ਬੁੱਧ ਗ੍ਰਹਿ ਕਿੱਥੋਂ ਆਇਆ, ਇਸਦਾ ਰਹੱਸ ਕੀ ਹੈ ਤੇ ਕੀ ਇਹ ਹੋਣਾ ਹੀ ਨਹੀਂ ਚਾਹੀਦਾ ਸੀ?

ਤਸਵੀਰ ਸਰੋਤ, NASA
- ਲੇਖਕ, ਜੋਨਾਥਨ ਓ'ਕੈਲਾਘਨ
- ਰੋਲ, ਬੀਬੀਸੀ ਨਿਊਜ਼
ਬੁੱਧ ਸੂਰਜ ਦੇ ਬਹੁਤ ਜ਼ਿਆਦਾ ਨੇੜੇ ਹੈ ਅਤੇ ਆਕਾਰ ਵਿੱਚ ਉਮੀਦ ਤੋਂ ਕਿਤੇ ਜ਼ਿਆਦਾ ਛੋਟਾ ਹੈ। ਇਸ ਤੋਂ ਇਲਾਵਾ ਇਹ ਗ੍ਰਹਿਆਂ ਬਾਰੇ ਅਸੀਂ ਜੋ ਕੁਝ ਵੀ ਜਾਣਦੇ ਹਾਂ ਉਸ ਨੂੰ ਚੁਣੌਤੀ ਦਿੰਦਾ ਹੈ।
ਇਨ੍ਹਾਂ ਗੱਲਾਂ ਤੋਂ ਇਹ ਗ੍ਰਹਿ ਲੰਬੇ ਸਮੇਂ ਤੋਂ ਖਗੋਲ-ਵਿਗਿਆਨੀਆਂ ਲਈ ਇੱਕ ਬੁਝਾਰਤ ਬਣਿਆ ਹੋਇਆ ਹੈ। ਸਾਲ 2026 ਵਿੱਚ ਬੁੱਧ 'ਤੇ ਪਹੁੰਚਣ ਵਾਲੇ ਇੱਕ ਨਵੇਂ ਪੁਲਾੜੀ ਮਿਸ਼ਨ ਤੋਂ ਇਸ ਦਾ ਰਹੱਸ ਸੁਲਝਣ ਦੀ ਉਮੀਦ ਬੱਝੀ ਹੈ।
ਜੇਕਰ ਓਪਰੀ ਨਜ਼ਰੇ ਵੇਖਿਆ ਜਾਵੇ, ਤਾਂ ਬੁੱਧ ਸੂਰਜੀ ਮੰਡਲ ਦਾ ਸਭ ਤੋਂ ਨੀਰਸ ਗ੍ਰਹਿ ਜਾਪਦਾ ਹੈ। ਇਸ ਦੀ ਬੰਜਰ ਸਤਿਹ 'ਤੇ ਕੋਈ ਖਾਸ ਵਿਸ਼ੇਸ਼ਤਾਵਾਂ ਨਹੀਂ ਹਨ, ਇਸਦੇ ਅਤੀਤ ਵਿੱਚ ਪਾਣੀ ਦਾ ਕੋਈ ਸਬੂਤ ਨਹੀਂ ਮਿਲਦਾ ਅਤੇ ਗ੍ਰਹਿ ਦਾ ਪਤਲਾ ਵਾਯੂਮੰਡਲ ਨਾਮਾਤਰ ਹੀ ਹੈ।
ਇਸ ਦੇ ਸੜੇ ਹੋਏ ਟੋਇਆਂ ਵਿੱਚ ਜੀਵਨ ਮਿਲਣ ਦੀ ਸੰਭਾਵਨਾ ਬਿਲਕੁਲ ਨਹੀਂ ਹੈ। ਫਿਰ ਵੀ, ਜੇਕਰ ਧਿਆਨ ਨਾਲ ਦੇਖਿਆ ਜਾਵੇ, ਤਾਂ ਬੁੱਧ ਇੱਕ ਦਿਲਚਸਪ ਅਤੇ ਅਦਭੁਤ ਦੁਨੀਆ ਹੈ ਜੋ ਰਹੱਸਾਂ ਨਾਲ ਘਿਰੀ ਹੋਈ ਹੈ।
ਗ੍ਰਹਿ ਵਿਗਿਆਨੀ ਸਾਡੇ ਸੂਰਜ ਦੇ ਸਭ ਤੋਂ ਨੇੜਲੇ ਗ੍ਰਹਿ ਦੀ ਹੋਂਦ ਨੂੰ ਲੈ ਕੇ ਅਜੇ ਵੀ ਹੈਰਾਨ ਹਨ। ਇਹ ਅਜੀਬ ਗ੍ਰਹਿ ਬਹੁਤ ਛੋਟਾ ਹੈ, ਧਰਤੀ ਨਾਲੋਂ 20 ਗੁਣਾ ਹਲਕਾ ਅਤੇ ਆਸਟ੍ਰੇਲੀਆ ਦੀ ਚੌੜਾਈ ਜਿੰਨਾ ਹੀ ਹੈ। ਫਿਰ ਵੀ, ਧਰਤੀ ਤੋਂ ਬਾਅਦ ਬੁੱਧ ਸਾਡੇ ਸੂਰਜੀ ਮੰਡਲ ਦਾ ਦੂਜਾ ਸਭ ਤੋਂ ਸੰਘਣਾ ਗ੍ਰਹਿ ਹੈ, ਜਿਸਦਾ ਕਾਰਨ ਇਸਦਾ ਇੱਕ ਵੱਡਾ ਧਾਤੂ ਕੋਰ ਹੈ ਜੋ ਇਸਦੇ ਕੁੱਲ ਪੁੰਜ ਦਾ ਜ਼ਿਆਦਾਤਰ ਹਿੱਸਾ ਹੈ।
ਬੁੱਧ ਦਾ ਪਰਿਕਰਮਾ ਪੱਥ, ਜੋ ਸੂਰਜ ਦੇ ਬਹੁਤ ਨੇੜੇ ਹੈ, ਵੀ ਇੱਕ ਅਜੀਬ ਜਗ੍ਹਾ 'ਤੇ ਹੈ ਜਿਸਦੀ ਵਿਆਖਿਆ ਖਗੋਲ-ਵਿਗਿਆਨੀ ਪੂਰੀ ਤਰ੍ਹਾਂ ਨਹੀਂ ਕਰ ਸਕਦੇ।
ਇਹ ਸਾਰੀਆਂ ਗੱਲਾਂ ਇੱਕ ਮੁੱਖ ਨੁਕਤੇ 'ਤੇ ਆ ਕੇ ਮਿਲਦੀਆਂ ਹਨ ਸਾਨੂੰ ਕੋਈ ਅੰਦਾਜ਼ਾ ਨਹੀਂ ਹੈ ਕਿ ਬੁੱਧ ਕਿਵੇਂ ਬਣਿਆ। ਜਿੱਥੋਂ ਤੱਕ ਅਸੀਂ ਜਾਣਦੇ ਹਾਂ, ਇਸ ਗ੍ਰਹਿ ਦਾ ਕੋਈ ਵਜੂਦ ਹੋਣਾ ਹੀ ਨਹੀਂ ਚਾਹੀਦਾ ਸੀ।
ਫਰਾਂਸ ਦੀ ਯੂਨੀਵਰਸਿਟੀ ਆਫ ਬਾਰਡੋ ਵਿੱਚ ਗ੍ਰਹਿ ਨਿਰਮਾਣ ਦੇ ਮਾਹਿਰ ਸੀਨ ਰੇਮੰਡ ਕਹਿੰਦੇ ਹਨ, "ਇਹ ਇੱਕ ਤਰ੍ਹਾਂ ਨਾਲ ਸ਼ਰਮਿੰਦਗੀ ਵਾਲੀ ਗੱਲ ਹੈ। ਕੋਈ ਅਜਿਹੀ ਖਾਸ ਬਾਰੀਕੀ ਹੈ ਜੋ ਸਾਥੋਂ ਛੁੱਟ ਰਹੀ ਹੈ।"
ਬੁੱਧ ਕਿੱਥੋਂ ਆਇਆ, ਇਸ ਦਾ ਰਹੱਸ
ਬੁੱਧ ਕਿੱਥੋਂ ਆਇਆ, ਇਹ ਕਿਵੇਂ ਬਣਿਆ ਅਤੇ ਅੱਜ ਇਹ ਅਜਿਹਾ ਕਿਉਂ ਦਿਖਾਈ ਦਿੰਦਾ ਹੈ, ਜਿਸ ਤਰ੍ਹਾਂ ਦਾ ਇਹ ਹੈ ਇਹ ਸੂਰਜੀ ਮੰਡਲ ਦੇ ਸਭ ਤੋਂ ਵੱਡੇ ਰਹੱਸਾਂ ਵਿੱਚੋਂ ਇੱਕ ਹੈ।
