ਡੀਲਿਮਿਟੇਸ਼ਨ ਬਿੱਲ: ਕੀ ਇਸ ਵਾਰ ਮੋਦੀ ਸਰਕਾਰ ਪਾਸ ਕਰਵਾ ਸਕੇਗੀ, ਕੀ ਕਹਿੰਦਾ ਹੈ ਗਣਿਤ?

ਤਸਵੀਰ ਸਰੋਤ, Ani
ਕੇਂਦਰੀ ਸੰਸਦ ਮੰਤਰੀ ਕਿਰੇਨ ਰਿਜਿਜੂ ਨੇ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਐਲਾਨ ਕੀਤਾ ਹੈ। ਚਰਚਾ ਹੈ ਕਿ ਇਸ ਦੌਰਾਨ ਮੋਦੀ ਸਰਕਾਰ ਡੀਲਿਮਿਟੇਸ਼ਨ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕਰੇਗੀ।
ਅਪ੍ਰੈਲ ਵਿੱਚ ਲੋਕ ਸਭਾ ਵਿੱਚ ਲੋੜੀਂਦਾ ਸਮਰਥਨ ਨਾ ਮਿਲਣ ਕਾਰਨ ਡਿੱਗਿਆ ਡੀਲਿਮਿਟੇਸ਼ਨ (ਹਲਕਿਆਂ ਦੀ ਹੱਦਬੰਦੀ) ਅਤੇ ਮਹਿਲਾ ਰਾਖਵਾਂਕਰਨ ਨਾਲ ਜੁੜਿਆ ਬਿੱਲ ਹੁਣ ਨਵੇਂ ਰੂਪ ਵਿੱਚ ਵਾਪਸ ਲਿਆਂਦਾ ਜਾ ਰਿਹਾ ਹੈ।
ਇਸ ਵਾਰ ਸਰਕਾਰ ਨੇ ਦੋ ਵੱਡੇ ਬਦਲਾਅ ਕੀਤੇ ਹਨ। ਪਹਿਲਾ, ਹਲਕਿਆਂ ਦੀ ਹੱਦਬੰਦੀ ਨੂੰ ਨਵੀਂ ਜਨਗਣਨਾ ਤੋਂ ਵੱਖ ਕਰ ਦਿੱਤਾ ਗਿਆ ਹੈ ਅਤੇ ਦੂਜਾ, ਸਾਰੇ ਸੂਬਿਆਂ ਦੀਆਂ ਲੋਕ ਸਭਾ ਸੀਟਾਂ ਵਿੱਚ ਬਰਾਬਰ 50 ਫ਼ੀਸਦੀ ਵਾਧੇ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਨਵੇਂ ਬਿੱਲ ਪੇਸ਼ ਕੀਤੇ ਜਾਣ ਦੀਆਂ ਖ਼ਬਰਾਂ ਵਿਚਾਲੇ ਇਸ ਗੱਲ 'ਤੇ ਚਰਚਾ ਤੇਜ਼ ਹੋ ਗਈ ਹੈ ਕਿ ਕੀ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਐੱਨਡੀਏ ਕੋਲ ਸੰਵਿਧਾਨਕ ਸੋਧ ਬਿੱਲ ਪਾਸ ਕਰਵਾਉਣ ਲਈ ਦੋ-ਤਿਹਾਈ ਬਹੁਮਤ ਹੈ, ਕਿਉਂਕਿ ਇਸੇ ਸਾਲ ਅਪ੍ਰੈਲ ਵਿੱਚ ਹੋਈ ਵੋਟਿੰਗ ਦੌਰਾਨ ਦੋ-ਤਿਹਾਈ ਬਹੁਮਤ ਨਾ ਹੋਣ ਕਾਰਨ ਇਹ ਬਿੱਲ ਪਾਸ ਨਹੀਂ ਹੋ ਸਕਿਆ ਸੀ।
ਕੇਂਦਰੀ ਸੰਸਦੀ ਮੰਤਰੀ ਮੁਤਾਬਕ, ਲੋਕ ਸਭਾ ਦੀ ਬੈਠਕ 30 ਨਵੰਬਰ ਨੂੰ ਅਤੇ ਰਾਜ ਸਭਾ ਦੀ ਬੈਠਕ ਦੋ ਦਸੰਬਰ ਨੂੰ ਹੋਵੇਗੀ ਅਤੇ ਤਿੰਨ ਦਸੰਬਰ ਨੂੰ ਇਸ ਵਿਸ਼ੇਸ਼ ਇਜਲਾਸ ਦੀ ਸਮਾਪਤੀ ਹੋ ਸਕਦੀ ਹੈ।
