ਪੰਜਾਬ ਵਿਜੀਲੈਂਸ ਦੇ ਦਫ਼ਤਰ 'ਤੇ ਛਾਪੇਮਾਰੀ ਬਾਰੇ ਸੀਬੀਆਈ ਨੇ ਕੀ ਦੱਸਿਆ, ਵਿਜੀਲੈਂਸ ਨੇ ਕੀ ਕਿਹਾ

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 5 ਮਿੰਟ
ਸੋਮਵਾਰ ਦੇਰ ਰਾਤ ਤੋਂ ਪੰਜਾਬ ਵਿਜੀਲੈਂਸ 'ਤੇ ਛਾਪੇਮਾਰੀ ਦੀਆਂ ਖ਼ਬਰਾਂ ਦੀ ਪੁਸ਼ਟੀ ਸੀਬੀਆਈ ਨੇ ਕਰ ਦਿੱਤੀ ਹੈ। ਸੀਬੀਆਈ ਮੁਤਾਬਕ ਪੰਜਾਬ ਵਿਜੀਲੈਂਸ ਅਧਿਕਾਰੀਆਂ ਨਾਲ ਜੁੜੇ ਵੀਹ ਲੱਖ ਦੇ ਰਿਸ਼ਵਤਖੋਰੀ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੀਬੀਆਈ ਨੇ ਦੱਸਿਆ ਕਿ ਇੱਕ ਪੰਜਾਬ ਸਟੇਟ ਟੈਕਸ ਅਫਸਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਮੁਤਾਬਕ ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਉਸ ਦੇ ਬੇਟੇ ਰਾਘਵ ਗੋਇਲ ਨੇ ਉਸ ਖ਼ਿਲਾਫ਼ ਪਈ ਵਿਜੀਲੈਂਸ ਸ਼ਿਕਾਇਤ ਰੱਦ ਕਰਵਾਉਣ ਬਦਲੇ ਵੀਹ ਲੱਖ ਰੁਪਏ ਦੀ ਰਿਸ਼ਵਤ ਮੰਗੀ। ਬਾਅਦ ਵਿੱਚ ਮੰਗੀ ਰਕਮ ਨੂੰ ਘਟਾ ਕੇ 13 ਲੱਖ ਰੁਪਏ ਅਤੇ ਡੀਜੀਪੀ ਵਿਜੀਲੈਂਸ ਦੇ ਰੀਡਰ ਓ. ਪੀ ਰਾਣਾ ਲਈ ਇੱਕ ਮੋਬਾਈਲ ਫੋਨ ਦੀ ਮੰਗ ਕੀਤੀ ਗਈ।
ਸੀਬੀਆਈ ਮੁਤਾਬਕ, 11 ਮਈ ਨੂੰ ਅੰਕਿਤ ਵਾਧਵਾ ਨਾਮ ਦੇ ਸ਼ਖਸ ਨੂੰ ਮੁਲਜ਼ਮਾਂ ਦੇ 'ਬਦਲੇ' 'ਤੇ ਰਿਸ਼ਵਤ ਦੀ ਰਾਸ਼ੀ ਅਤੇ ਮੋਬਾਈਲ ਫੋਨ ਫੜਦਿਆਂ ਟੀਮ ਨੇ ਗ੍ਰਿਫ਼ਤਾਰ ਕਰ ਲਿਆ।
ਗੰਨਮੈਨਾਂ ਵੱਲੋਂ ਸੂਚਿਤ ਕੀਤੇ ਜਾਣ 'ਤੇ ਨੇੜੇ ਹੀ ਮੌਜੂਦ ਰਾਘਵ ਗੋਇਲ, ਵਿਕਾਸ ਗੋਇਲ ਅਤੇ ਓ. ਪੀ ਰਾਣਾ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਪਿੱਛਾ ਕਰਦਿਆਂ ਰਾਘਵ ਤੇ ਵਿਕਾਸ ਗੋਇਲ ਨੂੰ ਦੋ ਗੰਨਮੈਨਾਂ ਸਮੇਤ ਟੀਮ ਨੇ ਦਬੋਚ ਲਿਆ। ਜਦਕਿ ਓ.ਪੀ ਰਾਣਾ ਦੀ ਭਾਲ ਜਾਰੀ ਹੈ।
ਸੀਬੀਆਈ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਓ.ਪੀ ਰਾਣਾ ਦੀ ਇਸ ਸਾਜ਼ਿਸ਼ ਵਿੱਚ ਸਰਗਰਮ ਸ਼ਮੂਲੀਅਤ ਹੈ।
