ਕਾਰਗਿਲ ਜੰਗ: ਜਦੋਂ ਦਿਲੀਪ ਕੁਮਾਰ ਨੇ ਨਵਾਜ਼ ਸ਼ਰੀਫ਼ ਨੂੰ ਕਿਹਾ, 'ਮੀਆਂ ਸਾਹਿਬ, ਤੁਹਾਡੇ ਤੋਂ ਇਹ ਉਮੀਦ ਨਹੀਂ ਸੀ'

ਤਸਵੀਰ ਸਰੋਤ, AFP
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
24 ਸਾਲ ਪਹਿਲਾਂ ਕਾਰਗਿਲ ਦੀਆਂ ਪਹਾੜੀਆਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੜਾਈ ਹੋਈ ਸੀ।
ਇਹ ਲੜਾਈ ਉਦੋਂ ਹੋਈ ਜਦੋਂ ਪਾਕਿਸਤਾਨੀ ਫੌਜਾਂ ਨੇ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ ਅੰਦਰ ਘੁਸਪੈਠ ਕਰਕੇ ਆਪਣੇ ਠਿਕਾਣੇ ਬਣਾ ਲਏ ਸਨ।
8 ਮਈ, 1999- ਪਾਕਿਸਤਾਨ ਦੀ 6 ਨਾਰਦਨ ਲਾਈਟ ਇਨਫੈਂਟਰੀ ਦੇ ਕਪਤਾਨ ਇਫ਼ਤ-ਏ-ਖਾਰ ਤੇ ਲਾਂਸ ਹਵਲਦਾਰ ਅਬਦੁੱਲ ਹਕੀਮ 12 ਜਵਾਨਾਂ ਸਮੇਤ ਕਾਰਗਿਲ ਦੀ ਆਜ਼ਮ ਚੌਕੀ 'ਤੇ ਬੈਠੇ ਸਨ।
ਉਨ੍ਹਾਂ ਨੇ ਦੇਖਿਆ ਕਿ ਕੁਝ ਭਾਰਤੀ ਕੁਝ ਦੂਰੀ 'ਤੇ ਆਪਣੇ ਮਵੇਸ਼ੀਆਂ ਨੂੰ ਚਰਾ ਰਹੇ ਸਨ।
ਪਾਕਿਸਤਾਨੀ ਫੌਜੀਆਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਕੀ ਇਨ੍ਹਾਂ ਚਰਵਾਹਿਆਂ ਨੂੰ ਬੰਦੀ ਬਣਾ ਲਿਆ ਜਾਵੇ?
ਕਿਸੇ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਬੰਦੀ ਬਣਾਇਆ ਜਾਂਦਾ ਹੈ ਤਾਂ ਉਹ ਉਨ੍ਹਾਂ ਦਾ ਰਾਸ਼ਨ ਖਾ ਜਾਣਗੇ ਜੋ ਕਿ ਉਨ੍ਹਾਂ ਲਈ ਵੀ ਕਾਫ਼ੀ ਨਹੀਂ ਹੈ।
ਉਹਨਾਂ ਨੂੰ ਵਾਪਸ ਜਾਣ ਦਿੱਤਾ ਗਿਆ। ਡੇਢ ਘੰਟੇ ਬਾਅਦ ਇਹ ਚਰਵਾਹੇ 6-7 ਭਾਰਤੀ ਜਵਾਨਾਂ ਦੇ ਨਾਲ ਵਾਪਸ ਆ ਗਏ।
ਪਹਿਲੀ ਵਾਰੀ ਭਾਰਤੀ ਫੌਜਾਂ ਨੂੰ ਲੱਗੀ ਸੂਹ
ਭਾਰਤੀ ਫੌਜੀਆਂ ਨੇ ਆਪਣੀਆਂ ਦੂਰਬੀਨਾਂ ਨਾਲ ਇਲਾਕੇ ਦਾ ਮੁਆਇਨਾ ਕੀਤਾ ਅਤੇ ਵਾਪਸ ਚਲੇ ਗਏ। ਤਕਰੀਬਨ 2 ਵਜੇ ਉੱਥੇ ਇੱਕ ਲਾਮਾ ਹੈਲੀਕਾਪਟਰ ਉੱਡਦਾ ਹੋਇਆ ਆਇਆ।
ਇੰਨਾ ਥੱਲੇ ਕਿ ਕਪਤਾਨ ਇਫ਼ਤ-ਏ-ਖਾਰ ਨੂੰ ਪਾਇਲਟ ਦਾ ਬੈਜ ਤੱਕ ਸਾਫ਼ ਦਿਖਾਈ ਦੇ ਰਿਹਾ ਸੀ।
ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਫੌਜੀਆਂ ਨੂੰ ਭਣਕ ਲੱਗੀ ਕਿ ਕਾਫ਼ੀ ਪਾਕਿਸਤਾਨੀ ਜਵਾਨਾਂ ਨੇ ਕਾਰਗਿਲ ਦੀਆਂ ਪਹਾੜੀਆਂ ਦੀ ਉਚਾਈ 'ਤੇ ਕਬਜ਼ਾ ਕਰ ਲਿਆ ਹੈ।

ਤਸਵੀਰ ਸਰੋਤ, Getty Images
ਕਾਰਗਿਲ 'ਤੇ ਮਸ਼ਹੂਰ ਕਿਤਾਬ 'ਵਿਟਨੈਸ ਟੂ ਬਲੰਡਰ- ਕਾਰਗਿਲ ਸਟੋਰੀ ਅਨਫੋਲਡਜ਼' ਲਿਖਣ ਵਾਲੇ ਪਾਕਿਸਾਤਨੀ ਫੌਜ ਦੇ ਰਿਟਾਇਰਡ ਕਰਨਲ ਅਸ਼ਫਾ਼ਕ ਹੁਸੈਨ ਨੇ ਬੀਬੀਸੀ ਨੂੰ ਦੱਸਿਆ, "ਮੇਰੀ ਖੁਦ ਕਪਤਾਨ ਇਫ਼ਤ-ਏ-ਖਾਰ ਨਾਲ ਗੱਲ ਹੋਈ ਹੈ।"