ਕਾਂਗਰਸ ਦੇ ਸੀਨੀਅਰ ਆਗੂ ਕੇਸੀ ਵੇਣੂਗੋਪਾਲ ਨੇ ਸਰਕਾਰ 'ਤੇ 'ਸੰਸਦ ਦੀ ਚੋਰੀ' ਦਾ ਇਲਜ਼ਾਮ ਲਾਇਆ ਹੈ।
ਉਨ੍ਹਾਂ ਨੇ ਐਕਸ 'ਤੇ ਲਿਖਿਆ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਦਾ ਡੀਲੀਮੀਟੇਸ਼ਨ ਬਿੱਲ ਸੰਸਦ ਦੀ ਚੋਰੀ ਦੀ ਇੱਕ ਕੋਸ਼ਿਸ਼ ਤੋਂ ਵੱਧ ਕੁਝ ਨਹੀਂ ਹੋਵੇਗਾ। ਅਸੀਂ ਇਸ ਨੂੰ ਪਾਸ ਨਹੀਂ ਹੋਣ ਦੇਵਾਂਗੇ।"
ਅਪ੍ਰੈਲ ਵਿੱਚ ਕੀ ਹੋਇਆ ਸੀ?

ਤਸਵੀਰ ਸਰੋਤ, ANI
ਮਹਿਲਾ ਰਾਖਵਾਂਕਰਨ ਕਾਨੂੰਨ ਅਤੇ ਡੀਲਿਮਿਟੇਸ਼ਨ ਨਾਲ ਜੁੜਿਆ 131ਵਾਂ ਸੰਵਿਧਾਨਕ ਸੋਧ ਬਿੱਲ 17 ਅਪ੍ਰੈਲ 2026 ਨੂੰ ਲੋਕ ਸਭਾ ਵਿੱਚ ਡਿੱਗ ਗਿਆ ਸੀ।
ਸੰਸਦ ਵਿੱਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਵਾਲੇ ਕਾਨੂੰਨ ਵਿੱਚ ਸੋਧ ਅਤੇ ਡੀਲਿਮਿਟੇਸ਼ਨ ਨਾਲ ਜੁੜੇ ਬਿੱਲਾਂ ਦੇ ਸਮਰਥਨ ਵਿੱਚ ਜਦੋਂ ਵੋਟਿੰਗ ਹੋਈ ਤਾਂ ਪੱਖ ਵਿੱਚ 298 ਵੋਟਾਂ ਪਈਆਂ, ਜਦਕਿ ਇਸ ਦੇ ਵਿਰੋਧ ਵਿੱਚ 230 ਵੋਟਾਂ ਪਈਆਂ। 11 ਸੰਸਦ ਮੈਂਬਰ ਗ਼ੈਰ-ਹਾਜ਼ਰ ਰਹੇ ਸਨ।
ਸੰਵਿਧਾਨਕ ਸੋਧ ਬਿੱਲ ਪਾਸ ਕਰਨ ਲਈ ਲੋਕ ਸਭਾ ਵਿੱਚ ਘੱਟੋ-ਘੱਟ ਦੋ-ਤਿਹਾਈ ਬਹੁਮਤ ਹੋਣਾ ਚਾਹੀਦਾ ਹੈ। ਪਿਛਲੇ ਅਪ੍ਰੈਲ ਵਿੱਚ ਲੋਕ ਸਭਾ ਵਿੱਚ 528 ਮੈਂਬਰ ਸਨ ਅਤੇ ਬਿੱਲ ਪਾਸ ਕਰਵਾਉਣ ਲਈ 352 ਵੋਟਾਂ ਦੀ ਲੋੜ ਸੀ। ਯਾਨੀ ਬਿੱਲ ਪਾਸ ਕਰਵਾਉਣ ਲਈ 55 ਵੋਟਾਂ ਘੱਟ ਸਨ।
ਇਸ ਤੋਂ ਬਾਅਦ ਸਰਕਾਰ ਨੇ ਡੀਲਿਮਿਟੇਸ਼ਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਜੁੜੇ ਦੋ ਹੋਰ ਬਿੱਲਾਂ ਨੂੰ ਵੀ ਅੱਗੇ ਨਹੀਂ ਵਧਾਇਆ।
