ਯੂਕੇ ’ਚ ਦਿੱਲੀ ਦੀ ਕੁੜੀ ਪਹਿਲਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਫਿਰ ਉਸ ਦੀ ਲਾਸ਼ ਘਰ ਤੋਂ ਮੀਲਾਂ ਦੂਰ ਮਿਲੀ

ਹਰਸ਼ਿਤਾ ਬਰੇਲਾ

ਤਸਵੀਰ ਸਰੋਤ, Barela Falimy

ਤਸਵੀਰ ਕੈਪਸ਼ਨ, ਯੂਕੇ ਪੁਲਿਸ ਨੇ ਪੁਸ਼ਟੀ ਕੀਤੀ ਕਿ ਹਰਸ਼ਿਤਾ ਘਰੈਲੂ ਹਿੰਸਾ ਦਾ ਸ਼ਿਕਾਰ ਹੋਈ ਸੀ
    • ਲੇਖਕ, ਕੈਟ ਬਰੈਡਬੁੱਕ ਤੇ ਕਰਿਸ ਹੋਲੈਂਡ
    • ਰੋਲ, ਬੀਬੀਸੀ ਪੱਤਰਕਾਰ

ਪੂਰਬੀ ਲੰਡਨ ਦੇ ਇਲਫੋਰਡ ਵਿੱਚ ਇੱਕ ਕਾਰ ਦੀ ਡਿੱਗੀ ’ਚ ਸ਼ੱਕੀ ਹਾਲਤ ਵਿੱਚ ਮਿਲੀ ਭਾਰਤੀ ਕੁੜੀ ਦੀ ਮ੍ਰਿਤਕ ਦੇਹ ਨੇ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਉਦਾਸੀ ਅਤੇ ਘਬਰਾਹਟ ਪੈਦਾ ਕੀਤੀ ਸੀ।

ਲਾਸ਼ ਦੀ ਪਛਾਣ ਹਰਸ਼ਿਤਾ ਬਰੇਲਾ ਵੱਜੋਂ ਹੋਈ ਸੀ।

ਇਸ ਮਾਮਲੇ ਵਿੱਚ ਪੁਲਿਸ ਦਾ ਮੰਨਣਾ ਹੈ ਕਿ ਭਾਰਤੀ ਮੂਲ ਦੇ 24 ਸਾਲਾ ਪੰਕਜ ਲਾਂਬਾ ਨੇ ਨੌਰਥੈਂਪਟਨਸ਼ਾਇਰ ਵਿੱਚ ਆਪਣੀ ਪਤਨੀ ਹਰਸ਼ਿਤਾ ਬਰੇਲਾ ਦਾ ਕਤਲ ਕੀਤਾ ਸੀ ਅਤੇ ਉਸ ਦੀ ਲਾਸ਼ ਨੂੰ ਘਰ ਤੋਂ ਕਰੀਬ 100 ਮੀਲ ਦੂਰ ਇੱਕ ਵਾਹਨ ਵਿੱਚ ਛੱਡ ਦਿੱਤਾ ਸੀ।

ਪੁਲਿਸ ਦਾ ਇਹ ਵੀ ਮੰਨਣਾ ਸੀ ਕਿ ਸ਼ੱਕੀ ਵਿਅਕਤੀ ਦੇਸ਼ ਤੋਂ ਭੱਜ ਗਿਆ ਹੈ। ਪੁਲਿਸ ਲਾਂਬਾ ਦੀ ਭਾਲ ਕਰ ਰਹੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦਿੱਲੀ ਵਿੱਚ ਹਰਸ਼ਿਤਾ ਦਾ ਪਰਿਵਾਰ ਗ਼ਮਗੀਨ

ਬੀਬੀਸੀ ਪੱਤਰਕਾਰ ਸਮਾਇਰਾ ਹੂਸੈਨ ਨੇ ਹਰਸ਼ਿਤਾ ਬਰੇਲਾ ਦੇ ਭਾਰਤ ਵਿੱਚਲੇ ਪਰਿਵਾਰ ਨਾਲ ਗੱਲਬਾਤ ਕੀਤੀ।

ਹਰਸ਼ਿਤਾ ਬਰੇਲਾ ਦੀ ਮਾਂ ਦਾ ਕਹਿਣਾ ਹੈ, “ਮੈਂ ਆਪਣੀ ਧੀ ਲਈ ਇਨਸਾਫ਼ ਚਾਹੁੰਦੀ ਹਾਂ।”

