ਸੋਸ਼ਲ ਮੀਡੀਆ ਤੋਂ ਤੁਹਾਡੇ ਨਿੱਜੀ ਡਾਟਾ ਦੀ 'ਛਿੱਲ' ਕਿਵੇਂ ਲਾਹੀ ਜਾ ਰਹੀ ਹੈ

ਤਸਵੀਰ ਸਰੋਤ, Getty Images
- ਲੇਖਕ, ਜੋਅ ਟਿਡੀ
- ਰੋਲ, ਸਾਈਬਰ ਸੁਰੱਖਿਆ ਰਿਪੋਰਟਰ, ਬੀਬੀਸੀ
ਤੁਸੀਂ ਸੋਸ਼ਲ ਮੀਡੀਆ ਪ੍ਰੋਫਾਈਲਾਂ ਉੱਪਰ ਆਪਣੇ ਬਾਰੇ ਕਿੰਨੀ ਕੁ ਜਾਣਕਾਰੀ ਸਾਂਝੀ ਕਰਦੇ ਹੋ?
ਆਪਣਾ ਨਾਂਅ, ਲੋਕੇਸ਼ਨ, ਉਮਰ, ਨੌਕਰੀ, ਵਿਆਹੇ ਜਾਂ ਕੁਆਰੇ ਹੋਣ ਬਾਰੇ ਜਾਣਕਾਰੀ? ਕੋਈ ਇੰਟਰਨੈੱਟ ਉੱਪਰ ਆਪਣੇ ਬਾਰੇ ਕੀ ਕੁਝ ਪਾਉਂਦਾ ਹੈ ਇਹ ਵਿਅਕਤੀ ਤੋਂ ਵਿਅਕਤੀ ਨਿਰਭਰ ਕਰਦਾ ਹੈ।
ਹਾਲਾਂਕਿ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਜੋ ਚੀਜ਼ ਇੱਕ ਵਾਰ ਇੰਟਰਨੈੱਟ ਜਾਂ ਸੋਸ਼ਲ ਮੀਡੀਆ ਉੱਪਰ ਪਾ ਦਿੱਤੀ ਉਹ ਪਬਲਿਕ ਡੋਮੇਨ ਵਿੱਚ ਆ ਗਈ ਭਾਵ ਕਿ ਜਨਤਕ ਹੋ ਗਈ।
ਫਿਰ, ਤੁਹਾਨੂੰ ਕਿਵੇ ਲੱਗੇਗਾ ਜੇ ਕੋਈ ਹੈਕਰ ਤੁਹਾਡੀ ਅਤੇ ਲੱਖਾਂ ਹੋਰ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਇੱਕ ਐਕਸਲ ਸ਼ੀਟ ਵਿੱਚ ਸੂਚੀਬੱਧ ਕਰਕੇ ਸਾਈਬਰ ਅਪਰਾਧੀਆਂ ਦੇ ਖ਼ਰੀਦਣ ਲਈ ਆਨਲਾਈਨ ਵਿਕਣਾ ਲਗਾ ਦੇਵੇ।
ਅਜਿਹਾ ਹੀ ਕੰਮ ਇੱਕ ਹੈਕਰ, ਜੋ ਕਿ ਆਪਣੇ-ਆਪ ਨੂੰ ਟੌਮ ਲਿਨਰ ਦਸਦਾ ਹੈ ਨੇ ਕੀਤਾ। ਕਿਉਂ? ਜਵਾਬ ਹੈ,“ਮਜ਼ੇ ਲਈ”।
ਇਹ ਵੀ ਪੜ੍ਹੋ:
ਉਨ੍ਹਾਂ ਨੇ ਪੂਰੀ ਦੁਨੀਆਂ ਵਿੱਚੋਂ ਲਿੰਕਡਿਨ ਦੇ 70 ਕਰੋੜ ਵਰਤੋਂਕਾਰਾਂ ਦੀ ਜਾਣਕਾਰੀ ਇਕੱਠੀ ਕੀਤੀ ਅਤੇ ਹੁਣ ਉਹ ਇਸ ਨੂੰ 5000 ਡਾਲਰ ਦੀ ਕੀਮਤ ਉੱਪਰ ਵੇਚ ਰਿਹਾ ਹੈ।
