ਕਾਰਗਿਲ 'ਚ ਲੜਨ ਵਾਲੇ ਫੌਜੀ ਜਿਹੜੇ ਹੁਣ ਆਸਾਮ ਵਿੱਚ ਐਨਆਰਸੀ ਤੋਂ ਬਾਹਰ ਹਨ
- ਲੇਖਕ, ਫੈਸਲ ਮੁਹੰਮਦ ਅਲੀ
- ਰੋਲ, ਬੀਬੀਸੀ ਪੱਤਰਕਾਰ, ਗੁਹਾਟੀ ਤੋਂ
"ਜਦੋਂ ਕਾਰਗਿਲ ਯੁੱਧ ਦਾ ਸਾਇਰਨ ਵੱਜਿਆ ਤਾਂ ਬੇਸ 'ਤੇ ਪਹੁੰਚਣ ਵਾਲਾ ਮੈਂ ਪਹਿਲਾ ਆਦਮੀ ਸੀ, ਦੇਸ ਲਈ ਮੇਰਾ ਜਜ਼ਬਾ ਐਨਾ ਮਜ਼ਬੂਤ ਸੀ।"
ਇਹ ਕਹਿੰਦੇ ਹੋਏ ਸਾਦਉੱਲਾਹ ਅਹਿਮਦ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ।
ਪਰ ਇਸ ਸਾਬਕਾ ਫੌਜੀ ਦਾ ਨਾਮ ਆਸਾਮ ਦੇ ਨਾਗਰਿਕਤਾ ਰਜਿਸਟਰ (ਰਾਸ਼ਟਰੀ ਨਾਗਰਿਕ ਰਜਿਸਟਰ ਜਾਂ ਐਨਆਰਸੀ) ਵਿੱਚ ਸ਼ਾਮਲ ਨਹੀਂ ਹੈ ਅਤੇ ਇਸਦੇ ਲਈ ਉਨ੍ਹਾਂ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ।
ਇਹ ਵੀ ਪੜ੍ਹੋ:

ਇਹ ਮਾਮਲਾ ਇਕੱਲੇ ਸਾਦਉੱਲਾਹ ਅਹਿਮਦ ਦਾ ਨਹੀਂ ਹੈ।
ਫੌਜ ਵਿੱਚ 35 ਸਾਲ ਦੀ ਸੇਵਾ ਤੋਂ ਬਾਅਦ ਗੁਹਾਟੀ ਵਿੱਚ ਵਸੇ ਅਜਮਲ ਹਕ ਦੱਸਦੇ ਹਨ, "ਮੈਂ ਘੱਟੋ ਘੱਟ 6 ਅਜਿਹੇ ਸਾਬਕਾ ਫੌਜੀਆਂ ਨੂੰ ਜਾਣਦਾ ਹਾਂ। ਇੱਕ ਤਾਂ ਅਜੇ ਵੀ ਫੌਜ ਵਿੱਚ ਹੀ ਤਾਇਨਾਤ ਹੈ ਜਿਨ੍ਹਾਂ ਨੂੰ ਜਾਂ ਤਾਂ ਵਿਦੇਸ਼ੀ ਦੱਸ ਕੇ ਨੋਟਿਸ ਭੇਜਿਆ ਗਿਆ ਹੈ ਜਾਂ 'ਡੀ ਵੋਟਰ' (ਸ਼ੱਕੀ ਵੋਟਰ) ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।"
ਅਜਮਲ ਹਕ ਮੁਤਾਬਕ ਇਹ ਸੱਤ ਤਾਂ ਉਹ ਹਨ ਜਿਹੜੇ ਉਨ੍ਹਾਂ ਦੇ ਸੰਪਰਕ ਵਿੱਚ ਹਨ, ਪੂਰੇ ਸੂਬੇ ਵਿੱਚ ਤਾਂ ਅਜਿਹੇ ਬਹੁਤ ਸਾਰੇ ਸਾਬਕਾ ਫੌਜੀ ਵੀ ਹੋਣਗੇ ਜਿਨ੍ਹਾਂ ਨੂੰ ਆਪਣੀ ਭਾਰਤੀ ਨਾਗਰਿਕਤਾ ਸਾਬਿਤ ਕਰਨ ਨੂੰ ਕਿਹਾ ਗਿਆ ਹੋਵੇਗਾ।

