ਕੀ ਕੇਂਦਰ ਦੀਆਂ ਕਾਰਵਾਈਆਂ ਨਾਲ ਪੰਜਾਬ ਵਿੱਚ 'ਆਪ' ਨੂੰ ਨੁਕਸਾਨ ਹੋਵੇਗਾ? ਕੀ ਸੂਬੇ ਵਿੱਚ 'ਆਪ' ਬਨਾਮ ਬੀਜੇਪੀ ਦਾ ਮਾਹੌਲ ਬਣ ਰਿਹਾ ਹੈ?

ਤਸਵੀਰ ਸਰੋਤ, Getty Images
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 6 ਮਿੰਟ
ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਦੇ ਨਾਲ-ਨਾਲ ਐਤਵਾਰ ਨੂੰ ਸੜਕਾਂ 'ਤੇ ਵੀ ਉੱਤਰ ਆਈ।
'ਆਪ' ਵਰਕਰਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਖਿਲਾਫ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਿਸ ਦੌਰਾਨ 'ਆਪ' ਅਤੇ ਬੀਜੇਪੀ ਵਰਕਰਾਂ ਵਿਚਕਾਰ ਝੜਪਾਂ ਵੀ ਹੋਈਆਂ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਅਤੇ ਸੱਤ ਰਾਜ ਸਭਾ ਮੈਂਬਰਾਂ ਦੇ ਬੀਜੇਪੀ ਵਿੱਚ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਉੱਪਰ 'ਆਪ' ਨੂੰ ਕਮਜ਼ੋਰ ਕਰਨ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋ ਦੇ ਇਲਜ਼ਾਮ ਲਗਾ ਰਹੇ ਹਨ।
ਪਰ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ 'ਆਪ' ਸਰਕਾਰ 'ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ "ਸਭਦਾ ਸਾਥ, ਸਭਦਾ ਵਿਕਾਸ" ਦੇ ਨਾਲ ਹੁਣ "ਸਭਦਾ ਹਿਸਾਬ" ਕਰਨ ਦਾ ਸਮਾਂ ਹੈ।
ਹਾਲਾਂਕਿ, ਪੰਜਾਬ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਅਸਲ ਵਿੱਚ ਬੀਜੇਪੀ ਅਤੇ ਆਮ ਆਦਮੀ ਪਾਰਟੀ ਇਹ ਦਿਖਾਉਣਾ ਚਾਹੁੰਦੇ ਹਨ ਕਿ ਪੰਜਾਬ ਵਿੱਚ ਲੜਾਈ ਸਿਰਫ਼ ਬੀਜੇਪੀ ਅਤੇ 'ਆਪ' ਵਿਚਕਾਰ ਹੈ। ਸ਼ਾਇਦ ਕਾਂਗਰਸ ਇਸ ਵਿੱਚ ਸ਼ਾਮਲ ਨਹੀਂ ਹੈ...ਪਰ ਲੋਕ ਸਮਝ ਗਏ ਹਨ।"
ਕੀ 'ਆਪ' ਕਮਜ਼ੋਰ ਹੋਵੇਗੀ ?

ਤਸਵੀਰ ਸਰੋਤ, Getty Images
ਵਪਾਰੀ ਤੋਂ ਸਿਆਸਤਦਾਨ ਬਣੇ ਸੰਜੀਵ ਅਰੋੜਾ ਨੂੰ ਸ਼ਨੀਵਾਰ ਈਡੀ ਨੇ ਤੀਜੀ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਅਰੋੜਾ ਮਨੀ ਲਾਂਡਰਿੰਗ ਨਾਲ ਸਬੰਧਿਤ ਇੱਕ ਮਾਮਲੇ ਵਿੱਚ 7 ਦਿਨਾਂ ਦੀ ਹਿਰਾਸਤ ਵਿੱਚ ਹਨ।
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 24 ਅਪ੍ਰੈਲ ਨੂੰ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਛੇ ਹੋਰ ਰਾਜ ਸਭਾ ਮੈਂਬਰਾਂ ਨਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ।
ਇਸ ਦੇ ਵਿਰੋਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲ ਕੇ ਇਹਨਾਂ ਸੱਤ ਰਾਜ ਸਭਾ ਮੈਂਬਰਾਂ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਸੀ।
ਪਰ ਕੀ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਆਮ ਆਦਮੀ ਪਾਰਟੀ ਸਾਹਮਣੇ ਲੀਡਰਸ਼ਿਪ ਦੀ ਕਮੀ ਆਵੇਗੀ?
