ਜਦੋਂ ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਸਰਹੱਦ ਨੇੜੇ ਪਹੁੰਚ ਗਈਆਂ ਸਨ, ਜੰਗ ਦਾ ਮਾਹੌਲ ਬਣ ਗਿਆ, ਅਜਿਹਾ ਕਿਉਂ ਹੋਇਆ ਸੀ

ਆਪ੍ਰੇਸ਼ਨ ਬ੍ਰਾਸਟੈਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1986 ਵਿੱਚ ਆਪ੍ਰੇਸ਼ਨ ਬ੍ਰਾਸਟੈਕਸ ਸ਼ੁਰੂ ਹੋਇਆ
    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਸਹਿਯੋਗੀ
  • ਪੜ੍ਹਨ ਦਾ ਸਮਾਂ: 13 ਮਿੰਟ

ਸੰਨ 1986 ਦੇ ਠੰਢ ਦੇ ਦਿਨ ਸਨ। ਭਾਰਤ ਦੇ ਹਜ਼ਾਰਾਂ ਫੌਜੀ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਪੱਛਮੀ ਸਰਹੱਦ ਵੱਲ ਵਧ ਰਹੇ ਸਨ।

ਰਾਜਸਥਾਨ ਵੱਲ ਜਾਣ ਵਾਲੀ ਹਰ ਸੜਕ 'ਤੇ ਫੌਜੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਰੇਲਵੇ ਦੇ ਵੈਗਨ ਹਥਿਆਰਾਂ, ਟੈਂਕਾਂ ਅਤੇ ਵਾਹਨਾਂ ਨੂੰ ਸਰਹੱਦ ਵੱਲ ਲੈ ਕੇ ਜਾ ਰਹੇ ਸਨ।

ਆਪ੍ਰੇਸ਼ਨ ਬ੍ਰਾਸਟੈਕਸ ਸ਼ੁਰੂ ਹੋ ਚੁੱਕਿਆ ਸੀ। ਇਸ ਪੱਧਰ ਦਾ ਫੌਜੀ ਅਭਿਆਸ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ।

ਪ੍ਰੋਬਲ ਦਾਸਗੁਪਤਾ ਆਪਣੀ ਹਾਲ ਹੀ ਵਿੱਚ ਪ੍ਰਕਾਸ਼ਿਤ ਪੁਸਤਕ 'ਜਨਰਲ ਬ੍ਰਾਸਟੈਕਸ, ਦਿ ਸੁੰਦਰਜੀ ਸਟੋਰੀ' ਵਿੱਚ ਲਿਖਦੇ ਹਨ, "ਉਸੇ ਸਮੇਂ ਪਾਕਿਸਤਾਨ ਵੀ ਦੋ ਤਰ੍ਹਾਂ ਦੇ ਫੌਜੀ ਅਭਿਆਸ ਕਰ ਰਿਹਾ ਸੀ, 'ਸਫ਼-ਸ਼ਿਕਨ' ਅਤੇ 'ਫ਼ਲਾਇੰਗ ਹੌਰਸ'।"

"'ਸਫ਼-ਸ਼ਿਕਨ' ਵਿੱਚ ਪਾਕਿਸਤਾਨੀ ਫੌਜ ਦੇ ਦੱਖਣੀ ਇਲਾਕੇ ਦੇ ਰਿਜ਼ਰਵ ਫੌਜੀ ਭਾਗ ਲੈ ਰਹੇ ਸਨ ਅਤੇ ਇਹ ਰਾਜਸਥਾਨ ਸਰਹੱਦ 'ਤੇ ਬਹਾਵਲਪੁਰ-ਮਾਰੋਟ ਇਲਾਕੇ ਵਿੱਚ ਕੇਂਦਰਿਤ ਸੀ। 'ਫ਼ਲਾਇੰਗ ਹੌਰਸ' ਵਿੱਚ ਪਾਕਿਸਤਾਨ ਦੇ ਉੱਤਰੀ ਖੇਤਰ ਦੇ ਪਾਕਿਸਤਾਨੀ ਰਿਜ਼ਰਵ ਫੌਜੀ ਭਾਗ ਲੈ ਰਹੇ ਸਨ।"

"ਪਾਕਿਸਤਾਨੀ ਫੌਜੀ ਭਾਰਤੀ ਫੌਜੀਆਂ ਦੀ ਮੂਵਮੈਂਟ 'ਤੇ ਨਜ਼ਰ ਰੱਖ ਰਹੇ ਸਨ। ਇੰਨੀ ਵੱਡੀ ਗਿਣਤੀ ਵਿੱਚ ਭਾਰਤੀ ਫੌਜੀਆਂ ਦੇ ਸਰਹੱਦ ਵੱਲ ਵਧਣ ਨੇ ਉਨ੍ਹਾਂ ਨੂੰ ਚਿੰਤਾ 'ਚ ਪਾ ਦਿੱਤਾ ਸੀ।"

ਪ੍ਰਬੋਲ ਦਾਸਗੁਪਤਾ ਦੀ ਕਿਤਾਬ ਦਾ ਕਵਰ

ਤਸਵੀਰ ਸਰੋਤ, Penguin

ਤਸਵੀਰ ਕੈਪਸ਼ਨ, ਪ੍ਰਬੋਲ ਦਾਸਗੁਪਤਾ ਦੀ ਕਿਤਾਬ ਦਾ ਕਵਰ

ਸੁੰਦਰਜੀ ਨੇ ਬਣਾਈ ਸੀ ਯੋਜਨਾ

ਆਪ੍ਰੇਸ਼ਨ ਬ੍ਰਾਸਟੈਕਸ ਉਸ ਸਮੇਂ ਦੇ ਫੌਜ ਮੁਖੀ ਜਨਰਲ ਸੁੰਦਰਜੀ ਦੇ ਦਿਮਾਗ਼ ਦੀ ਕਾਢ ਸੀ।

ਸੁੰਦਰਜੀ ਅਮਰੀਕੀ ਫੌਜ ਦੀ ਐੱਫ਼ਐੱਮ 100-5 ਭਾਵ ਹਵਾਈ ਅਤੇ ਜ਼ਮੀਨੀ ਯੁੱਧ ਦੇ ਵਿਚਾਰ ਤੋਂ ਪ੍ਰਭਾਵਿਤ ਸਨ। ਉਨ੍ਹਾਂ ਨੇ ਉਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਮਕੈਨਾਈਜ਼ਡ ਇੰਫੈਂਟਰੀ ਰੈਜੀਮੈਂਟ ਬਣਾਈ ਸੀ। ਉਨ੍ਹਾਂ ਨੇ ਫੌਜ ਦੀਆਂ ਕੁਝ ਇੰਫੈਂਟਰੀ ਡਿਵੀਜ਼ਨਾਂ ਨੂੰ ਰੀਓਰਗਨਾਈਜ਼ਡ ਆਰਮੀ ਪਲੇਨਜ਼ ਇੰਫੈਂਟਰੀ ਡਿਵੀਜ਼ਨ (ਰੈਪਿਡ) ਵਿੱਚ ਬਦਲ ਦਿੱਤਾ ਸੀ।

ਸੁੰਦਰਜੀ ਚਾਹੁੰਦੇ ਸਨ ਕਿ ਇਹ ਫੌਜੀ ਅਭਿਆਸ ਨਾਟੋ ਦੇ ਫੌਜੀ ਅਭਿਆਸ 'ਆਟਮ ਫੋਰਸ' ਤੋਂ ਵੱਡਾ ਹੋਵੇ। ਯੂਰਪ ਵਿੱਚ ਹੋਏ ਇਸ ਅਭਿਆਸ ਵਿੱਚ ਲਗਭਗ ਸਾਢੇ ਬਾਰ੍ਹਾਂ ਹਜ਼ਾਰ ਨਾਟੋ ਫੌਜੀਆਂ ਨੇ ਭਾਗ ਲਿਆ ਸੀ। ਉਹ ਇਸ ਤੋਂ ਚਾਰ ਗੁਣਾ ਵੱਧ ਫੌਜੀ ਇਸ ਅਭਿਆਸ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ।

ਫੌਜੀ ਇਤਿਹਾਸਕਾਰ ਏਅਰ ਵਾਈਸ ਮਾਰਸ਼ਲ ਅਰਜੁਨ ਸੁਬ੍ਰਮਣਿਅਮ ਆਪਣੀ ਕਿਤਾਬ 'ਇੰਡੀਆਜ਼ ਵਾਰਜ਼ 2 (1972-2020)' ਵਿੱਚ ਲਿਖਦੇ ਹਨ, "ਸੁੰਦਰਜੀ ਨੇ ਵੱਡੇ ਪੱਧਰ 'ਤੇ ਹਵਾਈ-ਜ਼ਮੀਨੀ ਅਭਿਆਸ ਦੀ ਯੋਜਨਾ ਬਣਾਈ ਸੀ, ਜਿਸਨੂੰ ਤਿੰਨ ਪੜਾਵਾਂ ਵਿੱਚ ਪੂਰਾ ਕੀਤਾ ਜਾਣਾ ਸੀ ਅਤੇ ਜਿਸ ਦਾ ਅੰਤ ਰਾਜਸਥਾਨ ਸੈਕਟਰ ਵਿੱਚ ਫੌਜ ਦੇ ਵੱਡੇ ਜਮਾਵੜੇ ਨਾਲ ਹੋਣਾ ਸੀ।"