ਸੀਬੀਆਈ ਦੇ ਅਧਿਕਾਰਤ ਬਿਆਨ ਮੁਤਾਬਕ, ਰਾਘਵ ਗੋਇਲ ਤੇ ਵਿਕਾਸ ਗੋਇਲ ਦੇ ਮਲੋਟ ਸਥਿਤ ਅਤੇ ਓ.ਪੀ ਰਾਣਾ ਦੇ ਚੰਡੀਗੜ੍ਹ ਸਥਿਤ ਘਰ ਵਿੱਚ ਵੀ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਨੌ ਲੱਖ ਰੁਪਏ ਦਾ ਕੈਸ਼ ਅਤੇ ਕੁਝ ਦਸਤਾਵੇਜ਼ ਬਰਾਮਦ ਹੋਏ ਹਨ।
ਇਹ ਵੀ ਕਿਹਾ ਗਿਆ ਹੈ ਕਿ ਮਾਮਲੇ ਵਿੱਚ ਮੁਲਜ਼ਮ ਪ੍ਰਾਈਵੇਟ ਵਿਅਕਤੀਆਂ ਨੂੰ ਗੰਨਮੈਨ ਮਿਲੇ ਹੋਏ ਸਨ। ਏਕੇ47 ਰਾਈਫਲਜ਼ ਵਾਲੇ ਪੰਜਾਬ ਪੁਲਿਸ ਦੇ ਗੰਨਮੈਨਾਂ ਦਾ ਨਿੱਜੀ ਮੁਲਜ਼ਮਾਂ ਨਾਲ ਲਿੰਕ ਅਤੇ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸੀਬੀਆਈ ਮੁਤਾਬਕ ਮੁਲਜ਼ਮਾਂ ਨੂੰ ਚੰਡੀਗੜ੍ਹ ਵਿੱਚ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ, ਮਾਮਲੇ ਵਿੱਚ ਅਗਲੀ ਜਾਂਚ ਜਾਰੀ ਹੈ।
ਵਿਜੀਲੈਂਸ ਬਿਉਰੋ ਨੇ ਕੀ ਕਿਹਾ ?
ਇਸ ਪੂਰੇ ਘਟਨਾਕ੍ਰਮ ਬਾਰੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬਿਆਨ ਜਾਰੀ ਹੋਇਆ ਸੀ।
ਬਿਆਨ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਵੱਲੋਂ ਕਿਹਾ ਗਿਆ, "ਇੱਕ ਨਿੱਜੀ ਵਿਅਕਤੀ ਨੂੰ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜੇ ਬਿਊਰੋ ਵਿੱਚੋਂ ਵੀ ਕਿਸੇ ਵਿਅਕਤੀ ਦਾ ਨਾਂ ਆਉਂਦਾ ਹੈ ਤਾਂ ਅਸੀਂ ਸੀਬੀਆਈ ਨੂੰ ਪੂਰੇ ਤਰੀਕੇ ਨਾਲ ਸਹਿਯੋਗ ਕਰਾਂਗੇ ਅਤੇ ਕਾਨੂੰਨ ਆਪਣਾ ਕੰਮ ਕਰੇਗਾ।"
ਮੀਡੀਆ ਨੂੰ ਵੀ ਦਫ਼ਤਰ ਤੋਂ ਦੂਰ ਰੱਖਿਆ ਗਿਆ ਹੈ ਅਤੇ ਬਾਹਰ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਹੈ।
ਉਧਰ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਐੱਸ ਐੱਸ ਚੌਹਾਨ ਨੇ ਕਿਹਾ,"ਇੱਕ ਪ੍ਰਾਈਵੇਟ ਸ਼ਖ਼ਸ ਨੂੰ ਫੜਿਆ ਗਿਆ ਹੈ। ਜੋ ਵੀ ਜਾਂਚ ਸੀਬੀਆਈ ਕਰਦੀ ਹੈ। ਅਸੀਂ ਉਸ ਵਿੱਚ ਪੂਰਾ ਸਹਿਯੋਗ ਕਰਾਂਗੇ ਅਤੇ ਕਾਨੂੰਨ ਆਪਣਾ ਕੰਮ ਕਰੇਗਾ।"

ਤਸਵੀਰ ਸਰੋਤ, AAP
ਪੰਜਾਬ ਸਰਕਾਰ ਨੇ ਕੀ ਕਿਹਾ ?
