ਵਿਗਿਆਨੀਆਂ ਨੇ ਖੋਜਿਆ ਮੁਰਗੀ ਜਿੰਨਾ ਛੋਟਾ ਅਤੇ ਅਜੀਬੋ-ਗਰੀਬ ਡਾਇਨਾਸੌਰ

ਤਸਵੀਰ ਸਰੋਤ, Martina Charnell
- ਲੇਖਕ, ਸੋਫੀ ਅਬਦੁੱਲਾ ਅਤੇ ਪੌਲਾ ਅਦਾਮੋ ਇਡੋਏਟਾ
- ਰੋਲ, ਬੀਬੀਸੀ ਵਰਲਡ ਸਰਵਿਸ
- ਪੜ੍ਹਨ ਦਾ ਸਮਾਂ: 6 ਮਿੰਟ
ਉੱਤਰੀ ਸਪੇਨ ਵਿੱਚ ਲੱਭੀਆਂ ਅਸਧਾਰਣ ਤੌਰ 'ਤੇ ਛੋਟੀਆਂ ਹੱਡੀਆਂ/ਅਵਸ਼ੇਸ਼ਾਂ ਦਾ ਲੰਬੇ ਸਮੇਂ ਤੱਕ ਅਧਿਐਨ ਕੀਤੇ ਜਾਣ ਤੋਂ ਬਾਅਦ ਹੁਣ ਸਾਹਮਣੇ ਆਇਆ ਹੈ ਕਿ ਇਹ ਇੱਕ ਬਹੁਤ ਹੀ ਛੋਟੇ, ਮੁਰਗੀ ਦੇ ਆਕਾਰ ਦੇ ਡਾਇਨਾਸੌਰ ਦੀਆਂ ਹੱਡੀਆਂ ਹਨ।
ਡਾਇਨਾਸੌਰ ਦੀ ਇਸ ਨਵੀਂ ਪ੍ਰਜਾਤੀ ਦਾ ਨਾਮ ਫੋਸਕੀਆ ਪੇਲੇਂਡੋਨਮ ਰੱਖਿਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰਜਾਤੀ ਲਗਭਗ 12.5 ਕਰੋੜ ਸਾਲ ਪਹਿਲਾਂ ਧਰਤੀ 'ਤੇ ਵੱਸਦੀ ਸੀ ਅਤੇ ਇਹ ਪੌਧੇ ਖਾਣ ਵਾਲੇ ਡਾਇਨਾਸੌਰਾਂ ਦੇ ਇਕ ਲੁਪਤ ਸਮੂਹ ਆਰਨਿਥੋਪੋਡਸ ਨਾਲ ਸੰਬੰਧਤ ਸੀ। ਖੋਜ ਤੋਂ ਪਤਾ ਲੱਗਾ ਹੈ ਕਿ ਆਪਣੇ ਛੋਟੇ ਆਕਾਰ ਦੇ ਬਾਵਜੂਦ ਇਸ ਡਾਇਨਾਸੌਰ ਦੀ ਖੋਪੜੀ, ਉਮੀਦ ਦੇ ਉਲਟ, ਕਾਫ਼ੀ ਵਿਕਸਿਤ ਸੀ।
ਸਪੇਨ ਦੀ ਯੂਨੀਵਰਸਿਦਾਦ ਦੇ ਲਾ ਲਾਗੂਨਾ ਤੋਂ ਪੇਲਿਓਂਟੋਲੋਜਿਸਟ ਪੇਨੇਲੋਪੇ ਕਰੁਜ਼ਾਦੋ-ਕੈਬੇਲੇਰੋ ਨੇ ਕਿਹਾ, ''ਇਸ ਦੀ ਐਨਾਟਮੀ ਠੀਕ ਉਸੇ ਤਰ੍ਹਾਂ ਅਜੀਬ ਹੈ ਜੋ ਐਵੋਲਿਊਸ਼ਨਰੀ ਟ੍ਰੀ ਨੂੰ ਮੁੜ ਲਿਖਦੀ ਹੈ।''

ਤਸਵੀਰ ਸਰੋਤ, Dieudonné et al. 2026