"ਉਨ੍ਹਾਂ ਨੇ ਮੈਨੂੰ ਦੱਸਿਆ ਕਿ ਅਗਲੇ ਦਿਨ ਫਿਰ ਭਾਰਤੀ ਫੌਜ ਦੇ ਲਾਮਾ ਹੈਲੀਕਾਪਟਰ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਆਜ਼ਮ, ਤਾਰਿਕ ਅਤੇ ਤਸ਼ਫੀਨ ਚੌਕੀਆਂ 'ਤੇ ਜਮ ਕੇ ਗੋਲੀਆਂ ਚਲਾਈਆਂ।"
"ਕਪਤਾਨ ਇਫ਼ਤ-ਏ-ਖਾਰ ਨੇ ਬਟਾਲੀਅਨ ਦਫ਼ਤਰ ਤੋਂ ਭਾਰਤੀ ਹੈਲਾਕਾਪਟਰਾਂ 'ਤੇ ਗੋਲੀਆਂ ਚਲਾਉਣ ਦੀ ਇਜਾਜ਼ਤ ਮੰਗੀ ਪਰ ਉਨ੍ਹਾਂ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਇਸ ਨਾਲ ਭਾਰਤੀਆਂ ਲਈ 'ਸਰਪਰਾਈਜ਼ ਐਲੀਮੈਂਟ' ਖ਼ਤਮ ਹੋ ਜਾਵੇਗਾ।"
ਭਾਰਤ ਦੀ ਸਿਆਸੀ ਲੀਡਰਸ਼ਿਪ ਨੂੰ ਭਣਕ ਨਹੀਂ
ਦੂਜੇ ਪਾਸੇ ਭਾਰਤੀ ਫੌਜੀ ਅਫ਼ਸਰਾਂ ਨੂੰ ਅਹਿਸਾਸ ਹੋਇਆ ਕਿ ਪਾਕਿਸਤਾਨ ਵਲੋਂ ਭਾਰਤੀ ਇਲਾਕੇ ਵਿੱਚ ਵੱਡੀ ਘੁਸਪੈਠ ਹੋਈ ਹੈ ਪਰ ਉਨ੍ਹਾਂ ਨੇ ਸਮਝਿਆ ਕਿ ਉਹ ਇਸ ਨੂੰ ਆਪਣੇ ਪੱਧਰ 'ਤੇ ਹੱਲ ਕਰ ਲੈਣਗੇ।
ਇਸ ਲਈ ਉਨ੍ਹਾਂ ਨੇ ਸਿਆਸੀ ਲੀਡਰਸ਼ਿਪ ਨੂੰ ਇਹ ਦੱਸਣ ਦੀ ਲੋੜ ਨਹੀਂ ਸਮਝੀ।
ਇੰਡੀਅਨ ਐਕਸਪ੍ਰੈਸ ਦੇ ਰੱਖਿਆ ਵਿਭਾਗ ਦੇ ਮਾਮਲਿਆਂ ਦੇ ਪੱਤਰਕਾਰ ਰਹੇ ਜਸਵੰਤ ਸਿੰਘ ਦੇ ਬੇਟੇ ਮਾਨਵਿੰਦਰ ਸਿੰਘ ਯਾਦ ਕਰਦੇ ਹੋਏ ਕਹਿੰਦੇ ਹਨ, "ਮੇਰੇ ਇੱਕ ਦੋਸਤ ਉਸ ਵੇਲੇ ਫੌਜ ਦੇ ਹੈੱਡਕੁਆਰਟਰ ਵਿੱਚ ਕੰਮ ਕਰਦੇ ਸੀ।"
"ਉਨ੍ਹਾਂ ਨੇ ਫ਼ੋਨ ਕਰਕੇ ਕਿਹਾ ਕਿ ਉਹ ਮੈਨੂੰ ਮਿਲਣਾ ਚਾਹੁੰਦੇ ਹਨ। ਮੈਂ ਉਨ੍ਹਾਂ ਦੇ ਘਰ ਗਿਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਸਰਹੱਦ 'ਤੇ ਕੁਝ ਗੜਬੜ ਹੈ ਕਿਉਂਕਿ ਪੂਰੀ ਪਲਟਨ ਨੂੰ ਹੈਲੀਕਾਪਟਰ ਰਾਹੀਂ ਕਿਸੇ ਮੁਸ਼ਕਿਲ ਜਗ੍ਹਾ 'ਤੇ ਭੇਜਿਆ ਗਿਆ ਸੀ।"
"ਸਵੇਰੇ ਮੈਂ ਪਿਤਾ ਜੀ ਨੂੰ ਉਨ੍ਹਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੇ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਨੂੰ ਫ਼ੋਨ ਕੀਤਾ। ਉਹ ਅਗਲੇ ਦਿਨ ਰੂਸ ਜਾਣ ਵਾਲੇ ਸਨ। ਉਨ੍ਹਾਂ ਨੇ ਆਪਣੀ ਯਾਤਰਾ ਰੱਦ ਕਰ ਦਿੱਤੀ। ਉਦੋਂ ਸਰਕਾਰ ਨੂੰ ਪਹਿਲੀ ਵਾਰੀ ਘੁਸਪੈਠ ਬਾਰੇ ਪਤਾ ਲੱਗਿਆ।"

ਤਸਵੀਰ ਸਰੋਤ, Getty Images
ਮਕਸਦ ਸੀ ਸਿਆਚਿਨ ਨੂੰ ਭਾਰਤ ਤੋਂ ਖੋਹਣਾ
ਦਿਲਚਸਪ ਗੱਲ ਇਹ ਹੈ ਕਿ ਉਸ ਵੇਲੇ ਭਾਰਤੀ ਫੌਜ ਦੇ ਤਤਕਾਲੀ ਮੁਖੀ ਵੇਦ ਪ੍ਰਕਾਸ਼ ਮਲਿਕ ਵੀ ਪੋਲੈਂਡ ਅਤੇ ਚੈੱਕ ਗਣਰਾਜ ਦੀ ਯਾਤਰਾ 'ਤੇ ਗਏ ਸਨ।
ਉੱਥੇ ਉਨ੍ਹਾਂ ਨੂੰ ਆਪਣੀ ਪਹਿਲੀ ਖ਼ਬਰ ਮਿਲਟਰੀ ਅਫ਼ਸਰਾਂ ਤੋਂ ਨਹੀਂ ਸਗੋਂ ਉੱਥੋਂ ਦੇ ਭਾਰਤੀ ਰਾਜਦੂਤ ਤੋਂ ਮਿਲੀ।
ਸਵਾਲ ਉੱਠਦਾ ਹੈ ਕਿ ਲਾਹੌਰ ਸੰਮੇਲਨ ਤੋਂ ਬਾਅਦ ਪਾਕਿਸਤਾਨੀ ਫੌਜਾਂ ਦਾ ਗੁਪਤ ਤਰੀਕੇ ਨਾਲ ਕਾਰਗਿਲ ਦੀਆਂ ਪਹਾੜੀਆਂ 'ਤੇ ਜਾ ਕੇ ਬੈਠਣ ਦਾ ਇਰਾਦਾ ਕੀ ਸੀ?
