ ਕੋਲੰਬੀਆ ਦੇ ਸੁਕਰੇ ਵਿੱਚ ਸਰਜੀਓ ਕੇਅਰ ਕਹਿੰਦੇ ਹਨ ਕਿ ਉਸਨੇ ਸ਼ੁਰੂ ਵਿੱਚ ਇਸ ਮਦਦ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾ ਨੇ ਦੱਸਿਆ ਕਿ ਇਜ਼ਾਬੇਲ ਨਾਮ ਦੇ ਕਿਸੇ ਵਿਅਕਤੀ ਨੇ ਉਸ ਨਾਲ ਸੰਪਰਕ ਕੀਤਾ ਸੀ, ਜਿਸਨੇ ਉਸਦੀ ਅੱਠ ਸਾਲ ਦੀ ਬੇਟੀ ਐਨਾ ਨੂੰ ਦਿਮਾਗ ਦਾ ਕੈਂਸਰ ਹੋਣ ਤੋਂ ਬਾਅਦ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ।
ਪਰ ਉਹ ਕਹਿੰਦੇ ਹਨ ਕਿ ਇਜ਼ਾਬੇਲ ਉਸਨੂੰ ਉਸ ਹਸਪਤਾਲ ਵਿੱਚ ਲੱਭਣ ਆਈ ਜਿੱਥੇ ਐਨਾ ਦਾ ਇਲਾਜ ਚੱਲ ਰਿਹਾ ਸੀ ਅਤੇ ਉਸ ਦੇ ਨਾਲ ਇੱਕ ਆਦਮੀ ਸੀ ਜਿਸ ਨੇ ਕਿਹਾ ਕਿ ਉਹ ਇੱਕ ਅੰਤਰਰਾਸ਼ਟਰੀ ਐੱਨਜੀਓ ਲਈ ਕੰਮ ਕਰਦਾ ਹੈ।
ਸਰਜੀਓ ਨੇ ਉਸ ਆਦਮੀ ਦਾ ਜੋ ਹੁਲੀਆ ਦੱਸਿਆ ਉਹ ਇਰੇਜ਼ ਹਦਾਰੀ ਨਾਲ ਮੇਲ ਖਾਂਦਾ ਸੀ। ਫਿਰ ਉਸਨੇ ਸਾਡੇ ਦੁਆਰਾ ਦਿਖਾਈ ਗਈ ਇੱਕ ਫੋਟੋ ਵਿੱਚ ਉਸ ਨੂੰ ਪਛਾਣ ਲਿਆ।
"ਉਸਨੇ ਮੈਨੂੰ ਉਮੀਦ ਦਿੱਤੀ... ਮੇਰੇ ਕੋਲ ਭਵਿੱਖ ਲਈ ਕੋਈ ਪੈਸਾ ਨਹੀਂ ਸੀ।"
ਉਸ ਦੀਆਂ ਆਨਲਾਈਨ ਫੋਟੋਆਂ ਵਿਚ ਉਹ ਫਿਲੀਪੀਨਜ਼, ਨਿਊਯਾਰਕ ਅਤੇ ਮਿਆਮੀ ਵਿਚ ਯਹੂਦੀ ਧਾਰਮਿਕ ਇਵੈਂਟਾਂ ਵਿਚ ਨਜ਼ਰ ਆਉਂਦਾ ਹੈ। ਅਸੀਂ ਅਲਜੀਨ ਨੂੰ ਫੋਟੋਆਂ ਦਿਖਾਈਆਂ ਅਤੇ ਉਸ ਨੇ ਆਖਿਆ ਕਿ ਇਹ ਉਹੀ ਵਿਅਕਤੀ ਹੈ ਜਿਸ ਨਾਲ ਉਸਦੀ ਮੁਲਾਕਾਤ ਹੋਈ ਸੀ।
ਪਰਿਵਾਰ 'ਤੇ ਦਬਾਅ ਸਿਰਫ਼ ਫਿਲਮਾਉਣ ਤੱਕ ਹੀ ਖ਼ਤਮ ਨਹੀਂ ਹੋਇਆ।
ਸਰਗੀਓ ਕਹਿੰਦੇ ਹਨ ਕਿ ਇਜ਼ਾਬੇਲ ਲਗਾਤਾਰ ਫੋਨ ਕਰਦੇ ਰਹੇ ਅਤੇ ਹਸਪਤਾਲ ਵਿੱਚ ਐਨਾ ਦੀਆਂ ਹੋਰ ਤਸਵੀਰਾਂ ਦੀ ਮੰਗ ਕਰਦੇ ਰਹੇ। ਜਦੋਂ ਸਰਗੀਓ ਨੇ ਕੋਈ ਜਵਾਬ ਨਹੀਂ ਦਿੱਤਾ, ਤਾਂ ਇਜ਼ਾਬੇਲ ਨੇ ਖੁਦ ਐਨਾ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ - ਅਜਿਹੇ ਵੌਇਸ ਨੋਟ ਜੋ ਅਸੀਂ ਖੁਦ ਸੁਣੇ ਹਨ।