ਹਾਲਾਂਕਿ, ਕੁਝ ਜਵਾਬ ਸਾਹਮਣੇ ਆ ਸਕਦੇ ਹਨ। 'ਬੇਪੀਕੋਲੰਬੋ' ਨਾਮ ਦਾ ਇੱਕ ਸਾਂਝਾ ਯੂਰਪੀਅਨ ਅਤੇ ਜਾਪਾਨੀ ਮਿਸ਼ਨ 2018 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਵਰਤਮਾਨ ਵਿੱਚ ਬੁੱਧ ਵੱਲ ਜਾ ਰਿਹਾ ਹੈ।
ਇਹ ਪ੍ਰੋਬ ਬੀਤੇ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਇਸ ਗ੍ਰਹਿ 'ਤੇ ਜਾਣ ਵਾਲਾ ਸਾਡਾ ਪਹਿਲਾ ਮਹਿਮਾਨ ਹੋਵੇਗਾ। ਜਦੋਂ ਇਹ ਨਵੰਬਰ 2026 ਵਿੱਚ ਇਸਦੇ ਪਰਿਕਰਮਾ ਪੱਥ ਵਿੱਚ ਦਾਖ਼ਲ ਹੋਵੇਗਾ ਥਰਸਟਰ ਦੀ ਸਮੱਸਿਆ ਕਾਰਨ ਦੇਰੀ ਤੋਂ ਬਾਅਦ, ਤਾਂ ਇਸਦਾ ਮੁੱਖ ਟੀਚਾ ਇਹ ਪਤਾ ਲਾਉਣਾ ਹੋਵੇਗਾ ਕਿ ਬੁੱਧ ਅਸਲ ਵਿੱਚ ਕਿੱਥੋਂ ਆਇਆ ਹੈ।
ਬੁੱਧ ਕਿਵੇਂ ਬਣਿਆ ਇਹ ਸਮਝਣਾ ਨਾ ਸਿਰਫ਼ ਸਾਡੇ ਆਪਣੇ ਸੂਰਜੀ ਮੰਡਲ ਦੀ ਉਤਪਤੀ ਬਾਰੇ ਜਾਣਨ ਲਈ ਮਹੱਤਵਪੂਰਨ ਹੈ, ਸਗੋਂ ਦੂਜੇ ਤਾਰਿਆਂ ਦੇ ਗ੍ਰਹਿਆਂ ਐਕਸੋਪਲੈਨੇਟਾਂ ਦੇ ਅਧਿਐਨ ਲਈ ਵੀ ਜ਼ਰੂਰੀ ਹੈ।
ਅਮਰੀਕਾ ਵਿੱਚ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਗ੍ਰਹਿ ਵਿਗਿਆਨੀ ਸੇਵੇਰੀਓ ਕੈਂਬੀਓਨੀ ਕਹਿੰਦੇ ਹਨ, "ਆਪਣੀ ਅਜੀਬ ਬਣਤਰ ਕਾਰਨ, ਬੁੱਧ ਸ਼ਾਇਦ ਸਾਡੇ ਸਭ ਤੋਂ ਨੇੜਲਾ ਅਜਿਹਾ ਗ੍ਰਹਿ ਹੈ ਜੋ ਕਿਸੇ ਬਾਹਰੀ ਗ੍ਰਹਿ ਵਰਗਾ ਹੈ। ਇਹ ਇੱਕ ਬਹੁਤ ਹੀ ਦਿਲਚਸਪ ਦੁਨੀਆ ਹੈ।"
ਖਗੋਲ-ਵਿਗਿਆਨੀਆਂ ਨੂੰ ਪਹਿਲੀ ਵਾਰ ਬੁੱਧ ਵਿੱਚ ਕੋਈ ਗੜਬੜ ਹੋਣ ਦਾ ਅਹਿਸਾਸ ਉਦੋਂ ਹੋਇਆ ਜਦੋਂ ਨਾਸਾ ਦੇ 'ਮੈਰੀਨਰ 10' ਪੁਲਾੜ ਯਾਨ ਨੇ 1974 ਅਤੇ 1975 ਵਿੱਚ ਤਿੰਨ ਵਾਰ ਇਸ ਗ੍ਰਹਿ ਦੇ ਕੋਲੋਂ ਉਡਾਣ ਭਰੀ ਉਹ ਸੌਰ ਮੰਡਲ ਦੇ ਸਭ ਤੋਂ ਅੰਦੂਰਨੀ ਖੇਤਰ ਵਿੱਚ ਮਨੁੱਖਤਾ ਦੇ ਪਹਿਲੇ ਯਾਤਰੂ ਸਨ।
ਉਨ੍ਹਾਂ ਉਡਾਣਾਂ ਨੇ ਗ੍ਰਹਿ ਦੀ ਗੁਰੂਤਾ-ਖਿੱਚ ਦੇ ਸ਼ੁਰੂਆਤੀ ਮਾਪ ਦਿੱਤੇ, ਜਿਸ ਨਾਲ ਪਹਿਲੀ ਵਾਰ ਬੁੱਧ ਦੇ ਅੰਦਰੂਨੀ ਹਿੱਸੇ ਦੀ ਝਲਕ ਮਿਲੀ ਅਤੇ ਇਸਦੀ ਅਜੀਬ ਬਣਤਰ ਬਾਰੇ ਪਤਾ ਲੱਗਿਆ।
ਧਰਤੀ, ਸ਼ੁੱਕਰ ਅਤੇ ਮੰਗਲ ਸਾਰਿਆਂ ਦੇ ਕੋਰ ਲੋਹੇ ਨਾਲ ਭਰਪੂਰ ਹਨ ਜੋ ਉਨ੍ਹਾਂ ਦੇ ਅੱਧੇ ਘੇਰੇ ਦੇ ਬਰਾਬਰ ਹਨ। ਧਰਤੀ ਇੱਕ ਠੋਸ ਅੰਦਰੂਨੀ ਕੋਰ ਅਤੇ ਤਰਲ ਬਾਹਰੀ ਕੋਰ ਵਿੱਚ ਵੰਡੀ ਹੋਈ ਹੈ, ਜੋ ਸਾਡੀ ਦੁਨੀਆ ਦੇ ਸੁਰੱਖਿਆਤਮਕ ਚੁੰਬਕੀ ਖੇਤਰ ਨੂੰ ਪੈਦਾ ਕਰਨ ਲਈ ਘੁੰਮਦਾ ਹੈ। ਇਸਦੇ ਉੱਪਰ ਮੈਂਟਲ ਹੈ ਅਤੇ ਫਿਰ ਪੇਪੜੀ ਹੈ, ਜਿੱਥੇ ਅਸੀਂ ਰਹਿੰਦੇ ਹਾਂ।
ਬੁੱਧ ਬਿਲਕੁਲ ਵੱਖਰਾ ਹੈ। ਇੱਥੇ ਗ੍ਰਹਿ ਦਾ ਕੋਰ ਇਸਦੇ ਘੇਰੇ ਦਾ ਲਗਭਗ 85% ਹਿੱਸਾ ਹੈ ਜਿਸਦੇ ਉੱਪਰ ਸਿਰਫ ਇੱਕ ਪਤਲੀ ਚੱਟਾਨੀ ਮੈਂਟਲ ਅਤੇ ਪੇਪੜੀ ਹੈ। ਇਹੀ ਇਸ ਗ੍ਰਹਿ ਦੀ ਅਦਭੁਤ ਸੰਘਣਤਾ ਦਾ ਕਾਰਨ ਹੈ, ਪਰ ਇਸਦੀ ਬਣਤਰ ਅਜਿਹੀ ਕਿਉਂ ਹੋਈ, ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ।
ਬਰਲਿਨ ਵਿੱਚ ਜਰਮਨ ਐਰੋਸਪੇਸ ਸੈਂਟਰ ਦੇ ਗ੍ਰਹਿ ਵਿਗਿਆਨੀ ਨਿਕੋਲਾ ਟੋਸੀ ਕਹਿੰਦੇ ਹਨ, "ਬੁੱਧ ਦਾ ਬਣਨਾ ਹੀ ਇੱਕ ਵੱਡੀ ਸਮੱਸਿਆ ਹੈ। ਇਹ ਅਜੇ ਵੀ ਅਸਪੱਸ਼ਟ ਨਹੀਂ ਹੈ ਕਿ ਬੁੱਧ ਜਿਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਦਾ ਕਿਉਂ ਹੈ।"