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਾਜਨੀਤੀ ਸ਼ਾਸ਼ਤਰ ਦੇ ਸਾਬਕਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ, "ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ 'ਆਪ' ਇੱਕ ਪਾਸੇ ਤਾਂ ਲੀਡਰਸ਼ੀਪ ਦੀ ਕਮੀ ਦਾ ਸਾਹਮਣਾ ਕਰੇਗੀ ਅਤੇ ਦੂਜੇ ਪਾਰਟੀ ਨੂੰ ਫੰਡਾਂ ਦਾ ਨੁਕਸਾਨ ਵੀ ਹੋ ਸਕਦਾ ਹੈ।"

ਸਿਆਸੀ ਕਾਰਕੁਨ ਅਤੇ ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਕਹਿੰਦੇ ਹਨ, "ਦਿੱਲੀ ਵਿੱਚ ਜੋ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾਲ ਹੋਇਆ ਹੈ, ਉਹੀ ਪੰਜਾਬ ਵਿੱਚ ਹੋ ਰਿਹਾ ਹੈ। ਪਰ ਇੱਕ ਪੱਖ ਇਹ ਵੀ ਹੈ ਕਿ 'ਆਪ' ਨੇ ਜਿਸ ਤਰ੍ਹਾਂ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਅਤੇ ਜਿਵੇਂ ਉਹ ਪਲਟੀ ਮਾਰ ਗਏ, ਉਸ ਨੂੰ ਲੈ ਕੇ ਲੋਕਾਂ ਵਿੱਚ 'ਆਪ' ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਇਸ ਗੱਲ ਦਾ ਬੀਜੇਪੀ ਨੂੰ ਵੀ ਅੰਦਾਜ਼ਾ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਲੋਕਾਂ ਅੰਦਰ ਰੋਹ ਪੈਦਾ ਨਹੀਂ ਹੋਵੇਗਾ।"
ਸਿੱਧੂ ਕਹਿੰਦੇ ਹਨ, "ਜੋ ਕੰਮ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਆਖਰੀ ਸਾਲ ਵਿੱਚ ਕਰਨੇ ਹੁੰਦੇ ਹਨ, 'ਆਪ' ਨੂੰ ਛਾਪੇਮਾਰੀ ਅਤੇ ਗ੍ਰਿਫ਼ਤਾਰੀਆਂ ਦੌਰਾਨ ਉਹਨਾਂ ਨੂੰ ਕਰਨ ਵਿੱਚ ਪ੍ਰੇਸ਼ਾਨੀ ਆਵੇਗੀ।"
ਸਮਾਜ ਸ਼ਾਸ਼ਤਰ ਦੇ ਸਾਬਕਾ ਪ੍ਰੋਫੈਸਰ ਐੱਚਐੱਸ ਭੱਟੀ ਕਹਿੰਦੇ ਹਨ, "ਕੇਂਦਰ ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੁੱਝ ਲੋਕ ਬੀਜੇਪੀ ਵਿੱਚ ਚਲੇ ਗਏ ਅਤੇ ਸੰਜੀਵ ਅਰੋੜਾ ਗ੍ਰਿਫ਼ਤਾਰ ਹੋ ਗਏ।"
ਸੀਨੀਅਰ ਪੱਤਰਕਾਰ ਹਮੀਰ ਸਿੰਘ ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਦੇ ਲੱਗ ਰਹੇ ਇਲਜ਼ਾਮਾਂ ਦਾ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਨੁਕਸਾਨ ਹੋਣ ਦੀਆਂ ਕਾਫ਼ੀ ਸੰਭਾਵਨਾਵਾਂ ਹਨ।
ਕੀ ਪੰਜਾਬ ਵਿੱਚ 'ਆਪ' ਬਨਾਮ ਬੀਜੇਪੀ ਦਾ ਬਿਰਤਾਂਤ ਬਣ ਰਿਹਾ?