ਐਨਾ ਨੇ ਇਜ਼ਾਬੇਲ ਨੂੰ ਦੱਸਿਆ ਕਿ ਉਨ੍ਹਾਂ ਕੋਲ ਭੇਜਣ ਲਈ ਹੋਰ ਕੋਈ ਤਸਵੀਰ ਨਹੀਂ ਹੈ। ਇਜ਼ਾਬੇਲ ਨੇ ਜਵਾਬ ਦਿੱਤਾ: "ਇਹ ਬਹੁਤ ਗਲਤ ਹੈ ਐਨਾ, ਬਹੁਤ ਗਲਤ ਹੈ।"
ਐਨਾ ਜੋ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ, ਉਨ੍ਹਾਂ ਨੇ ਇਸ ਸਾਲ ਜਨਵਰੀ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਵਾਅਦਾ ਕੀਤੀ ਗਈ ਰਕਮ ਦਾ ਕੀ ਹੋਇਆ।
ਇਜ਼ਾਬੇਲ ਨੇ ਉਨ੍ਹਾਂ ਨੂੰ ਇੱਕ ਵੌਇਸ ਨੋਟ ਵਿੱਚ ਦੱਸਿਆ, "ਉਹ ਸੰਸਥਾ (ਫਾਊਂਡੇਸ਼ਨ) ਗਾਇਬ ਹੋ ਗਈ ਹੈ। ਤੁਹਾਡੀ ਵੀਡੀਓ ਕਦੇ ਅਪਲੋਡ ਹੀ ਨਹੀਂ ਕੀਤੀ ਗਈ ਸੀ। ਕਦੇ ਵੀ ਨਹੀਂ। ਇਸ ਨਾਲ ਕੁਝ ਵੀ ਨਹੀਂ ਕੀਤਾ ਗਿਆ, ਸਮਝੇ?"
ਪਰ ਅਸੀਂ ਦੇਖ ਸਕਦੇ ਸੀ ਕਿ ਵੀਡੀਓ ਅਪਲੋਡ ਕੀਤੀ ਗਈ ਸੀ ਅਤੇ ਅਪ੍ਰੈਲ 2024 ਤੱਕ ਇਸ ਰਾਹੀਂ ਲਗਭਗ 250,000 ਡਾਲਰ ਇਕੱਠੇ ਕੀਤੇ ਗਏ ਸਨ।

'ਮੈਨੂੰ ਪਰਿਵਾਰਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ'
ਅਕਤੂਬਰ ਵਿੱਚ, ਅਸੀਂ ਇਜ਼ਾਬੇਲ ਹਰਨਾਂਡੇਜ਼ ਨੂੰ ਵੀਡੀਓ ਲਿੰਕ ਰਾਹੀਂ ਸਾਡੇ ਨਾਲ ਗੱਲ ਕਰਨ ਲਈ ਰਾਜ਼ੀ ਕਰ ਲਿਆ।
ਉਨ੍ਹਾਂ ਨੇ ਦੱਸਿਆ ਕਿ ਇਜ਼ਰਾਈਲ ਦੇ ਇੱਕ ਦੋਸਤ ਨੇ ਉਨ੍ਹਾਂ ਦੀ ਜਾਣ-ਪਛਾਣ ਕਿਸੇ ਅਜਿਹੇ ਵਿਅਕਤੀ ਨਾਲ ਕਰਵਾਈ ਸੀ ਜੋ "ਇੱਕ ਸੰਸਥਾ" ਲਈ ਕੰਮ ਦੀ ਪੇਸ਼ਕਸ਼ ਕਰ ਰਹੇ ਸੀ, ਜੋ ਕੈਂਸਰ ਪੀੜਤ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਕਿਸ ਲਈ ਕੰਮ ਕਰਦੇ ਸਨ।
ਇਜ਼ਾਬੇਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਵਲੋਂ ਜਿਨ੍ਹਾਂ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ ਸੀ, ਉਨ੍ਹਾਂ ਵਿਚੋਂ ਸਿਰਫ ਇੱਕ ਹੀ ਮੁਹਿੰਮ ਪ੍ਰਕਾਸ਼ਿਤ ਹੋਈ ਸੀ ਅਤੇ ਉਹ ਵੀ ਸਫਲ ਨਹੀਂ ਰਹੀ ਸੀ।