ਅਰਜਨਟੀਨਾ ਦੀ ਨੈਸ਼ਨਲ ਯੂਨੀਵਰਸਿਟੀ ਆਫ਼ ਰੀਓ ਨੇਗਰੋ ਦੇ ਪੇਲਿਓਂਟੋਲੋਜਿਸਟ ਪੌਲ-ਇਮੀਲ ਡਿਉਦੋਨੇ 2013 ਤੋਂ ਇਸ 'ਤੇ ਕੰਮ ਕਰ ਰਹੇ ਹਨ ਅਤੇ ਅੰਤਰਰਾਸ਼ਟਰੀ ਖੋਜ ਟੀਮ ਦੀ ਅਗਵਾਈ ਕਰ ਰਹੇ ਹਨ। ਟੀਮ ਦੀ ਰਿਸਰਚ ਮੁਤਾਬਕ ਜਿਹੜੇ ਅਵਸ਼ੇਸ਼ ਮਿਲੇ ਹਨ ਉਹ ਘੱਟੋ-ਘੱਟ ਪੰਜ ਵੱਖ-ਵੱਖ ਜੀਵਾਂ ਨਾਲ ਸਬੰਧਤ ਹਨ।
ਡਿਉਦੋਨੇ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਖ਼ਿਆਲ ਵਿੱਚ ਇਸ ਖੋਜ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਸਾਬਤ ਕਰਦੀ ਹੈ ਕਿ ਅਜੇ ਵੀ ਬਹੁਤ ਸਾਰਾ ਫ਼ੌਸਿਲ ਮੈਟੀਰੀਅਲ (ਅਵਸ਼ੇਸ਼) ਲੱਭਿਆ ਜਾਣਾ ਬਾਕੀ ਹੈ ਅਤੇ ਜ਼ਿਆਦਾਤਰ ਛੋਟੇ ਆਕਾਰ ਦੇ ਡਾਇਨਾਸੌਰਾਂ ਦਾ ਹੋਵੇਗਾ।"
ਉਨ੍ਹਾਂ ਅੱਗੇ ਕਿਹਾ, "ਛੋਟੇ ਆਕਾਰ ਦੇ ਡਾਇਨਾਸੌਰ ਸਾਡੇ ਪਿਛਲੇ ਅਨੁਮਾਨਾਂ ਨਾਲੋਂ ਕਾਫ਼ੀ ਵੱਧ ਵੱਖਰੇ ਸਨ ਅਤੇ ਸੰਭਵ ਹੈ ਕਿ ਜਿਨ੍ਹਾਂ ਸਮੂਹਾਂ ਨੂੰ ਅਸੀਂ ਜਾਣਦੇ ਹਾਂ, ਉਨ੍ਹਾਂ ਵਿੱਚੋਂ ਬਹੁਤੇ ਛੋਟੇ ਆਕਾਰ ਦੇ ਡਾਇਨਾਸੌਰਾਂ ਤੋਂ ਹੀ ਉਤਪੰਨ ਹੋਏ ਹੋਣ, ਜੋ ਸਮੇਂ ਦੇ ਨਾਲ ਵੱਡੇ ਹੋ ਗਏ ਹੋਣਗੇ।"
ਖੋਜ ਕਰਨਾ ਮੁਸ਼ਕਿਲ ਕੰਮ

ਤਸਵੀਰ ਸਰੋਤ, Dieudonné et al. 2026
ਹਾਲਾਂਕਿ, ਡਿਉਦੋਨੇ ਇਹ ਵੀ ਕਹਿੰਦੇ ਹਨ ਕਿ ਛੋਟੇ ਡਾਇਨਾਸੌਰਾਂ ਦੇ ਅਵਸ਼ੇਸ਼ ਜ਼ਿਆਦਾ ਨਾਜ਼ੁਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਲੱਭਣਾ ਵੀ ਔਖਾ ਹੁੰਦਾ ਹੈ।