ਹਕ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵੀ ਫੌਜ ਵਿੱਚ ਭੇਜਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਦਾ ਮੁੰਡਾ ਅੱਜ-ਕੱਲ੍ਹ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ ਵਿੱਚ ਪੜ੍ਹਾਈ ਕਰ ਰਿਹਾ ਹੈ।
ਉਨ੍ਹਾਂ ਦੇ ਪੁੱਤਰ ਅਤੇ ਧੀ ਦਾ ਨਾਮ ਵੀ ਐਨਆਰਸੀ (NRC) ਵਿੱਚ ਸ਼ਾਮਲ ਨਹੀਂ ਹੈ।
'ਆਸਾਮ ਪੁਲਿਸ ਨੇ ਗ਼ਲਤ ਦੱਸਿਆ ਸੀ'
ਅਜਮਲ ਹਕ ਐਨਆਰਸੀ ਦਾ ਨੋਟਿਸ ਅਤੇ ਦੂਜੇ ਕਾਗਜ਼ ਦਿਖਾਉਂਦੇ ਹੋਏ ਕਹਿੰਦੇ ਹਨ, "ਅਸੀਂ ਦੇਸ ਲਈ ਆਪਣੀ ਜਵਾਨੀ ਦੇ ਤੀਹ ਸਾਲ ਦਿੱਤੇ ਹਨ ਅਤੇ ਅੱਜ ਸਾਡੇ ਨਾਲ ਅਜਿਹਾ ਹੋ ਰਿਹਾ ਹੈ, ਬੜਾ ਦੁਖ਼ ਹੁੰਦਾ ਹੈ।"
ਹਕ ਦੇ ਵਿਦੇਸ਼ੀ ਹੋਣ ਅਤੇ ਨਾਗਰਿਕਤਾ ਸਾਬਿਤ ਕਰਨ ਦੇ ਨੋਟਿਸ ਨੂੰ ਆਸਾਮ ਪੁਲਿਸ ਮੁਖੀ ਮੁਕੇਸ਼ ਸਹਾਏ ਨੇ ਖ਼ੁਦ ਗ਼ਲਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਪਛਾਣ ਵਿੱਚ ਹੋਈ ਭੁੱਲ ਦਾ ਨਤੀਜਾ ਹੈ।

ਮੁੱਖ ਮੰਤਰੀ ਨੇ ਇਸ 'ਤੇ ਜਾਂਚ ਦੇ ਹੁਕਮ ਵੀ ਦਿੱਤੇ ਹਨ ਅਤੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਜ਼ਿੰਮੇਦਾਰੀ ਤੈਅ ਹੋਵੇ।
ਪਰ ਫਿਰ ਵੀ ਨਾਗਰਿਕਤਾ ਦੇ ਮਾਮਲੇ 'ਤੇ ਸਾਬਕਾ ਜੂਨੀਅਰ ਕਮਿਸ਼ਨਡ ਅਫ਼ਸਰ ਅਜਮਲ ਹਕ ਦੀ ਪ੍ਰੇਸ਼ਾਨੀ ਘੱਟ ਨਹੀਂ ਹੋਈ।
'ਫੌਜ ਨੇ ਭਰਤੀ ਵੇਲੇ ਕੀਤੀ ਸੀ ਛਾਣਬੀਣ '
ਫੌਜੀਆਂ ਦਾ ਕਹਿਣਾ ਹੈ ਕਿ ਭਰਤੀ ਸਮੇਂ ਫੌਜ ਉਨ੍ਹਾਂ ਬਾਰੇ ਡੂੰਘੀ ਛਾਣਬੀਣ ਕਰਦੀ ਹੈ, ਤਾਂ ਹੁਣ ਉਨ੍ਹਾਂ ਦੀ ਨਾਗਰਿਕਤਾ 'ਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਕਿਉਂ ਪੈਦਾ ਕੀਤਾ ਜਾ ਰਿਹਾ ਹੈ?
