ਭਾਰਤ ਵਿੱਚ ਪ੍ਰਾਇਵੇਟ ਜਾਸੂਸ ਕਿਵੇਂ ਕੰਮ ਕਰਦੇ ਹਨ, ਕਿਹੜੇ ਖ਼ਤਰੇ ਜਾਸੂਸੀ ਵਿੱਚ ਹਨ, ਇੱਕ ਪ੍ਰਾਇਵੇਟ ਮਹਿਲਾ ਜਾਸੂਸ ਤੋਂ ਜਾਣੋ

ਜਾਸੂਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਧੀ ਦੱਸਦੇ ਹਨ ਕਿ ਜਦੋਂ ਵੀ ਉਹ ਕਿਸੇ ਜਾਸੂਸੀ ਮਿਸ਼ਨ 'ਤੇ ਕਿਸੇ ਟੀਮ ਜਾਂ ਵਿਅਕਤੀ ਨੂੰ ਭੇਜਦੇ ਹਨ, ਤਾਂ ਉਨ੍ਹਾਂ ਦੀ ਸੁਰੱਖਿਆ ਦੀ ਨਿਗਰਾਨੀ ਉਹ ਖ਼ੁਦ ਕਰਦੇ ਹਨ
    • ਲੇਖਕ, ਸੋਹੈਲ ਅਖ਼ਤਰ ਕਾਸਮੀ
    • ਰੋਲ, ਬੀਬੀਸੀ ਉਰਦੂ

ਨਿਧੀ ਜੈਨ ਦੀਆਂ ਨਜ਼ਰਾਂ ਫ਼ੋਨ 'ਤੇ ਟਿਕੀਆਂ ਹੋਈਆਂ ਸਨ, ਜਿਵੇਂ ਉਹ ਕਿਸੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋਣ - ਕਿਸੇ ਦੇ ਮੈਸੇਜ ਜਾਂ ਫ਼ੋਨ ਦਾ।

ਉਨ੍ਹਾਂ ਦੇ ਚਿਹਰੇ 'ਤੇ ਇੰਤਜ਼ਾਰ ਦੇ ਨਾਲ-ਨਾਲ ਕਿਸੇ ਸੰਭਾਵਿਤ ਖ਼ਤਰੇ ਦੀ ਝਲਕ ਵੀ ਸਾਫ਼ ਸੀ। ਉਸੇ ਵੇਲੇ ਉਨ੍ਹਾਂ ਦਾ ਖ਼ਾਸ ਸਹਾਇਕ ਕਮਰੇ ਵਿੱਚ ਆਉਂਦਾ ਹੈ ਅਤੇ ਉਨ੍ਹਾਂ ਦੇ ਕੰਨ ਵਿੱਚ ਕੁਝ ਫੁਸਫੁਸਾਉਂਦਾ ਹੈ। ਹੁਣ ਨਿਧੀ ਦੀ ਬੇਚੈਨੀ ਖ਼ਤਮ ਹੋ ਚੁੱਕੀ ਸੀ।

ਇਸ ਬਾਰੇ ਸਵਾਲ ਪੁੱਛਣ 'ਤੇ ਨਿਧੀ ਦੱਸਦੇ ਹਨ ਕਿ ਇੱਕ ਸੰਵੇਦਨਸ਼ੀਲ ਮਾਮਲੇ ਦੀ ਜਾਸੂਸੀ ਲਈ ਉਨ੍ਹਾਂ ਦੀ ਟੀਮ ਬਾਹਰ ਸੀ, ਉਸ ਮਿਸ਼ਨ ਦਾ ਇੱਕ ਖ਼ਾਸ ਓਪਰੇਸ਼ਨ ਹੁਣ ਪੂਰਾ ਹੋ ਗਿਆ ਹੈ।

ਨਿਧੀ ਜੈਨ ਪੇਸ਼ੇ ਤੋਂ ਇੱਕ ਪ੍ਰਾਈਵੇਟ ਜਾਸੂਸ (ਡਿਟੈਕਟਿਵ) ਹਨ ਅਤੇ ਕਾਰਪੋਰੇਟ ਦੀ ਤਰਜ ਦਾ ਉਨ੍ਹਾਂ ਦਾ ਦਫ਼ਤਰ ਉੱਤਰੀ ਦਿੱਲੀ ਵਿੱਚ ਸਥਿਤ ਹੈ।

ਕਈ ਵੱਡੇ ਕਮਰਿਆਂ ਦੀਆਂ ਕੰਧਾਂ 'ਤੇ ਨਿਧੀ ਜੈਨ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਹ ਤਸਵੀਰਾਂ ਜਾਸੂਸੀ ਦੇ ਖੇਤਰ ਵਿੱਚ ਉਨ੍ਹਾਂ ਦੀ ਕਾਮਯਾਬੀ ਦੀਆਂ ਕਹਾਣੀਆਂ ਸੁਣਾਉਂਦੀਆਂ ਹਨ।

ਨਿਧੀ ਨੂੰ ਪਹਿਲਾਂ ਜਾਸੂਸੀ ਦਾ ਸ਼ੌਕ ਨਹੀਂ ਸੀ। ਉਹ ਤਾਂ ਇੱਕ ਇਨਵੈਸਟਮੈਂਟ ਬੈਂਕਰ ਸਨ ਅਤੇ ਇੱਕ ਨਿੱਜੀ ਬੈਂਕ ਵਿੱਚ ਕੰਮ ਕਰਦੇ ਸਨ। ਉੱਥੇ ਹੀ ਉਨ੍ਹਾਂ ਦੀ ਮੁਲਾਕਾਤ ਇੱਕ ਜਾਸੂਸ ਨਮਨ ਜੈਨ ਨਾਲ ਹੋਈ।

ਮੁਲਾਕਾਤ ਦਾ ਮਕਸਦ ਨਮਨ ਜੈਨ ਨੂੰ ਇਨਵੈਸਟਮੈਂਟ ਦੇ ਤਰੀਕੇ ਦੱਸਣਾ ਅਤੇ ਸਮਝਾਉਣਾ ਸੀ, ਪਰ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਨੂੰ ਨਮਨ ਨਾਲ ਇਸ਼ਕ ਹੋ ਗਿਆ।

'ਪਸੰਦੀਦਾ ਵਿਸ਼ਾ: ਧੋਖਾਧੜੀ ਅਤੇ ਵਿੱਤੀ ਅਪਰਾਧ'