ਪਰ ਇਸ ਵਾਰ ਮੋਦੀ ਸਰਕਾਰ ਨਵੇਂ ਸਿਰੇ ਤੋਂ ਇਸ ਨੂੰ ਪਾਸ ਕਰਵਾਉਣ ਲਈ ਪੂਰਾ ਜ਼ੋਰ ਲਗਾਏਗੀ।
ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਮੁਤਾਬਕ, ਕੇਂਦਰ ਸਰਕਾਰ ਨੂੰ ਦੋ-ਤਿਹਾਈ ਬਹੁਮਤ ਮਿਲਣ ਦਾ ਭਰੋਸਾ ਇਸ ਲਈ ਹੈ ਕਿਉਂਕਿ ਪਹਿਲਾਂ ਇੰਡੀਆ ਗੱਠਜੋੜ ਦਾ ਹਿੱਸਾ ਰਹੀ ਡੀਐੱਮਕੇ ਵੱਲੋਂ ਇਸ ਬਿੱਲ ਦੇ ਸਮਰਥਨ ਦੇ ਸੰਕੇਤ ਮਿਲੇ ਹਨ।
ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਡੀਐੱਮਕੇ ਚਾਹੁੰਦੀ ਹੈ ਕਿ ਤਾਮਿਲਨਾਡੂ ਦੀਆਂ ਲੋਕ ਸਭਾ ਸੀਟਾਂ ਵਿੱਚ ਮੌਜੂਦਾ ਲਗਭਗ 7.2 ਫ਼ੀਸਦੀ ਹਿੱਸੇਦਾਰੀ ਬਰਕਰਾਰ ਰੱਖਣ ਦੀ ਗਾਰੰਟੀ ਦਿੱਤੀ ਜਾਵੇ।
ਮੌਜੂਦਾ ਗਣਿਤ ਕੀ ਕਹਿੰਦਾ ਹੈ?

ਤਸਵੀਰ ਸਰੋਤ, ANI
ਫਿਲਹਾਲ ਲੋਕ ਸਭਾ ਵਿੱਚ ਕੁੱਲ 540 ਸੰਸਦ ਮੈਂਬਰ ਹਨ। ਅਜਿਹੇ ਵਿੱਚ ਦੋ-ਤਿਹਾਈ ਬਹੁਮਤ ਦਾ ਅੰਕੜਾ 360 ਤੱਕ ਪਹੁੰਚਦਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਐੱਨਡੀਏ ਨੂੰ 293 ਸੀਟਾਂ ਮਿਲੀਆਂ ਸਨ।
ਪਰ ਤ੍ਰਿਣਮੂਲ ਕਾਂਗਰਸ ਦੇ 20 ਬਾਗ਼ੀ ਸੰਸਦ ਮੈਂਬਰਾਂ ਦੇ ਵੱਖ ਹੋਣ ਅਤੇ ਐੱਨਡੀਏ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਨਾਲ ਇਹ ਅੰਕੜਾ ਬਦਲ ਗਿਆ ਹੈ।
ਇਸੇ ਸਾਲ ਜੂਨ ਵਿੱਚ ਊਧਵ ਠਾਕਰੇ ਦੀ ਸ਼ਿਵ ਸੈਨਾ ਦੇ ਛੇ ਸੰਸਦ ਮੈਂਬਰਾਂ ਨੇ ਪਾਲਾ ਬਦਲ ਲਿਆ ਅਤੇ ਸ਼ਿੰਦੇ ਧੜੇ ਵਿੱਚ ਸ਼ਾਮਲ ਹੋ ਗਏ, ਜੋ ਪਹਿਲਾਂ ਤੋਂ ਹੀ ਐੱਨਡੀਏ ਦਾ ਭਾਈਵਾਲ ਹੈ। ਇਸ ਤਰ੍ਹਾਂ ਐੱਨਡੀਏ ਦੀ ਗਿਣਤੀ ਵੱਧ ਕੇ 319 ਹੋ ਗਈ ਸੀ।
ਡੀਐੱਮਕੇ ਨੇ ਪਿਛਲੀ ਵਾਰ ਡੀਲਿਮਿਟੇਸ਼ਨ ਬਿੱਲ ਦਾ ਵਿਰੋਧ ਕੀਤਾ ਸੀ। ਪਰ ਇਸ ਵਾਰ ਉਸ ਨੇ ਸਮਰਥਨ ਦੇਣ ਦੇ ਸੰਕੇਤ ਦਿੱਤੇ ਹਨ।