ਇਹ ਵੀ ਪੜ੍ਹੋ:
ਸਾਬਕਾ ਕੈਪਟਨ ਸਨਾਉੱਲਾਹ ਕਹਿੰਦੇ ਹਨ, "ਜਦੋਂ ਸਾਡੀ ਭਰਤੀ ਹੁੰਦੀ ਹੈ ਤਾਂ ਉਸ ਸਮੇਂ ਬਹੁਤ ਡੂੰਘੀ ਛਾਣਬੀਣ ਹੁੰਦੀ ਹੈ। ਨਾਗਰਿਕਤਾ ਸਰਟੀਫਿਕੇਟ ਅਤੇ ਦੂਜੇ ਦਸਤਾਵੇਜ਼ ਮੰਗੇ ਜਾਂਦੇ ਹਨ। ਫੌਜ ਉਸ ਨੂੰ ਸੂਬਾ ਪ੍ਰਸ਼ਾਸਨ ਕੋਲ ਭੇਜ ਕੇ ਉਸਦੀ ਰੀਵੈਰੀਫਿਕੇਸ਼ਨ ਕਰਵਾਉਂਦੀ ਹੈ। ਅਜਿਹੇ ਵਿੱਚ ਇਹ ਸਵਾਲ ਤਾਂ ਉੱਠਣੇ ਹੀ ਨਹੀਂ ਚਾਹੀਦੇ।"

ਤਸਵੀਰ ਸਰੋਤ, PTI
ਇਨ੍ਹਾਂ ਫੌਜੀਆਂ ਨੇ ਆਪਣੀ ਨਾਗਰਿਕਤਾ 'ਤੇ ਚੁੱਕੇ ਗਏ ਸਵਾਲ ਨੂੰ ਲੈ ਕੇ ਰਾਸ਼ਟਰਪਤੀ ਨੂੰ ਚਿੱਠੀ ਭੇਜੀ ਗਈ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਗੁਹਾਰ ਲਗਾਈ ਹੈ।
ਗੁਹਾਟੀ ਤੋਂ 250 ਕਿੱਲੋਮੀਟਰ ਦੂਰ ਬਾਰਪੇਟਾ ਦੇ ਬਾਲੀਕੁੜੀ ਪਿੰਡ ਵਿੱਚ ਨੂਰਜਹਾਂ ਅਹਿਮਦ ਕਹਿੰਦੀ ਹੈ ਇਸ ਨੋਟਿਸ ਨੇ "ਸਾਨੂੰ ਸਮਾਜ ਵਿੱਚ ਬਦਨਾਮ ਕਰ ਦਿੱਤਾ।"
ਨੂਰਜਹਾਂ ਸਾਬਕਾ ਫੌਜੀ ਸ਼ਮਸ਼ੂਲ ਹਕ ਦੀ ਪਤਨੀ ਹੈ, ਜਿਨ੍ਹਾਂ ਨੂੰ ਸ਼ੱਕੀ ਵੋਟਰਾਂ ਦੀ ਸ਼੍ਰੇਣੀ ਵਿੱਚ ਰੱਖ ਦਿੱਤਾ ਗਿਆ ਜਦਕਿ ਉਹ ਦੋ ਵਾਰ ਵੋਟ ਪਾਉਣ ਦਾ ਦਾਅਵਾ ਕਰਦੇ ਹਨ।
ਸ਼ਮਸ਼ੂਲ ਹਕ ਦੇ ਮੁੰਡੇ-ਕੁੜੀ ਅਮਰੀਕਾ ਵਿੱਚ ਰਹਿੰਦੇ ਹਨ ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਮਿੱਟੀ ਨਾਲ ਪਿਆਰ ਹੈ ਅਤੇ ਉਹ ਆਸਾਮ ਵਿੱਚ ਹੀ ਮਰਨਾ ਚਾਹੁੰਦੇ ਹਨ ਤੇ ਉੱਥੋਂ ਕਿਤੇ ਨਹੀਂ ਜਾਣਗੇ।
ਇਹ ਵੀ ਪੜ੍ਹੋ:













