1971 ਭਾਰਤ-ਪਾਕ ਜੰਗ: ਜਦੋਂ ਭਾਰਤੀ ਮੇਜਰ ਨੇ ਆਪਣੇ ਹੱਥੀਂ ਵੱਢੀ ਆਪਣੀ ਹੀ ਲੱਤ -ਵਿਵੇਚਨਾ

ਤਸਵੀਰ ਸਰੋਤ, IAN CARDOZO
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਗੱਲ 7 ਦਸੰਬਰ, 1971 ਦੀ ਹੈ। ਅਤਗ੍ਰਾਮ ਅਤੇ ਗਾਜ਼ੀਪੁਰ ਦੀ ਲੜਾਈ ਵਿੱਚ ਪਾਕਿਸਤਾਨੀ ਸੈਨਿਕਾਂ ਨੂੰ ਹਰਾਉਣ ਤੋਂ ਬਾਅਦ '5 ਗੋਰਖਾ ਰਾਈਫਲ' ਦੀ ਚੌਥੀ ਬਟਾਲੀਅਨ ਦੇ ਜਵਾਨਾਂ ਨੂੰ ਆਰਾਮ ਲਈ ਚਾਰ ਦਿਨ ਦਿੱਤੇ ਗਏ ਸਨ।
ਉਨ੍ਹਾਂ ਜਵਾਨਾਂ ਨੇ ਜੰਗਲੀ ਤਲਾਅ ਵਿੱਚ ਨਹਾ ਕੇ ਆਪਣੇ ਕੱਪੜੇ ਸੁਕਾਏ ਹੀ ਸਨ ਕਿ ਬ੍ਰਿਗੇਡ ਹੈੱਡਕੁਆਰਟਰ ਤੋਂ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਹਰੋਲਿਕਰ ਲਈ ਇੱਕ ਫ਼ੋਨ ਆਇਆ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਬਟਾਲੀਅਨ ਨੂੰ ਇੱਕ ਹੋਰ ਕੰਮ ਦੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਤੁਰੰਤ ਅੱਗੇ ਵਧਣਾ ਹੈ।
ਇਹ ਵੀ ਪੜ੍ਹੋ:
ਹਰੋਲਿਕਰ ਨੇ ਇਹ ਕਹਿ ਕੇ ਇਸ ਦਾ ਵਿਰੋਧ ਕੀਤਾ ਕਿ ਉਨ੍ਹਾਂ ਦੇ ਜਵਾਨ ਚਾਰ ਦਿਨਾਂ ਤੋਂ ਸੁੱਤੇ ਨਹੀਂ ਹਨ। ਉਨ੍ਹਾਂ ਨੂੰ ਆਰਾਮ ਦੀ ਸਖ਼ਤ ਜ਼ਰੂਰਤ ਹੈ।
ਬ੍ਰਿਗੇਡ ਕਮਾਂਡਰ ਬੰਟੀ ਕਵਿਨ ਨੇ ਕਿਹਾ, ''ਹੈਰੀ ਕੀ ਤੁਸੀਂ ਸਮਝਦੇ ਹੋ ਕਿ ਮੈਂ ਇਸ ਦਾ ਵਿਰੋਧ ਨਹੀਂ ਕੀਤਾ ਹੋਵੇਗਾ? ਪਰ ਮੇਰੀ ਗੱਲ ਸੁਣੀ ਨਹੀਂ ਗਈ।''

ਤਸਵੀਰ ਸਰੋਤ, SAGAT SINGH FAMILY
ਸਿਲਹਟ ਵਿੱਚ ਉੱਤਰਦਿਆਂ ਹੀ ਭਾਰਤੀ ਫ਼ੌਜੀਆਂ 'ਤੇ ਹਮਲਾ
ਦਰਅਸਲ ਹੋਇਆ ਇੰਝ ਕਿ ਕੋਰ ਕਮਾਂਡਰ ਜਨਰਲ ਸਗਤ ਸਿੰਘ ਨੂੰ ਕਿਧਰੋਂ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੀ '202 ਇਨਫੈਂਟਰੀ ਬ੍ਰਿਗੇਡ' ਨੂੰ ਸਿਲਹਟ ਤੋਂ ਹਟਾ ਕੇ ਢਾਕਾ ਦੀ ਰਾਖੀ ਲਈ ਲੈ ਗਏ ਹਨ। ਉੱਥੇ ਸਿਰਫ਼ 200-300 ਰਜ਼ਾਕਾਰਾਂ ਨੂੰ ਸਿਲਹਟ ਦੀ ਸੁਰੱਖਿਆ ਲਈ ਛੱਡਿਆ ਗਿਆ ਹੈ।
ਜਨਰਲ ਸਗਤ ਸਿੰਘ ਨੇ ਯੋਜਨਾ ਬਣਾਈ ਕਿ ਗੋਰਖਾ ਫ਼ੌਜੀਆਂ ਨੂੰ ਉਨ੍ਹਾਂ ਕੋਲ ਉਪਲੱਬਧ 10 ਹੈਲੀਕਾਪਟਰਾਂ ਤੋਂ ਸਿਲਹਟ ਵਿੱਚ ਉਤਾਰਿਆ ਜਾਵੇਗਾ ਜੋ ਉੱਥੇ ਤੁਰੰਤ ਕਬਜ਼ਾ ਕਰ ਲੈਣਗੇ। ਗੋਰਖਾ ਬਟਾਲੀਅਨ ਨੂੰ ਸਵੇਰੇ ਸਾਢੇ ਸੱਤ ਵਜੇ 'ਹੈਲਿਬਾਰਨ ਅਪਰੇਸ਼ਨ' ਦੇ ਹੁਕਮ ਮਿਲੇ।
ਸਾਢੇ ਨੌਂ ਵਜੇ ਉਨ੍ਹਾਂ ਨੇ ਇਸ ਦੀ ਪ੍ਰੈਕਟਿਸ ਕੀਤੀ ਅਤੇ ਉਸੇ ਦਿਨ ਢਾਈ ਵਜੇ ਆਪ੍ਰੇਸ਼ਨ ਸ਼ੁਰੂ ਹੋ ਗਿਆ। ਕਲੌਰਾ ਤੋਂ ਸਭ ਤੋਂ ਪਹਿਲਾਂ ਸੱਤ 'ਐੱਮਆਈ 4' ਹੈਲੀਕਾਪਟਰ ਰਾਹੀਂ ਗੋਰਖਾ ਫ਼ੌਜੀਆਂ ਨੂੰ ਸਿਲਹਟ ਵਿੱਚ ਲਾਹਿਆ ਗਿਆ।

ਤਸਵੀਰ ਸਰੋਤ, Penguin eBury Press