ਸ਼ੁੱਕਰਵਾਰ ਨੂੰ ਡੀਐੱਮਕੇ ਦੇ ਬੁਲਾਰੇ ਟੀਕੇਐੱਸ ਇਲਾਂਗੋਵਨ ਨੇ ਏਐੱਨਆਈ ਨੂੰ ਕਿਹਾ, "ਜੇ ਇਹ (ਨਵਾਂ) ਬਿੱਲ ਸਾਨੂੰ ਮਨਜ਼ੂਰ ਹੋਵੇਗਾ ਤਾਂ ਅਸੀਂ ਇਸ ਦਾ ਸਮਰਥਨ ਕਰਾਂਗੇ।"
ਲੋਕ ਸਭਾ ਵਿੱਚ ਡੀਐੱਮਕੇ ਦੇ 22 ਸੰਸਦ ਮੈਂਬਰ ਹਨ। ਤਾਮਿਲਨਾਡੂ ਵਿੱਚ ਹਾਰ ਤੋਂ ਬਾਅਦ ਕਾਂਗਰਸ ਦੇ ਵੱਖ ਹੋ ਜਾਣ ਕਾਰਨ ਡੀਐੱਮਕੇ ਨੇ ਇੰਡੀਆ ਗੱਠਜੋੜ ਦਾ ਸਾਥ ਛੱਡ ਦਿੱਤਾ।
ਇੰਡੀਅਨ ਐਕਸਪ੍ਰੈੱਸ ਮੁਤਾਬਕ, ਡੀਐੱਮਕੇ ਦੇ ਇੱਕ ਆਗੂ ਨੇ ਮੰਨਿਆ ਕਿ ਸਰਕਾਰ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਜੇ ਤਾਮਿਲਨਾਡੂ ਦੀਆਂ ਲੋਕ ਸਭਾ ਸੀਟਾਂ ਵਿੱਚ ਮੌਜੂਦਾ ਲਗਭਗ 7.2 ਫ਼ੀਸਦੀ ਹਿੱਸੇਦਾਰੀ ਬਰਕਰਾਰ ਰੱਖਣ ਦੀ ਗਾਰੰਟੀ ਮਿਲਦੀ ਹੈ ਤਾਂ ਪਾਰਟੀ ਡੀਲਿਮਿਟੇਸ਼ਨ ਦਾ ਸਮਰਥਨ ਕਰ ਸਕਦੀ ਹੈ।
ਐੱਨਸੀਪੀ (ਸ਼ਰਦ ਪਵਾਰ) ਦੀ ਆਗੂ ਸੁਪ੍ਰਿਆ ਸੁਲੇ ਨੇ ਬਿੱਲ ਦੇ ਸਮਰਥਨ ਦੇ ਸੰਕੇਤ ਦਿੱਤੇ ਸਨ, ਹਾਲਾਂਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਲੋਕ ਸਭਾ ਵਿੱਚ ਪਾਰਟੀ ਦੇ ਅੱਠ ਸੰਸਦ ਮੈਂਬਰ ਹਨ।
ਸੁਪ੍ਰਿਆ ਸੁਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਛਲੇ ਬੁੱਧਵਾਰ ਨੂੰ ਕਿਹਾ ਸੀ, "ਵਿਰੋਧੀ ਧਿਰ ਨੇ ਅਤੀਤ ਵਿੱਚ ਕਈ ਮੁੱਦਿਆਂ ਦਾ ਸਮਰਥਨ ਕੀਤਾ ਹੈ, ਜਿਵੇਂ ਪਹਿਲਗਾਮ ਮਾਮਲਾ, ਜੀਐੱਸਟੀ ਬਿੱਲ, ਮਹਿਲਾ ਰਾਖਵਾਂਕਰਨ ਬਿੱਲ, ਜਿਸ ਨੂੰ ਅਸੀਂ ਸਰਬਸੰਮਤੀ ਨਾਲ ਪਾਸ ਕੀਤਾ ਸੀ। ਦੇਸ਼ ਦੇ ਹਿੱਤ ਵਿੱਚ ਚਰਚਾ ਹੋਣੀ ਚਾਹੀਦੀ ਹੈ।"