ਸੀਬੀਆਈ ਦੀ ਛਾਪੇਮਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕੇਂਦਰ ਦੀਆਂ ਏਜੰਸੀਆਂ, ਭਾਵੇਂ ਉਹ ਸੀਬੀਆਈ ਹੈ, ਈਡੀ ਅਤੇ ਇਨਕਮ ਟੈਕਸ ਡਿਪਾਰਟਮੈਂਟ ਹੈ, ਉਸ ਨੂੰ ਇਨਸਾਫ ਦੇਣ ਲਈ ਨਹੀਂ ਬਲਕਿ ਬਦਲਾਖੋਰੀ ਲਈ ਵਰਤਣਾ ਸ਼ੁਰੂ ਕੀਤਾ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਪੱਛਮੀ ਬੰਗਾਲ ਵਿੱਚ ਦੇਖਿਆ, ਦਿੱਲੀ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਸਟੇਟ ਦੀ ਮਸ਼ੀਨਰੀ ਜਾਂ ਉੱਥੋਂ ਦੀ ਲੀਡਰਸ਼ਿਪ ਨੂੰ ਡਰਾਉਣ ਲਈ ਕੇਂਦਰੀ ਏਜੰਸੀਆਂ ਦਾ ਇਸਤੇਮਾਲ ਕੀਤਾ। ਹੁਣ ਜਿਹੜੀ ਵਿਜੀਲੈਂਸ ਦੇ ਦਫ਼ਤਰ ਉੱਤੇ ਸੀਬੀਆਈ ਦੀ ਰੇਡ ਹੋਈ ਹੈ, ਉਹ ਵੀ ਭਾਜਪਾ ਦੀ ਬੌਖਲਾਹਟ ਦਾ ਨਤੀਜਾ ਹੈ। ਸੁਣਨ ਵਿੱਚ ਤਾਂ ਇਹ ਵੀ ਆ ਰਿਹਾ ਹੈ ਕਿ ਪੰਜਾਬ ਦੀ ਵਿਜੀਲੈਂਸ ਬਿਊਰੋ ਕੋਲ ਭਾਜਪਾ ਪੰਜਾਬ ਦਾ ਜੋ ਕਾਂਗਰਸੀ ਵਿੰਗ ਗਿਆ, ਉਨ੍ਹਾਂ ਦੇ ਜੋ ਲੀਡਰ ਹਨ, ਉਨ੍ਹਾਂ ਦੀਆਂ ਫਾਈਲਾਂ ਹਨ।"
"ਇਹ ਇਸ ਤਰ੍ਹਾਂ ਦੀ ਦਬਸ਼ ਦੇ ਕੇ ਸਟੇਟ ਦੀ ਮਸ਼ੀਨਰੀ ਨੂੰ ਡਰਾਉਣ ਦੀ ਕੋਸ਼ਿਸ਼ ਤਾਂ ਨਹੀਂ ਹੈ। ਪਰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਡਰਨ ਵਾਲਿਆਂ ਵਿੱਚੋਂ ਨਹੀਂ ਹੈ। ਪੰਜਾਬ ਇਨਸਾਫ ਦੇਣ ਵਾਲਿਆਂ ਵਿੱਚੋਂ ਹੈ ਅਤੇ ਆਮ ਆਦਮੀ ਪਾਰਟੀ ਹਮੇਸ਼ਾ ਹੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਦੀ ਰਹੀ ਹੈ ਅਤੇ ਲੜਦੀ ਰਹੇਗੀ।"