ਇੰਡੀਅਨ ਐਕਸਪ੍ਰੈਸ ਦੇ ਐਸੋਸੀਏਟ ਐਡੀਟਰ ਸੁਸ਼ਾਂਤ ਸਿੰਘ ਦਾ ਕਹਿਣਾ ਹੈ, "ਇਸ ਦਾ ਮਕਸਦ ਸੀ ਕਿ ਭਾਰਤ ਦੀ ਦੂਰ-ਦੁਰਾਡੇ ਦੀ ਜੋ ਉੱਤਰ ਵੱਲ ਦੀ ਚਿਪ ਹੈ, ਜਿੱਥੇ ਸਿਆਚਿਨ ਗਲੇਸ਼ੀਅਰ ਦੀ ਲਾਈਫ਼ ਲਾਈਨ ਐਨਐਚ 1ਡੀ ਹੈ, ਉਸ ਨੂੰ ਕਿਸੇ ਤਰੀਕੇ ਨਾਲ ਕੰਟਰੋਲ ਕੀਤਾ ਜਾਵੇ।"
"ਉਹ ਉਨ੍ਹਾਂ ਪਹਾੜੀਆਂ 'ਤੇ ਆਉਣਾ ਚਾਹੁੰਦੇ ਸੀ, ਜਿੱਥੋਂ ਉਹ ਲੱਦਾਖ ਵੱਲ ਜਾਣ ਵਾਲੀ ਰਸਦ ਦੇ ਜਾਣ ਵਾਲੇ ਕਾਫ਼ਲੇ ਦੀ ਆਵਾਜਾਈ ਨੂੰ ਰੋਕ ਦੇਣ ਅਤੇ ਭਾਰਤ ਨੂੰ ਮਜਬੂਰ ਹੋ ਕੇ ਸਿਆਚਿਨ ਛੱਡਣਾ ਪਏ।"

ਸੁਸ਼ਾਂਤ ਸਿੰਘ ਦਾ ਮੰਨਣਾ ਹੈ ਕਿ ਮੁਸ਼ੱਰਫ਼ ਨੂੰ ਇਹ ਗੱਲ ਬੁਰੀ ਲੱਗੀ ਸੀ ਕਿ ਭਾਰਤ ਨੇ 1984 ਵਿਚ ਸਿਆਚਿਨ 'ਤੇ ਕਬਜ਼ਾ ਕਰ ਲਿਆ ਸੀ।
ਉਸ ਵੇਲੇ ਉਹ ਪਾਕਿਸਕਾਨ ਦੀ ਕਮਾਂਡੋ ਫੋਰਸ ਵਿੱਚ ਮੇਜਰ ਸੀ। ਉਨ੍ਹਾਂ ਨੇ ਕਈ ਵਾਰੀ ਉਸ ਥਾਂ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫ਼ਲ ਨਹੀਂ ਹੋ ਸਕੇ।

ਤਸਵੀਰ ਸਰੋਤ, @TheDilipKumar
ਜਦੋਂ ਦਿਲੀਪ ਕੁਮਾਰ ਨੇ ਨਵਾਜ਼ ਸ਼ਰੀਫ਼ ਨੂੰ ਲਤਾੜਿਆ
ਜਦੋਂ ਭਾਰਤੀ ਲੀਡਰਸ਼ਿਪ ਨੂੰ ਮਾਮਲੇ ਦੀ ਗੰਭੀਰਤਾਂ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਫੋਨ ਕੀਤਾ।
ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਕਸੂਰੀ ਨੇ ਆਤਮਖਥਾ 'ਨੀਦਰ ਅ ਹੌਕ ਨੌਰ ਅ ਡਵ' ਵਿੱਚ ਲਿਖਦੇ ਹਨ, "ਵਾਜਪਾਈ ਨੇ ਸ਼ਰੀਫ਼ ਨੂੰ ਸ਼ਿਕਾਇਤ ਕੀਤੀ ਕਿ ਤੁਸੀਂ ਮੇਰੇ ਨਾਲ ਬਹੁਤ ਹੀ ਬੁਰਾ ਸਲੂਕ ਕੀਤਾ ਹੈ।"
"ਇੱਕ ਪਾਸੇ ਤੁਸੀਂ ਲਹੌਰ ਵਿੱਚ ਮੈਨੂੰ ਗਲੇ ਮਿਲ ਰਹੇ ਸੀ, ਦੂਜੇ ਪਾਸੇ ਤੁਹਾਡੇ ਲੋਕ ਕਾਰਗਿਲ ਦੀਆਂ ਪਹਾੜੀਆਂ ਉੱਤੇ ਕਬਜ਼ਾ ਕਰ ਰਹੇ ਸਨ।"
"ਨਵਾਜ਼ ਸ਼ਰੀਫ਼ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਮੈਂ ਤੁਹਾਨੂੰ ਪਰਵੇਜ਼ ਮੁਸ਼ੱਰਫ ਨਾਲ ਗੱਲ ਕਰਕੇ ਤੁਹਾਨੂੰ ਦੁਬਾਰਾ ਫੋਨ ਕਰਦਾ ਹਾਂ।"
"ਉਦੋਂ ਵਾਜਪਾਈ ਨੇ ਕਿਹਾ ਕਿ ਤੁਸੀਂ ਇੱਕ ਸਾਹਿਬ ਨਾਲ ਗੱਲ ਕਰੋ ਜੋ ਮੇਰੇ ਕੋਲ ਬੈਠੇ ਹੋਏ ਹਨ।"

ਤਸਵੀਰ ਸਰੋਤ, SUSHANT sINGH/BBC
ਨਵਾਜ਼ ਸ਼ਰੀਫ ਉਸ ਵੇਲੇ ਹੈਰਾਨ ਹੋ ਗਏ ਜਦੋਂ ਉਨ੍ਹਾਂ ਨੇ ਫੋਨ 'ਤੇ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਦੀ ਆਵਾਜ਼ ਸੁਣੀ।