ਜਾਸੂਸੀ

ਤਸਵੀਰ ਸਰੋਤ, Getty Images

ਨਮਨ ਜੈਨ ਦਾ ਜਾਸੂਸਾਂ ਵਾਲਾ ਅੰਦਾਜ਼ ਅਤੇ ਬੋਲਣ ਦਾ ਤਰੀਕਾ ਨਿਧੀ ਨੂੰ ਇੰਨਾ ਕੀਲ ਗਿਆ ਕਿ ਨਿਧੀ ਨੇ ਨਾ ਸਿਰਫ਼ ਨਮਨ ਨੂੰ ਅਪਣਾਇਆ, ਸਗੋਂ ਨਮਨ ਦੇ ਪੇਸ਼ੇ ਨੂੰ ਵੀ ਅਪਣਾ ਲਿਆ।

ਨਿਧੀ ਦੱਸਦੇ ਹਨ ਕਿ ਜਦੋਂ ਵੀ ਉਹ ਕਿਸੇ ਜਾਸੂਸੀ ਮਿਸ਼ਨ 'ਤੇ ਕਿਸੇ ਟੀਮ ਜਾਂ ਵਿਅਕਤੀ ਨੂੰ ਭੇਜਦੇ ਹਨ, ਤਾਂ ਉਨ੍ਹਾਂ ਦੀ ਸੁਰੱਖਿਆ ਦੀ ਨਿਗਰਾਨੀ ਉਹ ਖ਼ੁਦ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਜਾਸੂਸੀ ਇੱਕ ਬਹੁਤ ਹੀ ਮੁਸ਼ਕਲ ਕੰਮ ਹੈ ਅਤੇ ਫੜ੍ਹੇ ਜਾਣ 'ਤੇ ਜਾਨ ਦਾ ਖ਼ਤਰਾ ਵੀ ਹੁੰਦਾ ਹੈ।

ਉਨ੍ਹਾਂ ਨੂੰ ਉਹ ਸਮਾਂ ਵੀ ਯਾਦ ਹੈ ਜਦੋਂ ਉਨ੍ਹਾਂ ਨੇ ਬਾਲੀਵੁੱਡ ਦੀ ਇੱਕ ਮਸ਼ਹੂਰ ਹਸਤੀ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਦੀ ਜਾਸੂਸੀ ਕੀਤੀ ਸੀ, ਅਤੇ ਸਬੂਤ ਇਕੱਠੇ ਕਰਨ ਲਈ ਇੱਕ ਟੀਮ ਨੂੰ ਲੰਡਨ ਭੇਜਿਆ ਸੀ। ਉਸ ਮਿਸ਼ਨ ਵਿੱਚ ਵਿਦੇਸ਼ੀ ਧਰਤੀ 'ਤੇ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ ਸੀ।

ਉਨ੍ਹਾਂ ਦੱਸਿਆ, "ਸਾਨੂੰ ਅੰਦਾਜ਼ਾ ਸੀ ਕਿ ਜਿਸ ਦੀ ਅਸੀਂ ਜਾਸੂਸੀ ਕਰ ਰਹੇ ਹਾਂ, ਉਸ ਨੂੰ ਸਾਡੀ ਮੌਜੂਦਗੀ ਦਾ ਪਤਾ ਨਹੀਂ ਹੈ, ਇਸ ਦੇ ਬਾਵਜੂਦ ਅਸੀਂ ਇਸ ਤਰ੍ਹਾਂ ਸਾਵਧਾਨੀ ਵਰਤ ਰਹੇ ਸੀ ਜਿਵੇਂ ਉਹ ਹਸਤੀ ਸਾਨੂੰ ਜਾਣਦੀ ਹੋਵੇ।"

ਨਿਧੀ ਜੈਨ, ਪ੍ਰਾਈਵੇਟ ਡਿਟੈਕਟਿਵ

ਬੀਬੀਸੀ ਉਰਦੂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਆਪਣੇ ਪਤੀ ਨਮਨ ਜੈਨ ਨਾਲ ਮਿਲ ਕੇ ਜਾਸੂਸਾਂ ਦੀ ਇੱਕ ਫ਼ਰਮ ਚਲਾਉਂਦੇ ਹਨ, ਜੋ ਬਾਲੀਵੁੱਡ, ਸਿਆਸੀ ਹਸਤੀਆਂ ਅਤੇ ਵਿਆਹ, ਪ੍ਰੇਮ ਪ੍ਰਸੰਗ, ਬੇਵਫ਼ਾਈ, ਕਾਰਪੋਰੇਟ ਮਾਮਲਿਆਂ, ਜਾਇਦਾਦ, ਪਰਿਵਾਰਕ ਝਗੜਿਆਂ ਅਤੇ ਬੱਚਿਆਂ ਦੀ ਨਿਗਰਾਨੀ ਵਰਗੇ ਮਾਮਲਿਆਂ ਦੀ ਜਾਸੂਸੀ ਕਰਦੀ ਹੈ। ਇਨ੍ਹਾਂ ਸਾਰੇ ਸੰਵੇਦਨਸ਼ੀਲ ਮਾਮਲਿਆਂ ਲਈ ਉਨ੍ਹਾਂ ਨੇ ਇੱਕ ਕੰਪਨੀ ਬਣਾਈ ਹੈ, ਜਿਸਦਾ ਨਾਮ 'ਸਲੂਥਸ ਇੰਡੀਆ' ਹੈ।

ਇਸ ਨਾਮ ਵਿੱਚ 'ਸਲੂਥਸ' ਦਾ ਅਰਥ ਜਾਸੂਸ ਜਾਂ ਜਾਸੂਸੀ ਕਰਨ ਵਾਲਾ ਹੁੰਦਾ ਹੈ। ਨਿਧੀ ਦੇ ਅਨੁਸਾਰ ਉਨ੍ਹਾਂ ਕੋਲ ਲਗਭਗ 200 ਜਾਸੂਸ ਹਨ ਅਤੇ ਉਨ੍ਹਾਂ ਵਿੱਚੋਂ ਅੱਧੀਆਂ ਮਹਿਲਾਵਾਂ ਹਨ ਜੋ ਪੂਰੀ ਮਿਹਨਤ ਨਾਲ ਕੰਮ ਕਰਦੀਆਂ ਹਨ।

ਨਿਧੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਚਪਨ ਵੀ ਨਾਵਲ ਪੜ੍ਹਦੇ ਹੋਏ ਬੀਤਿਆ ਹੈ। ਉਹ ਅਗਾਥਾ ਕ੍ਰਿਸਟੀ (ਮਸ਼ਹੂਰ ਜਾਸੂਸੀ ਨਾਵਲਕਾਰ) ਦੇ ਨਾਵਲ ਪੜ੍ਹਦੇ ਰਹੇ ਹਨ ਅਤੇ ਇਹ ਵੀ ਜਾਣਦੇ ਸਨ ਕਿ ਕਿਸ ਤਰ੍ਹਾਂ ਮਹਾਤਮਾ ਗਾਂਧੀ ਸਾਬਰਮਤੀ ਆਸ਼ਰਮ ਵਿੱਚ ਹਰ ਕੇਸ ਨੂੰ ਹੱਲ ਕਰਦੇ ਸਨ।