"ਇਸ ਅਭਿਆਸ ਵਿੱਚ ਫੌਜ ਦੀ 1 ਅਤੇ 2 ਕੋਰ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਦਾ ਕੇਂਦਰ-ਬਿੰਦੂ ਰਾਜਸਥਾਨ ਅਤੇ ਗੁਜਰਾਤ ਸੈਕਟਰ ਸੀ। ਅਭਿਆਸ ਦਾ ਮੁੱਖ ਉਦੇਸ਼ ਇਹ ਪਤਾ ਲਗਾਉਣਾ ਸੀ ਕਿ ਰਾਤ ਦੇ ਹਨੇਰੇ ਵਿੱਚ ਮਾਮੂਲੀ ਵਿਰੋਧ ਵਿਚਕਾਰ ਭਾਰਤੀ ਫੌਜ ਕਿੰਨੀ ਤੇਜ਼ੀ ਨਾਲ ਅਤੇ ਕਿੰਨਾ ਅੱਗੇ ਵਧ ਸਕਦੀ ਹੈ।"

 ਆਪ੍ਰੇਸ਼ਨ ਬ੍ਰਾਸਟੈਕਸ ਦੌਰਾਨ ਜਨਰਲ ਸੁੰਦਰਜੀ

ਤਸਵੀਰ ਸਰੋਤ, Penguin

ਤਸਵੀਰ ਕੈਪਸ਼ਨ, ਆਪ੍ਰੇਸ਼ਨ ਬ੍ਰਾਸਟੈਕਸ ਦੌਰਾਨ ਜਨਰਲ ਸੁੰਦਰਜੀ

ਟੀ-72 ਟੈਂਕਾਂ ਦਾ ਸਫ਼ਲ ਪਰੀਖਣ

ਲੇਫ਼ਟੀਨੈਂਟ ਜਨਰਲ ਪ੍ਰਵੀਨ ਬਖ਼ਸ਼ੀ ਉਸ ਸਮੇਂ ਟੀ-72 ਟੈਂਕਾਂ ਦੀ ਰੈਜੀਮੈਂਟ 'ਸਕਿਨਰ ਹੌਰਸ' ਵਿੱਚ ਮੇਜਰ ਹੁੰਦੇ ਸਨ।

ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ, "ਸਾਡੇ ਟੈਂਕਾਂ ਨੇ ਰਾਤ ਵਿੱਚ ਆਸਾਨੀ ਨਾਲ 60 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਸੜਕਾਂ 'ਤੇ ਤਾਂ ਉਹ ਦਿਨ ਵਿੱਚ 800 ਕਿਲੋਮੀਟਰ ਤੱਕ ਚੱਲੇ। ਟੀ-72 ਟੈਂਕਾਂ ਦੀ ਸਮਰੱਥਾ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕਿਸੇ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਿਆ। ਸਿਰਫ਼ ਨਾਈਟ ਵਿਜ਼ਨ ਉਪਕਰਣ ਦੀ ਘਾਟ ਪਾਈ ਗਈ"

''ਅਸੀਂ ਟੈਂਕਾਂ ਵਿੱਚ ਅਸਲੀ ਹਥਿਆਰ ਨਹੀਂ ਭਰੇ ਸਨ, ਇਸ ਲਈ ਜੰਗ 'ਤੇ ਜਾਣ ਦਾ ਤਾਂ ਸਵਾਲ ਹੀ ਨਹੀਂ ਸੀ। ਇਸ ਦਾ ਉਦੇਸ਼ ਸਿਰਫ਼ ਵਿਰੋਧੀਆਂ ਨੂੰ ਇਹ ਦਿਖਾਉਣਾ ਸੀ ਕਿ ਅਸੀਂ ਭਵਿੱਖ ਦੀ ਸੰਭਾਵਿਤ ਲੜਾਈ ਲਈ ਕਿਸ ਹੱਦ ਤੱਕ ਤਿਆਰ ਹਾਂ।"

"ਭਾਰਤ ਦੇ ਇਸ ਕਦਮ ਨੇ ਰਾਵਲਪਿੰਡੀ ਅਤੇ ਵਾਸ਼ਿੰਗਟਨ ਵਿੱਚ ਖ਼ਤਰੇ ਦੀ ਘੰਟੀ ਵਜਾ ਦਿੱਤੀ ਸੀ ਅਤੇ ਪਾਕਿਸਤਾਨੀ ਫੌਜ ਨੇ ਜਵਾਬ ਵਿੱਚ ਪੰਜਾਬ ਅਤੇ ਜੰਮੂ ਦੀ ਸਰਹੱਦ ਵੱਲ ਆਪਣੇ ਫੌਜੀ ਵਧਾ ਦਿੱਤੇ ਸਨ।"

ਭਾਰਤੀ ਖੁਫ਼ੀਆ ਸਰੋਤਾਂ ਤੱਕ ਖ਼ਬਰਾਂ ਪਹੁੰਚਣ ਲੱਗੀਆਂ ਸਨ ਕਿ ਪਾਕਿਸਤਾਨ ਦੇ ਦੱਖਣੀ ਖੇਤਰ ਦੇ ਰਿਜ਼ਰਵ ਫੌਜੀ ਬਹਾਵਲਪੁਰ ਵਿੱਚ ਆਪਣਾ ਅਭਿਆਸ ਕਰਨ ਤੋਂ ਬਾਅਦ ਆਪਣੇ ਬੈਰਕਾਂ ਵਿੱਚ ਵਾਪਸ ਨਹੀਂ ਮੁੜੇ ਸਨ ਅਤੇ ਜੰਗ ਲਈ ਤਿਆਰ ਸਥਿਤੀ ਵਿੱਚ ਬਰਕਰਾਰ ਸਨ।

ਭਾਰਤੀ ਸਰਹੱਦ ਨੇੜੇ ਗਸ਼ਤ ਕਰਦੇ ਪਾਕਿਸਤਾਨੀ ਫੌਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਸਰਹੱਦ ਨੇੜੇ ਗਸ਼ਤ ਕਰਦੇ ਪਾਕਿਸਤਾਨੀ ਫੌਜੀ

ਲੜਾਕੂ ਜਹਾਜ਼ਾਂ ਨੇ ਸੀਮਾ ਰੇਖਾ ਪਾਰ ਕੀਤੀ

ਇਸ ਅਭਿਆਸ ਵਿੱਚ 1986 ਵਿੱਚ ਭਾਰਤੀ ਹਵਾਈ ਫੌਜ ਦੀ ਇੱਕਮਾਤਰ ਇਲੈਕਟ੍ਰਾਨਿਕ ਵਾਰਫੇਅਰ ਦੀ ਸਕਵਾਰਡਨ 35 ਨੇ ਵੀ ਭਾਗ ਲਿਆ ਸੀ। ਇਸ ਵਿੱਚ ਕੈਨਬੇਰਾ ਅਤੇ ਮਿਗ-21 ਲੜਾਕੂ ਜਹਾਜ਼ ਸ਼ਾਮਲ ਸਨ, ਜਿਨ੍ਹਾਂ ਵਿੱਚ ਥੋੜ੍ਹਾ ਬਦਲਾਅ ਕਰਕੇ ਉਨ੍ਹਾਂ ਨੂੰ ਸਵੀਡਨ ਵਿੱਚ ਬਣੇ ਈਡਬਲਿਊ ਪੌਡਸ ਲੈ ਜਾਣ ਯੋਗ ਬਣਾਇਆ ਗਿਆ ਸੀ।

ਸਨ 1986 ਦੇ ਸ਼ੁਰੂ ਵਿੱਚ ਪੂਰੀ ਸਕਵਾਰਡਨ ਨੂੰ ਹਰਿਆਣਾ ਵਿੱਚ ਅੰਬਾਲਾ ਅਤੇ ਰਾਜਸਥਾਨ ਵਿੱਚ ਬੀਕਾਨੇਰ ਦੇ ਨੇੜੇ ਨਾਲ (ਨਾਲ ਏਅਰ ਫੋਰਸ ਸਟੇਸ਼ਨ) ਲੈਕੇ ਜਾਇਆ ਗਿਆ ਸੀ। ਆਪ੍ਰੇਸ਼ਨ ਬ੍ਰਾਸਟੈਕਸ ਦੌਰਾਨ ਇਨ੍ਹਾਂ ਜਹਾਜ਼ਾਂ ਨੇ ਜਗੁਆਰ ਅਤੇ ਮਿਗ-27 ਜਹਾਜ਼ਾਂ ਦੇ ਅਭਿਆਨਾਂ ਨੂੰ ਐਸਕੋਰਟ ਕਰਨ ਵਿੱਚ ਦੋ ਮਹੀਨੇ ਬਿਤਾਏ ਸਨ।