ਦਲੀਪ ਕੁਮਾਰ ਨੇ ਉਨ੍ਹਾਂ ਨੂੰ ਕਿਹਾ, "ਮੀਆਂ ਸਾਹਿਬ, ਸਾਨੂੰ ਤੁਹਾਡੇ ਤੋਂ ਇਹ ਆਸ ਨਹੀਂ ਸੀ ਕਿਉਂਕਿ ਤੁਸੀਂ ਹਮੇਸ਼ਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਦੀ ਗੱਲ ਕੀਤੀ ਹੈ।"
"ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧਦਾ ਹੈ, ਭਾਰਤੀ ਮੁਸਲਮਾਨ ਬੁਰੀ ਤਰ੍ਹਾਂ ਅਸੁਰੱਖਿਅਤ ਮਹਿਸੂਸ ਕਰਨ ਲੱਗਦੇ ਹਨ ਅਤੇ ਉਨ੍ਹਾਂ ਲਈ ਆਪਣੇ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ।"
ਰਾਅ ਨੂੰ ਦੂਰ-ਦੂਰ ਤੱਕ ਹਵਾ ਨਹੀਂ
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸੀ ਕਿ ਭਾਰਤੀ ਖੁਫ਼ੀਆ ਏਜੰਸੀਆਂ ਨੂੰ ਇੰਨੇ ਵੱਡੇ ਆਪਰੇਸ਼ਨ ਦੀ ਹਵਾ ਤੱਕ ਨਹੀਂ ਲੱਗੀ।

ਤਸਵੀਰ ਸਰੋਤ, Getty Images
ਭਾਰਤ ਦੇ ਸਾਬਕਾ ਉਪ ਕੌਮੀ ਸੁਰੱਖਿਆ ਸਲਾਹਕਾਰ, ਪਾਕਿਸਤਾਨ ਵਿੱਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਅਤੇ ਬਾਅਦ ਵਿੱਚ ਬਣਾਈ ਗਈ ਕਾਰਗਿਲ ਜਾਂਚ ਕਮੇਟੀ ਦੇ ਮੈਂਬਰ ਸਤੀਸ਼ ਚੰਦਰਾ ਦੱਸਦੇ ਹਨ, "ਰਾਅ ਨੂੰ ਕੁਝ ਵੀ ਨਹੀਂ ਮਿਲਿਆ ਪਰ ਇਹ ਸਵਾਲ ਉੱਠਦਾ ਹੈ ਕਿ ਕੀ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੋ ਸਕਦੀ ਸੀ?"
"ਪਾਕਿਸਤਾਨੀਆਂ ਨੇ ਕੋਈ ਵਾਧੂ ਤਾਕਤ ਨਹੀਂ ਮੰਗਵਾਈ। ਰਾਅ ਨੂੰ ਇਸ ਬਾਰੇ ਪਤਾ ਉਦੋਂ ਲੱਗਦਾ ਜਦੋਂ ਪਾਕਿਸਤਾਨ ਆਪਣੇ 'ਫਾਰਮੇਸ਼ਨਸ' ਨੂੰ ਅੱਗੇ ਤੈਨਾਤੀ ਲਈ ਵਧਾਉਂਦੇ।"
ਪਾਕਿਸਤਾਨ ਦੀ ਰਣਨੀਤਕ ਯੋਜਨਾ
ਇਸ ਹਾਲਤ ਵਿੱਚ ਜਿਸ ਤਰ੍ਹਾਂ ਭਾਰਤੀ ਫੌਜ ਨੇ ਸਾਹਮਣਾ ਕੀਤਾ ਉਸ ਦੀ ਕਈ ਹਲਕਿਆਂ ਵਿੱਚ ਆਲੋਚਨਾ ਹੋਈ।
ਸਾਬਕਾ ਲੈਫ਼ਟੀਨੈਂਟ ਜਨਰਲ ਹਰਚਰਨਜੀਤ ਸਿੰਘ ਪਨਾਗ ਜੋ ਕਾਰਗਿਲ ਵਿੱਚ ਤਾਇਨਾਤ ਸਨ।
ਉਨ੍ਹਾਂ ਨੇ ਕਿਹਾ, "ਮੈਂ ਇਹ ਕਹਾਂਗਾ ਕਿ ਇਹ ਪਾਕਿਸਤਾਨੀਆਂ ਦੀ ਬਹੁਤ ਜ਼ਬਰਦਸਤ ਯੋਜਨਾ ਸੀ ਕਿ ਉਨ੍ਹਾਂ ਨੇ ਅੱਗੇ ਵੱਧ ਕੇ ਖਾਲੀ ਪਏ ਇਲਾਕੇ 'ਤੇ ਕਬਜ਼ਾ ਕਰ ਲਿਆ। ਉਹ ਲੇਹ-ਕਾਰਗਿਲ ਸੜਕ 'ਤੇ ਪੂਰੀ ਤਰ੍ਹਾਂ ਹਾਵੀ ਹੋ ਗਏ। ਇਹ ਉਨ੍ਹਾਂ ਦੀ ਬਹੁਤ ਵੱਡੀ ਕਾਮਯਾਬੀ ਸੀ।"
ਲੈਫ਼ਟੀਨੈਂਟ ਪਨਾਗ ਕਹਿੰਦੇ ਹਨ, "3 ਮਈ ਤੋਂ ਲੈ ਕੇ ਜੂਨ ਦੇ ਪਹਿਲੇ ਹਫ਼ਤੇ ਤੱਕ ਸਾਡੀ ਫੌਜ ਦਾ ਪ੍ਰਦਰਸ਼ਨ 'ਬਿਲੋ ਪਾਰ' ਯਾਨਿ ਕਿ ਆਮ ਤੋਂ ਹੇਠਾਂ ਸੀ। ਮੈਂ ਤਾਂ ਕਹਾਂਗਾ ਕਿ ਪਹਿਲੇ ਇੱਕ ਮਹੀਨੇ ਸਾਡਾ ਪ੍ਰਦਰਸ਼ਨ ਸ਼ਰਮਨਾਕ ਸੀ।