ਹਰਸ਼ਿਤਾ ਬਰੇਲਾ ਦੀ ਮਾਂ, ਸੁਦੇਸ਼ ਕੁਮਾਰੀ ਦਿੱਲੀ ਸਥਿਤ ਆਪਣੇ ਪਰਿਵਾਰਕ ਘਰ ਵਿੱਚ ਧੀ ਦੀ ਮੌਤ ’ਤੇ ਜ਼ਾਰ-ਜ਼ਾਰ ਰੋ ਰਹੇ ਹਨ।

ਉਨ੍ਹਾਂ ਦੀ ਭੈਣ ਸੋਨੀਆ ਡਾਬਾਸ ਦੱਸਦੇ ਹਨ ਕਿ ਬਰੇਲਾ, ਪੰਕਜ ਲਾਂਬਾ ਨਾਲ ਵਿਆਹ ਤੋਂ ਬਾਅਦ ਅਪ੍ਰੈਲ ਵਿੱਚ ਯੂਕੇ ਜਾਣ ਲਈ ‘ਬਹੁਤ ਉਤਸ਼ਾਹਿਤ’ ਸੀ।

ਬਰੇਲਾ ਦੇ ਪਿਤਾ, ਸਤਬੀਰ ਬਰੇਲਾ ਨੇ ਕਿਹਾ,"ਮੈਂ ਚਾਹੁੰਦਾ ਹਾਂ ਕਿ ਮੇਰੇ ਜਵਾਈ ਨੂੰ ਨਿਆਂ ਦੇ ਕਟਹਿਰੇ ਤੱਕ ਪਹੁੰਚਾਇਆ ਜਾਵੇ ਅਤੇ ਮੈਂ ਚਾਹੁੰਦਾ ਹਾਂ ਕਿ ਮੇਰੀ ਧੀ ਦੀ ਲਾਸ਼ ਘਰ ਲਿਆਂਦੀ ਜਾਵੇ।"

ਬਰੇਲਾ ਨੇ ਆਪਣੀ ਧੀ ਨੂੰ ਇੱਕ ਸਧਾਰਨ ਅਤੇ ਗੰਭੀਰ ਕੁੜੀ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਉਹ ਇੱਕ ਅਧਿਆਪਕ ਬਣਨਾ ਚਾਹੁੰਦੀ ਹੈ ਅਤੇ ਆਪਣੀ ਪੜ੍ਹਾਈ ਦੌਰਾਨ ਵੀ, ਦਿੱਲੀ ਵਿੱਚ ਆਪਣੇ ਘਰ ਵਿੱਚ ਬੱਚਿਆਂ ਨੂੰ ਪੜ੍ਹਾਉਣ ਵਿੱਚ ਆਪਣਾ ਦਿਨ ਬਿਤਾਉਂਦੀ ਸੀ।

ਉਨ੍ਹਾਂ ਦੀ ਭੈਣ ਸੋਨੀਆ ਨੇ ਕਿਹਾ, “ਸਾਡਾ ਦੋਵਾਂ ਦਾ ਰਿਸ਼ਤਾ ਅਟੁੱਟ ਸੀ। ਉਹ ਮੇਰਾ ਇੱਕ ਹਿੱਸਾ ਸੀ ਅਤੇ ਮੈਂ ਉਸਦਾ ਇੱਕ ਹਿੱਸਾ ਸੀ।"

"ਮੈਨੂੰ ਹੁਣ ਲੱਗਦਾ ਹੈ ਕਿ ਮੈਂ ਉਸਦੇ ਬਿਨਾਂ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦੀ।"

ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਹਰਸ਼ਿਤਾ ਨਾਲ 10 ਨਵੰਬਰ ਨੂੰ ਫ਼ੋਨ 'ਤੇ ਆਖਰੀ ਵਾਰ ਗੱਲ ਕੀਤੀ ਸੀ।

ਪਰਿਵਾਰ ਨੇ ਦੱਸਿਆ ਕਿ ਜਿਸ ਰਾਤ ਹਰਸ਼ਿਤਾ ਨਾਲ ਗੱਲ ਹੋਈ ਸੀ ਉਸ ਰਾਤ ਉਸ ਨੇ ਦੱਸਿਆ ਸੀ ਕਿ ਉਹ ਰਾਤ ਦਾ ਖਾਣਾ ਬਣਾ ਕੇ ਲਾਂਬਾ ਦੇ ਘਰ ਆਉਣ ਦੀ ਉਡੀਕ ਕਰ ਰਹੀ ਸੀ।

