ਕੀ ਤੁਹਾਨੂੰ 'ਵਟਸਐਪ ਘੋਸਟ ਪੇਅਰਿੰਗ' ਘਪਲੇ ਬਾਰੇ ਪਤਾ ਹੈ? ਤੁਹਾਡੇ ਵਟਸਐਪ ਐਕਾਊਂਟ ਰਾਹੀਂ ਕਿਵੇਂ ਧੋਖਾਧੜੀ ਹੋ ਸਕਦੀ ਹੈ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images/EPA

ਤਸਵੀਰ ਕੈਪਸ਼ਨ, 'ਹੈਕਿੰਗ ਦੌਰਾਨ ਪ੍ਰਾਪਤ ਸੰਦੇਸ਼ਾਂ, ਲਿੰਕ ਅਤੇ ਪੌਪ-ਅੱਪ ਦੇ ਸਕਰੀਨਸ਼ਾਟ ਲੈਣੇ ਚਾਹੀਦੇ ਹਨ'
    • ਲੇਖਕ, ਅਮਰੇਂਦਰ ਯਾਰਲਾਗੱਡਾ
    • ਰੋਲ, ਬੀਬੀਸੀ ਪੱਤਰਕਾਰ

ਸਾਡੇ ਸਾਰਿਆਂ ਦੇ ਫੋਨ ਵਿੱਚ ਵਟਸਐਪ ਹੈ। ਜੇ ਤੁਸੀਂ ਵੀ ਵਟਸਐਪ ਇਸਤੇਮਾਲ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ।

ਤੇਲੰਗਾਨਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸਾਈਬਰ ਅਪਰਾਧੀ ਧੋਖਾਧੜੀ ਕਰਨ ਲਈ ਹੁਣ ਵਟਸਐਪ ਦਾ ਇਸਤੇਮਾਲ ਇੱਕ ਨਵੇਂ ਤਰੀਕੇ ਨਾਲ ਕਰ ਰਹੇ ਹਨ।

ਇਹ ਨਵਾਂ ਘਪਲਾ 'ਵਟਸਐਪ ਘੋਸਟ ਪੇਅਰਿੰਗ' ਦੇ ਨਾਮ ਨਾਲ ਚੱਲ ਰਿਹਾ ਹੈ।

ਇਸ ਦੌਰਾਨ, ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਨੇ ਵੀ ਇਸ ਮਾਮਲੇ ਸੰਬੰਧੀ ਨਾਗਰਿਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ।

ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਟਸਐਪ ਦੇ ਮਾਧਿਅਮ ਨਾਲ ਹੋਣ ਵਾਲੀ ਇਸ ਧੋਖਾਧੜੀ ਨਾਲ ਖੁਦ ਨੂੰ ਬਚਾਉਣ ਲਈ ਸੁਚੇਤ ਰਹੋ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post

ਆਖ਼ਿਰ ਇਸ ਤਰ੍ਹਾਂ ਦੀ ਧੋਖਾਧੜੀ ਕਿਵੇਂ ਹੁੰਦੀ ਹੈ?

ਸਾਈਬਰ ਅਪਰਾਧ ਪ੍ਰਤੀ ਜਨਤਾ ਦੀ ਜਾਗਰੂਕਤਾ ਵਧਣ ਦੇ ਨਾਲ-ਨਾਲ ਅਪਰਾਧੀ ਵੀ ਧੋਖਾਧੜੀ ਕਰਨ ਦੇ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ।

ਪਹਿਲਾਂ ਧੋਖਾਧੜੀ ਮੈਲਵੇਅਰ ਵਾਇਰਸ ਦੇ ਰਾਹੀਂ ਫੋਨ ਕਾਲ ਜਾਂ ਮੈਸੇਜ ਭੇਜ ਕੇ ਕੀਤੀ ਜਾਂਦੀ ਸੀ।

ਹਾਲਾਂਕਿ ਹੁਣ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਵਟਸਐਪ 'ਤੇ ਸਿੱਧੇ ਲਿੰਕ (ਪੇਅਰਿੰਗ) ਦੀ ਵਰਤੋਂ ਕਰਕੇ ਧੋਖਾਧੜੀ ਕੀਤੀ ਜਾ ਰਹੀ ਹੈ।

ਹੈਦਰਾਬਾਦ ਸ਼ਹਿਰ ਦੇ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਕਿਹਾ, "ਇਹ ਘਪਲਾ 'ਹਾਏ...ਕੀ ਤੁਸੀਂ ਆਪਣੀ ਇਹ ਤਸਵੀਰ ਦੇਖੀ ਹੈ?' ਵਰਗੇ ਸੰਦੇਸ਼ ਦੇ ਨਾਲ ਇੱਕ ਲਿੰਕ ਭੇਜ ਕੇ ਸ਼ੁਰੂ ਹੁੰਦਾ ਹੈ।"

ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ, "ਭਾਵੇਂ ਇਹ ਲਿੰਕ ਤੁਹਾਡੇ ਕਿਸੇ ਜਾਣਕਾਰ ਵਿਅਕਤੀ ਤੋਂ ਹੀ ਕਿਉਂ ਨਾ ਆਇਆ ਹੋਵੇ, ਗਲਤੀ ਨਾਲ ਵੀ ਇਸ 'ਤੇ ਕਲਿੱਕ ਨਾ ਕਰਨਾ।"

ਸੱਜਨਾਰ ਨੇ ਕਿਹਾ ਕਿ ਅਜਿਹੇ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਇੱਕ ਫਰਜ਼ੀ ਵਟਸਐਪ ਵੈੱਬ ਪੇਜ ਖੁੱਲ੍ਹਦਾ ਹੈ ਅਤੇ ਤੁਹਾਡਾ ਵਟਸਐਪ ਖਾਤਾ ਬਿਨਾਂ ਕਿਸੇ ਓਟੀਪੀ ਜਾਂ ਸਕੈਨਿੰਗ ਦੇ ਸਿੱਧੇ ਹੈਕਰਸ ਦੀ ਡਿਵਾਈਸ (ਕੰਪਿਊਟਰ, ਲੈਪਟਾਪ ਜਾਂ ਮੋਬਾਈਲ) ਨਾਲ ਜੁੜ ਜਾਂਦਾ ਹੈ।

ਸੱਜਨਾਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਪਭੋਗਤਾ ਦਾ ਖਾਤਾ ਲੌਕ ਹੋ ਜਾਂਦਾ ਹੈ ਅਤੇ ਉਹ ਆਪਣਾ ਵਟਸਐਪ ਨਹੀਂ ਵਰਤ ਸਕਦੇ।

ਇਹ ਵੀ ਪੜ੍ਹੋ

ਇੱਕ ਵਾਰ ਲਿੰਕ ਹੋਣ 'ਤੇ...

ਤੇਲੰਗਾਨਾ ਸਾਈਬਰ ਸੁਰੱਖਿਆ ਬਿਊਰੋ ਦੇ ਡਾਇਰੈਕਟਰ ਸ਼ਿਖਾ ਗੋਇਲ ਨੇ ਕਿਹਾ ਕਿ ਡਾਟਾ ਚੋਰੀ ਦਾ ਪਹਿਲਾ ਪੜਾਅ ਉਸ ਸਮੇਂ ਸ਼ੁਰੂ ਹੁੰਦਾ ਹੈ, ਜਦੋਂ ਕਿਸੇ ਯੂਜ਼ਰ ਦਾ ਨਿੱਜੀ ਵਟਸਐਪ ਖਾਤਾ ਕਿਸੇ ਸਾਈਬਰ ਅਪਰਾਧੀ ਦੀ ਡਿਵਾਇਸ ਨਾਲ ਲਿੰਕ ਹੋ ਜਾਂਦਾ ਹੈ।

ਉਨ੍ਹਾਂ ਨੇ ਕਿਹਾ, "ਸਾਈਬਰ ਅਪਰਾਧੀ ਬੈਂਕ ਖਾਤਾ ਜਾਣਕਾਰੀ, ਨਿੱਜੀ ਚੈਟ, ਫੋਟੋ, ਵੀਡੀਓ ਸਣੇ ਸਾਰੇ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ। ਫਿਰ ਉਹ ਯੂਜ਼ਰ ਦੇ ਨਾਮ ਦਾ ਉਪਯੋਗ ਕਰਕੇ ਦੂਜਿਆਂ ਨੂੰ ਸੰਦੇਸ਼ ਭੇਜਦੇ ਹਨ ਅਤੇ ਉਨ੍ਹਾਂ ਨੂੰ ਧੋਖਾ ਦਿੰਦੇ ਹਨ।"

ਵਟਸਐਪ ਦੀ ਸੈਟਿੰਗ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਵਟਸਐਪ ਦੀ ਸੈਟਿੰਗ ਵਿੱਚ 'ਲਿੰਕਡ ਡਿਵਾਈਸਿਸ' ਵਿਕਲਪ ਨੂੰ ਨਿਯਮਿਤ ਤੌਰ 'ਤੇ ਚੈੱਕ ਕਰੋ

ਐੱਮਈਆਈਟੀ ਨੇ ਕੀ ਕਿਹਾ?