ਉਨ੍ਹਾਂ ਕਿਹਾ, "ਅਫ਼ਸੋਸਨਾਕ ਤੌਰ 'ਤੇ ਛੋਟਾ ਮੈਟੀਰੀਅਲ ਕਾਫ਼ੀ ਜ਼ਿਆਦਾ ਟੁੱਟਿਆ-ਫੁੱਟਿਆ ਹੁੰਦਾ ਹੈ… ਕੁਝ ਛੋਟੀਆਂ ਹੱਡੀਆਂ ਦੇ ਸੈਡਿਮੈਂਟ ਆਸਾਨੀ ਨਾਲ ਗਾਇਬ ਹੋ ਜਾਂਦੇ ਹਨ।''
ਇਸ ਅਧਿਐਨ ਦੇ ਸਹਿ-ਲੇਖਕ ਅਤੇ ਬੈਲਜੀਅਮ ਦੀ ਵਰਿਜੇ ਯੂਨੀਵਰਸਿਟੇਟ ਬਰਸਲਜ਼ ਦੇ ਪੇਲਿਓਂਟੋਲੋਜਿਸਟ ਕੋਇਨ ਸਟਾਈਨ ਮੁਤਾਬਕ, ਇਹ ਡਾਇਨਾਸੌਰ ਅਸਾਧਾਰਣ ਤੌਰ 'ਤੇ ਬਹੁਤ ਛੋਟਾ ਸੀ।
ਮੰਨਿਆ ਜਾ ਰਿਹਾ ਹੈ ਕਿ ਇਸ ਦੀ ਉਚਾਈ ਲਗਭਗ 25 ਤੋਂ 30 ਸੈਂਟੀਮੀਟਰ ਸੀ, ਜੋ ਆਕਾਰ ਵਿੱਚ ਮੁਰਗੀ ਦੇ ਬਰਾਬਰ ਹੋਵੇਗਾ।
ਸਟਾਈਨ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਲੱਗਦਾ ਹੈ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਯੂਰਪ ਮਹਾਂਦੀਪ 'ਤੇ ਮਿਲੇ ਡਾਇਨਾਸੌਰਾਂ ਵਿੱਚ ਸਭ ਤੋਂ ਛੋਟਾ ਨਾ ਵੀ ਹੋਵੇ ਪਰ ਸਭ ਤੋਂ ਛੋਟਿਆਂ ਵਿੱਚੋਂ ਇੱਕ ਤਾਂ ਹੈ। ਅਤੇ ਸੰਭਵ ਹੈ ਕਿ ਦੁਨੀਆ ਭਰ ਵਿੱਚ ਵੀ ਇਹ ਸਭ ਤੋਂ ਛੋਟੇ ਡਾਇਨਾਸੌਰਾਂ ਵਿੱਚੋਂ ਇੱਕ ਹੋਵੇ - ਜੋ ਹੁਣ ਤੱਕ ਮਿਲਿਆ ਹੈ, ਉਸ ਦੇ ਅਧਾਰ 'ਤੇ।"

ਅਵਸ਼ੇਸ਼ਾਂ ਦੇ ਛੋਟੇ ਆਕਾਰ ਤੋਂ ਇਹ ਅਨੁਮਾਨ ਲਗਾਇਆ ਗਿਆ ਸੀ ਕਿ ਸ਼ਾਇਦ ਇਹ ਡਾਇਨਾਸੌਰ ਦੇ ਬੱਚੇ ਹੋਣ। ਪਰ ਗਹਿਰੇ ਅਧਿਐਨ ਨਾਲ ਪਤਾ ਲੱਗਿਆ ਕਿ ਅਜਿਹਾ ਨਹੀਂ ਸੀ।