ਸੋਨੀਆ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਦਾ ਫ਼ੋਨ ਅਗਲੇ ਦੋ ਦਿਨਾਂ ਲਈ ਬੰਦ ਸੀ ਅਤੇ 13 ਨਵੰਬਰ ਤੱਕ ਉਨ੍ਹਾਂ ਨੇ ‘ਸੋਚਿਆ ਕਿ ਕੁਝ ਗ਼ਲਤ ਹੋਇਆ ਸੀ’ ਅਤੇ ਆਪਣੀ ਜਾਣ-ਪਛਾਣ ਦੇ ਕੁਝ ਲੋਕਾਂ ਨੂੰ ਉੱਥੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ।

ਹਰਸ਼ਿਤਾ ਦੀ ਮਾਂ ਸੁਦੇਸ਼ ਕੁਮਾਰੀ ਤੇ ਭੈਣ ਸੋਨੀਆ ਡਾਬਾਸ
ਤਸਵੀਰ ਕੈਪਸ਼ਨ, ਹਰਸ਼ਿਤਾ ਦੀ ਮਾਂ ਸੁਦੇਸ਼ ਕੁਮਾਰੀ ਤੇ ਭੈਣ ਸੋਨੀਆ ਡਾਬਾਸ

ਵਿਆਹ ਤੇ ਘਰੇਲੂ ਹਿੰਸਾ

ਡਾਬਾਸ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਅਤੇ ਲਾਂਬਾ ਦਾ ਵਿਆਹ ਅਗਸਤ 2023 ਵਿੱਚ ਹੋਇਆ ਸੀ। ਵਿਆਹ ਪਰਿਵਾਰ ਵੱਲੋਂ ਤੈਅ ਕੀਤਾ ਗਿਆ ਸੀ।

ਵਿਆਹ ਭਾਰਤੀ ਰਸਮਾਂ ਮੁਤਾਬਕ ਹੋਇਆ ਅਤੇ ਉਹ 30 ਅਪ੍ਰੈਲ ਦੇ ਆਸਪਾਸ ਯੂਕੇ ਲਈ ਰਵਾਨਾ ਹੋਏ। ਲਾਂਬਾ ਲੰਡਨ ਵਿੱਚ ਇੱਕ ਵਿਦਿਆਰਥੀ ਸੀ।

ਡਾਬਾਸ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਲੰਡਨ ਵਿੱਚ ਬਹੁਤ ਖੁਸ਼ਹਾਲ ਜ਼ਿੰਦਗੀ ਨਹੀਂ ਜੀ ਸਕੀ।

ਉਹ ਕਹਿੰਦੇ ਹਨ, "ਉਸਨੇ ਆਪਣੇ ਪਤੀ ਦੇ ਕਾਰਨ ਬਹੁਤ ਸੰਘਰਸ਼ ਕੀਤਾ।"

ਬਰੇਲਾ ਦੇ ਪਿਤਾ ਨੇ ਦੱਸਿਆ ਕਿ ਲਾਂਬਾ ਸ਼ਿਕਾਇਤ ਕਰਦੇ ਸਨ ਕਿ ਬਰੇਲਾ ਸਮੇਂ ਸਿਰ ਖਾਣਾ ਨਹੀਂ ਬਣਾਉਂਦੀ ਅਤੇ ਆਪਣੀ ਮਾਂ ਨਾਲ ਬਹੁਤ ਜ਼ਿਆਦਾ ਗੱਲ ਕਰਦੀ ਸੀ।

ਸੋਨੀਆ ਨੇ ਦੱਸਿਆ ਕਿ ਅਗਸਤ ਦੇ ਅੰਤ ਵਿੱਚ ਬਰੇਲਾ ਨੇ ਭਾਰਤ ਵਿੱਚ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਉਹ ਭੱਜ ਗਈ ਹੈ।

ਸੋਨੀਆ ਨੇ ਕਿਹਾ, "ਉਸਨੇ ਕਿਹਾ ਕਿ ਉਹ ਉਸਨੂੰ ਮਾਰ ਰਿਹਾ ਸੀ ਅਤੇ ਉਹ ਬਚ ਨਿਕਲੀ। ਉਹ ਸੜਕ 'ਤੇ ਭੱਜ ਗਈ, ਉਸਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਉੱਥੇ ਵੀ ਮਾਰਿਆ।"