ਜੇ ਲੋਕ ਸਭਾ ਵਿੱਚ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਬਿੱਲ ਰਾਜ ਸਭਾ ਦੀ ਬੈਠਕ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। 245 ਮੈਂਬਰਾਂ ਵਾਲੀ ਰਾਜ ਸਭਾ ਵਿੱਚ ਐੱਨਡੀਏ ਦੇ 142 ਸੰਸਦ ਮੈਂਬਰ ਹਨ। ਸੰਵਿਧਾਨਕ ਸੋਧ ਲਈ 161 ਮੈਂਬਰਾਂ ਦਾ ਸਮਰਥਨ ਜ਼ਰੂਰੀ ਹੋਵੇਗਾ। ਅਜਿਹੇ ਵਿੱਚ ਸੱਤਾਧਾਰੀ ਗੱਠਜੋੜ ਨੂੰ 19 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ।
ਰਾਜ ਸਭਾ ਵਿੱਚ ਡੀਐੱਮਕੇ ਦੇ ਅੱਠ ਅਤੇ ਐੱਨਸੀਪੀ (ਸ਼ਰਦ ਪਵਾਰ) ਦਾ ਇੱਕ ਸੰਸਦ ਮੈਂਬਰ ਹੈ। ਖੇਤਰੀ ਪਾਰਟੀਆਂ ਸਮੇਤ ਐੱਨਡੀਏ ਤੋਂ ਬਾਹਰ ਦੀਆਂ ਪਾਰਟੀਆਂ ਦੇ ਲਗਭਗ 100 ਸੰਸਦ ਮੈਂਬਰ ਹਨ। ਭਾਜਪਾ ਨੂੰ ਭਰੋਸਾ ਹੈ ਕਿ ਉਹ ਲੋੜੀਂਦੀ ਗਿਣਤੀ ਜੁਟਾਉਣ ਵਿੱਚ ਸਫ਼ਲ ਹੋਵੇਗੀ।
ਸਟਾਲਿਨ ਨੇ ਕੀ ਕਿਹਾ

ਤਸਵੀਰ ਸਰੋਤ, @mkstalin
ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀਐੱਮਕੇ ਆਗੂ ਐੱਮਕੇ ਸਟਾਲਿਨ ਨੇ ਕਿਹਾ ਹੈ ਕਿ ਡੀਐੱਮਕੇ ਭਾਰਤ ਦੀ ਪਹਿਲੀ ਪਾਰਟੀ ਸੀ, ਜਿਸ ਨੇ ਡੀਲਿਮਿਟੇਸ਼ਨ ਦੇ ਸੰਭਾਵੀ ਨਤੀਜਿਆਂ ਨੂੰ ਲੈ ਕੇ ਆਵਾਜ਼ ਚੁੱਕੀ ਸੀ।
ਉਨ੍ਹਾਂ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਨਿਰਪੱਖ ਡੀਲਿਮਿਟੇਸ਼ਨ ਦੀ ਮੰਗ ਨੂੰ ਲੈ ਕੇ ਕੌਮੀ ਆਗੂਆਂ ਨੂੰ ਇੱਕ ਮੰਚ 'ਤੇ ਲਿਆਉਣ ਲਈ ਪਹਿਲੀ ਬੈਠਕ ਵੀ ਚੇਨਈ ਵਿੱਚ ਹੀ ਹੋਈ ਸੀ।
ਤਾਮਿਲਨਾਡੂ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਮਤੇ ਅਤੇ ਨਿਰਪੱਖ ਡੀਲਿਮਿਟੇਸ਼ਨ ਲਈ ਸਾਂਝੀ ਕਾਰਜ ਕਮੇਟੀ ਦੀ ਬੈਠਕ ਵਿੱਚ ਅਪਣਾਏ ਗਏ ਮਤਿਆਂ ਮੁਤਾਬਕ, ਸਾਡੀਆਂ ਦੋ ਸਪੱਸ਼ਟ ਮੰਗਾਂ ਸਨ-