ਆਲ ਇੰਡੀਆ ਰੇਡੀਓ ਦੀ ਇੱਕ ਰਿਪੋਰਟ ਦੇ ਅਨੁਸਾਰ, ਫਰਜ਼ੀ ਪੇਅਰਿੰਗ ਦੀ ਘਟਨਾ ਦੇ ਮੱਦੇਨਜ਼ਰ ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਨੇ ਨਾਗਰਿਕਾਂ ਲਈ ਦਿਸ਼ਾ-ਨਿਰਦੇਸ਼ ਅਤੇ ਸਿਧਾਂਤ ਜਾਰੀ ਕੀਤੇ ਹਨ।

ਮੰਤਰਾਲੇ ਨੇ ਦੱਸਿਆ, "ਅਪਰਾਧੀ ਵਟਸਐਪ ਵਿੱਚ ਮੌਜੂਦ ਡਿਵਾਈਸ ਲਿੰਕਿੰਗ ਫੀਚਰ ਦਾ ਇਸਤੇਮਾਲ ਕਰਕੇ ਵਟਸਐਪ ਖਾਤਾ ਹੈਕ ਕਰ ਰਹੇ ਹਨ। ਪੇਅਰਿੰਗ ਕੋਡ ਦੀ ਮਦਦ ਤੋਂ ਬਿਨਾਂ ਕਿਸੇ ਪ੍ਰਮਾਣਿਕਤਾ ਪ੍ਰਕਿਰਿਆ ਦੇ ਖਾਤਿਆਂ ਨੂੰ ਹੈਕ ਕੀਤਾ ਜਾ ਰਿਹਾ ਹੈ।"

ਵਟਸਐਪ 'ਟੂ-ਸਟੈੱਪ ਵੈਰੀਫਿਕੇਸ਼ਨ' ਫੀਚਰ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਵਟਸਐਪ ਦੀ ਸੈਟਿੰਗ ਵਿੱਚ ਜਾ ਕੇ 'ਅਕਾਊਂਟ' 'ਤੇ ਕਲਿੱਕ ਕਰਕੇ 'ਟੂ-ਸਟੈੱਪ ਵੈਰੀਫਿਕੇਸ਼ਨ' ਫੀਚਰ ਨੂੰ ਚਾਲੂ ਕਰਨਾ ਯਕੀਨੀ ਬਣਾਓ

ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਹੈ ਕਿ ਸ਼ੱਕੀ ਲਿੰਕ 'ਤੇ ਬਿਲਕੁਲ ਵੀ ਕਲਿੱਕ ਨਹੀਂ ਕਰਨਾ ਚਾਹੀਦਾ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਸ਼ਿਖਾ ਗੋਇਲ ਨੇ ਇਹੀ ਰਾਇ ਦਿੱਤੀ ਹੈ। ਇਸ ਸਬੰਧੀ ਉਨ੍ਹਾਂ ਨੇ ਇਹ ਸੁਝਾਅ ਦਿੱਤੇ ਹਨ।

  • ਵਟਸਐਪ ਦੀ ਸੈਟਿੰਗ ਵਿੱਚ 'ਲਿੰਕਡ ਡਿਵਾਈਸਿਸ' ਵਿਕਲਪ ਨੂੰ ਨਿਯਮਿਤ ਤੌਰ 'ਤੇ ਚੈੱਕ ਕਰੋ। ਜੇ ਤੁਸੀਂ ਦੇਖਦੇ ਹੋ ਕਿ ਤੁਸੀਂ ਕਿਸੇ ਅਣਪਛਾਤੀ ਡਿਵਾਈਸ ਨਾਲ ਕਨੈਕਟ ਹੋ ਤਾਂ ਤੁਰੰਤ ਲੌਗ ਆਊਟ ਕਰ ਦਵੋ।
  • ਵਟਸਐਪ ਦੀ ਸੈਟਿੰਗ ਵਿੱਚ ਜਾ ਕੇ 'ਅਕਾਊਂਟ' 'ਤੇ ਕਲਿੱਕ ਕਰਕੇ 'ਟੂ-ਸਟੈੱਪ ਵੈਰੀਫਿਕੇਸ਼ਨ' ਫੀਚਰ ਨੂੰ ਚਾਲੂ ਕਰਨਾ ਯਕੀਨੀ ਬਣਾਓ।
ਅਕਾਊਂਟ ਹੈਕ ਹੋ ਜਾਵੇ ਤਾਂ ਈ-ਮੇਲ, ਬੈਕਿੰਗ ਅਤੇ ਸੋਸ਼ਲ ਮੀਡੀਆ ਖਾਤਿਆਂ ਦੇ ਪਾਸਵਰਡ ਤੁਰੰਤ ਬਦਲੋ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਅਕਾਊਂਟ ਹੈਕ ਹੋ ਜਾਵੇ ਤਾਂ ਈ-ਮੇਲ, ਬੈਕਿੰਗ ਅਤੇ ਸੋਸ਼ਲ ਮੀਡੀਆ ਖਾਤਿਆਂ ਦੇ ਪਾਸਵਰਡ ਤੁਰੰਤ ਬਦਲੋ

ਜੇ ਤੁਹਾਡਾ ਅਕਾਊਂਟ ਹੈਕ ਹੋ ਜਾਵੇ ਤਾਂ ਕੀ ਕਰੀਏ?

ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਵੀ ਖਾਤਿਆਂ ਦੇ ਹੈਕ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਪੁਲਿਸ ਨੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਚਿਤਾਵਨੀ ਦਿੱਤੀ ਹੈ।

ਸ਼ਿਖਾ ਗੋਇਲ ਨੇ ਕਿਹਾ ਕਿ ਜੇ ਵਟਸਐਪ ਜਾਂ ਤੁਹਾਡਾ ਬਰਾਊਜ਼ਰ ਹੈਕ ਹੋ ਗਿਆ ਹੈ ਤਾਂ ਇਸਦਾ ਇਸਤੇਮਾਲ ਤੁਰੰਤ ਬੰਦ ਕਰ ਦਿਓ।

  • ਹੈਕਿੰਗ ਦੌਰਾਨ ਪ੍ਰਾਪਤ ਸੰਦੇਸ਼ਾਂ, ਲਿੰਕ ਅਤੇ ਪੌਪ-ਅੱਪ ਦੇ ਸਕਰੀਨਸ਼ਾਟ ਲੈਣੇ ਚਾਹੀਦੇ ਹਨ।
  • ਲੈਣ-ਦੇਣ ਆਈਡੀ, ਯੂਟੀਆਰ ਨੰਬਰ ਅਤੇ ਕਾਲ ਲੌਗ ਨੂੰ ਸੇਵ ਕੀਤਾ ਜਾਣਾ ਚਾਹੀਦਾ।
  • ਈ-ਮੇਲ, ਬੈਕਿੰਗ ਅਤੇ ਸੋਸ਼ਲ ਮੀਡੀਆ ਖਾਤਿਆਂ ਦੇ ਪਾਸਵਰਡ ਤੁਰੰਤ ਬਦਲੋ।
  • ਜੇ ਬੈਂਕ ਜਾਂ ਪੇਮੈਂਟ ਐਪ ਦੇ ਮਾਧਿਅਮ ਰਾਹੀਂ ਪੈਸੇ ਖੋ ਗਏ ਹੋਣ ਤਾਂ ਤੁਰੰਤ ਸਬੰਧਤ ਸੰਸਥਾਨਾਂ ਨਾਲ ਸੰਪਰਕ ਕਰੋ ਅਤੇ ਸ਼ਿਕਾਇਤ ਦਰਜ ਕਰਵਾਓ।
  • ਗੂਗਲ ਕਰੋਮ ਅਤੇ ਐਪਸ ਲਈ ਅਧਿਕਾਰਤ ਨਵੇਂ ਅੱਪਡੇਟ ਨਿਯਮਿਤ ਰੂਪ ਨਾਲ ਇੰਸਟਾਲ ਕਰੋ।

ਪੁਲਿਸ ਨੇ ਅਜਿਹੇ ਨਿਰਦੇਸ਼ ਦਿੱਤੇ ਸਨ।

ਸ਼ਿਕਾਇਤ ਕਿੱਥੇ ਦਰਜ ਕਰਵਾਈਏ?

ਤੇਲੰਗਾਨਾ ਪੁਲਿਸ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਹਾਲਾਤ ਵਿੱਚ ਓਟੀਪੀ, ਪਿੰਨ, ਸੀਵੀਵੀ ਜਾਂ ਵਟਸਐਪ ਕੋਡ ਕਿਸੇ ਨਾਲ ਸਾਂਝਾ ਨਾ ਕਰੋ।

ਸ਼ਿਖਾ ਗੋਇਲ ਨੇ ਕਿਹਾ ਕਿ ਜੇ ਸਾਈਬਰ ਧੋਖਾਧੜੀ ਜਾਂ ਕਿਸੇ ਹੋਰ ਸਾਈਬਰ ਅਪਰਾਧ ਨਾਲ ਸਬੰਧਤ ਕੋਈ ਸ਼ਿਕਾਇਤ ਹੋਵੇ ਤਾਂ ਉਸ ਨੂੰ 1930 'ਤੇ ਜਾਂ ਪੋਰਟਲ cybercrime.gov.in 'ਤੇ ਦਰਜ ਕਰਵਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)