ਸਟਾਈਨ ਨੇ ਸਮਝਾਇਆ ਕਿ ਘੱਟੋ-ਘੱਟ ਇੱਕ ਡਾਇਨਾਸੋਰ ਪੂਰੀ ਤਰ੍ਹਾਂ ਬਾਲਗ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਬਚਪਨ ਦੀ ਅਵਸਥਾ ਵਿੱਚ ਉਹ ਸ਼ਾਇਦ ਚਾਰ ਪੈਰਾਂ 'ਤੇ ਤੁਰਦੇ ਸਨ, ਜਦਕਿ ਬਾਲਗ ਹੋਣ 'ਤੇ ਉਹ ਦੋ ਪੈਰਾਂ 'ਤੇ ਤੁਰਨ ਲੱਗ ਪੈਂਦੇ ਸਨ।
ਫੋਸਕੀਆ, ਸਭ ਤੋਂ ਪਹਿਲਾ ਪਛਾਣਿਆ ਗਿਆ ਰਹੈਬਡੋਡੌਂਟੋਮੌਰਫ਼ ਹੈ, ਜੋ ਆਰਨਿਥੋਪੋਡਸ ਸ਼੍ਰੇਣੀ 'ਚ ਆਉਂਦਾ ਇੱਕ ਸਮੂਹ ਹੈ।
ਡਿਉਦੋਨੇ ਨੇ ਸਮਝਾਇਆ ਕਿ ਰਹੈਬਡੋਡੌਂਟੋਮੌਰਫ਼ "ਸ਼ੁਰੂ ਤੋਂ ਹੀ ਸ਼ਾਇਦ ਬਹੁਤ ਛੋਟੇ ਸਨ" ਅਤੇ ਇਸ ਨਾਲ ਉਨ੍ਹਾਂ ਨੂੰ "ਸ਼ਿਕਾਰ ਬਣਨ ਤੋਂ ਬਚਣ ਵਿੱਚ ਮਦਦ ਮਿਲਦੀ ਸੀ।"
ਉਨ੍ਹਾਂ ਨੇ ਕਿਹਾ, "ਛੋਟਾ ਆਕਾਰ ਲੰਬੀ ਦੌੜ ਲਈ ਅਨੁਕੂਲ ਨਹੀਂ ਹੁੰਦਾ, ਸਗੋਂ ਤੇਜ਼ੀ ਨਾਲ ਕਿਸੇ ਓਹਲੇ ਵਾਲੀ ਥਾਂ ਦੀ ਤਲਾਸ਼ ਕਰ ਸਕਦਾ ਹੈ।''
ਦਹਾਕਿਆਂ ਤੱਕ ਚੱਲੀ ਖੋਜ

ਤਸਵੀਰ ਸਰੋਤ, Paul-Emile Dieudonné
ਜ਼ਿਆਦਾਤਰ ਅਵਸ਼ੇਸ਼ 1998 ਵਿੱਚ ਮਿਲੇ ਸਨ ਅਤੇ ਕੁਝ ਹੋਰ ਅਗਲੇ ਸਾਲਾਂ ਵਿੱਚ ਉਸੇ ਥਾਂ ਤੋਂ ਲੱਭੇ ਗਏ। ਪਰ ਉਨ੍ਹਾਂ ਦੀ ਪਛਾਣ ਕਰਨ ਵਿੱਚ ਕਈ ਸਾਲ ਲੱਗ ਗਏ।
ਇਸ ਥਾਂ ਦੀ ਪਹਿਲੀ ਵਾਰ ਖੋਜ ਕਰਨ ਅਤੇ ਜ਼ਿਆਦਾਤਰ ਅਵਸ਼ੇਸ਼ ਇਕੱਠੇ ਕਰਨ ਵਾਲੇ ਵਿਅਕਤੀ ਫ਼ਿਡੇਲ ਤੋਰਸੀਦਾ ਫਰਨਾਂਦੇਜ਼-ਬਾਲਦੋਰ ਸਨ, ਜੋ ਇਸ ਅਧਿਐਨ ਦੇ ਸਹਿ-ਲੇਖਕ ਵੀ ਹਨ ਅਤੇ ਉੱਤਰੀ ਸਪੇਨ ਦੇ ਸਾਲਾਸ ਦੇ ਲੋਸ ਇਨਫਾਂਤੇਸ ਸਥਿਤ ਡਾਇਨਾਸੌਰ ਮਿਊਜ਼ੀਅਮ ਨਾਲ ਜੁੜੇ ਹਨ।
ਉਨ੍ਹਾਂ ਕਿਹਾ, "ਸ਼ੁਰੂ ਤੋਂ ਹੀ ਸਾਨੂੰ ਪਤਾ ਸੀ ਕਿ ਇਹ ਹੱਡੀਆਂ ਆਪਣੇ ਬਹੁਤ ਨਿੱਕੇ ਆਕਾਰ ਕਰਕੇ ਵਿਸ਼ੇਸ਼ ਹਨ।"