ਇਸ ਘਟਨਾ ਨੇ ਅਤੇ ਅਜਿਹੀਆਂ ਹੋਰ ਘਟਨਾਵਾਂ ਨੇ ਇੱਕ ਬਹਿਸ ਛੇੜ ਦਿੱਤੀ ਹੈ ਕਿ ਸਾਡੇ ਵੱਲੋਂ ਸੋਸ਼ਲ-ਮੀਡੀਆ ਉੱਪਰ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਹੋਰ ਕਿੰਨਾ ਸੁਰੱਖਿਅਤ ਬਣਾਇਆ ਜਾਵੇ।
ਹੈਕਰ ਨੇ ਲਿਖਿਆ,"ਮੇਰੇ ਕੋਲ 70 ਕਰੋੜ ਲਿੰਕਡਿਨ ਵਰਤਣ ਵਾਲਿਆਂ ਦੇ ਰਿਕਾਰਡ ਹਨ।"
ਪੋਸਟ ਵਿੱਚ ਉਸ ਜਾਣਕਾਰੀ ਦਾ ਇੱਕ ਨਮੂਨਾ ਦਿਖਾਉਣ ਲਈ ਲਿੰਕ ਦਿੱਤਾ ਗਿਆ ਸੀ। ਦੂਜੇ ਹੋਰ ਹੈਕਰਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਨਿੱਜੀ ਤੌਰ ’ਤੇ ਸੰਪਰਕ ਕਰਨ ਅਤੇ ਡਾਟਾ ਦੀ ਖ਼ਰੀਦੋਫਰੋਖ਼ਤ ਕਰਨ ਲਈ ਪੇਸ਼ਕਸ਼ ਕਰਨ।

ਤਸਵੀਰ ਸਰੋਤ, Getty Images
ਇਹ ਸਮਝਣਾ ਮੁਸ਼ਕਲ ਨਹੀਂ ਕਿ ਇਸ ਪੋਸਟ ਨੇ ਹੈਕਰਾਂ ਦੀ ਦੁਨੀਆਂ ਵਿੱਚ ਭਾਂਬੜ ਬਾਲ ਦਿੱਤਾ।
ਟੌਮ ਨੇ ਮੈਨੂੰ ਦੱਸਿਆ ਕਿ ਉਹ ਇਹ ਡਾਟਾ ਪੰਜ-ਪੰਜ ਹਜ਼ਾਰ ਡਾਲਰ ਵਿੱਚ ਕਈ ਗਾਹਕਾਂ ਨੂੰ ਵੇਚ ਰਹੇ ਹਨ, ਜੋ ਇਸ ਨੂੰ ਖ਼ੁਸ਼ੀ ਨਾਲ ਖ਼ਰੀਦ ਰਹੇ ਹਨ।
ਹਾਲਾਂਕਿ ਉਨ੍ਹਾਂ ਨੇ ਇਹ ਤਾਂ ਨਹੀਂ ਦੱਸਿਆ ਕਿ ਖ਼ਰੀਦਾਰ ਕੌਣ ਹਨ ਅਤੇ ਉਨ੍ਹਾਂ ਨੂੰ ਇਹ ਜਾਣਕਾਰੀ ਕਿਉਂ ਚਾਹੀਦੀ ਹੈ। ਉਨ੍ਹਾਂ ਨੇ ਮੰਨਿਆ ਕਿ ਇਸ ਡੇਟਾ ਦੀ ਵਰਤੋਂ ਅੱਗੋਂ ਹੋਰ ਵੀ ਖੁਣਸੀ ਕੰਮਾਂ ਲਈ ਕੀਤੀ ਜਾਵੇਗੀ।
ਡਾਟਾ ਸਕਰੈਪਿੰਗ ਜਾਂ ਡਾਟਾ ਦੀ ਛਿੱਲ ਲਾਹੁਣ ਦਾ ਮਤਲਬ ਹੈ ਕਿ ਸਾਫ਼ਟਵੇਅਰਾਂ ਦੀ ਵਰਤੋਂ ਕਰਕੇ ਜਨਤਕ ਤੌਰ 'ਤੇ ਖੁੱਲ੍ਹੀ ਪਈ ਜਾਣਕਾਰੀ ਨੂੰ ਇਕੱਠਾ ਕਰ ਲੈਣਾ।