ਹਾਲ ਹੀ ਵਿੱਚ ਪ੍ਰਕਾਸ਼ਿਤ ਕਿਤਾਬ '1971 ਸਟੋਰੀਜ਼ ਆਫ ਗ੍ਰਿਟ ਐਂਡ ਗਲੋਰੀ ਫਰਾਮ ਦਿ ਇੰਡੋ-ਪਾਕ ਵਾਰ' ਦੇ ਲੇਖਕ ਮੇਜਰ ਜਨਰਲ ਇਆਨ ਕਾਰਡੋਜ਼ੋ ਦੱਸਦੇ ਹਨ, ''ਗੋਰਖਾ ਬਟਾਲੀਅਨ ਦੇ ਜਵਾਨਾਂ ਨੂੰ ਕਦੇ 'ਹੈਲਿਬਾਰਨ ਆਪ੍ਰੇਸ਼ਨ' ਦੀ ਟਰੇਨਿੰਗ ਨਹੀਂ ਦਿੱਤੀ ਗਈ ਸੀ। ਅਸਲ ਵਿੱਚ ਉਹ ਪਹਿਲੀ ਵਾਰ ਹੀ ਹੈਲੀਕਾਪਟਰ 'ਤੇ ਚੜ੍ਹੇ ਸਨ।''
''ਮੇਜਰ ਮਣੀ ਮਲਿਕ ਦੀ ਅਗਵਾਈ ਵਿੱਚ ਲਗਭਗ ਸਾਢੇ ਤਿੰਨ ਵਜੇ ਪਹਿਲਾ ਹੈਲੀਕਾਪਟਰ ਸਿਲਹਟ ਪਹੁੰਚਿਆ, ਜਿਵੇਂ ਹੀ ਪਹਿਲਾ ਹੈਲੀਕਾਪਟਰ ਉਤਰਿਆ ਅਤੇ ਗੋਰਖਾ ਫ਼ੌਜੀ ਹੇਠਾਂ ਉਤਰਨ ਲੱਗੇ, ਪਾਕਿਸਤਾਨੀ ਫ਼ੌਜੀਆਂ ਨੇ 'ਅੱਲ੍ਹਾ ਹੂ ਅਕਬਰ' ਦੇ ਨਾਅਰੇ ਮਾਰਦਿਆਂ ਹੈਲੀਕਾਪਟਰ 'ਤੇ ਧਾਵਾ ਬੋਲ ਦਿੱਤਾ।''
''ਪਹਿਲੀ ਖੇਪ ਵਿੱਚ ਸਾਡੇ ਸੀਓ ਦਾ ਰੇਡਿਓ ਸੈੱਟ ਨਹੀਂ ਆ ਸਕਿਆ ਸੀ, ਇਸ ਲਈ ਅਸੀਂ ਬ੍ਰਿਗੇਡ ਕਮਾਂਡਰ ਨੂੰ ਇਹ ਤੱਕ ਸੂਚਿਤ ਨਹੀਂ ਕਰ ਸਕੇ ਕਿ ਸਾਨੂੰ ਕੀ ਸਹਿਣਾ ਪੈ ਰਿਹਾ ਹੈ।''

ਤਸਵੀਰ ਸਰੋਤ, Harper Collins
ਪਾਕਿਸਤਾਨੀ ਫ਼ੌਜੀਆਂ 'ਤੇ ਖੁਖਰੀਆਂ (ਇੱਕ ਤਰ੍ਹਾਂ ਚਾਕੂ) ਨਾਲ ਧਾਵਾ
ਇਸ ਹਮਲੇ ਦਾ ਕੁਝ ਹੋਰ ਵੇਰਵਾ ਅਰਜੁਨ ਸੁਬਰਮਣੀਅਮ ਦੀ ਕਿਤਾਬ 'ਇੰਡੀਆਜ਼ ਵਾਰਜ਼ 1947-1971' ਤੋਂ ਵੀ ਮਿਲਦਾ ਹੈ।
ਸੁਬਰਮਣੀਅਮ ਵਿੰਗ ਕਮਾਂਡਰ ਐੱਸਸੀ ਸ਼ਰਮਾ ਨੂੰ ਦੱਸਦੇ ਹਨ,''ਮੈਂ ਐੱਮਆਈ ਹੈਲੀਕਾਪਟਰ ਦੀ ਪਹਿਲੀ ਖੇਪ ਵਿੱਚ ਸਿਲਹਟ ਉਤਰਿਆ ਸੀ। ਸਾਡੇ ਨਾਲ 75-80 ਗੋਰਖਾ ਫ਼ੌਜੀ ਸਨ। ਹੈਲੀਕਾਪਟਰ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਸਾਨੂੰ ਇਹ ਅੰਦਾਜ਼ਾ ਹੀ ਨਹੀਂ ਹੋ ਸਕਿਆ ਕਿ ਸਾਡਾ ਉੱਥੇ ਕੀ ਸਵਾਗਤ ਹੋਣ ਵਾਲਾ ਹੈ।''
''ਅਸੀਂ ਜ਼ਮੀਨ ਤੋਂ ਪੰਜ ਫੁੱਟ ਉੱਪਰ ਤੋਂ ਹੇਠਾਂ ਛਾਲਾਂ ਮਾਰੀਆਂ ਸਨ। ਜਦੋਂ ਅਸੀਂ ਹੇਠਾਂ ਡਿੱਗੇ ਤਾਂ ਅਸੀਂ ਦੇਖਿਆ ਕਿ ਸਾਡੇ 'ਤੇ ਫਾਇਰਿੰਗ ਹੋ ਰਹੀ ਹੈ। ਲੈਫਟੀਨੈਂਟ ਕਰਨਲ ਹਰੋਲਿਕਰ ਨੇ ਸਾਰੇ ਫ਼ੌਜੀਆਂ ਨੂੰ ਜ਼ਮੀਨ 'ਤੇ ਲੇਟ ਜਾਣ ਲਈ ਕਿਹਾ। ਪਾਕਿਸਤਾਨੀ ਸਾਡੇ ਵੱਲ ਅੱਲ੍ਹਾ ਹੂ ਅਕਬਰ ਚੀਕਦੇ ਹੋਏ ਅੱਗੇ ਵਧੇ।''
''ਸਾਰੇ ਗੋਰਖਾ ਜ਼ਮੀਨ 'ਤੇ ਚੁੱਪਚਾਪ ਪਏ ਰਹੇ। ਜਦੋਂ ਪਾਕਿਤਸਾਨੀ ਫ਼ੌਜੀ ਸਿਰਫ਼ 40 ਗਜ਼ ਦੂਰ ਰਹਿ ਗਏ ਤਾਂ ਉਨ੍ਹਾਂ ਨੇ 'ਜੈ ਕਾਲੀ ਮਾਂ ਅਯੋ ਗੁਰਖਾਲੀ' ਦਾ ਜੈਕਾਰਾ ਛੱਡਦਿਆਂ ਉਨ੍ਹਾਂ 'ਤੇ ਆਪਣੀਆਂ ਖੁਖਰੀਆਂ ਨਾਲ ਧਾਵਾ ਬੋਲ ਦਿੱਤਾ। ਪਾਕਿਸਤਾਨੀ ਫ਼ੌਜੀਆਂ ਨੇ ਭੱਜ ਕੇ 400 ਮੀਟਰ ਦੂਰ ਇੱਕ ਪਿੰਡ ਵਿੱਚ ਪਨਾਹ ਲਈ।''

ਤਸਵੀਰ ਸਰੋਤ, Harper Collins
ਗਲਤ ਸੂਚਨਾ ਦੇ ਆਧਾਰ 'ਤੇ ਲੈਂਡਿੰਗ