"ਉਸ ਤੋਂ ਬਾਅਦ ਜਦੋਂ 8ਵੀਂ ਡਿਵੀਜ਼ਨ ਨੇ ਚਾਰਜ ਲਿਆ ਅਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗਿਆ ਕਿ ਉਸ ਇਲਾਕੇ ਵਿੱਚ ਕਿਵੇਂ ਕੰਮ ਕਰਨਾ ਹੈ, ਉਦੋਂ ਜਾ ਕੇ ਹਾਲਾਤ ਸੁਧਰਨੇ ਸ਼ੁਰੂ ਹੋਏ। ਪੱਕੇ ਤੌਰ 'ਤੇ ਇਹ ਬਹੁਤ ਮੁਸ਼ਕਿਲ ਆਪਰੇਸ਼ਨ ਸੀ ਕਿਉਂਕਿ ਇੱਕ ਤਾਂ ਪਹਾੜੀਆਂ ਵਿੱਚ ਤੁਸੀਂ ਹੇਠਾਂ ਸੀ ਅਤੇ ਉਹ ਉਚਾਈਆਂ ਤੇ ਸਨ।"

"ਪਨਾਗ ਹਾਲਾਤ ਨੂੰ ਇਸ ਤਰਾਂ ਬਿਆਨ ਕਰਦੇ ਹਨ, "ਇਹ ਉਸੇ ਤਰ੍ਹਾਂ ਹੋਇਆ ਕਿ ਆਦਮੀ ਪੌੜੀਆਂ ਤੇ ਹੈ ਅਤੇ ਤੁਸੀਂ ਹੇਠਾਂ ਤੋਂ ਚੜ੍ਹ ਕੇ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹੋ।"
"ਦੂਜਾ, ਉਸ ਉਚਾਈ ਤੇ ਆਕਸੀਜਨ ਦੀ ਕਮੀ। ਤੀਜੀ ਚੀਜ਼ ਸੀ ਵਧੇਰੇ ਪਹਾੜਾਂ ਦੀ ਚੜ੍ਹਾਈ ਵਿੱਚ ਸਾਡੀ ਸਿਖਲਾਈ ਵੀ ਕਮਜ਼ੋਰ ਸੀ।"
ਕੀ ਕਹਿੰਦੇ ਹਨ ਜਨਰਲ ਮੁਸ਼ੱਰਫ਼
ਜਨਰਲ ਪਰਵੇਜ਼ ਮੁਸ਼ਰਫ਼ ਨੇ ਵੀ ਵਾਰੀ-ਵਾਰੀ ਦੁਹਰਾਇਆ ਕਿ ਉਨ੍ਹਾਂ ਦੀ ਨਜ਼ਰ ਵਿੱਚ ਬਹੁਤ ਚੰਗਾ ਪਲਾਨ ਸੀ, ਜਿਸ ਨੇ ਭਾਰਤੀ ਫੌਜ ਨੂੰ ਖਾਸੀ ਮੁਸ਼ਕਿਲ ਵਿੱਚ ਪਾ ਦਿੱਤਾ ਸੀ।
ਮੁਸ਼ੱਰਫ਼ ਨੇ ਆਤਮਕਥਾ 'ਇਨ ਦੀ ਲਾਈਨ ਆਫ਼ ਫਾਇਰ' ਵਿੱਚ ਲਿਖਿਆ ਸੀ, "ਭਾਰਤ ਨੇ ਇਨ੍ਹਾਂ ਚੌਕੀਆਂ 'ਤੇ ਪੂਰੀ ਬ੍ਰਿਗੇਡ 'ਤੇ ਹਮਲਾ ਕੀਤਾ, ਜਿੱਥੇ ਸਿਰਫ਼ ਅੱਠ ਜਾਂ ਨੌਂ ਜਵਾਨ ਤਾਇਨਾਤ ਸਨ।"
"ਜੂਨ ਦੇ ਮੱਧ ਤੱਕ ਉਨ੍ਹਾਂ ਨੇ ਕੋਈ ਖ਼ਾਸ ਕਾਮਯਾਬੀ ਨਹੀਂ ਮਿਲੀ। ਭਾਰਤੀਆਂ ਨੇ ਖੁਦ ਮੰਨਿਆ ਕਿ 600 ਤੋਂ ਵੱਧ ਫੌਜੀ ਮਾਰੇ ਗਏ ਸਨ ਅਤੇ 1500 ਤੋਂ ਵੱਧ ਜ਼ਖਮੀ ਹੋਏ ਸਨ।"
"ਸਾਡੀ ਜਾਣਕਾਰੀ ਇਹ ਹੈ ਕਿ ਅਸਲੀ ਗਿਣਤੀ ਤਕਰੀਬਨ ਦੁਗਣੀ ਸੀ। ਅਸਲ ਵਿੱਚ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਕਾਰਨ ਤਾਬੂਤਾਂ ਦੀ ਘਾਟ ਹੋ ਗਈ ਸੀ।"
ਤੋਲੋਲਿੰਗ 'ਤੇ ਕਬਜ਼ੇ ਨੇ ਪਲਟੀ ਬਾਜ਼ੀ
ਜੂਨ ਦਾ ਦੂਜੇ ਹਫ਼ਤਾ ਖ਼ਤਮ ਹੁੰਦੇ-ਹੁੰਦੇ ਚੀਜ਼ਾਂ ਭਾਰਤੀ ਫੌਜ ਦੇ ਕੰਟਰੋਲ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਸਨ।
ਮੈਂ ਉਸ ਵੇਲੇ ਭਾਰਤੀ ਫੌਜ ਦੇ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਨੂੰ ਪੁੱਛਿਆ ਕਿ ਇਸ ਲੜਾਈ ਦਾ ਫੈਸਲਾਕੁਨ ਮੋੜ ਕੀ ਸੀ?
ਮਲਿਕ ਦਾ ਜਵਾਬ ਸੀ, "ਤੋਲੋਲਿੰਗ ਉੱਤੇ ਜਿੱਤ। ਉਹ ਪਹਿਲਾ ਹਮਲਾ ਸੀ ਜਿਸ ਨੂੰ ਅਸੀਂ ਕੋ-ਆਰਡੀਨੇਟ ਕੀਤਾ ਸੀ। ਇਹ ਸਾਡੀ ਬਹੁਤ ਵੱਡੀ ਕਾਮਯਾਬੀ ਸੀ।"
"ਚਾਰ- ਪੰਜ ਦਿਨਾਂ ਤੱਕ ਇਹ ਲੜਾਈ ਚੱਲੀ। ਇਹ ਲੜਾਈ ਇੰਨੀ ਨੇੜਿਓਂ ਲੜੀ ਗਈ ਸੀ ਕਿ ਦੋਹਾਂ ਪਾਸਿਆਂ ਦੇ ਫੌਜੀ ਇੱਕ-ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸੀ ਅਤੇ ਦੋਨੋਂ ਧਿਰਾਂ ਦੇ ਫ਼ੌਜੀਆਂ ਨੂੰ ਸੁਣ ਵੀ ਰਿਹਾ ਸੀ।"

ਤਸਵੀਰ ਸਰੋਤ, Getty Images
ਜਨਰਲ ਮਲਿਕ ਨੇ ਕਿਹਾ, "ਸਾਨੂੰ ਇਸਦੀ ਵੱਡੀ ਕੀਮਤ ਚੁਕਾਉਣੀ ਪਈ। ਸਾਡੀਆਂ ਬਹੁਤ ਮੌਤਾਂ ਹੋਈਆਂ। ਛੇ ਦਿਨਾਂ ਤੱਕ ਸਾਨੂੰ ਵੀ ਘਬਰਾਹਟ ਸੀ ਕਿ ਕੀ ਹੋਣ ਜਾ ਰਿਹਾ ਹੈ ਪਰ ਜਦੋਂ ਉੱਥੇ ਜਿੱਤ ਮਿਲੀ ਤਾਂ ਸਾਨੂੰ ਆਪਣੇ ਜਵਾਨਾਂ ਅਤੇ ਅਫ਼ਸਰਾਂ 'ਤੇ ਇਹ ਵਿਸ਼ਵਾਸ ਹੋ ਗਿਆ ਕਿ ਅਸੀਂ ਇਨ੍ਹਾਂ ਨੂੰ ਕਾਬੂ ਕਰ ਲਵਾਂਗੇ।"
ਕਾਰਗਿਲ ਤੇ ਇੱਕ ਪਾਕਿਸਤਾਨੀ ਜਵਾਨ ਨੂੰ ਹਟਾਉਣ ਲਈ 27 ਜਵਾਨਾਂ ਦੀ ਲੋੜ ਸੀ।
ਇਹ ਲੜਾਈ ਤਕਰੀਬਨ 100 ਕਿਲੋਮੀਟਰ ਦੇ ਦਾਇਰੇ ਵਿੱਚ ਲੜੀ ਗਈ, ਜਿੱਥੇ ਤਕਰੀਬਨ 1700 ਪਾਕਿਸਤਾਨੀ ਫੌਜੀ ਭਾਰਤੀ ਸਰਹੱਦ ਦੇ ਤਕਰੀਬਨ 8 ਜਾਂ 9 ਕਿਲੋਮੀਟਰ ਅੰਦਰ ਵੜ ਆਏ ਸਨ।
ਇਸ ਪੂਰੇ ਆਪਰੇਸ਼ਨ ਵਿੱਚ ਭਾਰਤ ਦੇ 527 ਜਵਾਨ ਮਾਰੇ ਗਏ ਅਤੇ 1363 ਜਵਾਨ ਜ਼ਖ਼ਮੀ ਹੋਏ।
ਸੀਨੀਅਰ ਪੱਤਰਕਾਰ ਸੁਸ਼ਾਂਤ ਸਿੰਘ ਦੱਸਦੇ ਹਨ, "ਫੌਜ ਵਿੱਚ ਇੱਕ ਕਹਾਵਤ ਹੈ ਕਿ 'ਮਾਊਂਟੇਨ ਈਟਟਸ ਟਰੂਪਸ', ਯਾਨਿ ਕਿ ਪਹਾੜ ਫੌਜ ਨੂੰ ਖਾ ਜਾਂਦੇ ਹਨ। ਜੇ ਜ਼ਮੀਨ 'ਤੇ ਜੰਗ ਹੋ ਰਹੀ ਹੈ ਤਾਂ ਹਮਲਾਵਰ ਫੌਜ ਨੂੰ ਰੱਖਿਅਕ ਫੌਜ ਦਾ ਘੱਟ ਤੋਂ ਘੱਟ ਤਿੰਨ ਗੁਣਾ ਹੋਣਾ ਚਾਹੀਦਾ ਹੈ।
"ਪਰ ਪਹਾੜਾਂ 'ਤੇ ਇਹ ਗਿਣਤੀ ਘੱਟੋ-ਘੱਟ 9 ਗੁਣਾ ਅਤੇ ਕਾਰਗਿਲ 'ਚ ਤਾਂ 27 ਗੁਣਾ ਹੋਣੀ ਚਾਹੀਦੀ ਹੈ।"
"ਭਾਵ ਜੇ ਉੱਥੇ ਦੁਸ਼ਮਣ ਦਾ ਕੋਈ ਜਵਾਨ ਬੈਠਿਆ ਹੈ ਤਾਂ ਉਸ ਨੂੰ ਹਟਾਉਣ ਲਈ 27 ਜਵਾਨ ਭੇਜਣੇ ਪੈਣਗੇ। ਭਾਰਤ ਨੇ ਪਹਿਲਾਂ ਉਨ੍ਹਾਂ ਨੂੰ ਹਟਾਉਣ ਲਈ ਸਮੁੱਚੀ ਡਵੀਜ਼ਨ ਲਈ ਅਤੇ ਫਿਰ ਵਾਧੂ ਬਟਾਲੀਅਨਾਂ ਨੂੰ ਬਹੁਤ ਘੱਟ ਨੋਟਿਸ ਵਿਚ ਇਸ ਮੁਹਿੰਮ ਤੇ ਲਾ ਦਿੱਤਾ ਸੀ।"
ਪਾਕਿਸਤਾਨੀਆਂ ਨੇ ਸੁੱਟੇ ਭਾਰਤ ਦੇ ਦੋ ਜੈੱਟ ਅਤੇ ਇੱਕ ਹੈਲੀਕਾਪਟਰ
ਮੁਸ਼ੱਰਫ਼ ਅਖੀਰ ਤੱਕ ਕਹਿੰਦੇ ਰਹੇ ਕਿ ਜੇ ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ਨੇ ਉਨ੍ਹਾਂ ਦਾ ਸਾਥ ਦਿੱਤਾ ਹੁੰਦਾ ਤਾਂ ਕਹਾਣੀ ਕੁਝ ਹੋਰ ਹੋਣੀ ਸੀ।