ਨਿਧੀ ਸਾਲ 2004 ਵਿੱਚ ਜਾਸੂਸ ਬਣੇ ਸਨ ਅਤੇ ਆਪਣੇ ਕੰਮ ਲਈ 2017 ਵਿੱਚ 'ਇਨਵੈਸਟੀਗੇਸ਼ਨ ਲੀਡਰਸ਼ਿਪ ਐਵਾਰਡ' ਜਿੱਤ ਚੁੱਕੇ ਹਨ।

ਉਹ ਕਹਿੰਦੇ ਹਨ, "ਹਰ ਕੇਸ ਵੱਖਰਾ ਹੁੰਦਾ ਹੈ। ਹਰ ਦਿਨ ਇੱਕ ਨਵਾਂ ਦਿਨ ਹੁੰਦਾ ਹੈ। ਮੇਰਾ ਪਸੰਦੀਦਾ ਵਿਸ਼ਾ ਧੋਖਾਧੜੀ ਅਤੇ ਵਿੱਤੀ ਅਪਰਾਧ ਹਨ।"

'ਮਹਿਲਾ ਹੋਣਾ ਪਲੱਸ ਪੁਆਇੰਟ'

ਜਾਸੂਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਧੀ ਸਾਲ 2004 ਵਿੱਚ ਜਾਸੂਸ ਬਣੇ ਸਨ ਅਤੇ ਆਪਣੇ ਕੰਮ ਲਈ 2017 ਵਿੱਚ 'ਇਨਵੈਸਟੀਗੇਸ਼ਨ ਲੀਡਰਸ਼ਿਪ ਐਵਾਰਡ' ਜਿੱਤ ਚੁੱਕੇ ਹਨ (ਸੰਕੇਤਕ ਤਸਵੀਰ)

ਨਿਧੀ ਦੱਸਦੇ ਹਨ, "ਭਾਰਤ ਵਿੱਚ (ਪ੍ਰਾਈਵੇਟ) ਜਾਸੂਸੀ ਇੱਕ ਅਪਰਾਧ ਹੈ, ਪਰ ਜੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤੀ ਜਾਵੇ, ਤਾਂ ਇਹ ਨਾ ਸਿਰਫ਼ ਜਾਇਜ਼ ਹੈ ਸਗੋਂ ਸਰਕਾਰ ਵੀ ਇਸ ਦੀ ਪ੍ਰਸ਼ੰਸਾ ਕਰਦੀ ਹੈ।"

ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪੇਸ਼ੇ ਵਿੱਚ ਸਭ ਕੁਝ ਦਿਲਚਸਪ ਹੈ, ਪਰ ਬਾਲੀਵੁੱਡ ਉਨ੍ਹਾਂ ਦਾ ਸਭ ਤੋਂ ਰੋਮਾਂਚਕ ਮੋਰਚਾ ਹੈ।

ਉਹ ਨਾ ਸਿਰਫ਼ ਬਾਲੀਵੁੱਡ ਦੀਆਂ ਕਈ ਨਾਮੀ-ਗਿਰਾਮੀ ਹਸਤੀਆਂ ਦੀ ਜਾਸੂਸੀ ਕਰ ਚੁੱਕੇ ਹਨ, ਸਗੋਂ ਹੁਣ ਉਹ ਫ਼ਿਲਮਾਂ ਵਿੱਚ ਜਾਸੂਸ ਦੇ ਕਿਰਦਾਰ ਲਈ ਟ੍ਰੇਨਿੰਗ ਵੀ ਦਿੰਦੇ ਹਨ। ਜਿਵੇਂ ਅਜੈ ਦੇਵਗਨ ਦੀ ਫ਼ਿਲਮ 'ਰੇਡ' ਵਿੱਚ ਉਨ੍ਹਾਂ ਨੇ ਫ਼ੀਲਡ ਇਨਪੁੱਟਸ ਦਿੱਤੇ ਸਨ।

ਨਿਧੀ ਦੱਸਦੇ ਹਨ ਕਿ ਪ੍ਰਾਈਵੇਟ ਜਾਸੂਸ ਦੀ ਅਸਲੀ ਜ਼ਿੰਦਗੀ ਫ਼ਿਲਮੀ ਜਾਸੂਸਾਂ ਤੋਂ ਬਿਲਕੁਲ ਵੱਖਰੀ ਹੁੰਦੀ ਹੈ, "ਅਸੀਂ ਉਸ ਤਰ੍ਹਾਂ ਕਿਸੇ ਦਾ ਪਿੱਛਾ ਨਹੀਂ ਕਰਦੇ ਜਿਵੇਂ ਫ਼ਿਲਮਾਂ ਜਾਂ ਕਹਾਣੀਆਂ ਵਿੱਚ ਦਿਖਾਇਆ ਜਾਂਦਾ ਹੈ। ਕੋਈ ਖ਼ਾਸ ਵਰਦੀ ਨਹੀਂ ਹੁੰਦੀ। ਅਸੀਂ ਸਿਰਫ਼ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਦੇ ਹਾਂ ਅਤੇ ਆਮ ਲੋਕਾਂ ਵਿੱਚ ਘੁਲ-ਮਿਲ ਜਾਂਦੇ ਹਾਂ। ਕਈ ਵਾਰ ਜਦੋਂ ਸਾਨੂੰ ਖ਼ਤਰਾ ਮਹਿਸੂਸ ਹੁੰਦਾ ਹੈ, ਤਾਂ ਅਸੀਂ ਕੇਸ ਛੱਡ ਦਿੰਦੇ ਹਾਂ।"

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਸਾਡੇ ਕੰਮ ਵਿੱਚ ਮਹਿਲਾ ਹੋਣਾ ਇੱਕ ਪਲੱਸ ਪੁਆਇੰਟ ਹੈ। ਕਈ ਮਾਮਲਿਆਂ ਵਿੱਚ ਮਹਿਲਾ ਪ੍ਰਾਈਵੇਟ ਇਨਵੈਸਟੀਗੇਟਰ ਦੀ ਮੌਜੂਦਗੀ ਮਰਦਾਂ ਨਾਲੋਂ ਵੱਧ ਕਾਰਗਰ ਸਾਬਤ ਹੁੰਦੀ ਹੈ, ਕਿਉਂਕਿ ਮਹਿਲਾਵਾਂ ਵਧੇਰੇ ਆਸਾਨੀ ਨਾਲ ਲੋਕਾਂ ਵਿੱਚ ਘੁਲ-ਮਿਲ ਜਾਂਦੀਆਂ ਹਨ।"