ਅਸੀਂ ਇਜ਼ਾਬੇਲ ਨੂੰ ਦਿਖਾਇਆ ਕਿ ਅਸਲ ਵਿੱਚ ਦੋ ਮੁਹਿੰਮਾਂ ਅਪਲੋਡ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਨੇ 700,000 ਡਾਲਰ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਸੀ।
ਫਿਰ ਉਨ੍ਹਾਂ ਨੇ ਕਿਹਾ, "ਮੈਨੂੰ ਪਰਿਵਾਰਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਮੈਨੂੰ ਪਤਾ ਹੁੰਦਾ ਕਿ ਕੀ ਹੋ ਰਿਹਾ ਹੈ, ਤਾਂ ਮੈਂ ਅਜਿਹਾ ਕੁਝ ਕਦੇ ਨਾ ਕਰਦੀ।"
ਯੂਕਰੇਨ ਵਿੱਚ ਸਾਨੂੰ ਪਤਾ ਲੱਗਿਆ ਕਿ ਜਿਸ ਵਿਅਕਤੀ ਨੇ ਇੱਕ ਬਿਮਾਰ ਬੱਚੇ ਦੀ ਮਾਂ ਨਾਲ ਸੰਪਰਕ ਕੀਤਾ ਸੀ, ਉਹ ਅਸਲ ਵਿੱਚ ਉਸੇ ਥਾਂ ਕੰਮ ਕਰਦੇ ਸੀ ਜਿੱਥੇ ਮੁਹਿੰਮ ਦੀ ਵੀਡੀਓ ਫਿਲਮਾਈ ਗਈ ਸੀ।
ਤੇਤਿਆਨਾ ਖਾਲੀਆਵਕਾ ਨੇ ਚੇਰਨਿਵਤਸੀ ਵਿਚ 'ਏਂਜਲਹੋਲਮ ਕਲੀਨਿਕ' ਵਿੱਚ ਪੰਜ ਸਾਲ ਦੀ ਵਿਕਟੋਰੀਆ ਨਾਲ ਇੱਕ ਸ਼ੂਟਿੰਗ ਆਯੋਜਿਤ ਕੀਤੀ, ਜਿਨ੍ਹਾਂ ਨੂੰ ਬ੍ਰੇਨ ਕੈਂਸਰ ਹੈ।
'ਚਾਂਸ ਲੇਟਿਕਵਾ' ਦੀ ਮੁਹਿੰਮ ਨਾਲ ਜੁੜੀ ਇੱਕ ਫੇਸਬੁੱਕ ਪੋਸਟ ਵਿੱਚ ਵਿਕਟੋਰੀਆ ਅਤੇ ਉਨ੍ਹਾਂ ਦੀ ਮਾਂ ਓਲੇਨਾ ਫਿਰਸੋਵਾ ਨੂੰ ਇੱਕ ਬਿਸਤਰੇ 'ਤੇ ਬੈਠੇ ਦਿਖਾਇਆ ਗਿਆ ਹੈ। ਉਸ ਦੇ ਕੈਪਸ਼ਨ ਵਿੱਚ ਲਿਖਿਆ ਹੈ: "ਮੈਂ ਮੇਰੀ ਬੇਟੀ ਨੂੰ ਬਚਾਉਣ ਲਈ ਤੁਹਾਡੀਆਂ ਕੋਸ਼ਿਸ਼ਾਂ ਨੂੰ ਦੇਖ ਰਹੇ ਹਾਂ, ਅਤੇ ਇਹ ਸਾਨੂੰ ਸਾਰਿਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਵਿਕਟੋਰੀਆ ਦੇ ਇਲਾਜ ਲਈ ਲੋੜੀਂਦੀ ਰਕਮ ਇਕੱਠੀ ਕਰਨਾ ਸਮੇਂ ਦੇ ਵਿਰੁੱਧ ਇੱਕ ਦੌੜ ਵਰਗਾ ਹੈ।"
ਓਲੇਨਾ ਕਹਿੰਦੇ ਨੇ ਕਿ ਉਨ੍ਹਾਂ ਨੇ ਇਹ ਸ਼ਬਦ ਕਦੇ ਨਹੀਂ ਲਿਖੇ ਅਤੇ ਨਾ ਹੀ ਕਦੇ ਕਹੇ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਮੁਹਿੰਮ ਅਪਲੋਡ ਕੀਤੀ ਗਈ ਹੈ।
ਅਜਿਹਾ ਲੱਗਦਾ ਹੈ ਕਿ ਇਸ ਰਾਹੀਂ 280,000 ਯੂਰੋ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ ਹੈ।