"ਜੇ ਲੋਕ ਸਭਾ ਸੀਟਾਂ ਦੀ ਗਿਣਤੀ ਵਧਾਈ ਜਾਂਦੀ ਹੈ ਤਾਂ ਕਿਸੇ ਵੀ ਹਾਲਤ ਵਿੱਚ ਤਾਮਿਲਨਾਡੂ ਦੀ ਮੌਜੂਦਾ 7.18 ਫ਼ੀਸਦੀ ਹਿੱਸੇਦਾਰੀ ਘੱਟ ਨਹੀਂ ਹੋਣੀ ਚਾਹੀਦੀ ਅਤੇ ਸਾਲ 1971 ਦੀ ਮਰਦਮਸ਼ੁਮਾਰੀ ਦੇ ਆਧਾਰ 'ਤੇ ਤੈਅ ਕੀਤੇ ਗਏ ਅਤੇ ਪਹਿਲਾਂ ਤੋਂ ਸਥਿਰ ਸੂਬਿਆਂ ਵਿਚਾਲੇ ਲੋਕ ਸਭਾ ਵਿੱਚ ਨੁਮਾਇੰਦਗੀ ਦਾ ਮੌਜੂਦਾ ਅਨੁਪਾਤ ਅਗਲੇ 25 ਸਾਲਾਂ ਤੱਕ ਵੀ ਬਰਕਰਾਰ ਰਹਿਣਾ ਚਾਹੀਦਾ ਹੈ।"
ਸਟਾਲਿਨ ਨੇ ਲਿਖਿਆ, "ਡੀਐੱਮਕੇ ਅੱਜ ਵੀ ਇਨ੍ਹਾਂ ਦੋਵਾਂ ਮੰਗਾਂ 'ਤੇ ਕਾਇਮ ਹੈ ਅਤੇ ਅੱਗੇ ਵੀ ਕਾਇਮ ਰਹੇਗੀ। ਸਾਡੇ ਰੁਖ਼ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੀਡੀਆ ਵਿੱਚ ਫੈਲਾਈਆਂ ਜਾ ਰਹੀਆਂ ਕਿਆਸਅਰਾਈਆਂ ਅਤੇ ਵਿਸ਼ਵਾਸਘਾਤ ਕਰਨ ਵਾਲਿਆਂ ਦੀ ਬਿਆਨਬਾਜ਼ੀ ਸਾਡੇ ਰੁਖ਼ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕਦੀ।"
ਵਿਰੋਧੀ ਧਿਰ ਨੇ ਕੀ ਕਿਹਾ?
ਵਿਰੋਧੀ ਧਿਰ ਦੇ ਇੰਡੀਆ ਗੱਠਜੋੜ ਦੇ ਆਗੂਆਂ ਨੇ ਡੀਲਿਮਿਟੇਸ਼ਨ ਬਿੱਲ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ।
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਸੰਸਦ ਦਾ ਵਿਸ਼ੇਸ਼ ਇਜਲਾਸ ਮਹਿਲਾ ਰਾਖਵਾਂਕਰਨ ਲਈ ਨਹੀਂ ਹੈ, ਕਿਉਂਕਿ ਮਹਿਲਾ ਰਾਖਵਾਂਕਰਨ ਤਾਂ ਪਹਿਲਾਂ ਹੀ ਕਾਨੂੰਨ ਬਣ ਚੁੱਕਾ ਹੈ।
ਜੈਰਾਮ ਰਮੇਸ਼ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਵਿਸ਼ੇਸ਼ ਇਜਲਾਸ ਦਾ ਅਸਲ ਮਕਸਦ ਚੋਣ ਹਲਕਿਆਂ ਦੀਆਂ ਹੱਦਾਂ ਮਨਮਰਜ਼ੀ ਨਾਲ ਤੈਅ ਕਰਨਾ ਹੈ, ਤਾਂ ਜੋ ਲੋਕਾਂ ਦੀ ਆਵਾਜ਼ ਦਬਾਈ ਜਾ ਸਕੇ।"
ਉਨ੍ਹਾਂ ਨੇ ਸਵਾਲ ਕੀਤਾ, "ਚੋਣ ਹਲਕਿਆਂ ਦੀਆਂ ਹੱਦਾਂ ਤੈਅ ਕਰਨ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਜਾਵੇਗੀ?
ਕਾਕਰੋਚ ਜਨਤਾ ਪਾਰਟੀ ਦੇ ਆਸ਼ੂਤੋਸ਼ ਰਾਂਕਾ ਨੇ ਕਿਹਾ ਹੈ ਕਿ 30 ਨਵੰਬਰ ਨੂੰ ਹੋਣ ਵਾਲੀ ਸੰਸਦ ਦੀ ਕਾਰਵਾਈ 'ਤੇ ਪੂਰੇ ਦੇਸ਼ ਦੀ ਨਜ਼ਰ ਰਹੇਗੀ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਡੀਲਿਮਿਟੇਸ਼ਨ ਬਿੱਲ ਨੂੰ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਭੁੱਲ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਐਕਸ 'ਤੇ ਲਿਖਿਆ, "ਡੀਲਿਮਿਟੇਸ਼ਨ ਭਾਜਪਾ ਦੀ ਸਿਆਸਤ ਦੀ ਸਭ ਤੋਂ ਵੱਡੀ ਭੁੱਲ ਸਾਬਤ ਹੋਵੇਗਾ।"
ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਅਤੇ ਕੌਮੀ ਬੁਲਾਰੇ ਮਨੋਜ ਝਾਅ ਨੇ ਡੀਲਿਮਿਟੇਸ਼ਨ ਦੇ ਬਹਾਨੇ ਸਿਆਸੀ ਪੱਖਪਾਤ ਕਰਨ ਦਾ ਇਲਜ਼ਾਮ ਲਾਇਆ ਹੈ।
ਉਨ੍ਹਾਂ ਨੇ ਐਕਸ 'ਤੇ ਲਿਖਿਆ, "ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਪ੍ਰਸਤਾਵਿਤ ਡੀਲਿਮਿਟੇਸ਼ਨ ਦੀ ਪ੍ਰਕਿਰਿਆ ਸਿਰਫ਼ ਸੀਟਾਂ ਦੀ ਗਿਣਤੀ ਵਧਾਉਣ ਤੱਕ ਸੀਮਤ ਨਹੀਂ ਹੈ। ਇਸ ਤੋਂ ਵੱਡੀ ਚਿੰਤਾ ਸਿਆਸੀ ਮਕਸਦ ਨਾਲ ਚੋਣ ਹਲਕਿਆਂ ਦੀਆਂ ਹੱਦਾਂ ਬਦਲਣ ਦੀ ਸੰਭਾਵਨਾ ਹੈ।"
"ਜੇ ਇਹ ਪ੍ਰਕਿਰਿਆ ਸੰਵਿਧਾਨਕ ਸਿਧਾਂਤਾਂ ਅਤੇ ਜਮਹੂਰੀ ਨਿਰਪੱਖਤਾ ਦੀ ਬਜਾਏ ਸਿਆਸੀ ਪੱਖਪਾਤ ਦੇ ਆਧਾਰ 'ਤੇ ਕੀਤੀ ਜਾਂਦੀ ਹੈ ਤਾਂ ਇਸ ਨਾਲ ਨੁਮਾਇੰਦਾ ਲੋਕਤੰਤਰ, ਸੰਘੀ ਸੰਤੁਲਨ ਅਤੇ ਕੌਮੀ ਏਕਤਾ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।"

ਮਮਤਾ ਬੈਨਰਜੀ ਧੜੇ ਦੀ ਟੀਐੱਮਸੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਐਕਸ 'ਤੇ ਲਿਖਿਆ, "ਨਰਿੰਦਰ ਮੋਦੀ ਸਰਕਾਰ ਡੀਲਿਮਿਟੇਸ਼ਨ ਬਿੱਲ ਲਿਆ ਰਹੀ ਹੈ, ਜਿਸ ਦਾ ਮਕਸਦ ਭਾਜਪਾ ਨੂੰ ਸਾਰੇ ਚੋਣ ਹਲਕਿਆਂ ਦਾ ਨਕਸ਼ਾ ਆਪਣੇ ਚੋਣਾਵੀ ਫ਼ਾਇਦੇ ਮੁਤਾਬਕ ਨਵੇਂ ਸਿਰੇ ਤੋਂ ਤਿਆਰ ਕਰਨ ਦਾ ਮੌਕਾ ਦੇਣਾ ਹੈ। ਇਸ ਤੋਂ ਬਾਅਦ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਹ ਸਭ ਕਿਸੇ ਤਰ੍ਹਾਂ 'ਨਾਰੀ ਸ਼ਕਤੀ' ਜਾਂ 'ਔਰਤਾਂ ਦੀ ਨੁਮਾਇੰਦਗੀ' ਲਈ ਕੀਤਾ ਜਾ ਰਿਹਾ ਹੈ।"