ਤਸਵੀਰ ਸਰੋਤ, Getty Images
ਬੀਜੇਪੀ ਦੇ ਆਗੂਆਂ ਵੱਲੋਂ ਪੱਛਮੀ ਬੰਗਾਲ ਜਿੱਤਣ ਤੋਂ ਬਾਅਦ ਅਗਲੀ ਪੰਜਾਬ ਦੀ ਵਾਰੀ ਦੇ ਨਾਅਰੇ ਦਿੱਤੇ ਜਾ ਰਹੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਨਰਿੰਦਰ ਮੋਦੀ ਦੀਆਂ ਜਿੱਤਾਂ ਨੂੰ ਰੋਕੇਗਾ।
ਹਾਲਾਂਕਿ ਪੰਜਾਬ ਵਿੱਚ ਬਹੁ-ਕੋਣੇ ਮੁਕਾਬਲੇ ਦੀ ਗੱਲ ਆਖੀ ਜਾ ਰਹੀ ਹੈ ਜਿਸ ਵਿੱਚ 'ਆਪ', ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਸ਼ਾਮਲ ਹੈ।
ਮੌਜੂਦਾ ਸਮੇਂ ਵਿੱਚ 'ਆਪ' ਕੋਲ 117 ਵਿੱਚੋਂ 94 ਵਿਧਾਇਕ ਹਨ, ਕਾਂਗਰਸ 16 ਵਿਧਾਇਕਾਂ ਨਾਲ ਮੁੱਖ ਵਿਰੋਧੀ ਧਿਰ ਹੈ, ਅਕਾਲੀ ਦਲ ਦੇ 3 ਅਤੇ ਬੀਜੇਪੀ ਦੇ 2 ਵਿਧਾਇਕ ਹਨ ਜਦਕਿ ਬਹੁਜਨ ਸਮਾਜ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ1-1 ਹੈ।
ਪਰ 'ਆਪ' ਦੇ ਰਾਜ ਸਭਾ ਮੈਂਬਰਾਂ ਦੇ ਬੀਜੇਪੀ ਵਿੱਚ ਜਾਣ ਅਤੇ ਈਡੀ ਦੀ ਛਾਪੇਮਾਰੀ ਨਾਲ ਕੀ ਪੰਜਾਬ ਵਿੱਚ 'ਆਪ' ਬਨਾਮ ਬੀਜੇਪੀ ਬਿਰਤਾਂਤ ਬਣ ਰਿਹਾ ਹੈ?