ਬੁੱਧ ਲਈ ਇੱਕ ਹੋਰ ਮਿਸ਼ਨ, ਨਾਸਾ ਦਾ 'ਮੈਸੇਂਜਰ' ਮਿਸ਼ਨ, ਜਿਸ ਨੇ 2011 ਅਤੇ 2015 ਦੇ ਵਿਚਕਾਰ ਇਸ ਦੁਨੀਆ ਦਾ ਚੱਕਰ ਲਗਾਇਆ ਨੇ ਹੋਰ ਵੀ ਸਵਾਲ ਖੜ੍ਹੇ ਕਰ ਦਿੱਤੇ, ਸੂਰਜ ਤੋਂ ਸਿਰਫ਼ ਛੇ ਕਰੋੜ ਕਿਲੋਮੀਟਰ ਦੂਰ ਪਰਿਕਰਮਾ ਕਰ ਰਹੇ ਬੁੱਧ 'ਤੇ ਦਿਨ ਦਾ ਤਾਪਮਾਨ 430 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਜਦਕਿ ਰਾਤ ਨੂੰ ਇਹ -180 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ।
ਤਾਪਮਾਨ ਦੇ ਇਨ੍ਹਾਂ ਅੰਤਰਾਂ ਦੇ ਬਾਵਜੂਦ, ਮੈਸੇਂਜਰ ਨੇ ਪਾਇਆ ਕਿ ਬੁੱਧ ਦੀ ਸਤ੍ਹਾ 'ਤੇ ਪੋਟਾਸ਼ੀਅਮ ਅਤੇ ਰੇਡੀਓਐਕਟਿਵ ਥੋਰੀਅਮ ਵਰਗੇ ਅਸਥਿਰ ਤੱਤ ਸਨ ਜਿਨ੍ਹਾਂ ਨੂੰ ਸੂਰਜ ਦੀਆਂ ਕਿਰਨਾਂ ਨਾਲ ਬਹੁਤ ਪਹਿਲਾਂ ਹੀ ਭਾਫ ਹੋ ਜਾਣਾ ਚਾਹੀਦਾ ਸੀ।
ਕਲੋਰੀਨ ਵਰਗੇ ਗੁੰਝਲਦਾਰ ਅਣੂ ਅਤੇ ਇੱਥੋਂ ਤੱਕ ਕਿ ਗ੍ਰਹਿ ਦੇ ਪਰਛਾਵੇਂ ਵਾਲੇ ਧਰੁਵੀ ਟੋਇਆਂ ਵਿੱਚ ਫਸੀ ਹੋਈ ਬਰਫ਼ ਵੀ ਗ੍ਰਹਿ ਦੀ ਸਤ੍ਹਾ 'ਤੇ ਛੁਪੀ ਹੋਈ ਪਾਈ ਗਈ ਸੀ।

ਤਸਵੀਰ ਸਰੋਤ, NASA
ਇੱਕ ਵੱਡੀ ਸਿਰਦਰਦੀ
ਇਸ ਤਰ੍ਹਾਂ ਦੀਆਂ ਖੋਜਾਂ ਨੇ ਇਸ ਵਿਚਾਰ ਨੂੰ ਮਜ਼ਬੂਤ ਕੀਤਾ ਹੈ ਕਿ ਬੁੱਧ ਸ਼ਾਇਦ ਸੂਰਜ ਦੇ ਆਲੇ-ਦੁਆਲੇ ਆਪਣੇ ਮੌਜੂਦਾ ਸਥਾਨ ਦਾ ਅਸਲ ਵਾਸੀ ਨਹੀਂ ਹੈ।
ਖ਼ਗੋਲ-ਵਿਗਿਆਨੀ ਲੰਬੇ ਸਮੇਂ ਤੋਂ ਸੂਰਜੀ ਮੰਡਲ ਵਿੱਚ ਬੁੱਧ ਦੀ ਸਥਿਤੀ ਬਾਰੇ ਹੈਰਾਨ ਹਨ, ਇੱਕ ਅਜਿਹੇ ਖੇਤਰ ਵਿੱਚ ਜਿੱਥੇ ਸਾਨੂੰ ਨਹੀਂ ਲੱਗਦਾ ਕਿ ਬੁੱਧ ਵਰਗਾ ਗ੍ਰਹਿ ਆਸਾਨੀ ਨਾਲ ਬਣ ਸਕਦਾ ਸੀ।
ਅਸੀਂ ਜਾਣਦੇ ਹਾਂ ਕਿ ਸਾਡੇ ਵਰਗੇ ਸੂਰਜੀ ਮੰਡਲ ਤਾਰਿਆਂ ਦੇ ਆਲੇ-ਦੁਆਲੇ ਧੂੜ ਅਤੇ ਗੈਸ ਦੇ ਇੱਕ ਚੱਕਰ ਵਜੋਂ ਸ਼ੁਰੂ ਹੁੰਦੇ ਹਨ। ਹੌਲੀ-ਹੌਲੀ, ਗ੍ਰਹਿ ਇਸ ਚੱਕਰ ਵਿੱਚ ਖਾਲੀ ਥਾਂਵਾਂ ਬਣਾਉਂਦੇ ਹਨ, ਅਤੇ ਜਿਵੇਂ-ਜਿਵੇਂ ਉਹ ਹੋਰ ਪਦਾਰਥ ਨੂੰ ਆਪਣੇ ਅੰਦਰ ਸਮੇਟਦੇ ਹਨ, ਉਨ੍ਹਾਂ ਦਾ ਆਕਾਰ ਵਧਦਾ ਜਾਂਦਾ ਹੈ।
ਲੇਕਿਨ ਗ੍ਰਹਿਆਂ ਦੇ ਬਣਨ ਦੇ ਮਾਡਲਾਂ ਦੇ ਅਧਾਰ 'ਤੇ, ਬੁੱਧ, ਸ਼ੁੱਕਰ ਗ੍ਰਹਿ ਤੋਂ ਬਹੁਤ ਦੂਰ ਹੈ। ਰੇਮੰਡ ਕਹਿੰਦੇ ਹਨ, ਗਤੀਸ਼ੀਲਤਾ ਦੇ ਮਾਹਿਰ ਚਾਹੇ ਕਿੰਨੇ ਵੀ ਪੈਮਾਨਿਆਂ ਵਿੱਚ ਬਦਲਾਅ ਕਰ ਲੈਣ, ਉਨ੍ਹਾਂ ਤੋਂ ਬੁੱਧ ਗ੍ਰਹਿ ਦੀ ਅੱਜ ਦੀ ਸਥਿਤੀ ਨੂੰ ਸਹੀ ਸਾਬਤ ਨਹੀਂ ਕੀਤੀ ਜਾ ਰਹੀ। ਰੇਮੰਡ ਕਹਿੰਦੇ ਹਨ, "ਇਹ ਇੱਕ ਵੱਡੀ ਸਿਰਦਰਦੀ ਹੈ। ਤੁਹਾਨੂੰ ਕੋਈ ਵੀ 'ਬੁੱਧ' ਵਰਗਾ ਨਤੀਜਾ ਨਹੀਂ ਮਿਲਦਾ।"
ਖਗੋਲ-ਵਿਗਿਆਨੀਆਂ ਨੇ ਇਹ ਸਮਝਣ ਲਈ ਕਿ ਬੁੱਧ ਗ੍ਰਹਿ ਕਿਵੇਂ ਬਣਿਆ ਹੋਵੇਗਾ, ਸਾਲਾਂਬੱਧੀ ਮਾਡਲਾਂ ਨੂੰ ਸੁਧਾਰਨ ਅਤੇ ਵਿਚਾਰਾਂ ਦੀ ਪਰਖ ਕਰਨ ਵਿੱਚ ਬਿਤਾਏ ਹਨ, ਅਤੇ ਹੁਣ ਕੁਝ ਪ੍ਰਮੁੱਖ ਸੰਭਾਵਨਾਵਾਂ ਸਾਹਮਣੇ ਆਈਆਂ ਹਨ।
ਸਭ ਤੋਂ ਵੱਧ ਵਿਚਾਰੇ ਗਏ ਵਿਚਾਰਾਂ ਵਿੱਚੋਂ ਇੱਕ ਇਹ ਹੈ ਕਿ ਬੁੱਧ ਕਿਸੇ ਸਮੇਂ ਬਹੁਤ ਵੱਡਾ ਸੀ ਸ਼ਾਇਦ ਆਪਣੇ ਮੌਜੂਦਾ ਆਕਾਰ ਤੋਂ ਦੁੱਗਣਾ ਅਤੇ ਮੰਗਲ ਗ੍ਰਹਿ ਦੇ ਆਕਾਰ ਦੇ ਬਰਾਬਰ। ਹੋ ਸਕਦਾ ਹੈ ਕਿ ਇਹ ਸੂਰਜ ਤੋਂ ਦੂਰ ਕਿਤੇ ਚੱਕਰ ਲਗਾ ਰਿਹਾ ਹੋਵੇ।
ਇਸ ਗੱਲ ਨੂੰ ਬੁੱਧ ਗ੍ਰਹਿ 'ਤੇ ਪਾਏ ਗਏ ਪੋਟਾਸ਼ੀਅਮ ਅਤੇ ਥੋਰੀਅਮ ਦੇ ਪੱਧਰਾਂ ਦੀ ਸ਼ਹਾਦਤ ਮਿਲਦੀ ਹੈ, ਜੋ ਕਿ ਮੰਗਲ ਗ੍ਰਹਿ ਦੇ ਪੱਧਰਾਂ ਨਾਲ ਬਹੁਤ ਜ਼ਿਆਦਾ ਮਿਲਦੇ-ਜੁਲਦੇ ਹਨ। ਇੱਕ ਅਜਿਹਾ ਗ੍ਰਹਿ ਜੋ ਸੂਰਜ ਤੋਂ ਵਧੇਰੇ ਦੂਰੀ 'ਤੇ ਬਣਿਆ ਸੀ।
ਸਿਧਾਂਤ ਇਹ ਹੈ ਕਿ ਇਸ ਗ੍ਰਹਿ ਦੇ ਮੁੱਢਲੇ 10 ਕਰੋੜ ਸਾਲਾਂ ਦੌਰਾਨ ਕੋਈ ਬਹੁਤ ਵਿਸ਼ਾਲ ਵਸਤੂ ਇਸ ਨਾਲ ਟਕਰਾਈ ਹੋਵੇਗੀ। ਸ਼ਾਇਦ ਮੰਗਲ ਗ੍ਰਹਿ ਜਿੰਨਾ ਹੀ ਵੱਡਾ ਕੁਝ। ਉਸ ਟੱਕਰ ਨੇ ਗ੍ਰਹਿ ਦੀਆਂ ਬਾਹਰੀ ਤਹਿਆਂ ਨੂੰ ਉਖਾੜ ਦਿੱਤਾ ਅਤੇ ਸਿਰਫ ਸੰਘਣਾ ਲੋਹੇ ਵਾਲਾ ਕੋਰ ਹੀ ਬਾਕੀ ਰਹਿ ਗਿਆ, ਜੋ ਅਸੀਂ ਅੱਜ ਦੇਖਦੇ ਹਾਂ।
ਨਾਈਸ, ਫਰਾਂਸ ਵਿੱਚ ਕੋਟ ਡੀ ਅਜ਼ੂਰ ਆਬਜ਼ਰਵੇਟਰੀ ਦੇ ਗ੍ਰਹਿ ਗਤੀਸ਼ੀਲਤਾ ਵਿਗਿਆਨੀ ਅਲੇਸੈਂਡਰੋ ਮੋਰਬਿਡੇਲੀ ਕਹਿੰਦੇ ਹਨ ਕਿ ਸ਼ਾਇਦ ਇਸੇ ਵਿਆਖਿਆ ਨੂੰ ਵਰਤਮਾਨ ਵਿੱਚ ਖਗੋਲ ਵਿਗਿਆਨੀਆਂ ਦੁਆਰਾ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ।
ਉਹ ਕਹਿੰਦੇ ਹਨ, "ਆਮ ਧਾਰਨਾ ਇਹ ਹੈ ਕਿ ਬੁੱਧ ਗ੍ਰਹਿ ਇੱਕ ਬਹੁਤ ਵੱਡੀ ਟੱਕਰ ਦਾ ਸ਼ਿਕਾਰ ਹੋਇਆ ਸੀ ਜਿਸ ਨੇ ਇਸਦੇ ਮੈਂਟਲ ਦਾ ਜ਼ਿਆਦਾਤਰ ਹਿੱਸਾ ਹਟਾ ਦਿੱਤਾ ਸੀ।"
ਇੱਕ ਹਲਕੀ ਟੱਕਰ ਹੋਣੀ ਚਾਹੀਦੀ ਸੀ, ਤਾਂ ਜੋ ਬੁੱਧ ਗ੍ਰਹਿ ਪੂਰੀ ਤਰ੍ਹਾਂ ਤਬਾਹ ਨਾ ਹੋ ਜਾਵੇ।
ਹਾਲਾਂਕਿ, ਸੂਰਜ ਮੰਡਲ ਦੇ ਸ਼ੁਰੂਆਤੀ ਦੌਰ ਵਿੱਚ ਟੱਕਰਾਂ ਆਮ ਸਨ, ਪਰ ਬੁੱਧ ਗ੍ਰਹਿ ਤੋਂ ਇੰਨੀ ਵੱਡਾ ਮਾਤਰਾ ਵਿੱਚ ਸਮੱਗਰੀ ਉਖਾੜਨ ਲਈ 224,000 ਮੀਲ ਪ੍ਰਤੀ ਘੰਟਾ ਤੋਂ ਵੀ ਵੱਧ ਗਤੀ ਨਾਲ ਬਹੁਤ ਹੀ ਭਿਆਨਕ ਟੱਕਰ ਹੋਵੇਗੀ।
ਕੈਂਬਿਓਨੀ ਦੇ ਅਨੁਸਾਰ ਇਹ ਹਾਲਾਤ ਸੰਭਾਵਨਾ ਤੋਂ ਘੱਟ ਮੰਨੇ ਜਾਂਦੇ ਹਨ, ਕਿਉਂਕਿ ਜ਼ਿਆਦਾਤਰ ਪਿੰਡ ਸੂਰਜ ਦੇ ਆਲੇ ਦੁਆਲੇ ਇੱਕੋ ਦਿਸ਼ਾ ਅਤੇ ਲਗਭਗ ਇੱਕੋ ਗਤੀ ਨਾਲ ਘੁੰਮ ਰਹੇ ਹੁੰਦੇ ਹਨ, ਬਿਲਕੁਲ ਉਸ ਤਰ੍ਹਾਂ ਜਿਵੇਂ ਗੋਲ ਚੱਕਰ 'ਤੇ ਗੱਡੀਆਂ।

ਇਸ ਤਰ੍ਹਾਂ ਦੀ ਟੱਕਰ ਨਾਲ ਬੁੱਧ ਗ੍ਰਹਿ ਤੋਂ ਥੋਰੀਅਮ ਵਰਗੇ ਉੱਡਣਸ਼ੀਲ ਤੱਤ ਵੀ ਖ਼ਤਮ ਹੋ ਜਾਣੇ ਚਾਹੀਦੇ ਸਨ, ਪਰ ਮੈਸੈਂਜਰ ਦੁਆਰਾ ਇਨ੍ਹਾਂ ਦੀ ਮੌਜੂਦਗੀ ਦਾ ਪਤਾ ਲਗਾਉਣਾ ਵਿਗਿਆਨੀਆਂ ਲਈ ਉਲਝਣ ਬਣੀ ਹੋਈ ਹੈ। ਸਵਾਲ ਇਹ ਹੈ ਕਿ ਇੰਨੀ ਧਮਾਕੇਦਾਰ ਘਟਨਾ ਤੋਂ ਬਾਅਦ ਇਹ ਤੱਤ ਕਿਵੇਂ ਬਚ ਗਏ।
ਟੱਕਰ ਤੋਂ ਬਿਨ੍ਹਾਂ ਵੀ ਇਹ ਸਪਸ਼ਟ ਨਹੀਂ ਕਿ ਇਹ ਤੱਤ ਬੁੱਧ ਗ੍ਰਹਿ 'ਤੇ ਕਿਵੇਂ ਮੌਜੂਦ ਰਹਿ ਸਕਦੇ ਹਨ।
ਯੂਕੇ ਦੀ ਓਪਨ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨੀ ਡੇਵਿਡ ਰੋਥਰੀ ਕਹਿੰਦੇ ਹਨ ਕਿ ਸੂਰਜ ਦੇ ਇੰਨੇ ਨੇੜੇ ਹੋਣ ਵਾਲਾ ਪਿੰਡ ਉੱਡਣਸ਼ੀਲ ਤੱਤਾਂ ਨਾਲ ਭਰਪੂਰ ਨਹੀਂ ਹੋਣਾ ਚਾਹੀਦਾ।