ਸਿਧਾਂਤਕ ਤੌਰ ’ਤੇ ਇਹ ਕੰਮ ਲੋਕਾਂ ਦੀਆਂ ਸੋਸ਼ਲ ਮੀਡੀਆ ਪ੍ਰੋਫਾਈਲਾਂ ਉੱਪਰ ਜਾ ਕੇ ਵੀ ਕੀਤਾ ਜਾ ਸਕਦਾ ਹੈ, ਇੱਕ ਤੋਂ ਬਾਅਦ ਇੱਕ ਪ੍ਰੋਫਾਈਲ।
ਹੁਣ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਤਾਂ ਜਿੰਨਾ ਡਾਟਾ ਅੱਜਕੱਲ੍ਹ ਦੇ ਹੈਕਰ ਇਕੱਠਾ ਕਰਨ ਦੇ ਸਮਰੱਥ ਹਨ ਉਹ ਇਕੱਠਾ ਕਰਨ ਵਿੱਚ ਤਾਂ ਕਈ ਜ਼ਿੰਦਗੀਆਂ ਲੱਗ ਜਾਣਗੀਆਂ।
ਇਸ ਸਾਲ ਸਕਰੈਪਿੰਗ ਦੀਆਂ ਲਗਭਗ ਤਿੰਨ ਵੱਡੀਆਂ ਵਾਰਦਾਤਾਂ ਹੋਈਆਂ ਹਨ।
- ਇਸੇ ਸਾਲ ਅਪ੍ਰੈਲ ਵਿੱਚ ਇੱਕ ਹੈਕਰ ਨੇ ਲਿੰਕਡਿਨ ਦੇ ਹੀ 50 ਕਰੋੜ ਵਰਤੋਂਕਾਰਾਂ ਦੇ ਡੇਟਾ ਦੀ ਛਿੱਲ ਲਾਹੀ।
- ਉਸੇ ਹਫ਼ਤੇ ਇੱਕ ਹੋਰ ਹੈਕਰ ਨੇ 13 ਲੱਖ ਕਲੱਬਹਾਊਸ ਪ੍ਰੋਫਾਈਲਾਂ ਦੀ ਜਾਣਕਾਰੀ ਮੁਫ਼ਤ ਵਿੱਚ ਉਪਲਬਧ ਹੋਣ ਬਾਰੇ ਪੋਸਟ ਪਾਈ।
- ਅਪ੍ਰੈਲ ਵਿੱਚ ਹੀ ਡੋਨੇਸ਼ਨਾਂ ਦੀ ਮੰਗ ਕਰਦੇ ਹੋਏ ਨਵਾਂ ਅਤੇ ਪੁਰਾਣਾ ਡਾਟਾ ਇਕੱਠਾ ਕਰਕੇ 53.3 ਕਰੋੜ ਫੇਸਬੁੱਕ ਵਰਤੋਂਕਾਰਾਂ ਦਾ ਡਾਟਾ ਮੁਹੱਈਆ ਕਰਵਾਏ ਜਾਣ ਬਾਰੇ ਪੋਸਟ ਪਾਈ।
ਫੇਸਬੁੱਕ ਡਾਟਾਬੇਸ ਲਈ ਜੋ ਹੈਕਰ ਆਪਣੇ-ਆਪ ਨੂੰ ਜ਼ਿੰਮੇਵਾਰ ਦੱਸਦਾ ਹੈ ਉਹ ਆਪਣੇ ਆਪ ਨੂੰ ਟੌਮ ਲਿਨਰ ਦੱਸਦਾ ਹੈ।
ਮੈਂ ਟੌਮ ਨਾਲ ਤਿੰਨ ਹਫ਼ਤਿਆਂ ਤੱਕ -ਟੈਲੀਗ੍ਰਾਮ ਐਪ ਰਾਹੀਂ ਸੰਪਰਕ ਵਿੱਚ ਰਿਹਾ। ਕੁਝ ਸੁਨੇਹੇ, ਇੱਥੋਂ ਤੱਕ ਕਿ ਮਿਸਡ ਕਾਲਾਂ ਵੀ ਅੱਧੀ ਰਾਤ ਨੂੰ ਕੀਤੀਆਂ ਗਈਆਂ ਅਤੇ ਕੁਝ ਕੰਮ ਦੇ ਦੌਰਾਨ ਤਾਂ ਜੋ ਹੈਕਰ ਦੀ ਲੋਕੇਸ਼ਨ ਬਾਰੇ ਮੈਨੂੰ ਕੋਈ ਆਈਡੀਆ ਨਾ ਲੱਗ ਸਕੇ।