ਨੌਰਥੈਂਪਟਨਸ਼ਾਇਰ ਪੁਲਿਸ ਨੇ ਵੀ ਹਰਸ਼ਿਤਾ ਨਾਲ ਹੁੰਦੀ ਘਰੇਲੂ ਹਿੰਸਾ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ-
ਪੰਕਜ ਲਾਂਬਾ

ਤਸਵੀਰ ਸਰੋਤ, Northamptonshire Police

ਤਸਵੀਰ ਕੈਪਸ਼ਨ, ਪੁਲਿਸ 24 ਸਾਲਾ ਪੰਕਜ ਲਾਂਬਾ ਦੀ ਭਾਲ ਵਿੱਚ ਹੈ

ਯੂਕੇ ਗੁਆਂਢੀਆਂ ’ਚ ਸਹਿਮ

ਅਲੈਕਸੈਂਡਰ ਨਡੇਜਸ ਦੀ ਰਿਹਾਇਸ਼ ਵੀ ਉਸੇ ਸੜਕ ਉੱਤੇ ਹੈ, ਜਿਸ ’ਤੇ ਇਹ ਜੋੜਾ ਰਹਿ ਰਿਹਾ ਸੀ।

ਉਹ ਕਹਿੰਦੇ ਹਨ,"ਮੈਨੂੰ ਸਮਝ ਨਹੀਂ ਆਉਂਦੀ ਕਿ ਕੁਝ ਲੋਕ ਅਜਿਹਾ ਕਿਵੇਂ ਕਰ ਸਕਦੇ ਹਨ।"

"ਮੈਂ ਉਦਾਸ ਮਹਿਸੂਸ ਕਰ ਰਿਹਾ ਹਾਂ...ਮੈਨੂੰ ਸਮਝ ਨਹੀਂ ਆਉਂਦੀ।"

ਪ੍ਰਸ਼ਾਂਤ ਓਡੇਦਾਰਾ, ਜੋ ਕਿ ਇੱਕ ਨਜ਼ਦੀਕੀ ਸੁਵਿਧਾ ਸਟੋਰ 'ਤੇ ਕੰਮ ਕਰਦੇ ਹਨ, ਨੇ ਦੱਸਿਆ ਕਿ ਬਰੇਲਾ ਅਤੇ ਲਾਂਬਾ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਉਨ੍ਹਾਂ ਦੀ ਦੁਕਾਨ 'ਤੇ ਆਉਂਦੇ ਸਨ ਅਤੇ ਆਪਣੇ ਬਾਰੇ ਜ਼ਿਆਦਾ ਗੱਲ ਨਹੀਂ ਕਰਦੇ ਸਨ।

“ਉਹ ਦੂਜੇ ਗਾਹਕਾਂ ਵਰਗੇ ਨਹੀਂ ਸਨ ਬਲਕਿ, ਸ਼ਾਂਤਚਿੱਤ ਸਨ। ਅਸੀਂ ਉਨ੍ਹਾਂ ਬਾਰੇ ਜ਼ਿਆਦਾ ਨਹੀਂ ਜਾਣਦੇ ਸੀ…ਉਹ ਕਾਫ਼ੀ ਚੁੱਪ ਰਹਿੰਦੇ ਸਨ।”

ਪ੍ਰਸ਼ਾਂਤ ਕਹਿੰਦੇ ਹਨ, “ਉਹ ਆਮ ਕੰਮਕਾਜੀ ਲੋਕਾਂ ਵਾਂਗ ਸਨ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਕੀ ਹੋ ਰਿਹਾ ਸੀ, ਅਸੀਂ ਇਸ ਬਾਰੇ ਜ਼ਿਆਦਾ ਨਹੀਂ ਜਾਣਦੇ ਹਾਂ।”

31 ਸਾਲਾਂ ਦੇ ਰਿਆਨ ਮੋਰਗਨ ਵੀ ਉਸੇ ਇਲਾਕੇ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਅਤੇ ਮੀਡੀਆ ਦੇ ਆਉਣ-ਜਾਣ ਕਾਰਨ ਜ਼ਿੰਦਗੀ ਉੱਥਲ-ਪੁੱਥਲ ਹੋ ਗਈ ਹੈ।