ਆਮ ਆਦਮੀ ਪਾਰਟੀ ਦੇ ਬੁਲਾਰੇ ਦੇ ਬਿਆਨ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਸੀ ਕਿ, "ਭਾਵੇਂ ਕੋਈ ਭਾਜਪਾ ਦਾ ਹੋਵੇ, ਕਾਂਗਰਸੀ, ਅਕਾਲੀ ਜਾਂ ਆਮ ਆਦਮੀ ਪਾਰਟੀ ਦਾ ਹੋਵੇ, ਵੱਡਾ ਹੋਵੇ ਜਾਂ ਛੋਟਾ ਹੋਵੇ ਕਿਸੇ ਨੂੰ ਵੀ ਪੰਜਾਬ ਦੀ ਧਰਤੀ 'ਤੇ ਭ੍ਰਿਸ਼ਟਾਚਾਰ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸਾਡੀ ਸਰਕਾਰ ਦਾ ਇਹ ਸਟੈਂਡ ਬੜਾ ਸਪਸ਼ਟ ਹੈ।”
“ਪਰ ਇਸਦੇ ਨਾਲ ਨਾਲ ਮੈਂ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕਰਨੀ ਚਾਹਾਂਗਾ ਕਿ ਫੈਡਰਲ ਸਿਸਟਮ ਦੀ ਵੀ ਕੋਈ ਗਰਿਮਾ ਹੋਣੀ ਚਾਹੀਦੀ ਹੈ। ਇਸ ਕੇਸ ਵਿਚ ਕੌਣ ਸਹੀ ਹੈ, ਕੌਣ ਗਲਤ ਇਹ ਬਾਅਦ ਦੀ ਗੱਲ ਹੈ, ਪਰ ਜੇ ਮੋਟੀ-ਮੋਟੀ ਗੱਲ ਕਰੀਏ ਤਾਂ ਸੀਬੀਆਈ ਇਹ ਸਾਬਿਤ ਕਰਨਾ ਚਾਹ ਰਹੀ ਹੈ ਕਿ ਪੰਜਾਬ ਵਿਜੀਲੈਂਸ ਵਿੱਚ ਬੇਤਹਾਸ਼ਾ ਭ੍ਰਿਸ਼ਟਾਚਾਰ ਚੱਲ ਰਿਹਾ ਹੈ।”
“ਇੱਕ ਤਰੀਕਾ ਹੋਣਾ ਚਾਹੀਦਾ ਹੈ ਕਿ ਜੇ ਕੇਂਦਰ ਸਰਕਾਰ ਕੋਲ ਕੋਈ ਅਜਿਹੀ ਸ਼ਿਕਾਇਤ ਆਵੇ ਤਾਂ ਉਹ ਪੰਜਾਬ ਸਰਕਾਰ ਨੂੰ ਸੂਚਿਤ ਕਰੇ ਕਿ ਆਪਣਾ ਘਰ ਸੁਧਾਰੋ। ਜੇ ਪੰਜਾਬ ਸਰਕਾਰ ਨੂੰ ਕੇਂਦਰ ਦੇ ਕਿਸੇ ਮਹਿਕਮੇ ਵਿੱਚ ਗੜਬੜ ਹੋਵੇ ਤਾਂ ਉਹ ਕੇਂਦਰ ਸਰਕਾਰ ਨੂੰ ਇਸ ਬਾਰੇ ਦੱਸਣ। ਬਦਕਿਸਮਤੀ ਹੈ ਕਿ ਇਹ ਡੈਕੋਰਮ ਕੇਂਦਰ ਸਰਕਾਰ ਨੇ ਖ਼ਤਮ ਕਰ ਦਿੱਤਾ।"
ਕੀ ਕਹਿ ਰਹੇ ਹਨ ਸਿਆਸਤਦਾਨ ?