ਦਰਅਸਲ, ਜਨਰਲ ਸਗਤ ਸਿੰਘ ਨੂੰ ਗਲਤ ਸੂਚਨਾ ਮਿਲੀ ਸੀ ਕਿ '202 ਪਾਕਿਤਸਾਨੀ ਬ੍ਰਿਗੇਡ' ਨੂੰ ਸਿਲਹਟ ਤੋਂ ਢਾਕਾ ਲੈ ਗਏ ਹਨ। '313 ਬ੍ਰਿਗੇਡ' ਨੂੰ ਢਾਕਾ ਸ਼ਿਫਟ ਹੋਣ ਲਈ ਕਿਹਾ ਗਿਆ ਸੀ, ਪਰ ਉਹ ਢਾਕਾ ਜਾਣ ਦੀ ਬਜਾਇ ਸਿਲਹਟ ਆ ਪਹੁੰਚੀ ਸੀ।
ਇਸ ਲਈ ਜਦੋਂ ਗੋਰਖਾ ਫ਼ੌਜੀਆਂ ਦੀ ਬਟਾਲੀਅਨ ਉੱਥੇ ਉਤਰੀ ਤਾਂ ਉਨ੍ਹਾਂ ਦਾ ਸਾਹਮਣਾ ਪਾਕਿਤਸਾਨ ਦੀਆਂ ਦੋ ਬ੍ਰਿਗੇਡਾਂ ਯਾਨਿ ਲਗਭਗ 8000 ਫ਼ੌਜੀਆਂ ਨਾਲ ਸੀ। ਅਗਲੇ ਦਿਨ ਜਦੋਂ ਗੋਰਖਾ ਫ਼ੌਜੀਆਂ ਨੂੰ ਲੈ ਕੇ ਕੁਝ ਹੈਲੀਕਾਪਟਰਾਂ ਨੇ ਉੱਥੇ ਲੈਂਡ ਕੀਤਾ ਤਾਂ ਪਾਕਿਤਸਾਨੀ ਫ਼ੌਜੀਆਂ ਵਿੱਚ ਇਹ ਗਲਤਫ਼ਹਿਮੀ ਫੈਲ ਗਈ ਕਿ ਭਾਰਤ ਨੇ ਉੱਥੇ ਦੂਜੀ ਬਟਾਲੀਅਨ ਵੀ ਉਤਾਰ ਦਿੱਤੀ ਹੈ।
ਇਹ ਵੀ ਪੜ੍ਹੋ:
ਭਾਰਤੀ ਫ਼ੌਜੀਆਂ ਦੀ ਉੱਥੇ ਜੋ ਹਾਲਤ ਸੀ ਉਸ ਦਾ ਬਿਹਤਰੀਨ ਵਰਣਨ ਪੀਵੀਐੱਸ ਜਗਨਮੋਹਨ ਅਤੇ ਸਮੀਰ ਚੋਪੜਾ ਨੇ ਆਪਣੀ ਕਿਤਾਬ 'ਈਗਲਜ਼ ਓਵਰ ਬੰਗਲਾਦੇਸ਼' ਵਿੱਚ ਕੀਤਾ ਹੈ।
ਉਹ ਲਿਖਦੇ ਹਨ, ''ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਅਤੇ ਗੋਰਖਾ ਫ਼ੌਜੀਆਂ ਦੀ ਅਚਾਨਕ ਲੈਂਡਿੰਗ ਤੋਂ ਸਿਲਹਟ ਵਿੱਚ ਮੌਜੂਦ ਪਾਕਿਤਸਾਨੀ ਬ੍ਰਿਗੇਡ ਕਮਾਂਡਰ ਥੋੜ੍ਹੇ ਪਰੇਸ਼ਾਨ ਹੋ ਗਏ।''
''ਜਨਰਲ ਸਗਤ ਸਿੰਘ ਨੂੰ ਇਹ ਗਲਤਫ਼ਹਿਮੀ ਸੀ ਕਿ ਗੋਰਖਿਆਂ ਨੂੰ ਉੱਥੇ ਬਹੁਤ ਘੱਟ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ, ਪਰ ਹੋਇਆ ਠੀਕ ਇਸ ਦੇ ਉਲਟ ਹੀ। ਉਨ੍ਹਾਂ ਦੇ ਉਤਰਨ ਦੇ ਇਲਾਕੇ ਦੇ ਠੀਕ ਬਾਹਰ ਪਾਕਿਤਸਾਨੀ ਫ਼ੌਜੀਆਂ ਦਾ ਵੱਡਾ ਇਕੱਠ ਸੀ ਅਤੇ ਗੋਰਖਿਆਂ ਨੂੰ ਜ਼ਮੀਨ ਦੇ ਰਸਤੇ ਕੋਈ ਮਦਦ ਨਹੀਂ ਪਹੁੰਚਾਈ ਜਾ ਸਕਦੀ ਸੀ।''

ਤਸਵੀਰ ਸਰੋਤ, IAN CARDOZO
ਦਾਣਾ-ਪਾਣੀ ਮੁੱਕਿਆ
ਉੱਥੇ ਉਤਾਰੇ ਗਏ ਗੋਰਖਾ ਫ਼ੌਜੀਆਂ ਦੀ ਸੰਖਿਆ ਸਿਰਫ਼ 384 ਸੀ। ਥੋੜ੍ਹੀ ਦੇਰ ਵਿੱਚ ਹੀ ਪਾਕਿਸਤਾਨੀ ਫ਼ੌਜੀਆਂ ਨੂੰ ਉਨ੍ਹਾਂ ਦੀ ਅਸਲੀ ਗਿਣਤੀ ਦਾ ਪਤਾ ਲੱਗਣ ਵਾਲਾ ਸੀ।
9 ਦਸੰਬਰ ਦੀ ਰਾਤ ਤੱਕ ਉਨ੍ਹਾਂ ਨੂੰ ਉੱਥੇ ਉਤਰਿਆਂ 48 ਘੰਟੇ ਹੋ ਗਏ ਸਨ ਅਤੇ ਉਨ੍ਹਾਂ ਨਾਲ ਜਿਸ ਲਿੰਕ-ਅਪ ਦਾ ਵਾਅਦਾ ਕੀਤਾ ਗਿਆ ਸੀ, ਉਹ ਪੂਰਾ ਨਹੀਂ ਹੋ ਸਕਿਆ ਸੀ।
ਉਨ੍ਹਾਂ ਦੀ ਰਸਦ ਮੁੱਕਣ ਲੱਗੀ ਸੀ ਅਤੇ ਫੱਟੜਾਂ ਦੀ ਗਿਣਤੀ ਵਧਦੀ ਜਾ ਰਹੀ ਸੀ। ਉਨ੍ਹਾਂ ਨੂੰ ਥੋੜ੍ਹਾ ਬਹੁਤ ਖਾਣਾ ਉਨ੍ਹਾਂ ਝੌਂਪੜੀਆਂ ਤੋਂ ਮਿਲ ਰਿਹਾ ਸੀ ਜਿਨ੍ਹਾਂ ਨੂੰ ਛੱਡ ਕੇ ਸਥਾਨਕ ਲੋਕ ਭੱਜ ਗਏ ਸਨ।
ਪਾਣੀ ਲਈ ਉਨ੍ਹਾਂ ਨੂੰ ਗੰਦੇ ਛਪੜਾਂ 'ਤੇ ਨਿਰਭਰ ਰਹਿਣਾ ਪੈ ਰਿਹਾ ਸੀ। ਉਹ ਆਪਣੇ ਰੁਮਾਲਾਂ ਨਾਲ ਪਾਣੀ ਨੂੰ ਪੁਣ ਕੇ ਪੀ ਰਹੇ ਸਨ।
ਇਸੇ ਸਮੇਂ ਭਾਰਤੀ ਪੱਖ ਨੂੰ ਬੀਬੀਸੀ ਵੱਲੋਂ ਅਣਕਿਆਸੀ ਮਦਦ ਮਿਲੀ।

ਤਸਵੀਰ ਸਰੋਤ, IAN CARDOZO