ਜਤਿੰਦਰ ਸਿੰਘ ਕਹਿੰਦੇ ਹਨ, "ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਾ ਵੀ ਹਾਲੇ ਕੁਝ ਸਾਹਮਣੇ ਨਹੀਂ ਆ ਰਿਹਾ, ਇਸ ਲਈ ਜੇਕਰ 'ਆਪ' ਅਤੇ ਬੀਜੇਪੀ ਵਿੱਚ ਛੇ ਕੁ ਮਹੀਨੇ ਹੋਰ ਕਸ਼ਮਕਸ਼ ਚੱਲਦੀ ਹੈ ਤਾਂ 'ਆਪ' ਅਤੇ ਬੀਜੇਪੀ ਦੇ ਮੁਕਾਬਾਲੇ ਵਾਲਾ ਬਿਰਾਂਤਾਤ ਵੀ ਸਥਾਪਿਤ ਹੋ ਸਕਦਾ ਹੈ।"
ਸਾਬਕਾ ਪ੍ਰੋਫੈਸਰ ਐੱਚਐਚ ਭੱਟੀ ਕਹਿੰਦੇ ਹਨ, "ਭਗਵੰਤ ਮਾਨ ਵੀ ਲਗਾਤਾਰ ਬੀਜੇਪੀ ਖਿਲਾਫ਼ ਬੋਲ ਰਹੇ ਹਨ ਪਰ ਕੇਂਦਰ ਨੇ ਕੇਜਰੀਵਾਲ ਨੂੰ ਜ਼ਰੂਰ ਕਮਜ਼ੋਰ ਕਰ ਦਿੱਤਾ ਹੈ ਜੋ ਉਹ ਚਾਹੁੰਦੀ ਸੀ।"
ਸੀਨੀਅਰ ਪੱਤਰਕਾਰ ਹਮੀਰ ਸਿੰਘ ਮੁਤਾਬਕ, "ਭਾਵੇਂ ਬੀਜੇਪੀ ਸ਼ਹਿਰੀ ਖੇਤਰ ਵਿੱਚ ਕੁਝ ਅਧਾਰ ਬਣਾ ਰਹੀ ਹੋਵੇ ਪਰ ਪੇਂਡੂ ਇਲਾਕਿਆਂ ਵਿੱਚ ਹਾਲੇ ਵੀ ਬੀਜੇਪੀ ਲਈ ਅਧਾਰ ਬਣਾਉਣਾ ਬਾਕੀ ਹੈ।"
ਕਾਂਗਰਸ ਅਤੇ ਅਕਾਲੀ ਦਲ ਕਿੱਥੇ ਖੜਾ ਹੈ?

ਤਸਵੀਰ ਸਰੋਤ, Getty Images
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਲਗਾਤਾਰ ਇੱਕ ਦੂਜੇ ਉਪਰ ਹਮਲੇ ਕੀਤੇ ਜਾਂਦੇ ਹਨ।
'ਆਪ' ਸਰਕਾਰ ਵੱਲੋਂ ਬੇਅਦਬੀਆਂ ਖਿਲਾਫ਼ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026' ਲਾਗੂ ਕਰ ਦਿੱਤਾ ਗਿਆ ਹੈ। ਇਸ ਉਪਰ ਅਕਾਲ ਤਖ਼ਤ ਨੇ ਵੀ ਇਤਰਾਜ਼ ਪ੍ਰਗਟ ਕੀਤੇ ਹਨ ਪਰ ਮੁੱਖ ਮੰਤਰੀ ਨੇ ਕਿਹਾ ਹੈ ਕਿ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨ ਲਾਗੂ ਹੋ ਗਿਆ ਹੈ ਅਤੇ ਹੁਣ ਇਸ ਵਿੱਚ ਕੋਈ ਬਦਲਾਅ ਨਹੀਂ ਹੋਵੇਗੀ।
ਇਸ ਨੂੰ ਲੈ ਕੇ ਮੁੱਖ ਮੰਤਰੀ 'ਸ਼ੁਕਰਾਨਾ ਯਾਤਾਰਾ' ਵੀ ਕਰ ਰਹੇ ਹਨ।