ਉਸ ਦੀ ਜ਼ਿੰਦਗੀ ਬਾਰੇ ਮੈਨੂੰ ਸਿਰਫ਼ ਉਦੋਂ ਪਤਾ ਲੱਗ ਸਕਿਆ ਜਦੋਂ ਉਸ ਨੇ ਕਿਹਾ ਕਿ ਉਸ ਦੀ ਪਤਨੀ ਸੁੱਤੀ ਪਈ ਹੈ ਇਸ ਲਈ ਉਹ ਗੱਲ ਨਹੀਂ ਕਰ ਸਕਦਾ ਅਤੇ ਉਹ ਦਿਨ ਵਿੱਚ ਕੋਈ ਨੌਕਰੀ ਕਰਦਾ ਹੈ, ਜਦਕਿ ਹੈਕਿੰਗ ਉਸ ਦਾ ਸ਼ੌਂਕ ਹੈ।
ਟੌਮ ਨੇ ਮੈਨੂੰ ਦੱਸਿਆ ਕਿ ਉਸ ਨੇ ਲਿੰਕਡਿਨ ਡਾਟਾਬੇਸ ਵੀ ਉਸੇ ਤਰੀਕੇ ਨਾਲ ਤਿਆਰ ਕੀਤਾ ਸੀ ਜਿਵੇਂ ਕਿ ਉਸ ਨੇ ਫੇਸਬੁਕ ਵਾਲਾ ਡਾਟਾਬੇਸ ਤਿਆਰ ਕੀਤਾ ਸੀ।
ਉਨ੍ਹਾਂ ਨੇ ਦੱਸਿਆ,"ਇਹ ਕਾਫ਼ੀ ਪੇਚੀਦਾ ਸੀ ਅਤੇ ਇਸ ਵਿੱਚ ਮੈਨੂੰ ਕਈ ਮਹੀਨੇ ਲੱਗ ਗਏ। ਮੈਨੂੰ ਲਿੰਕਡਿਨ ਦੀ ਏਪੀਆਈ ਹੈਕ ਕਰਨੀ ਪਈ। ਜੇ ਤੁਸੀਂ ਇੱਕੋ ਵਾਰ ਵਿੱਚ ਕਈ ਸਾਰੀਆਂ ਯੂਜ਼ਰ ਪ੍ਰੋਫਾਈਲ ਦੇ ਡਾਟਾ ਦੀ ਮੰਗ ਕਰਦੇ ਹੋ ਤਾਂ ਸਿਸਟਮ ਤੁਹਾਨੂੰ ਸਦਾ ਲਈ ਬੈਨ ਕਰ ਦਿੰਦਾ ਹੈ।"
ਏਪੀਆਈ ਦਾ ਮਤਲਬ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਹੁੰਦਾ ਹੈ। ਸੋਸ਼ਲ ਮੀਡੀਆ ਕੰਪਨੀਆਂ ਇਹ ਏਪੀਆਈ ਆਪਣੇ ਕਾਰੋਬਾਰੀ ਹਿੱਸੇਦਾਰਾਂ ਨੂੰ ਵੇਚਦੀਆਂ ਹਨ। ਕਈ ਵਾਰ ਮਸ਼ਹੂਰੀਆਂ ਦੇਣ ਲਈ ਜਾਂ ਕੋਈ ਨਵੀਂ ਐਪ ਵਿਕਸਿਤ ਕਰਨ ਲਈ।

ਤਸਵੀਰ ਸਰੋਤ, Nurphoto
ਟੌਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਿੰਕਡਿਨ ਦੇ ਏਪੀਆਈ ਸਾਫ਼ਵੇਅਰ ਨੂੰ ਬੇਵਕੂਫ਼ ਬਣਾਉਣ ਦਾ ਢੰਗ ਲੱਭਿਆ ਤਾਂ ਜੋ ਉਹ ਬਿਨਾਂ ਕੋਈ ਅਲਾਰਮ ਵਜਾਏ ਉਨ੍ਹਾਂ ਨੂੰ ਬਹੁਤ ਸਾਰਾ ਡੇਟਾ ਦੇ ਦੇਵੇ।