ਉਹ ਬੇਪੀਕੋਲੰਬੋ ਮਿਸ਼ਨ ਦੇ ਮਰਕਰੀ ਇਮੇਜਿੰਗ ਐਕਸ-ਰੇ ਸਪੈਕਟਰੋਮੀਟਰ ਉਪਕਰਣ ਦੀ ਅਗਵਾਈ ਵੀ ਕਰ ਰਹੇ ਹਨ, ਜੋ ਗ੍ਰਹਿ ਦੇ ਉੱਡਣਸ਼ੀਲ ਤੱਤਾਂ ਦਾ ਅਧਿਐਨ ਕਰੇਗਾ।
ਰੋਥਰੀ ਸਵਾਲ ਕਰਦੇ ਹਨ ਕਿ ਕੀ ਬੁੱਧ ਗ੍ਰਹਿ ਪਹਿਲਾਂ ਸੂਰਜ ਤੋਂ ਦੂਰ ਬਣਿਆ ਸੀ ਜਾਂ ਫਿਰ ਉਹ ਪਦਾਰਥ, ਜਿਸ ਨਾਲ ਬੁੱਧ ਗ੍ਰਹਿ ਬਣਿਆ, ਸੂਰਜ ਤੋਂ ਦੂਰਲੇ ਖੇਤਰਾਂ ਤੋਂ ਆਇਆ ਸੀ।
ਇਹ ਵੀ ਸੰਭਵ ਹੈ ਕਿ ਬੁੱਧ ਗ੍ਰਹਿ ਨਾਲ ਕੋਈ ਟੱਕਰ ਨਾ ਹੋਈ ਹੋਵੇ, ਸਗੋਂ ਬੁੱਧ ਗ੍ਰਹਿ ਖ਼ੁਦ ਇੱਕ ਹੋਰ ਗ੍ਰਹਿ ਨਾਲ ਟੱਕਰ ਮਾਰਨ ਵਾਲਾ ਰਿਹਾ ਹੋਵੇ, ਜਿਵੇਂ ਸ਼ੁੱਕਰ ਗ੍ਰਹਿ ਅਤੇ ਬਾਅਦ ਵਿੱਚ ਆਪਣੀ ਮੌਜੂਦਾ ਥਾਂ 'ਤੇ ਆ ਗਿਆ ਹੋਵੇ।
ਇਹ ਵਿਚਾਰ ਇਸ ਲਈ ਆਕਰਸ਼ਕ ਹੈ ਕਿਉਂਕਿ ਇਸ ਤਰ੍ਹਾਂ ਦੀ ਟੱਕਰ ਵਿੱਚ ਬੁੱਧ ਗ੍ਰਹਿ ਦੀ ਉੱਪਰੀ ਪਰਤ ਹਟਾਉਣਾ ਸੌਖਾ ਹੋ ਸਕਦਾ ਹੈ। ਬੈਲਜੀਅਮ ਦੀ ਕੈਥੋਲਿਕ ਯੂਨੀਵਰਸਿਟੀ ਆਫ਼ ਲੂਵਨ ਦੇ ਗ੍ਰਹਿ ਵਿਗਿਆਨੀ ਓਲਿਵੀਏ ਨਾਮੂਰ ਕਹਿੰਦੇ ਹਨ ਕਿ ਬੁੱਧ ਗ੍ਰਹਿ ਨੂੰ ਸਮਝਾਉਣਾ ਆਸਾਨ ਹੈ ਜੇ ਉਹ ਟੱਕਰ ਮਾਰਨ ਵਾਲਾ ਸੀ, ਨਾ ਕਿ ਟੱਕਰ ਸਹਿਣ ਵਾਲਾ।
ਸ਼ੁਰੂਆਤੀ ਸੂਰਜ ਮੰਡਲ ਵਿੱਚ ਇਸ ਤਰ੍ਹਾਂ ਦੇ ਹੋਰ ਗ੍ਰਹਿ-ਆਕਾਰ ਗੋਲੇ ਵੀ ਰਹੇ ਹੋਣਗੇ। ਮੰਨਿਆ ਜਾਂਦਾ ਹੈ ਕਿ ਸਾਡਾ ਚੰਨ ਮੰਗਲ ਗ੍ਰਹਿ ਦੇ ਆਕਾਰ ਦੇ ਥੀਆ ਨਾਮ ਦੀ ਕੋਈ ਚੀਜ਼ ਦੀ ਧਰਤੀ ਨਾਲ ਟੱਕਰ ਤੋਂ ਬਣਿਆ, ਜਿਸ ਨਾਲ ਧਰਤੀ ਦਾ ਵੱਡਾ ਹਿੱਸਾ ਉਖੜ ਗਿਆ।
ਬੁੱਧ ਗ੍ਰਹਿ ਨਾਲ ਸਬੰਧਤ ਹਰ ਟੱਕਰ ਵਾਲੇ ਮਾਡਲ ਵਿੱਚ ਇਹ ਗੱਲ ਸਪਸ਼ਟ ਨਹੀਂ ਕਿ ਪੁਲਾੜ ਵਿੱਚ ਸੁੱਟਿਆ ਗਿਆ ਪੱਥਰੀਲਾ ਮਲਬਾ ਵਾਪਸ ਗ੍ਰਹਿ 'ਤੇ ਕਿਉਂ ਨਹੀਂ ਡਿੱਗਿਆ ਜਾਂ ਫਿਰ ਉਸ ਦੇ ਆਪਣੇ ਚੰਦਰਮਾ ਕਿਉਂ ਨਹੀਂ ਬਣੇ, ਜਦਕਿ ਬੁੱਧ ਗ੍ਰਹਿ ਦਾ ਕੋਈ ਚੰਦਰਮਾ ਨਹੀਂ ਹੈ।
ਇੱਕ ਸੰਭਾਵਨਾ ਕੋਲਿਜ਼ਨਲ ਗ੍ਰਾਈਡਿੰਗ ਨਾਮ ਦੀ ਪ੍ਰਕਿਰਿਆ ਹੋ ਸਕਦੀ ਹੈ, ਇਸ ਵਿੱਚ ਬੁੱਧ ਗ੍ਰਹਿ ਤੋਂ ਨਿਕਲਿਆ ਧੂੜ ਵਿੱਚ ਟੁੱਟ ਗਿਆ ਹੋਵੇ ਅਤੇ ਫਿਰ ਸੂਰਜੀ ਹਵਾ ਦੇ ਤੇਜ਼ ਝੋਕੇ ਨਾਲ ਉੱਡ ਗਿਆ।
ਕੈਨੇਡਾ ਦੀ ਯੂਨੀਵਰਸਿਟੀ ਆਫ਼ ਟੋਰਾਂਟੋ ਦੀ ਗ੍ਰਹਿ ਬਣਤਰ ਵਿਸ਼ੇਸ਼ਗਿਆ ਜੈਨੀਫਰ ਸਕੋਰਾ ਕਹਿੰਦੀ ਹਨ, "ਕੋਲਿਜ਼ਨਲ ਗ੍ਰਾਈਡਿੰਗ ਵਿੱਚ ਮਲਬਾ ਆਪਣੇ ਆਪ ਛੋਟੇ ਤੋਂ ਹੋਰ ਛੋਟੇ ਟੁੱਕੜਿਆਂ ਵਿੱਚ ਪਿਸਦਾ ਜਾਂਦਾ ਹੈ।"
ਉਹ ਕਹਿੰਦੇ ਹਨ, "ਇਸ ਨਾਲ ਅੰਤ ਵਿੱਚ ਇੱਕ ਐਸਾ ਬੁੱਧ ਗ੍ਰਹਿ ਬਣਦਾ ਹੈ ਜੋ ਛੋਟਾ ਵੀ ਹੁੰਦਾ ਹੈ ਅਤੇ ਵੱਧ ਘਣਤਾ ਵਾਲਾ ਵੀ।"
ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲਈ ਲੋੜੀਂਦੀ ਗ੍ਰਾਈਡਿੰਗ ਦੀ ਦਰ ਕਾਫ਼ੀ ਉੱਚੀ ਹੈ ਅਤੇ ਸ਼ਾਇਦ ਉਨੀ ਨਹੀਂ ਜਿੰਨੀ ਅਸੀਂ ਉਮੀਦ ਕਰਦੇ ਹਾਂ।

ਤਸਵੀਰ ਸਰੋਤ, NASA