ਏਅਰ ਵਾਈਸ ਮਾਰਸ਼ਲ ਅਰਜੁਨ ਸੁਬ੍ਰਮਣਿਅਮ ਲਿਖਦੇ ਹਨ, "ਕਈ ਵਾਰ ਇਨ੍ਹਾਂ ਜਹਾਜ਼ਾਂ ਨੇ ਜਾਣ-ਬੁੱਝ ਕੇ ਪਾਕਿਸਤਾਨ ਦੀ ਏਅਰ ਡਿਫੈਂਸ ਤਿਆਰੀ ਦਾ ਅੰਦਾਜ਼ਾ ਲੈਣ ਲਈ ਸੀਮਾ ਰੇਖਾ ਤੱਕ ਪਾਰ ਕੀਤੀ ਸੀ। ਜਿਵੇਂ ਹੀ ਰਡਾਰ ਚੇਤਾਵਨੀ ਰਿਸੀਵਰਾਂ 'ਤੇ ਬੀਪ ਦੀ ਆਵਾਜ਼ ਸੁਣਾਈ ਦਿੰਦੀ ਜਾਂ ਰੇਡੀਓ 'ਤੇ ਚੇਤਾਵਨੀ ਮਿਲਦੀ, ਉਹ ਆਪਣਾ ਰੁਖ਼ ਵਾਪਸ ਭਾਰਤੀ ਸਰਹੱਦ ਵੱਲ ਮੋੜ ਲੈਂਦੇ।"

"ਚੂਹੇ ਅਤੇ ਬਿੱਲੀ ਦੀ ਇਹ ਖੇਡ ਕਰੀਬ ਦੋ ਮਹੀਨਿਆਂ ਤੱਕ ਚੱਲੀ। ਜਗੁਆਰ ਜੰਗੀ ਜਹਾਜ਼ਾਂ ਦੇ ਇਸ ਤਰ੍ਹਾਂ ਦੇ ਕਈ ਮਿਸ਼ਨਾਂ ਦੀ ਅਗਵਾਈ ਫਲਾਈਟ ਲੈਫ਼ਟਿਨੈਂਟ ਆਰਕੇ ਭਦੌਰਿਆ ਨੇ ਕੀਤੀ ਸੀ, ਜੋ ਬਾਅਦ ਵਿੱਚ ਭਾਰਤੀ ਹਵਾਈ ਫੌਜ ਦੇ ਮੁਖੀ ਬਣੇ।"

"ਉਹ ਉਸ ਸਮੇਂ 'ਛੋਟੂ' ਦੇ ਨਾਮ ਨਾਲ ਮਸ਼ਹੂਰ ਸਨ ਅਤੇ ਇਸ ਤਰ੍ਹਾਂ ਦੇ ਅਭਿਆਨ ਵਿੱਚ ਭਾਗ ਲੈਣ ਵਾਲੇ ਸਭ ਤੋਂ ਨੌਜਵਾਨ ਅਧਿਕਾਰੀ ਸਨ। ਪਾਕਿਸਤਾਨ ਨੂੰ ਸ਼ੱਕ ਸੀ ਕਿ ਭਾਰਤ ਉਸ 'ਤੇ ਹਮਲਾ ਕਰਨ ਵਾਲਾ ਹੈ।"

ਅਰਜੁਨ ਸੁਬਰਾਮਨੀਅਮ ਦੀ ਕਿਤਾਬ ਦਾ ਕਵਰ

ਤਸਵੀਰ ਸਰੋਤ, Harper Collins

ਤਸਵੀਰ ਕੈਪਸ਼ਨ, ਅਰਜੁਨ ਸੁਬਰਾਮਨੀਅਮ ਦੀ ਕਿਤਾਬ ਦਾ ਕਵਰ

ਕਾਂਤੀ ਬਾਜਪੇਈ ਆਪਣੀ ਕਿਤਾਬ 'ਬ੍ਰਾਸਟੈਕਸ ਐਂਡ ਬਿਓਂਡ' ਵਿੱਚ ਲਿਖਦੇ ਹਨ, "ਸਨ 1983-84 ਵਿੱਚ ਪਾਕਿਸਤਾਨ ਦੇ ਤਤਕਾਲੀ ਡਿਪਟੀ ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਕੇਐੱਮ ਆਰਿਫ਼ ਅਤੇ ਭਾਰਤ ਦੇ ਆਰਮੀ ਚੀਫ਼ ਜਨਰਲ ਵੈਧ ਵਿਚਕਾਰ ਇਸ ਗੱਲ 'ਤੇ ਸਹਿਮਤੀ ਹੋਈ ਸੀ ਕਿ ਜੇ ਭਾਰਤ ਜਾਂ ਪਾਕਿਸਤਾਨ ਸਰਹੱਦ ਨੇੜੇ ਕੋਈ ਵੱਡਾ ਫੌਜੀ ਅਭਿਆਸ ਕਰਦੇ ਹਨ ਤਾਂ ਉਹ ਇਸ ਦੀ ਸੂਚਨਾ ਇੱਕ-ਦੂਜੇ ਨੂੰ ਦੇਣਗੇ।"

"ਜਨਰਲ ਸੁੰਦਰਜੀ ਨੂੰ ਇਸ ਸਹਿਮਤੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਦੌਰਾਨ ਦੋਵੇਂ ਦੇਸ਼ਾਂ ਦੇ ਮਿਲਟਰੀ ਆਪ੍ਰੇਸ਼ਨ ਦੇ ਨਿਰਦੇਸ਼ਕਾਂ ਵਿਚਕਾਰ ਹਮੇਸ਼ਾ ਚਾਲੂ ਰਹਿਣ ਵਾਲੀ ਹਾਟ ਲਾਈਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਦੋਵੇਂ ਪਾਸਿਆਂ ਤੋਂ ਕਈ ਸਵਾਲ ਉੱਠ ਰਹੇ ਸਨ, ਜਿਨ੍ਹਾਂ ਦਾ ਹੱਲ ਕਰਨ ਵਾਲਾ ਕੋਈ ਨਹੀਂ ਸੀ।"

ਪ੍ਰੋਬਲ ਸੇਂਗੁਪਤਾ ਲਿਖਦੇ ਹਨ, "ਇੱਕ ਵਾਰ ਜਦੋਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਮੰਤਰੀ ਮੰਡਲ ਦੀ ਬੈਠਕ ਲਈ ਆਪਣੇ ਮੰਤਰੀਆਂ ਨੂੰ ਬੁਲਾਉਣ ਖਾਤਰ ਜਹਾਜ਼ ਭੇਜਿਆ ਤਾਂ ਰਾਸ਼ਟਰਪਤੀ ਜ਼ਿਆ ਨੇ ਅਨੁਮਾਨ ਲਗਾਇਆ ਕਿ ਪਾਕਿਸਤਾਨ 'ਤੇ ਹਮਲੇ ਬਾਰੇ ਵਿਚਾਰ ਕਰਨ ਲਈ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ ਗਈ ਹੈ, ਕਿਉਂਕਿ ਉਸ ਸਮੇਂ ਭਾਰਤੀ ਫੌਜੀ ਪਹਿਲਾਂ ਹੀ ਪਾਕਿਸਤਾਨ ਦੀ ਸਰਹੱਦ 'ਤੇ ਮੌਜੂਦ ਸਨ।"

ਫੌਜੀ

ਤਸਵੀਰ ਸਰੋਤ, Getty Images

ਪਾਕਿਸਤਾਨ ਨੇ ਵੀ ਸਰਹੱਦ 'ਤੇ ਰਵਾਨਾ ਕੀਤੇ ਆਪਣੇ ਫੌਜੀ

ਪਾਕਿਸਤਾਨ ਨੇ ਵੀ ਇਸਦੇ ਜਵਾਬ 'ਚ ਆਪਣੇ ਫੌਜੀਆਂ ਨੂੰ ਭਾਰਤੀ ਪੰਜਾਬ ਵੱਲ ਰਵਾਨਾ ਕਰ ਦਿੱਤਾ। ਕੁਝ ਹੀ ਦਿਨਾਂ ਵਿੱਚ ਦੋਵੇਂ ਪੱਖ ਲੜਾਈ ਦੀ ਤਿਆਰੀ ਕਰਦੇ ਦਿਖਾਈ ਦੇਣ ਲੱਗੇ।