ਉਹ ਕਹਿੰਦੇ ਹਨ, "ਮੇਰੇ ਦੋ ਛੋਟੇ ਬੱਚੇ ਹਨ, ਇੱਕ ਦੋ ਸਾਲ ਦਾ ਅਤੇ ਇੱਕ ਚਾਰ ਸਾਲ ਦਾ। ਇਸ ਲਈ ਇਹ ਪਤਾ ਲੱਗਣਾ ਕਿ ਸੰਭਾਵਿਤ ਤੌਰ ’ਤੇ ਸਾਡੇ ਤੋਂ ਅਗਲੇ ਦਰਵਾਜ਼ੇ ਵਿੱਚ ਕਿਸੇ ਦਾ ਕਤਲ ਹੋਇਆ ਹੈ, ਬੇਹੱਦ ਚਿੰਤਾਜਨਕ ਹੈ।"

ਬੀਬੀਸੀ ਨੂੰ ਖ਼ਬਰ ਲਿਖਣ ਦੌਰਾਨ ਕੀਤੀ ਪੁੱਛਗਿੱਛ ਤੋਂ ਇਹ ਸਮਝ ਬਣੀ ਕਿ ਜਿਸ ਇਮਾਰਤ ਵਿੱਚ ਇਹ ਜੋੜਾ ਰਹਿ ਰਿਹਾ ਸੀ ਉੱਥੇ ਹੀ ਹੋਰ ਲੋਕ ਵੀ ਰਹਿ ਰਹੇ ਸਨ।

ਹਰਸ਼ਿਤਾ

ਤਸਵੀਰ ਸਰੋਤ, Northamptonshire Police

ਤਸਵੀਰ ਕੈਪਸ਼ਨ, ਹਰਸ਼ਿਤਾ ਯੂਕੇ ਵਿੱਚ ਆਪਣੇ ਘਰ ਤੋਂ 100 ਮੀਲ ਦੀ ਦੂਰੀ ’ਤੇ ਮ੍ਰਿਤਕ ਹਾਲਾਤ ਵਿੱਚ ਮਿਲੇ ਸਨ

ਪੁਲਿਸ ਨੇ ਕੀ ਦੱਸਿਆ

ਅਧਿਕਾਰੀਆਂ ਨੇ ਦੱਸਿਆ ਕਿ ਬਰੇਲਾ ਦੀ ਵੀਰਵਾਰ ਤੜਕੇ ਬ੍ਰਿਸਬੇਨ ਰੋਡ, ਇਲਫੋਰਡ ਵਿੱਚ ਕੌਰਬੀ ਵਿੱਚ ਲਿੰਕਨ ਅਸਟੇਟ ਵਿੱਚ ਉਨ੍ਹਾਂ ਦੇ ਘਰ ਤੋਂ 100 ਮੀਲ ਤੋਂ ਵੱਧ ਦੂਰ ਇੱਕ ਵਾਹਨ ਵਿੱਚ ਮਿਲੀ।

ਉਨ੍ਹਾਂ ਦਾ ਮੰਨਣਾ ਹੈ ਕਿ ਲਾਂਬਾ ਨੇ ਉਸ ਵਾਹਨ ਨੂੰ ਉੱਥੇ ਪਹੁੰਚਾਇਆ ਸੀ।

ਨੌਰਥੈਂਪਟਨਸ਼ਾਇਰ ਪੁਲਿਸ ਨਾਲ ਬੁੱਧਵਾਰ ਨੂੰ ਇਸ ਬਾਰੇ ਇੱਕ ਸਮਾਜਸੇਵੀ ਸੰਸਥਾ ਨੇ ਰਾਬਤਾ ਕੀਤਾ ਸੀ।

ਨੌਰਥੈਂਪਟਨਸ਼ਾਇਰ ਟੈਲੀਗ੍ਰਾਫ ਨੇ ਪਹਿਲਾਂ ਰਿਪੋਰਟ ਦਿੱਤੀ ਕਿ ਇਹ ਘਰੇਲੂ ਹਿੰਸਾ ਅਤੇ ਸੁਰੱਖਿਆ ਦਾ ਮਾਮਲਾ ਹੈ। ਦੱਸਿਆ ਗਿਆ ਕਿ ਘਰੇਲੂ ਹਿੰਸਾ ਦਾ ਦੌਰ ਸਤੰਬਰ ਤੋਂ ਸ਼ੁਰੂ ਹੋ ਗਿਆ ਸੀ ਤੇ ਕਰੀਬ 28 ਦਿਨ ਚੱਲਿਆ ਸੀ।