ਇੱਕ ਹੋਰ ਵਿਚਾਰ ਇਹ ਹੈ ਕਿ ਕੋਈ ਵੱਡੀ ਟੱਕਰ ਹੋਈ ਹੀ ਨਾ ਹੋਵੇ। ਇਸ ਸਥਿਤੀ ਵਿੱਚ ਬੁੱਧ ਗ੍ਰਹਿ ਸੂਰਜ ਦੇ ਨੇੜੇ ਮੌਜੂਦ ਲੋਹੇ ਨਾਲ ਭਰਪੂਰ ਪਦਾਰਥ ਤੋਂ ਬਣਿਆ।
ਇਸ ਵਿਚਾਰ ਦਾ ਡੈਨਮਾਰਕ ਦੀ ਯੂਨੀਵਰਸਿਟੀ ਆਫ਼ ਕੋਪਨਹੇਗਨ ਅਤੇ ਸਵੀਡਨ ਦੀ ਲੁੰਡ ਯੂਨੀਵਰਸਿਟੀ ਦੇ ਗ੍ਰਹਿ ਬਣਤਰ ਮਾਹਰ ਆਂਡਰਸ ਜੋਹਾਨਸਨ ਸਮਰਥਨ ਕਰਦੇ ਹਨ।
ਉਹ ਕਹਿੰਦੇ ਹਨ ਕਿ ਬੁੱਧ ਗ੍ਰਹਿ ਉਸ ਖੇਤਰ ਵਿੱਚ ਬਣਿਆ ਜੋ ਹੋਰ ਗ੍ਰਹਿਆਂ ਦੇ ਮੁਕਾਬਲੇ ਕਾਫ਼ੀ ਗਰਮ ਸੀ। ਨੌਜਵਾਨ ਸੂਰਜ ਦੇ ਉਫ਼ਾਨਾਂ ਨੇ ਹਲਕੇ ਧੂੜ ਭਰੇ ਪਦਾਰਥ ਨੂੰ ਭਾਫ਼ ਬਣਾ ਦਿੱਤਾ ਅਤੇ ਸਿਰਫ਼ ਭਾਰੀ, ਲੋਹੇ ਵਾਲਾ ਪਦਾਰਥ ਹੀ ਇਕੱਠਾ ਹੋ ਸਕਿਆ।
ਜੋਹਾਨਸਨ ਕਹਿੰਦੇ ਹਨ, "ਫਿਰ ਤੁਸੀਂ ਇੱਕ ਲੋਹੇ ਨਾਲ ਭਰਪੂਰ ਗ੍ਰਹਿ ਬਣਾ ਸਕਦੇ ਹੋ।"
ਪਰ ਇਸ ਵਿਚਾਰ ਨਾਲ ਵੀ ਸਮੱਸਿਆਵਾਂ ਹਨ। ਜੇ ਇਹ ਸੱਚ ਸੀ, ਤਾਂ ਬੁੱਧ ਗ੍ਰਹਿ ਆਪਣੇ ਮੌਜੂਦਾ ਆਕਾਰ 'ਤੇ ਕਿਉਂ ਰੁਕ ਗਿਆ। ਜੋਹਾਨਸਨ ਕਹਿੰਦੇ ਹਨ, "ਆਲੇ ਦੁਆਲੇ ਕਾਫ਼ੀ ਸਮੱਗਰੀ ਹੋਣੀ ਚਾਹੀਦੀ ਸੀ।"
ਇਸ ਲਈ ਇਹ ਸਪੱਸ਼ਟ ਨਹੀਂ ਕਿ ਅਸੀਂ ਅੱਜ ਜੋ ਛੋਟਾ ਗ੍ਰਹਿ ਵੇਖ ਰਹੇ ਹਾਂ, ਉਹੀ ਕਿਉਂ ਬਣਿਆ।
ਹੋਰ ਤਾਰਿਆਂ ਦੇ ਆਲੇ ਦੁਆਲੇ ਵਿਗਿਆਨੀਆਂ ਨੇ ਬੁੱਧ ਗ੍ਰਹਿ ਦੇ ਵੱਡੇ ਰੂਪ ਵੇਖੇ ਹਨ। ਇਨ੍ਹਾਂ ਨੂੰ ਸੁਪਰ ਮਰਕਰੀ ਕਿਹਾ ਜਾਂਦਾ ਹੈ। ਇਹ ਲੋਹੇ ਨਾਲ ਭਰਪੂਰ ਅਤੇ ਬਹੁਤ ਸੰਘਣੇ ਗ੍ਰਹਿ ਹੁੰਦੇ ਹਨ। ਇਹ ਧਰਤੀ ਤੋਂ ਵੀ ਵੱਡੇ ਹੁੰਦੇ ਹਨ, ਪਰ ਫਿਰ ਵੀ ਉਨ੍ਹਾਂ ਦਾ ਕੇਂਦਰ ਵੱਡਾ ਲੋਹੇ ਦਾ ਹੁੰਦਾ ਹੈ।
ਬੁੱਧ ਗ੍ਰਹਿ ਦੇ ਆਕਾਰ ਦੇ ਗ੍ਰਹਿ ਇਸ ਲਈ ਨਹੀਂ ਮਿਲੇ ਕਿਉਂਕਿ ਉਹ ਆਪਣੇ ਤਾਰੇ ਦੀ ਚਮਕ ਅਤੇ ਗੁਰੁਤਵਾਕਰਸ਼ਣ ਦੇ ਸਾਹਮਣੇ ਬਹੁਤ ਛੋਟੇ ਦਿਸਦੇ ਹਨ।
ਕੈਂਬਿਓਨੀ ਕਹਿੰਦੇ ਹਨ ਕਿ ਸੁਪਰ ਮਰਕਰੀ ਸਾਡੀ ਗਲੈਕਸੀ ਵਿੱਚ ਕਾਫ਼ੀ ਆਮ ਹੋ ਸਕਦੇ ਹਨ।
ਉਹ ਕਹਿੰਦੇ ਹਨ ਕਿ ਇਹ ਸਾਰੇ ਗ੍ਰਹਿਆਂ ਦਾ ਲਗਭਗ 10 ਤੋਂ 20 ਫੀਸਦ ਹੋ ਸਕਦੇ ਹਨ। ਇਹ ਇੱਕ ਸਮੱਸਿਆ ਹੈ ਕਿਉਂਕਿ ਬੁੱਧ ਗ੍ਰਹਿ ਵਾਂਗ ਹੀ ਅਸੀਂ ਨਹੀਂ ਜਾਣਦੇ ਕਿ ਇਹ ਗ੍ਰਹਿ ਬਣੇ ਕਿਵੇਂ। ਇਹ ਟੱਕਰ ਵਾਲੇ ਕਿਸੇ ਵੀ ਮਾਡਲ ਨਾਲ ਬਣਨ ਲਈ ਬਹੁਤ ਵੱਡੇ ਹਨ। ਕੈਂਬਿਓਨੀ ਕਹਿੰਦੇ ਹਨ, "ਇਹ ਅਸਹਿਜ ਤੌਰ 'ਤੇ ਆਮ ਹਨ।"
ਰੇਮੰਡ ਕਹਿੰਦੇ ਹਨ ਕਿ ਇੱਕ ਹੋਰ ਸਿਧਾਂਤ ਇਹ ਹੈ ਕਿ ਅੰਦਰੂਨੀ ਗ੍ਰਹਿ ਆਪਣੀ ਮੌਜੂਦਾ ਥਾਂ 'ਤੇ ਨਹੀਂ ਬਣੇ। ਇਸ ਮਾਡਲ ਅਨੁਸਾਰ ਬੁੱਧ, ਸ਼ੁੱਕਰ, ਧਰਤੀ ਅਤੇ ਮੰਗਲ ਦੋ ਵੱਖਰੇ ਛੱਲਿਆਂ ਵਿੱਚ ਬਣੇ ਹਨ। ਧਰਤੀ ਅਤੇ ਸ਼ੁੱਕਰ ਬੁੱਧ ਦੇ ਨਾਲ ਅੰਦਰਲੇ ਛੱਲੇ ਵਿੱਚ ਬਣੇ ਹਨ। ਬਾਅਦ ਵਿੱਚ ਉਹ ਉਥੋਂ ਦੂਰ ਖਿਸਕ ਗਏ ਅਤੇ ਘੱਟ ਭਾਰ ਹੋਣ ਕਾਰਨ ਬੁੱਧ ਗ੍ਰਹਿ ਪਿੱਛੇ ਰਹਿ ਗਿਆ।
ਯੂਕੇ ਦੀ ਆਕਸਫੋਰਡ ਯੂਨੀਵਰਸਿਟੀ ਦੇ ਗ੍ਰਹਿ ਗਤੀ ਵਿਗਿਆਨੀ ਮੈਟ ਕਲੇਮੈਂਟ ਦੀ ਮਾਡਲਿੰਗ ਤੋਂ ਤਾਂ ਲੱਗਦਾ ਹੈ ਕਿ ਸੰਭਵ ਹੈ ਸਾਰੇ ਪਥਰੀਲੇ ਗ੍ਰਹਿ ਪਹਿਲਾਂ ਸੂਰਜ ਦੇ ਬਹੁਤ ਨੇੜੇ ਬਣੇ ਹੋਣ, ਬਾਅਦ ਵਿੱਚ ਉਹ ਬਾਹਰ ਵੱਲ ਚਲੇ ਗਏ।