ਸਾਨੂੰ ਦੱਸਿਆ ਗਿਆ ਸੀ ਕਿ ਤੇਤਿਆਨਾ, 'ਏਂਜਲਹੋਲਮ ਕਲੀਨਿਕ' ਵਿੱਚ ਇਸ਼ਤਿਹਾਰਬਾਜ਼ੀ ਅਤੇ ਕਮਿਊਨੀਕੇਸ਼ਨ ਦੀ ਇੰਚਾਰਜ ਸਨ।
ਕਲੀਨਿਕ ਨੇ ਹਾਲ ਹੀ ਵਿੱਚ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਥਾਂ 'ਤੇ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ "ਕਲੀਨਿਕ ਨੇ ਕਦੇ ਵੀ ਕਿਸੇ ਸੰਸਥਾ ਵਲੋਂ ਆਯੋਜਿਤ ਫੰਡ ਇਕੱਠਾ ਕਰਨ ਦੀ ਕਿਸੇ ਵੀ ਮੁਹਿੰਮ ਵਿੱਚ ਹਿੱਸਾ ਨਹੀਂ ਲਿਆ ਅਤੇ ਨਾਂ ਹੀ ਉਸਦਾ ਸਮਰਥਨ ਕੀਤਾ ਹੈ।"
ਏਂਜਲਹੋਲਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੇਤਿਆਨਾ ਖਲਿਆਵਕਾ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।

ਬੱਚਿਆਂ ਲਈ ਇਕੱਠਾ ਕੀਤਾ ਗਿਆ ਪੈਸਾ ਆਖਿਰ ਗਿਆ ਕਿੱਥੇ ਹੈ
ਓਲੇਨਾ ਨੇ ਸਾਨੂੰ ਉਹ ਇਕਰਾਰਨਾਮਾ (ਕੰਟਰੈਕਟ) ਦਿਖਾਇਆ ਜਿਸ 'ਤੇ ਉਨ੍ਹਾਂ ਨੂੰ ਦਸਤਖਤ ਕਰਨ ਲਈ ਕਿਹਾ ਗਿਆ ਸੀ।
ਉਸ ਦਿਨ ਪਰਿਵਾਰ ਨੂੰ 1,500 ਡਾਲਰ ਦੀ ਫੀਸ ਫਿਲਮਿੰਗ ਲਈ ਦਿੱਤੀ ਗਈ। ਇਸ ਤੋਂ ਇਲਾਵਾ ਕੰਟਰੈਕਟ ਵਿੱਚ ਲਿਖਿਆ ਹੈ ਕਿ ਫੰਡ ਇਕੱਠਾ ਕਰਨ ਦਾ ਟੀਚਾ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਨੂੰ 8,000 ਡਾਲਰ ਮਿਲਣਗੇ। ਹਾਲਾਂਕਿ ਟੀਚੇ ਵਾਲੀ ਰਕਮ ਖਾਲੀ ਛੱਡੀ ਗਈ ਸੀ।
ਇਕਰਾਰਨਾਮੇ ਵਿੱਚ 'ਚਾਂਸ ਲੇਟਿਕਵਾ' ਲਈ ਨਿਊਯਾਰਕ ਦਾ ਇੱਕ ਪਤਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੰਸਥਾ ਦੀ ਵੈੱਬਸਾਈਟ 'ਤੇ ਇੱਕ ਹੋਰ ਪਤਾ ਦਿੱਤਾ ਹੈ ਜੋ ਕਿ ਯੇਰੂਸ਼ਲਮ ਤੋਂ ਲਗਭਗ ਇੱਕ ਘੰਟੇ ਦੀ ਦੂਰੀ 'ਤੇ ਬੀਤ ਸ਼ੇਮੇਸ਼ (Beit Shemesh) ਵਿੱਚ ਹੈ। ਅਸੀਂ ਦੋਵਾਂ ਥਾਵਾਂ 'ਤੇ ਗਏ, ਪਰ ਸਾਨੂੰ ਉੱਥੇ ਇਸ ਦਾ ਕੋਈ ਨਿਸ਼ਾਨ ਨਹੀਂ ਮਿਲਿਆ।
ਅਤੇ ਅਸੀਂ ਪਤਾ ਲੱਗਿਆ ਕਿ Chance Letikva ਇਸ ਤਰ੍ਹਾਂ ਦੀਆਂ ਕਈ ਸੰਸਥਾਵਾਂ ਵਿਚੋਂ ਇੱਕ ਲੱਗਦੀ ਹੈ।