ਸ਼ੁਜ਼ਾ ਨਵਾਜ਼ ਆਪਣੀ ਕਿਤਾਬ 'ਕ੍ਰਾਸਡ ਸਵੋਰਡਜ਼, ਪਾਕਿਸਤਾਨ ਇਟਸ ਆਰਮੀ ਐਂਡ ਦਿ ਵਾਰ ਵਿਦਿਨ' ਵਿੱਚ ਲਿਖਦੇ ਹਨ, "ਰਾਵਲਪਿੰਡੀ ਵਿੱਚ ਪਾਕਿਸਤਾਨੀ ਫੌਜ ਦੇ ਮੁੱਖ ਦਫ਼ਤਰ ਵਿੱਚ ਸੋਚ ਇਹ ਸੀ ਕਿ ਬ੍ਰਾਸਟੈਕਸ ਦੇ ਜ਼ਰੀਏ ਭਾਰਤ ਪਾਕਿਸਤਾਨ ਦੇ ਉੱਤਰ ਵਿੱਚ ਬਹਾਵਲਪੁਰ ਅਤੇ ਦੱਖਣ ਵਿੱਚ ਖ਼ੈਰਪੁਰ ਸ਼ਹਿਰਾਂ ਨੂੰ ਅਲੱਗ-ਥਲੱਗ ਕਰਨ ਦੀ ਯੋਜਨਾ ਬਣਾ ਰਿਹਾ ਹੈ।"

"ਇਸ ਗੱਲ ਦਾ ਵੀ ਡਰ ਸੀ ਕਿ ਭਾਰਤ ਸਿੰਧ ਵਿੱਚ ਦਾਖ਼ਲ ਹੋ ਕੇ ਪਾਕਿਸਤਾਨ ਨੂੰ ਦੋ ਹਿੱਸਿਆਂ ਵਿੱਚ ਵੰਡਣ ਅਤੇ ਕਹੂਟਾ ਵਿੱਚ ਉਸ ਦੇ ਪਰਮਾਣੂ ਰਿਐਕਟਰ ਨੂੰ ਤਬਾਹ ਕਰਨ 'ਤੇ ਉਤਾਰੂ ਹੈ।"

ਟੈਂਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਨੇ ਵੀ ਇਸਦੇ ਜਵਾਬ 'ਚ ਆਪਣੇ ਫੌਜੀਆਂ ਨੂੰ ਭਾਰਤੀ ਪੰਜਾਬ ਵੱਲ ਰਵਾਨਾ ਕਰ ਦਿੱਤਾ (ਸੰਕੇਤਕ ਤਸਵੀਰ)

ਅਭਿਆਸ ਲਈ ਰੈੱਡ ਅਤੇ ਬਲੂ ਟੀਮਾਂ

ਇਸ ਫੌਜੀ ਅਭਿਆਸ ਲਈ, ਲੈਫਟੀਨੈਂਟ ਜਨਰਲ ਰੌਡਰਿਗਜ਼, ਡਾਇਰੈਕਟਰ ਜਨਰਲ ਆਫ਼ ਮਿਲਟਰੀ ਟ੍ਰੇਨਿੰਗ ਅਤੇ ਉਨ੍ਹਾਂ ਦੀ ਟੀਮ ਨੂੰ ਅੰਪਾਇਰ ਬਣਾਇਆ ਗਿਆ ਸੀ।

ਪ੍ਰੋਬਲ ਦਾਸਗੁਪਤਾ ਲਿਖਦੇ ਹਨ, "ਰੈੱਡ ਅਤੇ ਬਲੂ ਨਾਮ ਦੀਆਂ ਦੋ ਫੌਜਾਂ ਬਣਾਈਆਂ ਗਈਆਂ ਸਨ। ਰੈੱਡ ਟੀਮ ਪਾਕਿਸਤਾਨੀ ਫੌਜ ਦੀ ਭੂਮਿਕਾ ਨਿਭਾ ਰਹੀ ਸੀ। ਇਸ ਦਾ ਕਮਾਂਡਰ ਮਹੂ ਦੇ ਆਰਮੀ ਕਾਲਜ ਆਫ਼ ਕਾਮਬੈਟ ਦੇ ਕਮਾਂਡੈਂਟ ਲੈਫ਼ਟਿਨੈਂਟ ਜਨਰਲ ਵੀਐਨ ਸ਼ਰਮਾ ਨੂੰ ਬਣਾਇਆ ਗਿਆ ਸੀ।"

"ਰੈੱਡ ਆਰਮੀ ਨੇ ਪਰਮਾਣੂ ਹਥਿਆਰਾਂ ਦਾ ਵਿਕਲਪ ਇਸਤੇਮਾਲ ਕਰਨ ਦੀ ਇਜਾਜ਼ਤ ਮੰਗੀ ਸੀ ਜਿਸ ਨੂੰ ਅੰਪਾਇਰਾਂ ਨੇ ਨਾ-ਮਨਜ਼ੂਰ ਕਰ ਦਿੱਤਾ ਸੀ। ਇਸ ਅਭਿਆਸ ਵਿੱਚ ਭਾਰਤ ਦੇ ਕੁੱਲ 4 ਲੱਖ ਫੌਜੀਆਂ, ਕਈ ਜਹਾਜ਼ਾਂ ਅਤੇ ਜਹਾਜ਼ੀ ਬੇੜਿਆਂ ਨੇ ਭਾਗ ਲਿਆ ਸੀ।"

1971 ਦੀ ਲੜਾਈ ਦੇ 15 ਸਾਲ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਦੋਵੇਂ ਦੇਸ਼ਾਂ ਦੇ ਫੌਜੀ ਇੱਕ-ਦੂਜੇ ਦੇ ਇੰਨੇ ਨੇੜੇ ਪਹੁੰਚ ਗਏ ਸਨ। ਪੂਰੀ ਦੁਨੀਆ ਵਿੱਚ ਤਣਾਅ ਅਤੇ ਡਰ ਦਾ ਮਾਹੌਲ ਸੀ।

ਪੱਛਮੀ ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਸੁੰਦਰਜੀ ਪਾਕਿਸਤਾਨ ਨੂੰ ਭਾਰਤ ਦੇ ਇਸ ਕਦਮ ਦਾ ਜਵਾਬ ਦੇਣ ਲਈ ਉਕਸਾ ਰਹੇ ਸਨ ਤਾਂ ਜੋ ਪਾਕਿਸਤਾਨ ਦੀ ਜਵਾਬੀ ਕਾਰਵਾਈ ਨਾਲ ਭਾਰਤ ਨੂੰ ਪਾਕਿਸਤਾਨ 'ਤੇ ਹਮਲਾ ਕਰਨ ਦਾ ਬਹਾਨਾ ਮਿਲ ਜਾਵੇ।

ਫੌਜੀ ਗੱਡੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1971 ਦੀ ਲੜਾਈ ਦੇ 15 ਸਾਲ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਦੋਵੇਂ ਦੇਸ਼ਾਂ ਦੇ ਫੌਜੀ ਇੱਕ-ਦੂਜੇ ਦੇ ਇੰਨੇ ਨੇੜੇ ਪਹੁੰਚ ਗਏ ਸਨ। ਪੂਰੀ ਦੁਨੀਆ ਵਿੱਚ ਤਣਾਅ ਅਤੇ ਡਰ ਦਾ ਮਾਹੌਲ ਸੀ (ਸੰਕੇਤਕ ਤਸਵੀਰ)

ਰੇਲ ਅਤੇ ਸੜਕ ਵਿਭਾਗ ਦੀ ਭੂਮਿਕਾ

ਜਦੋਂ ਸੁੰਦਰਜੀ ਨੇ ਬ੍ਰਾਸਟੈਕਸ ਦੀ ਯੋਜਨਾ ਬਣਾਈ ਸੀ ਤਾਂ ਇਸ ਗੱਲ 'ਤੇ ਚਿੰਤਾ ਪ੍ਰਗਟ ਕੀਤੀ ਗਈ ਸੀ ਕਿ ਇਸ ਅਭਿਆਸ ਵਿੱਚ ਰੇਲਵੇ ਅਤੇ ਸੜਕਾਂ ਦੇ ਬਹੁਤ ਜ਼ਿਆਦਾ ਇਸਤੇਮਾਲ ਨਾਲ ਇਹ ਸੇਵਾਵਾਂ ਲਗਭਗ ਠੱਪ ਹੋ ਜਾਣਗੀਆਂ ਕਿਉਂਕਿ ਫੌਜੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਲਈ ਇਨ੍ਹਾਂ ਦੇ ਨੈੱਟਵਰਕ ਨੂੰ ਡਾਇਵਰਟ ਕਰਨਾ ਪਵੇਗਾ।