ਪੁਲਿਸ ਨੇ ਉਦੋਂ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਘਰੇਲੂ ਹਿੰਸਾ ਸਬੰਧੀ ਸ਼ਿਕਾਇਤ ਬਰੇਲਾ ਦੀ ਮੌਤ ਤੋਂ ਕਰੀਬ 28 ਦਿਨ ਪਹਿਲਾਂ ਸਤੰਬਰ ਮਹੀਨੇ ਆਈ ਸੀ।

ਨੌਰਥੈਂਪਟਨਸ਼ਾਇਰ ਪੁਲਿਸ ਨੇ ਕਿਹਾ ਕਿ ਇੱਕ ਫੋਰੈਂਸਿਕ ਪੋਸਟਮਾਰਟਮ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਰੇਲਾ ਦਾ ਕਤਲ ਕੀਤਾ ਗਿਆ ਸੀ।

ਕੌਰਬੀ
ਤਸਵੀਰ ਕੈਪਸ਼ਨ, ਪੁਲਿਸ ਨੇ ਉਸ ਲਾਂਬਾ ਪਰਿਵਾਰ ਦੇ ਰਿਹਾਇਸ਼ੀ ਇਲਾਕੇ ਵਿੱਚ ਵੀ ਪੁੱਛ-ਪੜਤਾਲ ਕੀਤੀ

ਪੰਕਜ ਲਾਂਬਾ ਦੀ ਭਾਲ ’ਚ ਸਹਿਯੋਗੀ ਦੀ ਅਪੀਲ

ਬੀਬੀਸੀ ਪੱਤਰਕਾਰ ਹੈਰੀਏਟ ਹੇਵੁੱਡ ਅਤੇ ਹੈਲਨ ਬੁਰਸ਼ਲ ਦੀ ਰਿਪੋਰਟ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਉਹ ਬਰੇਲਾ ਦੇ ਪਤੀ ਪੰਕਜ ਲਾਂਬਾ ਦੀ ਭਾਲ ਕਰ ਰਹੇ ਹਨ।

ਨੌਰਥੈਂਪਟਨਸ਼ਾਇਰ ਪੁਲਿਸ ਦੇ ਇਨਸਪੈਕਟਰ ਪੌਲ ਕੈਸ਼ ਨੇ ਕਿਹਾ, "ਮੈਂ ਇਸ ਬਿਆਨ ਨੂੰ ਸੁਣਨ ਜਾਂ ਪੜ੍ਹਣ ਵਾਲੇ ਹਰ ਇੱਕ ਵਿਅਕਤੀ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਪਿਛਲੇ ਹਫ਼ਤੇ ਵਿੱਚ ਕੁਝ ਵੀ ਸ਼ੱਕੀ ਦੇਖਿਆ ਹੈ ਜਾਂ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਹੈ, ਭਾਵੇਂ ਉਹ ਕਿੰਨੀ ਵੀ ਛੋਟੀ ਹੋਵੇ, ਕ੍ਰਿਪਾ ਉਸ ਸਬੰਧੀ ਸਾਡੇ ਨਾਲ ਸੰਪਰਕ ਕਰੋ।"

ਇਨਸਪੈਕਟਰ ਕੈਸ਼ ਨੇ ਕਿਹਾ ਕਿ ਬਰੇਲਾ 20 ਕੁ ਸਾਲਾਂ ਦੀ ਨੌਜਵਾਨ ਕੁੜੀ ਸੀ ਜਿਸ ਅੱਗੇ ਹਾਲੇ ਪੂਰੀ ਜ਼ਿੰਦਗੀ ਪਈ ਸੀ, ਜ਼ਿੰਦਗੀ ਕੋਲ ਉਸ ਨੂੰ ਦੇਣ ਲਈ ਬਹੁਤ ਕੁਝ ਸੀ।

"ਇਹ ਬੇਹੱਦ ਦੁੱਖਦਾਈ ਹੈ ਕਿ ਉਸ ਦੀ ਜ਼ਿੰਦਗੀ ਇਸ ਤਰ੍ਹਾਂ ਖ਼ਤਮ ਕਰ ਦਿੱਤੀ ਗਈ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)