ਪ੍ਰਾਇਵੇਸੀ ਸ਼ਾਰਕ ਨੇ ਸਭ ਤੋਂ ਪਹਿਲਾਂ ਇਸ ਸੇਲ ਬਾਰੇ ਪਤਾ ਲਾਇਆ। ਉਨ੍ਹਾਂ ਨੇ ਨਾਲ ਦਿੱਤੇ ਸੈਂਪਲ ਵਿੱਚ ਦੇਖਿਆ ਕਿ ਇਸ ਵਿੱਚ- ਪੂਰਾ ਨਾਂਅ, ਈਮੇਲ ਪਤਾ, ਲਿੰਗ, ਫ਼ੋਨ ਨੰਬਰ ਅਤੇ ਸਨਅਤ ਨਾਲ ਜੁੜੀ ਜਾਣਕਾਰੀ ਸੀ।
ਲਿੰਕਡਿਨ ਨੇ ਦਾਅਵਾ ਕੀਤਾ ਕਿ ਟੌਮ ਨੇ ਉਨ੍ਹਾਂ ਦੀ ਏਪੀਆਈ ਦੀ ਵਰਤੋਂ ਕਰਕੇ ਇਹ ਡੇਟਾ ਇਕੱਠਾ ਨਹੀਂ ਕੀਤਾ। ਕੰਪਨੀ ਨੇ ਇਹ ਜ਼ਰੂਰ ਮੰਨਿਆ ਕਿ ਜੋ ਡਾਟਾ ਸੇਲ ਉੱਪਰ ਲਾਇਆ ਗਿਆ ਸੀ ਉਹ ਲਿੰਕਡਿਨ ਅਤੇ ਹੋਰ ਸੌਮਿਆਂ ਤੋਂ ਹੀ ਛਿੱਲਿਆ ਗਿਆ ਸੀ।
ਇਹ ਵੀ ਪੜ੍ਹੋ:
ਫੇਸਬੁੱਕ ਨੇ ਵੀ ਪੱਲਾ ਚਾੜ੍ਹਦਿਆਂ ਕਿਹਾ ਕਿ ਜੋ ਡਾਟਾ ਵੇਚਿਆ ਜਾ ਰਿਹਾ ਹੈ, ਉਹ ਪੁਰਾਣਾ ਹੈ।
ਹਾਲਾਂਕਿ ਫੇਸਬੁੱਕ ਦੀ ਪ੍ਰੈੱਸ ਦਫ਼ਤਰ ਦੀ ਟੀਮ ਨੇ ਇੱਕ ਪੱਤਰਕਾਰ ਕੋਲ ਖੁਲਾਸਾ ਕੀਤਾ ਕਿ ਉਹ ਆਪਣੀ ਨੀਤੀ ਵਿੱਚ ਡਾਟਾ ਛਿੱਲਣ ਨੂੰ ਇੰਡਸਟਰੀ ਦਾ ਵੱਡਾ ਮੁੱਦਾ ਮੰਨਦੇ ਹਨ ਅਤੇ ਅਜਿਹਾ ਨਿਯਮਤ ਤੌਰ 'ਤੇ ਹੁੰਦਾ ਰਹਿੰਦਾ ਹੈ।

ਹਾਲਾਂਕਿ ਇਨ੍ਹਾਂ ਘਟਨਾਵਾਂ ਨੇ ਸਾਈਬਰ ਸੁਰੱਖਿਆ ਮਾਹਰਾਂ ਦੇ ਕੰਨ ਜ਼ਰੂਰ ਖੜ੍ਹੇ ਕਰ ਦਿੱਤੇ ਹਨ ਅਤੇ ਹੈਕਰ ਵੀ ਇਸ ਤੋਂ ਪੈਸੇ ਬਣਾ ਰਹੇ ਹਨ।
ਐੱਸਓਐੱਸ ਇੱਕ ਅਜਿਹੀ ਫਰਮ ਹੈ ਜੋ ਕੰਪਨੀਆਂ ਨੂੰ ਖ਼ਤਰਿਆਂ ਬਾਰੇ ਚੇਤਵਾਨੀ ਦਿੰਦੀ ਹੈ। ਉਸ ਦੇ ਸੀਈਓ ਆਮਿਰ ਹੈਡਜ਼ੀਪਾਸਿਕ ਦੀ ਟੀਮ 70 ਕਰੋੜ ਲਿੰਕਡਿਨ ਪ੍ਰੋਫਾਈਲਜ਼ ਦਾ ਡਾਟਾ ਵਿਕਾਊ ਹੋਣ ਦੀ ਖ਼ਬਰ ਆਉਣ ਤੋਂ ਬਾਅਦ ਹੀ ਉਸ ਦੇ ਸੈਂਪਲ ਦਾ ਵਿਸ਼ਲੇਸ਼ਣ ਕਰ ਰਹੀ ਹੈ।