ਕਾਂਤੀ ਬਾਜਪਾਈ ਲਿਖਦੇ ਹਨ, "ਰੇਲ ਮੰਤਰੀ ਮਾਧਵਰਾਓ ਸਿੰਧੀਆ ਅਤੇ ਸੜਕ ਆਵਾਜਾਈ ਮੰਤਰੀ ਜਗਦੀਸ਼ ਟਾਈਟਲਰ ਨੇ ਇਸ ਗੱਲ 'ਤੇ ਵਿਰੋਧ ਪ੍ਰਗਟ ਕੀਤਾ ਕਿ ਫੌਜੀ ਸਮੱਗਰੀ ਅਤੇ ਫੌਜੀਆਂ ਨੂੰ ਪਹੁੰਚਾਉਣ ਕਾਰਨ ਉਨ੍ਹਾਂ ਦੇ ਮੰਤਰਾਲਿਆਂ ਨੂੰ ਰੇਵਿਨਿਊ ਦਾ ਵੱਡਾ ਨੁਕਸਾਨ ਝੱਲਣਾ ਪਵੇਗਾ।"

"ਉਨ੍ਹਾਂ ਦੇ ਵਿਰੋਧ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਫੌਜੀ ਲਾਮਬੰਦੀ ਦੇ ਪੱਧਰ ਨੂੰ ਥੋੜ੍ਹਾ ਘਟਾ ਦਿੱਤਾ ਸੀ। ਪਰ ਬ੍ਰਾਸਟੈਕਸ ਦੇ ਫੌਜੀ ਅਤੇ ਸਿਆਸੀ ਉਦੇਸ਼ਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।"

ਤਤਕਾਲੀ ਰੇਲ ਮੰਤਰੀ ਮਾਧਵਰਾਓ ਸਿੰਧੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਤਕਾਲੀ ਰੇਲ ਮੰਤਰੀ ਮਾਧਵਰਾਓ ਸਿੰਧੀਆ

ਇਸ ਅਭਿਆਸ 'ਤੇ ਨਜ਼ਰ ਰੱਖਣ ਲਈ ਜਨਰਲ ਸੁੰਦਰਜੀ ਨੇ ਰੱਖਿਆ ਰਾਜ ਮੰਤਰੀ ਅਰੁਣ ਸਿੰਘ ਦੇ ਨਾਲ ਬੀਕਾਨੇਰ ਦੇ ਨੇੜੇ ਸਰਦਾਰ ਸ਼ਹਿਰ ਵਿੱਚ ਕਈ ਹਫ਼ਤੇ ਬਿਤਾਏ ਸਨ। ਲੈਫਟੀਨੈਂਟ ਜਨਰਲ ਫਿਲਿਪ ਕੰਪੋਜ਼ ਉਸ ਸਮੇਂ ਉੱਥੇ ਮੇਜਰ ਦੇ ਅਹੁਦੇ 'ਤੇ ਤੈਨਾਤ ਸਨ।

ਕੰਪੋਜ਼ ਦੱਸਦੇ ਹਨ, "ਇੱਕ ਦਿਨ ਸੁੰਦਰਜੀ ਬਿਨਾਂ ਦੱਸੇ ਇੱਕ ਭੂਮੀਗਤ ਆਪ੍ਰੇਸ਼ਨ ਰੂਮ ਵਿੱਚ ਪਹੁੰਚ ਗਏ। ਮੈਂ ਕਰੀਬ 30 ਮਿੰਟ ਤੱਕ ਚੀਫ਼ ਨੂੰ ਆਪ੍ਰੇਸ਼ਨ ਬਾਰੇ ਬ੍ਰੀਫ਼ ਕੀਤਾ। ਅਚਾਨਕ ਉਨ੍ਹਾਂ ਨੇ ਸਿਰ ਹਿਲਾਇਆ ਅਤੇ ਬਾਹਰ ਖੜ੍ਹੇ ਹੈਲੀਕਾਪਟਰ 'ਤੇ ਸਵਾਰ ਹੋਣ ਲਈ ਕਮਰੇ ਤੋਂ ਬਾਹਰ ਨਿਕਲ ਗਏ।"

"ਮੈਨੂੰ ਸਮਝ ਨਹੀਂ ਆਇਆ ਕਿ ਚੀਫ਼ ਨੂੰ ਮੇਰੀ ਬ੍ਰੀਫ਼ਿੰਗ ਪਸੰਦ ਆਈ ਜਾਂ ਨਹੀਂ। ਜਦੋਂ ਉਹ ਹੈਲੀਕਾਪਟਰ ਵਿੱਚ ਚੜ੍ਹ ਰਹੇ ਸਨ ਤਾਂ ਉਨ੍ਹਾਂ ਨੇ ਮੇਜਰ ਜਨਰਲ ਹਰਵੰਤ ਸਿੰਘ ਤੋਂ ਪੁੱਛਿਆ, 'ਕੀ ਮੈਂ ਤੇਰੇ ਮੇਜਰ ਨੂੰ ਬ੍ਰੀਫ਼ਿੰਗ ਲਈ ਸ਼ਾਬਾਸ਼ ਕਿਹਾ'?"

"ਹਰਵੰਤ ਨੇ ਜਵਾਬ ਦਿੱਤਾ 'ਨਹੀਂ ਸਰ'। ਸੁੰਦਰਜੀ ਨੇ ਕਿਹਾ, 'ਮੇਰੇ ਲਈ ਉਸ ਨੌਜਵਾਨ ਅਫ਼ਸਰ ਦੀ ਪਿੱਠ ਥਪਥਪਾਏ ਬਿਨਾਂ ਜਾਣਾ ਠੀਕ ਨਹੀਂ ਹੋਵੇਗਾ।' ਆਪ੍ਰੇਸ਼ਨ ਰੂਮ ਵਿੱਚ ਮੈਂ ਅਤੇ ਮੇਰੇ ਸਾਥੀ ਬ੍ਰੀਫ਼ਿੰਗ ਬਾਰੇ ਗੱਲ ਕਰ ਰਹੇ ਸਨ।"

"ਮੈਂ ਆਪਣੇ ਸਾਥੀਆਂ ਤੋਂ ਪੁੱਛ ਰਿਹਾ ਸੀ, 'ਕੀ ਮੇਰੀ ਬ੍ਰੀਫ਼ਿੰਗ ਠੀਕ ਰਹੀ?' ਓਦੋਂ ਹੀ ਪਿੱਛੋਂ ਆਵਾਜ਼ ਆਈ 'ਬਿਲਕੁਲ ਠੀਕ।' ਮੇਰੇ ਪਿੱਛੇ ਦਰਵਾਜ਼ਾ ਖੁੱਲਿਆ ਅਤੇ ਸਭ ਨੇ ਜਨਰਲ ਸੁੰਦਰਜੀ ਨੂੰ ਵੇਖਿਆ, ਜੋ ਖ਼ਾਸ ਤੌਰ 'ਤੇ ਹੈਲੀਕਾਪਟਰ ਤੋਂ ਵਾਪਸ ਆਪ੍ਰੇਸ਼ਨ ਰੂਮ ਆਏ ਸਨ ਅਤੇ ਉਨ੍ਹਾਂ ਨੇ ਸਾਨੂੰ ਸਭ ਨੂੰ 'ਸ਼ਾਬਾਸ਼' ਕਿਹਾ।"

ਭਾਰਤੀ ਫੌਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਅਭਿਆਸ 'ਤੇ ਨਜ਼ਰ ਰੱਖਣ ਲਈ ਜਨਰਲ ਸੁੰਦਰਜੀ ਨੇ ਰੱਖਿਆ ਰਾਜ ਮੰਤਰੀ ਅਰੁਣ ਸਿੰਘ ਦੇ ਨਾਲ ਬੀਕਾਨੇਰ ਦੇ ਨੇੜੇ ਸਰਦਾਰ ਸ਼ਹਿਰ ਵਿੱਚ ਕਈ ਹਫ਼ਤੇ ਬਿਤਾਏ ਸਨ (ਸੰਕੇਤਕ ਤਸਵੀਰ)

ਜਨਰਲ ਸੁੰਦਰਜੀ ਅਤੇ ਜਨਰਲ ਹੂਨ ਵਿੱਚ ਮਤਭੇਦ

ਉਸ ਸਮੇਂ ਪੱਛਮੀ ਕਮਾਨ ਦੇ ਮੁਖੀ ਅਤੇ ਆਪ੍ਰੇਸ਼ਨ ਬ੍ਰਾਸਟੈਕਸ ਦਾ ਮਹੱਤਵਪੂਰਨ ਹਿੱਸਾ ਰਹੇ ਲੈਫਟੀਨੈਂਟ ਜਨਰਲ ਪੀਐੱਨ ਹੂਨ ਦਾ ਮੰਨਣਾ ਹੈ ਕਿ ਬ੍ਰਾਸਟੈਕਸ ਦਾ ਮਕਸਦ ਪਾਕਿਸਤਾਨ ਖ਼ਿਲਾਫ਼ ਜੰਗ ਸ਼ੁਰੂ ਕਰਨਾ ਸੀ।