ਬੀਬੀਸੀ ਦੀ ਭੁੱਲ ਬਣੀ ਭਾਰਤੀ ਫ਼ੌਜੀਆਂ ਲਈ ਵਰਦਾਨ
ਉਸ ਸਮੇਂ ਭਾਰਤੀ ਫ਼ੌਜ ਨੇ ਕੁਝ ਵਿਦੇਸ਼ੀ ਪੱਤਰਕਾਰਾਂ ਨੂੰ ਆਪਣੇ ਨਾਲ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਸੀ ਤਾਂ ਕਿ ਦੁਨੀਆਂ ਨੂੰ ਲੜਾਈ ਦੀ ਸਹੀ ਤਸਵੀਰ ਮਿਲ ਸਕੇ।
ਜਨਰਲ ਕਾਰਡੋਜ਼ੋ ਦੱਸਦੇ ਹਨ, ''ਉਸ ਸਮੇਂ ਖ਼ਬਰਾਂ ਦੇ ਤਿੰਨ ਸੋਮੇ ਸਨ, ਰੇਡਿਓ ਪਾਕਿਤਸਾਨ ਜਿਸ ਨੂੰ ਅਸੀਂ 'ਰੇਡਿਓ ਝੂਠਿਸਤਾਨ' ਕਹਿੰਦੇ ਸੀ, ਆਕਾਸ਼ਵਾਣੀ ਜਿਸ ਦੀਆਂ ਖ਼ਬਰਾਂ ਨਾਲ ਦਿੱਕਤ ਇਹ ਸੀ ਕਿ ਉਹ ਦੇਰ ਨਾਲ ਆਉਂਦੀਆਂ ਸਨ ਕਿਉਂਕਿ ਉਨ੍ਹਾਂ ਨੂੰ ਉਸ ਲਈ ਫ਼ੌਜੀ ਹੈੱਡਕੁਆਰਟਰ ਦੀ 'ਕਲੀਯਰੈਂਸ' ਲੈਣੀ ਪੈਂਦੀ ਸੀ ਅਤੇ ਤੀਜਾ ਸੀ, ਬੀਬੀਸੀ ਜਿਸ ਦੀ ਭਰੋਸੇਯੋਗਤਾ ਬਹੁਤ ਜ਼ਿਆਦਾ ਸੀ।''
''ਬੀਬੀਸੀ ਦੇ ਯੁੱਧ ਪੱਤਰਕਾਰ ਨੇ ਆਪਣੇ ਰੇਡਿਓ ਬੁਲੇਟਿਨ ਵਿੱਚ ਗਲਤੀ ਨਾਲ ਦੱਸ ਦਿੱਤਾ ਕਿ ਭਾਰਤ ਨੇ ਸਿਲਹਟ ਵਿੱਚ ਆਪਣੀ ਬ੍ਰਿਗੇਡ ਉਤਾਰ ਦਿੱਤੀ ਹੈ, ਜਿਸ ਦਿਨ ਇਹ ਪ੍ਰਸਾਰਣ ਹੋਇਆ ਦੇਵੇਂ ਦੇਸ਼ਾਂ ਦੇ ਫ਼ੌਜੀ ਇੱਕ ਦੂਜੇ ਦੇ ਸਾਹਮਣੇ ਸਨ ਅਤੇ ਬੀਬੀਸੀ ਦਾ ਪ੍ਰਸਾਰਣ ਸੁਣ ਰਹੇ ਸਨ।''
''ਕਰਨਲ ਹਰੇਲਿਕਰ ਨੇ ਸਾਡੇ ਤੋਂ ਪੁੱਛਿਆ, ਤੁਸੀਂ ਸੁਣਿਆ ਬੀਬੀਸੀ ਨੇ ਕੀ ਕਿਹਾ? ਇੱਕ ਅਫ਼ਸਰ ਨੇ ਕਿਹਾ ਹੈਰਾਨੀ ਹੈ ਕਿ ਬੀਬੀਸੀ ਤੋਂ ਅਜਿਹੀ ਗਲਤੀ ਕਿਵੇਂ ਹੋ ਗਈ? ਮੈਂ ਤੁਰੰਤ ਕਿਹਾ, ਬੀਬੀਸੀ ਗਲਤ ਨਹੀਂ ਕਿਹਾ ਸਰ, ਉਨ੍ਹਾਂ ਨੇ ਬਿਲਕੁਲ ਸਹੀ ਕਿਹਾ। ਪਾਕਿਤਸਾਨੀਆਂ ਨੇ ਵੀ ਇਸ ਨੂੰ ਸੁਣਿਆ ਹੋਵੇਗਾ। ਹੁਣ ਅਸੀਂ ਉਨ੍ਹਾਂ ਨੂੰ ਇਹ ਅਹਿਸਾਸ ਕਰਾ ਦੇਈਏ ਕਿ ਅਸੀਂ ਇੱਕ ਬ੍ਰਿਗੇਡ ਹੀ ਹਾਂ।''
ਇਹ ਵੀ ਪੜ੍ਹੋ:

ਤਸਵੀਰ ਸਰੋਤ, IAN CARDOZO
ਬਟਾਲੀਅਨ ਨੂੰ ਫ਼ੈਲਾਇਆ ਗਿਆ
ਜਨਰਲ ਕਾਰਡੋਜ਼ੋ ਦੱਸਦੇ ਹਨ, ''ਸਾਡੇ ਸੀਓ ਅਤੇ ਮੈਂ ਮਿਲ ਕੇ ਆਪਣੀ ਬਟਾਲੀਅਨ ਨੂੰ ਵੱਡੇ ਇਲਾਕੇ ਵਿੱਚ ਫੈਲਾਅ ਦਿੱਤਾ। ਕੁਝ ਫ਼ੌਜੀਆਂ ਨੂੰ ਸਵੈਚਾਲਿਤ ਹਥਿਆਰਾਂ ਨਾਲ ਵਕਫ਼ਿਆਂ 'ਤੇ ਤੈਨਾਤ ਕੀਤਾ ਗਿਆ ਤਾਂ ਕਿ ਗਸ਼ਤ ਲੱਗੀ ਰਹੇ, ਪਾਕਿਸਤਾਨੀ ਇਸ ਗਲਤਫਹਿਮੀ ਵਿੱਚ ਰਹਿਣ ਕਿ ਉੱਥੇ ਇੱਕ ਭਾਰਤੀ ਬਟਾਲੀਅਨ ਨਹੀਂ ਇੱਕ ਪੂਰੀ ਬ੍ਰਿਗੇਡ ਹੈ।''
ਗੋਰਖਾ ਫ਼ੌਜੀਆਂ ਦੀ ਇੱਕ ਪਲਟੂਨ ਨੂੰ ਕਿਹਾ ਗਿਆ ਕਿ ਉਹ ਇੱਕ ਟਿੱਲੇ 'ਤੇ ਕਬਜ਼ਾ ਕਰ ਲੈਣ ਕਿਉਂਕਿ ਜੇਕਰ ਉਸ 'ਤੇ ਪਾਕਿਤਸਾਨੀ ਸੈਨਿਕਾਂ ਦਾ ਕਬਜ਼ਾ ਹੋ ਜਾਂਦਾ ਹੈ ਤਾਂ ਉਹ ਸਾਫ਼ ਦੇਖ ਸਕਦੇ ਕਿ ਭਾਰਤੀ ਸੈਨਿਕਾਂ ਦੀ ਗਿਣਤੀ ਬਹੁਤ ਘੱਟ ਹੈ।
ਲਗਭਗ ਉਸੀ ਸਮੇਂ ਪਾਕਿਤਸਾਨੀਆਂ ਨੇ ਵੀ ਉੱਥੇ ਪਹੁੰਚਣ ਦੀ ਯੋਜਨਾ ਬਣਾਈ, ਪਰ ਗੋਰਖਿਆਂ ਨੇ ਉਨ੍ਹਾਂ ਤੋਂ ਪਹਿਲਾਂ ਪਹੁੰਚ ਕੇ ਅਤੇ ਉੱਚਾਈ ਤੋਂ ਫਾਇਰਿੰਗ ਕਰਕੇ ਉਨ੍ਹਾਂ ਨੂੰ ਉੱਥੇ ਹੀ ਰੋਕ ਦਿੱਤਾ।