ਆਮਿਰ ਦਾ ਕਹਿਣਾ ਹੈ ਕਿ ਇਸ ਅਤੇ ਡਾਟਾ-ਛਿੱਲਾਂ ਦੀਆਂ ਹੋਰ ਘਟਨਾਵਾਂ ਵਿੱਚ ਅਜਿਹਾ ਡਾਟਾ ਹੈ ਜੋ ਲੋਕ ਨਹੀਂ ਚਾਹੁਣਗੇ ਕਿ ਉਨ੍ਹਾਂ ਬਾਰੇ ਇੰਟਰਨੈਟ ਉੱਪਰ ਹੋਵੇ।
ਉਨ੍ਹਾਂ ਦਾ ਕਹਿਣਾ ਹੈ ਕਿ ਏਪੀਆਈ ਉੱਪਰ ਕੰਟਰੋਲ ਹੋਣਾ ਚਾਹੀਦਾ ਹੈ ਕਿ ਉਹ ਕੀ ਕੁਝ ਦੇਖ ਸਕਦੇ ਹਨ।
ਜਿਸ ਕਿਸਮ ਦੀ ਜਾਣਕਾਰੀ ਇਹੋ-ਜਿਹੇ ਵੱਡੇ ਲੀਕਾਂ ਵਿੱਚ ਮੌਜੂਦ ਹੈ- ਜਿਵੇਂ, ਨਾਂਅ, ਮੋਬਾਈਲ ਨੰਬਰ ਅਤੇ ਬੰਦੇ ਦੀ ਜੀਓਗ੍ਰਾਫਿਕ ਲੋਕੇਸ਼ਨ। ਉਸ ਹਿਸਾਬ ਨਾਲ ਇਹ ਚਿੰਤਾਜਨਕ ਹੈ।
ਉਨ੍ਹਾਂ ਨੇ ਕਿਹਾ,"ਗ਼ਲਤ ਹੱਥਾਂ ਵਿੱਚ ਪਈ ਇਹ ਜਾਣਕਾਰੀ ਕੁਝ ਲੋਕਾਂ ਉੱਪਰ ਬਹੁਤ ਅਹਿਮ ਅਸਰ ਪਾ ਸਕਦੀ ਹੈ।"
ਟੌਮ ਲਿਨਰ ਵੀ ਇਹ ਗੱਲ ਜਾਣਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੱਲ ਉਨ੍ਹਾਂ ਨੂੰ ਵੀ ਪ੍ਰੇਸ਼ਾਨ ਕਰਦੀ ਹੈ। ਫਿਰ ਵੀ ਉਹ ਨਹੀਂ ਦੱਸ ਸਕਦੇ ਕਿ ਉਹ ਇਹ ਕਿਉਂ ਜਾਰੀ ਰੱਖਣਾ ਚਾਹੁਣਗੇ।
ਆਮਿਰ ਦਾ ਕਹਿਣਾ ਹੈ ਕਿ ਲਿੰਕਡਿਨ ਦਾ ਡਾਟਾ ਖ਼ਰੀਦਣ ਵਾਲੇ ਹੈਕਰ, ਇਸ ਦੀ ਵਰਤੋਂ ਨਾਲ ਸਿਸਤ ਲਗਾ ਕੇ ਕੰਮ ਕਰ ਸਕਣਗੇ। ਉਹ ਕੰਪਨੀਆਂ ਦੇ ਮਾਲਕਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
‘ਸਭ ਕੁਝ ਤਾਂ ਪਹਿਲਾਂ ਹੀ ਜਨਤਕ ਹੈ’

ਤਸਵੀਰ ਸਰੋਤ, Getty Images
ਹਾਲਾਂਕਿ ਸਾਈਬਰ ਅਪਰਾਧ ਮਾਹਰ ਟੋਰੀ ਹੰਟ, ਡਾਟਾ ਛਿੱਲਣ ਦੀਆਂ ਹਾਲੀਆ ਘਟਨਾਵਾਂ ਤੋਂ ਬਹੁਤੇ ਫਿਕਰਮੰਦ ਨਹੀਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੋਈ ਸੰਨ੍ਹਮਾਰੀ ਨਹੀਂ ਹੈ। ਸਗੋਂ ਇਹ ਜਾਣਕਾਰੀ ਪਹਿਲਾਂ ਹੀ ਪਬਲਿਕ ਡੋਮੇਨ ਵਿੱਚ ਹੈ।