ਉਨ੍ਹਾਂ ਨੇ ਆਤਮਕਥਾ ਵਿੱਚ ਲਿਖਿਆ, "ਭਾਰਤ ਨੇ ਆਪਣੀ ਹਵਾਈ ਫੌਜ ਨੂੰ ਸ਼ਾਮਿਲ ਕਰਕੇ ਇੱਕ ਤਰ੍ਹਾਂ ਨਾਲ 'ਓਵਰ-ਰਿਐਕਟ' ਕੀਤਾ ਸੀ। ਉਸ ਦੀ ਕਾਰਵਾਈ ਮੁਜਾਹੀਦੀਨ ਦੇ ਠਿਕਾਣਿਆਂ ਤੱਕ ਹੀ ਸੀਮਿਤ ਨਹੀਂ ਰਹੀ, ਉਨ੍ਹਾਂ ਨੇ ਸਰਹੱਦ ਪਾਰ ਕਰਕੇ ਪਾਕਿਸਤਾਨੀ ਫੌਜੀ ਠਿਕਾਣਿਆਂ 'ਤੇ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ।"
"ਨਤੀਜਾ ਇਹ ਨਿਕਲਿਆ ਕਿ ਅਸੀਂ ਪਾਕਿਸਤਾਨੀ ਜ਼ਮੀਨ 'ਤੇ ਉਨ੍ਹਾਂ ਦਾ ਇੱਕ ਹੈਲੀਕਾਪਟਰ ਅਤੇ ਦੋ ਜੈੱਟ ਉਡਾਣਾਂ ਮਾਰ ਮੁਕਾਈਆਂ।"

ਤਸਵੀਰ ਸਰੋਤ, Getty Images
ਭਾਰਤੀ ਹਵਾਈ ਸੈਨਾ ਅਤੇ ਬੋਫਰਜ਼ ਦੀਆਂ ਤੋਪਾਂ ਨੇ ਬਦਲਿਆ ਲੜਾਈ ਦਾ ਰੁਖ
ਇਹ ਸਹੀ ਹੈ ਕਿ ਸ਼ੁਰੂ ਵਿੱਚ ਭਾਰਤ ਨੂੰ ਆਪਣੇ ਦੋ ਮਿਗ ਜਹਾਜ਼ ਅਤੇ ਹੈਲੀਕਾਪਟਰ ਗਵਾਉਣੇ ਪਏ ਪਰ ਭਾਰਤੀ ਹਵਾਈ ਫੌਜ ਅਤੇ ਬੋਫ਼ੋਰਸ ਤੋਪਾਂ ਨੇ ਵਾਰੀ-ਵਾਰੀ ਅਤੇ ਬੁਰੀ ਤਰ੍ਹਾਂ ਨਾਲ ਪਾਕਿਸਤਾਨੀ ਠਿਕਾਣਿਆਂ ਨੂੰ 'ਹਿੱਟ' ਕੀਤਾ।

ਤਸਵੀਰ ਸਰੋਤ, Getty Images
ਨਸੀਮ ਜ਼ੇਹਰਾ ਆਪਣੀ ਕਿਤਾਬ, 'ਫਰਾਮ ਕਾਰਗਿਲ ਟੂ ਦਿ ਕੂ' ਵਿੱਚ ਲਿਖਦੀ ਹੈ ਕਿ, "ਇਹ ਹਮਲੇ ਇੰਨੇ ਭਿਆਨਕ ਅਤੇ ਸਟੀਕ ਸਨ ਕਿ ਉਨ੍ਹਾਂ ਨੇ ਪਾਕਿਸਤਾਨੀ ਚੌਕੀਆਂ ਦਾ 'ਚੂਰਾ' ਬਣਾ ਦਿੱਤਾ।"
ਪਾਕਿਸਤਾਨੀ ਫੌਜੀ ਬਿਨਾਂ ਕਿਸੇ ਰਸਦ ਦੇ ਲੜ ਰਹੇ ਸਨ ਅਤੇ ਬੰਦੂਕਾਂ ਦਾ ਢੰਗ ਨਾਲ ਰੱਖ-ਰਖਾਅ ਨਾ ਹੋਣ ਕਾਰਨ ਉਹ ਬਸ ਇੱਕ ਸੋਟੀ ਬਣ ਕੇ ਰਹਿ ਗਈਆਂ ਸਨ।"

ਤਸਵੀਰ ਸਰੋਤ, Getty Images
ਭਾਰਤੀਆਂ ਨੇ ਖ਼ੁਦ ਮੰਨਿਆ ਕਿ ਇੱਕ ਛੋਟੇ ਜਿਹੇ ਇਲਾਕੇ 'ਤੇ ਸੈਂਕੜੇ ਤੋਪਾਂ ਦੀ ਗੋਲੀਬਾਰੀ ਉਸੇ ਤਰ੍ਹਾਂ ਨਾਲ ਹੋਈ ਸੀ ਜਿਵੇਂ ਕਿਸੇ ਅਖ਼ਰੋਟ ਨੂੰ ਕਿਸੇ ਵੱਡੇ ਹਥੌੜੇ ਨਾਲ ਤੋੜਿਆ ਜਾ ਰਿਹਾ ਹੋਵੇ।
ਕਾਰਗਿਲ ਜੰਗ ਵਿਚ ਕਮਾਂਡਰ ਰਹੇ ਲੈਫ਼ਟੀਨੈਂਟ ਜਨਰਲ ਮੋਹਿੰਦਰ ਪੁਰੀ ਦਾ ਮੰਨਣਾ ਹੈ ਕਿ ਕਾਰਗਿਲ ਵਿੱਚ ਹਵਾਈ ਫੌਜ ਦੀ ਸਭ ਤੋਂ ਵੱਡੀ ਭੂਮਿਕਾ ਮਨੋਵਿਗਿਆਨੀ ਸੀ।
ਜਿਵੇਂ ਹੀ ਉੱਤੋਂ ਭਾਰਤੀ ਜਹਾਜ਼ਾਂ ਦੀਆਂ ਆਵਾਜ਼ਾਂ ਸੁਣਦੀਆਂ, ਪਾਕਿਸਤਾਨੀ ਜਵਾਨ ਡਰ ਜਾਂਦੇ ਅਤੇ ਇੱਧਰ-ਉੱਧਰ ਭੱਜਣ ਲੱਗਦੇ।
ਕਲਿੰਟਨ ਦੀ ਨਵਾਜ਼ ਸ਼ਰੀਫ਼ ਨਾਲ ਦੋ ਟੂਕ
ਜੂਨ ਦੇ ਦੂਜੇ ਹਫ਼ਤੇ ਤੋਂ ਭਾਰਤੀ ਜਵਾਨਾਂ ਨੂੰ ਜੋ 'ਮੋਮੈਨਟਮ' ਮਿਲਿਆ ਸੀ ਉਹ ਜੁਲਾਈ ਦੇ ਅਖ਼ੀਰ ਤੱਕ ਜਾਰੀ ਰਿਹਾ। ਆਖਿਰਕਾਰ ਨਵਾਜ਼ ਸ਼ਰੀਫ ਨੂੰ ਜੰਗਬੰਦੀ ਲਈ ਅਮਰੀਕਾ ਦੀ ਸ਼ਰਨ ਵਿੱਚ ਜਾਣਾ ਪਿਆ ਸੀ।