ਸੁੰਦਰਜੀ ਦੇ ਆਲੋਚਕ ਰਹੇ ਹੂਨ ਆਪਣੀ ਕਿਤਾਬ 'ਅਨਮਾਸਕਿੰਗ ਸੀਕ੍ਰੇਟਸ ਆਫ਼ ਟਰਬਿਊਲੈਂਸ' ਵਿੱਚ ਲਿਖਦੇ ਹਨ, "ਦੇਸ਼ ਦੀ ਆਵਾਜਾਈ ਪ੍ਰਣਾਲੀ ਨੂੰ ਜਿਸ ਤਰੀਕੇ ਨਾਲ ਮੋਬਿਲਾਈਜ਼ ਕੀਤਾ ਗਿਆ ਸੀ, ਉਹ ਸਿਰਫ਼ ਜੰਗ ਦੀ ਤਿਆਰੀ ਵਿੱਚ ਹੀ ਹੁੰਦਾ ਹੈ।"

"ਜਦੋਂ ਮੈਂ ਸੁੰਦਰਜੀ ਤੋਂ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਨੂੰ ਸੈਨਿਕ ਅਭਿਆਸ ਦੇ ਵੇਰਵੇ ਅਤੇ ਪ੍ਰਗਤੀ ਬਾਰੇ ਸੂਚਿਤ ਕੀਤਾ ਗਿਆ ਹੈ, ਤਾਂ ਉਨ੍ਹਾਂ ਨੇ ਤਿੱਖੇ ਲਹਿਜ਼ੇ ਵਿੱਚ ਜਵਾਬ ਦਿੱਤਾ, 'ਪੱਛਮੀ ਕਮਾਨ ਦੇ ਕਮਾਂਡਰ ਵਜੋਂ ਇਹ ਤੁਹਾਡਾ ਕੰਮ ਨਹੀਂ ਕਿ ਤੁਸੀਂ ਮੈਨੂੰ ਪੁੱਛੋ ਕਿ ਸਰਕਾਰ ਜਾਂ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਦੱਸਿਆ ਗਿਆ ਹੈ ਜਾਂ ਨਹੀਂ। ਇਹ ਮੇਰਾ ਕੰਮ ਹੈ। ਇਸ ਬਾਰੇ ਜੋ ਕੁਝ ਲੋੜੀਂਦਾ ਸੀ, ਉਹ ਕਰ ਦਿੱਤਾ ਗਿਆ ਹੈ।'"

ਪੱਛਮੀ ਕਮਾਨ ਦੇ ਤਤਕਾਲੀ ਮੁਖੀ ਜਨਰਲ ਪੀਐੱਨ ਹੂਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੱਛਮੀ ਕਮਾਨ ਦੇ ਤਤਕਾਲੀ ਮੁਖੀ ਜਨਰਲ ਪੀਐੱਨ ਹੂਨ

ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ

ਹੂਨ ਆਪਣੀ ਕਿਤਾਬ ਵਿੱਚ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਪ੍ਰਧਾਨ ਮੰਤਰੀ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਹ ਅਭਿਆਸ ਜੰਗ ਵਰਗੀ ਸਥਿਤੀ ਵਿੱਚ ਬਦਲ ਚੁੱਕਾ ਹੈ।

ਹੂਨ ਲਿਖਦੇ ਹਨ, "ਮੈਂ 15 ਜਨਵਰੀ ਨੂੰ ਫੌਜ ਦਿਵਸ ਪਰੇਡ ਲਈ ਦਿੱਲੀ ਵਿੱਚ ਮੌਜੂਦ ਸੀ। ਓਦੋਂ ਰਾਜੀਵ ਗਾਂਧੀ ਮੇਰੇ ਕੋਲ ਆਏ ਅਤੇ ਪੁੱਛਿਆ, ਪੱਛਮੀ ਕਮਾਨ ਕਿਵੇਂ ਕਰ ਰਹੀ ਹੈ? ਮੈਂ ਜਵਾਬ ਦਿੱਤਾ, 'ਸਭ ਕੁਝ ਯੋਜਨਾ ਮੁਤਾਬਕ ਚੱਲ ਰਿਹਾ ਹੈ ਅਤੇ ਸੈਨਿਕ 'ਬੈਟਲ ਲੋਕੇਸ਼ਨ' ਵੱਲ ਵੱਧ ਰਹੇ ਹਨ'।"

"ਰਾਜੀਵ ਨੇ ਮੈਨੂੰ ਪੁੱਛਿਆ, 'ਬੈਟਲ ਲੋਕੇਸ਼ਨ ਨਾਲ ਤੁਹਾਡਾ ਕੀ ਮਤਲਬ ਹੈ? ਅਸੀਂ ਜੰਗ ਵੱਲ ਕਿਵੇਂ ਜਾ ਸਕਦੇ ਹਾਂ?' ਮੇਰਾ ਮੰਨਣਾ ਹੈ ਕਿ ਕਿਤੇ ਨਾ ਕਿਤੇ ਕੁਝ ਗੜਬੜ ਹੋਈ ਸੀ। ਪ੍ਰਧਾਨ ਮੰਤਰੀ ਨੂੰ ਇਸ ਅਭਿਆਸ ਬਾਰੇ ਪੂਰੀ ਜਾਣਕਾਰੀ ਨਹੀਂ ਸੀ।"

"ਜਦੋਂ ਮੈਂ ਰੇਗਿਸਤਾਨ ਪਹੁੰਚਿਆ ਤਾਂ ਮੇਰੇ ਕੋਲ ਪਰੇਸ਼ਾਨ ਡਾਇਰੈਕਟਰ ਜਨਰਲ ਮਿਲਟ੍ਰੀ ਆਪ੍ਰੇਸ਼ਨ ਲੈਫਟੀਨੈਂਟ ਜਨਰਲ ਰਵੀ ਮਹਾਜਨ ਦਾ ਫੋਨ ਆਇਆ। ਉਨ੍ਹਾਂ ਨੇ ਮੈਨੂੰ ਕਿਹਾ ਕਿ ਸੁੰਦਰਜੀ ਦਿੱਲੀ ਵਿੱਚ ਮੈਨੂੰ ਤੁਰੰਤ ਮਿਲਣਾ ਚਾਹੁੰਦੇ ਹਨ। ਜਦੋਂ ਮੈਂ ਦਿੱਲੀ ਪਹੁੰਚਿਆ ਤਾਂ ਸੁੰਦਰਜੀ ਨੇ ਕਿਹਾ ਕਿ ਅਭਿਆਸ ਦੀ ਦਿਸ਼ਾ ਪੂਰਬ ਤੋਂ ਪੱਛਮ ਦੀ ਬਜਾਏ ਉੱਤਰ ਤੋਂ ਦੱਖਣ ਵੱਲ ਕਰ ਦਿੱਤੀ ਜਾਵੇ। ਇਸ ਤੋਂ ਬਾਅਦ ਸੈਨਿਕਾਂ ਨੂੰ ਬੀਕਾਨੇਰ ਵਾਪਸ ਬੁਲਾ ਲਿਆ ਗਿਆ ਸੀ।"

ਕਾਂਤੀ ਬਾਜਪੇਈ ਲਿਖਦੇ ਹਨ, "ਜਦੋਂ ਆਪ੍ਰੇਸ਼ਨ ਬ੍ਰਾਸਟੈਕਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਆਪਣਾ ਸੈਨਿਕ ਅਭਿਆਸ ਜਾਰੀ ਰੱਖਿਆ, ਤਾਂ ਫੌਜ ਮੁਖੀਆਂ ਅਤੇ ਰੱਖਿਆ ਰਾਜ ਮੰਤਰੀ ਨੇ ਮਿਲ ਕੇ ਇਹ ਫ਼ੈਸਲਾ ਕੀਤਾ ਕਿ ਰਾਜੀਵ ਗਾਂਧੀ ਨੂੰ ਇਸ ਦੀ ਜਾਣਕਾਰੀ ਨਾ ਦਿੱਤੀ ਜਾਵੇ।"