ਪੁੱਛਣ ਵਾਲਾ ਸਵਾਲ ਤਾਂ ਇਹ ਹੈ ਕਿ ਇਸ ਵਿੱਚੋਂ ਕਿੰਨੀ ਜਾਣਕਾਰੀ ਵਰਤੋਂਕਾਰ ਦੀ ਮਰਜ਼ੀ ਨਾਲ ਪਬਲਿਕ ਡੋਮੇਨ ਵਿੱਚ ਹੈ ਅਤੇ ਕਿੰਨੀ ਨਹੀਂ ।
ਟੋਰੀ ਆਮਿਰ ਨਾਲ ਸਹਿਮਤ ਹਨ ਕਿ ਏਪੀਆਈ ਪ੍ਰੋਗਰਾਮਾਂ ਉੱਪਰ ਲਗਾਮ ਕਸਣ ਦੀ ਲੋੜ ਹੈ।
“ਮੈਂ ਫੇਸਬੁੱਕ ਜਾਂ ਹੋਰਾਂ ਦੇ ਬਿਆਨਾਂ ਨਾਲ ਅਸਿਹਮਤ ਨਹੀਂ ਹਾਂ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਕਹਿਣਾ ਕਿ ‘ਇਹ ਕੋਈ ਸਮੱਸਿਆ ਨਹੀਂ ਹੈ।''
''ਉਹ ਇਸ ਗੱਲ ਉੱਪਰ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਜਾਣਕਾਰੀ ਵਰਤੋਂਕਾਰ ਲਈ ਕਿੰਨੀ ਅਹਿਮ ਹੋ ਸਕਦੀ ਹੈ ਅਤੇ ਉਸ ਨੂੰ ਸੁਰੱਖਿਅਤ ਰੱਖਣ ਦੀ ਉਨ੍ਹਾਂ ਦੇ ਉੱਪਰ ਕਿੰਨੀ ਜ਼ਿੰਮੇਵਾਰੀ ਹੈ।”
ਲਿਨਰ ਉੱਪਰ ਸ਼ਾਇਦ ਸੋਸ਼ਲ ਮੀਡੀਆ ਸਾਈਟਾਂ ਕਦੇ ਬੌਧਿਕ ਜਾਇਦਾਦ ਦੀ ਚੋਰੀ ਲਈ ਮੁਕਦੱਮਾ ਕਰ ਦੇਣਗੀਆਂ।
ਜੇ ਉਹ ਕਦੇ ਫੜੇ ਵੀ ਗਏ ਤਾਂ ਸ਼ਾਇਦ ਲੀਨੀਅਰ ਉੱਪਰ ਉਨ੍ਹਾਂ ਦੇ ਕੰਮਾਂ ਲਈ ਕਾਨੂੰਨ ਓਨੀ ਸਖ਼ਤ ਕਾਰਵਾਈ ਨਾ ਕਰ ਸਕੇ।
ਜਦੋ ਉਨ੍ਹਾਂ ਨੂੰ ਮੈਂ ਪੁੱਛਿਆ ਕੀ ਗ੍ਰਿਫ਼ਤਾਰੀ ਤੋਂ ਡਰ ਲਗਦਾ ਹੈ ਤਾਂ ਉਨ੍ਹਾਂ ਕਿਹਾ, 'ਨਹੀਂ ਮੈਨੂੰ ਕੋਈ ਲੱਭ ਨਹੀਂ ਸਕਦਾ।'
ਉਸ ਤੋਂ ਬਾਅਦ ਉਨ੍ਹਾਂ ਕਿਹਾ 'ਤੁਹਾਡਾ ਸਮਾਂ ਸ਼ੁੱਭ ਹੋਵੇ' ਅਤੇ ਗੱਲਬਾਤ ਬੰਦ ਕਰ ਦਿੱਤੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