ਤਸਵੀਰ ਸਰੋਤ, IAN CARDOZO
ਗੋਰਖਾ ਫ਼ੌਜੀਆਂ ਨੇ ਆਪਣੀਆਂ ਖੁਖਰੀਆਂ ਤੇਜ਼ ਕੀਤੀਆਂ
ਇਸ ਦੌਰਾਨ ਜਿਵੇਂ ਹੀ ਭਾਰਤੀ ਫ਼ੌਜੀਆਂ ਨੇ ਦੇਖਿਆ ਕਿ ਪਾਕਿਤਸਾਨੀ ਫ਼ੌਜੀ ਵੱਡੇ ਹਮਲੇ ਲਈ ਇਕੱਠੇ ਹੋ ਰਹੇ ਹਨ, ਉਹ ਹਵਾਈ ਮਦਦ ਦੀ ਮੰਗ ਕਰਦੇ ਅਤੇ ਭਾਰਤੀ ਹਵਾਈ ਫ਼ੌਜ ਦੇ ਮਿਗ-21 ਅਤੇ ਹੰਟਰ ਜਹਾਜ਼ ਆ ਕੇ ਬੰਬਾਰੀ ਸ਼ੁਰੂ ਕਰ ਦਿੰਦੇ।
ਜਦੋਂ ਰਾਤ ਵਿੱਚ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਉੱਥੇ ਉਤਰਦੇ ਤਾਂ ਪਾਕਿਤਸਾਨੀ ਸੈਨਿਕਾਂ ਨੂੰ ਲੱਗਦਾ ਕਿ ਉਹ ਕੁਮਕ (ਜੰਗ ਜਾਂ ਸੈਨਿਕ ਕਾਰਵਾਈ ਲਈ ਸੈਨਿਕ ਜਾਂ ਰਸਦ ਲੈ ਕੇ ਆਉਣਾ) ਲੈ ਕੇ ਆਏ ਹਨ ਜਦੋਂ ਕਿ ਉਹ ਸਿਰਫ਼ ਮ੍ਰਿਤਕਾਂ ਨੂੰ ਲੈਣ ਆਉਂਦੇ ਸਨ। ਗੋਰਖਿਆਂ ਨੇ ਉੱਥੇ ਸਰਗਰਮ ਗਸ਼ਤ ਲਗਾਉਣੀ ਅਤੇ ਘਾਤ ਲਾ ਕੇ ਹਮਲੇ ਕਰਨਾ ਜਾਰੀ ਰੱਖਿਆ। ਇਸ ਦੌਰਾਨ ਗੋਰਖਿਆਂ ਦੇ ਹਥਿਆਰ ਖਤਮ ਹੋਣੇ ਸ਼ੁਰੂ ਹੋ ਗਏ।
ਮੇਜਰ ਜਨਰਲ ਕਾਰਡੋਜ਼ੋ ਦੱਸਦੇ ਹਨ, ''ਜਦੋਂ ਸਾਡੇ ਸੀਓ ਆਪਣੇ ਫ਼ੌਜੀਆਂ ਦੇ ਠਿਕਾਣਿਆਂ 'ਤੇ ਜਾਂਦੇ ਤਾਂ ਉਹ ਅਕਸਰ ਗੋਰਖਿਆਂ ਨੂੰ ਆਪਣੀ ਖੁਖਰੀ ਤੇਜ਼ ਕਰਦੇ ਹੋਏ ਦੇਖਦੇ। ਜਦੋਂ ਉਹ ਉਨ੍ਹਾਂ ਨੂੰ ਪੁੱਛਦੇ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਸੀ ਕਿ ਜਦੋਂ ਸਾਡੇ ਸਾਰੇ ਹਥਿਆਰ ਖ਼ਤਮ ਹੋ ਜਾਣਗੇ ਤਾਂ ਅਸੀਂ ਆਪਣਾ ਸਭ ਤੋਂ ਭਰੋਸੇਯੋਗ ਹਥਿਆਰ ਖੁਖਰੀ ਵਰਤਾਂਗੇ।''

ਤਸਵੀਰ ਸਰੋਤ, IAN CARDOZO
ਪਾਕਿਤਸਾਨ ਨੇ ਚਿੱਟੇ ਝੰਡੇ ਨਾਲ ਆਤਮ ਸਮਰਪਣ ਦੀ ਪੇਸ਼ਕਸ਼
ਇਸ ਤਰ੍ਹਾਂ ਗੋਰਖਾ ਫ਼ੌਜੀਆਂ ਨੇ ਸਿਲਹਟ ਦੇ ਮੋਰਚੇ 'ਤੇ ਪੂਰੇ ਅੱਠ ਦਿਨ ਗੁਜ਼ਾਰੇ। 15 ਦਸੰਬਰ 1971 ਨੂੰ ਸਵੇਰੇ 9 ਵਜੇ ਭਾਰਤੀ ਫ਼ੌਜ ਮੁਖੀ ਸੈਮ ਮਾਨੇਕਸ਼ਾ ਨੇ ਰੇਡਿਓ 'ਤੇ ਐਲਾਨ ਕਰਕੇ ਪਾਕਿਤਸਾਨੀ ਫ਼ੌਜੀਆਂ ਨੂੰ ਹਥਿਆਰ ਸੁੱਟਣ ਲਈ ਕਿਹਾ। ਜਿਵੇਂ ਹੀ ਇਹ ਐਲਾਨ ਹੋਇਆ ਦੋ ਪਾਕਿਸਤਾਨੀ ਅਫ਼ਸਰ ਚਿੱਟੇ ਝੰਡਿਆਂ ਨਾਲ ਗੋਰਖਾ ਚੌਕੀਆਂ ਵੱਲ ਵਧੇ।
ਇਸ ਦਾ ਵੇਰਵਾ ਦਿੰਦਿਆਂ ਕਰਨਲ ਆਰਡੀ ਪਲਸੋਕਰ ਆਪਣੀ ਕਿਤਾਬ 'ਫਾਰਐਵਰ ਇਨ ਅਪਰੇਸ਼ਨ' ਵਿੱਚ ਲਿਖਦੇ ਹਨ, ''ਉਨ੍ਹਾਂ ਅਫ਼ਸਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਮਾਂਡਰ 4/5 ਗੋਰਖ ਫ਼ੌਜੀਆਂ ਦੇ ਸਾਹਮਣੇ ਆਤਮ ਸਮਰਪਣ ਕਰਨਾ ਚਾਹੁੰਦੇ ਹਨ। ਜਿਵੇਂ ਹੀ ਸੀ ਕੰਪਨੀ ਦੇ ਮੇਜਰ ਮਾਨੇ ਮਲਿਕ ਨੇ ਇਨ੍ਹਾਂ ਲੋਕਾਂ ਨੂੰ 1500 ਮੀਟਰ ਦੀ ਦੂਰੀ ਤੋਂ ਆਉਂਦਿਆਂ ਦੇਖਿਆ, ਉਨ੍ਹਾਂ ਨੇ ਕਮਾਂਡਿੰਗ ਅਫ਼ਸਰ ਨੂੰ ਸੰਦੇਸ਼ ਭੇਜ ਕੇ ਪੁੱਛਿਆ ਕਿ ਉਨ੍ਹਾਂ ਲਈ ਕੀ ਆਦੇਸ਼ ਹਨ?''