ਉਹ ਕਹਿੰਦੇ ਹਨ, "ਬੁੱਧ ਗ੍ਰਹਿ ਇਸ ਦੌਰਾਨ ਪ੍ਰਕਿਰਿਆ ਤੋਂ ਬਾਹਰ ਹੋ ਗਿਆ ਹੋਵੇ ਕਿਉਂਕਿ ਉਸ ਕੋਲ ਪਦਾਰਥ ਖਤਮ ਹੋ ਗਿਆ ਹੋਵੇ।"
ਇਹ ਵਿਚਾਰ ਗ੍ਰਹਿ ਦੇ ਆਕਾਰ ਅਤੇ ਸ਼ੁੱਕਰ ਤੋਂ ਉਸ ਦੀ ਦੂਰੀ ਨੂੰ ਸਮਝਾਉਂਦਾ ਹੈ। ਹਾਲਾਂਕਿ ਇਹ ਕੇਂਦਰ ਦੇ ਵੱਡੇ ਹੋਣ ਦੀ ਪੂਰੀ ਵਿਆਖਿਆ ਨਹੀਂ ਕਰਦਾ। ਕਲੇਮੈਂਟ ਕਹਿੰਦੇ ਹਨ, "ਮੇਰੇ ਖ਼ਿਆਲ ਵਿੱਚ ਗ੍ਰਹਿ ਗਤੀਸ਼ੀਲਤਾ ਲਾਜ਼ਮੀ ਹੈ।"

ਤਸਵੀਰ ਸਰੋਤ, Getty Images
ਕੁਝ ਹੋਰ ਅਜੀਬ ਵਿਚਾਰ ਵੀ ਹਨ। ਇੱਕ ਵਿਚਾਰ ਇਹ ਹੈ ਕਿ ਬੁੱਧ ਗ੍ਰਹਿ ਕਿਸੇ ਗੈਸ ਵਾਲੇ ਗ੍ਰਹਿ ਦਾ ਨੰਗਾ ਕੇਂਦਰ ਹੋ ਸਕਦਾ ਹੈ, ਜਿਸਦੀ ਵਾਤਾਵਰਣੀ ਪਰਤ ਹਟ ਗਈ ਹੋਵੇ। ਹਾਲਾਂਕਿ ਇਹ ਵਿਚਾਰ ਸਾਹਮਣੇ ਰੱਖਿਆ ਗਿਆ ਹੈ, ਪਰ ਕੈਂਬਿਓਨੀ ਇਸ ਨੂੰ ਅਸੰਭਵ ਮੰਨਦੇ ਹਨ। ਉਹ ਕਹਿੰਦੇ ਹਨ, "ਬ੍ਰਹਿਸਪਤਿ ਜਿਹੇ ਗ੍ਰਹਿ ਦੀ ਵਾਤਾਵਰਣੀ ਪਰਤ ਹਟਾਉਣਾ ਉਸ ਦੀ ਭਾਰੀ ਗੁਰੁਤਾਕਰਸ਼ਣ ਕਰਕੇ ਬਹੁਤ ਮੁਸ਼ਕਲ ਹੈ।"
ਇਹ ਸਾਰੀਆਂ ਗੱਲਾਂ ਖਗੋਲ ਵਿਗਿਆਨੀਆਂ ਨੂੰ ਕਈ ਸੰਕੇਤ ਦਿੰਦੀਆਂ ਹਨ। ਪਰ ਬੁੱਧ ਗ੍ਰਹਿ ਦੇ ਬਣਨ ਬਾਰੇ ਅਜੇ ਤੱਕ ਕੋਈ ਸਪੱਸ਼ਟ ਸਹਿਮਤੀ ਨਹੀਂ ਬਣੀ। ਬੇਪੀਕੋਲੰਬੋ ਮਿਸ਼ਨ ਸ਼ਾਇਦ ਕੁਝ ਜਵਾਬ ਦੇ ਸਕਣ।
ਜਦੋਂ ਇਹ ਮਿਸ਼ਨ, ਜਿਸ ਵਿੱਚ ਅਸਲ ਵਿੱਚ ਯੂਰਪੀਅਨ ਸਪੇਸ ਏਜੰਸੀ (ਈਐੱਸਏ) ਅਤੇ ਜਾਪਾਨੀ ਸਪੇਸ ਏਜੰਸੀ (ਜੇਏਐਕਸਏ) ਵੱਲੋਂ ਆਪਰੇਟ ਕੀਤੇ ਜਾਣ ਵਾਲੇ ਜੋ ਸਪੇਸਕ੍ਰਾਫਟ ਨਾਲ ਜੁੜੇ ਹੋਏ ਹਨ, ਬੁੱਧ ਨੂੰ ਚਾਰੋਂ ਪਾਸਿਓਂ ਓਰਬਿਟ ਵਿੱਚ ਦਾਖ਼ਲ ਹੋਵੇਗਾ ਤਾਂ ਇਹ ਵੱਖ ਜਾਣਗੇ।
ਇਸ ਤੋਂ ਬਾਅਦ ਇਹ ਆਪਣੇ ਉਪਕਰਨਾਂ ਦੀ ਵਰਤੋਂ ਕਰ ਕੇ ਬੁੱਧ ਦੀ ਸਤ੍ਹਾ ਦੀ ਬਣਾਵਟ ਦਾ ਮੈਪ ਬਣਾਉਣਗੇ, ਇਸ ਦੇ ਨਾਲ ਹੀ ਗ੍ਰਹਿ ਗੁਰੂਤਾਕਰਸ਼ਣ ਅਤੇ ਕਮਜ਼ੋਰ ਮੈਗਨੇਟਿਕ ਫੀਲਡ ਦਾ ਵੀ ਅਧਿਐਨ ਕਰਨਹ ਗੇ, ਹੋਰ ਵੀ ਨਿਗਰਾਨੀ ਕਰਨਗੇ।
ਟੋਸੀ ਕਹਿੰਦੇ ਹਨ, "ਬੇਪੀਕੋਲੰਬੋ ਵਾਧੂ ਮਾਪ ਕਰੇਗਾ, ਜੋ ਸਾਨੂੰ ਗ੍ਰਹਿ ਦੇ ਮੂਲ ਬਾਰੇ ਦੱਸ ਸਕਦੇ ਹਨ।"
ਉਹ ਕਹਿੰਦੇ ਹਨ ਕਿ ਖਾਸ ਦਿਲਚਸਪੀ ਇਸ ਗੱਲ ਵਿੱਚ ਹੋਵੇਗੀ ਕਿ ਗ੍ਰਹਿ ਦੀ ਸਤ੍ਹਾ ਅਤੇ ਹੇਠਲੀ ਪਰਤ ਕਿਹੜੇ ਪਦਾਰਥ ਤੋਂ ਬਣੀ ਹੈ। ਟੋਸੀ ਕਹਿੰਦੇ ਹਨ, "ਇਹ ਬਣਤਰ ਜਾਣਨ ਨਾਲ ਗ੍ਰਹਿ ਦੇ ਬਣਨ 'ਤੇ ਪਾਬੰਦੀਆਂ ਲੱਗਦੀਆਂ ਹਨ।"
ਜੇ ਬੁੱਧ ਗ੍ਰਹਿ ਪਹਿਲਾਂ ਕਾਫ਼ੀ ਵੱਡਾ ਸੀ ਅਤੇ ਬਾਅਦ ਵਿੱਚ ਉਸ ਦੀ ਉੱਪਰੀ ਪਰਤ ਹਟ ਗਈ, ਤਾਂ ਉਸ ਸਮੇਂ ਇੱਕ ਅਸਥਾਈ ਤੌਰ 'ਤੇ ਪਿਘਲਾ ਹੋਇਆ ਮੈਂਟਲ ਬਣਿਆ ਹੋਵੇਗਾ। ਇਹ ਮੈਗਮਾ ਦਾ ਇੱਕ ਵਿਸ਼ਾਲ ਸਮੁੰਦਰ ਹੋ ਸਕਦਾ ਸੀ। ਟੋਸੀ ਕਹਿੰਦੇ ਹਨ, "ਇਹ ਇੱਕ ਖ਼ਾਸ ਤਰੀਕੇ ਨਾਲ ਠੰਢਾ ਹੁੰਦਾ ਹੈ।" ਬੇਪੀਕੋਲੰਬੋ ਇਸ ਦੇ ਨਿਸ਼ਾਨ ਲੱਭ ਸਕਦਾ ਹੈ।
ਇਸ ਸਾਲ ਸ਼ੁਰੂ ਵਿੱਚ ਭੇਜੀਆਂ ਤਸਵੀਰਾਂ ਵਿੱਚ ਇਸ ਪੁਰਾਤਨ ਮੈਗਮਾ ਸਮੁੰਦਰ ਦੇ ਸਪੱਸ਼ਟ ਸਬੂਤ ਨਹੀਂ ਮਿਲੇ। ਪਰ ਤਸਵੀਰਾਂ ਨੇ ਟੱਕਰਾਂ ਦੇ ਗੱਡਿਆਂ ਨਾਲ ਭਰੀ ਸਤ੍ਹਾ ਅਤੇ ਪੁਰਾਣੀਆਂ ਲਾਵੇ ਦੀਆਂ ਧਾਰਾਵਾਂ ਦਿਖਾਈਆਂ।