4 ਜੁਲਾਈ, 1999 ਨੂੰ ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਸ਼ਰੀਫ ਦੀ ਬੇਨਤੀ 'ਤੇ ਕਲਿੰਟਨ ਅਤੇ ਉਨ੍ਹਾਂ ਦੀ ਬਹੁਤ ਹੀ ਬੇ-ਮਨ ਵਾਲੀ ਮੁਲਾਕਾਤ ਹੋਈ।

ਤਸਵੀਰ ਸਰੋਤ, Getty Images
ਉਸ ਮੁਲਾਕਾਤ ਵਿੱਚ ਮੌਜੂਦ ਕਲਿੰਟਨ ਦੇ ਦੱਖਣੀ ਏਸ਼ੀਆਈ ਮਾਮਲਿਆਂ ਵਿੱਚ ਸਹਿਯੋਗੀ ਬਰੂਸ ਰਾਈਡਿਲ ਨੇ ਆਪਣੇ ਇੱਕ ਪੇਪਰ 'ਅਮਰੀਕਾਜ਼ ਡਿਪਲੋਮੈਸੀ ਐਂਡ 1999 ਕਾਰਗਿਲ ਸਮਿਟ' ਵਿੱਚ ਲਿਖਿਆ, "ਇੱਕ ਮੌਕਾ ਅਜਿਹਾ ਆਇਆ ਜਦੋਂ ਨਵਾਜ਼ ਨੇ ਕਲਿੰਟਨ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਇਕੱਲਿਆਂ ਮਿਲਣਾ ਚਾਹੁੰਦੇ ਹਨ।"
"ਕਲਿੰਟਨ ਨੇ ਰੁਖੇਪਣ ਨਾਲ ਕਿਹਾ ਕਿ ਇਹ ਸੰਭਵ ਨਹੀਂ ਹੈ। ਬਰੂਸ ਇੱਥੇ ਨੋਟਸ ਲੈ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਇਸ ਬੈਠਕ ਵਿੱਚ ਸਾਡੇ ਵਿਚਕਾਰ ਜੋ ਗੱਲਬਾਤ ਹੋ ਰਹੀ ਹੈ, ਉਸ ਦਾ ਦਸਤਾਵੇਜ਼ ਵਜੋਂ ਰਿਕਾਰਡ ਰੱਖਿਆ ਜਾਵੇ।"
"ਰਾਈਡਲ ਨੇ ਆਪਣੇ ਪੇਪਰ ਵਿੱਚ ਲਿਖਿਆ, "ਕਲਿੰਟਨ ਨੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜੇ ਤੁਸੀਂ ਬਿਨਾਂ ਸ਼ਰਤ ਆਪਣੀਆਂ ਫੌਜਾਂ ਨਹੀਂ ਹਟਾਉਣਾ ਚਾਹੁੰਦੇ ਤਾਂ ਇੱਥੇ ਨਾ ਆਓ।"
" ਜੇ ਤੁਸੀਂ ਇਹ ਨਹੀਂ ਕਰਦੇ ਤਾਂ ਮੇਰੇ ਕੋਲ ਇੱਕ ਬਿਆਨ ਦਾ ਖਰੜਾ ਪਹਿਲਾਂ ਹੀ ਤਿਆਰ ਹੈ। ਜਿਸ ਵਿੱਚ ਕਾਰਗਿਲ ਸੰਕਟ ਲਈ ਸਿਰਫ਼ ਅਤੇ ਸਿਰਫ਼ ਪਾਕਿਸਤਾਨ ਨੂੰ ਹੀ ਦੋਸ਼ੀ ਠਹਿਰਾਇਆ ਜਾਵੇਗਾ। ਇਹ ਸੁਣਦਿਆਂ ਹੀ ਨਵਾਜ਼ ਸ਼ਰੀਫ ਦੇ ਚਿਹਰੇ 'ਤੇ ਹਵਾਈਆਂ ਉੱਡਣ ਲੱਗੀਆਂ।"

ਤਸਵੀਰ ਸਰੋਤ, Getty Images
ਪਾਕਿਸਤਾਨੀ ਨੁਮਾਇੰਦਿਆਂ ਦੇ ਇੱਕ ਮੈਂਬਰ ਤਾਰਿਕ ਫਾਤਿਮੀ ਨੇ 'ਫਰਾਮ ਕਾਰਗਿਲ ਟੂ ਕੂ' ਕਿਤਾਬ ਦੀ ਲੇਖਿਕਾ ਨਸੀਮ ਜ਼ੇਹਰਾ ਨੂੰ ਦੱਸਿਆ ਕਿ 'ਜਦੋਂ ਸ਼ਰੀਫ ਕਲਿੰਟਨ ਨੂੰ ਮਿਲ ਕੇ ਬਾਹਰ ਨਿਕਲੇ ਤਾਂ ਉਨ੍ਹਾਂ ਦਾ ਚਿਹਰਾ ਨਿਚੁੜ ਗਿਆ ਸੀ। ਉਨ੍ਹਾਂ ਦੀਆਂ ਗੱਲਾਂ ਤੋਂ ਸਾਨੂੰ ਲੱਗਿਆ ਕਿ ਕਿ ਉਨ੍ਹਾਂ ਵਿੱਚ ਵਿਰੋਧ ਕਰਨ ਲਈ ਕੋਈ ਤਾਕਤ ਨਹੀਂ ਸੀ।'
ਉੱਧਰ ਸ਼ਰੀਫ ਕਲਿੰਟਨ ਨਾਲ ਗੱਲ ਕਰ ਰਹੇ ਸਨ। ਟੀਵੀ ਉੱਤੇ ਟਾਈਗਰ ਹਿੱਲ ਤੇ ਭਾਰਤ ਦੇ ਕਬਜ਼ੇ ਦੀ ਖ਼ਬਰ ਦੇ' ਫਲੈਸ਼ ਹੋ ਰਹੀ ਸੀ।
ਬਰੇਕ ਦੇ ਦੌਰਾਨ ਨਵਾਜ਼ ਸ਼ਰੀਫ ਨੇ ਮੁਸ਼ੱਰਫ਼ ਨੂੰ ਫ਼ੋਨ ਕਰਕੇ ਪੁੱਛਿਆ ਕਿ ਕੀ ਇਹ ਖ਼ਬਰ ਸਹੀ ਹੈ? ਮੁਸ਼ੱਰਫ਼ ਨੇ ਇਸ ਦਾ ਖੰਡਨ ਨਹੀਂ ਕੀਤਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