''ਲੈਫਟੀਨੈਂਟ ਕਰਨਲ ਹਰੋਲਿਕਰ ਨੇ ਅੱਗੇ ਵਧ ਕੇ ਦੇਖਿਆ ਕਿ ਲਗਭਗ 1000 ਤੋਂ 2000 ਦੇ ਵਿਚਕਾਰ ਪਾਕਿਤਸਾਨੀ ਫ਼ੌਜੀ ਜੰਗਲ ਦੇ ਕੋਨੇ ਵਿੱਚ ਜਮ੍ਹਾਂ ਹੋ ਗਏ ਹਨ। ਉਸ ਸਮੇਂ ਤੱਕ ਆਤਮ ਸਮਰਪਣ ਦੀ ਕੋਈ ਅਧਿਕਾਰਤ ਸੂਚਨਾ ਨਹੀਂ ਆਈ ਸੀ। ਇਸ ਲਈ ਸੀਓ ਨੂੰ ਪਾਕਿਤਸਾਨੀ ਫ਼ੌਜੀਆਂ ਦੇ ਇਰਾਦੇ 'ਤੇ ਸ਼ੱਕ ਹੋ ਗਿਆ।''

ਤਸਵੀਰ ਸਰੋਤ, IAN CARDOZO
ਭਾਰਤੀ ਫ਼ੌਜੀਆਂ ਨੇ ਆਤਮ ਸਮਰਪਣ ਸਵੀਕਾਰ ਕਰਨ ਤੋਂ ਕੀਤਾ ਇਨਕਾਰ
ਇਨ੍ਹਾਂ ਪਾਕਿਤਸਾਨੀ ਅਫ਼ਸਰਾਂ ਨੇ ਭਾਰਤੀ ਫ਼ੌਜੀਆਂ ਨੂੰ ਨੋਟ ਦਿੱਤਾ ਕਿ ਗੈਰੀਸਨ ਕਮਾਂਡਰ ਭਾਰਤੀ ਬ੍ਰਿਗੇਡ ਕਮਾਂਡਰ ਦੇ ਸਾਹਮਣੇ ਆਪਣੀ ਪੂਰੀ ਗੈਰੀਸਨ ਦਾ ਆਤਮ ਸਮਰਪਣ ਕਰਨਾ ਚਾਹੁੰਦੇ ਹਨ।
ਜਨਰਲ ਕਾਰਡੋਜ਼ੋ ਦੱਸਦੇ ਹਨ, ''ਸਾਡੇ ਸੀਓ ਨੂੰ ਤੁਰੰਤ ਅੰਦਾਜ਼ਾ ਹੋ ਗਿਆ ਕਿ ਸਾਡੀ ਇਹ ਦਿਖਾਵੇ ਦੀ ਚਾਲ ਕਿ ਸਾਡੇ ਕੋਲ ਇੱਕ ਪੂਰੀ ਬ੍ਰਿਗੇਡ ਹੈ, ਕਾਮਯਾਬ ਰਹੀ ਹੈ, ਪਰ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਜੇਕਰ ਪਾਕਿਤਸਾਨੀਆਂ ਨੂੰ ਇਸ ਸਮੇਂ ਵੀ ਪਤਾ ਲੱਗ ਗਿਆ ਕਿ ਉਨ੍ਹਾਂ ਦਾ ਸਾਹਮਣਾ ਭਾਰਤ ਦੀ ਅੱਧੀ ਬਟਾਲੀਅਨ ਨਾਲ ਸੀ ਤਾਂ ਹਾਲਾਤ ਪਲਟ ਵੀ ਸਕਦੇ ਹਨ।''
''ਉਨ੍ਹਾਂ ਪਾਕਿਸਤਾਨੀ ਅਫ਼ਸਰਾਂ ਨੂੰ ਕਿਹਾ ਗਿਆ ਕਿ ਉਹ ਵਾਪਸ ਜਾਣ ਕਿਉਂਕਿ ਅਜੇ ਤੱਕ ਉਨ੍ਹਾਂ ਦੇ ਆਤਮ ਸਮਰਪਣ ਲੈਣ ਦੇ ਆਦੇਸ਼ ਨਹੀਂ ਮਿਲੇ ਹਨ। ਭਾਰਤੀ ਬ੍ਰਿਗੇਡ ਕਮਾਂਡਰ ਉੱਥੋਂ ਕਰੀਬ 100 ਮੀਲ ਪਿੱਛੇ ਸਨ। ਇਸ ਲਈ ਉਨ੍ਹਾ ਨੂੰ ਇੱਕ ਕੋਡੇਡ ਸੰਦੇਸ਼ ਭੇਜਿਆ ਗਿਆ ਕਿ ਉਹ ਤੁਰੰਤ ਆ ਕੇ ਪਾਕਿਸਤਾਨੀ ਫ਼ੌਜੀਆਂ ਦਾ ਸਰੈਂਡਰ ਲੈਣ।''

ਤਸਵੀਰ ਸਰੋਤ, IAN CARDOZO
ਭਾਰਤੀ ਬ੍ਰਿਗੇਡੀਅਰ ਨੂੰ ਦੇਖ ਕੇ ਪਾਕਿਤਸਾਨੀ ਹੋਏ ਹੈਰਾਨ
15 ਦਸੰਬਰ ਦੀ ਦੁਪਹਿਰ ਭਾਰਤੀ ਬ੍ਰਿਗੇਡ ਕਮਾਂਡਰ ਬੰਟੀ ਕਵਿਨ ਹੈਲੀਕਾਪਟਰ ਰਾਹੀਂ ਸਿਲਹਟ ਪਹੁੰਚੇ। ਤਿੰਨ ਵਜੇ ਪਾਕਿਸਤਾਨੀ ਗੈਰੀਸਨ ਕਮਾਂਡਰ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਅਗਲੇ ਦਿਨ ਸਵੇਰੇ ਯਾਨਿ 16 ਦਸੰਬਰ ਨੂੰ ਪੂਰੀ ਸਿਲਹਟ ਗੈਰੀਸਨ ਨੇ ਭਾਰਤੀ ਫ਼ੌਜੀਆਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ।
ਪਾਕਿਤਸਾਨੀਆਂ ਨੂੰ ਥੋੜ੍ਹੀ ਹੈਰਾਨੀ ਹੋਈ ਜਦੋਂ ਉਨ੍ਹਾਂ ਨੇ ਬ੍ਰਿਗੇਡੀਅਰ ਬੰਟੀ ਨੂੰ ਹੈਲੀਕਾਪਟਰ ਤੋਂ ਉਤਰਦੇ ਦੇਖਿਆ। ਬਾਅਦ ਵਿੱਚ ਉਹ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਉਨ੍ਹਾਂ ਦੀਆਂ ਦੋ ਬ੍ਰਿਗੇਡਾਂ ਭਾਰਤ ਦੀ ਸਿਰਫ਼ ਅੱਧੀ ਬਟਾਲੀਅਨ ਦਾ ਸਾਹਮਣਾ ਕਰ ਰਹੀਆਂ ਸਨ।