"ਇਸ ਦੇ ਪਿੱਛੇ ਕਾਰਨ ਇਹ ਸੀ ਕਿ ਰਾਜੀਵ ਗਾਂਧੀ ਅੰਡਮਾਨ ਵਿੱਚ ਛੁੱਟੀਆਂ ਮਨਾਉਣ ਗਏ ਹੋਏ ਸਨ। ਜੇ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਦੱਸਿਆ ਜਾਂਦਾ ਅਤੇ ਉਹ ਆਪਣੀ ਯਾਤਰਾ ਅਧੂਰੀ ਛੱਡ ਕੇ ਦਿੱਲੀ ਵਾਪਸ ਆ ਜਾਂਦੇ, ਤਾਂ ਬਿਨਾਂ ਕਾਰਨ ਹਾਲਾਤ ਹੋਰ ਵਿਗੜ ਸਕਦੇ ਸਨ। ਪ੍ਰਧਾਨ ਮੰਤਰੀ ਨੂੰ ਇਸ ਬਾਰੇ ਨਾ ਦੱਸਣਾ ਸ਼ਾਇਦ ਫ਼ੈਸਲੇ ਦੀ ਗਲਤੀ ਸੀ।"

ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਇਸ ਗਤੀਵਿਧੀ ਤੋਂ ਅਣਜਾਣ ਸਨ

ਅਰੁਣ ਸਿੰਘ ਨੂੰ ਚੁਕਾਉਣੀ ਪਈ ਕੀਮਤ

ਉਸ ਸਮੇਂ ਰਾਜੀਵ ਗਾਂਧੀ ਦੀ ਕੈਬਿਨੇਟ ਦੇ ਮੈਂਬਰ ਰਹੇ ਨਟਵਰ ਸਿੰਘ ਆਪਣੀ ਆਤਮਕਥਾ 'ਵਨ ਲਾਈਫ ਇਜ਼ ਨਾਟ ਇਨਫ਼' ਵਿੱਚ ਲਿਖਦੇ ਹਨ, "ਇੱਕ ਵਾਰ ਇੱਕ ਮੀਟਿੰਗ ਵਿੱਚ ਪ੍ਰਧਾਨ ਮੰਤਰੀ, ਮੈਂ, ਵਿਦੇਸ਼ ਮੰਤਰੀ ਨਾਰਾਇਣ ਦੱਤ ਤਿਵਾਰੀ, ਐੱਮਐੱਲ ਫੋਤੇਦਾਰ ਅਤੇ ਲੈਫਟੀੇਨੈਂਟ ਜਨਰਲ ਹਜ਼ਾਰੀ ਮੌਜੂਦ ਸਨ।"

"ਮੀਟਿੰਗ ਤੋਂ ਬਾਅਦ ਰਾਜੀਵ ਗਾਂਧੀ ਨੇ ਤਿਵਾਰੀ ਅਤੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ। ਫਿਰ ਤਿਵਾਰੀ ਜੀ ਵੱਲ ਮੁੜ ਕੇ ਰਾਜੀਵ ਨੇ ਕਿਹਾ, 'ਮੈਂ ਆਪਣੇ ਰੱਖਿਆ ਰਾਜ ਮੰਤਰੀ ਦਾ ਕੀ ਕਰਾਂ?' ਵਿਦੇਸ਼ ਮੰਤਰੀ ਨੇ ਮੇਰੇ ਵੱਲ ਵੇਖਿਆ ਅਤੇ ਚੁੱਪ ਰਹੇ।

"ਫਿਰ ਰਾਜੀਵ ਮੇਰੇ ਵੱਲ ਮੁੜੇ। ਮੈਂ ਕਿਹਾ, 'ਤੁਹਾਨੂੰ ਮੰਤਰੀ ਨੂੰ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ।' ਰਾਜੀਵ ਗਾਂਧੀ ਨੇ ਜਵਾਬ ਦਿੱਤਾ, 'ਅਰੁਣ ਸਿੰਘ ਦੋਸਤ ਹਨ।' ਉਦੋਂ ਮੈਂ ਥੋੜ੍ਹੀ ਸਖ਼ਤੀ ਨਾਲ ਕਿਹਾ, 'ਸਰ, ਤੁਸੀਂ ਦੂਨ ਸਕੂਲ ਓਲਡ ਬੋਇਜ਼ ਐਸੋਸੀਏਸ਼ਨ ਦੇ ਪ੍ਰਧਾਨ ਨਹੀਂ ਹੋ।"

"ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਹੋ ਅਤੇ ਪ੍ਰਧਾਨ ਮੰਤਰੀ ਦਾ ਕੋਈ ਦੋਸਤ ਨਹੀਂ ਹੁੰਦਾ।' ਕੁਝ ਦਿਨਾਂ ਬਾਅਦ ਅਰੁਣ ਸਿੰਘ ਦਾ ਵਿੱਤ ਮੰਤਰਾਲੇ ਵਿੱਚ ਤਬਾਦਲਾ ਕਰ ਦਿੱਤਾ ਗਿਆ। ਥੋੜ੍ਹੇ ਸਮੇਂ ਬਾਅਦ ਰਾਜੀਵ ਗਾਂਧੀ ਨੇ ਨਾ ਸਿਰਫ਼ ਉਨ੍ਹਾਂ ਦਾ ਅਸਤੀਫ਼ਾ ਲੈ ਲਿਆ, ਸਗੋਂ ਉਨ੍ਹਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇਣ ਲਈ ਕਿਹਾ।"

ਤਤਕਾਲੀ ਰੱਖਿਆ ਰਾਜ ਮੰਤਰੀ ਅਰੁਣ ਸਿੰਘ

ਤਸਵੀਰ ਸਰੋਤ, Bharatrakshak.com

ਤਸਵੀਰ ਕੈਪਸ਼ਨ, ਤਤਕਾਲੀ ਰੱਖਿਆ ਰਾਜ ਮੰਤਰੀ ਅਰੁਣ ਸਿੰਘ

ਦੋਵੇਂ ਦੇਸ਼ ਸੀਮਾ ਤੋਂ ਸੈਨਿਕ ਹਟਾਉਣ ਲਈ ਤਿਆਰ ਹੋਏ

ਦੂਜੇ ਪਾਸੇ ਪਾਕਿਸਤਾਨ ਵਿੱਚ ਅੱਧੀ ਰਾਤ ਨੂੰ ਭਾਰਤ ਦੇ ਹਾਈ ਕਮਿਸ਼ ਐੱਸਕੇ ਸਿੰਘ ਦੇ ਘਰ ਦੇ ਟੈਲੀਫ਼ੋਨ ਦੀ ਘੰਟੀ ਵੱਜੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਵਿਦੇਸ਼ ਰਾਜ ਮੰਤਰੀ ਜ਼ੈਨ ਨੂਰਾਨੀ ਨਾਲ ਮਿਲਣ ਲਈ ਬੁਲਾਇਆ ਸੀ।

ਇਸ ਮੀਟਿੰਗ ਵਿੱਚ ਨੂਰਾਨੀ ਨੇ ਐੱਸਕੇ ਸਿੰਘ ਨੂੰ ਰਾਸ਼ਟਰਪਤੀ ਜ਼ਿਆ ਦਾ ਸੰਦੇਸ਼ ਦਿੱਤਾ ਕਿ ਜੇ ਪਾਕਿਸਤਾਨ ਦੀ ਸੰਪ੍ਰਭੁਤਾ ਦਾ ਉਲੰਘਣ ਕੀਤਾ ਗਿਆ ਤਾਂ ਉਹ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ।

ਮਾਈਕਲ ਕ੍ਰਿਪਨ ਅਤੇ ਨੈਟ ਕਾਨ ਆਪਣੀ ਕਿਤਾਬ 'ਕ੍ਰਾਈਸਿਸ ਇਨ ਸਾਊਥ ਏਸ਼ੀਆ' ਵਿੱਚ ਲਿਖਦੇ ਹਨ, "ਪਾਕਿਸਤਾਨ ਨੇ ਆਪਣੇ ਸੈਨਿਕ ਭਾਰਤੀ ਸੀਮਾ ਵੱਲ ਵਧਾਉਣ ਦੇ ਜਵਾਬ ਵਿੱਚ ਸੁੰਦਰਜੀ ਨੇ ਅੰਤਰਰਾਸ਼ਟਰੀ ਸੀਮਾ 'ਤੇ ਭਾਰਤੀ ਸੈਨਿਕਾਂ ਨੂੰ ਰੱਖਿਆਤਮਕ ਪੌਜੀਸ਼ਨ ਵਿੱਚ ਖੜ੍ਹਾ ਕਰ ਦਿੱਤਾ ਸੀ।"