ਜਿਸ ਵਿਅਕਤੀ ਨੇ ਵਿਕਟੋਰੀਆ ਦੀ ਮੁਹਿੰਮ ਨੂੰ ਫਿਲਮਾਇਆ ਸੀ, ਉਨ੍ਹਾਂ ਨੇ ਸਾਡੇ ਪ੍ਰੋਡਿਊਸਰ (ਜੋ ਇੱਕ ਬੀਮਾਰ ਬੱਚੇ ਦੇ ਦੋਸਤ ਬਣ ਕੇ ਗਏ ਸੀ) ਨੂੰ ਦੱਸਿਆ ਕਿ ਉਹ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਲਈ ਕੰਮ ਕਰਦੇ ਹਨ।
ਉਸ ਵਿਅਕਤੀ ਨੇ ਆਪਣਾ ਨਾਮ "ਓਲੇਹ" ਦੱਸਿਆ ਤੇ ਜਾਣਕਾਰੀ ਦਿੰਦੇ ਦੱਸਿਆ ਕਿ, "ਹਰ ਵਾਰ ਇੱਕ ਵੱਖਰੀ ਸੰਸਥਾ ਹੁੰਦੀ ਹੈ। ਮੈਨੂੰ ਇਹ ਕਹਿੰਦੇ ਹੋਏ ਬੁਰਾ ਲੱਗ ਰਿਹਾ ਹੈ, ਪਰ ਉਹ ਇੱਕ ਕਨਵੇਅਰ ਬੈਲਟ (ਮਸ਼ੀਨ ਵਾਂਗ ਲਗਾਤਾਰ ਕੰਮ ਕਰਨ ਵਾਲਾ ਸਿਸਟਮ) ਵਾਂਗ ਕੰਮ ਕਰਦੇ ਹਨ।"
ਉਨ੍ਹਾਂ ਨੇ ਦੱਸਿਆ ਕਿ "ਲਗਭਗ ਇੱਕ ਦਰਜਨ ਅਜਿਹੀਆਂ ਕੰਪਨੀਆਂ" "ਮਟੀਰੀਅਲ" ਦੀ ਮੰਗ ਕਰਦੀਆਂ ਹਨ। ਉਨ੍ਹਾਂ ਨੇ ਕੰਪਨੀਆਂ ਵਿੱਚੋਂ ਦੋ ਦੇ ਨਾਮ ਲਏ ਸੇਂਟ ਟੇਰੇਸਾ ਅਤੇ ਲਿਟਲ ਏਂਜਲਸ, ਜੋ ਦੋਵੇਂ ਅਮਰੀਕਾ ਵਿੱਚ ਰਜਿਸਟਰਡ ਹਨ।
ਜਦੋਂ ਅਸੀਂ ਉਨ੍ਹਾਂ ਦੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਦੀ ਜਾਂਚ ਕੀਤੀ, ਤਾਂ ਸਾਨੂੰ ਇੱਕ ਵਾਰ ਮੁੜ ਇਰੇਜ਼ ਹਦਾਰੀ ਦਾ ਨਾਮ ਮਿਲਿਆ।
ਜੋ ਗੱਲ ਸਪਸ਼ਟ ਨਹੀਂ ਹੈ ਉਹ ਇਹ ਹੈ ਕਿ ਬੱਚਿਆਂ ਲਈ ਇਕੱਠਾ ਕੀਤਾ ਗਿਆ ਪੈਸਾ ਆਖਿਰ ਗਿਆ ਕਿੱਥੇ ਹੈ।
ਵਿਕਟੋਰੀਆ ਦੀ ਵੀਡੀਓ ਫਿਲਮਾਏ ਜਾਣ ਦੇ ਇੱਕ ਸਾਲ ਤੋਂ ਵੱਧ ਦੇ ਸਮੇਂ ਬਾਅਦ, ਉਨ੍ਹਾਂ ਦੀ ਮਾਂ ਓਲੇਨਾ ਨੇ ਸੱਚਾਈ ਦਾ ਪਤਾ ਲਗਾਉਣ ਲਈ ਓਲੇਹ ਨੂੰ ਫੋਨ ਕੀਤਾ, ਜੋ ਆਨਲਾਈਨ 'ਐਲੇਕਸ ਕੋਹੇਨ' ਦੇ ਨਾਮ ਨਾਲ ਜਾਣੇ ਜਾਂਦੇ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਤੋਂ ਕੁਝ ਦੇਰ ਬਾਅਦ ਹੀ 'ਚਾਂਸ ਲੇਟਿਕਵਾ' ਦੇ ਕਿਸੇ ਵਿਅਕਤੀ ਦਾ ਫੋਨ ਆਇਆ, ਜਿਨ੍ਹਾਂ ਨੇ ਕਿਹਾ ਕਿ ਇਕੱਠੀ ਹੋਈ ਰਕਮ ਇਸ਼ਤਿਹਾਰਬਾਜ਼ੀ (ਐਡਵਰਟਾਈਜ਼ਿੰਗ) ਦੇ ਖਰਚਿਆਂ ਵਿੱਚ ਨਿੱਕਲ ਗਈ।