"ਇਸ ਲਈ ਕੰਪਨੀਆਂ ਵਿੱਚ ਮਹਿਲਾ ਜਾਸੂਸਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਕਈ ਵਾਰ ਮਹਿਲਾਵਾਂ ਉਹ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਕਰ ਲੈਂਦੀਆਂ ਹਨ, ਜਿੱਥੇ ਪੁਰਸ਼ ਜਾਂਚਕਰਤਾ ਨਾਕਾਮ ਹੋ ਜਾਂਦੇ ਹਨ।"

ਨਮਨ ਜੈਨ ਨੇ ਬੀਬੀਸੀ ਉਰਦੂ ਨੂੰ ਦੱਸਿਆ, "ਨਿਧੀ ਨਾਲ ਮਿਲ ਕੇ ਸਾਡੀ ਏਜੰਸੀ ਨੇ ਹੁਣ ਤੱਕ 10 ਹਜ਼ਾਰ ਤੋਂ ਵੱਧ ਕੇਸ ਪੂਰੀ ਕਾਮਯਾਬੀ ਨਾਲ ਹੱਲ ਕੀਤੇ ਹਨ, ਜਿਨ੍ਹਾਂ ਦੀ ਬਦੌਲਤ ਸਾਡੇ ਕਲਾਇੰਟਸ ਵਿੱਚ ਅੰਤਰਰਾਸ਼ਟਰੀ ਕੰਪਨੀਆਂ, ਫ਼ਿਲਮੀ ਹਸਤੀਆਂ, ਸਿਆਸੀ ਲੋਕ ਅਤੇ ਵੱਡੇ ਸਰਕਾਰੀ ਅਧਿਕਾਰੀ ਸ਼ਾਮਲ ਹਨ।"

ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਕੰਪਨੀ, ਉਨ੍ਹਾਂ ਜਾਸੂਸੀ ਕੰਪਨੀਆਂ ਵਿੱਚ ਪਹਿਲੇ ਨੰਬਰ 'ਤੇ ਹੈ ਜੋ ਬ੍ਰਾਂਡ ਪ੍ਰਮੋਸ਼ਨ ਲਈ ਕੰਗਨਾ ਰਨੌਤ, ਤਾਪਸੀ ਪੰਨੂ ਅਤੇ ਰਾਜਕੁਮਾਰ ਰਾਓ ਵਰਗੇ ਬਾਲੀਵੁੱਡ ਸਿਤਾਰਿਆਂ ਦੀਆਂ ਸੇਵਾਵਾਂ ਲੈਂਦੀਆਂ ਹਨ।

ਨਮਨ ਦੇ ਅਨੁਸਾਰ, "ਸਾਡੀ ਮੈਨੇਜਮੈਂਟ ਟੀਮ ਵਿੱਚ ਇੰਟੈਲੀਜੈਂਸ ਬਿਊਰੋ ਦੇ ਅਫ਼ਸਰ, ਪੁਲਿਸ ਅਤੇ ਫੌਜੀ ਅਫ਼ਸਰ ਅਤੇ ਰਾ ਦੇ ਸਾਬਕਾ ਮੈਂਬਰ ਸ਼ਾਮਲ ਹਨ।"

ਉਹ ਕਹਿੰਦੇ ਹਨ, "ਸਾਡੇ ਕੰਮ ਨੂੰ ਸਰਕਾਰੀ ਪੱਧਰ 'ਤੇ ਵੀ ਸਿਰਾਹਿਆ ਜਾਂਦਾ ਹੈ। ਜਿਵੇਂ ਸਾਲ 2012 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ 'ਯੰਗ ਐਂਟਰਪ੍ਰਨਿਊਰ ਐਵਾਰਡ', 2014 ਵਿੱਚ ਗ੍ਰਹਿ ਮੰਤਰੀ ਵੱਲੋਂ 'ਇਨਵੈਸਟੀਗੇਸ਼ਨ ਐਂਟਰਪ੍ਰਨਿਊਰ ਆਫ਼ ਦ ਇਅਰ', 2017 ਵਿੱਚ 'ਇਨਵੈਸਟੀਗੇਸ਼ਨ ਲੀਡਰਸ਼ਿਪ ਐਵਾਰਡ' ਅਤੇ 2023 ਵਿੱਚ 'ਆਲ ਇੰਡੀਆ ਵੁਮਨ ਐਂਟਰਪ੍ਰਨਿਊਰ ਐਵਾਰਡ' ਮਿਲਿਆ ਜੋ ਸਾਡੇ ਲਈ ਬਹੁਤ ਹੌਸਲਾ ਵਧਾਉਣ ਵਾਲੀ ਗੱਲ ਹੈ।"

'ਕੋਰੋਨਾ ਕਾਲ ਵਿੱਚ ਵਧੀ ਡਿਮਾਂਡ'

ਜਾਸੂਸੀ
ਤਸਵੀਰ ਕੈਪਸ਼ਨ, ਨਿਧੀ ਦੱਸਦੇ ਹਨ ਕਿ ਪ੍ਰਾਈਵੇਟ ਜਾਸੂਸ ਦੀ ਅਸਲੀ ਜ਼ਿੰਦਗੀ ਫ਼ਿਲਮੀ ਜਾਸੂਸਾਂ ਤੋਂ ਬਿਲਕੁਲ ਵੱਖਰੀ ਹੁੰਦੀ ਹੈ