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਫੋਸਕੀਆ ਦੀ ਖੋਜ - ਜਿਸ ਵਿੱਚ 'Fos' ਪ੍ਰਾਚੀਨ ਯੂਨਾਨੀ ਭਾਸ਼ਾ ਦੇ 'ਰੋਸ਼ਨੀ' ਸ਼ਬਦ ਤੋਂ ਆਇਆ ਹੈ - ਆਰਨਿਥੋਪੋਡ ਡਾਇਨਾਸੌਰਾਂ ਦੇ ਵਿਕਾਸ ਨੂੰ ਸਮਝਣ ਲਈ ਮਹੱਤਵਪੂਰਨ ਹੈ।
ਅਰਜਨਟੀਨਾ ਦੀ ਯੂਨੀਵਰਸਿਦਾਦ ਨਾਸਿਓਨਾਲ ਦੇ ਕੋਰਡੋਬਾ ਤੋਂ ਸਹਿ-ਲੇਖਕ ਅਤੇ ਪੇਲਿਓਂਟੋਲੋਜਿਸਟ ਮਾਰਕੋਸ ਬੇਸੇਰਾ ਨੇ ਕਿਹਾ, "ਨਿੱਕੇ ਹੋਣ ਦਾ ਮਤਲਬ ਵਿਕਾਸਵਾਦੀ ਸਰਲਤਾ ਨਹੀਂ ਸੀ।"
ਡਿਉਦੋਨੇ ਨੇ ਦੱਸਿਆ ਕਿ ਫੋਸਕੀਆ ਦੇ ਦੰਦਾਂ ਦੀ ਬਣਤਰ ਵੀ ਵੱਖਰੀ ਸੀ, ਜਿਸ ਵਿੱਚ ਅੱਗੇ ਵੱਲ ਨਿਕਲੇ ਹੋਏ ਮੂਹਰਲੇ ਦੰਦ ਸ਼ਾਮਲ ਸਨ, "ਜੋ ਬਿਲਕੁਲ ਵਿਚਕਾਰ ਇਕ ਵੱਡੇ ਤ੍ਰਿਸ਼ੂਲ ਵਾਂਗ ਨਜ਼ਰ ਆਉਂਦੇ ਸਨ।"
ਸਟਾਈਨ ਕਹਿੰਦੇ ਹਨ ਕਿ "ਕੁਝ ਹੱਦ ਤੱਕ ਅਜੀਬ" ਦੰਦਾਂ ਤੋਂ ਇਲਾਵਾ ਇਸ ਦੀ "ਖੋਪੜੀ ਦੀ ਬਣਤਰ ਵੀ ਦਿਲਚਸਪ ਸੀ।'' ਉਨ੍ਹਾਂ ਕਿਹਾ, ''ਇਹ ਉਨ੍ਹਾਂ ਪ੍ਰਯੋਗਾਂ ਦਾ ਇੱਕ ਹੋਰ ਉਦਾਹਰਣ ਪੇਸ਼ ਕਰਦੇ ਹਨ ਜੋ ਵਿਕਾਸ ਨੇ ਕੀਤੇ ਹਨ।''
ਖੋਪੜੀ

ਤਸਵੀਰ ਸਰੋਤ, Paul-Emile Dieudonné
ਸਾਲ 2016 ਵਿੱਚ ਪ੍ਰਕਾਸ਼ਿਤ ਪਿਛਲੀ ਖੋਜ ਵਿੱਚ ਇਨ੍ਹਾਂ ਅਵਸ਼ੇਸ਼ਾਂ ਨੂੰ ਮੋਟੇ ਤੌਰ 'ਤੇ ਵੇਗਾਗੇਤੇ ਆਰਨਿਥੋਪੋਡ ਨਾਮਕ ਡਾਇਨਾਸੌਰ ਨਾਲ ਜੋੜਿਆ ਗਿਆ ਸੀ। ਪਰ ਉਸ ਸਮੇਂ ਇਸ ਨੂੰ ਰਸਮੀ ਤੌਰ 'ਤੇ ਪਛਾਣਨ ਲਈ ਲੋੜੀਂਦੀ ਜਾਣਕਾਰੀ ਨਹੀਂ ਸੀ।