ਮਿਸਟਰ ਹਦਾਰੀ ਨੇ ਖਲੀਲ ਦੀ ਮਾਂ ਅਲਜਿਨ ਨੂੰ ਵੀ ਇਹੀ ਗੱਲ ਕਹੀ ਸੀ, ਜਦੋਂ ਉਨ੍ਹਾਂ ਨੇ ਫੋਨ 'ਤੇ ਉਨ੍ਹਾਂ ਦਾ ਸਾਹਮਣਾ ਕੀਤਾ ਸੀ।
ਮਿਸਟਰ ਹਦਾਰੀ ਨੇ ਕਿਸੇ ਵੀ ਸਬੂਤ ਦੇ ਬਿਨਾਂ ਉਨ੍ਹਾਂ ਨੂੰ ਕਿਹਾ, "ਇਸ਼ਤਿਹਾਰਬਾਜ਼ੀ ਦਾ ਖਰਚਾ ਬਹੁਤ ਹੁੰਦਾ ਹੈ। ਇਸ ਲਈ ਕੰਪਨੀ ਨੂੰ ਉਲਟਾ ਨੁਕਸਾਨ ਹੋਇਆ ਹੈ।"
ਚੈਰਿਟੀ ਮਾਹਿਰਾਂ ਨੇ ਸਾਨੂੰ ਦੱਸਿਆ ਕਿ ਇਸ਼ਤਿਹਾਰਬਾਜ਼ੀ ਦਾ ਖਰਚਾ ਮੁਹਿੰਮ ਰਾਹੀਂ ਇਕੱਠੇ ਕੀਤੇ ਗਏ ਕੁੱਲ ਫੰਡਾਂ ਦੇ 20% ਤੋਂ ਵੱਧ ਨਹੀਂ ਹੋਣਾ ਚਾਹੀਦਾ।

ਕਿਵੇਂ ਹੁੰਦੀ ਸੀ ਬੱਚਿਆਂ ਦੀ ਚੋਣ ?
ਇੱਕ ਵਿਅਕਤੀ, ਜੋ ਪਹਿਲਾਂ 'ਚਾਂਸ ਲੇਟਿਕਵਾ' ਦੀਆਂ ਮੁਹਿੰਮਾਂ ਲਈ ਬੱਚਿਆਂ ਨੂੰ ਲੱਭਣ ਦਾ ਕੰਮ ਕਰਦਾ ਸੀ, ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵੀਡੀਓਜ਼ ਲਈ ਬੱਚਿਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੂੰ ਕੈਂਸਰ ਦੇ ਹਸਪਤਾਲਾਂ (ਓਨਕੋਲੋਜੀ ਕਲੀਨਿਕਾਂ) ਵਿੱਚ ਜਾਣ ਲਈ ਕਿਹਾ ਗਿਆ ਸੀ।
ਉਨ੍ਹਾਂ ਨੇ ਸਾਨੂੰ ਦੱਸਿਆ, "ਉਹ ਹਮੇਸ਼ਾ ਗੋਰੀ ਚਮੜੀ ਵਾਲੇ ਸੁੰਦਰ ਬੱਚਿਆਂ ਦੀ ਭਾਲ ਵਿੱਚ ਰਹਿੰਦੇ ਸਨ। ਬੱਚੇ ਦੀ ਉਮਰ ਤਿੰਨ ਤੋਂ ਨੌਂ ਸਾਲ ਦੇ ਵਿਚਕਾਰ ਹੋਣੀ ਚਾਹੀਦੀ ਸੀ। ਉਨ੍ਹਾਂ ਨੂੰ ਚੰਗੀ ਤਰ੍ਹਾਂ ਬੋਲਣਾ ਆਉਂਦਾ ਹੋਵੇ ਅਤੇ ਉਨ੍ਹਾਂ ਦੇ ਸਿਰ 'ਤੇ ਵਾਲ ਨਹੀਂ ਹੋਣੇ ਚਾਹੀਦੇ ਸਨ।"
"ਬੱਚਾ ਸਹੀ ਹੈ ਜਾਂ ਨਹੀਂ, ਇਹ ਦੇਖਣ ਲਈ ਉਹ ਮੇਰੇ ਤੋਂ ਫੋਟੋਆਂ ਮੰਗਦੇ ਸਨ ਅਤੇ ਮੈਂ ਉਹ ਫੋਟੋਆਂ ਇਰੇਜ਼ ਨੂੰ ਭੇਜ ਦਿੰਦਾ ਸੀ।"
ਇਸ ਵਿਸਲਬਲੋਅਰ ਨੇ ਸਾਨੂੰ ਦੱਸਿਆ ਕਿ ਮਿਸਟਰ ਹਦਾਰੀ ਫਿਰ ਉਹ ਫੋਟੋ ਇਜ਼ਰਾਈਲ ਵਿੱਚ ਕਿਸੇ ਹੋਰ ਵਿਅਕਤੀ ਨੂੰ ਭੇਜ ਦਿੰਦੇ ਸੀ, ਜਿਨ੍ਹਾਂ ਦਾ ਨਾਮ ਉਨ੍ਹਾਂ ਨੂੰ ਕਦੇ ਨਹੀਂ ਦੱਸਿਆ ਗਿਆ।