ਉਨ੍ਹਾਂ ਨੇ ਲਿਖਿਆ, "ਡੀਲਿਮਿਟੇਸ਼ਨ ਬਿੱਲ ਹੋਰ ਕੁਝ ਨਹੀਂ, ਸਗੋਂ ਸੱਤਾ 'ਤੇ ਬੇਸ਼ਰਮੀ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਹੈ, ਜਿਸ ਨੂੰ ਸਾੜ੍ਹੀ ਵਿੱਚ ਲਪੇਟ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਨਾ ਸਿਰਫ਼ ਲੋਕਤੰਤਰ ਪ੍ਰਤੀ ਭਾਜਪਾ ਦੀ ਬੇਕਦਰੀ ਨੂੰ ਉਜਾਗਰ ਕਰਦਾ ਹੈ, ਸਗੋਂ ਔਰਤਾਂ ਪ੍ਰਤੀ ਉਸ ਦੀ ਨਫ਼ਰਤ ਅਤੇ ਅਪਮਾਨਜਨਕ ਰਵੱਈਏ ਨੂੰ ਵੀ ਦਰਸਾਉਂਦਾ ਹੈ।"
ਸਿਆਸੀ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੇ ਐਕਸ 'ਤੇ ਆਪਣਾ ਇੱਕ ਲੇਖ ਸਾਂਝਾ ਕਰਦਿਆਂ ਲਿਖਿਆ, "ਅਪ੍ਰੈਲ ਵਿੱਚ ਭਾਜਪਾ ਦੀ ਪਹਿਲੀ ਕੋਸ਼ਿਸ਼ ਨੂੰ ਵਿਰੋਧੀ ਧਿਰ ਨਾਕਾਮ ਕਰ ਚੁੱਕੀ ਹੈ। ਹੁਣ ਵਿਰੋਧੀ ਧਿਰ ਨੂੰ ਸੱਤਾਧਾਰੀ ਪਾਰਟੀ ਦੀ ਦੂਜੀ ਰਣਨੀਤੀ ਯਾਨੀ ਪਲਾਨ ਬੀ ਦਾ ਮੁਕਾਬਲਾ ਕਰਨ ਦੀ ਤਿਆਰੀ ਕਰਨੀ ਪਵੇਗੀ। ਇਸ ਤਹਿਤ ਸੂਬਿਆਂ ਦੀਆਂ ਲੋਕ ਸਭਾ ਸੀਟਾਂ ਵਿੱਚ ਹਿੱਸੇਦਾਰੀ ਨਹੀਂ ਬਦਲੀ ਜਾਵੇਗੀ, ਸਗੋਂ ਚੋਣਾਵੀ ਨਕਸ਼ੇ ਨੂੰ ਇਸ ਤਰ੍ਹਾਂ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇਗਾ, ਜਿਸ ਨਾਲ ਭਾਜਪਾ ਨੂੰ ਲੰਬੇ ਸਮੇਂ ਤੱਕ ਚੋਣਾਵੀ ਫ਼ਾਇਦਾ ਮਿਲਦਾ ਰਹੇ।"
"ਅਸਾਮ ਅਤੇ ਜੰਮੂ-ਕਸ਼ਮੀਰ ਵਿੱਚ ਡੀਲੀਮੀਟੇਸ਼ਨ ਰਾਹੀਂ ਸੱਤਾਧਾਰੀ ਪਾਰਟੀ ਨੂੰ ਵੱਡੇ ਚੋਣਾਵੀ ਫ਼ਾਇਦੇ ਮਿਲਣ ਦੀ ਝਲਕ ਪਹਿਲਾਂ ਹੀ ਦੇਖਣ ਨੂੰ ਮਿਲ ਚੁੱਕੀ ਹੈ। ਇਸ ਨੂੰ ਚੋਣ ਹਲਕਿਆਂ ਦੀਆਂ ਹੱਦਾਂ ਵਿੱਚ ਜਾਣਬੁੱਝ ਕੇ ਇਸ ਤਰ੍ਹਾਂ ਬਦਲਾਅ ਕਰਨ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ, ਜਿਸ ਨਾਲ ਕਿਸੇ ਖ਼ਾਸ ਪਾਰਟੀ ਨੂੰ ਫ਼ਾਇਦਾ ਪਹੁੰਚੇ। ਇਸ ਨੂੰ ਗੈਰੀਮੈਂਡਰਿੰਗ (ਚੋਣ ਹਲਕੇ ਦੀ ਹੱਦ ਜਾਣਬੁੱਝ ਕੇ ਬਦਲਣਾ) ਕਹਿੰਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