ਵਿਰੋਧੀ ਪਾਰਟੀਆਂ ਵੱਲੋਂ ਇਸ ਮਾਮਲੇ 'ਤੇ ਸਿਆਸੀ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ, "ਪੰਜਾਬ ਵਿਜੀਲੈਂਸ ਦੇ ਇਕੱਲੇ-ਇਕੱਲੇ ਕੇਸ ਦੀ ਜਾਂਚ ਹੋਣੀ ਚਾਹੀਦੀ ਹੈ।"
ਉਨ੍ਹਾਂ ਨੇ ਵਿਜੀਲੈਂਸ ਦਫ਼ਤਰ ਨੂੰ ਇਸ ਖੇਡ ਦਾ ਛੋਟਾ ਹਿੱਸਾ ਦੱਸਦਿਆਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਇਲਜ਼ਾਮਾਂ ਦੇ ਘੇਰੇ ਵਿੱਚ ਲਿਆਂਦਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ 'ਤੇ ਸਾਂਝੀ ਕੀਤੀ ਪੋਸਟ ਵਿੱਚ ਵਿਜੀਲੈਂਸ ਦਫ਼ਤਰ ਵਿੱਚ ਸੀਬੀਆਈ ਦੀ ਛਾਪੇਮਾਰੀ ਨੂੰ ਅਗਾਮੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਬੀਜੇਪੀ ਦਾ ਸਿਆਸੀ ਦਾਅ ਦੱਸਿਆ।
ਉਨ੍ਹਾਂ ਨੇ ਲਿਖਿਆ, "ਇਹ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ਬਣ ਗਿਆ ਹੈ। ਪਹਿਲਾਂ, ਕੇਂਦਰੀ ਏਜੰਸੀਆਂ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਫਿਰ ਅਫ਼ਸਰਸ਼ਾਹੀ ਅਤੇ ਪੁਲਿਸ ਅਫਸਰਾਂ ਨੂੰ। ਇੱਕ ਸਪਸ਼ਟ ਸੰਦੇਸ਼ ਦਿੱਤਾ ਜਾ ਰਿਹਾ ਹੈ, ਸਾਡੇ ਲਈ ਕੰਮ ਕਰੋ ਜਾਂ ਨਤੀਜੇ ਭੁਗਤੋ।"
ਵੜਿੰਗ ਨੇ ਇਹ ਵੀ ਲਿਖਿਆ, "ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਸੂਬੇ ਦੀ ਸਿਆਸਤ ਵਿੱਚ ਇਹੀ ਕੁਝ ਕਰਦੀ ਆ ਰਹੀ ਹੈ। ਸਾਡੇ ਬਹੁਤ ਸਾਰੇ ਸੀਨੀਅਰ ਲੀਡਰਾਂ ਨੂੰ ਗਲਤ ਫਸਾਇਆ ਗਿਆ ਅਤੇ ਤੰਗ ਕੀਤਾ ਗਿਆ। ਕਈ ਕੇਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰੱਦ ਹੋਏ। ਅਸੀਂ ਭੁੱਲੇ ਨਹੀਂ ਹਾਂ ਅਤੇ ਨਾਂ ਹੀ ਭੁੱਲਾਂਗੇ। ਪਰ ਅਸੀਂ ਇੱਕ ਗੱਲ ਬਾਰੇ ਸਪਸ਼ਟ ਹਾਂ। ਲੋਕਤੰਤਰ ਇਸ ਤਰ੍ਹਾਂ ਕੰਮ ਨਹੀਂ ਕਰਦਾ। ਇਹ ਤਾਨਾਸ਼ਾਹੀ ਹੈ।"
ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੀਬੀਆਈ ਦੀ ਵਿਜੀਲੈਂਸ ਦਫ਼ਤਰ 'ਤੇ ਰੇਡ ਨੂੰ ਜਾਇਜ਼ ਠਹਿਰਾਉਂਦਿਆ ਕਿਹਾ ਕਿ ਜੇ ਵਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਕੀ ਜਾਂਚ ਨਹੀਂ ਹੋਣੀ ਚਾਹੀਦੀ ?
ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੀ ਤੁਲਨਾ ਕੈਂਸਰ ਨਾਲ ਕੀਤੀ ਸੀ, ਪਰ ਇਹ ਕੈਂਸਰ ਉਨ੍ਹਾਂ ਦੇ ਟੋਟਕਿਆਂ ਤੇ ਜੁਗਨੀਆਂ ਗਾਉਣ ਨਾਲ ਖ਼ਤਮ ਨਹੀਂ ਹੋਣਾ।
ਉਨ੍ਹਾਂ ਕਿਹਾ, "ਇਸ ਦਾ ਓਪਰੇਸ਼ਨ ਕਰਨਾ ਪੈਣਾ ਹੈ, ਜਿਸ ਲਈ ਦਿੱਲੀਓਂ ਸਰਜਨ ਬੁਲਾਏ ਹਨ- ਈਡੀ ਵੀ ਹੈ ਅਤੇ ਸੀਬੀਆਈ ਵੀ ਹੈ। ਪੰਜਾਬ ਨੂੰ ਬਚਾਉਣ ਲਈ ਹਰ ਸਰਜਨ ਨੂੰ ਬੁਲਾਇਆ ਜਾਊਂਗਾ ਅਤੇ ਇਸ ਭ੍ਰਿਸ਼ਟਾਚਾਰ ਵਾਲੀ ਜੜ੍ਹ ਨੂੰ ਤਾਂ ਖਤਮ ਕਰਾਂਗੇ ਹੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