ਕੁੱਲ ਮਿਲਾ ਕੇ ਪਾਕਿਤਸਾਨ ਦੇ ਤਿੰਨ ਬ੍ਰਿਗੇਡੀਅਰ, 173 ਅਫ਼ਸਰ, 290 ਜੇਸੀਓ ਅਤੇ 8000 ਫ਼ੌਜੀਆਂ ਨੇ ਭਾਰਤੀ ਫ਼ੌਜੀਆਂ ਸਾਹਮਣੇ ਹਥਿਆਰ ਸੁੱਟ ਦਿੱਤੇ। ਆਤਮ-ਸਮਰਪਣ ਕਰਨ ਵਾਲੇ ਪਾਕਿਤਸਾਨੀ ਬ੍ਰਿਗੇਡੀਅਰ ਸਨ ਸਲੀਮਉੱਲਾਹ ਖਾਂ ਇਫ਼ਤਿਖਾਰ ਰਾਣਾ ਅਤੇ ਐੱਸਏ ਹਸਨ।
ਆਤਮ ਸਮਰਪਣ ਕਰਨ ਦੇ ਬਾਅਦ ਪਾਕਿਤਸਾਨ ਦੇ ਗੈਰੀਸਨ ਕਮਾਂਡਰ ਨੇ ਬ੍ਰਿਗੇਡੀਅਰ ਕਵਿਨ ਅੱਗੇ ਮੰਨਿਆ ਕਿ, 'ਜੇਕਰ ਇਹ ਬਟਾਲੀਅਨ ਇੱਥੇ ਨਾ ਹੁੰਦੀ ਤਾਂ ਅਸੀਂ ਘੱਟ ਤੋਂ ਘੱਟ 10 ਦਿਨ ਹੋਰ ਸਿਲਹਟ 'ਤੇ ਡਟੇ ਰਹਿੰਦੇ।'
ਜਨਰਲ ਕਾਰਡੋਜ਼ੋ ਕਹਿੰਦੇ ਹਨ, ''ਹਾਲਾਂਕਿ ਇਹ ਘਟਨਾ 50 ਸਾਲ ਪਹਿਲਾਂ ਹੋਈ ਸੀ, ਪਰ 5/4 ਗੋਰਖਾ ਬਟਾਲੀਅਨ ਦੇ ਅਫ਼ਸਰ ਅਤੇ ਜਵਾਨ ਬੀਬੀਸੀ ਨੂੰ ਉਸ ਦੀ ਇਤਿਹਾਸਕ ਗਲਤੀ ਲਈ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਨ। ਬੀਬੀਸੀ ਲਈ ਬੇਸ਼ੱਕ ਹੀ ਇਹ ਵੱਡੀ ਗਲਤੀ ਹੋਵੇ, ਪਰ ਸਾਡੇ ਲਈ ਇਹ ਉਸ ਦਾ ਸਭ ਤੋਂ ਵਧੀਆ ਪ੍ਰਸਾਰਣ ਸੀ।''
ਇਹ ਵੀ ਪੜ੍ਹੋ:

ਤਸਵੀਰ ਸਰੋਤ, IAN CARDOZO
ਕਾਰਡੋਜ਼ੋ ਦਾ ਪੈਰ ਬਾਰੂਦੀ ਸੁਰੰਗ 'ਤੇ ਪਿਆ
ਇਸ ਲੜਾਈ ਵਿੱਚ ਗੋਰਖਾ ਬਟਾਲੀਅਨ ਦੇ 4 ਅਫ਼ਸਰ, 3 ਜੇਸੀਓ ਅਤੇ 123 ਜਵਾਨ ਮਾਰੇ ਗਏ। ਪਾਕਿਤਸਾਨੀ ਗੋਲਾਬਾਰੀ ਵਿੱਚ ਉਨ੍ਹਾਂ ਦੀ ਰੈਜੀਮੈਂਟਲ ਏਡ ਪੋਸਟ ਵੀ ਬਰਬਾਦ ਹੋ ਗਈ।
16 ਦਸੰਬਰ ਦੀ ਸਵੇਰ ਨੂੰ ਜਦੋਂ ਸੀਮਾ ਸੁਰੱਖਿਆ ਬਲ ਦੇ ਕਮਾਂਡਰ ਨੇ ਬਹੁਤ ਵੱਡੀ ਸੰਖਿਆ ਵਿੱਚ ਪਾਕਿਸਤਾਨੀ ਫ਼ੌਜੀਆਂ ਨੂੰ ਆਤਮ ਸਮਰਪਣ ਲਈ ਤਿਆਰੀ ਕਰਦੇ ਦੇਖਿਆ ਤਾਂ ਉਹ ਘਬਰਾ ਗਏ ਕਿਉਂਕਿ ਉੱਥੇ ਭਾਰਤੀ ਫ਼ੌਜੀਆਂ ਦੀ ਗਿਣਤੀ ਬਹੁਤ ਘੱਟ ਸੀ।
ਮੇਜਰ ਕਾਰਡੋਜ਼ੋ ਨੂੰ ਉਨ੍ਹਾਂ ਦੀ ਮਦਦ ਲਈ ਭੇਜਿਆ ਗਿਆ। ਉੱਥੇ ਕਾਰਡੋਜ਼ੋ ਦਾ ਪੈਰ ਪਾਕਿਸਤਾਨ ਵੱਲੋਂ ਵਿਛਾਈ ਗਈ ਬਾਰੂਦੀ ਸੁਰੰਗ 'ਤੇ ਪਿਆ ਅਤੇ ਉਸ ਦੇ ਚੀਥੜੇ ਉੱਡ ਗਏ। ਉਨ੍ਹਾਂ ਦੇ ਪੈਰ ਵਿੱਚੋਂ ਬਹੁਤ ਜ਼ਿਆਦਾ ਖੂਨ ਵਗ ਰਿਹਾ ਸੀ।
ਕਾਰਡੋਜ਼ੋ ਯਾਦ ਕਰਦੇ ਹਨ, ''ਮੈਂ ਡਾਕਟਰ ਨੂੰ ਕਿਹਾ ਕਿ ਮੈਨੂੰ ਥੋੜ੍ਹੀ ਮਾਰਫੀਨ ਦੇ ਦਿਓ। ਉਸ ਨੇ ਜਵਾਬ ਦਿੱਤਾ ਕਿ ਆਪਰੇਸ਼ਨ ਦੌਰਾਨ ਗੋਲਾਬਾਰੀ ਵਿੱਚ ਸਾਡੀਆਂ ਸਾਰੀਆਂ ਦਵਾਈਆਂ ਨਸ਼ਟ ਹੋ ਗਈਆਂ ਹਨ। ਉਦੋਂ ਮੈਂ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਸ ਨੂੰ ਕੱਟ ਸਕਦੇ ਹੋ? ਉਸ ਨੇ ਕਿਹਾ ਕਿ ਉਸ ਕੋਲ ਇਸ ਨੂੰ ਕੱਟਣ ਲਈ ਕੋਈ ਔਜਾਰ ਨਹੀਂ ਹੈ।''