ਨਿਧੀ ਵਾਂਗ ਹੀ ਦਿੱਲੀ ਵਿੱਚ ਹੋਰ ਵੀ ਕਈ ਅਜਿਹੀ ਪ੍ਰਾਈਵੇਟ ਜਾਸੂਸ ਹਨ ਜੋ ਪਰਦੇ ਪਿੱਛੇ ਰਹਿ ਕੇ ਕੰਮ ਕਰਦੇ ਹਨ। ਚਾਹੇ ਘਰੇਲੂ ਝਗੜੇ ਹੋਣ, ਜ਼ਮੀਨ ਦੇ ਵਿਵਾਦ ਜਾਂ ਸਿਆਸੀ ਸਾਜ਼ਿਸ਼ਾਂ.. ਇਹ ਲੋਕ ਬਰੀਕੀ ਨਾਲ ਹਰ ਚੀਜ਼ ਨੂੰ ਦੇਖਦੇ ਹਨ, ਸਬੂਤ ਇਕੱਠੇ ਕਰਦੇ ਹਨ ਅਤੇ ਅਕਸਰ ਹੈਰਾਨ ਕਰਨ ਵਾਲੀਆਂ ਸੱਚਾਈਆਂ ਸਾਹਮਣੇ ਲਿਆਉਂਦੇ ਹਨ। ਪਰ ਉਨ੍ਹਾਂ ਦਾ ਕੰਮ ਸਿਰਫ਼ ਨਿੱਜੀ ਰਿਸ਼ਤਿਆਂ ਤੱਕ ਹੀ ਸੀਮਿਤ ਨਹੀਂ ਹੈ। ਉਨ੍ਹਾਂ ਨੇ ਸੱਤਾ ਦੇ ਗਲਤ ਇਸਤੇਮਾਲ ਦੇ ਮਾਮਲਿਆਂ ਦਾ ਵੀ ਭਾਂਡਾ ਭੰਨਿਆ ਹੈ ਅਤੇ ਅਜਿਹੀਆਂ ਬੇਵਫ਼ਾਈਆਂ ਸਾਹਮਣੇ ਲੈ ਕੇ ਆਏ ਹਨ, ਜਿਨ੍ਹਾਂ ਨੇ ਪੂਰੇ ਭਾਈਚਾਰੇ 'ਤੇ ਅਸਰ ਪਾਇਆ ਹੈ।

ਆਕ੍ਰਿਤੀ ਖੱਤਰੀ ਉਨ੍ਹਾਂ ਜਾਸੂਸਾਂ ਵਿੱਚੋਂ ਇੱਕ ਹਨ, ਜੋ ਆਪਣੀ ਟੀਮ ਵਿੱਚ ਜ਼ਿਆਦਾਤਰ ਮਹਿਲਾਵਾਂ ਨੂੰ ਰੱਖਦੇ ਹਨ ਅਤੇ ਫੀਲਡ ਵਿੱਚ ਆਪਣੇ ਤੇਜ਼-ਤਰਾਰ ਰਵੱਈਏ ਅਤੇ ਜਾਸੂਸੀ ਲਈ ਮਸ਼ਹੂਰ ਹਨ। ਕਈ ਵਾਰ ਉਨ੍ਹਾਂ ਦੀ ਪੁਲਿਸ ਨਾਲ ਵੀ ਝੜਪ ਹੋ ਚੁੱਕੀ ਹੈ।

ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਲਾਇੰਟਸ ਵਿੱਚ ਬਿਊਰੋਕ੍ਰੈਟਸ, ਸਿਆਸੀ ਆਗੂ, ਕਾਰੋਬਾਰੀ ਅਤੇ ਅਮੀਰ ਘਰਾਣੇ ਸ਼ਾਮਲ ਹਨ, ਜੋ ਆਪਣੇ ਪਰਿਵਾਰਕ ਮੈਂਬਰਾਂ ਦੀ ਨਿਗਰਾਨੀ ਕਰਵਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ-

ਉਨ੍ਹਾਂ ਅੱਗੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਉਨ੍ਹਾਂ ਦੀ ਏਜੰਸੀ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ, ਕਿਉਂਕਿ ਪਤੀ-ਪਤਨੀ ਇੱਕੋ ਘਰ ਵਿੱਚ ਲੰਮਾ ਸਮਾਂ ਬਿਤਾਉਣ ਲਈ ਮਜਬੂਰ ਸਨ ਅਤੇ 'ਸ਼ੱਕ ਦਾ ਮਾਹੌਲ' ਹੋਰ ਡੂੰਘਾ ਹੋ ਗਿਆ ਸੀ।

ਉਨ੍ਹਾਂ ਦੱਸਿਆ, "ਮੈਨੂੰ ਬਹੁਤ ਸਾਰੇ ਅਜਿਹੇ ਕੇਸ ਮਿਲੇ ਜਿੱਥੇ ਪਤੀ ਜਾਂ ਪਤਨੀ ਨੇ ਆਪਣੇ ਜੀਵਨਸਾਥੀ ਦੀਆਂ ਵਟਸਐਪ ਚੈਟਾਂ ਦੇਖਣ ਦੀ ਮੰਗ ਕੀਤੀ।"

ਆਕ੍ਰਿਤੀ ਦਾ ਕਹਿਣਾ ਹੈ ਕਿ ਜਾਸੂਸੀ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ। ਉਸ ਸਮੇਂ ਉਹ ਸਕੂਲ ਅਤੇ ਯੂਨੀਵਰਸਿਟੀ ਵਿੱਚ ਆਪਣੇ ਨਾਲ ਪੜ੍ਹਨ ਵਾਲਿਆਂ 'ਤੇ ਖੁਫ਼ੀਆ ਨਜ਼ਰ ਰੱਖਦੇ ਸਨ। ਉਨ੍ਹਾਂ ਵਿੱਚ ਹਰ ਕੇਸ ਨੂੰ ਬਰੀਕੀ ਨਾਲ ਦੇਖਣ ਅਤੇ ਵੱਖ-ਵੱਖ ਸੁਰਾਗਾਂ ਨੂੰ ਜੋੜ ਕੇ ਕਿਸੇ ਨਤੀਜੇ ਤੱਕ ਪਹੁੰਚਣ ਦੀ ਸਮਰੱਥਾ ਸੀ।

ਉਨ੍ਹਾਂ ਦੱਸਿਆ ਕਿ ਸਾਲ 2007 ਵਿੱਚ ਉਨ੍ਹਾਂ ਨੇ ਅਖ਼ਬਾਰ ਵਿੱਚ ਇੱਕ ਤਫ਼ਤੀਸ਼ੀ ਏਜੰਸੀ ਦਾ ਇਸ਼ਤਿਹਾਰ ਦੇਖਿਆ। ਇਸ ਕੰਮ ਨੂੰ ਸਮਝਣ ਦੀ ਚਾਹਤ ਕਾਰਨ ਹੀ ਉਨ੍ਹਾਂ ਨੇ ਏਜੰਸੀ ਨਾਲ ਸੰਪਰਕ ਕੀਤਾ ਅਤੇ ਬਿਨਾਂ ਕਿਸੇ ਤਜਰਬੇ ਦੇ ਹੀ ਉਨ੍ਹਾਂ ਨੂੰ ਨੌਕਰੀ ਮਿਲ ਗਈ। ਉਸ ਸਮੇਂ ਜਾਂਚਕਾਰਾਂ ਲਈ ਕੋਈ ਰਸਮੀ ਸਿਖਲਾਈ ਸੰਸਥਾ ਨਹੀਂ ਸੀ, ਇਸ ਲਈ ਉਨ੍ਹਾਂ ਨੇ ਫੀਲਡ ਵਿੱਚ ਰਹਿ ਕੇ ਹੀ ਸਾਰੇ ਜ਼ਰੂਰੀ ਹੁਨਰ ਸਿੱਖੇ, ਜਿਵੇਂ ਜਾਂਚ ਕਰਨੀ, ਬੈਕਗ੍ਰਾਊਂਡ ਚੈੱਕ ਕਰਨਾ ਅਤੇ ਸਭ ਤੋਂ ਵੱਧ, ਧੀਰਜ ਰੱਖਣਾ।