ਜਿੱਥੋਂ ਤੱਕ ਖੁਦ ਮਿਸਟਰ ਹਦਾਰੀ ਦਾ ਸਵਾਲ ਹੈ, ਅਸੀਂ ਕੈਨੇਡਾ ਵਿੱਚ ਦੋ ਪਤਿਆਂ 'ਤੇ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ। ਅਸੀਂ ਉਨ੍ਹਾਂ ਨੂੰ ਇੱਕ ਵੌਇਸ ਨੋਟ ਭੇਜ ਕੇ ਕਥਿਤ ਤੌਰ 'ਤੇ ਇਕੱਠੇ ਕੀਤੇ ਗਏ ਪੈਸਿਆਂ ਬਾਰੇ ਪੁੱਛਿਆ ਸੀ, ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਇਹ ਸਪੱਸ਼ਟ ਕੀਤੇ ਬਿਨਾਂ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ, ਕਿਹਾ ਕਿ ਸੰਸਥਾ "ਕਦੇ ਸਰਗਰਮ ਹੀ ਨਹੀਂ ਰਹੀ"। ਉਨ੍ਹਾਂ ਨੇ ਸਾਡੇ ਸਵਾਲਾਂ ਅਤੇ ਦੋਸ਼ਾਂ ਵਾਲੇ ਅਗਲੇ ਵੌਇਸ ਨੋਟ ਅਤੇ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ।

ਤਸਵੀਰ ਸਰੋਤ, Erez Hadari
"ਇਹ ਖੂਨੀ ਕਮਾਈ ਹੈ।"
'ਚਾਂਸ ਲੇਟਿਕਵਾ' ਵੱਲੋਂ ਜੋ ਦੋ ਬੱਚਿਆਂ ਖਲੀਲ ਅਤੇ ਇੱਕ ਮੈਕਸੀਕਨ ਲੜਕਾ ਹੈਕਟਰ ਲਈ ਮੁਹਿੰਮਾਂ ਚਲਾਈਆਂ ਗਈਆਂ ਸਨ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ, ਪਰ ਉਨ੍ਹਾਂ ਦੇ ਨਾਮ 'ਤੇ ਹਾਲੇ ਵੀ ਪੈਸੇ ਇਕੱਠੇ ਕੀਤੇ ਜਾ ਰਹੇ ਹਨ।
'ਚਾਂਸ ਲੇਟਿਕਵਾ' ਦੀ ਅਮਰੀਕੀ ਸ਼ਾਖਾ ਇੱਕ ਨਵੀਂ ਸੰਸਥਾ 'ਸੇਂਟ ਰਾਫੇਲ' ਨਾਲ ਜੁੜੀ ਹੋਈ ਲਗਦੀ ਹੈ, ਜਿਸ ਨੇ ਹੋਰ ਵੀ ਕਈ ਨਵੀਆਂ ਮੁਹਿੰਮਾਂ ਤਿਆਰ ਕੀਤੀਆਂ ਹਨ। ਇਨ੍ਹਾਂ ਵਿੱਚੋਂ ਘੱਟੋ-ਘੱਟ ਦੋ ਮੁਹਿੰਮਾਂ ਯੂਕਰੇਨ ਦੇ 'ਏਂਜਲਹੋਲਮ ਕਲੀਨਿਕ' ਵਿੱਚ ਫਿਲਮਾਈਆਂ ਗਈਆਂ ਲੱਗਦੀਆਂ ਹਨ, ਕਿਉਂਕਿ ਕਲੀਨਿਕ ਦੀ ਖਾਸ ਲੱਕੜ ਦੀ ਪੈਨਲਿੰਗ ਅਤੇ ਸਟਾਫ ਦੀ ਵਰਦੀ ਵੀਡੀਓ ਵਿੱਚ ਸਾਫ਼ ਨਜ਼ਰ ਆ ਰਹੀ ਹੈ।
ਵਿਕਟੋਰੀਆ ਦੀ ਮਾਂ ਓਲੇਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਇੱਕ ਹੋਰ ਦਿਮਾਗ ਦਾ ਟਿਊਮਰ ਹੋਣ ਦੀ ਪੁਸ਼ਟੀ ਹੋਈ ਹੈ। ਉਹ ਕਹਿੰਦੇ ਨੇ ਕਿ ਸਾਡੀ ਜਾਂਚ ਦੇ ਨਤੀਜਿਆਂ ਨੇ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਹੈ।