ਇਸ ਤਾਜ਼ਾ ਖੋਜ ਵਿੱਚ ਵੱਡੀ ਕਾਮਯਾਬੀ ਨਵੇਂ ਕ੍ਰੈਨਿਅਲ ਤੱਤਾਂ ਦੀ ਪਛਾਣ ਸੀ, ਜਿਸ ਵਿੱਚ ਖੋਪੜੀ ਦੇ ਟੁਕੜੇ ਵੀ ਸ਼ਾਮਲ ਸਨ। ਇਸ ਨਾਲ ਵੇਗਾਗੇਤੇ ਆਰਨਿਥੋਪੋਡ ਡਾਇਨਾਸੌਰ ਦੀ ਰਸਮੀ ਪਛਾਣ ਅਤੇ ਨਾਮਕਰਨ ਹੋ ਸਕਿਆ: ਫੋਸਕੀਆ ਪੇਲੇਂਡੋਨਮ।
ਡਿਉਦੋਨੇ ਸਮਝਾਉਂਦੇ ਹਨ, "ਜੀਵਤ ਜੀਵਾਂ ਵਿੱਚ ਆਮ ਤੌਰ 'ਤੇ ਸਰੀਰ ਦਾ ਹਿੱਸਾ ਜੋ ਸਾਨੂੰ ਸਭ ਤੋਂ ਵੱਧ ਜਾਣਕਾਰੀ ਦਿੰਦਾ ਹੈ, ਉਹ ਖੋਪੜੀ ਹੁੰਦੀ ਹੈ। ਇਹ ਸਾਨੂੰ ਚਬਾਉਣ ਦੀ ਪ੍ਰਕਿਰਿਆ, ਨਜ਼ਰ ਅਤੇ ਸਰੀਰ ਦੇ ਸੰਤੁਲਨ ਬਾਰੇ ਦੱਸਦੀ ਹੈ।"
ਉਨ੍ਹਾਂ ਕਿਹਾ ਕਿ ਸਿਰ ਦੀ ਆਕਾਰ, ਵਾਤਾਵਰਣ ਮੁਤਾਬਕ ਜਾਨਵਰ ਦੀਆਂ ਜੋੜਤਾਂ ਅਨੁਸਾਰ ਬਹੁਤ ਆਸਾਨੀ ਨਾਲ ਢਲ ਜਾਂ ਬਦਲ ਜਾਂਦਾ ਹੈ।
"ਇਸ ਲਈ ਇਹ ਖੋਪੜੀ ਦੀਆਂ ਹੱਡੀਆਂ, ਭਾਵੇਂ ਬਹੁਤ ਛੋਟੀਆਂ ਅਤੇ ਟੁੱਟੀਆਂ-ਫੁੱਟੀਆਂ ਹੀ ਕਿਉਂ ਨਾ ਹੋਣ, ਸਾਨੂੰ ਜੀਵਨ ਦੇ ਢੰਗ ਬਾਰੇ ਕਾਫ਼ੀ ਜਾਣਕਾਰੀ ਦਿੰਦੀਆਂ ਹਨ।"
ਅੰਤ ਵਿੱਚ ਉਨ੍ਹਾਂ ਕਿਹਾ, "ਇਨ੍ਹਾਂ ਗੱਲਾਂ ਨੂੰ ਦਰਜ ਕਰਨਾ ਜ਼ਰੂਰੀ ਹੈ ਤਾਂ ਜੋ ਅਸੀਂ ਇਹ ਜਾਣ ਸਕੀਏ ਕਿ ਉਹ ਕਿਵੇਂ ਵਧੇ, ਕਿਵੇਂ ਜੀਏ, ਕਿਵੇਂ ਮਰੇ ਅਤੇ ਕਿਵੇਂ ਵਿਕਸਿਤ ਹੋਏ, ਤਾਂ ਜੋ ਇਹ ਸਮਝਿਆ ਜਾ ਸਕੇ ਕਿ ਬਦਲਦੇ ਵਾਤਾਵਰਣਾਂ ਵਿੱਚ ਅਤੀਤ 'ਚ ਜੀਵਨ ਲਗਾਤਾਰ ਕਿਵੇਂ ਬਦਲਦਾ ਰਿਹਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