''ਉਦੋਂ ਮੈਂ ਆਪਣੇ ਸਹਾਇਕ ਨੂੰ ਪੁੱਛਿਆ, ਮੇਰੀ ਖੁਖਰੀ ਕਿੱਥੇ ਹੈ? ਜਦੋਂ ਉਹ ਖੁਖਰੀ ਲੈ ਕੇ ਆਇਆ ਤਾਂ ਮੈਂ ਉਸ ਨੂੰ ਆਪਣਾ ਪੈਰ ਕੱਟਣ ਲਈ ਕਿਹਾ, ਉਸ ਨੇ ਕਿਹਾ, ਸਰ ਮੇਰੇ ਤੋਂ ਇਹ ਨਹੀਂ ਹੋ ਸਕੇਗਾ। ਉਦੋਂ ਮੈਂ ਉਸ ਦੇ ਹੱਥ ਤੋਂ ਖੁਖਰੀ ਲਈ ਅਤੇ ਹੱਥ ਨਾਲ ਆਪਣਾ ਪੈਰ ਕੱਟਿਆ। ਇਸ ਦੇ ਬਾਅਦ ਮੈਂ ਉਸ ਨੂੰ ਆਦੇਸ਼ ਦਿੱਤਾ ਕਿ ਇਸ ਨੂੰ ਜਾ ਕੇ ਜ਼ਮੀਨ ਵਿੱਚ ਦਫ਼ਨਾ ਦਿਓ। ਮੈਂ ਅੱਜ ਵੀ ਲੋਕਾਂ ਨਾਲ ਮਜ਼ਾਕ ਕਰਦਾ ਹਾਂ ਕਿ ਮੈਂ ਬੰਗਲਾਦੇਸ਼ ਵਿੱਚ ਇੱਕ ਫੁੱਟ ਗੁਣਾ ਇੱਕ ਫੁੱਟ ਦੀ ਜ਼ਮੀਨ 'ਤੇ ਆਪਣਾ ਅੰਸ਼ ਗੱਡਿਆ ਹੋਇਆ ਹੈ।''
ਪਾਕਿਸਤਾਨੀ ਸਰਜਨ ਨੇ ਕੀਤਾ ਅਪਰੇਸ਼ਨ
ਇਸ ਦੇ ਬਾਅਦ ਉਨ੍ਹਾਂ ਦੇ ਸੀਓ ਨੇ ਆ ਕੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਬਹੁਤ ਕਿਸਮਤ ਵਾਲੇ ਹੋ। ਇੱਕ ਪਾਕਿਸਤਾਨੀ ਸਰਜਨ ਨੇ ਸਾਡੇ ਸਾਹਮਣੇ ਆਤਮ ਸਮਰਪਣ ਕੀਤਾ ਹੈ। ਉਹ ਤੁਹਾਡਾ ਅਪਰੇਸ਼ਨ ਕਰੇਗਾ।
ਕਾਰਡੋਜ਼ੋ ਨੇ ਉਸ ਪਾਕਿਸਤਾਨੀ ਸਰਜਨ ਤੋਂ ਅਪਰੇਸ਼ਨ ਕਰਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਹੈਲੀਕਾਪਟਰ ਰਾਹੀਂ ਭਾਰਤ ਪਹੁੰਚਾਇਆ ਜਾਵੇ। ਉਸ ਦਿਨ ਕਿਉਂਕਿ ਪਾਕਿਸਤਾਨੀ ਫ਼ੌਜ ਢਾਕਾ ਵਿੱਚ ਆਤਮ ਸਮਰਪਣ ਕਰ ਰਹੀ ਸੀ, ਇਸ ਲਈ ਫ਼ੌਜ ਕੋਲ ਖਾਲੀ ਹੈਲੀਕਾਪਟਰ ਮੌਜੂਦ ਨਹੀਂ ਸੀ। ਕਾਰਡੋਜ਼ੋ ਦੇ ਸੀਓ ਨੇ ਫਿਰ ਕਿਹਾ ਕਿ ਤੁਸੀਂ ਪਾਕਿਤਸਾਨੀ ਸਰਜਨ ਤੋਂ ਅਪਰੇਸ਼ਨ ਨਾ ਕਰਵਾ ਕੇ ਬਹੁਤ ਵੱਡੀ ਬੇਫਕੂਫ਼ੀ ਕਰ ਰਹੇ ਹੋ।
ਕਾਰਡੋਜ਼ੋ ਯਾਦ ਕਰਦੇ ਹਨ, ''ਮੈਂ ਬਹੁਤ ਮੁਸ਼ਕਿਲ ਨਾਲ ਅਪਰੇਸ਼ਨ ਕਰਾਉਣ ਮੰਨਿਆ ਪਰ ਮੈਂ ਉਨ੍ਹਾਂ ਦੇ ਸਾਹਮਣੇ ਦੋ ਸ਼ਰਤਾਂ ਰੱਖੀਆਂ। ਨੰਬਰ ਇੱਕ ਮੈਨੂੰ ਕਿਸੇ ਪਾਕਿਤਸਾਨੀ ਦਾ ਖੂਨ ਨਾ ਚੜ੍ਹਾਇਆ ਜਾਵੇ, ਅਤੇ ਦੂਜਾ ਅਪਰੇਸ਼ਨ ਦੇ ਸਮੇਂ ਤੁਸੀਂ ਉੱਥੇ ਮੌਜੂਦ ਰਹਿਣਾ। ਮੇਰੀਆਂ ਦੋਵੇਂ ਸ਼ਰਤਾਂ ਮੰਨ ਲਈਆਂ ਗਈਆਂ। ਇੱਕ ਪਾਕਿਤਸਾਨੀ ਸਰਜਨ ਮੇਜਰ ਮੁਹੰਮਦ ਬਸ਼ੀਰ ਨੇ ਮੇਰਾ ਅਪਰੇਸ਼ਨ ਕੀਤਾ। ਜੇਕਰ ਉਹ ਇਨ੍ਹਾਂ ਸਤਰਾਂ ਪੜ੍ਹ ਰਹੇ ਹੋਣ ਤਾਂ ਮੈਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ। ਉਨ੍ਹਾਂ ਨੇ ਬਹੁਤ ਚੰਗਾ ਕੰਮ ਕੀਤਾ।''
ਕਾਰਡੋਜ਼ੋ ਨੂੰ ਪਹਿਲਾਂ ਉੜੀਸਾ ਵਿੱਚ ਚੰਦਰਨਗਰ ਅਤੇ ਫਿਰ ਪੁਣੇ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਬਣਾਉਟੀ ਪੈਰ ਲਾਇਆ ਗਿਆ। ਉਹ ਭਾਰਤੀ ਸੈਨਾ ਦੇ ਪਹਿਲੇ ਸਰੀਰਕ ਪੱਖੋਂ ਅਸਮਰੱਥ ਅਫ਼ਸਰ ਬਣੇ ਜਿਨ੍ਹਾਂ ਨੇ ਇੱਕ ਬਟਾਲੀਅਨ ਅਤੇ ਫਿਰ ਇੱਕ ਬ੍ਰਿਗੇਡ ਨੂੰ ਕਮਾਂਡ ਕੀਤਾ। ਇਆਨ ਕਾਰਡੋਜ਼ੋ ਭਾਰਤੀ ਸੈਨਾ ਤੋਂ ਮੇਜਰ ਜਨਰਲ ਦੇ ਅਹੁਦੇ ਤੋਂ ਰਿਟਾਇਰ ਹੋਏ। ਇਸ ਸਮੇਂ ਉਹ ਦਿੱਲੀ ਵਿੱਚ ਰਹਿੰਦੇ ਹਨ।
ਇਹ ਵੀ ਪੜ੍ਹੋ :
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