ਲਗਭਗ 3.7 ਅਰਬ ਸਾਲ ਪਹਿਲਾਂ ਆਏ ਲਾਵਾ ਦੇ ਸੈਲਾਬ ਦੇ ਨਿਸ਼ਾਨ ਵੀ ਵੇਖੇ ਗਏ। ਇੱਥੇ "ਚਿਕਨੀ" ਸਤ੍ਹਾ ਦੇ ਵੱਡੇ ਹਿੱਸਿਆਂ ਵਿੱਚ ਜਮ ਗਿਆ ਸੀ ਅਤੇ ਪੁਰਾਣੇ ਗੱਡਿਆਂ ਨੂੰ ਭਰ ਦਿੱਤਾ ਗਿਆ ਸੀ।
ਹਾਲਾਂਕਿ, ਇਹ ਉਸ ਮੈਗਮਾ ਮਹਾਸਾਗਰ ਤੋਂ ਬਹੁਤ ਨਵਾਂ ਹੈ ਜੋ ਸ਼ਾਇਦ ਸੀ, ਚਿਕਨੀ ਸਤ੍ਹਾ 'ਤੇ ਖ਼ਾਸ ਝੁਰੜੀਆਂ ਦੱਸਦੀਆਂ ਹਨ ਕਿ ਅਰਬਾਂ ਸਾਲਾਂ ਵਿੱਚ ਠੰਢਾ ਹੋਣ ਦੇ ਨਾਲ-ਨਾਲ ਗ੍ਰਹਿ ਕਾਫੀ ਸੁੰਗੜ ਗਿਆ ਹੈ।
ਪੁਲਾੜ ਯਾਨ ਦੇ ਗੁਰੂਤਾਕਰਸ਼ਣ ਮਾਪ, ਜੋ ਸੂਰਜ ਦੀ ਗੁਰੂਤਾਕਰਸ਼ਣ ਦੇ ਜਵਾਬ ਵਿੱਚ ਕਿੰਨਾ ਡਿਫਾਰਮ ਹੁੰਦਾ ਹੈ, ਇਸ ਨੂੰ ਦੇਖਦੇ ਹਨ ਸਤ੍ਹਾ ਤੋਂ ਲੇਜ਼ਰ ਨੂੰ ਉਛਾਲ ਕੇ, ਵਿਗਿਆਨੀਆਂ ਨੂੰ ਕੋਰ ਦੀ ਬਣਤਰ ਦੀ ਬਿਹਤਰ ਸਮਝ ਵੀ ਦੇਣਗੇ, ਜੋ ਕਿ ਗ੍ਰਹਿ ਦੇ ਇਤਿਹਾਸ ਵਿੱਚ ਇੱਕ ਹੋਰ ਮਹੱਤਵਪੂਰਨ ਹਿੱਸਾ ਹੈ।
ਟੋਸੀ ਕਹਿੰਦੇ ਹਨ, "ਕੋਰ ਦੀ ਰਚਨਾ ਨੂੰ ਜਾਣਨਾ ਬੁੱਧ ਕਿੱਥੋਂ ਆਉਂਦਾ ਹੈ, ਨੂੰ ਦੁਬਾਰਾ ਬਣਾਉਣ ਵਿੱਚ ਵੀ ਮਦਦ ਕਰੇਗਾ।"
ਬੇਪੀਕੋਲੰਬੋ ਤੋਂ ਇਹ ਵੀ ਉਮੀਦ ਹੈ ਕਿ ਉਹ ਬੁੱਧ ਗ੍ਰਹਿ ਉੱਤੇ ਮੌਜੂਦ ਵਾਸ਼ਪਸ਼ੀਲ ਤੱਤਾਂ ਬਾਰੇ ਹੋਰ ਜਾਣਕਾਰੀ ਦੇਵੇਗਾ, ਜੋ ਇਸ ਵੇਲੇ ਵੀ ਭੇਤ ਬਣੇ ਹੋਏ ਹਨ। ਰੋਥਰੀ ਕਹਿੰਦੇ ਹਨ, "ਅਸੀਂ ਜਾਣਦੇ ਹਾਂ ਕਿ ਬੁੱਧ ਗ੍ਰਹਿ ਵਿੱਚ ਵਾਸ਼ਪਸ਼ੀਲ ਤੱਤ ਵੱਡੀ ਮਾਤਰਾ ਵਿੱਚ ਮੌਜੂਦ ਹਨ, ਪਰ ਅਸੀਂ ਇਹ ਨਹੀਂ ਜਾਣਦੇ ਕਿ ਉਹ ਸਾਰੇ ਵਾਸ਼ਪਸ਼ੀਲ ਤੱਤ ਕਿਹੜੇ ਹਨ।"
ਇਹ ਬੁੱਧ ਗ੍ਰਹਿ ਨਾਲ ਜੁੜੇ ਹੋਰ ਭੇਤਾਂ ਨੂੰ ਸੁਲਝਾਉਣ ਵਿੱਚ ਵੀ ਮਦਦ ਕਰ ਸਕਦਾ ਹੈ, ਜਿਵੇਂ ਕਿ ਇਸ ਦੀ ਗਡਿਆਂ ਨਾਲ ਭਰੀ ਸਤਹ ਇੰਨੀ ਕਾਲੀ ਕਿਉਂ ਹੈ। ਇਹ ਗ੍ਰਹਿ ਧਰਤੀ ਦੇ ਚੰਦਰਮਾ ਦੇ ਮੁਕਾਬਲੇ ਸਿਰਫ਼ ਲਗਭਗ ਦੋ-ਤਿਹਾਈ ਰੌਸ਼ਨੀ ਹੀ ਪਰਤਾਉਂਦਾ ਹੈ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਇਸ ਦੀ ਸਤ੍ਹਾ ਉੱਤੇ ਗ੍ਰਾਫਾਈਟ ਵਰਗੀ ਕਾਲੀ ਸਮੱਗਰੀ ਦੀ ਇੱਕ ਪਰਤ ਹੋ ਸਕਦੀ ਹੈ।
ਭਵਿੱਖ ਦੇ ਜਵਾਬ
ਬੁੱਧ ਦੀ ਉਤਪਤੀ ਨੂੰ ਸੱਚਮੁੱਚ ਸਮਝਣ ਲਈ, ਵਿਗਿਆਨੀ ਕਿਸੇ ਦਿਨ ਇਸ ਗ੍ਰਹਿ 'ਤੇ ਉਤਰਨ ਦਾ ਸੁਪਨਾ ਦੇਖਦੇ ਹਨ... ਅਤੇ ਸ਼ਾਇਦ ਉਥੋਂ ਨਮੂਨੇ ਲੈ ਕੇ ਵਾਪਸ ਧਰਤੀ 'ਤੇ ਲਿਆਉਣ ਦਾ ਵੀ।
ਫਿਲਹਾਲ ਬੁੱਧ ਦੀ ਉਤਪਤੀ ਦੀ ਬੁਝਾਰਤ ਬਣੀ ਹੋਈ ਹੈ। ਸਾਡੇ ਸੂਰਜੀ ਮੰਡਲ ਵਿੱਚ ਇਹ ਅਜੀਬੋ-ਗਰੀਬ ਛੋਟਾ ਅਤੇ ਬਹੁਤ ਜ਼ਿਆਦਾ ਧਾਤੂ ਵਾਲਾ ਗ੍ਰਹਿ ਕਿਉਂ ਹੈ?
ਸਕੋਰਾ ਕਹਿੰਦੇ ਹਨ, ''ਇਹ ਸੰਭਵ ਹੈ ਕਿ ਬੁੱਧ ਸਿਰਫ਼ ਇੱਕ ਅਣਹੋਣਾ ਗ੍ਰਹਿ ਹੈ, ਇੱਕ ਅਜਿਹਾ ਗ੍ਰਹਿ ਜਿਸਦਾ ਜ਼ਿਆਦਾਤਰ ਹਾਲਾਤਾਂ ਵਿੱਚ ਵਜੂਦ ਨਹੀਂ ਹੋਣਾ ਚਾਹੀਦਾ ਸੀ ਪਰ ਸਾਡੇ ਸੂਰਜੀ ਮੰਡਲ ਵਿੱਚ ਇਹ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