ਸਾਬਕਾ ਪ੍ਰੋਫੈਸਰ ਐੱਚਐਚ ਭੱਟੀ ਕਹਿੰਦੇ ਹਨ, "ਭਗਵੰਤ ਮਾਨ ਆਪਣੀ ਸ਼ੁਕਰਾਨਾ ਯਾਤਰਾ ਦੌਰਾਨ ਅਕਾਲੀਆਂ ਦਾ ਏਜੰਡਾ ਖੋਹਣ ਦੀ ਕੋਸ਼ਿਸ਼ ਕਰ ਰਹੇ ਹਨ।"
ਦੂਜੇ ਪਾਸੇ ਸੁਮੇਲ ਸਿੰਘ ਸਿੱਧੂ ਮੁਤਾਬਕ, "ਅਕਾਲੀ ਦਲ ਦੀ ਸਿਆਸਤ ਬੇਜੀਪੀ ਦੀ ਸਿਆਸਤ ਤੋਂ ਕੋਈ ਆਜ਼ਾਦ ਨਹੀਂ ਰਹਿ ਗਈ। ਅਕਾਲੀ ਤੇ ਬੀਜੇਪੀ ਵੋਟਾਂ ਤੋਂ ਬਾਅਦ ਦੇ ਗਠਬੰਧਨ ਬਾਰੇ ਹਾਲੇ ਕੁਝ ਨਹੀਂ ਕਹਿ ਰਹੇ ਪਰ ਇਹ ਜ਼ਰੂਰ ਕਹਿ ਰਹੇ ਹਨ ਕਿ ਅਸੀਂ ਚੋਣ ਅਲੱਗ-ਅਲੱਗ ਲੜਾਂਗੇ।"
ਸਿੱਧੂ ਅੱਗੇ ਕਹਿੰਦੇ ਹਨ, "ਕਾਂਗਰਸ ਨੂੰ ਵੀ ਜਿੱਤ ਲਈ ਲੜਨਾ ਪੈਣਾ ਹੈ ਪਰ ਮੈਨੂੰ ਲੱਗਦਾ ਹੈ ਕਿ ਕਾਂਗਰਸ ਦਾ ਜੋ ਹਾਲ ਹੈ, ਉਸ ਨੂੰ ਭਰੋਸਾ ਜਿਹਾ ਨਹੀਂ ਬੱਝ ਰਿਹਾ। ਕਾਂਗਰਸ ਦੇ ਆਗੂ ਜਿੱਤ ਵੀ ਜਾਣਗੇ ਪਰ ਸਵਾਲ ਹੈ ਕਿ ਕੀ ਕਾਂਗਰਸ ਇੱਕ ਨਿੱਗਣ ਧਿਰ ਬਣ ਕੇ ਅੱਗੇ ਆਵੇਗੀ, ਇਹ ਮਸਲਾ ਹਾਲੇ ਰੜਕ ਰਿਹਾ ਹੈ। "
ਸੁਮੇਲ ਸਿੰਘ ਸਿੱਧੂ ਆਪਣੀ ਗੱਲ ਖਤਮ ਕਰਦੇ ਹੋਏ ਕਹਿੰਦੇ ਹਨ, "ਇਹ ਸਮਾਂ ਪੰਜਾਬ ਦੇ ਲੋਕਾਂ ਲਈ ਵੀ ਸੋਚਣ ਵਾਲਾ ਹੈ। ਉਹ ਸਿਰਫ਼ ਇਹ ਨਹੀਂ ਦੇਖਦੇ ਰਹਿ ਸਕਦੇ ਕਿ ਗੇਂਦ ਆਮ ਆਦਮੀ ਪਾਰਟੀ ਦੇ ਪਾਲੇ ਵਿੱਚ ਚਲੀ ਗਈ ਹੈ ਅਤੇ ਬੀਜੇਪੀ ਨੇ ਗੋਲ ਕਰ ਦਿੱਤਾ। ਇਹਨਾਂ ਵੱਲੋਂ ਬਿਆਨ ਆ ਜਾਣਗੇ ਅਤੇ ਫਿਰ ਅਗਲਾ ਗੋਲ ਹੋ ਜਾਵੇਗਾ। ਪੰਜਾਬ ਦੇ ਲੋਕਾਂ ਨੂੰ ਜਦੋਂ ਕੋਈ ਰਾਜਨੀਤਿਕ ਬਦਲ ਨਹੀਂ ਦਿੱਸ ਰਿਹਾ ਅਤੇ ਸਿਆਸੀ ਬੇਵਸੀ ਵੱਧ ਰਹੀ ਹੈ ਤਾਂ ਪੰਜਾਬੀਆਂ ਨੂੰ ਵੀ ਸੋਚਣਾ ਪਵੇਗਾ ਕਿ ਕਿਸ ਨੂੰ ਚੁਣਨਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