ਉਹ ਕਹਿੰਦੇ ਹਨ, "ਜਦੋਂ ਤੁਹਾਡਾ ਬੱਚਾ... ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਲਟਕ ਰਿਹਾ ਹੋਵੇ, ਅਤੇ ਕੋਈ ਬਾਹਰ ਬੈਠਾ ਉਸ ਦੇ ਨਾਮ 'ਤੇ ਪੈਸੇ ਕਮਾ ਰਿਹਾ ਹੋਵੇ, ਤਾਂ ਇਹ ਬਹੁਤ ਹੀ ਘਿਣਾਉਣੀ ਗੱਲ ਹੈ। ਇਹ ਖੂਨੀ ਕਮਾਈ ਹੈ।"
ਬੀਬੀਸੀ ਨੇ ਤੇਤਿਆਨਾ ਖਲਿਆਵਕਾ, ਐਲੇਕਸ ਕੋਹੇਨ ਅਤੇ ਸੰਸਥਾਵਾਂ 'ਚਾਂਸ ਲੇਟਿਕਵਾ', 'ਵਾਲਜ਼ ਆਫ ਹੋਪ', 'ਸੇਂਟ ਰਾਫੇਲ', 'ਲਿਟਲ ਏਂਜਲਸ' ਅਤੇ 'ਸੇਂਟ ਟੇਰੇਸਾ' ਨਾਲ ਸੰਪਰਕ ਕੀਤਾ ਅਤੇ ਉਨ੍ਹਾਂ 'ਤੇ ਲੱਗੇ ਦੋਸ਼ਾਂ 'ਤੇ ਜਵਾਬ ਮੰਗਿਆ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ।
ਇਜ਼ਰਾਈਲੀ ਕਾਰਪੋਰੇਸ਼ਨ ਅਥਾਰਟੀ, ਜੋ ਦੇਸ਼ ਦੀਆਂ ਗੈਰ-ਮੁਨਾਫ਼ਾ ਸੰਸਥਾਵਾਂ ਦੀ ਨਿਗਰਾਨੀ ਕਰਦੀ ਹੈ, ਉਨ੍ਹਾਂ ਨੇ ਸਾਨੂੰ ਦੱਸਿਆ ਕਿ ਜੇਕਰ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹੋਣ ਕਿ ਸੰਸਥਾ ਦੇ ਸੰਸਥਾਪਕ ਇਨ੍ਹਾਂ ਸੰਸਥਾਵਾਂ ਨੂੰ "ਗੈਰ-ਕਾਨੂੰਨੀ ਗਤੀਵਿਧੀਆਂ ਲਈ ਇੱਕ ਪਰਦੇ" ਵਜੋਂ ਵਰਤ ਰਹੇ ਹਨ, ਤਾਂ ਇਜ਼ਰਾਈਲ ਵਿੱਚ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ ਅਤੇ ਸੰਸਥਾਪਕ 'ਤੇ ਇਸ ਖੇਤਰ ਵਿੱਚ ਕੰਮ ਕਰਨ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।
ਯੂਕੇ ਦੀ ਰੈਗੂਲੇਟਰੀ ਸੰਸਥਾ, 'ਚੈਰਿਟੀ ਕਮਿਸ਼ਨ', ਸਲਾਹ ਦਿੰਦੀ ਹੈ ਕਿ ਜੋ ਲੋਕ ਚੈਰਿਟੀ ਵਿੱਚ ਦਾਨ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪਹਿਲਾਂ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਉਹ ਸੰਸਥਾਵਾਂ ਰਜਿਸਟਰਡ ਹਨ ਜਾਂ ਨਹੀਂ, ਅਤੇ ਸ਼ੱਕ ਹੋਣ 'ਤੇ ਫੰਡ ਇਕੱਠਾ ਕਰਨ ਵਾਲੀ ਸਬੰਧਤ ਰੈਗੂਲੇਟਰੀ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