"ਇੱਥੋਂ ਤੱਕ ਕਿ ਭਾਰਤ ਨੇ ਆਪਣੇ ਰਿਜ਼ਰਵ ਸੈਨਿਕ ਵੀ ਬੁਲਾ ਲਏ ਸਨ। ਭਾਰਤ ਦੇ ਇਸ ਕਦਮ ਨਾਲ ਹਾਲਾਤ ਹੋਰ ਤਣਾਅਪੂਰਨ ਹੋ ਗਏ ਅਤੇ ਦੋਵੇਂ ਦੇਸ਼ਾਂ ਦੇ ਸੈਨਿਕ ਜੰਮੂ ਕਸ਼ਮੀਰ ਅਤੇ ਪੰਜਾਬ ਦੀ ਸੀਮਾ 'ਤੇ ਲਗਭਗ ਆਹਮਣੇ-ਸਾਹਮਣੇ ਖੜ੍ਹੇ ਹੋ ਗਏ।"

"ਪ੍ਰਧਾਨ ਮੰਤਰੀ ਦਫ਼ਤਰ ਨੇ ਸੁੰਦਰਜੀ ਨੂੰ ਨਿਰਦੇਸ਼ ਦਿੱਤੇ ਕਿ ਉਹ ਪ੍ਰੈੱਸ ਕਾਨਫਰੰਸ ਕਰ ਕੇ ਭਾਰਤ ਦੇ ਇਸ ਕਦਮ ਦੇ ਕਾਰਨਾਂ ਬਾਰੇ ਦੁਨੀਆ ਦੀ ਪ੍ਰੈੱਸ ਨੂੰ ਦੱਸਣ। 18 ਜਨਵਰੀ 1987 ਨੂੰ ਰੱਖਿਆ ਰਾਜ ਮੰਤਰੀ ਅਰੁਣ ਸਿੰਘ ਅਤੇ ਜਨਰਲ ਸੁੰਦਰਜੀ ਨੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਅੱਗੇਲੀ ਸੀਮਾ ਤੋਂ ਆਪਣੇ ਸੈਨਿਕ ਹਟਾਉਣ ਲਈ ਤਿਆਰ ਹੈ, ਬਸ਼ਰਤੇ ਪਾਕਿਸਤਾਨ ਵੀ ਇਹੀ ਕਰੇ।"

ਰਾਜਸਥਾਨ ਸੈਕਟਰ ਵਿੱਚ ਆਪ੍ਰੇਸ਼ਨ ਬ੍ਰਾਸਟੈਕਸ ਹੋਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਸਥਾਨ ਸੈਕਟਰ ਵਿੱਚ ਆਪ੍ਰੇਸ਼ਨ ਬ੍ਰਾਸਟੈਕਸ ਹੋਇਆ

ਜਨਰਲ ਜ਼ਿਆ ਦੀ ਭਾਰਤ ਯਾਤਰਾ

ਇਸ ਤੋਂ ਤੁਰੰਤ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਮਿਲਟ੍ਰੀ ਆਪ੍ਰੇਸ਼ਨ ਵਿਚਕਾਰ ਹਾਟਲਾਈਨ ਮੁੜ ਚਾਲੂ ਕਰ ਦਿੱਤੀ ਗਈ। ਬ੍ਰਾਸਟੈਕਸ ਦੌਰਾਨ ਪੂਰੇ 45 ਦਿਨਾਂ ਤੱਕ ਇਸ ਹਾਟਲਾਈਨ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ।

ਕਾਂਤੀ ਬਾਜਪੇਈ ਲਿਖਦੇ ਹਨ, "ਇਸ ਸੰਵਾਦ ਦੀ ਕਮੀ ਨੇ ਇਹ ਅਟਕਲਾਂ ਵਧਾ ਦਿੱਤੀਆਂ ਕਿ ਭਾਰਤ ਪਾਕਿਸਤਾਨ 'ਤੇ ਹਮਲਾ ਕਰਨਾ ਚਾਹੁੰਦਾ ਹੈ। ਪੂਰੇ ਘਟਨਾਕ੍ਰਮ ਦੇ ਹਕੀਕਤੀ ਅੰਕਲਨ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਭਾਰਤ ਨੇ ਜਾਣ-ਬੁੱਝ ਕੇ ਇਸ ਮਾਮਲੇ ਵਿੱਚ ਪੂਰੀ ਸਪਸ਼ਟਤਾ ਨਹੀਂ ਦਿਖਾਈ ਅਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਅਨਿਸ਼ਚਿਤਤਾ ਅਤੇ ਬੇਚੈਨੀ ਦੀ ਸਥਿਤੀ ਵਿੱਚ ਰੱਖਿਆ।"

21 ਫਰਵਰੀ 1987 ਨੂੰ ਪਾਕਿਸਤਾਨੀ ਹਵਾਈ ਸੈਨਾ ਦਾ ਇੱਕ ਜਹਾਜ਼ ਦਿੱਲੀ ਵਿੱਚ ਉਤਰਿਆ। ਉਸ ਵਿੱਚ ਪਾਕਿਸਤਾਨ ਦੇ ਜਨਰਲ ਜ਼ਿਆ ਸਵਾਰ ਸਨ, ਜੋ ਜੈਪੁਰ ਵਿੱਚ ਹੋ ਰਹੇ ਭਾਰਤ-ਪਾਕਿਸਤਾਨ ਮੈਚ ਨੂੰ ਦੇਖਣ ਆਏ ਸਨ। ਉਨ੍ਹਾਂ ਨੇ ਰਾਜੀਵ ਗਾਂਧੀ ਨੂੰ ਸ਼ਾਂਤੀ ਦਾ ਪ੍ਰਸਤਾਵ ਦਿੱਤਾ, ਜਿਸਨੂੰ ਰਾਜੀਵ ਗਾਂਧੀ ਨੇ ਸਵੀਕਾਰ ਕਰ ਲਿਆ।

ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਪਾਕਿਸਤਾਨ ਦੇ ਉਸ ਸਮੇਂ ਦੇ ਰਾਸ਼ਟਰਪਤੀ ਜ਼ਿਆ-ਉਲ-ਹੱਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਪਾਕਿਸਤਾਨ ਦੇ ਉਸ ਸਮੇਂ ਦੇ ਰਾਸ਼ਟਰਪਤੀ ਜ਼ਿਆ-ਉਲ-ਹੱਕ

ਮੀਡੀਆ ਨੇ ਇਸ ਨੂੰ 'ਕ੍ਰਿਕਟ ਕੂਟਨੀਤੀ' ਦਾ ਨਾਮ ਦਿੱਤਾ। ਆਪ੍ਰੇਸ਼ਨ ਬ੍ਰਾਸਟੈਕਸ ਨਵੰਬਰ 1986 ਵਿੱਚ ਸ਼ੁਰੂ ਹੋਇਆ ਅਤੇ ਮਾਰਚ 1987 ਵਿੱਚ ਖ਼ਤਮ ਹੋਇਆ।

ਸੈਨਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਪ੍ਰੇਸ਼ਨ ਬ੍ਰਾਸਟੈਕਸ ਨੇ ਭਾਰਤ ਦੀ ਸੈਨਿਕ ਸਮਰੱਥਾ ਦਾ ਇੰਨਾ ਸਟੀਕ ਪ੍ਰਦਰਸ਼ਨ ਕੀਤਾ ਕਿ ਇਸ ਨੇ ਪਾਕਿਸਤਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਤੇਜ਼ ਕਰਨ ਲਈ ਮਜਬੂਰ ਕਰ ਦਿੱਤਾ।

ਉਸ ਸਮੇਂ ਭਾਰਤ ਦੀ ਫੌਜ ਵਿੱਚ ਕਰੀਬ 11 ਲੱਖ ਸੈਨਿਕ ਸਨ ਅਤੇ ਉਸ ਨੇ ਆਪਣੇ ਰੱਖਿਆ ਬਜਟ 'ਤੇ ਲਗਭਗ ਅੱਠ ਅਰਬ ਡਾਲਰ ਖ਼ਰਚ ਕੀਤੇ ਸਨ, ਜੋ ਉਸ ਦੇ ਕੁੱਲ ਬਜਟ ਦਾ ਲਗਭਗ 20 ਫੀਸਦੀ ਸੀ। ਇਸ ਸੈਨਿਕ ਅਭਿਆਸ ਦੇ ਮਿਲੇ-ਜੁਲੇ ਨਤੀਜੇ ਸਾਹਮਣੇ ਆਏ।

ਇਸ ਨੇ ਕੁਝ ਹੱਦ ਤੱਕ ਪਾਕਿਸਤਾਨ ਨੂੰ ਪਰੇਸ਼ਾਨ ਕੀਤਾ, ਪਰ ਨਾਲ ਹੀ ਇਸ ਦੀ ਵਜ੍ਹਾ ਨਾਲ ਤਿੱਬਤ ਵਿੱਚ ਚੀਨ ਵੀ ਆਪਣੀ ਸੈਨਿਕ ਸਮਰੱਥਾ ਵਧਾਉਣ ਲਈ ਮਜਬੂਰ ਹੋ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)