'ਚੰਗੀ ਕਮਾਈ ਕਰਦੇ ਹਨ ਪ੍ਰਾਈਵੇਟ ਜਾਸੂਸ'

ਜਾਸੂਸੀ
ਤਸਵੀਰ ਕੈਪਸ਼ਨ, ਅਜਿਹੇ ਜਾਸੂਸਾਂ ਦੇ ਕਲਾਇੰਟਸ ਵਿੱਚ ਬਿਊਰੋਕ੍ਰੈਟਸ, ਸਿਆਸੀ ਆਗੂ, ਕਾਰੋਬਾਰੀ ਅਤੇ ਅਮੀਰ ਘਰਾਣੇ ਸ਼ਾਮਲ ਹਨ, ਜੋ ਆਪਣੇ ਪਰਿਵਾਰਕ ਮੈਂਬਰਾਂ ਦੀ ਨਿਗਰਾਨੀ ਕਰਵਾਉਣਾ ਚਾਹੁੰਦੇ ਹਨ

ਆਕ੍ਰਿਤੀ ਖੱਤਰੀ ਦਾ ਦਫ਼ਤਰ ਵੀ ਆਲੀਸ਼ਾਨ ਹੈ। ਉੱਥੇ ਜ਼ਿੰਮੇਵਾਰੀਆਂ ਵੰਡੀਆਂ ਹੋਈਆਂ ਹਨ। ਕੋਈ ਜਾਸੂਸੀ ਕੇਸ ਦਾ ਮੇਮੋ ਤਿਆਰ ਕਰ ਰਿਹਾ ਹੁੰਦਾ ਹੈ, ਤਾਂ ਕੋਈ 'ਬਰਨਰ ਫ਼ੋਨ' ਦੀ ਵਰਤੋਂ ਕਰ ਰਿਹਾ ਹੁੰਦਾ ਹੈ। (ਬਰਨਰ ਫ਼ੋਨ, ਘੱਟ ਸਮੇਂ ਲਈ ਵਰਤਿਆ ਜਾਣ ਵਾਲਾ ਪ੍ਰੀਪੇਡ ਫ਼ੋਨ ਹੁੰਦਾ ਹੈ, ਜਿਸ ਨੂੰ ਆਸਾਨੀ ਨਾਲ ਨਸ਼ਟ ਕੀਤਾ ਜਾ ਸਕਦਾ ਹੈ।)

ਆਕ੍ਰਿਤੀ ਨੇ ਆਪਣੀ ਕੰਪਨੀ ਦਾ ਨਾਮ 'ਵੀਨਸ ਡਿਟੈਕਟਿਵ' ਰੱਖਿਆ ਹੈ, ਜਿਸ ਦੀਆਂ ਸ਼ਾਖਾਵਾਂ ਦਿੱਲੀ, ਮੁੰਬਈ, ਬੈਂਗਲੁਰੂ, ਪੁਣੇ ਅਤੇ ਕੋਲਕਾਤਾ ਵਿੱਚ ਮੌਜੂਦ ਹਨ। ਆਕ੍ਰਿਤੀ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੀ ਹੈ, ਜਿਵੇਂ ਇਲੈਕਟ੍ਰਾਨਿਕ ਸਰਵੀਲਾਂਸ, ਜੀਪੀਐੱਸ ਟ੍ਰੈਕਿੰਗ ਡਿਵਾਈਸ, ਭੇਸ ਬਦਲਣ ਦੀ ਤਕਨੀਕ ਅਤੇ ਰੋਜ਼ਮਰ੍ਹਾ ਜ਼ਿੰਦਗੀ ਦੀ ਨਿਗਰਾਨੀ।

ਆਕ੍ਰਿਤੀ ਨਿੱਜੀ ਅਤੇ ਵਪਾਰਕ, ਦੋਵੇਂ ਕਿਸਮਾਂ ਦੇ ਕੇਸ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਵਪਾਰਕ ਮਾਮਲਿਆਂ ਵਿੱਚ ਡਬਲ ਐਂਪਲਾਇਮੈਂਟ (ਇੱਕੋ ਸਮੇਂ ਦੋ ਥਾਵਾਂ 'ਤੇ ਕੰਮ ਕਰਨਾ), ਡੇਟਾ ਲੀਕ ਅਤੇ ਧੋਖਾਧੜੀ ਸ਼ਾਮਲ ਹੁੰਦੀ ਹੈ।

ਉਨ੍ਹਾਂ ਕਿਹਾ, "ਨਿੱਜੀ ਮਾਮਲਿਆਂ ਵਿੱਚ ਵਿਆਹ ਸਬੰਧੀ ਮਸਲੇ, ਵਿਆਹ ਤੋਂ ਪਹਿਲਾਂ ਬੈਕਗ੍ਰਾਊਂਡ ਚੈੱਕ, ਬੱਚਿਆਂ ਦੀ ਕਸਟਡੀ ਅਤੇ ਬੱਚਿਆਂ ਦੇ ਵਿਹਾਰ ਦੀ ਨਿਗਰਾਨੀ ਸ਼ਾਮਲ ਹੁੰਦੀ ਹੈ।"

ਉਨ੍ਹਾਂ ਕਿਹਾ ਕਿ ਇੱਕ ਜਾਸੂਸ ਨੂੰ ਧੀਰਜ ਰੱਖਣਾ ਆਉਣਾ ਚਾਹੀਦਾ ਹੈ। "ਅਕਸਰ ਕਈ ਘੰਟਿਆਂ ਤੱਕ ਕਿਸੇ ਟਾਰਗੇਟ ਦੀ ਉਡੀਕ ਕਰਨੀ ਪੈਂਦੀ ਹੈ। ਉਸ ਨੂੰ ਤੇਜ਼-ਤਰਾਰ ਅਤੇ ਹਾਜ਼ਿਰਜਵਾਬ ਵੀ ਹੋਣਾ ਚਾਹੀਦਾ ਹੈ, ਤਾਂ ਜੋ ਪੁੱਛਗਿੱਛ ਦੌਰਾਨ ਠੋਸ ਕਹਾਣੀਆਂ ਘੜ ਸਕੇ। ਰਾਜ਼ ਰੱਖਣਾ ਸਭ ਤੋਂ ਜ਼ਰੂਰੀ ਹੈ, ਇੱਕ ਜਾਸੂਸ ਕਦੇ ਵੀ ਭੜਕੀਲੇ ਕੱਪੜੇ ਜਾਂ ਗਹਿਣੇ ਨਹੀਂ ਪਹਿਨਦਾ।"

ਦਿੱਲੀ ਵਿੱਚ ਨਿਧੀ ਅਤੇ ਆਕ੍ਰਿਤੀ ਵਰਗੇ ਕਈ ਲੋਕ ਪ੍ਰਾਈਵੇਟ ਜਾਸੂਸੀ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ, ਜੋ ਭਾਰਤ ਵਿੱਚ ਤੇਜ਼ੀ ਨਾਲ ਵਧਦਾ ਹੋਇਆ ਉਦਯੋਗ ਹੈ। ਆਮ ਲੋਕ ਅਤੇ ਕੰਪਨੀਆਂ ਅਜੇਹੇ ਕੰਮਾਂ ਲਈ ਡਿਟੈਕਟਿਵਜ਼ ਦੀ ਸਰਵਿਸ ਲੈਂਦੀਆਂ ਹਨ, ਜੋ ਉਹ ਖੁਦ ਨਹੀਂ ਕਰ ਸਕਦੇ ਜਾਂ ਸਕਦੀਆਂ।

ਨਮਨ ਜੈਨ ਦੱਸਦੇ ਹਨ, "ਇਸ ਪੇਸ਼ੇ ਨੂੰ ਰੈਗੂਲੇਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਸਾਲ 2007 ਵਿੱਚ 'ਪ੍ਰਾਈਵੇਟ ਇਨਵੈਸਟਿਗੇਸ਼ਨ ਏਜੰਸੀਜ਼ ਬਿੱਲ' ਸੰਸਦ ਵਿੱਚ ਪੇਸ਼ ਕੀਤਾ ਗਿਆ ਸੀ, ਤਾਂ ਜੋ ਡਿਟੈਕਟਿਵਜ਼ ਲਈ ਲਾਇਸੈਂਸ ਅਤੇ ਕੁਆਲੀਫਿਕੇਸ਼ਨ ਦੇ ਮਿਆਰ ਤੈਅ ਕੀਤੇ ਜਾ ਸਕਣ। ਪਰ ਇਹ ਬਿੱਲ ਕਦੇ ਪਾਸ ਨਹੀਂ ਹੋਇਆ। ਇਸ ਕਾਰਨ ਇਹ ਖੇਤਰ ਬਿਨਾਂ ਕਾਨੂੰਨੀ ਸੁਰੱਖਿਆ ਦੇ ਇੱਕ ਅਸਪਸ਼ਟ ਕਾਨੂੰਨੀ ਮਾਹੌਲ ਵਿੱਚ ਚੱਲ ਰਿਹਾ ਹੈ।"

ਨਮਨ ਨੇ ਅੱਗੇ ਕਿਹਾ, "ਪ੍ਰਾਈਵੇਟ ਜਾਸੂਸ ਚੰਗੀ ਕਮਾਈ ਕਰਦੇ ਹਨ, ਪਰ ਇਸ ਕੰਮ ਵਿੱਚ ਖ਼ਤਰੇ ਵੀ ਵੱਡੇ ਹੁੰਦੇ ਹਨ। ਪੁਲਿਸ ਸਾਨੂੰ ਜਾਣਦੀ ਹੈ, ਇਸ ਲਈ ਆਮ ਤੌਰ 'ਤੇ ਸਾਡੇ ਕੰਮ ਵਿੱਚ ਦਖ਼ਲ ਨਹੀਂ ਦਿੰਦੀ। ਪਰ ਜੇ ਅਸੀਂ ਕਿਸੇ ਕੇਸ ਦੌਰਾਨ ਮੌਕੇ 'ਤੇ ਮੌਜੂਦ ਹੋਈਏ, ਤਾਂ ਸਥਿਤੀ ਖ਼ਤਰਨਾਕ ਹੋ ਸਕਦੀ ਹੈ ਅਤੇ ਸਾਨੂੰ ਪਿੱਛੇ ਹਟਣਾ ਪੈਂਦਾ ਹੈ।"

'ਸਾਲਾਨਾ 30 ਫ਼ੀਸਦੀ ਦਾ ਵਾਧਾ'

ਜਾਸੂਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਾਈਵੇਟ ਜਾਸੂਸੀ ਭਾਰਤ ਵਿੱਚ ਤੇਜ਼ੀ ਨਾਲ ਵਧਦਾ ਹੋਇਆ ਉਦਯੋਗ ਹੈ

ਕੁੰਵਰ ਵਿਕਰਮ ਸਿੰਘ 'ਐਸੋਸੀਏਸ਼ਨ ਆਫ਼ ਪ੍ਰੋਫੈਸ਼ਨਲ ਡਿਟੈਕਟਿਵਜ਼ ਐਂਡ ਇਨਵੈਸਟਿਗੇਟਰਜ਼' ਦੇ ਪ੍ਰਮੁੱਖ ਹਨ। ਉਨ੍ਹਾਂ ਦੱਸਿਆ ਕਿ ਫੀਲਡ ਵਿੱਚ ਜੋ ਜਾਣੇ-ਮਾਣੇ ਜਾਸੂਸ ਹਨ, ਉਹ ਆਪਣਾ ਫੀਲਡ ਵਰਕ ਖੁਦ ਨਹੀਂ ਕਰਦੇ ਕਿਉਂਕਿ ਪੁਲਿਸ ਉਨ੍ਹਾਂ ਨੂੰ ਪਛਾਣਦੀ ਹੈ, ਇਸ ਲਈ ਉਹ ਫ੍ਰੀਲਾਂਸ ਜਾਸੂਸ ਰੱਖਦੇ ਹਨ।

ਉਨ੍ਹਾਂ ਕਿਹਾ, "ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਲੋੜ ਪੈਣ 'ਤੇ ਬੁਲਾਇਆ ਜਾ ਸਕਦਾ ਹੈ। ਸਿਰਫ਼ ਦਿੱਲੀ ਵਿੱਚ ਹੀ 700 ਤੋਂ 800 ਫ੍ਰੀਲਾਂਸ ਖ਼ਬਰਚੀ ਹਨ।"

ਵਿਕਰਮ ਸਿੰਘ ਨੇ ਦੱਸਿਆ ਕਿ ਨਵੇਂ ਜਾਸੂਸ ਆਪਣੀ ਸਮਰੱਥਾ ਅਨੁਸਾਰ ਕਮਾਈ ਕਰਦੇ ਹਨ। ਉਹ ਹਰ ਮਹੀਨੇ ਘੱਟੋ-ਘੱਟ ਲਗਭਗ 300 ਡਾਲਰ, ਭਾਵ ਕਰੀਬ 27 ਹਜ਼ਾਰ ਰੁਪਏ ਤੱਕ ਕਮਾ ਲੈਂਦੇ ਹਨ, ਇਸ ਤੋਂ ਇਲਾਵਾ ਕੇਸ ਦਾ ਖ਼ਰਚ ਵੱਖਰਾ ਹੁੰਦਾ ਹੈ। ਤਜਰਬੇਕਾਰ ਜਾਸੂਸ ਲਗਭਗ 2,500 ਡਾਲਰ (ਕਰੀਬ 2 ਲੱਖ 25 ਹਜ਼ਾਰ ਰੁਪਏ) ਜਾਂ ਇਸ ਤੋਂ ਵੀ ਵੱਧ ਪ੍ਰਤੀ ਮਹੀਨਾ ਕਮਾਈ ਕਰਦੇ ਹਨ, ਜਦਕਿ ਖ਼ਾਸ ਕਿਸਮ ਦੀ ਤਫ਼ਤੀਸ਼ ਕਰਨ ਵਾਲਿਆਂ ਦੀ ਔਸਤ ਆਮਦਨ ਕਰੀਬ ਇੱਕ ਹਜ਼ਾਰ ਡਾਲਰ ਹੁੰਦੀ ਹੈ।

ਉਨ੍ਹਾਂ ਅਨੁਸਾਰ, ਪ੍ਰਾਈਵੇਟ ਜਾਸੂਸਾਂ ਦੀ ਗਿਣਤੀ ਕਾਫ਼ੀ ਵੱਧ ਹੈ। ਕੇਵਲ 'ਐਸੋਸੀਏਸ਼ਨ ਆਫ਼ ਪ੍ਰਾਈਵੇਟ ਡਿਟੈਕਟਿਵਜ਼ ਐਂਡ ਇਨਵੈਸਟਿਗੇਟਰਜ਼' ਦੇ ਹੀ ਲਗਭਗ 600 ਮੈਂਬਰ ਹਨ।

ਅਸਪਸ਼ਟ ਅਨੁਮਾਨ ਮੁਤਾਬਕ, ਕੇਵਲ ਦਿੱਲੀ ਵਿੱਚ ਹੀ ਲਗਭਗ 3,500 ਡਿਟੈਕਟਿਵ ਏਜੰਸੀਆਂ ਹੋ ਸਕਦੀਆਂ ਹਨ, ਜਦਕਿ ਪੂਰੇ ਭਾਰਤ ਵਿੱਚ 5,000 ਤੋਂ ਵੱਧ ਜਾਸੂਸੀ ਏਜੰਸੀਆਂ ਕੰਮ ਕਰ ਰਹੀਆਂ ਹਨ।

ਇੱਕ ਰਿਪੋਰਟ ਦੇ ਅਨੁਸਾਰ, ਪ੍ਰਾਈਵੇਟ ਜਾਸੂਸੀ ਦਾ ਬਾਜ਼ਾਰ ਸਾਲਾਨਾ ਤਕਰੀਬਨ 30 ਫ਼ੀਸਦੀ ਦੀ ਦਰ ਨਾਲ ਵਧ ਰਿਹਾ ਹੈ।

ਸਿਆਸਤਦਾਨਾਂ ਨਾਲ ਕੰਮ ਕਰਨ ਵਾਲੇ ਜਾਸੂਸਾਂ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਨਮਨ ਕਹਿੰਦੇ ਹਨ, "ਅਸੀਂ ਸਿਆਸਤਦਾਨਾਂ ਨਾਲ ਕੰਮ ਤਾਂ ਕਰਦੇ ਹਾਂ, ਪਰ ਕੰਮ ਦੀ ਨੇਚਰ ਵੱਖਰੀ ਹੁੰਦੀ ਹੈ। ਸਾਡੀ ਪਹੁੰਚ ਅਤੇ ਪੁਲਿਸ ਨਾਲ ਸਬੰਧਾਂ ਕਾਰਨ ਸਿਆਸਤਦਾਨਾਂ ਨੂੰ ਆਮ ਜਾਂਚ ਲਈ ਸਾਡੀਆਂ ਸੇਵਾਵਾਂ ਦੀ ਲੋੜ ਨਹੀਂ ਪੈਂਦੀ। ਹਾਲਾਂਕਿ, ਖਾਸ ਤੌਰ 'ਤੇ ਚੋਣਾਂ ਦੌਰਾਨ ਸਾਨੂੰ ਅਕਸਰ ਜਾਂਚ-ਪੜਤਾਲ ਲਈ ਰੱਖਿਆ ਜਾਂਦਾ ਹੈ। ਪਰ ਇਹ ਇੱਕ ਗੁੰਝਲਦਾਰ ਕੰਮ ਹੁੰਦਾ ਹੈ; ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਸਿਆਸੀ ਵਿਅਕਤੀ ਸਾਡੇ ਤੋਂ ਨਾਰਾਜ਼ ਨਾ ਹੋਵੇ।''

ਨਮਨ ਅਨੁਸਾਰ, "ਸਾਡੇ ਸਭ ਤੋਂ ਵੱਡੇ ਕਲਾਇੰਟ ਕਾਰਪੋਰੇਟ ਕੰਪਨੀਆਂ ਹੁੰਦੀਆਂ ਹਨ। ਉਨ੍ਹਾਂ ਦੇ ਮਾਮਲਿਆਂ ਵਿੱਚ ਸਾਡਾ ਮੁੱਖ ਕੰਮ ਜਾਅਲੀ ਕੰਪਨੀਆਂ ਜਾਂ ਨਕਲੀ ਉਤਪਾਦਾਂ ਦਾ ਪਤਾ ਲਗਾਉਣਾ ਹੁੰਦਾ ਹੈ, ਜੋ ਕਿਸੇ ਵੀ ਕੰਪਨੀ ਦੀ ਇੱਜ਼ਤ ਅਤੇ ਬ੍ਰਾਂਡ ਵੈਲਿਊ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ। ਇਸ ਤੋਂ ਇਲਾਵਾ, ਪਿਛੋਕੜ ਦੀ ਜਾਂਚ ਵੀ ਸ਼ਾਮਲ ਹੈ। ਸਾਡਾ ਕੰਮ ਬਹੁਤ ਵੱਡਾ ਹੈ ਅਤੇ ਜੋਖਮਾਂ ਨਾਲ ਭਰਿਆ ਹੋਇਆ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)